ਜਦੋਂ ਦਿੱਲੀ ''ਤੇ ਕੂਚ ਕਰਨ ਲਈ ਤੈਮੂਰ ਲੰਗ ਦੇ 90,000 ਸੈਨਿਕ ਸਮਰਕੰਦ ਵਿੱਚ ਇਕੱਠੇ ਹੋਏ ਤਾਂ ਪੂਰੇ ਸ਼ਹਿਰ ਵਿੱਚ ਉਨ੍ਹਾਂ ਦੇ ਇੱਕ ਜਗ੍ਹਾ ਇਕੱਠਾ ਹੋਣ ਨਾਲ ਧੂੜ ਹੀ ਧੂੜ ਫੈਲ ਗਈ।
ਦਿੱਲੀ, ਸਮਰਕੰਦ ਦੇ ਦੱਖਣ-ਪੂਰਬ ਵਿੱਚ ਸੀ, ਉੱਥੋਂ ਕਰੀਬ 1,000 ਮੀਲ ਦੂਰ ਸੀ। ਦਿੱਲੀ ਤੱਕ ਪਹੁੰਚਣ ਦਾ ਰਸਤਾ ਸ਼ਾਇਦ ਦੁਨੀਆਂ ਦਾ ਸਭ ਤੋਂ ਮੁਸ਼ਕਿਲ ਰਸਤਾ ਸੀ ਜੋ ਹਿੰਦੂਕੁਸ਼ ਦੀਆਂ ਪਹਾੜੀਆਂ ਦੇ ਉੱਪਰੋਂ ਹੋ ਕੇ ਜਾਂਦਾ ਸੀ
ਇਸ ਦੇ ਆਸਪਾਸ ਉਹ ਲੋਕ ਰਹਿੰਦੇ ਸਨ ਜਿਨ੍ਹਾਂ ਨੂੰ ਸਿਕੰਦਰ ਮਹਾਨ ਵੀ ਝੁਕਾਉਣ ਵਿੱਚ ਕਾਮਯਾਬ ਨਹੀਂ ਹੋਏ ਸਨ।
ਰਸਤੇ ਵਿਚਕਾਰ ਕਈ ਨਦੀਆਂ, ਪਥਰੀਲੇ ਰਸਤੇ ਅਤੇ ਰੇਗਿਸਤਾਨ ਸਨ ਜੋ ਦਿੱਲੀ ਤੱਕ ਪਹੁੰਚਣ ਦਾ ਰਸਤਾ ਹੋਰ ਵੀ ਦੂਰ ਬਣਾ ਦਿੰਦੇ ਸਨ।
ਜੇਕਰ ਇਸ ਨੂੰ ਪਾਰ ਕਰ ਵੀ ਲਿਆ ਜਾਵੇ ਤਾਂ ਤੈਮੂਰ ਦੀ ਸੈਨਾ ਦਾ ਸਾਹਮਣਾ ਵੱਡ-ਆਕਾਰੀ ਹਾਥੀਆਂ ਨਾਲ ਹੋਣਾ ਸੀ ਜਿਨ੍ਹਾਂ ਨੂੰ ਤੈਮੂਰ ਅਤੇ ਉਸ ਦੀ ਸੈਨਾ ਨੇ ਪਹਿਲਾਂ ਕਦੇ ਨਹੀਂ ਦੇਖਿਆ ਸੀ।
ਉਨ੍ਹਾਂ ਬਾਰੇ ਉਸ ਨੇ ਕਹਾਣੀਆਂ ਜ਼ਰੂਰ ਸੁਣ ਰੱਖੀਆਂ ਸਨ ਕਿ ਉਹ ਤੇਜ਼ੀ ਨਾਲ ਨਾ ਸਿਰਫ਼ ਘਰ ਜਾਂ ਦਰੱਖਤ ਉਖਾੜ ਸੁੱਟਦੇ ਹਨ, ਬਲਕਿ ਕੰਧਾਂ ਨੂੰ ਵੀ ਲਤਾੜਦੇ ਹੋਏ ਚਲੇ ਜਾਂਦੇ ਹਨ।
ਉਨ੍ਹਾਂ ਦੀਆਂ ਸੁੰਡਾਂ ਵਿੱਚ ਇੰਨੀ ਤਾਕਤ ਸੀ ਕਿ ਉਹ ਲਪੇਟ ਕੇ ਕਿਸੇ ਵੀ ਸੈਨਿਕ ਨੂੰ ਹੇਠ ਸੁੱਟ ਕੇ ਆਪਣੇ ਪੈਰਾਂ ਨਾਲ ਕੁਚਲ ਸਕਦੇ ਸਨ।
ਦਿੱਲੀ ਦੀ ਅਸ਼ਾਂਤੀ ਨੇ ਤੈਮੂਰ ਨੂੰ ਦਿੱਤਾ ਸੱਦਾ
ਉਸ ਸਮੇਂ ਦਿੱਲੀ ਦੀ ਹਾਲਤ ਵੀ ਠੀਕ ਨਹੀਂ ਸੀ। ਸਾਲ 1338 ਵਿੱਚ ਫਿਰੋਜ਼ ਸ਼ਾਹ ਤੁਗ਼ਲਕ ਦੀ ਮੌਤ ਦੇ ਬਾਅਦ ਪੂਰਾ ਭਾਰਤ, ਬੰਗਾਲ, ਕਸ਼ਮੀਰ ਅਤੇ ਦੱਖਣ ਵਰਗੇ ਖੇਤਰਾਂ ਵਿੱਚ ਵੰਡ ਚੁੱਕਿਆ ਸੀ।
ਮਸ਼ਹੂਰ ਇਤਿਹਾਸਕਾਰ ਸਰ ਜਾਰਜ ਡਨਬਰ ਆਪਣੀ ਕਿਤਾਬ ''ਦਿ ਹਿਸਟਰੀ ਆਫ਼ ਇੰਡੀਆ'' ਵਿੱਚ ਲਿਖਦੇ ਹਨ:
''''ਫਿਰੋਜ਼ ਦੀ ਮੌਤ ਦੇ ਦਸ ਸਾਲਾਂ ਦੇ ਅੰਦਰ ਇੱਕ ਤੋਂ ਬਾਅਦ ਇੱਕ ਦਿੱਲੀ ਵਿੱਚ ਪੰਜ ਬਾਦਸ਼ਾਹਾਂ, ਉਨ੍ਹਾਂ ਦੇ ਪੋਤਿਆਂ ਅਤੇ ਉਨ੍ਹਾਂ ਦੇ ਛੋਟੇ ਪੁੱਤਰਾਂ ਨੇ ਰਾਜ ਕੀਤਾ ਸੀ। ਦਿੱਲੀ ਦੀ ਅੰਦਰੂਨੀ ਹਾਲਤ ਇਹ ਸੀ ਕਿ ਉਹ ਇੱਕ ਤਰ੍ਹਾਂ ਨਾਲ ਕਿਸੇ ਵੀ ਬਾਹਰੀ ਹਮਲਾਵਰ ਨੂੰ ਹਮਲਾ ਕਰਨ ਲਈ ਸੱਦਾ ਦੇ ਰਹੀ ਸੀ।''''
ਸਮਰਕੰਦ ਤੋਂ ਬਾਹਰ ਨਿਕਲਣ ਦੇ ਤੁਰੰਤ ਬਾਅਦ ਹੀ ਚੜ੍ਹਾਈ ਸ਼ੁਰੂ ਹੋ ਗਈ ਸੀ।
ਤੈਮੂਰ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਸੀ ਆਪਣੇ 90,000 ਸੈਨਿਕਾਂ ਨਾਲ ਉਨ੍ਹਾਂ ਦੀ ਦੁੱਗਣੀ ਸੰਖਿਆ ਵਿੱਚ ਘੋੜਿਆਂ ਨੂੰ ਕਿਸ ਤਰ੍ਹਾਂ ਦੁਨੀਆਂ ਦੀ ਛੱਤ ਤੋਂ ਪਾਰ ਲੈ ਜਾਇਆ ਜਾਵੇ।
ਜਸਟਿਨ ਮਰੋਜ਼ੀ ਆਪਣੀ ਕਿਤਾਬ ''ਟੈਮਰਲੇਨ, ਸੌਰਡ ਆਫ਼ ਇਸਲਾਮ, ਕੌਂਕਰ ਆਫ਼ ਦਿ ਵਰਲਡ'' ਵਿੱਚ ਲਿਖਦੇ ਹਨ, ''''ਤੈਮੂਰ ਦੀ ਸੈਨਾ ਨੂੰ ਤਰ੍ਹਾਂ-ਤਰ੍ਹਾਂ ਦੇ ਇਲਾਕਿਆਂ ਤੋਂ ਹੋ ਕੇ ਗੁਜ਼ਰਨਾ ਸੀ ਜਿਨ੍ਹਾਂ ਦੇ ਮੌਸਮ ਇੱਕੋ ਜਿਹੇ ਨਹੀਂ ਸਨ। ਤੈਮੂਰ ਤੋਂ ਘੱਟ ਅਗਵਾਈ ਸਮਰੱਥਾ ਵਾਲੇ ਕਿਸੇ ਵੀ ਸ਼ਖ਼ਸ ਨੂੰ ਬਰਬਾਦ ਕਰਨ ਲਈ ਇੰਨਾ ਹੀ ਕਾਫ਼ੀ ਸੀ।''''
''''ਸਮਰਕੰਦ ਤੋਂ ਦਿੱਲੀ ਦੇ ਵਿਚਕਾਰ ਬਰਫ਼ ਨਾਲ ਢਕੀਆਂ ਚੱਟਾਨਾਂ, ਗਰਮੀ ਨਾਲ ਝੁਲਸਾ ਦੇਣ ਵਾਲੇ ਰੇਗਿਸਤਾਨ ਅਤੇ ਬੰਜ਼ਰ ਜ਼ਮੀਨ ਦਾ ਵੱਡਾ ਇਲਾਕਾ ਸੀ, ਜਿੱਥੇ ਸੈਨਿਕਾਂ ਦੇ ਖਾਣੇ ਲਈ ਇੱਕ ਦਾਣਾ ਤੱਕ ਨਹੀਂ ਉਗਾਇਆ ਜਾ ਸਕਦਾ ਸੀ।''''
''''ਤੈਮੂਰ ਦੇ ਸੈਨਿਕਾਂ ਦੀ ਪੂਰੀ ਰਸਦ ਕਰੀਬ ਡੇਢ ਲੱਖ ਘੋੜਿਆਂ ਦੀ ਪਿੱਠ ''ਤੇ ਚੱਲ ਰਹੀ ਸੀ। ਇਸ ਅਭਿਆਨ ਦੇ 600 ਸਾਲ ਬਾਅਦ ਅੱਜ ਵੀ ਇਸ ਖੇਤਰ ਤੋਂ ਗੁਜ਼ਰਨ ਵਾਲੇ ਟੈਕਸੀ ਡਰਾਈਵਰ ਬਰਫ਼ੀਲੇ ਦੱਰਿਆਂ ਦੇ ਖ਼ਰਾਬ ਮੌਸਮ ਦੀ ਸ਼ਿਕਾਇਤ ਕੀਤੇ ਬਿਨਾਂ ਨਹੀਂ ਰਹਿੰਦੇ।''''
- ਤੈਮੂਰ ਲੰਗ ਨੇ 90,000 ਸੈਨਿਕਾਂ ਨਾਲ ਸਮਰਕੰਦ ਤੋਂ ਦਿੱਲੀ ਨੂੰ ਕੂਚ ਕੀਤਾ ਸੀ।
- ਦਿੱਲੀ, ਸਮਰਕੰਦ ਦੇ ਦੱਖਣ-ਪੂਰਬ ਵਿੱਚ ਕਰੀਬ 1,000 ਮੀਲ ਦੂਰ ਉਪਰ ਸਥਿਤ ਸੀ।
- 1338 ''ਚ ਫਿਰੋਜ਼ ਸ਼ਾਹ ਤੁਗ਼ਲਕ ਦੀ ਮੌਤ ਦੇ ਬਾਅਦ ਭਾਰਤ ਬੰਗਾਲ, ਕਸ਼ਮੀਰ ਤੇ ਦੱਖਣ ਖੇਤਰਾਂ ''ਚ ਵੰਡਿਆ ਹੋਇਆ ਸੀ।
- ਤੈਮੂਰ ਨੇ ਨਾਲ ਚੱਲ ਰਹੇ ਇੱਕ ਲੱਖ ਬੰਦੀਆਂ ਨੂੰ ਮਾਰਨ ਦੇ ਆਦੇਸ਼ ਦਿੱਤੇ ਸਨ।
- 17 ਦਸੰਬਰ, 1398 ਨੂੰ ਮੱਲੂ ਖਾਂ ਅਤੇ ਸੁਲਤਾਨ ਮਹਿਮੂਦ ਦੀ ਸੈਨਾ ਤੈਮੂਰ ਨਾਲ ਲੜਨ ਦਿੱਲੀ ਗੇਟ ਤੋਂ ਬਾਹਰ ਨਿਕਲੀ।
- ਤੈਮੂਰ ਨੇ ਦਿੱਲੀ ਨੂੰ ਪੂਰੀ ਤਰ੍ਹਾਂ ਨਾਲ ਕੰਟਰੋਲ ਕਰ ਲਿਆ ਤੇ ਸੈਨਿਕਾਂ ਨੇ ਲੋਕਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ।
- ਤੈਮੂਰ ਦੀ ਸ਼ਾਸਨ ਕਰਨ ਵਿੱਚ ਕੋਈ ਦਿਲਚਸਪੀ ਨਹੀਂ, ਉਹ ਲੁੱਟ ਕਰਨ ਤੋਂ ਬਾਅਦ ਪਰਤ ਗਿਆ।
- ਦਿੱਲੀ ਨੂੰ ਉਸ ਹਾਲਤ ਤੋਂ ਉੱਭਰਨ ਵਿੱਚ ਪੂਰੇ 100 ਸਾਲਾਂ ਦਾ ਸਮਾਂ ਲੱਗ ਗਿਆ।
ਲੋਨੀ ਕੋਲ ਤੈਮੂਰ ਨੇ ਲਗਾਇਆ ਆਪਣਾ ਕੈਂਪ
ਤੈਮੂਰ ਦੇ ਸੈਨਿਕ ਉਂਜ ਤਾਂ ਕਈ ਵੱਡੀਆਂ ਲੜਾਈਆਂ ਲੜ ਚੁੱਕੇ ਸਨ, ਪਰ ਉਨ੍ਹਾਂ ਨੂੰ ਇਨ੍ਹਾਂ ਪਰਿਸਥਿਤੀਆਂ ਵਿੱਚ ਅੱਗੇ ਵਧਣ ਦਾ ਕੋਈ ਤਜਰਬਾ ਨਹੀਂ ਸੀ।
ਰਸਤਾ ਇੰਨਾ ਖ਼ਤਰਨਾਕ ਸੀ ਕਿ ਕਈ ਘੋੜਿਆਂ ਨੇ ਉੱਥੋਂ ਫਿਸਲ ਕੇ ਆਪਣੀ ਜਾਨ ਗੁਆ ਦਿੱਤੀ ਸੀ।
ਇੱਕ ਸਮਾਂ ਅਜਿਹਾ ਵੀ ਆਇਆ ਜਦੋਂ ਕਈ ਲੜਾਈਆਂ ਜਿੱਤ ਚੁੱਕੇ ਤੈਮੁਰ ਨੂੰ ਘੋੜਿਆਂ ਦੀ ਪਿੱਠ ਤੋਂ ਉਤਰ ਕੇ ਇੱਕ ਸਾਧਾਰਨ ਸਿਪਾਹੀ ਦੀ ਤਰ੍ਹਾਂ ਪੈਦਲ ਚੱਲਣਾ ਪਿਆ।
ਉਨ੍ਹਾਂ ਦਾ ਪਾਲਣ ਕਰਦੇ ਹੋਏ ਉਨ੍ਹਾਂ ਦੇ ਸਾਰੇ ਸੈਨਿਕ ਵੀ ਪੈਦਲ ਚੱਲਣ ਲੱਗੇ।
ਅਗਸਤ ਆਉਂਦੇ-ਆਉਂਦੇ ਤੈਮੁਰ ਦੀ ਸੈਨਾ ਕਾਬੁਲ ਪਹੁੰਚ ਚੁੱਕੀ ਸੀ।
ਅਕਤੂਬਰ ਵਿੱਚ ਤੈਮੁਰ ਸਤਲੁਜ ਨਦੀ ''ਤੇ ਜਾ ਕੇ ਰੁਕਿਆ ਜਿੱਥੇ ਸਾਰੰਗ ਖਾਂ ਨੇ ਉਸ ਦਾ ਰਸਤਾ ਰੋਕਿਆ, ਪਰ ਤੈਮੂਰ ਉਸ ''ਤੇ ਜਿੱਤ ਹਾਸਲ ਕਰਨ ਵਿੱਚ ਕਾਮਯਾਬ ਰਿਹਾ।
ਦਿੱਲੀ ਪਹੁੰਚਣ ਤੋਂ ਪਹਿਲਾਂ ਰਸਤੇ ਵਿੱਚ ਤੈਮੁਰ ਨੇ ਕਰੀਬ ਇੱਕ ਲੱਖ ਹਿੰਦੂਆਂ ਨੂੰ ਬੰਦੀ ਬਣਾ ਲਿਆ।
ਦਿੱਲੀ ਦੇ ਕੋਲ ਪਹੁੰਚ ਕੇ ਲੋਨੀ ਵਿੱਚ ਤੈਮੁਰ ਨੇ ਆਪਣਾ ਕੈਂਪ ਲਗਾਇਆ ਅਤੇ ਯਮੁਨਾ ਨਦੀ ਕੋਲ ਇੱਕ ਟਿੱਲੇ ''ਤੇ ਖੜੇ ਹੋ ਕੇ ਹਾਲਾਤ ਦਾ ਜਾਇਜ਼ਾ ਲਿਆ।
ਹਾਲਾਂਕਿ ਉਦੋਂ ਤੱਕ ਆਪਸੀ ਲੜਾਈ ਦੇ ਕਾਰਨ ਦਿੱਲੀ ਦੀ ਤਾਕਤ ਬਹੁਤ ਘਟ ਚੁੱਕੀ ਸੀ, ਪਰ ਉਦੋਂ ਵੀ ਉਸ ਦੀ ਚਾਰਦੀਵਾਰੀ ਦੇ ਅੰਦਰ ਦਸ ਹਜ਼ਾਰ ਘੋੜ ਸਵਾਰ, 25 ਤੋਂ 40 ਹਜ਼ਾਰ ਸੈਨਿਕ ਅਤੇ 120 ਹਾਥੀ ਤੈਮੂਰ ਦੀ ਸੈਨਾ ਦਾ ਸਾਹਮਣਾ ਕਰਨ ਲਈ ਤਿਆਰ ਸਨ।
ਜਸਟਿਸ ਮਰੋਜ਼ੀ ਲਿਖਦੇ ਹਨ, ''''ਤੈਮੂਰ ਅਤੇ ਦਿੱਲੀ ਦੇ ਸੈਨਿਕਾਂ ਦੀ ਪਹਿਲੀ ਝੜਪ ਉਦੋਂ ਹੋਈ ਜਦੋਂ ਤੈਮੂਰ ਦੇ 700 ਸੈਨਿਕਾਂ ਦੇ ਮੋਹਰੀ ਦਸਤੇ ''ਤੇ ਮੱਲੂ ਖਾਂ ਦੇ ਸੈਨਿਕਾਂ ਨੇ ਹਮਲਾ ਕੀਤਾ। ਉਸ ਸਮੇਂ ਦਿੱਲੀ ''ਤੇ ਸੁਲਤਾਨ ਮੁਹੰਮਦ ਸ਼ਾਹ ਰਾਜ ਕਰ ਰਹੇ ਸਨ, ਪਰ ਅਸਲ ਪ੍ਰਸ਼ਾਸਨ ਮੱਲੂ ਖਾਂ ਦੇ ਕੰਟਰੋਲ ਵਿੱਚ ਸੀ।''''
ਨਾਲ ਚੱਲ ਰਹੇ ਇੱਕ ਲੱਖ ਬੰਦੀਆਂ ਨੂੰ ਮਾਰਨ ਦਾ ਆਦੇਸ਼
ਤੈਮੂਰ ਨੂੰ ਡਰ ਸੀ ਕਿ ਜੇਕਰ ਮੱਲੂ ਖਾਂ ਦੇ ਸੈਨਿਕ ਉਨ੍ਹਾਂ ''ਤੇ ਹਮਲਾ ਕਰਦੇ ਹਨ ਤਾਂ ਉਨ੍ਹਾਂ ਨਾਲ ਚੱਲ ਰਹੇ ਇੱਕ ਲੱਖ ਹਿੰਦੂ ਬੰਦੀ ਉਸ ਦਾ ਹੌਸਲਾ ਵਧਾਉਣਗੇ ਅਤੇ ਉਸ ਦੇ ਸਮਰਥਨ ਵਿੱਚ ਉੱਠ ਖੜ੍ਹੇ ਹੋਣਗੇ।
ਜਸਟਿਸ ਮਰੋਜ਼ੀ ਲਿਖਦੇ ਹਨ, ''''ਤੈਮੂਰ ਨੂੰ ਆਪਣੀ ਸੈਨਾ ਦੇ ਪਿੱਛੇ ਚੱਲ ਰਹੇ ਇਨ੍ਹਾਂ ਬੰਦੀਆਂ ਦੇ ਵਿਦਰੋਹ ਦਾ ਇੰਨਾ ਡਰ ਸੀ ਕਿ ਉਸ ਨੇ ਉਸੀ ਜਗ੍ਹਾ ''ਤੇ ਇੱਕ- ਇੱਕ ਬੰਦੀ ਨੂੰ ਮਾਰਨ ਦਾ ਆਦੇਸ਼ ਦੇ ਦਿੱਤਾ। ਤੈਮੂਰ ਦੇ ਨਾਲ ਚੱਲ ਰਹੇ ਧਾਰਮਿਕ ਮੌਲਾਣਿਆਂ ਤੱਕ ਦੀ ਡਿਊਟੀ ਲਗਾਈ ਗਈ ਕਿ ਉਹ ਇਨ੍ਹਾਂ ਬੰਦੀਆਂ ਦੀ ਆਪਣੇ ਹੱਥ ਨਾਲ ਹੱਤਿਆ ਕਰਨ।''''
ਬਾਅਦ ਵਿੱਚ ਸਰ ਡੇਵਿਡ ਪ੍ਰਾਈਸ ਨੇ ਆਪਣੀ ਕਿਤਾਬ ''ਮੇਮਾਯਰਜ਼ ਆਫ਼ ਦਿ ਪ੍ਰਿੰਸੀਪਲ ਇਵੈਂਟਸ ਆਫ਼ ਮੋਹਮਡਨ ਹਿਸਟਰੀ'' ਵਿੱਚ ਲਿਖਿਆ, ''''ਮਾਨਵਤਾ ਦੇ ਇਤਿਹਾਸ ਵਿੱਚ ਇਸ ਤਰ੍ਹਾਂ ਦੀ ਕਰੂਰਤਾ ਦਾ ਕੋਈ ਦੂਜਾ ਉਦਾਹਰਨ ਨਹੀਂ ਮਿਲਦਾ।''''
ਉਸ ਸਮੇਂ ਤੈਮੂਰ ਨੂੰ ਇੱਕ ਦੂਜੀ ਚਿੰਤਾ ਵੀ ਸਤਾ ਰਹੀ ਸੀ।
ਉਨ੍ਹਾਂ ਨੇ ਆਪਣੀ ਆਤਮਕਥਾ ''ਮੁਲਫ਼ਿਜ਼ਤ ਤਿਮੂਰੀ'' ਵਿੱਚ ਲਿਖਿਆ, ''''ਮੇਰੀ ਸਭ ਤੋਂ ਵੱਡੀ ਚਿੰਤਾ ਸੀ ਤਾਕਤਵਰ ਭਾਰਤੀ ਹਾਥੀ। ਅਸੀਂ ਸਮਰਕੰਦ ਵਿੱਚ ਉਨ੍ਹਾਂ ਬਾਰੇ ਕਹਾਣੀਆਂ ਸੁਣ ਰੱਖੀਆਂ ਸਨ ਅਤੇ ਪਹਿਲੀ ਝੜਪ ਵਿੱਚ ਅਸੀਂ ਉਨ੍ਹਾਂ ਦੇ ਕਾਰਨਾਮੇ ਵੀ ਦੇਖ ਲਏ ਸਨ।''''
''''ਉਨ੍ਹਾਂ ਦੇ ਚਾਰੇ ਪਾਸੇ ਸਰੀਰਿਕ ਕਵਚ ਲੱਗਿਆ ਹੁੰਦਾ ਸੀ ਅਤੇ ਉਨ੍ਹਾਂ ਦੀ ਪਿੱਠ ''ਤੇ ਹੌਦਿਆਂ ਵਿੱਚ ਮਸ਼ਾਲ ਸੁੱਟਣ ਵਾਲੇ ਲੋਕ, ਤੀਰਅੰਦਾਜ਼ ਅਤੇ ਮਹਾਵਤ ਬੈਠੇ ਰਹਿੰਦੇ ਸਨ।''''
''''ਅਜਿਹੀਆਂ ਅਫ਼ਵਾਹਾਂ ਸਨ ਕਿ ਹਾਥੀ ਦੇ ਬਾਹਰੀ ਦੰਦਾਂ ਵਿੱਚ ਜ਼ਹਿਰ ਲੱਗਿਆ ਹੋਇਆ ਸੀ ਜਿਨ੍ਹਾਂ ਨੂੰ ਉਹ ਲੋਕਾਂ ਦੇ ਪੇਟ ਵਿੱਚ ਘੁਸਾ ਦਿੰਦੇ ਸਨ। ਉਨ੍ਹਾਂ ਦੇ ਉੱਪਰ ਤੀਰਾਂ ਅਤੇ ਬਰਛਿਆਂ ਦਾ ਕੋਈ ਅਸਰ ਨਹੀਂ ਹੁੰਦਾ ਸੀ।''''
ਸ਼ੁਰੂਆਤ ਤੋਂ ਹੀ ਤੈਮੂਰ ਦੇ ਸੈਨਿਕ ਹੋਏ ਹਾਵੀ
ਹੁਣ ਜ਼ਰੂਰਤ ਸੀ ਭਾਰਤੀ ਹਾਥੀਆਂ ਨਾਲ ਨਜਿੱਠਣ ਦੀ ਸਟੀਕ ਯੋਜਨਾ ਦੀ।
ਤੈਮੂਰ ਨੇ ਆਪਣੇ ਸੈਨਿਕਾਂ ਨੂੰ ਆਪਣੇ ਸਾਹਮਣੇ ਗਹਿਰੇ ਟੋਏ ਪੁੱਟਣ ਦਾ ਆਦੇਸ਼ ਦਿੱਤਾ।
ਉਨ੍ਹਾਂ ਟੋਇਆਂ ਦੇ ਅੱਗੇ ਬਲਦਾਂ ਦੇ ਗਲਾਂ ਅਤੇ ਪੈਰਾਂ ਵਿੱਚ ਚਮੜੇ ਦੇ ਪਟੇ ਬੰਨ੍ਹਕੇ ਖੜਾ ਕਰ ਦਿੱਤਾ।
ਫਿਰ ਊਠਾਂ ਦੀ ਪਿੱਠ ''ਤੇ ਲੱਕੜੀਆਂ ਅਤੇ ਸੁੱਕੀ ਘਾਹ ਲੱਦ ਕੇ ਉਨ੍ਹਾਂ ਨੂੰ ਵੀ ਇਕੱਠੇ ਬੰਨ੍ਹ ਦਿੱਤਾ ਗਿਆ।
ਤੀਰ ਚਲਾਉਣ ਵਾਲਿਆਂ ਨੂੰ ਆਦੇਸ਼ ਦਿੱਤੇ ਗਏ ਕਿ ਉਹ ਹਾਥੀਆਂ ਦੇ ਮਹਾਵਤਾਂ ਨੂੰ ਆਪਣੇ ਤੀਰਾਂ ਦਾ ਨਿਸ਼ਾਨਾ ਬਣਾਉਣ।
17 ਦਸੰਬਰ, 1398 ਨੂੰ ਮੱਲੂ ਖਾਂ ਅਤੇ ਸੁਲਤਾਨ ਮਹਿਮੂਦ ਦੀ ਸੈਨਾ ਤੈਮੂਰ ਦੀ ਸੈਨਾ ਨਾਲ ਲੜਨ ਦਿੱਲੀ ਗੇਟ ਤੋਂ ਬਾਹਰ ਨਿਕਲੀ।
ਉਨ੍ਹਾਂ ਨੇ ਹਾਥੀਆਂ ਨੂੰ ਵਿਚਕਾਰ ਰੱਖਿਆ। ਉਨ੍ਹਾਂ ''ਤੇ ਹਥਿਆਰਾਂ ਨਾਲ ਲੈਸ ਸੈਨਿਕ ਸਵਾਰ ਸਨ।
ਤੈਮੂਰ ਇੱਕ ਉੱਚੇ ਟਿੱਲੇ ''ਤੇ ਸੀ ਜਿੱਥੋਂ ਉਹ ਲੜਾਈ ਦਾ ਪੂਰਾ ਦ੍ਰਿਸ਼ ਦੇਖ ਸਕਦਾ ਸੀ।
ਲੜਾਈ ਸ਼ੁਰੂ ਹੋਣ ਤੋਂ ਕੁਝ ਸਮਾਂ ਪਹਿਲਾਂ ਤੈਮੂਰ ਨੇ ਘੋੜੇ ਤੋਂ ਉਤਰ ਕੇ ਜ਼ਮੀਨ ''ਤੇ ਸਿਜਦਾ ਕਰ ਕੇ ਜਿੱਤ ਦੀ ਦੁਆ ਮੰਗੀ।
ਲੜਾਈ ਸ਼ੁਰੂ ਹੁੰਦੇ ਹੀ ਤੈਮੂਰ ਦੇ ਤੀਰਅੰਦਾਜ਼ਾਂ ਨੇ ਮੱਲੂ ਖਾਂ ਦੀ ਸੈਨਾ ਦੇ ਸੱਜੇ ਹਿੱਸੇ ਨੂੰ ਆਪਣਾ ਨਿਸ਼ਾਨਾ ਬਣਾਇਆ।
ਮੱਲੂ ਖਾਂ ਨੇ ਇਸ ਦੇ ਜਵਾਬ ਵਿੱਚ ਖੱਬੇ ਪਾਸੇ ਆਪਣੇ ਸੈਨਿਕਾਂ ਨੂੰ ਤੈਮੂਰ ਦੇ ਸੱਜੇ ਭਾਗ ਵਾਲੇ ਸੈਨਿਕਾਂ ''ਤੇ ਦਬਾਅ ਵਧਾਉਣਾ ਸ਼ੁਰੂ ਕਰ ਦਿੱਤਾ।
ਪਰ ਤੈਮੂਰ ਦੇ ਸੈਨਿਕਾਂ ਨੇ ਮੱਲੂ ਖਾਂ ਦੇ ਪਾਸੇ ਚੱਲ ਰਹੇ ਸੈਨਿਕਾਂ ''ਤੇ ਹਮਲਾ ਕਰਕੇ ਉਨ੍ਹਾਂ ਨੂੰ ਤਹਿਸ-ਨਹਿਸ ਕਰਨਾ ਸ਼ੁਰੂ ਕਰ ਦਿੱਤਾ।
ਊਠਾਂ ਦੀ ਪਿੱਠ ''ਤੇ ਸੁੱਕੀ ਘਾਹ ਰੱਖ ਕੇ ਲਗਾਈ ਅੱਗ
ਤੈਮੂਰ ਨੇ ਦੇਖਿਆ ਕਿ ਇੱਕ ਖੇਤਰ ਵਿੱਚ ਹਾਥੀਆਂ ਦੇ ਕਾਰਨ ਉਨ੍ਹਾਂ ਦੇ ਸੈਨਿਕਾਂ ਵਿਚਕਾਰ ਕੁਝ ਪਰੇਸ਼ਾਨੀ ਹੋਈ।
ਉਸ ਨੇ ਇਸ ਲਈ ਪਹਿਲਾਂ ਤੋਂ ਹੀ ਯੋਜਨਾ ਬਣਾ ਰੱਖੀ ਸੀ। ਹੁਣ ਉਸ ਨੂੰ ਅਮਲੀ ਜਾਮਾ ਪਹਿਨਾਉਣ ਦਾ ਵਕਤ ਆ ਗਿਆ ਸੀ।
ਉਸ ਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਉਹ ਪਿੱਠ ''ਤੇ ਸੁੱਕੀ ਘਾਹ ਅਤੇ ਲੱਕੜੀਆਂ ਲੱਦੇ ਊਠਾਂ ਨੂੰ ਅੱਗੇ ਕਰਨ।
ਜਿਵੇਂ ਹੀ ਹਾਥੀ ਉਨ੍ਹਾਂ ਦੇ ਸਾਹਮਣੇ ਆਏ ਊਠਾਂ ਦੀ ਪਿੱਠ ''ਤੇ ਰੱਖੀ ਘਾਹ ਅਤੇ ਲੱਕੜੀਆਂ ਵਿੱਚ ਅੱਗ ਲਾ ਦਿੱਤੀ ਗਈ।
ਜਸਟਿਨ ਮਰੋਜ਼ੀ ਲਿਖਦੇ ਹਨ, ''''ਅਚਾਨਕ ਪਿੱਠ ''ਤੇ ਜਲ਼ ਰਹੀ ਅੱਗ ਨਾਲ ਊਠ, ਹਾਥੀਆਂ ਦੇ ਸਾਹਮਣੇ ਆ ਗਏ। ਹਾਥੀ ਡਰ ਕੇ ਆਪਣੇ ਹੀ ਸੈਨਿਕਾਂ ਵੱਲ ਮੁੜ ਗਏ ਅਤੇ ਉਨ੍ਹਾਂ ਨੇ ਆਪਣੇ ਹੀ ਸੈਨਿਕਾਂ ਨੂੰ ਕੁਚਲਣਾ ਸ਼ੁਰੂ ਕਰ ਦਿੱਤਾ। ਨਤੀਜਾ ਇਹ ਹੋਇਆ ਕਿ ਮੱਲੂ ਖਾਂ ਦੇ ਸੈਨਿਕਾਂ ਵਿਚਕਾਰ ਹਫੜਾ-ਦਫੜੀ ਮਚ ਗਈ।
ਇਤਿਹਾਸਕਾਰ ਖ਼ਵਾਨਦਾਮੀਰ ਨੇ ਆਪਣੀ ਕਿਤਾਬ ''ਹਬੀਬ-ਉਸ-ਸਿਆਰ'' ਵਿੱਚ ਲਿਖਿਆ, ''''ਅਚਾਨਕ ਯੁੱਧ ਸਥਾਨ ਵਿੱਚ ਦਰੱਖਤ ਤੋਂ ਡਿੱਗੇ ਨਾਰੀਅਲਾਂ ਦੀ ਤਰ੍ਹਾਂ ਭਾਰਤੀ ਸੈਨਿਕਾਂ ਦੇ ਸਿਰ ਦਿਖਾਈ ਦੇਣ ਲੱਗੇ।''''
''''ਸੱਜੇ ਕਿਨਾਰੇ ਤੋਂ ਤੈਮੂਰ ਦੇ ਸੈਨਾਪਤੀ ਪੀਰ ਮੁਹੰਮਦ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਦਿੱਲੀ ਦੀਆਂ ਦੀਵਾਰਾਂ ਦੇ ਅੰਦਰ ਉਨ੍ਹਾਂ ਨੂੰ ਖਦੇੜ ਕੇ ਦਮ ਲਿਆ। ਇਸ ਵਿਚਕਾਰ ਤੈਮੂਰ ਦੇ 15 ਸਾਲਾ ਪੋਤੇ ਖ਼ਲੀਲ ਨੇ ਇੱਕ ਹਾਥੀ ਨੂੰ ਉਸ ''ਤੇ ਸਵਾਰ ਸੈਨਿਕਾਂ ਨਾਲ ਫੜ ਲਿਆ ਅਤੇ ਆਪਣੇ ਦਾਦੇ ਦੇ ਸਾਹਮਣੇ ਲੈ ਆਇਆ।''''
-
ਤੈਮੂਰ ਦੇ ਹੱਥ ਅਤੇ ਪੈਰ ਹੋਏ ਜ਼ਖ਼ਮੀ
ਉਸੀ ਸਮੇਂ ਤੈਮੂਰ ਲੜਾਈ ਦੀ ਅਗਵਾਈ ਕੁਰਰਾ ਖਾਂ ਨੂੰ ਦੇ ਕੇ ਖੁਦ ਲੜਾਈ ਵਿੱਚ ਕੁੱਦ ਪਿਆ।
ਤੈਮੂਰ ਨੇ ਆਪਣੀ ਆਤਮਕਥਾ ਵਿੱਚ ਲਿਖਿਆ, ''''ਮੈਂ ਇੱਕ ਹੱਥ ਵਿੱਚ ਤਲਵਾਰ ਅਤੇ ਦੂਜੇ ਹੱਥ ਵਿੱਚ ਕੁਹਾੜੀ ਲੈ ਲਈ। ਮੈਂ ਸੱਜੇ-ਖੱਬੇ ਤਲਵਾਰ ਅਤੇ ਕੁਹਾੜੀ ਚਲਾਉਂਦਾ ਹੋਇਆ ਚੱਲ ਰਿਹਾ ਸੀ।''''
''''ਮੈਂ ਦੋ ਬਾਰ ਹਾਥੀਆਂ ਦੀ ਸੁੰਡ ਕੱਟ ਦਿੱਤੀ ਅਤੇ ਜਿਸ ਦੀ ਸੁੰਡ ਕੱਟੀ, ਉਹ ਹਾਥੀ ਗੋਡੇ ਟੇਕ ਕੇ ਆਪਣੇ ਪਾਸੇ ਲੇਟ ਗਿਆ। ਉਸ ਦੇ ਹੌਦੇ ''ਤੇ ਬੈਠੇ ਸੈਨਿਕ ਜ਼ਮੀਨ ''ਤੇ ਡਿੱਗ ਪਏ। ਫਿਰ ਸ਼ਹਿਰ ਤੋਂ ਨਿਕਲਣ ਵਾਲੇ ਵੱਡੀਆਂ- ਵੱਡੀਆਂ ਮੁੱਛਾਂ ਵਾਲੇ ਹਿੰਦੀ ਸਿਪਾਹੀਆਂ ਨੇ ਸਾਡਾ ਰਸਤਾ ਰੋਕਣ ਦੀ ਕੋਸ਼ਿਸ਼ ਕੀਤੀ।''''
''''ਮੇਰੇ ਦੋਵੇਂ ਹੱਥ ਇੰਨੀ ਤੇਜ਼ੀ ਨਾਲ ਵਾਰ ਕਰ ਰਹੇ ਸਨ ਕਿ ਖੁਦ ਮੈਨੂੰ ਆਪਣੀ ਤਾਕਤ ਅਤੇ ਫੁਰਤੀ ''ਤੇ ਹੈਰਾਨੀ ਹੋ ਰਹੀ ਸੀ। ਵੱਡੀਆਂ-ਵੱਡੀਆਂ ਮੁੱਛਾਂ ਵਾਲੇ ਸਿਪਾਹੀ ਸਾਡੇ ਅੱਗੇ ਢੇਰ ਹੁੰਦੇ ਜਾ ਰਹੇ ਸਨ ਅਤੇ ਅਸੀਂ ਹੌਲੀ ਹੌਲੀ ਸ਼ਹਿਰ ਦੇ ਦਰਵਾਜ਼ੇ ਦੇ ਕੋਲ ਪਹੁੰਚ ਰਹੇ ਸੀ।''''
ਇਸ ਵਿਚਕਾਰ ਤੈਮੂਰ ਫਿਰ ਘੋੜੇ ''ਤੇ ਸਵਾਰ ਹੋ ਗਿਆ। ਜਦੋਂ ਉਹ ਇੱਕ ਖਾਲੀ ਜਗ੍ਹਾ ''ਤੇ ਪਹੁੰਚਿਆ ਤਾਂ ਉਸ ਦੇ ਹੱਥ ਤੋਂ ਘੋੜੇ ਦੀ ਲਗਾਮ ਛੁੱਟ ਗਈ।
ਤੈਮੂਰ ਨੇ ਆਪਣੀ ਆਤਮਕਥਾ ਵਿੱਚ ਲਿਖਿਆ, ''''ਮੈਂ ਹੈਰਾਨ ਹੋ ਕੇ ਮਸ਼ਾਲ ਦੀ ਰੌਸ਼ਨੀ ਵਿੱਚ ਆਪਣਾ ਹੱਥ ਦੇਖਿਆ। ਪਤਾ ਲੱਗਿਆ ਕਿ ਲਗਾਮ ਦੇ ਹੱਥ ਤੋਂ ਫਿਸਲਣ ਦੇ ਕਾਰਨ ਇਹ ਮੇਰਾ ਖੁਦ ਦਾ ਖੂਨ ਸੀ ਜਿਸ ਨਾਲ ਮੇਰਾ ਹੱਥ ਭਿੱਜ ਗਿਆ ਸੀ। ਮੈਂ ਆਪਣੇ ਉੱਪਰ ਨਜ਼ਰ ਮਾਰੀ ਤਾਂ ਮੇਰੇ ਸਾਰੇ ਕੱਪੜੇ ਖੂਨ ਨਾਲ ਤਰ-ਬਤਰ ਸਨ।''''
''''ਮੈਨੂੰ ਲੱਗਿਆ ਜਿਵੇਂ ਕਿਸੇ ਖੂਨ ਦੇ ਤਲਾਬ ਵਿੱਚ ਸੁੱਟ ਕੇ ਮੈਨੂੰ ਬਾਹਰ ਕੱਢਿਆ ਗਿਆ ਹੈ। ਜਦੋਂ ਮੈਂ ਆਪਣੇ ਸਰੀਰ ਨੂੰ ਗੌਰ ਨਾਲ ਦੇਖਿਆ ਤਾਂ ਮੇਰੀਆਂ ਦੋਵੇਂ ਬਾਹਵਾਂ ਜ਼ਖ਼ਮੀ ਹੋ ਚੁੱਕੀਆਂ ਸਨ ਅਤੇ ਮੇਰੇ ਦੋਵੇਂ ਪੈਰਾਂ ''ਤੇ ਪੰਜ ਜਗ੍ਹਾ ਜ਼ਖ਼ਮ ਹੋ ਗਏ ਸਨ।''''
ਬਚੇ ਹੋਏ ਹਾਥੀਆਂ ਨੇ ਤੈਮੂਰ ਦੇ ਸਾਹਮਣੇ ਸਿਰ ਝੁਕਾਇਆ
ਪਰ ਉਦੋਂ ਤੱਕ ਤੈਮੂਰ ਦੇ ਸੈਨਿਕ ਦਿੱਲੀ ਦੇ ਅੰਦਰ ਦਾਖਲ ਹੋ ਚੁੱਕੇ ਸਨ। ਉਸ ਦੇ ਇੱਕ ਦਿਨ ਬਾਅਦ ਤੈਮੂਰ ਇੱਕ ਜੇਤੂ ਦੀ ਤਰ੍ਹਾਂ ਦਿੱਲੀ ਦੇ ਅੰਦਰ ਵੜਿਆ। ਦਿੱਲੀ ਦੀਆਂ ਦੀਵਾਰਾਂ ਦੇ ਅੰਦਰ ਇੱਕ ਤੰਬੂ ਗੱਡ ਕੇ ਤੇਜ਼ੀ ਨਾਲ ਤੈਮੂਰ ਦਾ ਦਰਬਾਰ ਬਣਾਇਆ ਗਿਆ।
ਉਸ ਦੇ ਸਾਹਮਣੇ ਤੋਂ ਸੁਲਤਾਨ ਮਹਿਮੂਦ ਦੇ ਦਰਬਾਰ ਦੇ ਲੋਕਾਂ ਅਤੇ ਦਿੱਲੀ ਦੇ ਕੁਲੀਨ ਲੋਕਾਂ ਨੂੰ ਲੰਘਾਇਆ ਗਿਆ।
ਇਹ ਇਸ ਗੱਲ ਦਾ ਪ੍ਰਤੀਕ ਸੀ ਕਿ ਦਿੱਲੀ ''ਤੇ ਤੈਮੂਰ ਲੰਗ ਦਾ ਪੂਰੀ ਤਰ੍ਹਾਂ ਨਾਲ ਕੰਟਰੋਲ ਹੋ ਚੁੱਕਿਆ ਸੀ।
ਦਿੱਲੀ ਦੇ ਸੁਲਤਾਨ ਮਹਿਮੂਦ ਅਤੇ ਮੱਲੂ ਖਾਂ ਆਪਣੇ ਲੋਕਾਂ ਨੂੰ ਹਮਲਾਵਰ ਦੇ ਰਹਿਮੋ ਕਰਮ ''ਤੇ ਛੱਡ ਕੇ ਯੁੱਧ ਦੇ ਮੈਦਾਨ ਤੋਂ ਭੱਜ ਗਏ ਸਨ।
ਜਸਟਿਸ ਮਰੋਜ਼ੀ ਲਿਖਦੇ ਹਨ, ''''ਇੱਕ -ਇੱਕ ਕਰਕੇ 100 ਦੇ ਕਰੀਬ ਬਚੇ ਹੋਏ ਹਾਥੀਆਂ ਨੂੰ ਤੈਮੂਰ ਦੇ ਸਾਹਮਣੇ ਲਿਆਂਦਾ ਗਿਆ। ਉਨ੍ਹਾਂ ਨੇ ਗੋਡਿਆਂ ਦੇ ਭਾਰ ਬੈਠ ਕੇ ਅਤੇ ਆਪਣੀ ਸੁੰਡ ਉੱਪਰ ਚੁੱਕ ਕੇ ਦਿੱਲੀ ਦੇ ਨਵੇਂ ਮਾਲਕ ਤੈਮੂਰ ਨੂੰ ਸਲਾਮੀ ਦਿੱਤੀ।''''
''''ਤੈਮੂਰ ਨੇ ਤੈਅ ਕੀਤਾ ਕਿ ਉਹ ਇਨ੍ਹਾਂ ਹਾਥੀਆਂ ਨੂੰ ਤਬਰੀਜ਼, ਸੀਰਾਜ਼, ਅਰਜ਼ਿਨਜਾਨ ਅਤੇ ਸ਼ਿਰਵਾਨ ਦੇ ਰਾਜਕੁਮਾਰਾਂ ਨੂੰ ਤੋਹਫੇ਼ ਦੇ ਤੌਰ ''ਤੇ ਭਿਜਵਾਏਗਾ। ਉਨ੍ਹਾਂ ਨਾਲ ਉਸ ਨੇ ਆਪਦੇ ਸੰਦੇਸ਼ਵਾਹਕ ਵੀ ਭੇਜੇ ਤਾਂ ਕਿ ਪੂਰੇ ਏਸ਼ੀਆ ਵਿੱਚ ਖ਼ਬਰ ਫੈਲ ਜਾਵੇ ਕਿ ਦਿੱਲੀ ''ਤੇ ਤੈਮੁਰ ਦਾ ਕਬਜ਼ਾ ਹੋ ਗਿਆ ਹੈ।''''
ਦਿੱਲੀ ਵਿੱਚ ਤੈਮੂਰ ਦੇ ਸੈਨਿਕਾਂ ਨੇ ਕੀਤਾ ਕਤਲੇਆਮ
ਲੜਾਈ ਖ਼ਤਮ ਹੋਣ ਦੇ ਬਾਅਦ ਤੈਮੂਰ ਨੇ ਉਸ ਚੀਜ਼ ''ਤੇ ਧਿਆਨ ਲਗਾਇਆ ਜਿਸ ਲਈ ਉਸ ਨੇ ਦਿੱਲੀ ''ਤੇ ਹਮਲਾ ਕੀਤਾ ਸੀ। ਉਸ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕੀਤਾ ਕਿ ਦਿੱਲੀ ਦਾ ਖ਼ਜ਼ਾਨਾ ਕਿੰਨਾ ਵੱਡਾ ਹੈ ਅਤੇ ਉਹ ਇੱਥੋਂ ਕੀ- ਕੀ ਲੁੱਟ ਕੇ ਲੈ ਜਾ ਸਕਦਾ ਹੈ।
ਉਸ ਦੇ ਸੈਨਿਕਾਂ ਨੇ ਘਰ-ਘਰ ਜਾ ਕੇ ਇਹ ਦੱਸਣਾ ਸ਼ੁਰੂ ਕਰ ਦਿੱਤਾ ਕਿ ਉਨ੍ਹਾਂ ਨੂੰ ਕਿੰਨਾ ਹਰਜ਼ਾਨਾ ਦੇਣਾ ਹੋਵੇਗਾ।
ਕੁਝ ਸੈਨਿਕ ਆਪਣੇ ਸਾਥੀਆਂ ਲਈ ਸ਼ਹਿਰ ਵਿੱਚ ਅਨਾਜ ਦੀ ਲੁੱਟ ਖਸੁੱਟ ਕਰਨ ਲੱਗੇ।
ਸ਼ਰਾਫੂਦੀਨ ਅਲੀ ਯਾਜ਼ਦੀ ਦਾ ਮੰਨਣਾ ਹੈ ਕਿ ਉਸ ਸਮੇਂ ਦਿੱਲੀ ਸ਼ਹਿਰ ਦੀ ਸੀਮਾ ਦੇ ਅੰਦਰ ਤੈਮੂਰ ਲੰਗ ਦੇ 15,000 ਸੈਨਿਕ ਪਹੁੰਚ ਚੁੱਕੇ ਸਨ।
ਉਦੋਂ ਹੀ ਤੈਮੂਰ ਦੇ ਸੈਨਿਕਾਂ ਅਤੇ ਦਿੱਲੀ ਵਾਸੀਆਂ ਵਿਚਕਾਰ ਕੁਝ ਕਹਾਸੁਣੀ ਹੋਈ।
ਮੁਹੰਮਦ ਕਾਸਿਮ ਫ਼ੇਰਿਸ਼ਤਾ ਆਪਣੀ ਕਿਤਾਬ ''ਹਿਸਟਰੀ ਆਫ਼ ਦਿ ਰਾਈਜ਼ ਆਫ਼ ਮੋਹਮਡਨ ਪਾਵਰ ਇਨ ਇੰਡੀਆ'' ਵਿੱਚ ਲਿਖਦੇ ਹਨ, ''''ਹਿੰਦੂਆਂ ਨੇ ਜਦੋਂ ਦੇਖਿਆ ਕਿ ਉਨ੍ਹਾਂ ਦੀਆਂ ਔਰਤਾਂ ਦੀ ਬੇਇੱਜ਼ਤੀ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਧਨ ਦਾ ਲੁੱਟਿਆ ਜਾ ਰਿਹਾ ਹੈ ਤਾਂ ਉਨ੍ਹਾਂ ਨੇ ਦਰਵਾਜ਼ਾ ਬੰਦ ਕਰ ਕੇ ਆਪਣੇ ਹੀ ਘਰਾਂ ਵਿੱਚ ਅੱਗ ਲਾ ਦਿੱਤੀ। ਇੰਨਾ ਹੀ ਨਹੀਂ ਉਹ ਆਪਣੀਆਂ ਪਤਨੀਆਂ ਅਤੇ ਬੱਚਿਆਂ ਦੀ ਹੱਤਿਆ ਕਰ ਕੇ ਤੈਮੂਰ ਦੇ ਸੈਨਿਕਾਂ ''ਤੇ ਟੁੱਟ ਪਏ।''''
''''ਇਸ ਦੇ ਬਾਅਦ ਤਾਂ ਦਿੱਲੀ ਵਿੱਚ ਉਹ ਕਤਲੇਆਮ ਦੇਖਣ ਵਿੱਚ ਆਇਆ ਕਿ ਸੜਕਾਂ ''ਤੇ ਲਾਸ਼ਾਂ ਦੇ ਢੇਰ ਲੱਗ ਗਏ। ਤੈਮੂਰ ਦੀ ਪੂਰੀ ਸੈਨਾ ਦਿੱਲੀ ਵਿੱਚ ਘੁਸ ਆਈ। ਥੋੜੀ ਦੇਰ ਵਿੱਚ ਦਿੱਲੀ ਵਾਸੀਆਂ ਨੇ ਹਥਿਆਰ ਸੁੱਟ ਦਿੱਤੇ।''''
ਦਿੱਲੀ ਦਾ ਕਤਲ-ਏ-ਆਮ
ਮੰਗੋਲਾਂ ਨੇ ਦਿੱਲੀ ਵਾਸੀਆਂ ਨੂੰ ਪੁਰਾਣੀ ਦਿੱਲੀ ਤੱਕ ਖਦੇੜ ਦਿੱਤਾ ਜਿੱਥੇ ਉਨ੍ਹਾਂ ਨੇ ਇੱਕ ਮਸਜਿਦ ਦੀ ਇਮਾਰਤ ਵਿੱਚ ਸ਼ਰਨ ਲਈ।
ਜਸਟਿਨ ਮਰੋਜ਼ੀ ਲਿਖਦੇ ਹਨ, ''''ਤੈਮੂਰ ਦੇ 500 ਸੈਨਿਕਾਂ ਅਤੇ ਦੋ ਅਮੀਰਾਂ ਨੇ ਮਸਜਿਦ ''ਤੇ ਹਮਲਾ ਕਰਕੇ ਉੱਥੇ ਸ਼ਰਨ ਲਏ ਹੋਏ ਵਿਅਕਤੀਆਂ ਨੂੰ ਮਾਰ ਦਿੱਤਾ।''''
''''ਉਨ੍ਹਾਂ ਨੇ ਉਨ੍ਹਾਂ ਦੇ ਕੱਟੇ ਹੋਏ ਸਿਰਾਂ ਦੀ ਇੱਕ ਮੀਨਾਰ ਜਿਹੀ ਬਣਾ ਦਿੱਤੀ ਅਤੇ ਉਨ੍ਹਾਂ ਦੇ ਕੱਟੇ ਹੋਏ ਸਰੀਰ ਇੱਲ੍ਹਾਂ ਅਤੇ ਕਾਵਾਂ ਦੇ ਖਾਣ ਲਈ ਛੱਡ ਦਿੱਤੇ। ਲਗਾਤਾਰ ਤਿੰਨ ਦਿਨਾਂ ਤੱਕ ਇਹ ਕਤਲੇਆਮ ਚੱਲਦਾ ਰਿਹਾ।''''
ਗਿਆਥ ਅਦੀਨ ਅਲੀ ਨੇ ਆਪਣੀ ਕਿਤਾਬ ''ਡਾਇਰੀ ਆਫ਼ ਤੈਮੂਰ ਕੈਂਪੇਨ ਇਨ ਇੰਡੀਆ'' ਵਿੱਚ ਉਸ ਸਮੇਂ ਦੀਆਂ ਘਟਨਾਵਾਂ ''ਤੇ ਰੌਸ਼ਨੀ ਪਾਉਂਦੇ ਹੋਏ ਲਿਖਿਆ, ''''ਤਾਤਾਰ ਸੈਨਿਕ ਦਿੱਲੀਵਾਸੀਆਂ ''ਤੇ ਇਸ ਤਰ੍ਹਾਂ ਟੁੱਟ ਪਏ ਜਿਵੇਂ ਭੁੱਖੇ ਬਘਿਆੜਾਂ ਦਾ ਝੁੰਡ ਭੇਡਾਂ ਦੇ ਸਮੂਹ ''ਤੇ ਟੁੱਟਦਾ ਹੈ।''''
ਨਤੀਜਾ ਇਹ ਰਿਹਾ ਕਿ ਆਪਣੀ ਧਨ-ਦੌਲਤ, ਜਵਾਹਰਾਤਾਂ ਅਤੇ ਇਤਰ ਲਈ ਮਸ਼ਹੂਰ ਦਿੱਲੀ ਜਲਦੇ ਹੋਏ ਨਰਕ ਵਿੱਚ ਬਦਲ ਗਈ ਜਿਸ ਦੇ ਕੋਨੇ ਕੋਨੇ ਤੋਂ ਸੜ ਰਹੀਆਂ ਲਾਸ਼ਾਂ ਦੀ ਬਦਬੂ ਆ ਰਹੀ ਸੀ।
ਆਪਣੇ ਸ਼ਾਮਿਆਨੇ ਵਿੱਚ ਆਰਾਮ ਕਰ ਰਹੇ ਤੈਮੂਰ ਲੰਗ ਨੂੰ ਦਿੱਲੀ ਵਿੱਚ ਚੱਲ ਰਹੇ ਇਸ ਕਤਲੇਆਮ ਦੀ ਕੋਈ ਭਣਕ ਨਹੀਂ ਸੀ। ਤੈਮੂਰ ਦੇ ਸੈਨਾਪਤੀ ਦਿੱਲੀ ਦੀ ਜਨਤਾ ''ਤੇ ਜ਼ੁਲਮ ਢਾਹ ਕੇ ਉਸ ''ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਪਰ ਉਨ੍ਹਾਂ ਦੇ ਸਾਥੀ ਇਸ ਬਾਰੇ ਤੈਮੂਰ ਨੂੰ ਸੂਚਿਤ ਕਰਨ ਦੀ ਹਿੰਮਤ ਨਹੀਂ ਕਰ ਸਕੇ।
ਪਰ ਕੁਝ ਇਤਿਹਾਸਕਾਰਾਂ ਨੂੰ ਸ਼ੱਕ ਹੈ ਕਿ ਤੈਮੂਰ ਨੂੰ ਇਸ ਕਤਲੇਆਮ ਦੀ ਜਾਣਕਾਰੀ ਨਹੀਂ ਸੀ।
ਤੈਮੂਰ ਦੀ ਸੈਨਾ ਆਪਣੇ ਅਨੁਸ਼ਾਸਨ ਲਈ ਪ੍ਰਸਿੱਧ ਸੀ। ਉੱਪਰ ਦੇ ਆਦੇਸ਼ ਦੇ ਬਿਨਾਂ ਉਹ ਇਸ ਤਰ੍ਹਾਂ ਦੀ ਲੁੱਟਮਾਰ ਅਤੇ ਕਤਲੇਆਮ ਨਹੀਂ ਕਰ ਸਕਦੀ ਸੀ।
ਤੈਮੂਰ ਦੀ ਸ਼ਾਸਨ ਕਰਨ ਵਿੱਚ ਕੋਈ ਦਿਲਚਸਪੀ ਨਹੀਂ
ਉਨ੍ਹਾਂ ਨੂੰ ਲੁੱਟਮਾਰ ਕਰਨ ਲਈ ਤੈਮੂਰ ਦਾ ਹੁਕਮ ਮਿਲਿਆ ਹੋਵੇ ਜਾਂ ਨਹੀਂ, ਪਰ ਤੈਮੂਰ ਦੇ ਸੈਨਿਕ ਦਿੱਲੀ ਦੀ ਖੁਸ਼ਹਾਲੀ ਤੋਂ ਹੈਰਾਨ ਸਨ।
ਯਾਜ਼ਦੀ ਦਾ ਕਹਿਣਾ ਹੈ ਕਿ ''''ਚਾਰੋ ਪਾਸੇ ਸੋਨਾ, ਚਾਂਦੀ, ਜੇਵਰ, ਮੋਤੀ, ਕੀਮਤੀ ਪੱਥਰ, ਸਿੱਕੇ ਅਤੇ ਕੀਮਤੀ ਕੱਪੜੇ ਫੈਲੇ ਹੋਏ ਸਨ। ਇਸ ਸਭ ਤੋਂ ਵਧ ਕੇ ਦਿੱਲੀ ਦੇ ਆਮ ਨਾਗਰਿਕ ਸਨ ਜਿਨ੍ਹਾਂ ਤੋਂ ਤੈਮੂਰ ਦੇ ਸੈਨਿਕ ਮਨਮਰਜ਼ੀ ਨਾਲ ਕੰਮ ਕਰਵਾ ਰਹੇ ਸਨ।''''
''''ਤੈਮੂਰ ਦੇ ਸੈਨਿਕ ਜਦੋਂ ਵਾਪਸ ਜਾਣ ਲਈ ਦਿੱਲੀ ਤੋਂ ਬਾਹਰ ਨਿਕਲੇ ਤਾਂ ਹਰ ਸੈਨਿਕ ਦੇ ਪਿੱਛੇ ਔਸਤਨ 150 ਆਮ ਲੋਕ ਚੱਲ ਰਹੇ ਸਨ।''''
ਤੈਮੂਰ ਦਿੱਲੀ ਵਿੱਚ ਸਿਰਫ਼ ਦੋ ਹਫ਼ਤੇ ਰਿਹਾ। ਇਸ ਵਿਚਕਾਰ ਉਸ ਨੇ ਸਥਾਨਕ ਸ਼ਹਿਜ਼ਾਦਿਆਂ ਦਾ ਆਤਮ ਸਮਰਪਣ ਅਤੇ ਨਜ਼ਰਾਨਾ ਸਵੀਕਾਰ ਕੀਤਾ।
ਦਿੱਲੀ ਦੇ ਕਈ ਹਸਤਸ਼ਿਲਪ ਕਲਾਕਾਰਾਂ ਨੂੰ ਉਹ ਉਨ੍ਹਾਂ ਦੇ ਹੱਥਾਂ ਵਿੱਚ ਜ਼ੰਜੀਰ ਬੰਨ੍ਹ ਕੇ ਆਪਣੇ ਨਾਲ ਸਮਰਕੰਦ ਲੈ ਗਿਆ।
ਜਾਣ ਤੋਂ ਪਹਿਲਾਂ ਤੈਮੂਰ ਲੰਗ ਨੇ ਖ਼ਿਜ਼ਰ ਖਾਂ ਨੂੰ ਅੱਜ ਦੇ ਪੰਜਾਬ ਅਤੇ ਉੱਪਰੀ ਸਿੰਧ ਦਾ ਗਵਰਨਰ ਨਿਯੁਕਤ ਕੀਤਾ।
ਦਿੱਲੀ ਵਿੱਚ ਜਾਣਬੁੱਝ ਕੇ ਉਸ ਨੇ ਕੋਈ ਸ਼ਾਸਕ ਨਿਯੁਕਤ ਨਹੀਂ ਕੀਤਾ।
ਉੱਥੋਂ ਦੇ ਸ਼ਾਸਨ ਲਈ ਬਚ ਗਏ ਸ਼ਹਿਜ਼ਾਦਿਆਂ ਵਿਚਕਾਰ ਕਈ ਸਾਲਾਂ ਤੱਕ ਸੰਘਰਸ਼ ਹੁੰਦਾ ਰਿਹਾ।
ਕੁਝ ਸਮੇਂ ਬਾਅਦ ਮੱਲੂ ਖਾਂ ਸੁਲਤਾਨ ਸ਼ਾਹ ਵੀ ਪਰਤ ਕੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਗਏ।
ਤੈਮੂਰ ਦੀ ਕਦੇ ਵੀ ਸ਼ਾਸਨ ਕਰਨ ਵਿੱਚ ਦਿਲਚਸਪੀ ਨਹੀਂ ਸੀ।
ਰਾਜਾਂ ਨੂੰ ਜਿੱਤਣ ਦਾ ਹੀ ਉਸ ਨੂੰ ਜਨੂੰਨ ਸੀ। ਇਸ ਲਈ ਕਈ ਇਤਿਹਾਸਕਾਰਾਂ ਨੇ ਉਸ ਦੀ ਆਲੋਚਨਾ ਵੀ ਕੀਤੀ ਸੀ।
ਦਿੱਲੀ ਦੇ ਲੁੱਟੇ ਹੋਏ ਖ਼ਜ਼ਾਨੇ ਨਾਲ ਤੈਮੂਰ ਦੀ ਸੈਨਾ ਨੇ ਵਾਪਸ ਆਪਣੇ ਦੇਸ਼ ਦਾ ਸਫ਼ਰ ਸ਼ੁਰੂ ਕੀਤਾ।
ਉਨ੍ਹਾਂ ਕੋਲ ਇੰਨਾ ਸਾਮਾਨ ਸੀ ਕਿ ਉਹ ਇੱਕ ਦਿਨ ਵਿੱਚ ਸਿਰਫ਼ ਚਾਰ ਮੀਲ ਦਾ ਹੀ ਸਫ਼ਰ ਤੈਅ ਕਰ ਪਾ ਰਹੇ ਸਨ।
ਵਾਪਸ ਜਾਂਦੇ ਹੋਏ ਵੀ ਰਸਤੇ ਵਿੱਚ ਤੈਮੂਰ ਨੂੰ ਕਰੀਬ 20 ਛੋਟੀਆਂ ਮੋਟੀਆਂ ਲੜਾਈਆਂ ਲੜਨੀਆਂ ਪਈਆਂ।
ਜਿੱਥੇ ਵੀ ਮੌਕਾ ਮਿਲਿਆ, ਉਸ ਨੇ ਹੋਰ ਲੁੱਟਮਾਰ ਕੀਤੀ।
100 ਸਾਲਾਂ ਤੱਕ ਦਿੱਲੀ ਉਸ ਹਮਲੇ ਤੋਂ ਉੱਭਰ ਨਾ ਸਕੀ
ਕਸ਼ਮੀਰ ਤੱਕ ਪਹੁੰਚਦੇ- ਪਹੁੰਚਦੇ ਤੈਮੂਰ ਦੇ ਹੱਥ ਵਿੱਚ ਇੱਕ ਫੋੜਾ ਨਿਕਲ ਆਇਆ।
ਜਦੋਂ ਉਸ ਨੇ ਕਾਬੁਲ ਪਾਰ ਕੀਤਾ ਤਾਂ ਉਸ ਦੇ ਦੋਵੇਂ ਹੱਥਾਂ ਅਤੇ ਪੈਰਾਂ ਵਿੱਚ ਛਾਲੇ ਹੋ ਗਏ।
ਉਸ ਦੀ ਹਾਲਤ ਇੰਨੀ ਖ਼ਰਾਬ ਹੋ ਗਈ ਕਿ ਉਹ ਘੋੜੇ ਦੀ ਪਿੱਠ ''ਤੇ ਬੈਠਣ ਦੇ ਲਾਇਕ ਵੀ ਨਹੀਂ ਰਿਹਾ।
ਉਸ ਨੇ ਹਿੰਦੂਕੁਸ਼ ਦੇ ਪਹਾੜਾਂ ਦਾ ਸਫ਼ਰ ਇੱਕ ਘੋੜੇ ਦੇ ਵੱਛੇ ਦੀ ਪਿੱਠ ''ਤੇ ਬੈਠ ਕੇ ਤੈਅ ਕੀਤਾ।
ਇਹ ਸਾਰਾ ਰਸਤਾ ਇੰਨਾ ਘੁੰਮਾਅਦਾਰ ਸੀ ਕਿ ਸ਼ਾਹੀ ਅਮਲੇ ਨੂੰ ਇੱਕ ਦਿਨ ਵਿੱਚ ਇੱਕ ਨਦੀ 48 ਬਾਰ ਪਾਰ ਕਰਨੀ ਪਈ।
ਸਮਰਕੰਦ ਵਿੱਚ ਘੁਸਣ ਤੋਂ ਪਹਿਲਾਂ ਤੈਮੂਰ ਨੇ ਆਪਣੇ ਪਿਤਾ ਦੀ ਕਬਰ ''ਤੇ ਆਪਣਾ ਸਿਰ ਝੁਕਾਇਅ।
ਉੱਧਰ ਸਮਰਕੰਦ ਤੋਂ 1000 ਮੀਲ ਦੂਰ ਦਿੱਲੀ ਖੰਡਰ ਵਿੱਚ ਬਦਲ ਗਈ।
ਭਾਰਤੀ ਸੁਲਤਾਨਾਂ ਦੀਆਂ ਕਈ ਪੀੜੀਆਂ ਵੱਲੋਂ ਜਮ੍ਹਾਂ ਕੀਤੀ ਗਈ ਅਥਾਹ ਦੌਲਤ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦੇ ਹੱਥਾਂ ਤੋਂ ਜਾਂਦੀ ਰਹੀ।
ਇਹੀ ਨਹੀਂ ਸਲਤਨਤ ਦੇ ਅਨਾਜ ਦੇ ਭੰਡਾਰ ਅਤੇ ਖੜੀਆਂ ਫਸਲਾਂ ਵੀ ਬਰਬਾਦ ਹੋ ਗਈਆਂ।
ਦਿੱਲੀ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ।
ਉੱਥੇ ਬਚ ਗਏ ਲੋਕ ਭੁੱਖਮਰੀ ਨਾਲ ਮਰਨ ਲੱਗੇ ਅਤੇ ਕਰੀਬ ਦੋ ਮਹੀਨਿਆਂ ਤੱਕ ਪੰਛੀਆਂ ਤੱਕ ਨੇ ਦਿੱਲੀ ਦਾ ਰੁਖ਼ ਨਹੀਂ ਕੀਤਾ।
ਦਿੱਲੀ ਨੂੰ ਉਸ ਹਾਲਤ ਤੋਂ ਉੱਭਰਨ ਵਿੱਚ ਪੂਰੇ 100 ਸਾਲਾਂ ਦਾ ਸਮਾਂ ਲੱਗ ਗਿਆ।
:
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਜਦੋਂ ਜੰਗ ਦੌਰਾਨ ਵੀ ਭਾਰਤੀ ਅਤੇ ਪਾਕਿਸਤਾਨੀ ਖਿਡਾਰੀ ਵਿਦੇਸ਼ੀ ਧਰਤੀ ਉਪਰ ਮੈਚ ਖੇਡਦੇ ਰਹੇ
NEXT STORY