ਸ਼ਨੀਵਾਰ ਰਾਤ ਨੂੰ ਵੀਹ ਵਾਰ ਦੇ ਗਰੈਂਡ ਸਲੈਮ ਚੈਂਪੀਅਨ ਰੌਜਰ ਫੈਡਰਰ ਨੇ ਬਹੁਤ ਹੀ ਭਾਵੁਕ ਮਨ ਅਤੇ ਭਿੱਜੀਆਂ ਅੱਖਾਂ ਨਾਲ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਲਿਆ ਹੈ।
ਇਸ ਇਤਿਹਾਸਕ ਰਾਤ ਉਨ੍ਹਾਂ ਨੇ ਲੈਵਰ ਕੱਪ 2022 ਦੇ ਇੱਕ ਮੈਚ ਦੌਰਾਨ ਟੈਨਿਸ ਦੀ ਦੁਨੀਆਂ ਦੇ ਇੱਕ ਹੋਰ ਚਮਕਦੇ ਸਿਤਾਰੇ ਅਤੇ ਆਪਣੇ ਸਾਥੀ ਰਹੇ ਰਾਫੇਲ ਨਡਾਲ ਜੋੜੀ ਬਣਾਈ। ਦੋਵਾਂ ਨੇ ਅਮਰੀਕੀ ਟੀਮ ਦੇ ਖਿਡਾਰੀਆਂ ਨੂੰ ਸਖ਼ਤ ਟੱਕਰ ਤਾਂ ਦਿੱਤੀ ਪਰ ਹਾਰ ਗਏ।
ਮੈਚ ਖ਼ਤਮ ਹੋਣ ਤੋਂ ਬਾਅਦ ਜਦੋਂ 41 ਸਾਲਾ ਰੌਜਰ ਆਖਰੀ ਵਾਰ ਕੋਰਟ ਤੋਂ ਬਾਹਰ ਆਏ ਤਾਂ ਮੌਜੂਦ ਲੋਕਾਂ ਨੇ ਖੜ੍ਹੇ ਹੋ ਕੇ ਸਵਾਗਤ ਕੀਤਾ।
ਰੌਜਰ ਨੇ ਆਪਣੇ ਖੇਡ ਜੀਵਨ ਦੌਰਾਨ 20 ਗ੍ਰੈਂਡ ਸਲੈਮ ਸਿੰਗਲ ਖਿਤਾਬ ਜਿੱਤੇ। ਉਨ੍ਹਾਂ ਨੂੰ ਟੈਨਿਸ ਦੇ ਇਤਿਹਾਸ ''ਚ ਸਰਬੋਤਮ ਖਿਡਾਰੀਆਂ ''ਚੋਂ ਇੱਕ ਮੰਨਿਆ ਜਾਂਦਾ ਹੈ।
ਰੌਜਰ ਫੈਡਰਰ ਨੇ ਕਿਹਾ, "ਇਹ ਇੱਕ ਸ਼ਾਨਦਾਰ ਦਿਨ ਰਿਹਾ ਹੈ। ਮੈਂ ਉਦਾਸ ਨਹੀਂ ਬਲਕਿ ਖੁਸ਼ ਹਾਂ। ਇੱਥੋਂ ਤੱਕ ਪਹੁੰਚ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅਤੇ ਮੈਂ ਖੁਸ਼ ਹਾਂ ਕਿ ਮੈਂ ਇਸ ਸਫ਼ਰ ਨੂੰ ਮੁਕੰਮਲ ਕੀਤਾ ਹੈ।"
ਨਡਾਲ ਅਤੇ ਫੈਡਰਰ ਬਹੁਤ ਲੰਬਾ ਸਮਾਂ ਜੋੜੀਦਾਰ ਵੀ ਰਹੇ ਅਤੇ ਇੱਕ ਦੂਜੇ ਦੇ ਖਿਲਾਫ਼ ਵੀ ਖੇਡੇ, ਸਾਂਝੇਦਾਰੀ ਵਿੱਚ ਖੇਡੇ ਮੈਚ ਵਿੱਚ ਦੋਵੇਂ ਆਪਣੇ ਅੱਥਰੂ ਠੱਲ੍ਹ ਨਾ ਸਕੇ
ਫੈਡਰਰ ਨੇ ਜਦੋਂ ਆਪਣੇ ਸਾਥੀ ਨਡਾਲ ਅਤੇ ਹੋਰਨਾਂ ਖਿਡਾਰੀਆਂ ਨੂੰ ਜੱਫੀ ਪਾਈ ਤਾਂ ਉਨ੍ਹਾਂ ਦੀਆਂ ਅੱਖਾਂ ''ਚੋਂ ਹੰਝੂ ਵਹਿ ਤੁਰੇ। ਲੰਡਨ ਦੇ ਓ2 ਏਰੀਨਾ ਵਿੱਚ, ਜਿੱਥੇ ਇਹ ਲੈਵਰ ਕੱਪ ਖੇਡਿਆ ਜਾ ਰਿਹਾ ਹੈ, ਉੱਥੇ ਹਜ਼ਾਰਾਂ ਦੀ ਗਿਣਤੀ ''ਚ ਮੌਜੂਦ ਫੈਡਰਰ ਦੇ ਪ੍ਰਸ਼ੰਸਕਾ ਨੇ ਉਨ੍ਹਾਂ ਦਾ ਨਾਮ ਲੈ ਕੇ ਆਪਣੀ ਖੁਸ਼ੀ ਜਾਹਰ ਕੀਤੀ ।
ਇਸ ਮੌਕੇ ਨਡਾਲ ਵੀ ਆਪਣੇ ਹੰਝੂ ਨਾ ਰੋਕ ਸਕੇ। 36 ਸਾਲਾ ਸਪੈਨਿਸ਼ ਖਿਡਾਰੀ ਫੈਡਰਰ ਦੇ ਨਾਲ ਬੈਠੇ ਰੋ ਰਹੇ ਸੀ। ਬ੍ਰਿਟਿਸ਼ ਗਾਇਕ ਐਲੀ ਗੋਲਡਿੰਗ ਨੇ ਇਸ ਰਾਤ ਨੂੰ ਆਪਣੀ ਗਾਇਕੀ ਨਾਲ ਯਾਦਗਾਰ ਬਣਾ ਦਿੱਤਾ।
ਫੈਡਰਰ ਦਾ ਖੇਡ ਸਫ਼ਰ ਅੰਕੜਿਆਂ ਵਿੱਚ
- 20 ਗਰੈਂਡ ਸਲੈਮ ਖਿਤਾਬ
- 103 ਏਟੀਪੀ ਖਿਤਾਬ
- 6 ਏਟੀਪੀ ਫਾਈਨਲ ਮੁਕਬਲਿਆਂ ਵਿੱਚ ਜਿੱਤ
- 1 ਡੇਵਿਸ ਕੱਪ ਜਿੱਤਿਆ
- 310 ਹਫ਼ਤੇ ਵਿਸ਼ਵ ਦੇ ਪਹਿਲੇ ਦਰਜੇ ਦੇ ਖਿਡਾਰੀ ਰਹੇ
- 31 ਗਰੈਂਡ ਸਲੈਮ ਫਾਈਨਲਜ਼
- ਪੂਰੇ ਖੇਡ ਸਫ਼ਰ ਦੌਰਾਨ 11.4 ਕਰੋੜ ਪੌਂਡ ਦੀ ਇਨਾਮੀ ਰਾਸ਼ੀ ਜਿੱਤੀ
ਫੈਡਰਰ ਅਤੇ ਨਡਾਲ ਟੈਨਿਸ ''ਚ ਪੁਰਸ਼ਾਂ ਦੇ ਮੁਕਾਬਲੇ ''ਚ ਲੰਮਾਂ ਸਮਾਂ ਇੱਕ ਦੂਜੇ ਦੇ ਖਿਲਾਫ਼ ਵੀ ਖੇਡੇ ਹਨ। ਹਾਲਾਂਕਿ ਯੂਰਪ ਅਤੇ ਬਾਕੀ ਦੁਨੀਆਂ ਵਿਚਾਲੇ ਸਾਲਾਨਾ ਟੀਮ ਮੁਕਾਬਲੇ ''ਚ ਅਮਰੀਕੀ ਜੋੜੀ ਜੈਕ ਸਾਕ ਅਤੇ ਫਰੈਂਸਿਸ ਟਿਆਫੋ ਦੇ ਖਿਲਾਫ ਡਬਲਜ਼ ਮੁਕਾਬਲੇ ''ਚ ਫੈਡਰਰ ਅਤੇ ਨਡਾਲ ਨੇ ਮਿਲ ਕੇ ਮੈਚ ਖੇਡਿਆ।
ਭਾਵੇਂ ਕਿ ਫੈਡਰਰ ਪਿਛਲੇ ਇੱਕ ਸਾਲ ਤੋਂ ਖੇਡ ਨਹੀਂ ਰਹੇ ਸਨ, ਪਰ ਫਿਰ ਵੀ ਇਸ ਤਜ਼ਰਬੇਕਾਰ ਜੋੜੀ ਨੇ ਸਾਕ ਅਤੇ ਟਿਆਫੋ ਤੋਂ 4-6 7-6 (7-2) 11-9 ਨਾਲ ਹਾਰਨ ਤੋਂ ਪਹਿਲਾਂ, ਖੇਡਾਂ ਦੇਪਹਿਲੇ ਦਿਨ 2-2 ਨਾਲ ਬਰਾਬਰੀ ਕਰਕੇ ਹੈਰਾਨ ਕੀਤਾ ਸੀ।
ਫੈਡਰਰ ਅਤੇ ਨਡਾਲ ਦੀ ਜੋੜੀ ਨੂੰ ਉਨ੍ਹਾਂ ਦੇ ਪ੍ਰਸ਼ੰਸਕ ਪਿਆਰ ਨਾਲ ''ਫੈਡਲ'' ਕਹਿ ਕੇ ਬੁਲਾਉਂਦੇ ਹਨ। ਇਸ ਮੈਚ ''ਚ ਉਹ ਲਗਭਗ ਜਿੱਤ ਦੇ ਕਰੀਬ ਹੀ ਸਨ। ਇਸ ਜੋੜੀ ਦਾ ਨਿਰਣਾਇਕ ਮੈਚ ਪੁਆਇੰਟ 9-8 ''ਤੇ ਸੀ ਅਤੇ ਫੈਡਰਰ ਸਿਰਫ ਫੋਰਹੈਂਡ ਲਈ ਹੀ ਲੈ ਸਕੇ ਸੀ ਪਰ ਉਨ੍ਹਾਂ ਦੀ ਬਾਲ ਨੈੱਟ ਵਿੱਚ ਜਾ ਲੱਗੀ।
ਫੈਡਰਰ ਦਾ ਟੈਨਿਸ ਵਿੱਚ 25 ਸਾਲ ਲੰਬਾ ਖੇਡ ਜੀਵਨ ਰਿਹਾ ਅਤੇ ਇਹ ਉਨ੍ਹਾਂ ਦਾ 1750ਵਾਂ ਮੁਕਾਬਲਾ ਸੀ।
ਫੈਡਰਰ ਨੇ ਟੈਨਿਸ ਕੋਰਟ ਵਿੱਚ ਆਪਣੇ ਭਾਸ਼ਣ ਦੌਰਾਨ ਆਪਣੇ ਹੰਝੂਆਂ ਨੂੰ ਰੋਕਦਿਆਂ ਕਿਹਾ ਕਿ "ਇਹ ਇਕ ਸਹੀ ਯਾਤਰਾ ਰਹੀ ਹੈ ਅਤੇ ਮੈਂ ਇਹ ਸਭ ਦੁਬਾਰਾ ਕਰਾਂਗਾ।"
ਫੈਡਰਰ ਦੀ ਮਰਜ਼ੀ ਅਨੁਸਾਰ ਰਿਟਾਇਰਮੈਂਟ ਪਾਰਟੀ
ਪਿਛਲੇ ਦੋ ਸਾਲਾਂ ਤੋਂ ਗੋਡੇ ਦੀ ਸੱਟ ਨਾਲ ਜੂਝ ਰਹੇ ਫੈਡਰਰ ਦਾ ਕਰੀਅਰ ਦਾ ਗ੍ਰਾਫ ਲੰਮੇ ਸਮੇਂ ਤੋਂ ਹੇਠਾਂ ਵੱਲ ਜਾ ਰਿਹਾ ਸੀ। ਆਪਣੀ ਇਸ ਸੱਟ ਤੋਂ ਬਾਹਰ ਆਉਣ ਲਈ ਉਨ੍ਹਾਂ ਨੂੰ ਤਿੰਨ ਆਪਰੇਸ਼ਨ ਕਰਵਾਉਣੇ ਪਏ।
ਉਨ੍ਹਾਂ ਨੇ ਪਿਛਲੇ ਸਾਲ ਵਿੰਬਲਡਨ ਦੇ ਕੁਆਰਟਰ ਫਾਈਨਲ ''ਚ ਪੋਲੈਂਡ ਦੇ ਹੁਬਰਟ ਹੁਰਕਾਜ਼ ਤੋਂ ਹਾਰਨ ਤੋਂ ਬਾਅਦ ਕੋਈ ਵੀ ਮੈਚ ਨਹੀਂ ਖੇਡਿਆ ਸੀ।
ਸਾਲ 2020 ਦੀ ਸ਼ੁਰੂਆਤ ਤੋਂ ਬਾਅਦ 11 ਗ੍ਰੈਂਡ ਸਲੈਮ ਹੋਏ ਸਨ ਪਰ ਫੈਡਰਰ ਸਿਰਫ ਤਿੰਨ ਮੁਕਾਬਲਿਆਂ ''ਚ ਹੀ ਖੇਡ ਸਕੇ। ਇਸ ਸਭ ਦੇ ਬਾਵਜੂਦ ਉਨ੍ਹਾਂ ਨੇ ਉਮੀਦ ਜਤਾਈ ਸੀ ਕਿ ਉਹ ਜੁਲਾਈ ਮਹੀਨੇ ਵੱਡੇ ਟੂਰਨਾਮੈਂਟਾਂ ਵਿੱਚ ਵਾਪਸੀ ਕਰ ਸਕਣਗੇ।
ਆਪਣੇ ਦ੍ਰਿੜ ਇਰਾਦੇ ਦੇ ਬਾਵਜੂਦ ਇੱਕ ਸਕੈਨ ਤੋਂ ਬਾਅਦ ਹੋਰ ਵਧੇਰੇ ਬੁਰੀ ਖ਼ਬਰ ਸਾਹਮਣੇ ਆਈ ਅਤੇ ਫੈਡਰਰ ਨੇ ਪਿਛਲੇ ਹਫ਼ਤੇ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਇਸ ਸਕੈਨ ਤੋਂ ਉਨ੍ਹਾਂ ਨੂੰ ਹਾਲ ਹੀ ਵਿੱਚ ਆਪਣੇ ਸਰੀਰ ਦੀ ਸਥਿਤੀ ਦਾ ਸਟੀਕ ਰੂਪ ਵਿੱਚ ਪਤਾ ਲੱਗਿਆ।
ਰੌਜਰ ਫੈਡਰਰ ਅਤੇ ਨਡਾਲ ਦੀ ਜੋੜੀ ਨੂੰ ਉਨ੍ਹਾਂ ਦੇ ਪ੍ਰਸ਼ੰਸਕ ''ਫੈਡਲ'' ਕਹਿ ਕੇ ਬੁਲਾਉਂਦੇ ਹਨ
ਫੈਡਰਰ ਨੇ ਆਪਣੇ ਆਖਰੀ ਮੈਚ ਨੂੰ ਯਾਦਗਾਰ ਬਣਾਉਣ ਲਈ ਦਾਅਵਤ ਕਰਨੀ ਚਾਹੁੰਦੇ ਸਨ ਤਾਂ ਜੋ ਇਹ ਮੌਕਾ ਖੁਸ਼ੀਆਂ ਖੇੜਿਆਂ ਨਾਲ ਭਰਿਆ ਹੋਵੇ ਨਾ ਕਿ ਸੋਗ ਨਾਲ।
ਫੈਡਰਰ ਦੀ ਇੱਛਾ ਮੁਤਾਬਕ 17,500 ਦੀ ਸਮਰੱਥਾ ਵਾਲੇ ਸਟੇਡੀਅਮ ਵਿੱਚ ਪੂਰਾ ਜਸ਼ਨ ਦਾ ਮਾਹੌਲ ਸੀ। ਇਸ ਮੌਕੇ ਉਨ੍ਹਾਂ ਦੀ ਪਤਨੀ ਮਿਰਕਾ ਫੈਡਰਰ, ਚਾਰੇ ਬੱਚੇ, ਉਨ੍ਹਾਂ ਦੇ ਮਾਤਾ-ਪਿਤਾ ਵੀ ਮੌਜੂਦ ਸਨ। ਇਸ ਮੈਚ ''ਚ ਫੈਡਰਰ ਦੀ ਹਰ ਮੂਵ ਦਾ ਖੁਸ਼ੀ ਅਤੇ ਹਮਦਰਦੀ ਦੇ ਸਾਂਝੇ ਭਾਵਾਂ ਨਾਲ ਤਾੜੀਆਂ ਨਾਲ ਸਵਾਗਤ ਕੀਤਾ ਗਿਆ।
-
ਰੌਜਰ ਦੀ ਪਤਨੀ ਮਿਰਕਾ ਫੈਡਰਰ ਵੀ ਉਨ੍ਹਾਂ ਵਾਂਗ ਹੀ ਇੱਕ ਸਵਿਸ ਟੈਨਿਸ ਖਿਡਾਰਨ ਰਹੇ ਹਨ।
ਬਾਅਦ ਵਿੱਚ ਇੱਕ ਭਾਵੁਕ ਜਸ਼ਨ ਦੌਰਾਨ ਉਨ੍ਹਾਂ ਦਾ ਪਰਿਵਾਰ ਵੀ ਸ਼ਾਮਲ ਹੋਇਆ ਅਤੇ ਇਸ ਮੌਕੇ ਕਈ ਲੋਕ ਵੀ ਰੋਂਦੇ ਵਿਖਾਈ ਦਿੱਤੇ। ਫੈਡਰਰ ਨੂੰ ਉਨ੍ਹਾਂ ਦੇ ਸਾਥੀ ਖਿਡਾਰੀਆਂ ਨੇ ਮੋਢਿਆਂ ''ਤੇ ਚੁੱਕ ਕੇ ਘੁੰਮਾਇਆ।
ਫੈਡਰਰ ਨੇ ਕਿਹਾ, "ਹਰ ਕੋਈ ਇੱਥੇ ਹੈ, ਕੁੜੀਆਂ ਅਤੇ ਮੁੰਡੇ। ਮੇਰੀ ਪਤਨੀ ਨੇ ਬਹੁਤ ਸਾਥ ਦਿੱਤਾ ਹੈ। ਉਹ ਮੈਨੂੰ ਬਹੁਤ ਸਮਾਂ ਪਹਿਲਾਂ ਹੀ ਰੋਕ ਸਕਦੀ ਸੀ ਪਰ ਉਨ੍ਹਾਂ ਨੇ ਅਜਿਹਾ ਨਾ ਕੀਤਾ।"
"ਉਸ ਨੇ (ਪਤਨੀ ਨੇ) ਆਪਣੀ ਖੇਡ ਜਾਰੀ ਰੱਖਣ ਦਿੱਤੀ, ਇਸ ਲਈ ਇਹ ਬਹੁਤ ਹੀ ਸ਼ਾਨਦਾਰ ਹੈ- ਤੁਹਾਡਾ ਧੰਨਵਾਦ।"
ਇਸ ਮੌਕੇ ਰੋਡ ਲੇਵਰ ਸਮੇਤ ਹੋਰ ਕਈ ਟੈਨਿਸ ਦੇ ਦਿੱਗਜ ਖਿਡਾਰੀ ਮੌਜੂਦ ਸਨ। ਇਸ ਤੋਂ ਇਲਾਵਾ ਹਾਲੀਵੁੱਡ ਅਦਾਕਾਰ ਹਿਊਗ ਗ੍ਰਾਂਟ ਅਤੇ ਵੋਗ ਸੰਪਾਦਕ ਅੰਨਾ ਵਿਨਟੌਰ ਸਮੇਤ ਹੋਰ ਮਸ਼ਹੂਰ ਹਸਤੀਆਂ ਨੇ ਵੀ ਸ਼ਿਰਕਤ ਕੀਤੀ।
ਵਿਸ਼ਵ ਦੇ ਮੌਜੂਦਾ ਨੰਬਰ ਇੱਕ ਖਿਡਾਰੀ, ਕਾਰਲੋਸ ਅਲਕਾਰਜ਼ ਅਤੇ ਇਗਾ ਸਵਿਏਟੇਕ ਨੇ ਇਹ ਮੈਚ ਟੀਵੀ ''ਤੇ ਵੇਖਿਆ ਅਤੇ ਟਵੀਟ ਕਰਕੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਅਜਿਹਾ ਕੁਝ ਹੀ ਫੈਡਰਰ ਦੇ ਸਵਿਸ ਡੇਵਿਸ ਕੱਪ ਦੇ ਜੋੜੀਦਾਰ ਸਟੈਨ ਵਾਵਰਿੰਕਾ ਨੇ ਕੀਤਾ ਸੀ।
ਗੋਡੇ ਦੀ ਸੱਟ ਦੇ ਕਾਰਨ ਫੈਡਰਰ ਸਿਰਫ ਡਬਲਜ਼ ਖੇਡ ਪਾ ਰਹੇ ਸਨ ਅਤੇ ਉਨ੍ਹਾਂ ਦੀ ਮੂਵਮੈਂਟ ਵੀ ਬਹੁਤ ਸੀਮਿਤ ਸੀ।
ਬਾਅਦ ''ਚ ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ''ਚ ਕਿਹਾ ਕਿ ਸ਼ੁਕਰ ਹੈ ਕਿ ਮੈਚ ਖੇਡਦਿਆਂ ਉਨ੍ਹਾਂ ਦੀ ਕਿਸੇ ਮਾਸਪੇਸ਼ੀ ਨੂੰ ਖਿੱਚ ਨਹੀਂ ਪਈ ਹੈ ਅਤੇ ਉਹ ਖੁਸ਼ ਹਨ।
ਫੈਡਰਰ ਨੇ ਕਿਹਾ, "ਸਾਥੀ ਖਿਡਾਰੀਆਂ, ਪਰਿਵਾਰ ਅਤੇ ਦੋਸਤਾਂ ਦੇ ਨਾਲ ਹੋਣ ਕਰਕੇ ਮੈਨੂੰ ਤਣਾਅ ਨਹੀਂ ਹੋਇਆ, ਭਾਵੇਂ ਕਿ ਮੈਨੂੰ ਲੱਗਿਆ ਸੀ ਕਿ ਮੈਚ ਦੌਰਾਨ ਕੁਝ ਹੋਵੇਗਾ।"
"ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਸ ਨੂੰ ਪੂਰਾ ਕੀਤਾ ਅਤੇ ਮੈਚ ਸ਼ਾਨਦਾਰ ਰਿਹਾ ਹੈ। ਮੈਂ ਇਸ ਤੋਂ ਵੱਧ ਖੁਸ਼ ਨਹੀਂ ਹੋ ਸਕਦਾ ਸੀ।"
ਟੈਨਿਸ ਫੈਨਜ਼ ਲਈ ਰੌਜਰ ਕਿਉਂ ਅਹਿਮ ਹਨ
ਫੈਡਰਰ ਨੇ ਨਾ ਸਿਰਫ ਆਪਣੀ ਖੇਡ ਨਾਲ ਸਰਹੱਦਾਂ ਤੋਂ ਪਾਰ ਲੰਘੇ ਹਨ ਸਗੋਂ ਬਹੁਤ ਸਾਰੇ ਰਿਕਾਰਡ ਵੀ ਬਣਾਏ ਹਨ। ਇਸ ਦੇ ਨਾਲ ਹੀ ਉਹ ਟੈਨਿਸ ਦੇ ਦੁਨੀਆਂ ਸਭ ਤੋਂ ਮਸ਼ਹੂਰ ਖਿਡਾਰੀਆਂ ''ਚੋਂ ਇੱਕ ਬਣੇ।
ਉਨ੍ਹਾਂ ਦੀ ਖੇਡ ਸ਼ੈਲੀ ਨੇ ਉਨ੍ਹਾਂ ਨੂੰ ਦੁਨੀਆ ਭਰ ਦੇ ਲੱਖਾਂ ਪ੍ਰਸ਼ੰਸਕਾਂ ਦਾ ਹੀਰੋ ਬਣਾ ਦਿੱਤਾ। ਉਹ ਨਿਮਰ ਅਤੇ ਮਨਮੋਹਕ ਸ਼ਖਸੀਅਤ ਦੇ ਮਾਲਕ ਹਨ। ਫੈਡਰਰ ਟੈਨਿਸ ਤੋਂ ਕਿਤੇ ਅੱਗੇ ਨਿਕਲ ਗਏ ਹਨ। ਕੁਝ ਲਈ ਤਾਂ ਉਹ ਦੁਨੀਆ ਤੋਂ ਵੀ ਅਗਾਂਹ ਚਲੇ ਗਏ ਹਨ।
ਮੈਚ ਤੋਂ ਪਹਿਲਾਂ, ਤੁਸੀਂ ਸੈਂਕੜੈ ਹੀ ਪ੍ਰਸ਼ੰਸਕਾਂ ਨੂੰ ਫੈਡਰਰ ਬ੍ਰਾਂਡ ਵਾਲੇ ਕੱਪੜੇ ਅਤੇ ਉਪਕਰਣ ਪਹਿਨੇ ਹੋਏ ਮੈਦਾਨ ''ਚ ਦਾਖਲ ਹੁੰਦਿਆ ਵੇਖ ਸਕਦੇ ਹੋ। ਇਸ ਵਿੱਚ ਟੋਪੀਆਂ ਟੀ-ਸ਼ਰਟਾਂ ਬੈਨਰ ਅਤੇ ਇੱਥੋਂ ਤੱਕ ਕਿ ਖਾਸ ਤੌਰ ''ਤੇ ਤਿਆਰ ਕਰਵਾਏ ਗਏ ਈਅਰਰਿੰਗ ਵੀ ਸ਼ਾਮਲ ਸਨ।
ਫੈਡਰਰ ਦੇ ਪ੍ਰਸ਼ੰਸਕ ਸਵਿਟਜ਼ਰਲੈਂਡ ਦੇ ਕੌਮੀ ਲਾਲ ਅਤੇ ਚਿੱਟੇ ਰੰਗ ਅਤੇ ਫੈਡਰਰ ਦੇ ਨਾਮ ਦੇ ਸ਼ੁਰੂਆਤੀ ਅੱਖਰ ''ਆਰ ਐਫ'' ਨਾਲ ਸਜਧਜ ਕੇ ਪਹੁੰਚੇ ਸਨ।
ਇਨਡੋਰ ਟੈਨਿਸ ਸਟੇਡੀਅਮ ਵਿੱਚ ਸਵਿਟਜ਼ਰਲੈਂਡ ਦੇ ਕੁਝ ਝੰਡੇ ਵੀ ਲਗਾਏ ਗਏ ਸਨ।
ਰੌਬਰਟ, ਜੋ ਕਿ ਫੈਡਰਰ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ, ਉਨ੍ਹਾਂ ਨੇ ਬੀਬੀਸੀ ਸਪੋਰਟ ਨੂੰ ਦੱਸਿਆ ਕਿ ਫੈਡਰਰ ਗੁਣਾਂ ਦੀ ਖਾਣ ਹਨ। ਉਹ ਇੱਕ ਸੂਪਰ ਖਿਡਾਰੀ, ਇੱਕ ਸੱਜਣ ਪੁਰਸ਼, ਇੱਕ ਵਧੀਆ ਪਿਤਾ ਅਤੇ ਨਾਲ ਹੀ ਹਮੇਸ਼ਾਂ ਆਪਣੇ ਪ੍ਰਸ਼ੰਸਕਾਂ ਨੂੰ ਸਮਾਂ ਦੇਣ ਵਾਲੇ ਵਿਅਕਤੀ ਹਨ।
ਪਿਛਲੇ ਹਫ਼ਤੇ ਜਦੋਂ ਫੈਡਰਰ ਨੇ ਆਪਣੇ ਸੰਨਿਆਸ ਦਾ ਐਲਾਨ ਕੀਤਾ ਉਸ ਤੋਂ ਪਹਿਲਾਂ ਹੀ ਸ਼ੁੱਕਰਵਾਰ ਰਾਤ ਦੇ ਸ਼ੈਸਨ ਦੀਆਂ ਸਾਰੀਆਂ ਟਿਕਟਾਂ ਵਿਕ ਚੁੱਕੀਆਂ ਸਨ।
ਸ਼ੁਰੂ ''ਚ ਟਿਕਟਾਂ 40 ਤੋਂ 50 ਪੌਂਡ ਵਿਚਾਲੇ ਮਿਲ ਰਹੀਆਂ ਸਨ। ਪਰ ਫੈਡਰਰ ਦੇ ਸੰਨਿਆਸ ਦੀ ਖ਼ਬਰ ਤੋਂ ਬਾਅਦ ਇੰਨ੍ਹਾਂ ਟਿਕਟਾਂ ਨੂੰ ਰੀਸੇਲ ਪਲੇਟਫਾਰਮਾਂ ''ਤੇ 1000 ਪੌਂਡ ਵਿੱਚ ਵੇਚਣ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ।
ਫੈਡਰਰ ਨੇ ਕਿਹਾ, "ਤੁਹਾਡਾ ਸਾਰਿਆਂ ਦਾ ਧੰਨਵਾਦ। ਬਹੁਤ ਸਾਰੇ ਲੋਕ ਮੈਨੂੰ ਹੱਲਾਸ਼ੇਰੀ ਦੇਣ ਲਈ ਆਏ ਹਨ ਅਤੇ ਤੁਸੀਂ ਸਾਰੇ ਅੱਜ ਦੀ ਰਾਤ ਮੇਰੇ ਲਈ ਪੂਰੀ ਦੁਨੀਆ ਦੇ ਬਰਾਬਰ ਹੋ।"
ਉਨ੍ਹਾਂ ਨੇ ਅੱਗੇ ਕਿਹਾ ਕਿ ਉਹ ਖੇਡ ਮੈਦਾਨ ''ਚ ਬੋਲਣ ਤੋਂ ਸੱਚਮੁੱਚ ਡਰ ਰਹੇ ਸੀ, ਕਿਉਂਕਿ ਉਹ ਜਾਣਦੇ ਸਨ ਕਿ ਇਸ ਮੌਕੇ ਉਹ ਭਾਵੁਕ ਹੋ ਜਾਣਗੇ।
"ਇਹ ਅੰਤ ਨਹੀਂ ਹੈ, ਤੁਸੀਂ ਜਾਣਦੇ ਹੋ ਜ਼ਿੰਦਗੀ ਚੱਲਦੀ ਰਹਿੰਦੀ ਹੈ। ਮੈਂ ਸਿਹਤਮੰਦ ਹਾਂ, ਖੁਸ਼ ਹਾਂ , ਸਭ ਕੁਝ ਵਧੀਆ ਹੈ ਅਤੇ ਇਹ ਜ਼ਿੰਦਗੀ ਦਾ ਸਿਰਫ਼ ਇੱਕ ਪਲ ਹੈ।"
-
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਭਗਵੰਤ ਮਾਨ ਨੂੰ ਪੰਜਾਬ ਦੇ ਰਾਜਪਾਲ ਨੇ ਕਿਉਂ ਚੇਤੇ ਕਰਵਾਈਆਂ ਸੰਵਿਧਾਨ ਦੀਆਂ ਧਾਰਾਵਾਂ
NEXT STORY