ਬਰਤਾਨਵੀਂ ਅਮਰੀਕੀ ਸੋਸ਼ਲ ਮੀਡੀਆ ਇਨਫ਼ਲੂਐਂਸਰ ਐਂਡਰਿਉ ਟੇਟ ਦੀ ਗ੍ਰਿਫ਼ਤਾਰੀ ਨਾਲ ਸੋਸ਼ਲ ਮੀਡੀਆ ਦੇ ਨੁਕਸਾਨ ਪਹੁੰਚਾਣ ਵਾਲੀਆਂ ਤੇ ਜਿਨਸੀ ਪੋਸਟਾਂ ਬਾਰੇ ਬਹਿਸ ਛਿੜ ਗਈ ਹੈ।
ਇਸ ਦੇ ਨੌਜਵਾਨਾਂ ਤੇ ਕਿਸ਼ੋਰਾਂ ’ਤੇ ਪੈਣ ਵਾਲੇ ਪ੍ਰਭਾਵ ਨੂੰ ਲੈ ਕੇ ਵੀ ਲੋਕ ਚਿੰਤਤ ਹੋਏ ਹਨ।
ਬਰਤਾਨਵੀਂ-ਅਮਰੀਕੀ ਆਨਲਾਈਨ-ਕਾਰਕੁਨ ਨੂੰ ਰੋਮਾਨੀਆਂ ਤੋਂ ਗ੍ਰਿਫ਼ਤਾਰ ਕੀਤਾ ਗਿਆ।
ਉਨ੍ਹਾਂ ਖ਼ਿਲਾਫ਼ ਮਨੁੱਖੀ ਤਸਕਰੀ, ਸੰਗਠਿਤ ਅਪਰਾਧ ਅਤੇ ਬਲਾਤਕਾਰ ਵਰਗੇ ਇਲਜ਼ਾਮ ਹਨ।
ਐਂਡਰਿਉ ਨੇ ਆਪਣੇ ਆਪ ਨੂੰ ਮੁਕੰਮਲ ਤੌਰ ’ਤੇ ਦੁਰਵਿਵਹਾਰੀ ਦੱਸਦਿਆਂ ਕਿਹਾ,“ ਅਜਿਹਾ ਕੋਈ ਮਸਲਾ ਨਹੀਂ ਕਿ ਤੁਸੀਂ ਜੜ੍ਹਾਂ ਨਾਲ ਜੁੜੇ ਹੋ ਤੇ ਜਿਨਸੀ ਮਾਮਲਿਆਂ ਨਾਲ ਜੁੜੇ ਨਹੀਂ ਹੋ ਸਕਦੇ।”
ਇਸ 36 ਸਾਲਾ ਸਾਬਕਾ ਕਿੱਕਬਾਕਸਰ ਨੇ ਆਨਲਾਈਨ ਵਿਸ਼ਵਵਿਆਪੀ ਪ੍ਰਸਿੱਧੀ ਹਾਸਿਲ ਕੀਤੀ।
ਉਨ੍ਹਾਂ ਦੀ ਤਰ੍ਹਾਂ ਅਨੇਕਾ ਲੋਕਾਂ ਆਨਲਾਈਨ ਔਰਤਾਂ ਪ੍ਰਤੀ ਮਾੜੇ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹਨ।
ਪਰ ਲੱਖਾਂ ਵਰਚੁਅਲ ਪ੍ਰਸ਼ੰਸਕਾਂ ਨੂੰ ਇਕੱਠਾ ਕਰਨ ਵਾਲੇ ਉਹ ਇਕੱਲੇ ਹਨ।
ਐਂਡਰਿਉ ਸੋਸ਼ਲ ਮੀਡੀਆ ਦੇ ਉਸ ਗਰੁੱਪ ਦਾ ਹਿੱਸਾ ਹਨ, ਜਿਨ੍ਹਾਂ ਨੇ ਔਰਤਾਂ ਨੂੰ ਮਰਦਾਂ ਮੁਕਾਬਲੇ ਨੀਵਾਂ ਤੇ ਗੁਲਾਮ ਦਿਖਾ ਕੇ ਪ੍ਰਸਿੱਧੀ ਹਾਸਿਲ ਕੀਤੀ।
ਇਕੱਲੇ ਟਿੱਕਟਾਕ ''ਤੇ ਹੀ ਐਂਡਰਿਉ ਹੈਸ਼ਟੈਗ ਵਾਲੇ ਵੀਡੀਓਜ਼ ਨੂੰ 1.27 ਕਰੋੜ ਵਾਰ ਦੇਖਿਆ ਗਿਆ।
ਇਸ ਵਿੱਚ ਐਂਡਰਿਉ ਦੀ ਅਲੋਚਨਾ ਕਰਨ ਵਾਲੇ ਵੀਡੀਓ ਵੀ ਸ਼ਾਮਲ ਹਨ।
ਨੌਜਵਾਨ ਵਰਗ ਨੂੰ ਪ੍ਰਭਾਵਿਤ ਕਰਨਾ
ਐਂਡਰਿਉ ਤੇ ਉਨ੍ਹਾਂ ਵਰਗੇ ਇਨਫਲੂਐਂਸਰਜ਼ ਦੀ ਭਾਸ਼ਾ ਕੁਰੱਖ਼ਤ ਤੇ ਭੱਦੀ ਹੋ ਸਕਦੀ ਹੈ ਪਰ ਉਨ੍ਹਾਂ ਦੇ ਵਿਚਾਰ ਨੂੰ ਨਵੀਂ ਪੀੜ੍ਹੀ ਵਲੋਂ ਬਹੁਤ ਸੁਣਿਆ ਤੇ ਸਰਾਹਿਆ ਜਾਂਦਾ ਹੈ।
ਅਜਿਹੇ ਵਿਚਾਰ ਜਿਨ੍ਹਾਂ ਦੇ ਪ੍ਰਭਾਵ ਨੇ ਮਾਪਿਆਂ, ਸਿਖਿਅਕਾਂ ਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਚਿੰਤਤ ਕੀਤਾ ਹੈ।
ਨਾਰੀਵਾਦੀ ਲੇਖਕ ਅਤੇ ਕਾਰਕੁਨ ਨਤਾਸ਼ਾ ਵਾਲਟਰ ਨੇ ਬੀਬੀਸੀ ਵਰਲਡ ਸਰਵਿਸ ਰੇਡੀਓ ਪ੍ਰੋਗਰਾਮ ਦਿ ਰੀਅਲ ਸਟੋਰੀ ਨੂੰ ਦੱਸਿਆ, "ਮੈਨੂੰ ਇਹ ਬਹੁਤ ਚਿੰਤਾਜਨਕ ਲੱਗ ਰਿਹਾ ਹੈ ਕਿ ਬਹੁਤ ਸਾਰੇ ਨੌਜਵਾਨ ਇਸ ਕਿਸਮ ਦੇ ਕਿਰਦਾਰ ਵੱਲ ਖਿੱਚੇ ਜਾ ਰਹੇ ਹਨ।"
ਉਨ੍ਹਾਂ ਕਿਹਾ,"ਜਿਸ ਗੱਲ ਦੀ ਵਧੇਰੇ ਚਿੰਤਾ ਹੈ, ਉਹ ਹੈ ਕੁਝ ਤਾਜ਼ਾ ਸਰਵੇਖਣ ਜੋ ਇਹ ਦਰਸਾਉਂਦੇ ਹਨ ਕਿ ਨੌਜਵਾਨ ਪੁਰਸ਼ ਪਹਿਲੀਆਂ ਪੀੜ੍ਹੀਆਂ ਦੇ ਮੁਕਾਬਲੇ ਵਧੇਰੇ ਜਿਨਸਵਾਦੀ ਰਵੱਈਆ ਅਖ਼ਤਿਆਰ ਕਰ ਰਹੇ ਹਨ।"
ਸੋਸ਼ਲ ਮੀਡੀਆ ’ਤੇ ਪਾਬੰਦੀ
ਬਹੁਤ ਸਾਰੀਆਂ ਸੋਸ਼ਲ ਮੀਡੀਆ ਸਾਈਟਾਂ ਨੇ ਐਂਡਰਿਉ ’ਤੇ ਇਹ ਕਹਿੰਦਿਆਂ ਪਾਬੰਦੀ ਲਗਾ ਦਿੱਤੀ ਕਿ ਉਹ ਨਫ਼ਰਤ ਭਰੇ ਤੇ ਔਰਤਾਂ ਪ੍ਰਤੀ ਮਾੜੇ ਰਵੱਈਏ ਦਾ ਪ੍ਰਚਾਰ ਕਰਦੇ ਹਨ।
ਥਿੰਕ ਟੈਂਕ ਬਰੁਕਿੰਗਜ਼ ਇੰਸਟੀਚਿਊਸ਼ਨ ਦੇ ਸੀਨੀਅਰ ਫੈਲੋ ਅਤੇ ਕਿਤਾਬ ‘ਬੁਆਏਜ਼ ਐਂਡ ਮੈਨ:ਨਵੀਂ ਪੀੜ੍ਹੀ ਦੇ ਮਰਦ ਸੰਘਰਸ਼ ਕਿਉਂ ਕਰ ਰਹੇ ਹਨ, ਇਸ ਦਾ ਅਰਥ ਕੀ ਹੈ ਤੇ ਪ੍ਰਭਾਵ ਕੀ’ ਦੀ ਲੇਖਕ ਰਿਚਰਡ ਰੀਵਜ਼ ਮੰਨਦੇ ਹਨ ਕਿ ਟੇਟ ਦੀ ਪ੍ਰਸਿੱਧੀ ਉਨ੍ਹਾਂ ਸੋਸ਼ਲ ਮੀਡੀਆ ਪਲੇਟਫ਼ਾਰਮਾਂ ਦੇ ਐਲਗੋਰਿਦਮ (ਅੰਕੜੇ) ਨੂੰ ਧਿਆਨ ਵਿੱਚ ਰੱਖ ਕੇ ਕੀਤੇ ਪ੍ਰਚਾਰ ਦਾ ਸਿੱਟਾ ਵੀ ਹੋ ਸਕਦੀ ਹੈ, ਜਿਨ੍ਹਾਂ ਮਾਧਿਅਮਾਂ ''ਤੇ ਉਨ੍ਹਾਂ ਦੇ ਵੀਡੀਓ ਪ੍ਰਕਾਸ਼ਤ ਹੁੰਦੇ ਸਨ।
ਬਹੁਤ ਸਾਰੀਆਂ ਸੋਸ਼ਲ ਮੀਡੀਆ ਕੰਪਨੀਆਂ ਜਿਵੇਂ ਕਿ ਯੂਟਿਊਬ, ਫ਼ੇਸਬੁੱਕ, ਇੰਸਟਾਗ੍ਰਾਮ ਅਤੇ ਟਿੱਕਟਾਕ ਸਮੇਤ ਕਈ ਸੋਸ਼ਲ ਮੀਡੀਆ ਕੰਪਨੀਆਂ ਨੇ ਉਨ੍ਹਾਂ ''ਤੇ ਪਾਬੰਦੀ ਲਗਾ ਦਿੱਤੀ ਹੈ।
ਇਨ੍ਹਾਂ ਵਲੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਨਫ਼ਰਤ ਭਰੀ ਤੇ ਅਸਿਹ ਦੱਸਿਆ ਗਿਆ।
ਟੇਟ ਨੂੰ ਟਵਿੱਟਰ ''ਤੇ ਇਹ ਕਹਿਣ ਲਈ ਪਾਬੰਦੀ ਲਗਾਈ ਗਈ ਸੀ ਕਿ ਔਰਤਾਂ ਨੂੰ ਜਿਨਸੀ ਸ਼ੋਸ਼ਣ ਲਈ "ਜ਼ਿੰਮੇਵਾਰੀ ਚੁੱਕਣੀ ਚਾਹੀਦੀ ਹੈ"।
ਕੁਝ ਸਮਾਂ ਬਾਅਦ ਉਨ੍ਹਾਂ ਦਾ ਅਕਾਉਂਟ ਬਹਾਲ ਕਰ ਦਿੱਤਾ ਗਿਆ ਹੈ।
ਰੀਵਜ਼ ਕਹਿੰਦੇ ਹਨ ਕਿ ਐਂਡਰਿਉ ਨੇ ਬਹੁਤ ਚਲਾਕੀ ਨਾਲ ਇਹ ਸਮਝ ਲਿਆ ਕੇ ਆਨਲਾਈਨ ਜਿੰਨਾਂ ਪਿਆਰ ਕਰਨ ਵਾਲੇ ਜ਼ਰੂਰੀ ਹਨ, ਓਨਾ ਹੀ ਨਫ਼ਰਤ ਕਰਨ ਵਾਲੇ ਵੀ ਅਹਿਮ ਹਨ। ਨਫ਼ਰਤ ਕਰਨ ਵਾਲੇ ਪ੍ਰਸ਼ੰਸਕਾਂ ਨੂੰ ਖਿੱਚਦੇ ਹਨ ਤੇ ਇਸ ਦੇ ਉਲਟ ਵੀ ਕਰਦੇ ਹਨ।
ਉਹ ਕਹਿੰਦੇ ਹਨ,"ਪਰ ਦਰਸ਼ਕਾਂ ਅਤੇ ਫ਼ਾਲੋਅਰਜ਼ ਵਿੱਚ ਇੱਕ ਫ਼ਰਕ ਹੁੰਦਾ ਹੈ। ਉਨ੍ਹਾਂ ਦੀ ਸਮੱਗਰੀ ਦੇਖਣ ਵਾਲੇ ਬਹੁਤੇ ਲੋਕਾਂ ਵਿੱਚੋਂ ਕੁਝ ਉਨ੍ਹਾਂ ਨੂੰ ਸਿਰਫ਼ਿਰਿਆ ਵੀ ਸਮਝਦੇ ਹਨ।"
ਰੀਵਜ਼ ਨੇ ਕਿਹਾ, "ਮੈਨੂੰ ਚਿੰਤਾ ਉਨ੍ਹਾਂ ਫ਼ਾਲੋਅਰਜ਼ ਦੀ ਹੈ ਜੋ ਅਸਲ ਵਿੱਚ ਐਂਡਰਿਉ ਦੇ ਵਿਚਾਰਾਂ ’ਤੇ ਭਰੋਸਾ ਕਰ ਲੈਂਦੇ ਹਨ ਤੇ ਅਜਿਹੇ ਰਵੱਈਏ ਨੂੰ ਸੱਚ ਮੰਨਦੇ ਹਨ।"
ਸਕੂਲੀ ਵਿਦਿਆਰਥੀਆਂ ’ਤੇ ਪ੍ਰਭਾਵ
ਯੂਕੇ ਵਿੱਚ ਸਕੂਲਾਂ ਦੀਆਂ ਜਮਾਤਾਂ ਵਿੱਚ ਅਝਿਹੇ ਵਿਚਾਰਾਂ ਦਾ ਪ੍ਰਭਾਵ ਨਜ਼ਰ ਆਇਆ। ਅਧਿਆਪਕਾਂ ਨੂੰ ਵੱਡੀ ਗਿਣਤੀ ਅਜਿਹੇ ਵਿਦਿਆਰਥੀ ਮਿਲੇ ਜੋ ਐਂਡਰਿਉ ਦੇ ਵਿਚਾਰਾਂ ਤੋਂ ਮੁਤਾਸਰ ਸਨ।
ਅਧਿਆਪਕਾਂ ਲਈ ਵਿਦਿਆਰਥੀਆਂ ਦੇ ਵਿਚਾਰਾਂ ਨੂੰ ਉਲਟਾਉਣਾ ਤੇ ਰਵਾਇਤੀ ਰੂੜ੍ਹੀਵਾਦੀ ਰਵੱਈਏ ਨੂੰ ਬਦਲਣ ਦੀ ਲੋੜ ਨੂੰ ਸਮਝਾਉਣਾ ਇੱਕ ਚੁਣੌਤੀ ਹੈ।
ਕੈਂਟ ਯੂਨੀਵਰਸਿਟੀ ਵਿੱਚ ਸਮਾਜਿਕ ਵਿਗਿਆਨ ਦੇ ਪ੍ਰੋਫ਼ੈਸਰ ਫ਼ਰੈਂਕ ਫੂਰੈਦੀ ਕਹਿੰਦੇ ਹਨ,“ਐਂਡਰਿਓ ਵਰਗੇ ਬਹੁਤ ਲੋਕ ਹਨ। ਪਰ ਸਾਡੇ ਸਮਾਜ ਵਿੱਚ ਇਨ੍ਹਾਂ ਦੀ ਮੌਜੂਦਗੀ ਹੈ ਕਿਉਂ।”
ਉਹ ਸਮਝਦੇ ਹਨ ਕਿ ਅਜਿਹੇ ਰਵੱਈਏ ਨੂੰ ਸਮਾਜਿਕ ਵਿਚਾਰਧਾਰਾਂ ਤੋਂ ਵੱਖਰਿਆ ਨਹੀਂ ਕੀਤਾ ਜਾ ਸਕਦਾ।
ਔਰਤਾਂ ਪ੍ਰਤੀ ਮਾੜਾ ਪ੍ਰਚਾਰ
ਟੇਟ ਨੇ ਖ਼ੁਦ ਨੂੰ ਆਪਣੇ ਵਿਚਾਰਾਂ ਦਾ ਆਦਰਸ਼ ਦਿਖਾਇਆ ਤੇ ਨਾਲ ਹੀ ਉਨ੍ਹਾਂ ਦੇ ਫਾਲੋਅਰਜ਼ ਵੀ ਉਨ੍ਹਾਂ ਦੀ ਆਵਾਜ਼ ਬਣੇ।
ਇਸ ਤਰ੍ਹਾਂ ਆਨਲਾਈਨ ਦੁਨੀਆਂ ਦਾ ਇੱਕ ਵੱਡਾ ਹਿੱਸਾ ਔਰਤਾਂ ਪ੍ਰਤੀ ਮਾੜੇ ਵਿਚਾਰ ਰੱਖਣ ਦਾ ਗਵਾਹ ਬਣ ਗਿਆ ਤੇ ਐਂਡਰਿਉ ਅਜਿਹੇ ਭਾਈਚਾਰੇ ਨੂੰ ਉਤਸ਼ਾਹਿਤ ਕਰਦੇ ਨਜ਼ਰ ਆਏ।
ਔਨਲਾਈਨ ਕਮਿਊਨਿਟੀਆਜ਼ ਵਿੱਚ ਲਿੰਗਵਾਦ ਦਾ ਅਧਿਐਨ ਕਰਨ ਵਾਲੇ ਪੱਤਰਕਾਰ ਅਤੇ ਲੇਖਕ ਸੋਫੀਆ ਸਮਿਥ ਗੈਲਰ ਨੇ ਦਿ ਰੀਅਲ ਸਟੋਰੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ ਕਿ ਲਿੰਗਕ ਨਾਬਰਾਬਰਤਾ ਬਾਰੇ ਸਮੱਗਰੀ ਸਾਂਝੀ ਕਰਨ ਵਾਲਾ ਉਹ ਇਕੱਲਾ ਸ਼ਖ਼ਸ ਨਹੀਂ ਹੈ। ਸੋਸ਼ਲ ਮੀਡੀਆ ’ਤੇ ਅਜਿਹੇ ਲੋਕਾਂ ਦੀ ਭਰਮਾਰ ਹੈ।
ਉਨ੍ਹਾਂ ਕਿਹਾ,"ਅਸੀਂ ਜਾਣਦੇ ਹਾਂ ਕਿ ਕੋਵਿਡ -19 ਮਹਾਂਮਾਰੀ ਤੋਂ ਬਾਅਦ ਔਰਤਾਂ ਨੂੰ ਨੀਵਾਂ ਦਿਖਾਉਣ ਵਾਲੀ ਤੇ ਗੈਰ-ਸਮਾਜਿਕ ਸਮੱਗਰੀ ਆਨਲਾਈਨ ਵਧ ਗਈ ਹੈ, ਪਰ ਇਹ ਸਭ ਇੰਟਰਨੈਟ ਦੇ ਸ਼ੁਰੂਆਤੀ ਦਿਨਾਂ ਵਿੱਚ ਹੀ ਸ਼ੁਰੂ ਹੋ ਗਿਆ ਸੀ।"
ਸਮਿਥ ਗੈਲਰ ਨੇ ਕਿਹਾ, "ਸਾਲਾਂ ਤੋਂ ਐਂਡਰਿਉ ਟੇਟ ਵਰਗੇ ਬਹੁਤ ਸਾਰੇ ਵਿਅਕਤੀ ਹਨ।
ਪਰ, ਅਜਿਹਾ ਕਿਉਂ ਹੈ? ਕੈਂਟ ਯੂਨੀਵਰਸਿਟੀ ਦੇ ਸਮਾਜ ਸ਼ਾਸਤਰ ਦੇ ਐਮਰੀਟਸ ਪ੍ਰੋਫੈਸਰ ਫਰੈਂਕ ਫੂਰੈਡੀ ਨੇ ਬੀਬੀਸੀ ਨੂੰ ਦੱਸਿਆ ਕਿ ਔਨਲਾਈਨ ਸੰਦਰਭ ਨੂੰ ਅਸਲ ਸੰਸਾਰ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
"ਆਨਲਾਈਨ ਅਨੁਭਵ ਲੋਕਾਂ ਦੇ ਆਫ਼ਲਾਈਨ ਜ਼ਿੰਦਗੀ ਨਾਲ ਗੂੜ੍ਹੇ ਤੌਰ ''ਤੇ ਜੁੜੇ ਹੋਏ ਹਨ। ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਬਾਰੇ ਅਸੀਂ ਚਰਚਾ ਕਰ ਰਹੇ ਹਾਂ, ਸੋਸ਼ਲ ਮੀਡੀਆ ਪਹਿਲਾਂ ਤੋਂ ਮੌਜੂਦ ਹੈ।"
“ਅਜਿਹੇ ਬਹੁਤ ਸਾਰੇ ਵਿਚਾਰ ਆਫ਼ਲਾਈਨ ਦੁਨੀਆਂ ਵਿੱਚ ਆਪਣੀ ਜਗ੍ਹਾ ਵਧਾ ਰਹੇ ਹਨ।"
ਸੰਕੇਤਕ ਤਸਵੀਰ
-
ਪ੍ਰੋਫ਼ੈਸਰ ਫੂਰੈਡੀ ਦਾ ਮੰਨਣਾ ਹੈ ਕਿ ਅਜਿਹੇ ਵਿਚਾਰ ਲੋਕਾਂ ਦੀ ਅਵਾਜ਼ ਸੁਣੇ ਜਾਣ ਦੀ ਇੱਛਾ ਤੇ ਉਨ੍ਹਾਂ ਦੀ ਆਪਣੀ ਹਾਜ਼ਰੀ ਸਵਿਕਾਰੇ ਜਾਣ ਦੀ ਭੁੱਖ ਵਿੱਚੋਂ ਨਿਕਲਦੇ ਹਨ।
ਮਾਹਰ ਮੰਨਦੇ ਹਨ ਕਿ ਇਹ ਲੋਕਾਂ ਦੀ ਆਪਣੇ ਵੱਧ ਧਿਆਨ ਖਿੱਚਣ ਅਤੇ ਮਾਨਤਾ ਹਾਸਿਲ ਕਰਨ ਦੀ ਮੰਗ ਹੈ ਜੋ ਆਨਲਾਈਨ ਪੂਰੀ ਹੁੰਦੀ ਹੈ।
ਉਹ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਸੋਸ਼ਲ ਮੀਡੀਆ ਇੱਕ ਅਜਿਹੀ ਥਾਂ ਪ੍ਰਦਾਨ ਕਰਦਾ ਹੈ ਜਿੱਥੇ ਲੋਕ ਧਿਆਨ ਖਿੱਚ ਸਕਦੇ ਹਨ। ਫ਼ਿਰ ਚਾਹੇ ਉਹ ਅਪਮਾਨਜਨਕ ਟਿੱਪਣੀਆਂ ਦੇ ਆਧਾਰ ''ਤੇ ਧਿਆਨ ਖਿੱਚਣ ਜਾਂ ਸਮਾਜ ਵਿੱਚ ਆਪਣੀ ਹੋਂਦ ਦਰਜ ਕਰਵਾਉਣ।"
ਅਸਲ ਜ਼ਿੰਦਗੀ ’ਚ ਜਿਨਸੀ ਭੇਦਵਾਵ
ਹਾਲਾਂਕਿ, ਮਾਹਰਾਂ ਦਾ ਮੰਨਣਾ ਹੈ ਕਿ ਆਨਲਾਈਨ ਨਜ਼ਰ ਆਉਂਦੇ ਅਸੰਜਮ ਦਾ ਕਾਰਨ ਅਸਲ ਵਿੱਚ ਸਾਡੀ ਆਫ਼ਲਾਈਨ ਜ਼ਿੰਦਗੀ ਹੈ।
ਇਸ ਸਮੱਸਿਆ ਦਾ ਹੱਲ ਦੱਸਦਿਆਂ ਉਹ ਕਹਿੰਦੇ ਹਨ,"ਸੁਧਾਰ ਲਈ ਸਾਨੂੰ ਕਿਸੇ ਤਰ੍ਹਾਂ ਨੌਜਵਾਨਾਂ ਅਤੇ ਖਾਸ ਤੌਰ ''ਤੇ ਕਿਸ਼ੋਰਾਂ ਦੀ ਅਸਲ ਜ਼ਿੰਦਗੀ ਦਾ ਹਿੱਸਾ ਬਣਨਾ ਪਵੇਗਾ।"
ਨਤਾਸ਼ਾ ਵਾਲਟਰ ਬਹਿਸ ਦਾ ਆਧਾਰ ਬਦਲਣ ਬਾਰੇ ਖ਼ਦਸ਼ਾ ਜ਼ਾਹਿਰ ਕਰਦੇ ਹਨ।
ਇਕ ਅਜਿਹੇ ਬਿਰਤਾਂਤ ਦੀ ਸੰਭਾਵਨਾ, ਜਿਸ ਵਿੱਚ ਮਰਦ ਪੀੜਤ ਵਜੋਂ ਦਰਸਾਏ ਜਾਂਦੇ ਹਨ।
ਉਹ ਮੰਨਦੇ ਹਨ ਕਿ "ਲਿੰਗਕ ਅਧਾਰ ’ਤੇ ਰੂੜ੍ਹੀਵਾਦੀ ਸੋਚ ਔਰਤਾਂ ਅਤੇ ਮਰਦਾਂ ਦੋਵਾਂ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। ਅਜਿਹੇ ਸੰਕੀਰਣ ਰਵੱਈਏ ਨੂੰ ਮੁਖ਼ਾਤਿਬ ਹੋਣਾ ਬਹੁਤ ਅਹਿਮ ਹੈ।"
ਉਨ੍ਹਾਂ ਕਿਹਾ,"ਮਰਦ ਅਤੇ ਔਰਤਾਂ ਨੂੰ ਮਰਦਾਨਗੀ ਅਤੇ ਹਿੰਸਾ ਜਾਂ ਨਾਰੀਵਾਦ ਅਤੇ ਨਾਬਰਾਬਰ ਮਹਿਨਤਾਨਾ ਜਾਂ ਅੱਤ ਦੇ ਜਿਨਸੀ ਵਰਤਾਰੇ ਜਿਸ ਵਿੱਚ ਔਰਤਾਂ ਨੂੰ ਨੀਵਾਂ ਕਰਕੇ ਦਿਖਾਇਆ ਜਾਵੇ, ਨਾਲ ਨਜਿੱਠਣ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।"
ਔਰਤਾਂ ਦੇ ਹੱਕਾਂ ਨੂੰ ਲੈ ਕੇ ਦੁਨੀਆਂ ਭਰ ’ਚ ਸਮੇਂ ਸਮੇਂ ਵਿਰੋਧ ਪ੍ਰਦਰਸ਼ਨ ਹੁੰਦੇ ਰਹੇ (ਸੰਕੇਤਕ ਤਸਵੀਰ)
ਕਾਰਨ ਦੀ ਤਲਾਸ਼
ਰਿਚਰਡ ਰੀਵਜ਼ ਮੰਨਦੇ ਹਨ ਕਿ ਸਾਨੂੰ ਪਤਾ ਕਰਨ ਦੀ ਲੋੜ ਹੈ ਕਿ ਸਮਾਜਿਕ ਤੌਰ ’ਤੇ ਸਾਡੀਆਂ ਜ਼ਿੰਦਗੀਆਂ ਵਿੱਚ ਅਜਿਹਾ ਕੀ ਹੈ ਜੋ ਡਿਜੀਟਲ ਗ਼ੈਰ-ਸਮਾਜਿਕ ਵਰਤਾਰੇ ਨੂੰ ਉਤਸ਼ਾਹਿਤ ਕਰਦਾ ਹੈ।
ਉਹ ਕਹਿੰਦੇ ਹਨ,"ਮੈਨੂੰ ਨਹੀਂ ਲਗਦਾ ਕਿ ਇਸ ਸਮੱਗਰੀ ਵਿੱਚ ਦਿਲਚਸਪੀ ਮਹਿਜ ਇਸ ਲਈ ਹੈ ਕਿਉਂਕਿ ਇਹ ਉਨ੍ਹਾਂ ਮਰਦ ਅਤੇ ਮੁੰਡਿਆਂ ਦੇ ਦਬਦਬੇ ਵਾਲੇ ਰਵੱਈਏ ਨੂੰ ਦਰਸਾਉਂਦੀ ਹੈ, ਜੋ ਆਪਣੀਆਂ ਜ਼ਿੰਦਗੀਆਂ ਵਿੱਚ, ਕਾਰੋਬਾਰਾਂ ਵਿੱਚ, ਪਰਿਵਾਰਾਂ ਜਾਂ ਸਕੂਲਾਂ ਵਿੱਚ ਸੰਘਰਸ਼ ਝੱਲ ਰਹੇ ਹਨ।"
"ਮੈਨੂੰ ਇਹ ਕਹਿਣ ਵਿੱਚ ਗੁਰੇਜ਼ ਨਹੀਂ ਕਿ ਸਾਨੂੰ ਔਰਤਾਂ ਤੇ ਮਰਦਾਂ ਦੋਵਾਂ ਲਈ ਕੰਮ ਕਰਨ ਦੀ ਲੋੜ ਹੈ।"
ਮਾਹਰਾਂ ਮੁਤਾਬਕ ਔਰਤ ਨੂੰ ਬਰਾਬਰਤਾ ਦਵਾਉਣ ਲਈ ਸਭ ਨੂੰ ਮਿਲ ਕੇ ਕੰਮ ਕਰਨਾ ਪਵੇਗਾ
ਇਕੱਠਿਆਂ ਕੰਮ ਕਰਨ ਦੀ ਲੋੜ
ਹਾਲਾਂਕਿ ਦੁਨੀਆ ਦੇ ਕੁਝ ਵੱਡੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਐਂਡ੍ਰਿਉ ਟੇਟ ''ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਮਾਹਿਰਾਂ ਦਾ ਮੰਨਣਾ ਹੈ ਕਿ ਅਜੇ ਹੋਰ ਕੰਮ ਕਰਨਾ ਬਾਕੀ ਹੈ।
ਸੋਫੀਆ ਸਮਿਥ ਗੈਲਰ ਕਹਿੰਦੇ ਹਨ, "ਮੈਨੂੰ ਲਗਦਾ ਹੈ ਕਿ ਹਰ ਪਲੇਟਫਾਰਮ ਵਿੱਚ ਇੱਕ ਸਮੱਸਿਆ ਹੈ ਅਤੇ ਇਹ ਉਹ ਚੀਜ਼ ਹੈ ਜੋ ਕਿ ਸਾਰੇ ਅਧਿਐਨਾਂ ਵਿੱਚ ਵਿਆਪਕ ਤੌਰ ''ਤੇ ਦਸਤਾਵੇਜ਼ੀ ਰੂਪ ਵਿੱਚ ਦਰਜ ਹੈ ਜੋ ਕਿ ਆਨਲਾਇਨ ਸ਼ੋਸ਼ਣ ਨਾਲ ਸਬੰਧਿਤ ਹੈ।"
"ਜੇ ਕੋਈ ਸੁਧਰਿਆ ਹੋਇਆ ਸੋਸ਼ਲ ਮੀਡੀਆ ਪਲੇਟਫਾਰਮ ਹੈ ਤਾਂ ਉਸ ਨੂੰ ਬਿਹਤਰ ਸਮਾਜ ਲਈ ਕੰਮ ਕਰਨ ਦੀ ਲੋੜ ਹੈ।”
ਪੱਤਰਕਾਰ ਮੰਨਦੀ ਹੈ ਕਿ ਇਹਨਾਂ ਕੰਪਨੀਆਂ ਲਈ ਸੰਜਮ ਇੱਕ ਚੁਣੌਤੀ ਹੈ ਕਿਉਂਕਿ ਉਨ੍ਹਾਂ ਨੂੰ ਹਰ ਕਿਸਮ ਦੇ ਨਫ਼ਰਤ ਭਰੇ ਭਾਸ਼ਣਾਂ ਨਾਲ ਨਜਿੱਠਣ ਦੀ ਲੋੜ ਹੈ - ਪਰ ਉਸਦਾ ਮੰਨਣਾ ਹੈ ਕਿ ਉਹ ਔਨਲਾਈਨ ਸੰਸਾਰ ਨੂੰ ਘੱਟ ਪੱਖਪਾਤੀ ਅਤੇ ਲਿੰਗਵਾਦੀ ਬਣਾਉਣ ਵਿੱਚ ਕੁਝ ਜ਼ਿੰਮੇਵਾਰੀ ਲੈਂਦੇ ਹਨ।
ਉਹ ਕਹਿੰਦੇ ਹਨ ਕਿ ਹਰ ਇੱਕ ਨੂੰ ਨਫ਼ਰਤ ਭਰੇ ਰਵੱਈਏ ਨਾਲ ਸੰਜਮ ਨਾਲ ਨਜਿੱਠਣ ਲਈ ਕੰਮ ਕਰਨਾ ਚਾਹੀਦਾ ਹੈ।
"ਬੇਸ਼ੱਕ, ਆਨਲਾਈਨ ਔਰਤਾਂ ਖ਼ਿਲਾਫ਼ ਹੱਦ ਤੋਂ ਵੱਧ ਸਮੱਗਰੀ ਮੌਜੂਦ ਹੈ ਤੇ ਇਸ ਨਾਲ ਨਜਿੱਠਣ ਦੀ ਕੋਸ਼ਿਸ਼ ਇੱਕ ਵੱਡੀ ਚੁਣੌਤੀ ਹੈ ਪਰ ਸਾਨੂੰ ਕੰਮ ਤਾਂ ਕਰਨਾ ਹੀ ਚਾਹੀਦਾ ਹੈ।"
ਟੇਟ ਦਾ ਕਹਿਣਾ ਹੈ ਕਿ ਇੱਕ ‘ਗ਼ਲਤ ਬਿਰਤਾਂਤ’ ਪੇਸ਼ ਕਰਨ ਲਈ ਉਨ੍ਹਾਂ ਦੇ ਵਿਚਾਰਾਂ ਨੂੰ ‘ਗਲਤ ਸਮਝਿਆ ਗਿਆ’।
"ਪ੍ਰਸੰਗ ਤੋਂ ਬਾਹਰ ਲਿਆ ਗਿਆ ਅਤੇ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ"।
ਉਹ ਮਨੁੱਖੀ ਤਸਕਰੀ ਅਤੇ ਬਲਾਤਕਾਰ ਦੀ ਜਾਂਚ ਦੇ ਸਬੰਧ ਵਿੱਚ ਸਾਰੇ ਦੋਸ਼ਾਂ ਤੋਂ ਵੀ ਮੁਨਕਰ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕਾ ਭੇਜਣ ਦੇ ਨਾਂ ''ਤੇ ਠੱਗੀ: ''ਜੋ ਮੇਰੇ ਨਾਲ ਹੋਇਆ ਕਿਸੇ ਨਾਲ ਹੋਵੇ, ਹੁਣ ਤਾਂ ਜਹਾਜ਼ ਦੇਖ ਕੇ ਵੀ...
NEXT STORY