ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ ਐੱਸ’ ਅੱਜ ਲੌਂਚ ਹੋਵੇਗਾ
ਭਾਰਤ ਦਾ ਪਹਿਲਾ ਨਿੱਜੀ ਰਾਕੇਟ ‘ਵਿਕਰਮ ਐੱਸ’ ਅੱਜ ਲਾਂਚ ਹੋਵੇਗਾ। ਇਹ ਰਾਕੇਟ ਹੈਦਰਾਬਾਦ ਦੇ ਇੱਕ ਪ੍ਰਾਈਵੇਟ ਸਟਾਰਟ-ਅੱਪ ਸਕਾਈਰੂਟ ਵੱਲੋਂ ਬਣਾਇਆ ਗਿਆ ਹੈ ਅਤੇ ਇਸਰੋ ਦੇ ਸਤੀਸ਼ ਧਵਨ ਸਪੇਸ ਸੈਂਟਰ, ਸ਼੍ਰੀਹਰੀਕੋਟਾ ਤੋਂ ਲਾਂਚ ਹੋਵੇਗਾ।
ਇਸ ਲਾਂਚਿੰਗ ਨਾਲ ਭਾਰਤ ਦੇ ਐਰੋਸਪੇਸ ਸੈਕਟਰ ਵਿੱਚ ਪ੍ਰਾਈਵੇਟ ਰਾਕੇਟ ਕੰਪਨੀਆਂ ਦੀ ਐਂਟਰੀ ਵੀ ਹੋਵੇਗੀ।
ਵਿਕਰਮ ਐੱਸ ਕੀ ਹੈ?
ਵਿਕਰਮ ਐੱਸ ਤਿੰਨ ਪੇਅ ਲੋਡ ਲੈ ਕੇ ਜਾਵੇਗਾ, ਜਿਸ ਦਾ ਮਤਲਬ ਹੈ ਕਿ ਇਹ ਲੋਅ ਅਰਥ ਆਰਬਿਟ ਤੱਕ ਤਿੰਨੇ ਛੋਟੇ ਸੈਟੇਲਾਈਟ ਰਾਕੇਟ ਲੈ ਕੇ ਜਾ ਸਕਦਾ ਹੈ
ਭਾਰਤ ਦੇ ਪਹਿਲੇ ਨਿੱਜੀ ਰਾਕੇਟ ਵਿਕਰਮ ਐੱਸ ਦਾ ਨਾਮ ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੇ ਸੰਸਥਾਪਕ ਡਾ. ਵਿਕਰਮ ਸਾਰਾਭਾਈ ਦੀ ਯਾਦ ਵਿੱਚ ਰੱਖਿਆ ਗਿਆ ਹੈ।
ਵਿਕਰਮ ਸੀਰੀਜ਼ ਲਾਂਚ ਵਿੱਚ ਤਿੰਨ ਤਰ੍ਹਾਂ ਦੇ ਰਾਕੇਟ ਹਨ ਜਿਨ੍ਹਾਂ ਨੂੰ ਸਾਈਜ਼ ਦੇ ਹਿਸਾਬ ਨਾਲ ਬਣਾਇਆ ਗਿਆ ਹੈ।
ਵਿਕਰਮ 1 ਇਸ ਸੀਰੀਜ਼ ਦਾ ਪਹਿਲਾ ਰਾਕੇਟ ਹੈ।
ਵਿਕਰਮ 2 ਅਤੇ ਵਿਕਰਮ 3 ਲੋਅ ਅਰਥ ਆਰਬਿਟ ਤੱਕ ਭਾਰ ਲੈ ਕੇ ਜਾ ਸਕਣ ਵਾਲੇ ਰਾਕੇਟ ਹਨ।
ਵਿਕਰਮ ਐੱਸ ਤਿੰਨ ਪੇਅ ਲੋਡ ਲੈ ਕੇ ਜਾਵੇਗਾ, ਜਿਸ ਦਾ ਮਤਲਬ ਹੈ ਕਿ ਇਹ ਲੋਅ ਅਰਥ ਆਰਬਿਟ ਤੱਕ ਤਿੰਨੇ ਛੋਟੇ ਸੈਟੇਲਾਈਟ ਰਾਕੇਟ ਲੈ ਕੇ ਜਾ ਸਕਦਾ ਹੈ।
ਦੋ ਪੇਅਲੋਡ ਭਾਰਤੀ ਗਾਹਕਾਂ ਨਾਲ ਤਾਲੁਕ ਰੱਖਦੇ ਹਨ ਜਦਕਿ ਤੀਜਾ ਇੱਕ ਵਿਦੇਸ਼ੀ ਗਾਹਕ ਦਾ ਹੈ।
ਸਕਾਈਰੂਟ ਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਰਾਕੇਟ ਦੀ ਪੂਰੀ ਮਿਆਦ ਦਾ ਪ੍ਰੀਖਣ ਮਈ 2022 ਵਿੱਚ ਸਫਲਤਾਪੂਰਵਕ ਕੀਤਾ ਗਿਆ ਸੀ।
ਸ਼ੁਰੂਆਤ ਵਿੱਚ ਇਸ ਨੂੰ ‘ਪ੍ਰਾਰੰਭ’ (ਸ਼ੁਰੂਆਤ) ਨਾਮ ਦਿੱਤਾ ਗਿਆ ਸੀ।
ਸਕਾਈਰੂਟ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਵਿਕਰਮ ਐੱਸ ਦਾ ਲਾਂਚ ਪਹਿਲਾਂ 12 ਤੋਂ 16 ਨਵੰਬਰ ਦੇ ਦਰਮਿਆਨ ਹੋਣਾ ਸੀ। ਪਰ ਮੌਸਮ ਚੰਗਾ ਨਾ ਹੋਣ ਕਾਰਨ ਇਸ ਦਾ ਲਾਂਚ 18 ਨਵੰਬਰ ਲਈ ਤੈਅ ਕੀਤਾ ਗਿਆ।
‘ਸਕਾਈਰੂਟ ਐਰੋਸਪੇਸ’ ਤੇ ਹੋਰ ਭਾਰਤੀ ਨਿੱਜੀ ਕੰਪਨੀਆਂ
ਇਲੋਨ ਮਸਕ ਦੀ ਕੰਪਨੀ ਸਪੇਸ ਐਕਸ ਅਕਸਰ ਇੰਟਰਨੈਸ਼ਨਲ ਪੱਧਰ ਉੱਤੇ ਅਮਰੀਕਾ ਵਿੱਚ ਰਾਕੇਟ ਲਾਂਚਿੰਗ ਨੂੰ ਲੈ ਕੇ ਸੁਰਖ਼ੀਆਂ ਵਿੱਚ ਰਹਿੰਦੀ ਹੈ।
ਲੱਗਦਾ ਹੈ ਕਿ ਇਹ ਰੁਝਾਨ ਹੁਣ ਭਾਰਤ ਵਿੱਚ ਪਹੁੰਚ ਗਿਆ ਹੈ।
ਇਸਰੋ ਦੇ ਸਾਬਕਾ ਵਿਗਿਆਨੀ ਪਵਨ ਕੁਮਾਰ ਚੰਦਨ ਅਤੇ ਨਾਗਾ ਭਰਤ ਡਾਕਾ ਨੇ ਕੁਝ ਹੋਰ ਲੋਕਾਂ ਨਾਲ ਮਿਲਕੇ 2018 ਵਿੱਚ ਇੱਕ ਸਟਾਰਟ-ਅੱਪ ਦੇ ਰੂਪ ਵਿੱਚ ਸਕਾਈਰੂਟ ਐਰੋਸਪੇਸ ਦੀ ਸਥਾਪਨਾ ਕੀਤੀ।
ਕੰਪਨੀ ਦੇ ਸੀਈਓ ਪਵਨ ਕੁਮਾਰ ਚੰਦਨ ਨੇ ਮੰਨਿਆ ਹੈ ਕਿ ਇਸ ਮਿਸ਼ਨ ਲਈ ਇਸਰੋ ਵੱਲੋਂ ਏਕੀਕਰਣ ਸਹੂਲਤ ਲਾਂਚਪੈਡ, ਰੇਂਜ ਸੰਚਾਰ ਅਤੇ ਟ੍ਰੈਕਿੰਗ ਸਪੋਰਟ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ।
ਉਨ੍ਹਾਂ ਅੱਗੇ ਦੱਸਿਆ, "ਇਸ ਲਈ ਇਸਰੋ ਨੇ ਫੀਸ ਨਾਮਾਤਰ ਵਸੂਲੀ ਹੈ।"
ਸਕਾਈਰੂਟ ਪਹਿਲਾ ਸਟਾਰਟ-ਅੱਪ ਸੀ ਜਿਸ ਨੇ ਆਪਣੇ ਰਾਕੇਟ ਲਾਂਚ ਕਰਨ ਲਈ ਇਸਰੋ ਨਾਲ ਸਮਝੌਤਾ ਪੱਤਰ ''ਤੇ ਦਸਤਖਤ ਕੀਤੇ ਸਨ।
ਸਕਾਈਰੂਟ ਐਰੋਸਪੇਸ ਤੋਂ ਇਲਾਵਾ ਚੇਨਈ ਸਥਿਤ ਅਗਨੀਕੁਲ ਕੌਸਮੌਸ, ਸਪੇਸਕਿਡਜ਼, ਕੋਇੰਬਟੂਰ ਸਥਿਤ ਬੇਲਾਟ੍ਰਿਕਸ ਐਰੋਸਪੇਸ ਕੁਝ ਭਾਰਤੀ ਕੰਪਨੀਆਂ ਹਨ ਜੋ ਪੁਲਾੜ ਵਿੱਚ ਛੋਟੇ ਉਪਗ੍ਰਹਿ ਭੇਜਣ ਦੀ ਕੋਸ਼ਿਸ਼ ਕਰ ਰਹੀਆਂ ਹਨ।
ਸਕਾਈਰੂਟ ਉੱਚ ਪੱਧਰੀ ਤਕਨਾਲੋਜੀ ਦੀ ਮਦਦ ਨਾਲ ਵੱਡੀ ਗਿਣਤੀ ਵਿੱਚ ਅਤੇ ਬਹੁਤ ਸਸਤੀ ਕੀਮਤ ''ਤੇ ਲਾਂਚ ਵਾਹਨਾਂ ਦਾ ਨਿਰਮਾਣ ਕਰਨ ਦੀ ਉਮੀਦ ਰੱਖਦੀ ਹੈ। ਇਸ ਦਾ ਟੀਚਾ ਅਗਲੇ ਦਹਾਕੇ ਵਿੱਚ ਆਪਣੇ ਰਾਕੇਟ ਰਾਹੀਂ ਲਗਭਗ 20,000 ਛੋਟੇ ਉਪਗ੍ਰਹਿ ਲਾਂਚ ਕਰਨ ਦਾ ਹੈ।
ਇਨ੍ਹਾਂ ਦੀ ਵੈੱਬਸਾਈਟ ਮੁਤਾਬਕ, "ਸਪੇਸ ''ਤੇ ਸੈਟੇਲਾਈਟ ਲੌਂਚ ਕਰਨਾ ਜਲਦੀ ਹੀ ਕੈਬ ਬੁੱਕ ਕਰਨ ਜਿੰਨਾ ਆਸਾਨ ਹੋ ਜਾਵੇਗਾ - ਤੇਜ਼, ਸਟੀਕ ਅਤੇ ਕਿਫਾਇਤੀ।"
ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਰਾਕੇਟ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਕਿਸੇ ਵੀ ਲਾਂਚ ਸਾਈਟ ਤੋਂ ਅਸੈਂਬਲ ਕੀਤਾ ਜਾ ਸਕੇ ਅਤੇ ਲਾਂਚ ਕੀਤਾ ਜਾ ਸਕੇ।
ਭਾਰਤੀ ਸਪੇਸ ਸੈਕਟਰ ਵਿੱਚ ਨਿੱਜੀ ਕੰਪਨੀਆਂ
ਭਾਰਤੀ ਪੁਲਾੜ ਖੇਤਰ ਵਿੱਚ ਜਨਤਕ-ਨਿੱਜੀ ਭਾਗੀਦਾਰੀ ਦੀ ਬੁਨਿਆਦ 2020 ਤੋਂ ਹੈ।
ਜੂਨ 2020 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਇਸ ਖੇਤਰ ਵਿੱਚ ਸੁਧਾਰਾਂ ਦੀ ਸ਼ੁਰੂਆਤ ਕੀਤੀ, ਜਿਸ ਨਾਲ ਨਿੱਜੀ ਕੰਪਨੀਆਂ ਲਈ ਰਾਹ ਪੱਧਰਾ ਹੋਇਆ। ਇੱਕ ਨਵੀਂ ਸੰਸਥਾ, IN-SPACEe ਬਣਾਈ ਗਈ ਹੈ ਜੋ ਇਸਰੋ ਅਤੇ ਪ੍ਰਾਈਵੇਟ ਸਪੇਸ ਕੰਪਨੀਆਂ ਵਿਚਕਾਰ ਇੱਕ ਸੁਵਿਧਾਜਨਕ ਲਿੰਕ ਵਜੋਂ ਕੰਮ ਕਰਦੀ ਹੈ।
2040 ਤੱਕ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਗਲੋਬਲ ਪੁਲਾੜ ਉਦਯੋਗ ਲਗਭਗ 1 ਟ੍ਰਿਲੀਅਨ ਡਾਲਰ ਤੱਕ ਵਧੇਗਾ।
ਭਾਰਤ ਇਸ ਵੱਧ ਰਹੇ ਮੁਨਾਫ਼ੇ ਵਾਲੇ ਬਾਜ਼ਾਰ ਲਈ ਉਤਸੁਕ ਹੈ - ਇਹ ਵਰਤਮਾਨ ਵਿੱਚ ਵਿਸ਼ਵ ਦੀ ਪੁਲਾੜ ਅਰਥਵਿਵਸਥਾ ਦਾ ਸਿਰਫ 2% ਹੈ।
ਇਹ ਪ੍ਰਾਈਵੇਟ ਕੰਪਨੀਆਂ ਨੂੰ ਇਸ ਪਾੜੇ ਨੂੰ ਪੂਰਾ ਕਰਨ ਲਈ ਪੁਲਾੜ ਤਕਨਾਲੋਜੀ ਵਿੱਚ ਨਵੀਨਤਾ ਲਿਆਉਣ ਲਈ ਉਤਸ਼ਾਹਿਤ ਕਰ ਰਿਹਾ ਹੈ।
-
ਭਾਰਤ ਦੇ ਪੁਲਾੜ ਪ੍ਰੋਗਰਾਮ ਦੀ ਯਾਤਰਾ
ਪੁਲਾੜ ਖੇਤਰ ਵਿੱਚ ਭਾਰਤ ਦੀ ਯਾਤਰਾ 1960 ਦੇ ਦਹਾਕੇ ਵਿੱਚ ਡਾਕਟਰ ਵਿਕਰਮ ਸਾਰਾਭਾਈ ਦੀ ਅਗਵਾਈ ਹੇਠ ਇੰਡੀਅਨ ਨੈਸ਼ਨਲ ਕਮੇਟੀ ਫਾਰ ਸਪੇਸ ਰਿਸਰਚ (INCOSPAR) ਦੀ ਸ਼ੁਰੂਆਤ ਨਾਲ ਹੋਈ।
ਪਹਿਲੀ ਵਾਰ ਭਾਰਤੀ ਉਪਗ੍ਰਹਿ ਆਰੀਆਭੱਟ ਨੂੰ ਪੁਰਾਣੇ ਸੋਵੀਅਤ ਸੰਘ ਦੇ ਅਸਤਰਖਾਨ ਓਬਲਾਸਟ ਤੋਂ ਲਾਂਚ ਕੀਤਾ ਗਿਆ ਸੀ, ਜਿਸ ਨੂੰ ਭਾਰਤੀ ਪੁਲਾੜ ਖੇਤਰ ਦੇ ਇਤਿਹਾਸ ਵਿੱਚ ਇੱਕ ਅਹਿਮ ਮੀਲ ਪੱਥਰ ਮੰਨਿਆ ਜਾਂਦਾ ਹੈ।
ਭਾਰਤੀ ਧਰਤੀ ''ਤੇ ਪਹਿਲਾ ਰਾਕੇਟ ਲਾਂਚ 21 ਨਵੰਬਰ, 1963 ਨੂੰ ਹੋਇਆ ਸੀ, ਜਦੋਂ ਅਮਰੀਕੀ ਨਾਈਕੀ ਅਪਾਚੇ ਆਵਾਜ਼ ਵਾਲੇ ਰਾਕੇਟ ਨੂੰ ਤਿਰੂਵਨੰਤਪੁਰਮ ਨੇੜੇ ਥੰਬਾ ਤੋਂ ਅਸਮਾਨ ਵਿੱਚ ਸਫਲਤਾਪੂਰਵਕ ਲਾਂਚ ਕੀਤਾ ਗਿਆ ਸੀ।
ਉਸ ਰਾਕੇਟ ਦਾ ਭਾਰ ਸਿਰਫ਼ 715 ਕਿਲੋਗ੍ਰਾਮ ਸੀ ਜੋ 30 ਕਿਲੋਗ੍ਰਾਮ ਦੇ ਪੇਲੋਡ ਨਾਲ 207 ਕਿਲੋਮੀਟਰ ਦੀ ਉਚਾਈ ਤੱਕ ਮਾਰ ਕਰ ਸਕਦਾ ਸੀ।
ਜੇ ਕੋਈ ਭਾਰਤ ਦੇ ਨਵੀਨਤਮ ਮਿਸ਼ਨ ਨਾਲ ਇਸਦੀ ਤੁਲਨਾ ਕਰੇ ਤਾਂ ਅਗਸਤ 2022 ਵਿੱਚ ਲਾਂਚ ਕੀਤੇ ਗਏ ਸਮਾਲ ਸੈਟੇਲਾਈਟ ਲਾਂਚ ਵਹੀਕਲ (SSLV) ਦਾ ਭਾਰ 120 ਟਨ ਸੀ। ਇਸ ਦੀ ਲੰਬਾਈ 34 ਮੀਟਰ ਸੀ ਅਤੇ ਇਹ 500 ਕਿਲੋਗ੍ਰਾਮ ਸੈਟੇਲਾਈਟ ਨੂੰ 500 ਕਿਲੋਮੀਟਰ ਦੀ ਉਚਾਈ ''ਤੇ ਆਰਬਿਟ ਵਿੱਚ ਪਹੁੰਚਾ ਸਕਦਾ ਸੀ।
ਸਬ-ਔਰਬਿਟਲ ਰਾਕੇਟ ਕੀ ਹੈ?
“ਇਨ੍ਹਾਂ ਰਾਕੇਟਾਂ ਨੂੰ ਸਾਊਂਡਿੰਗ ਰਾਕੇਟ ਵੀ ਕਿਹਾ ਜਾਂਦਾ ਹੈ। ਸਮੁੰਦਰੀ ਜਾਰਗਨ ਵਿੱਚ, ਆਵਾਜ਼ ਦਾ ਅਰਥ ਹੈ ਮਾਪਣਾ। ਇਹ ਰਾਕੇਟ ਵਾਯੂਮੰਡਲ ਦਾ ਮਾਪ ਲੈਣਗੇ”
ਵਿਕਰਮ ਐੱਸ ਰਾਕੇਟ ਇੱਕ ਸਿੰਗਲ-ਸਟੇਜ ਸਬ-ਔਰਬਿਟਲ ਲਾਂਚ ਵਹੀਕਲ ਹੈ ਜੋ ਤਿੰਨ ਵੱਖ ਵੱਖ ਕੰਪਨੀਆਂ ਦੀਆਂ ਸੈਟੇਲਾਈਟ ਲੈ ਕੇ ਜਾ ਸਕਦਾ ਹੈ।
ਸਕਾਈਰੂਟ ਐਰੋਸਪੇਸ ਦੇ ਚੀਫ਼ ਆਪਰੇਟਿੰਗ ਅਫ਼ਸਰ ਨਾਗਾ ਭਾਰਤ ਡਾਕਾ ਨੇ ਜਾਰੀ ਬਿਆਨ ਵਿੱਚ ਕਿਹਾ ਹੈ, "ਇਹ ਪੁਲਾੜ ਲਾਂਚ ਵਾਹਨਾਂ ਦੀ ਵਿਕਰਮ ਲੜੀ ਵਿੱਚ ਜ਼ਿਆਦਾਤਰ ਵਰਤੀ ਤਕਨਾਲੋਜ ਦੀ ਜਾਂਚ ਨੂੰ ਪ੍ਰਮਾਣਿਤ ਕਰਨ ਵਿੱਚ ਮਦਦ ਕਰੇਗਾ।"
ਇਸਰੋ ਦੇ ਇੱਕ ਸਾਬਕਾ ਸੀਨੀਅਰ ਸਪੇਸ ਵਿਗਿਆਨੀ ਨੇ ਨਾਮ ਨਾ ਛਾਪਣ ਦੀ ਸ਼ਰਤ ਉੱਤੇ ਸਬ-ਔਰਬਿਟਲ ਰਾਕੇਟ ਬਾਰੇ ਦੱਸਿਆ ਹੈ...
"ਸਬ-ਔਰਬਿਟਲ ਰਾਕੇਟ ਪੁਲਾੜ ਵਿੱਚ ਬਲਦੇ ਹਨ ਅਤੇ ਧਰਤੀ ਉੱਤੇ ਡਿੱਗਦੇ ਹਨ। ਜਿਵੇਂ ਅਸਮਾਨ ਵਿੱਚ ਸੁੱਟੇ ਗਏ ਪੱਥਰ ਦੀ ਤਰ੍ਹਾਂ। ਇਹ ਰਾਕੇਟ 10 ਤੋਂ 30 ਮਿੰਟ ਦੇ ਸਮੇਂ ਵਿੱਚ ਡਿੱਗਣਗੇ।"
ਔਰਬਿਟਲ ਅਤੇ ਸਬ-ਔਰਬਿਟਲ ਰਾਕੇਟ ਵਿਚਕਾਰ ਮੁੱਖ ਅੰਤਰ ਰਫ਼ਤਾਰ ਦਾ ਹੈ। ਇੱਕ ਔਰਬਿਟਲ ਲਾਂਚ ਵਾਹਨ ਨੂੰ ਔਰਬਿਟਲ ਗਤੀ ਪ੍ਰਾਪਤ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ 28,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜਨੀ ਚਾਹੀਦੀ ਹੈ, ਨਹੀਂ ਤਾਂ ਉਹ ਧਰਤੀ ''ਤੇ ਡਿੱਗ ਜਾਣਗੇ।
ਲਾਂਚ ਵਾਹਨ ਲਈ ਗਤੀ ਦੇ ਇਸ ਪੱਧਰ ਨੂੰ ਪ੍ਰਾਪਤ ਕਰਨਾ ਤਕਨੀਕੀ ਤੌਰ ''ਤੇ ਬਹੁਤ ਗੁੰਝਲਦਾਰ ਕੰਮ ਹੈ, ਇਸ ਲਈ ਇਹ ਇੱਕ ਮਹਿੰਗਾ ਮਾਮਲਾ ਵੀ ਹੈ।
ਪਰ ਸਬ-ਔਰਬਿਟਲ ਰਾਕੇਟ ਨਾਲ ਅਜਿਹਾ ਨਹੀਂ ਹੋਵੇਗਾ। ਉਨ੍ਹਾਂ ਨੂੰ ਇਸ ਗਤੀ ਦੀ ਲੋੜ ਨਹੀਂ ਹੋਵੇਗੀ। ਉਹ ਆਪਣੀ ਗਤੀ ਦੇ ਮੁਤਾਬਕ ਇੱਕ ਨਿਸ਼ਚਿਤ ਉਚਾਈ ਤੱਕ ਉਡਾਣ ਭਰਨਗੇ ਅਤੇ ਇੰਜਣ ਬੰਦ ਹੋਣ ਤੋਂ ਬਾਅਦ ਉਹ ਹੇਠਾਂ ਡਿੱਗਣਗੇ। ਉਦਾਹਰਨ ਲਈ ਇਨ੍ਹਾਂ ਰਾਕੇਟਾਂ ਲਈ 6,000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਕਾਫੀ ਹੋਵੇਗੀ।
ਇਤਿਹਾਸ ਵਿੱਚ ਨਾਜ਼ੀ ਐਰੋਸਪੇਸ ਇੰਜੀਨੀਅਰਾਂ ਵੱਲੋਂ 1942 ਵਿੱਚ ਸਭ ਤੋਂ ਪਹਿਲਾਂ ਸਬ-ਔਰਬਿਟਲ ਰਾਕੇਟ V-2 ਦੀ ਵਰਤੋਂ ਕੀਤੀ ਗਈ ਸੀ। ਇਸ ਨਾਲ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਨੂੰ ਹਥਿਆਰ ਪਹੁੰਚਾਏ। ਇਸ ਦੀ ਗਤੀ ਕਾਰਨ ਉਨ੍ਹਾਂ ਦੇ ਦੁਸ਼ਮਣ ਇਸ ਨੂੰ ਰੋਕ ਨਹੀਂ ਸਕੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੀਬੀਸੀ ਪੰਜਾਬੀ ''ਤੇ ਉਹ ਖ਼ਬਰਾਂ ਜੋ ਸ਼ਾਇਦ ਤੁਸੀਂ ਮਿਸ ਕਰ ਗਏ
NEXT STORY