ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੰਜਾਬ ਪੁਲਿਸ ਮੁਲਜ਼ਮ ਲਾਰੈਂਸ ਬਿਸ਼ਨੋਈ ਤੋਂ ਪੁੱਛ ਪੜਤਾਲ ਕਰ ਰਹੀ ਹੈ।
ਮੂਸੇਵਾਲਾ ਕਤਲ ਤੋਂ ਬਾਅਦ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਨੇ ਇਸ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ''ਚ ਬੰਦ ਲਾਰੈਂਸ ਬਿਸ਼ਨੋਈ ਨੂੰ ਲੈ ਕੇ ਪੰਜਾਬ ਪੁਲਿਸ ਸਰਗਰਮ ਹੋ ਗਈ ਸੀ।
ਮੰਗਲਵਾਰ ਨੂੰ ਦਿੱਲੀ ਦੀ ਪਟਿਆਲਾ ਹਾਊਸ ਅਦਾਲਤ ਨੇ ਪੰਜਾਬ ਪੁਲਿਸ ਨੂੰ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਦੀ ਗ੍ਰਿਫ਼ਤਾਰੀ ਦੀ ਇਜਾਜ਼ਤ ਦੇ ਦਿੱਤੀ ਹੈ।
ਲਾਰੈਂਸ ਬਿਸ਼ਨੋਈ ਨੇ ਪੰਜਾਬ ਪੁਲਿਸ ਵਲੋਂ ਉਸਦਾ ਪੁਲਿਸ ਮੁਕਾਬਲਾ ਬਣਾਉਣ ਦਾ ਖ਼ਦਸ਼ਾ ਪ੍ਰਗਟਾਇਆ ਸੀ ਪਰ ਉਸ ਨੂੰ ਦਰਕਿਨਾਰ ਕਰਕੇ ਅਦਾਲਤ ਨੇ ਉਸਨੂੰ ਪੰਜਾਬ ਲਿਆਉਣ ਲਈ ਟਰਾਂਜ਼ਿਟ ਰਿਮਾਂਡ ਵੀ ਦੇ ਦਿੱਤਾ ਸੀ।
ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
ਹੁਣ ਤੱਕ ਕੀ-ਕੀ ਹੋਇਆ
- 29 ਮਈ 2022, ਦਿਨ ਐਤਵਾਰ ਦੀ ਸ਼ਾਮ ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਮਾਨਸਾ ਵਿੱਚ ਗੋਲੀਆਂ ਮਾਰ ਕੇ ਕਤਲ ਹੋਇਆ।
- ਅਣਪਛਾਤੇ ਹਮਲਾਵਰਾਂ ਨੇ ਘੇਰ ਕੇ ਕਈ ਰਾਊਂਡ ਫਾਇਰਿੰਗ ਕੀਤੇ। ਇਸ ਘਟਨਾ ਵਿੱਚ ਮੂਸੇਵਾਲਾ ਨੂੰ ਕਈ ਗੋਲੀਆਂ ਲੱਗੀਆਂ ਅਤੇ ਹਸਪਤਾਲ ਲਿਜਾਇਆ ਗਿਆ ਪਰ ਹਸਤਪਾਲ ਪਹੁੰਚਣ ਤੋਂ ਪਹਿਲਾਂ ਹੀ ਮੂਸੇਵਾਲਾ ਦੀ ਮੌਤ ਹੋ ਚੁੱਕੀ ਸੀ।
- ਇਸ ਘਟਨਾ ਵਿੱਚ ਮੂਸੇਵਾਲਾ ਦੇ ਦੋ ਸਾਥੀ ਵੀ ਜ਼ਖਮੀ ਹੋਏ। ਇਸ ਘਟਨਾ ਤੋਂ ਇੱਕ ਦਿਨ ਪਹਿਲਾਂ ਹੀ ਸੈਂਕੜੇ ਲੋਕਾਂ ਦੀ ਸੁਰੱਖਿਆ ਪੰਜਾਬ ਸਰਕਾਰ ਨੇ ਜਾਂ ਤਾਂ ਹਟਾ ਲਈ ਸੀ ਜਾਂ ਘਟਾ ਦਿੱਤੀ ਸੀ।
- ਮੂਸੇਵਾਲਾ ਦੀ ਵੀ ਸੁਰੱਖਿਆ ਘਟਾਈ ਗਈ ਸੀ। ਪੁਲਿਸ ਮੁਤਾਬਕ ਮੂਸੇਵਾਲਾ ਘਰੋਂ ਨਿਕਲਣ ਵੇਲੇ ਸੁਰੱਖਿਆ ਵਿੱਚ ਤੈਨਾਤ ਦੋਵੇਂ ਕਮਾਂਡੋ ਨਾਲ ਨਹੀਂ ਲੈ ਕੇ ਗਏ ਅਤੇ ਬੁਲੇਟ ਪਰੂਫ਼ ਗੱਡੀ ਵੀ ਛੱਡ ਗਏ।
- ਕਤਲ ਤੋਂ ਕੁਝ ਘੰਟਿਆਂ ਬਾਅਦ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਅਤੇ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਇਸ ਅਪਰਾਧ ਪਿੱਛੇ ਸਨ।
- ਸੋਸ਼ਲ ਮੀਡੀਆ ''ਤੇ ਇੱਕ ਫੇਸਬੁੱਕ ਪੋਸਟ ਵਿੱਚ ਗੋਲਡੀ ਬਰਾੜ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਵੀ ਕੀਤਾ ਗਿਆ ਹੈ। ਹਾਲਾਂਕਿ, ਬੀਬੀਸੀ ਇਸ ਦੇ ਸਹੀ ਹੋਣ ਦੀ ਪੁਸ਼ਟੀ ਨਹੀਂ ਕਰਦਾ।
- ਇਸ ਕਤਲ ਕਾਂਡ ਦੀ ਜਾਂਚ ਨੂੰ ਹੋਰ ਤੇਜ਼ ਕਰਨ ਲਈ ਡੀਜੀਪੀ ਪੰਜਾਬ ਵੀ.ਕੇ. ਭਾਵਰਾ ਨੇ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਏਡੀਜੀਪੀ ਪ੍ਰਮੋਦ ਬਾਨ ਦੀ ਨਿਗਰਾਨੀ ਹੇਠ ਵਿਸ਼ੇਸ਼ ਜਾਂਚ ਟੀਮ ਨੂੰ ਪੁਨਰਗਠਿਤ ਕੀਤਾ ਹੈ।
- ਹੁਣ, ਛੇ ਮੈਂਬਰੀ ਐਸਆਈਟੀ ਵਿੱਚ ਨਵੇਂ ਚੇਅਰਮੈਨ ਆਈਜੀ ਜਸਕਰਨ ਸਿੰਘ ਅਤੇ ਦੋ ਨਵੇਂ ਮੈਂਬਰਾਂ ਵਿੱਚ ਏਆਈਜੀ ਐਂਟੀ ਗੈਂਗਸਟਰ ਟਾਸਕ ਫੋਰਸ ਗੁਰਮੀਤ ਸਿੰਘ ਚੌਹਾਨ ਅਤੇ ਐਸਐਸਪੀ ਮਾਨਸਾ ਗੌਰਵ ਤੂਰਾ ਸ਼ਾਮਲ ਕੀਤੇ ਗਏ ਹਨ।
- ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਬੇਨਤੀ ਤੋਂ ਬਾਅਦ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਚੀਫ਼ ਜਸਟਿਸ ਨੂੰ ਪੱਤਰ ਲਿਖ ਕੇ ਕਤਲ ਦੀ ਜਾਂਚ ਲਈ ਕਿਸੇ ਮੌਜੂਦਾ ਜੱਜ ਨੂੰ ਨਿਯੁਕਤ ਕਰਨ ਦੀ ਬੇਨਤੀ ਕੀਤੀ ਸੀ।
- ਪੁਲਿਸ ਦੇ ਹੱਥ ਲੱਗੀ ਮਹੱਤਵਪੂਰਨ ਸਮੱਗਰੀ ਵਿੱਚੋਂ ਇੱਕ ਸੀਸੀਟੀਵੀ ਫੁਟੇਜ ਵੀ ਹੈ ਜੋ ਸੋਸ਼ਲ ਮੀਡੀਆ ''ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਿਖਾਇਆ ਗਿਆ ਹੈ ਕਿ ਗਾਇਕ ਦੇ ਗੋਲੀ ਮਾਰਨ ਤੋਂ ਠੀਕ ਪਹਿਲਾਂ ਉਸ ਦੀ ਗੱਡੀ ਦਾ ਪਿੱਛਾ ਕੀਤਾ ਜਾ ਰਿਹਾ ਸੀ। ਪੁਲਿਸ ਨੇ ਦੱਸਿਆ ਕਿ ਮੋਗਾ ਵਿੱਚ ਇੱਕ ਛੱਡੀ ਹੋਈ ਕਾਰ ਬਰਾਮਦ ਕੀਤੀ ਗਈ ਹੈ।
- ਪੁਲਿਸ ਨੂੰ ਸ਼ੱਕ ਹੈ ਕਿ ਹਮਲਾਵਰ ਕਤਲ ਕਰਨ ਤੋਂ ਬਾਅਦ ਇਸ ਗੱਡੀ ਵਿੱਚ ਭੱਜ ਗਏ ਹੋ ਸਕਦੇ ਹਨ। ਪੁਲਿਸ ਨੇ ਦੱਸਿਆ ਕਿ ਫੋਰੈਂਸਿਕ ਟੀਮ ਨੇ ਵੀ ਕਾਰ ਦੀ ਜਾਂਚ ਕਰ ਕੇ ਸਬੂਤ ਇਕੱਠੇ ਕੀਤੇ ਹਨ।
- ਸਿੱਧੂ ਮੂਸੇਵਾਲਾ ਦੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋਣ ਲਈ ਹਜ਼ਾਰਾਂ ਲੋਕ ਪਹੁੰਚੇ ਹੋਏ ਸਨ। ਇਨ੍ਹਾਂ ਵਿੱਚ ਕਲਾ, ਸੰਗੀਤ ਅਤੇ ਫਿਲਮ ਜਗਤ ਦੀਆਂ ਕਈ ਵੱਡੀਆਂ ਹਸਤੀਆਂ ਸ਼ਾਮਲ ਸਨ।
- ਸਿੱਧੂ ਦਾ ਸਸਕਾਰ ਉਨ੍ਹਾਂ ਦੇ ਖੇਤਾਂ ਵਿੱਚ ਕੀਤਾ ਗਿਆ, ਜਿੱਥੇ ਬਾਅਦ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਈ ਜਾ ਸਕੇ।
- ਮੂਸੇਵਾਲਾ ਕਤਲ ਕਾਂਡ ''ਚ ਪੁਲਿਸ ਨੇ ਹੁਣ ਤੱਕ 10 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਕੀਤੀ ਹੈ।
ਸਿੱਧੂ ਮੂਸੇਵਾਲਾ ਪੰਜਾਬੀ ਦੇ ਕੌਮਾਂਤਰੀ ਪੱਧਰ ਦੇ ਪੌਪ ਸਟਾਰ ਸਨ। 29 ਮਈ 2022 ਨੂੰ ਉਨ੍ਹਾਂ ਦਾ ਮਾਨਸਾ ਜ਼ਿਲ੍ਹੇ ਦੇ ਜਵਾਹਰਕੇ ਪਿੰਡ ਵਿੱਚ ਕੁਝ ਹਮਲਾਵਰਾਂ ਵੱਲੋਂ ਆਧੁਨਿਕ ਹਥਿਆਰਾਂ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।
ਸਿੱਧੂ ਮੂਸੇਵਾਲਾ ਜਿੰਨੇ ਮਸ਼ਹੂਰ ਸਨ ਉਨੇ ਹੀ ਆਪਣੀ ਗਾਇਕੀ ਅਤੇ ਬਿਆਨਾਂ ਕਾਰਨ ਵਿਵਾਦਾਂ ਵਿੱਚ ਵੀ ਘਿਰੇ ਰਹਿੰਦੇ ਸਨ।
ਮੂਸੇਵਾਲਾ ਦੇ ਕਤਲ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਐਸਆਈਟੀ ਬਣਾਈ ਗਈ ਹੈ। ਪੁਲਿਸ ਨੇ ਇਸ ਕੇਸ ਵਿੱਚ 8 ਗ੍ਰਿਫ਼ਤਾਰੀਆਂ ਕੀਤੀਆਂ ਹਨ।
ਪੰਜਾਬ ਪੁਲਿਸ ਨੇ ਉਨ੍ਹਾਂ ਦੇ ਦਿਨ-ਦਿਹਾੜੇ ਕਤਲ ਨੂੰ ਗੈਂਗਵਾਰ ਨਾਲ ਜੋੜਿਆ ਹੈ।
ਕਬੱਡੀ ਖਿਡਾਰੀ ਨੰਗਲ ਅੰਬੀਆਂ ਅਤੇ ਸਿੱਧੂ ਮੂਸੇਵਾਲਾ ਦੇ ਕਤਲ ਵਰਗੀਆਂ ਘਟਨਾਵਾਂ ਨੇ ਪੰਜਾਬ ਦੇ ਸਮੁੱਚੇ ਮਾਹੌਲ ਨੂੰ ਗਮਗੀਨ ਕੀਤਾ ਹੈ।
ਪੁਲਿਸ ਮੁਤਾਬਕ ਕਤਲ ਕਾਂਡ ''ਚ ਕਿਸ ਦੀ ਕੀ ਭੂਮਿਕਾ ਰਹੀ
ਲਾਰੈਂਸ ਬਿਸ਼ਨੋਈ
ਬੀਬੀਸੀ ਸਹਿਯੋਗੀ ਸੁਰਿੰਦਰ ਮਾਨ ਨੇ ਦੱਸਿਆ ਕਿ ਪੰਜਾਬ ਪੁਲਿਸ ਲਾਰੈਂਸ ਬਿਸ਼ਨੋਈ ਨੂੰ ਸਵੇਰੇ ਤਿੰਨ ਵਜੇ ਦੇ ਕਰੀਬ ਦਿੱਲੀ ਤੋਂ ਮਾਨਸਾ ਲੈ ਕੇ ਆਈ ਤੇ ਅਦਾਲਤ ਵਿੱਚ ਪੇਸ਼ ਕੀਤਾ। ਉਸ ਨੂੰ ਸੱਤ ਦਿਨਾਂ ਦੀ ਪੁਲਿਸ ਰਿਮਾਂਡ ''ਤੇ ਭੇਜ ਦਿੱਤਾ ਗਿਆ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਇੱਕ ਗੁਪਤ ਦਸਤਾਵੇਜ਼ ਤਿਆਰ ਕੀਤਾ ਗਿਆ ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ।
ਉਸ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਦੇ ਅਬੋਹਰ ਨਾਲ ਸਬੰਧਤ ਬਿਸ਼ਨੋਈ ਲਾਅ ਗਰੈਜੂਏਟ ਹੈ ਅਤੇ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ।
ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ ''ਤੇ ਕਥਿਤ ਤੌਰ ''ਤੇ ਗੋਲੀ ਚਲਾ ਦਿੱਤੀ ਸੀ।
"ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿੱਚ ਹੈ।"
ਅੱਗੇ ਲਿਖਿਆ ਗਿਆ ਹੈ ਕਿ ਉਹ ''ਏ'' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ ''ਏ'' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ ''ਤੇ ਸ਼ਾਮਲ ਹਨ।
"ਉਹ ਜੇਲ੍ਹਾਂ ''ਚੋਂ ਕੰਮ ਕਰਦਾ ਰਿਹਾ ਹੈ। ਉਹ ਉਨ੍ਹਾਂ ਗੈਂਗਸਟਰਾਂ ਵਿਚੋਂ ਹੈ, ਜੋ ਸੋਸ਼ਲ ਮੀਡੀਆ ''ਤੇ ਸਰਗਰਮ ਹਨ।"
ਇਹ ਵੀ ਪੜ੍ਹੋ:
ਮਨਪ੍ਰੀਤ ਸਿੰਘ ਉਰਫ਼ ਭਾਊ
ਸਿੱਧੂ ਮੂਸੇਵਾਲਾ ਦੇ ਕਤਲ ਦੇ ਤੀਜੇ ਦਿਨ ਬਾਅਦ ਪੰਜਾਬ ਪੁਲਿਸ ਨੇ ਪਹਿਲੀ ਗ੍ਰਿਫ਼ਤਾਰੀ ਕਰਨ ਦਾ ਦਾਅਵਾ ਕੀਤਾ। ਗ੍ਰਿਫ਼ਤਾਰ ਸ਼ਖਸ ਦਾ ਨਾਂ ਮਨਪ੍ਰੀਤ ਸਿੰਘ ਦੱਸਿਆ ਗਿਆ।
ਫਰੀਦਕੋਟ ਪੁਲਿਸ ਦੀ ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਕਿਹਾ ਮਨਪ੍ਰੀਤ ਸਿੰਘ ਦਾ ਪਿਛੋਕੜ ਅਪਰਾਧਿਕ ਹੈ, ਉਸ ਖਿਲਾਫ਼ ਅੱਠ ਕੇਸ ਪਹਿਲਾਂ ਹੀ ਦਰਜ ਹਨ।
ਪੰਜਾਬ ਪੁਲਿਸ ਮੁਤਾਬਕ ਮਨਪ੍ਰੀਤ ਮੰਨਾ ਨੇ ਮਨਪ੍ਰੀਤ ਭਾਊ ਨੂੰ ਟੋਇਓਟਾ ਕੋਰੋਲਾ ਕਾਰ ਮੁਹੱਈਆ ਕਰਵਾਈ ਸੀ ਜੋ ਬਾਅਦ ਵਿੱਚ ਕਥਿਤ ਤੌਰ ''ਤੇ ਸ਼ੂਟਰਾਂ ਵੱਲੋਂ ਵਰਤੀ ਗਈ ਸੀ।
ਮਨਪ੍ਰ4ਤ ਖ਼ਿਲਾਫ਼ ਅੱਠ ਕੇਸ ਪਹਿਲਾਂ ਹੀ ਦਰਜ ਹਨ।
ਸੰਦੀਪ ਕੇਕੜਾ
ਪੰਜਾਬ ਪੁਲਿਸ ਵੱਲੋਂ ਸੰਦੀਪ ਉਰਫ਼ ਕੇਕੜਾ ਨਾਂਅ ਦੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੰਦੀਪ ਉਰਫ਼ ਕੇਕੜਾ ''ਤੇ ਸਿੱਧੂ ਮੂਸੇਵਾਲਾ ਦੀ ਰੇਕੀ ਕਰਨ ਦੇ ਇਲਜ਼ਾਮ ਹਨ। ਕੇਕੜਾ ਨਸ਼ਿਆਂ ਦਾ ਆਦੀ ਹੈ ਤੇ ਕਈ-ਕਈ ਦਿਨ ਘਰੋਂ ਬਾਹਰ ਰਹਿੰਦਾ ਸੀ।
ਕੇਕੜਾ ''ਤੇ ਇਲਜ਼ਾਮ ਹੈ ਕਿ ਇਸ ਨੇ ਹੀ ਸਿੱਧੂ ਮੂਸੇਵਾਲਾ ਦਾ ਫੈਨ ਬਣਕੇ ਉਸ ਦੀ ਰੈਕੀ ਕੀਤੀ ਸੀ। ਉਸ ਨੇ ਹੀ ਸ਼ਾਰਪ ਸ਼ੂਟਰਾਂ ਨੂੰ ਮੂਸੇਵਾਲਾ ਦੇ ਘਰੋਂ ਨਿਕਲਣ ਬਾਰੇ ਸਾਰੀ ਜਾਣਕਾਰੀ ਦਿੱਤੀ ਸੀ। ਇਸ ਤੋਂ ਕੁਝ ਹੀ ਮਿੰਟਾਂ ਬਾਅਦ ਮੂਸੇਵਾਲਾ ਦਾ ਕਤਲ ਹੋ ਗਿਆ ਸੀ।
ਦਵਿੰਦਰ ਕਾਲਾ
ਦਵਿੰਦਰ ਕਾਲਾ ਨੂੰ ਮੋਗਾ ਪੁਲਿਸ ਹਰਿਆਣਾ ਦੇ ਫਤਿਹਾਬਾਦ ਤੋਂ ਫੜ੍ਹ ਕੇ ਲਿਆਈ ਸੀ। ਉਸ ਦਾ ਪਿਛੋਕੜ ਮੂਸਲਵਾਲੀ ਪਿੰਡ ਦਾ ਹੈ ਅਤੇ ਇੱਥੋਂ ਹੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਸੀ।
ਦਵਿੰਦਰ ਤੋਂ ਇਲਾਵਾ ਫਤਿਹਾਬਾਦ ਤੋਂ ਪੁਲਿਸ ਨੇ ਦੋ ਹੋਰ ਵਿਅਕਤੀਆਂ ਨੂੰ ਫੜਿਆ ਸੀ। ਦਵਿੰਦਰ ਕਾਲਾ ਉੱਤੇ ਇਲਜ਼ਾਮ ਹੈ ਕਿ ਹਮਲਾਵਰਾਂ ਤੱਕ ਬਲੈਰੋ ਗੱਡੀ ਜਿਨ੍ਹਾਂ ਦੋ ਵਿਅਕਤੀਆਂ ਨੇ ਪਹੁੰਚਾਈ ਸੀ, ਉਹ ਗੱਡੀ ਹਾਸਲ ਕਰਨ ਤੋਂ ਪਹਿਲਾਂ ਦਵਿੰਦਰ ਕਾਲਾ ਦੇ ਘਰ ਰਹੇ ਸਨ।
ਹਰਿਆਣਾ ਪੁਲਿਸ ਮੁਤਾਬਕ ਦਵਿੰਦਰ ਕਾਲਾ ਨਸ਼ੇ ਦੇ ਕਾਰੋਬਾਰ ਨਾਲ ਜੁੜਿਆ ਹੋਇਆ ਹੈ, ਉਸ ਉੱਤੇ ਫਤਿਹਾਬਾਦ ਸਦਰ ਥਾਣੇ ਵਿੱਚ ਨਸ਼ਾ ਵਿਰੋਧੀ ਐਕਟ ਤਹਿਤ 6 ਮਾਮਲੇ ਦਰਜ ਹਨ, ਇਸੇ ਤਰ੍ਹਾਂ ਪੰਜਾਬ ਵਿਚ ਵੀ 2 ਕਿਲੋ ਅਫੀਮ ਦਾ ਕੇਸ ਦਰਜ ਹੈ।
ਮਨਪ੍ਰੀਤ ਸਿੰਘ ਮੰਨਾ
ਮਨਪ੍ਰੀਤ ਸਿੰਘ ਮੰਨਾ ਦਾ ਪਿਛੋਕੜ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਨਾਲ ਹੈ ਅਤੇ ਉਹ ਤਲਵੰਡੀ ਸਾਬੋ ਦਾ ਰਹਿਣ ਵਾਲਾ ਹੈ।
ਮਨਪ੍ਰੀਤ ਮੰਨਾ ਕੁਲਵੀਰ ਨਰੂਆਣਾ ਕੇਸ ਵਿੱਚ ਪਹਿਲਾਂ ਹੀ ਜੇਲ੍ਹ ਵਿੱਚ ਬੰਦ ਸੀ ਤੇ ਉਸ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਹੈ।
ਸਰਾਜ ਮਿੰਟੂ
ਸਰਾਜ ਮਿੰਟੂ ਦਾ ਪੂਰਾ ਨਾ ਸਰਾਜ ਸੰਧੂ ਹੈ। ਉਹ ਅੰਮ੍ਰਿਤਸਰ ਦੇ ਢੋਡੇ ਕੈਸੀਆ ਪਿੰਡ ਦਾ ਰਹਿਣ ਵਾਲਾ ਹੈ। ਪੰਜਾਬ ਪੁਲਿਸ ਦੇ ਰਿਕਾਰਡ ਮੁਤਾਬਕ ਉਹ ਏ ਕੈਟਾਗਰੀ ਦਾ ਗੈਂਗਸਟਰ ਹੈ ਜਿਸ ਉੱਤੇ 5 ਲੱਖ ਦਾ ਇਨਾਮ ਸੀ।
ਸਿੱਧੂ ਮੂਸੇਵਾਲਾ ਕੇਸ ਵਿੱਚ ਪੁਲਿਸ ਉਸ ਨੂੰ ਫਰੀਦਕੋਟ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਲਿਆਈ ਹੈ। ਉਸ ਉੱਤੇ ਇਲਜ਼ਾਮ ਹੈ ਕਿ ਉਸ ਨੇ ਕਾਤਲਾਂ ਨੂੰ ਗੱਡੀ ਮੁਹੱਈਆ ਕਰਵਾਈ।
ਉਹ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਦਾ ਖਾਸ ਬੰਦਾ ਸਮਝਿਆ ਜਾਂਦਾ ਹੈ।
ਮਿੰਟੂ ਡਾਗਰ
ਮਿੰਟੂ ਡਾਗਰ ਨੂੰ ਵੀ ਪੁਲਿਸ ਫਰੀਦੋਕਟ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਉੱਤੇ ਲਿਆਈ ਸੀ ਅਤੇ ਬਾਅਦ ਵਿਚ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮਿੰਟੂ ਡਾਗਰ ਹਰਿਆਣਾ ਦੇ ਸੋਨੀਪਤ ਦਾ ਰਹਿਣ ਵਾਲਾ ਹੈ ਅਤੇ ਪੁਲਿਸ ਮੁਤਾਬਕ ਉਸ ਉੱਤੇ ਪੰਜਾਬ, ਹਰਿਆਣਾ, ਦਿੱਲੀ ਅਤੇ ਹੋਰ ਸੂਬਿਆਂ ਵਿਚ ਕਰੀਬ 15 ਕੇਸ ਦਰਜ ਹਨ।
ਮੋਗਾ ਪੁਲਿਸ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਨਾ ਨੇ ਮੀਡੀਆ ਨੂੰ ਦੱਸਿਆ ਸੀ ਕਿ ਮਿੰਟੂ ਡਾਗਰ ਲਾਰੈਂਸ਼ ਬਿਸ਼ਨੋਈ ਗੈਂਗ ਦਾ ਸ਼ਾਰਪ ਸ਼ੂਟਰ ਹੈ।
ਉਸ ਨੂੰ ਗੋਲਡੀ ਬਰਾੜ ਦਾ ਭਰੋਸੇਮੰਦ ਬੰਦਾ ਸਮਝਿਆ ਜਾਂਦਾ ਹੈ।
ਪ੍ਰਭਦੀਪ ਸਿੰਘ ਸਿੱਧੂ
ਪ੍ਰਭਦੀਪ ਸਿੰਘ ਸਿੱਧੂ ਨੂੰ ਪੱਬੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਹਰਿਆਣਾ ਦੇ ਤਖ਼ਤ-ਮਾਲ ਦਾ ਰਹਿਣ ਵਾਲਾ ਹੈ।
ਪੁਲਿਸ ਦਾ ਦਾਅਵਾ ਹੈ ਕਿ ਉਸ ਨੇ ਗੋਲਡੀ ਬਰਾੜ ਦੇ ਦੋ ਬੰਦਿਆਂ ਨੂੰ ਪਨਾਹ ਦਿੱਤੀ ਸੀ।
ਪੱਬੀ ਉੱਤੇ ਇਹ ਵੀ ਇਲਜ਼ਾਮ ਹੈ ਕਿ ਉਸਨੇ ਸਿੱਧੂ ਮੂਸੇਵਾਲੇ ਦਾ ਘਰ ਅਤੇ ਆਸ ਪਾਸ ਦੇ ਇਲਾਕੇ ਦੀ ਰੇਕੀ ਕੀਤੀ ਸੀ।
ਪਵਨ ਬਿਸ਼ਨੋਈ ਤੇ ਨਸੀਬ
ਪੁਲਿਸ ਸੂਤਰਾਂ ਮੁਤਾਬਕ ਪਵਨ ਬਿਸ਼ਨੋਈ ਅਤੇ ਨਸੀਬ ਨੂੰ ਮੋਗਾ ਪੁਲਿਸ ਨੇ ਫਤਿਹਾਬਾਦ ਤੋਂ ਗ੍ਰਿਫ਼ਤਾਰ ਕੀਤਾ ਸੀ।
ਇਹ ਦੋਵੇਂ ਵਿਅਕਤੀ ਬਿਨਸ਼ੋਈ ਗੈਂਗ ਨਾਲ ਸਬੰਧਤ ਹਨ। ਮੋਗਾ ਪੁਲਿਸ ਨੇ ਇਨ੍ਹਾਂ ਨੂੰ ਦੋ ਵੱਖ ਵੱਖ ਕੇਸਾਂ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਪੁੱਛਗਿੱਛ ਦੌਰਾਨ ਇਨ੍ਹਾਂ ਦੀ ਸਿੱਧੂ ਮੂਸੇਵਾਲਾ ਕੇਸ ਵਿੱਚ ਸ਼ਮੂਲੀਅਤ ਪਾਈ ਗਈ।
ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ
ਇਨ੍ਹਾਂ ਮੁਲਜ਼ਮਾਂ ਤੋਂ ਇਲਾਵਾ, ਮੂਸੇਵਾਲ ਕਤਲ ਕਾਂਡ ਵਿੱਚ ਪੁਣੇ ਜਿਲ੍ਹੇ ਦੇ ਦੋ ਸ਼ੱਕੀਆਂ ਸੰਤੋਸ਼ ਜਾਧਵ ਅਤੇ ਸਿਧੇਸ਼ ਕਾਂਬਲੇ (19) ਉਰਫ਼ ਸੌਰਭ ਮਹਾਂਕਾਲ ਦੇ ਨਾਮ ਲਏ ਜਾ ਰਹੇ ਸਨ।
ਮਹਾਕਾਲ ਅਤੇ ਸੰਤੋਸ਼ ਜਾਧਵ ਉੱਤੇ ਸਿੱਧੂ ਮੂਸੇਵਾਲਾ ਕਤਲ ਕਾਂਡ ਵਿੱਚ ਬਤੌਰ ਸ਼ਾਰਪ ਸ਼ੂਟਰ ਸ਼ਾਮਲ ਹੋਣ ਦਾ ਇਲਜ਼ਾਮ ਹੈ।
ਪੂਣੇ ਦੇਹਾਤੀ ਪੁਲਿਸ ਨੇ ਸਿਧੇਸ਼ ਕਾਂਬਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸੰਤੋਸ਼ ਜਾਧਵ ਨੂੰ ਪੂਣੇ ਪੁਲਿਸ ਨੇ ਕੱਲ੍ਹ ਗੁਜਰਾਤ ਤੋਂ ਗ੍ਰਿਫ਼਼ਤਾਰ ਕੀਤਾ ਸੀ।
ਇਹ ਵੀ ਪੜ੍ਹੋ:
https://www.youtube.com/watch?v=qplNLxDUTNs
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਆਪਣੇ ਦੇਸ਼ ਛੱਡ ਕੇ ਪਰਦੇਸੀ ਹੋਣ ਵਾਲੇ ਲੋਕਾਂ ਲਈ ਆਖਰ ਕਿਹੜਾ ਸ਼ਬਦ ਸਹੀ ਹੈ
NEXT STORY