ਕਿੱਤੇ ਵਜੋਂ ਅੱਖਾਂ ਦੇ ਸਰਜਨ ਰਹੇ ਅਲ-ਜ਼ਵਾਹਿਰੀ ਨੇ ''ਮਿਸਰ ਇਸਲਾਮੀ ਜਿਹਾਦ'' ਸਮੂਹ ਵਿੱਚ ਵੀ ਸ਼ਮੂਲੀਅਤ ਕੀਤੀ ਸੀ
ਅਮਰੀਕਾ ਵੱਲੋਂ ਦਾਅਵਾ ਕੀਤਾ ਗਿਆ ਕਿ ਅਫ਼ਗਾਨਿਸਤਾਨ ਦੇ ਕਾਬੁਲ ਵਿੱਚ ਉਨ੍ਹਾਂ ਨੇ ਆਇਮਨ ਅਲ-ਜ਼ਵਾਹਿਰੀ ਨੂੰ ਡਰੋਨ ਹਮਲੇ ਵਿੱਚ ਮਾਰ ਦਿੱਤਾ ਹੈ।
ਆਇਮਨ ਅਲ-ਜ਼ਵਾਹਿਰੀ ਨੂੰ ਅਕਸਰ ਅਲ-ਕਾਇਦਾ ਦੀ ਵਿਚਾਰਧਾਰਾ ਦਾ ਮੁੱਖ ਵਿਚਾਰਕ ਮੰਨਿਆ ਜਾਂਦਾ ਹੈ।
ਕਿੱਤੇ ਵਜੋਂ ਅੱਖਾਂ ਦੇ ਸਰਜਨ ਰਹੇ ਅਲ-ਜ਼ਵਾਹਿਰੀ ਨੇ ''ਮਿਸਰ ਇਸਲਾਮੀ ਜਿਹਾਦ'' ਸਮੂਹ ਵਿੱਚ ਵੀ ਸ਼ਮੂਲੀਅਤ ਕੀਤੀ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਪੁਸ਼ਟੀ ਕੀਤਾ ਹੈ ਕਿ ਅਮਰੀਕਾ ਨੇ ਅਲ-ਕਾਇਦਾ ਦੇ ਮੁਖੀ ਆਇਮਨ ਅਲ- ਜ਼ਵਾਹਿਰੀ ਨੂੰ ਮਾਰ ਦਿੱਤਾ ਹੈ।
ਐਤਵਾਰ ਨੂੰ ਅੱਤਵਾਦ ਖ਼ਿਲਾਫ਼ ਅਪਰੇਸ਼ਨ ਦੌਰਾਨ ਸੀਆਈਏ ਨੇ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਅਲ-ਜ਼ਵਾਹਰੀ ਨੂੰ ਮਾਰਿਆ।
ਅਮਰੀਕੀ ਰਾਸ਼ਟਰਪਤੀ ਨੇ ਆਖਿਆ ਕਿ ਅਲ-ਜ਼ਵਾਹਰੀ ਅਮਰੀਕੀ ਨਾਗਰਿਕਾਂ ਦੇ ਖ਼ਿਲਾਫ਼ ਹੱਤਿਆ ਅਤੇ ਹਿੰਸਾ ਦਾ ਦੋਸ਼ੀ ਸੀ।
ਓਸਾਮਾ ਬਿਨ ਲਾਦੇਨ ਤੋਂ ਬਾਅਦ ਅਲ-ਕਾਇਦਾ ਦੀ ਅਗਵਾਈ ਕੀਤੀ
2011 ਵਿੱਚ ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਅਲ ਕਾਇਦਾ ਦੀ ਵਾਗਡੋਰ ਸੰਭਾਲੀ ਸੀ।
ਉਸ ਤੋਂ ਪਹਿਲਾਂ ਉਨ੍ਹਾਂ ਨੂੰ ਓਸਾਮਾ ਬਿਨ ਲਾਦਿਨ ਦੇ ਬੇਹੱਦ ਕਰੀਬੀ ਦੇ ਤੌਰ ''ਤੇ ਜਾਣਿਆ ਜਾਂਦਾ ਸੀ ਜਿਸ ਨੇ ਅਮਰੀਕਾ ਉੱਪਰ ਹਮਲੇ ਵਿੱਚ ਵੀ ਸਹਾਇਤਾ ਕੀਤੀ ਸੀ।
2011 ਵਿੱਚ ਅਮਰੀਕਾ ਉੱਪਰ ਅੱਤਵਾਦੀ ਹਮਲੇ ਤੋਂ ਬਾਅਦ ਅਮਰੀਕਾ ਨੇ 22 ਦਹਿਸ਼ਤਗਰਦਾਂ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿੱਚ ਅਲ-ਜ਼ਵਾਹਿਰੀ ਦਾ ਨਾਮ ਵੀ ਸ਼ਾਮਿਲ ਸੀ।
ਓਸਾਮਾ ਬਿਨ ਲਾਦੇਨ ਤੋਂ ਬਾਅਦ ਉਹ ਦੂਜੇ ਸਭ ਤੋਂ ਖ਼ਤਰਨਾਕ ਅੱਤਵਾਦੀ ਦੱਸੇ ਗਏ ਸਨ।
ਅਮਰੀਕੀ ਸਰਕਾਰ ਵੱਲੋਂ ਉਨ੍ਹਾਂ ਉੱਪਰ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਸੀ।
ਅਮਰੀਕਾ ਉੱਪਰ ਹਮਲਿਆਂ ਤੋਂ ਬਾਅਦ ਅਲ-ਜ਼ਵਾਹਿਰੀ ਅਲ-ਕਾਇਦਾ ਵੱਲੋਂ ਜਾਰੀ ਕੀਤੀਆਂ ਗਈਆਂ ਵੀਡੀਓਜ਼ ਵਿੱਚ ਸਭ ਤੋਂ ਵੱਧ ਵਾਰ ਨਜ਼ਰ ਆਏ।
ਕੁੱਲ ਮਿਲਾ ਕੇ ਇਹ 16 ਵੀਡੀਓ ਅਤੇ ਆਡੀਓ ਸਨ। 2007 ਤੱਕ ਜਾਰੀ ਹੋਏ ਇਹ ਵੀਡੀਉ ਬਿਨ ਲਾਦੇਨ ਦੇ ਵੀਡੀਓ ਤੋਂ ਚਾਰ ਗੁਣਾਂ ਵੱਧ ਸਨ ਜੋ ਦੁਨੀਆਂ ਭਰ ਦੇ ਮੁਸਲਮਾਨਾਂ ਨੂੰ ਸੁਨੇਹੇ ਵਜੋਂ ਰਿਲੀਜ਼ ਹੁੰਦੀਆਂ ਸਨ।
ਐਤਵਾਰ ਨੂੰ ਉਨ੍ਹਾਂ ਦੀ ਮੌਤ ਹੋ ਗਈ ਹੈ ਪਰ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਮਰੀਕਾ ਨੇ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਹੋਵੇ।
2006 ਵਿੱਚ ਵੀ ਅਮਰੀਕੀ ਫੌਜਾਂ ਨੇ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਦੀ ਸਰਹੱਦ ਉੱਪਰ ਮਿਜ਼ਾਈਲ ਰਾਹੀਂ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ।
ਇਸ ਹਮਲੇ ਵਿੱਚ ਅਲਕਾਇਦਾ ਦੇ ਚਾਰ ਆਗੂਆਂ ਦੀ ਮੌਤ ਹੋਈ ਸੀ ਪਰ ਅਲ-ਜ਼ਵਾਹਿਰੀ ਬਚ ਗਏ ਸਨ। ਦੋ ਹਫ਼ਤਿਆਂ ਬਾਅਦ ਉਨ੍ਹਾਂ ਨੇ ਇੱਕ ਹੋਰ ਵੀਡੀਓ ਰਿਲੀਜ਼ ਕਰਕੇ ਤਤਕਾਲੀ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੂੰ ਚਿਤਾਵਨੀ ਦਿੱਤੀ ਸੀ।
ਅੱਖਾਂ ਦੇ ਡਾਕਟਰ ਤੋਂ ਅੱਤਵਾਦੀ ਬਣਨ ਦਾ ਸਫ਼ਰ
ਅਲ-ਜ਼ਵਾਹਿਰੀ ਦਾ ਜਨਮ ਮਿਸਰ ਦੀ ਰਾਜਧਾਨੀ ਕਾਹਿਰਾ ਵਿੱਚ ਜੂਨ 1951 ਨੂੰ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿੱਚ ਡਾਕਟਰ ਅਤੇ ਹੋਰ ਕਈ ਪੜ੍ਹੇ ਲਿਖੇ ਲੋਕ ਸਨ।
ਉਨ੍ਹਾਂ ਦੇ ਦਾਦਾ ਰਾਬੀਆ ਅਲ-ਜ਼ਵਾਹਰੀ ਅਲ ਅਜ਼ਹਰ ਦੇ ਇਮਾਮ ਸਨ। ਇਹ ਮੱਧ ਪੂਰਬ ਵਿੱਚ ਸੁੰਨੀ ਇਸਲਾਮੀ ਕੇਂਦਰ ਸੀ ਅਤੇ ਉਨ੍ਹਾਂ ਦੇ ਇੱਕ ਹੋਰ ਰਿਸ਼ਤੇਦਾਰ ਅਰਬ ਲੀਗ ਦੇ ਪਹਿਲੇ ਸਕੱਤਰ ਜਨਰਲ ਸਨ।
ਜ਼ਵਾਹਿਰੀ ਨੂੰ 15 ਸਾਲ ਦੀ ਉਮਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸੇ ਸਮੇਂ ਉਹ ਸਕੂਲ ਵਿੱਚ ਕੱਟੜ ਇਸਲਾਮ ਦਾ ਹਿੱਸਾ ਬਣੇ ਸਨ।
ਮੁਸਲਿਮ ਭਾਈਚਾਰੇ ਨਾਲ ਸਬੰਧਿਤ ''ਮਿਸਰ ਇਸਲਾਮੀ ਜਿਹਾਦ'' ਸੰਸਥਾ ਦੇਸ਼ ਵਿੱਚ ਪਾਬੰਦੀਸ਼ੁਦਾ ਸੀ ਅਤੇ ਮਿਸਰ ਦੀ ਸਭ ਤੋਂ ਪੁਰਾਣੀ ਅਤੇ ਵੱਡੀ ਕੱਟੜ ਇਸਲਾਮੀ ਸੰਸਥਾ ਸੀ।
ਇਨ੍ਹਾਂ ਰਾਜਨੀਤਿਕ ਗਤੀਵਿਧੀਆਂ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਡਾਕਟਰੀ ਦੀ ਪੜ੍ਹਾਈ ਕਾਹਿਰਾ ਯੂਨੀਵਰਸਿਟੀ ਦੇ ਮੈਡੀਕਲ ਸਕੂਲ ਤੋਂ ਜਾਰੀ ਰੱਖੀ। 1974 ਵਿੱਚ ਗ੍ਰੈਜੂਏਸ਼ਨ ਤੋਂ ਬਾਅਦ ਚਾਰ ਸਾਲ ਬਾਅਦ ਇੱਥੋਂ ਹੀ ਸਰਜਰੀ ਵਿਚ ਡਿਗਰੀ ਵੀ ਹਾਸਲ ਕੀਤੀ।
ਉਨ੍ਹਾਂ ਦੇ ਪਿਤਾ ਮੁਹੰਮਦ ਇਸ ਯੂਨੀਵਰਸਿਟੀ ਵਿੱਚ ਫਾਰਮੇਸੀ ਦੇ ਪ੍ਰੋਫੈਸਰ ਸਨ।
ਅਮਰੀਕੀ ਸਰਕਾਰ ਵੱਲੋਂ ਅਲ- ਜ਼ਵਾਹਰੀ ਉੱਪਰ ਢਾਈ ਕਰੋੜ ਡਾਲਰ ਦਾ ਇਨਾਮ ਰੱਖਿਆ ਗਿਆ ਸੀ
ਸ਼ੁਰੂਆਤ ਵਿੱਚ ਅਲ-ਜ਼ਵਾਹਰੀ ਆਪਣੇ ਪਰਿਵਾਰ ਦੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਕੈਰੋ ਵਿੱਚ ਇੱਕ ਕਲੀਨਿਕ ਬਣਾਇਆ ਪਰ ਇਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਨੇ ਕੱਟੜਵਾਦੀ ਇਸਲਾਮੀ ਸਮੂਹਾਂ ਵਿੱਚ ਆਪਣੀ ਸ਼ਮੂਲੀਅਤ ਕੀਤੀ ਜੋ ਦੇਸ਼ ਵਿੱਚੋਂ ਸਰਕਾਰ ਪਲਟਾਉਣ ਲਈ ਲੱਗੇ ਹੋਏ ਸਨ।
1973 ਵਿੱਚ ਉਨ੍ਹਾਂ ਨੇ ਮਿਸਰ ਇਸਲਾਮ ਜਿਹਾਦ ਵਿੱਚ ਸ਼ਮੂਲੀਅਤ ਕੀਤੀ।
1981 ਵਿੱਚ ਮਿਸਰ ਦੇ ਰਾਸ਼ਟਰਪਤੀ ਅਨਵਰ ਸਾਦਾਤ ਦੀ ਹੱਤਿਆ ਕਰ ਦਿੱਤੀ ਗਈ ਸੀ। ਇੱਕ ਮਿਲਟਰੀ ਪਰੇਡ ਦੌਰਾਨ ਕਈ ਨੌਜਵਾਨ ਫੌਜੀ ਬਣ ਕੇ ਆਏ ਸਨ। ਮਿਸਰ ਇਸਲਾਮੀ ਜਿਹਾਦ'' ਸਮੂਹ ਉੱਪਰ ਇਸ ਦਾ ਸ਼ੱਕ ਸੀ।
ਮਿਸਰ ਦੇ ਰਾਸ਼ਟਰਪਤੀ ਵੱਲੋਂ ਇਸਰਾਈਲ ਨਾਲ ਸ਼ਾਂਤੀ ਸਮਝੌਤਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਕਈ ਨੌਜਵਾਨਾਂ ਵਿਚ ਗੁੱਸੇ ਦੀ ਲਹਿਰ ਸੀ। ਇਸ ਦਾ ਵਿਰੋਧ ਕਰਨ ਵਾਲੇ ਨੌਜਵਾਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਇਸ ਹੱਤਿਆ ਤੋਂ ਬਾਅਦ ਅਦਾਲਤ ਦੀ ਕਾਰਵਾਈ ਵਿੱਚ ਅਲ-ਜ਼ਵਾਹਿਰੀ ਨੇ ਆਖਿਆ ਸੀ, "ਅਸੀਂ ਮੁਸਲਮਾਨ ਜਿਨ੍ਹਾਂ ਨੂੰ ਆਪਣੇ ਧਰਮ ਵਿਚ ਭਰੋਸਾ ਹੈ। ਅਸੀਂ ਇਸਲਾਮੀ ਦੇਸ਼ ਅਤੇ ਇਸਲਾਮੀ ਸਮਾਜ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ।"
ਹਾਲਾਂਕਿ ਰਾਸ਼ਟਰਪਤੀ ਦੀ ਹੱਤਿਆ ਦੇ ਮਾਮਲੇ ਵਿੱਚ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ ਸੀ ਪਰ ਹਥਿਆਰ ਰੱਖਣ ਦੇ ਦੋਸ਼ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾਈ ਗਈ ਸੀ।
ਜੇਲ੍ਹ ਵਿੱਚ ਕਥਿਤ ਕੁੱਟਮਾਰ ਨੇ ਬਣਾਇਆ ਹੋਰ ਕੱਟੜਪੰਥੀ
ਉਨ੍ਹਾਂ ਦੀ ਜਾਣਨ ਵਾਲਿਆਂ ਮੁਤਾਬਕ ਇਸ ਸਮੇਂ ਦੌਰਾਨ ਜੇਲ੍ਹ ਵਿੱਚ ਲਗਾਤਾਰ ਕੁੱਟਿਆ ਮਾਰਿਆ ਜਾਂਦਾ ਸੀ ਅਤੇ ਇਹੀ ਉਹ ਸਮਾਂ ਸੀ ਜਿਸ ਨੇ ਉਨ੍ਹਾਂ ਨੂੰ ਹੋਰ ਕੱਟੜਵਾਦੀ ਬਣਾਇਆ।
1985 ਵਿੱਚ ਰਿਹਾਈ ਤੋਂ ਬਾਅਦ ਜ਼ਵਾਹਿਰੀ ਨੇ ਮਿਸਰ ਛੱਡ ਕੇ ਸਾਊਦੀ ਅਰਬ ਦਾ ਰੁਖ ਕੀਤਾ।
ਇਸ ਤੋਂ ਕੁਝ ਸਮਾਂ ਬਾਅਦ ਉਹ ਪਾਕਿਸਤਾਨ ਦੇ ਪੇਸ਼ਾਵਰ ਵੱਲ ਚਲੇ ਗਏ ਅਤੇ ਫਿਰ ਅਫ਼ਗਾਨਿਸਤਾਨ ਵਿੱਚ ਜਿੱਥੇ ਉਹਨਾਂ ਨੇ ਮਿਸਰ ਇਸਲਾਮੀ ਜਿਹਾਦ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕੀਤਾ।
ਉਹ ਇੱਥੇ ਇੱਕ ਡਾਕਟਰ ਵਜੋਂ ਵੀ ਕੰਮ ਕਰਦੇ ਸਨ ਜਦੋਂ ਦੇਸ਼ ਵਿੱਚ ਸੋਵੀਅਤ ਫੌਜਾਂ ਮੌਜੂਦ ਸਨ।
1993 ਵਿੱਚ ਅਲ-ਜ਼ਵਾਹਿਰੀ ਨੇ ਫਿਰ ਇਸ ਸਮੂਹ ਦੇ ਮੁਖੀ ਵਜੋਂ ਅਹੁਦਾ ਸੰਭਾਲਿਆ ਅਤੇ ਮਿਸਰ ਵਿੱਚ ਕਈ ਮੰਤਰੀਆਂ ਉਪਰ ਹਮਲੇ ਕੀਤੇ ਜਿਨ੍ਹਾਂ ਵਿੱਚ ਪ੍ਰਧਾਨ ਮੰਤਰੀ ਆਤਿਫ ਸਦੀਕੀ ਵੀ ਸ਼ਾਮਲ ਸਨ।
ਇਸ ਦੌਰਾਨ ਉਨ੍ਹਾਂ ਨੇ ਦੇਸ਼ ਵਿੱਚ ਸੱਤਾ ਪਲਟਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦੌਰਾਨ ਤਕਰੀਬਨ 1200 ਮਿਸਰ ਦੇ ਨਾਗਰਿਕਾਂ ਦੀ ਮੌਤ ਹੋਈ।
1985 ਵਿੱਚ ਰਿਹਾਈ ਤੋਂ ਬਾਅਦ ਜ਼ਵਾਹਿਰੀ ਨੇ ਮਿਸਰ ਛੱਡ ਕੇ ਸਾਊਦੀ ਅਰਬ ਦਾ ਰੁਖ ਕੀਤਾ
1997 ਅਮਰੀਕਾ ਦੇ ਸਟੇਟ ਵਿਭਾਗ ਨੇ ਵੀ ਉਨ੍ਹਾਂ ਨੂੰ ਕਈ ਹਮਲਿਆਂ ਵਿੱਚ ਸ਼ਾਮਲ ਹੋਣ ਲਈ ਜ਼ਿੰਮੇਵਾਰ ਠਹਿਰਾਇਆ ਜਿਨ੍ਹਾਂ ਵਿੱਚ ਲਗਜ਼ਰ ਵਿਖੇ ਵਿਦੇਸ਼ੀ ਨਾਗਰਿਕ ਉੱਪਰ ਹਮਲਾ ਵੀ ਸ਼ਾਮਲ ਹੈ ਜਿਸ ''ਚ ਕਈਆਂ ਦੀ ਮੌਤ ਹੋਈ ਸੀ।
ਦੋ ਸਾਲ ਬਾਅਦ ਮਿਸਰ ਦੀ ਮਿਲਟਰੀ ਅਦਾਲਤ ਵੱਲੋਂ ਉਨ੍ਹਾਂ ਨੂੰ ਮੌਤ ਦੀ ਸਜ਼ਾ ਵੀ ਸੁਣਾਈ ਗਈ।
ਮੰਨਿਆ ਜਾਂਦਾ ਹੈ ਕਿ ਅਲ-ਜ਼ਵਾਹਿਰੀ ਨੇ 90 ਦੇ ਦਹਾਕੇ ''ਚ ਕਈ ਦੇਸ਼ਾਂ ਦੀ ਯਾਤਰਾ ਕੀਤੀ ਹੈ। ਇਸ ਦਾ ਮੰਤਵ ਆਪਣੇ ਮਿਸ਼ਨ ਲਈ ਪੈਸੇ ਇਕੱਠੇ ਕਰਨਾ ਸੀ।
ਜਦੋਂ ਅਫ਼ਗ਼ਾਨਿਸਤਾਨ ਵਿੱਚੋਂ ਸੋਵੀਅਤ ਫ਼ੌਜਾਂ ਵਾਪਸ ਆ ਰਹੀਆਂ ਤਾਂ ਮੰਨਿਆ ਜਾਂਦਾ ਹੈ ਕਿ ਉਸ ਸਮੇਂ ਉਹ ਬੁਲਗਾਰੀਆ, ਸਵਿਟਜ਼ਰਲੈਂਡ, ਡੈਨਮਾਰਕ ਵਿੱਚ ਰਹੇ ਸਨ।
ਕਈ ਵਾਰ ਨਕਲੀ ਪਾਸਪੋਰਟ ਦੀ ਸਹਾਇਤਾ ਨਾਲ ਆਸਟ੍ਰੀਆ,ਯਮਨ, ਇਰਾਕ, ਇਰਾਨ ਅਤੇ ਫਿਲਪੀਨਜ਼ ਵੀ ਗਏ।
ਓਸਾਮਾ ਬਿਨ ਲਾਦੇਨ ਨਾਲ ਮੁਲਾਕਾਤ ਅਤੇ ਅਮਰੀਕਾ ਨੂੰ ਧਮਕੀ
ਦਸੰਬਰ 1996 ਵਿੱਚ ਉਨ੍ਹਾਂ ਨੇ ਛੇ ਮਹੀਨੇ ਰੂਸ ਦੀ ਕਸਟਡੀ ਵਿੱਚ ਵੀ ਬਿਤਾਏ ਕਿਉਂਕਿ ਉਹ ਬਿਨਾਂ ਦਸਤਾਵੇਜ਼ ਚੇਚਨੀਆ ਵਿਖੇ ਮੌਜੂਦ ਸਨ।
ਮੰਨਿਆ ਜਾਂਦਾ ਹੈ ਕਿ 1997 ਵਿੱਚ ਉਹ ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਵਿਖੇ ਚਲੇ ਗਏ ਜਿੱਥੇ ਓਸਾਮਾ ਬਿਨ ਲਾਦੇਨ ਮੌਜੂਦ ਸੀ।
ਇੱਕ ਸਾਲ ਬਾਅਦ ਮਿਸਰ ਇਸਲਾਮੀ ਜਿਹਾਦ ਸਮੂਹ ਦਾ ਪੰਜ ਹੋਰ ਕੱਟੜਪੰਥੀ ਇਸਲਾਮੀ ਸਮੂਹਾਂ ਨਾਲ ਸਮਝੌਤਾ ਹੋਇਆ ਜਿਸ ਵਿੱਚ ਓਸਾਮਾ ਬਿਨ ਲਾਦੇਨ ਦਾ ਸਮੂਹ ਵੀ ਸ਼ਾਮਿਲ ਸੀ। ਇਹ ਵਿਸ਼ਵ ਇਸਲਾਮੀ ਫਰੰਟ ਸੀ ਜੋ ਯਹੂਦੀਆਂ ਦੇ ਖ਼ਿਲਾਫ਼ ਬਣਾਇਆ ਗਿਆ ਸੀ।
ਇਸ ਸਮੂਹ ਵੱਲੋਂ ਪਹਿਲਾਂ ਜਾਰੀ ਕੀਤੇ ਗਏ ਫ਼ਤਵੇ ਵਿੱਚ ਅਮਰੀਕੀ ਨਾਗਰਿਕਾਂ ਦੀ ਹੱਤਿਆ ਨੂੰ ਜਾਇਜ਼ ਦੱਸਿਆ ਗਿਆ ਸੀ। ਇਸ ਤੋਂ ਛੇ ਮਹੀਨੇ ਬਾਅਦ ਦੋ ਹਮਲੇ ਹੋਏ। ਕੀਨੀਆ ਤੇ ਤਨਜ਼ਾਨੀਆ ਵਿਖੇ ਅਮਰੀਕੀ ਦੂਤਾਵਾਸ ਉਪਰ ਹੋਏ ਹਮਲਿਆਂ ਵਿੱਚ ਤਕਰੀਬਨ 223 ਲੋਕਾਂ ਦੀ ਮੌਤ ਹੋਈ ਸੀ।
ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਮਰੀਕਾ ਵੱਲੋਂ ਵਾਰ ਵਾਰ ਹਮਲਿਆਂ ਵਿਚ ਅਲ ਜਵਾਹਰੀ ਦੇ ਕਈ ਨਜ਼ਦੀਕੀ ਮਾਰੇ ਗਏ ਜਿਸ ਤੋਂ ਬਾਅਦ ਉਹ ਕਮਜ਼ੋਰ ਹੁੰਦਾ ਗਿਆ
ਅਲ-ਜ਼ਵਾਹਿਰੀ ਅਤੇ ਓਸਾਮਾ ਬਿਨ ਲਾਦੇਨ ਦਰਮਿਆਨ ਸੈੱਟੇਲਾਈਟ ਟੈਲੀਫੋਨ ਰਾਹੀਂ ਗੱਲਬਾਤ ਨੂੰ ਇਨ੍ਹਾਂ ਹਮਲਿਆਂ ਦੇ ਸਬੂਤ ਵਜੋਂ ਮੰਨਿਆ ਗਿਆ ਸੀ ਅਤੇ ਆਖਿਆ ਗਿਆ ਸੀ ਕਿ ਇਨ੍ਹਾਂ ਪਿੱਛੇ ਓਸਾਮਾ ਬਿਨ ਲਾਦਿਨ ਅਤੇ ਅਲ ਕਾਇਦਾ ਦਾ ਹੱਥ ਹੈ।
ਇਨ੍ਹਾਂ ਹਮਲਿਆਂ ਤੋਂ ਦੋ ਹਫ਼ਤਿਆਂ ਬਾਅਦ ਅਫਗਾਨਿਸਤਾਨ ਵਿਖੇ ਮੌਜੂਦ ਸਮੂਹਾਂ ਦੇ ਟ੍ਰੇਨਿੰਗ ਕੈਂਪ ਉੱਪਰ ਅਮਰੀਕਾ ਨੇ ਬੰਬਾਰੀ ਕੀਤੀ।
ਇਸ ਤੋਂ ਅਗਲੇ ਦਿਨ ਅਲ-ਜ਼ਵਾਹਿਰੀ ਨੇ ਇੱਕ ਪਾਕਿਸਤਾਨੀ ਪੱਤਰਕਾਰ ਨੂੰ ਫੋਨ ਕੀਤਾ ਅਤੇ ਆਖਿਆ,"ਅਮਰੀਕਾ ਨੂੰ ਦੱਸ ਦਿਓ ਕਿ ਇਹ ਜੰਗ ਦੀ ਸ਼ੁਰੂਆਤ ਹੈ। ਅਮਰੀਕਾ ਆਪਣੀ ਬੰਬਾਰੀ ਦੀ ਧਮਕੀਆਂ ਨਾਲ ਡਰਾ ਨਹੀਂ ਸਕਦਾ।"
ਓਸਾਮਾ ਬਿਨ ਲਾਦੇਨ ਦੀ ਮੌਤ ਤੋਂ ਬਾਅਦ ਅਮਰੀਕਾ ਵੱਲੋਂ ਵਾਰ ਵਾਰ ਹਮਲਿਆਂ ਵਿਚ ਅਲ ਜ਼ਵਾਹਿਰੀ ਦੇ ਕਈ ਨਜ਼ਦੀਕੀ ਮਾਰੇ ਗਏ ਜਿਸ ਤੋਂ ਬਾਅਦ ਉਹ ਕਮਜ਼ੋਰ ਹੁੰਦਾ ਗਿਆ।
ਪਿਛਲੇ ਕੁਝ ਸਾਲਾਂ ਵਿੱਚ ਅੰਤਰਰਾਸ਼ਟਰੀ ਵੱਲੋਂ ਕੁਝ ਸੰਦੇਸ਼ ਆਏ ਸਨ।
ਅਮਰੀਕਾ ਵੱਲੋਂ ਉਨ੍ਹਾਂ ਦੀ ਮੌਤ ਨੂੰ ਜਿੱਤ ਵਜੋਂ ਪੇਸ਼ ਕੀਤਾ ਜਾਵੇਗਾ ਪਰ ਪਿਛਲੇ ਸਾਲ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ ਤੋਂ ਬਾਅਦ ਅਲ-ਜ਼ਵਾਹਿਰੀ ਇਸਲਾਮਿਕ ਸਟੇਟ ਵਰਗੇ ਨਵੇਂ ਸਮੂਹਾਂ ਤੋਂ ਦੂਰ ਹੀ ਰਹੇ ਹਨ।
ਮੰਨਿਆ ਜਾ ਰਿਹਾ ਹੈ ਕਿ ਅਲ-ਕਾਇਦਾ ਦਾ ਨਵਾਂ ਆਗੂ ਉੱਭਰੇਗਾ ਪਰ ਸ਼ਾਇਦ ਇਸ ਦੇ ਪਹਿਲਾਂ ਰਹੇ ਆਗੂ ਓਸਾਮਾ ਬਿਨ ਲਾਦੇਨ,ਅਲ- ਜ਼ਵਾਹਿਰੀ ਜਿਨ੍ਹਾਂ ਦਬਦਬਾ ਨਾ ਹੋਵੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਰਾਸ਼ਟਰਮੰਡਲ ਖੇਡਾਂ: ਨਾਭਾ ਦੀ ਹਰਜਿੰਦਰ ਨੇ ਬ੍ਰੌਂਜ਼ ਮੈਡਲ ਜਿੱਤਿਆ, ‘ਮੇਰੀਆਂ ਬਾਹਾਂ ਮਜ਼ਬੂਤ ਹੋਣ ਦਾ...
NEXT STORY