ਮੱਧ ਪ੍ਰਦੇਸ਼ ਦੇ ਇੰਦੋਰ ਵਿੱਚ ਸਿੰਧੀ ਸਮਾਜ ਦੇ ਮੰਦਿਰਾਂ ਅਤੇ ਸੰਤਾਂ ਦੇ ਡੇਰਿਆਂ ਵਿੱਚ ਕਰੀਬ ਇੱਕ ਸਦੀ ਤੋਂ ਸਥਾਪਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੰਧੀ ਸਮਾਜ ਵੱਲੋਂ ਗੁਰੂ ਸਿੰਘ ਸਭਾ ਨੂੰ ਸੌਂਪ ਦਿੱਤੇ ਗਏ ਹਨ।
ਹਾਲਾਂਕਿ ਇਹ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਇਹ ਸਰੂਪ ਕਿੰਨੇ ਪੁਰਾਤਨ ਹਨ।
ਸਿੰਧੀਆਂ ਨੇ ਇਹ ਫ਼ੈਸਲਾ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਲੈ ਕੇ ਪੈਦਾ ਹੋਏ ਇੱਕ ਵਿਵਾਦ ਤੋਂ ਬਾਅਦ ਲਿਆ ਹੈ।
ਇਹ ਵਿਵਾਦ ਕਾਫ਼ੀ ਤੇਜੀ ਨਾਲ ਫੈਲਿਆ ਸੀ। ਸਿੰਧੀਆਂ ਨੇ ਲਗਭਗ 90 ਗੁਰੂ ਗ੍ਰੰਥ ਸਾਹਿਬ ਦੇ ਸਰੂਪ ਸਿੱਖ ਸਮਾਜ ਨੂੰ ਸੌਂਪੇ ਹਨ।
ਸੌਂਪੇ ਗਏ ਸਰੂਪਾਂ ਵਿੱਚੋਂ 70 ਹੱਥ ਲਿਖਤ ਦੱਸੇ ਜਾ ਰਹੇ ਹਨ।
ਸਿੰਧੀ ਸਮਾਜ ਦਾ ਕਹਿਣਾ ਹੈ ਕਿ ਇਹ ਵਿਵਾਦ ਉਸ ਸਮੇਂ ਸ਼ੁਰੂ ਹੋਇਆ ਜਦੋਂ ਕੁਝ ਲੋਕ ਜੋ ‘ਨਿਹੰਗਾਂ’ ਜਿਹੇ ਦਿਖ ਰਹੇ ਸਨ, ਉਹ ਸ਼ਹਿਰ ਦੇ ਰਾਜਮਹਿਲ ਇਲਾਕੇ ਦੇ ਇੱਕ ਘਰ ਵਿੱਚ ਗਏ ਸਨ।
ਇਸ ਘਰ ਵਿੱਚ ਗੁਰੂ ਗ੍ਰੰਥ ਸਾਹਿਬ ਸਥਾਪਿਤ ਕੀਤੇ ਹੋਏ ਸਨ।
ਸਤਿਕਾਰ ਕਮੇਟੀ ਵੱਲੋਂ ਬੇਅਦਬੀ ਦੇ ਇਲਜ਼ਾਮ
ਇਸ ਗਰੁੱਪ ਨਾਲ ਸਬੰਧਤ ਕਰੀਬ 10 ਲੋਕਾਂ ਨੇ ਜੋ ‘ਨਿਹੰਗਾਂ’ ਦੇ ਬਾਣੇ ਵਿੱਚ ਦਾਖਲ ਹੋਏ ਸਨ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਇਲਜ਼ਾਮ ਲਗਾਇਆ ਸੀ।
ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਬਣਾਏ ਰੱਖਣ ਲਈ ਕਿਹਾ ਸੀ। ਇਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉਪਰ ਵੀ ਵਾਇਰਲ ਹੋਈ।
ਇਸ ਵੀਡੀਓ ਵਿੱਚ ਡੇਰੇ ਦੇ ਲੋਕਾਂ ਅਤੇ ‘ਨਿਹੰਗਾਂ’ ਦੇ ਬਾਣੇ ਵਿੱਚ ਆਏ ਲੋਕਾਂ ਵਿਚਾਲੇ ਬਹਿਸ ਹੁੰਦੀ ਵੇਖੀ ਜਾ ਸਕਦੀ ਹੈ।
ਨਿਹੰਗਾਂ ਦੇ ਬਾਣੇ ਵਿੱਚ ਆਏ ਲੋਕਾਂ ਦੀ ਹਾਲੇ ਪਛਾਣ ਨਹੀਂ ਹੋ ਸਕੀ ਹੈ।
ਇਹ ਵਿਦਾਦ ਉਸ ਸਮੇਂ ਹੋਰ ਤਿੱਖਾ ਹੋ ਗਿਆ ਜਦੋਂ ਇਹਨਾਂ ਨਿਹੰਗਾਂ ਦੇ ਪਹਿਰਾਵੇ ਵਿੱਚ ਆਏ ਲੋਕਾਂ ਨੇ ਪੁਲਿਸ ਨੂੰ ਮੰਗ ਪੱਤਰ ਦਿੱਤਾ।
ਇਹਨਾਂ ਨੇ ਇਲਜ਼ਾਮ ਲਗਾਇਆ ਕਿ ਜਿਸ ਤਰ੍ਹਾਂ ਸਰੂਪਾਂ ਨੂੰ ਰੱਖਿਆ ਜਾਣਾ ਚਾਹੀਦਾ ਸੀ, ਉਸ ਤਰੀਕੇ ਨਾਲ ਡੇਰਿਆਂ ਅਤੇ ਮੰਦਿਰਾਂ ਵਿੱਚ ਸਥਾਪਿਤ ਨਹੀਂ ਕੀਤਾ ਗਿਆ ਹੈ।
ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ‘ਬੇਅਦਬੀ’ ਹੋ ਰਹੀ ਹੈ ਜਿਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਰਹੀ ਹੈ।
ਕੀ ਹੈ ਮਾਮਲਾ ?
- ਸਿੰਧੀ ਸਮਾਜ ਨੇ ਗੁਰੂ ਗ੍ਰੰਥ ਸਾਹਿਬ ਦੇ 90 ਸਰੂਪ ਸਿੱਖ ਸਮਾਜ ਨੂੰ ਸੌਂਪੇ ਹਨ।
- ਸੌਂਪੇ ਗਏ ਸਰੂਪਾਂ ਵਿਚੋਂ 70 ਹੱਥ ਲਿਖਤ ਹਨ ਅਤੇ ਕਰੀਬ ਇੱਕ ਸਦੀ ਪੁਰਾਣੇ ਦੱਸੇ ਜਾ ਰਹੇ ਹਨ।
- ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਬੇਅਦਬੀ ਦੇ ਇਲਜ਼ਾਮ ਲਗਾਇਆ ਹਨ।
- ਸਿੰਧੀ ਸਮਾਜ ਦੇ ਲੋਕਾਂ ਨੇ ਕਿਹਾ ਕਿ ਉਹ ਘਬਰਾਏ ਹੋਏ ਹਨ।
ਸਿੰਧੀ ਸਮਾਜ ਦੇ ਲੋਕ ‘ਘਬਰਾਏ ਹੋਏ ਹਨ’
ਸਿੰਧੀ ਸਮਾਜ ਨਾਲ ਸਬੰਧਤ ਕਮਲ ਨੇ ਬੀਬੀਸੀ ਨੂੰ ਨਾਲ ਗੱਲ ਕਰਦਿਆਂ ਇਲਜ਼ਾਮ ਲਗਾਇਆ ਕਿ ਜੋ ਲੋਕ ਰਾਜਮਹਿਲ ਕਾਲੋਂ ਦੇ ਡੇਰੇ ’ਤੇ ਆਏ ਸਨ, ਉਹਨਾਂ ਨੇ ਉੱਥੇ ਮੂਰਤੀਆਂ ਉਪਰ ਇਤਰਾਜ਼ ਪ੍ਰਗਟ ਕੀਤਾ।
ਕਮਲ ਮੁਤਾਬਿਕ ਇਹ ਲੋਕ ਕਹਿ ਰਹੇ ਸਨ ਕਿ ਉਹ ਅੰਮ੍ਰਿਤਸਰ ਤੋਂ ਆਏ ਹਨ। ਉਹਨਾਂ ਕਿਹਾ ਕਿ ਮੰਦਿਰਾਂ ਵਿੱਚ ਮੂਰਤੀਆਂ ਹਨ ਅਤੇ ਸਿੱਖ ਸਮਾਜ ਮੂਰਤੀ ਪੂਜਾ ਨਹੀਂ ਕਰਦਾ ਹੈ ਇਸ ਲਈ ਮੰਦਿਰ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਹੋਣਾ, ਤੈਅ ਕੀਤੀ ਗਈ ਧਾਰਮਿਕ ਮਰਿਆਦਾ ਦੇ ਖ਼ਿਲਾਫ਼ ਹੈ।
ਕਮਲ ਕਹਿੰਦੇ ਹਨ, “ਇਹਨਾਂ ਲੋਕਾਂ ਨੇ ਆਪਣੀ ਜਾਣ ਪਹਿਚਾਣ ਨਹੀਂ ਕਰਵਾਈ। ਸਿਰਫ਼ ਇਹ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਏ ਹਨ। ਉਹਨਾਂ ਕਿਹਾ ਕਿ ਜਾਂ ਤਾਂ ਮੂਰਤੀਆਂ ਹਟਾ ਦੇਵੋ ਜਾਂ ਸਰੂਪ ਗੁਰਦੁਆਰਾ ਸਾਹਿਬ ਨੂੰ ਸੌਂਪ ਦੇਵੋ।”
ਉਹ ਕਹਿੰਦੇ ਹਨ ਕਿ ਇਸ ਘਟਨਾ ਤੋਂ ਬਾਅਦ ਸਿੰਧੀ ਸਮਾਜ ਦੇ ਲੋਕ ਘਬਰਾਏ ਹੋਏ ਹਨ।
ਉਹਨਾਂ ਨੇ ਸੰਤਾਂ ਨਾਲ ਸੰਪਰਕ ਕੀਤਾ।
ਜਲਦਬਾਜ਼ੀ ਵਿੱਚ ਸਿੰਧੀ ਸੰਤਾਂ ਦੀ ਬੈਠਕ ਬੁਲਾਈ ਗਈ।
ਲੋਕਾਂ ਨੇ ਸਥਾਨਕ ਗੁਰਦੁਆਰਾ ਸਾਹਿਬ ਅਤੇ ਗੁਰੂ ਸਿੰਘ ਸਭਾ ਦੇ ਅਧਿਕਾਰੀਆਂ ਨਾਲ ਸੰਪਰਕ ਕੀਤਾ।
‘ਪਵਿੱਤਰ ਗ੍ਰੰਥਾਂ ਦੀ ਮਰਿਆਦਾ ਦੇ ਅਣਦੇਖੀ’
ਇੰਦੋਰ ਦੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਭਾਟੀਆ ਰਿੰਕੂ ਨੇ ਬੀਬੀਸੀ ਨਾਲ ਗੱਲ ਕਰਦਿਆਂ ਕਿਹਾ ਕਿ ਇਹ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਇਹਨਾਂ ਮੰਦਿਰਾਂ ਅਤੇ ਡੇਰਿਆਂ ਵਿੱਚ ਗੁਰੂ ਗ੍ਰੰਥ ਸਾਹਿਬ ਸਥਾਪਿਤ ਹੈ ਪਰ ਧਰਮ ਸਤਿਕਾਰ ਕਮੇਟੀ ਦੇ ਮੈਂਬਰਾਂ ਨੇ ਪਾਇਆ ਕਿ ਪਵਿੱਤਰ ਗ੍ਰੰਥਾਂ ਦੀ ਮਰਿਆਦਾ ਦੀ ਅਣਦੇਖੀ ਕੀਤੀ ਗਈ ਹੈ।
ਭਾਟੀਆ ਨੇ ਕਿਹਾ, “ਸਿੰਧੀ ਸਮਾਜ ਗੁਰੂ ਗ੍ਰੰਥ ਸਾਹਿਬ ਨਾਲ 500 ਸਾਲਾਂ ਤੋਂ ਜੁੜਿਆ ਹੋਇਆ ਹੈ। ਇਹ ਸੱਚ ਹੈ ਕਿ ਉਹਨਾਂ ਦੀ ਸ਼ਰਧਾ ਸਿੱਖਾਂ ਦੇ ਪਵਿਤਰ ਗ੍ਰੰਥ ਨਾਲ ਜੁੜੀ ਹੋਈ ਹੈ ਪਰ ਇਹਨਾਂ ਮੰਦਿਰਾਂ ਅਤੇ ਡੇਰਿਆਂ ਵਿੱਚ ਸਥਾਪਿਤ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤ ਪੁਰਾਤਨ ਹਨ।”
“ਦਹਾਕਿਆਂ ਪੁਰਾਣੇ ਇਹ ਗ੍ਰੰਥ ਬਿਰਧ ਹੋ ਚੁੱਕੇ ਹਨ। ਇਹ ਦੇਖਿਆ ਗਿਆ ਹੈ ਕਿ ਉਹਨਾਂ ਦੀ ਲਿਖਾਈ ਮਿਟ ਰਹੀ ਹੈ। ਗੁਰੂ ਗ੍ਰੰਥ ਸਾਹਿਬ ਉਪਰ ਹੱਥ ਨਾਲ ਮੂਰਤੀਆਂ ਵੀ ਉੱਕਰੀਆਂ ਹੋਈਆਂ ਹਨ।”
“ਹਾਲਾਂਕਿ ਉਹ ਇਹ ਵੀ ਮੰਨਦੇ ਹਨ ਕਿ ਅਜਿਹਾ ਆਸਥਾ ਕਾਰਨ ਕੀਤਾ ਹੋ ਸਕਦਾ ਹੈ। ਪਰ ਉਹਨਾਂ ਦਾ ਇਲਜ਼ਾਮ ਹੈ ਕਿ ਜਿਸ ਤਰ੍ਹਾਂ ਸਿੰਧੀ ਸਮਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਰੱਖਿਆ ਹੋਇਆ ਸੀ, ਉਹ ਅਕਾਲ ਤਖਤ ਸਾਹਿਬ ਅਤੇ ਸਤਿਕਾਰ ਕਮੇਟੀ ਵੱਲੋਂ ਤੈਅ ਕੀਤੀ ਮਰਿਆਦਾ ਦੇ ਖਿਲਾਫ਼ ਹੈ।”
ਗੁਰੂ ਸਿੰਘ ਸਭਾ ਦੇ ਸਕੱਤਰ ਸੁਰਜੀਤ ਸਿੰਘ ਟੁਟੇਜਾ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਸਪੱਸ਼ਟ ਰੂਪ ਵਿੱਚ ਤੈਅ ਕੀਤਾ ਗਿਆ ਹੈ ਕਿ ਜਿੱਥੇ ਗੁਰੂ ਗ੍ਰੰਥ ਸਾਹਿਬ ਸਥਾਪਿਤ ਹੋਣਗੇ, ਉਥੇ ਉਹਨਾਂ ਦਾ ਆਸਨ ਕੀ ਹੋਵੇਗਾ। ਇਹ ਹਮੇਸ਼ਾ ਉੱਚਾ ਸਥਾਨ ਹੋਵੇਗਾ। ਗੁਰੂ ਗ੍ਰੰਥ ਸਾਹਿਬ ਨੂੰ ਲਿਆਉਣ ਤੇ ਲਿਜਾਣ ਲਈ ਪਾਲਕੀ ਅਤੇ ਚੰਦੋਆ ਸਾਹਿਬ ਦੀ ਕੀ ਰੋਲ ਹੋਵੇਗਾ, ਇਹ ਵੀ ਸਪੱਸ਼ਟ ਹੈ।”
ਉਹ ਕਹਿੰਦੇ ਹਨ, “ਇਹ ਪਾਇਆ ਗਿਆ ਕਿ ਇੱਕ ਘਰ ਵਿੱਚ 11-12 ਸਰੂਪ ਰੱਖੇ ਗਏ ਸਨ। ਉਹਨਾਂ ਦੇ ਆਸਨ ਤੇ ਮਰਿਆਦਾ ਦਾ ਧਿਆਨ ਨਹੀਂ ਰੱਖਿਆ ਗਿਆ। ਇਸ ਲਈ ਐਸਜੀਪੀਸੀ ਦੀ ਧਰਮ ਪ੍ਰਚਾਰ ਸੰਮਤੀ ਨੂੰ ਸੂਚਿਤ ਕਰ ਦਿੱਤਾ ਗਿਆ ਸੀ।”
ਇਹ ਵੀ ਪੜ੍ਹੋ:
ਸ਼੍ਰੋਮਣੀ ਕਮੇਟੀ ਤੇ ਸਿੰਧੀ ਭਾਈਚਾਰੇ ਦਾ ਵਿਚਾਰ-ਵਟਾਂਦਰਾ
ਅੰਮ੍ਰਿਤਸਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਇੰਦੌਰ ਪੁੱਜੇ ਸਨ।
ਉਹਨਾਂ ਨੇ ਸਥਾਨਕ ਸਿੰਧੀ ਭਾਈਚਾਰੇ ਦੇ ਸੰਤਾਂ-ਮਹਾਂਪੁਰਸ਼ਾਂ ਨਾਲ ਵਿਚਾਰ-ਵਟਾਂਦਰਾ ਕੀਤਾ।
ਇਸ ਤੋਂ ਬਾਅਦ ਸੰਤਾਂ ਦੀ ਸਹਿਮਤੀ ਨਾਲ ਫੈਸਲਾ ਕੀਤਾ ਗਿਆ ਕਿ 90 ਦੇ ਕਰੀਬ ਸਰੂਪ ਗੁਰਦੁਆਰਾ ਸਿੰਘ ਸਭਾ ਇਮਲੀ ਸਾਹਿਬ ਵਿਖੇ ਭੇਟ ਕੀਤੇ ਜਾਣਗੇ। ਫਿਰ ਅਜਿਹਾ ਹੀ ਹੋਇਆ।
70 ਹੱਥ ਲਿਖਤ ਸਰੂਪ ਮਿਲੇ
ਸਾਰੇ ਸਰੂਪ ਪ੍ਰਾਪਤ ਕਰਨ ਤੋਂ ਬਾਅਦ ਸਭਾ ਨੇ ਆਪਣਾ ਪੱਤਰ ਵੀ ਸੁਸਾਇਟੀ ਨੂੰ ਸੌਂਪ ਦਿੱਤਾ।
ਮਨਜੀਤ ਸਿੰਘ ਭਾਟੀਆ ਦਾ ਕਹਿਣਾ ਹੈ ਕਿ ਸੌਂਪੇ ਗਏ ਸਰੂਪਾਂ ਵਿਚੋਂ 70 ਹੱਥ ਲਿਖਤ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਅੰਗਾਂ ਨੂੰ ਟੇਪ ਨਾਲ ਚਿਪਕਾਇਆ ਗਿਆ ਹੈ, ਕੁਝ ''ਤੇ ਹੱਥਾਂ ਨਾਲ ਲਿਖਿਆ ਗਿਆ ਹੈ।
ਉਹ ਕਹਿੰਦੇ ਹਨ, “ਸਤਿਕਾਰ ਕਮੇਟੀ ਜਾਂਚ ਕਰਦੀ ਹੈ ਅਤੇ ਆਪਣੀ ਰਿਪੋਰਟ ਅਕਾਲ ਤਖ਼ਤ ਸਾਹਿਬ ਨੂੰ ਸੌਂਪਦੀ ਹੈ। ਉਹ ਫੈਸਲਾ ਕਰਦੀ ਹੈ ਕਿ ਕੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਮਰਿਆਦਾ ਅਨੁਸਾਰ ਕੀਤਾ ਗਿਆ ਹੈ ਜਾਂ ਨਹੀਂ।”
ਹਾਲਾਂਕਿ, ਸਿਰਫ ਅਧਿਕਾਰਤ ਲੋਕ ਹੀ ਇਸ ਦੀ ਜਾਂਚ ਕਰਦੇ ਹਨ।
ਪਰ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਹੜੇ ਲੋਕ ਡੇਰੇ ਵਿੱਚ ਪਹਿਲੇ ਦਿਨ ਦਾਖਲ ਹੋਏ ਸਨ, ਉਹ ਅਧਿਕਾਰਤ ਸਨ ਜਾਂ ਨਹੀਂ।
ਇਸ ਉਪਰ ਭਾਟੀਆ ਦਾ ਕਹਿਣਾ ਹੈ ਕਿ ਕੁਝ ਨੌਜਵਾਨਾਂ ਨੇ ਜੋਸ਼ ''ਚ ਜ਼ਰੂਰ ਕਾਰਵਾਈ ਕੀਤੀ ਪਰ ਸਥਿਤੀ ''ਤੇ ਤੁਰੰਤ ਕਾਬੂ ਪਾ ਲਿਆ ਗਿਆ ਸੀ।
ਸਿੰਧੀ ਸਮਾਜ ਦੇ ਮੁਖੀ ਸਵਾਮੀ ਗੁਰਚਰਨ ਦਾਸ ਨੇ ਸਥਿਤੀ ਨੂੰ ਸੰਭਾਲਦਿਆਂ ਗੁਰੂ ਸਿੰਘ ਸਭਾ ਦੇ ਪ੍ਰਧਾਨ ਨੂੰ ਪੱਤਰ ਲਿਖ ਕੇ ਸਰੂਪ ਸੌਂਪਣ ਦੀ ਪੇਸ਼ਕਸ਼ ਕੀਤੀ ਸੀ।
ਇਸ ਪੱਤਰ ਦੇ ਜਵਾਬ ਵਿੱਚ, ਇੰਦੌਰ ਦੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਸਰਦਾਰ ਜਸਬੀਰ ਸਿੰਘ ਗਾਂਧੀ ਨੇ ਸਿੰਧੀ ਗੁਰੂ ਸਵਾਮੀ ਗੁਰਚਰਨਦਾਸ ਉਦਾਸੀ ਜੀ ਨੂੰ ਪੱਤਰ ਲਿਖਿਆ ਸੀ
ਉਹਨਾਂ ਕਿਹਾ, "ਤੁਹਾਡੇ ਵੱਲੋਂ ਗੁਰੂ ਗ੍ਰੰਥ ਦੀ ਦਰਸਾਏ ਢੰਗ ਨਾਲ ਪਾਲਣਾ ਕਰਨ ਵਿੱਚ ਅਸਮਰੱਥਾ ਦਰਸਾਈ ਗਈ ਸੀ ਅਤੇ ਕਿਹਾ ਸੀ ਕਿ ਸਾਰੇ ਸਿੰਧੀ ਸੰਤਾਂ ਨੇ ਫੈਸਲਾ ਕੀਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਰੂਪ ਵਾਪਸ ਕਰਨ ਲਈ ਨਿਸ਼ਚਿਤ ਜਗ੍ਹਾ ਦੱਸ ਦਿਓ।”
“ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਮਹਾਰਾਜ ਦੇ ਪਾਵਨ ਸਰੂਪ 12 ਜਨਵਰੀ ਤੱਕ ਇਤਿਹਾਸਕ ਗੁਰਦੁਆਰਾ ਇਮਲੀ ਸਾਹਿਬ ਵਿਖੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਜਾਵੇ ਅਤੇ ਪ੍ਰਬੰਧਕ ਪਾਸੋਂ ਰਸੀਦ ਲੈ ਲਈ ਜਾਵੇ।”
ਇਸ ਤੋਂ ਬਾਅਦ ਸਰੂਪ ਜਮਾ ਕਰਵਾ ਦਿੱਤੇ ਗਏ।
ਘਟਨਾ ਨੇ ਸਿੰਧੀ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ
ਸਿੰਧੀ ਸਮਾਜ ਦੇ ਰਾਜਦੇਵ ਜੀ ਪ੍ਰਕਾਸ਼ ਨੇ ਬੀਬੀਸੀ ਨੂੰ ਕਿਹਾ ਕਿ ਜੋ ਹੋਇਆ ਉਸ ਨੇ ਉਹਨਾਂ ਦੇ ਸਮਾਜ ਦੀਆਂ ਭਾਵਨਾਵਾਂ ਨੂੰ ਸੱਟ ਵੱਜੀ ਹੈ।
ਉਹਨਾਂ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਉਹਨਾਂ ਦੇ ਬਜ਼ੁਰਗ ਮੰਦਿਰਾਂ ਅਤੇ ਡੇਰਿਆਂ ਵਿੱਚ ਸਰੂਪਾਂ ਨੂੰ ਸਥਾਪਿਤ ਕਰਦੇ ਰਹੇ ਹਨ। ਉਹ ਅਰਦਾਸ ਵੀ ਕਰਦੇ ਰਹੇ ਹਨ।
ਰਾਜਦੇਵ ਜੀ ਪ੍ਰਕਾਸ਼ ਕਹਿੰਦੇ ਹਨ ਕਿ ਉਹਨਾ ਦੇ ਸਮਾਜ ਦੇ ਲੋਕ ਪਾਕਿਸਤਾਨ ਵਿੱਚ ਵੀ ਹਨ। “ਪਹਿਲਾਂ ਸਭ ਪਾਕਿਸਤਾਨ ਵਿੱਚ ਹੀ ਸਨ ਅਤੇ ਉਥੋਂ ਹੀ ਏਥੇ ਆਏ।”
ਉਨ੍ਹਾਂ ਦਾ ਕਹਿਣਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਉਹਨਾਂ ਦੇ ਸਮਾਜ ਦੇ ਲੋਕ ਗੁਰੂ ਨਾਨਕ ਦੇਵ ਜੁੜੇ ਹੋਏ ਸਨ।
ਉਸ ਸਮੇਂ ਤੋਂ ਹੀ ਉਹਨਾਂ ਦੇ ਲੋਕ ਗੁਰੂ ਨਾਨਕ ਦੇਵ ਜੀ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਨ।
ਰਾਜਦੇਵ ਦਾ ਕਹਿਣਾ ਹੈ ਕਿ ਆਪਣੇ ਆਪ ਨੂੰ ਨਿਹੰਗ ਕਹਾਉਣ ਵਾਲੇ ਪਾਰਸ਼ਵਨਾਥ ਕਲੋਨੀ ਅਤੇ ਰਾਜਮਹਿਲ ਕਲੋਨੀ ਵਿੱਚ ਸਾਈਂ ਅਨਿਲ ਮਹਾਰਾਜ ਅਤੇ ਪੂਨਮ ਦੀਦੀ ਦੇ ਦਰਬਾਰਾਂ ਵਿੱਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੋਏ। ਇਸ ਨਾਲ ਤਣਾਅ ਦੀ ਸਥਿਤੀ ਪੈਦਾ ਹੋ ਗਈ।
ਰਾਜਦੇਵ ਦਾ ਕਹਿਣਾ ਹੈ ਕਿ ਅੱਜ ਵੀ, ਸਿੰਧ, ਪਾਕਿਸਤਾਨ ਵਿਚ, ਸਾਰੇ ਹਿੰਦੂ ਮੰਦਿਰਾਂ ਅਤੇ ਉਨ੍ਹਾਂ ਦੇ ਸਮਾਜ ਦੇ ਸੰਤਾਂ ਦੇ ਦਰਬਾਰਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ।
ਬੀਬੀਸੀ ਨਾਲ ਗੱਲ ਕਰਦਿਆਂ ਉਹ ਕਹਿੰਦੇ ਹਨ, “ਅਸੀਂ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਸਿੱਖ ਸਾਡੇ ਭਰਾ ਹਨ। ਅੱਜ ਵੀ ਸਿੰਧੀ ਭਾਈਚਾਰੇ ਦੇ ਇੱਕ ਮੁੰਡੇ ਦੇ ਸਿੱਖ ਬਣਨ ਦੀ ਰਵਾਇਤ ਚੱਲ ਰਹੀ ਹੈ। ਅਸੀਂ ਆਪਸ ਵਿੱਚ ਕੋਈ ਮਤਭੇਦ ਨਹੀਂ ਚਾਹੁੰਦੇ। ਇਸ ਲਈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁਰੂ ਸਿੰਘ ਸਭਾ ਨੂੰ ਸੌਂਪ ਦਿੱਤੇ ਹਨ।”
ਉਹਨਾਂ ਨੇ ਐਸਜੀਪੀਸੀ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਵੀ ਕੀਤੀ। ਉਹਨਾਂ ਇਹ ਵੀ ਤੈਅ ਕੀਤਾ ਕਿ ਸਰੂਪਾਂ ਮੰਦਿਰਾਂ ਅਤੇ ਡੇਰਿਆਂ ਵਿੱਚ ਸਥਾਪਿਤ ਕਰਨ ਲਈ ਮਾਪਦੰਡਾਂ ਦੀ ਪਾਲਣਾ ਕੀਤੀ ਜਾਵੇਗੀ।
ਸਿੱਖ ਸਮਾਜ ਦਾ ਇੱਕ ਹਿੱਸਾ ਨਿਹੰਗਾ ਦੀ ਕਾਰਵਾਈ ਨੂੰ ਗਲਤ ਕਰਾਰ ਦੇ ਰਿਹਾ ਹੈ।
ਉਹਨਾਂ ਨੇ ਇਸ ਉਪਰ ਨਰਾਜ਼ਗੀ ਵੀ ਪ੍ਰਗਟ ਕੀਤੀ ਹੈ।
ਭੋਪਾਲ ਵਿੱਚ ਗੁਰੂ ਸਿੰਘ ਸਭਾ ਦੇ ਮਨਜੀਤ ਸਿੰਘ ਨੇ ਕਿਹਾ ਕਿ ਅਕਾਲ ਤਖਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਿਰਦੇਸ਼ ਹਨ ਕਿ ਕੋਈ ਵੀ ਕਿਸੇ ਦੇ ਘਰ ਵਿੱਚ ਧੱਕੇ ਨਾਲ ਨਹੀਂ ਵੜ ਸਕਦਾ ਅਤੇ ਸਰੂਪਾਂ ਨੂੰ ਆਪਣੇ ਪੱਧਰ ’ਤੇ ਹਟਾ ਸਕਦਾ ਹੈ।
ਉਹ ਕਹਿੰਦੇ ਹਨ ਕਿ ਇਸ ਨਾਲ ਅਕਾਲ ਤਖਤ ਦੀ ਮਰਿਆਦਾ ਨੂੰ ਸੱਟ ਲੱਗੀ ਹੈ।
ਮਹੌਲ ਸ਼ਾਂਤ ਕਰਨ ਦੀ ਕੋਸ਼ਿਸ਼
ਸਿੰਧ ਸਮਾਜ, ਸ਼੍ਰੋਮਣੀ ਕਮੇਟੀ ਅਤੇ ਗੁਰੂ ਸਿੰਘ ਸਭਾ ਦੇ ਪ੍ਰਤੀਨਿਧੀਆਂ ਨੇ ਮਹੌਲ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੈਅ ਕੀਤਾ ਕਿ ਡੇਰਿਆਂ ਵਿੱਚ ਮਰਿਆਦਾ ਅਨੁਸਾਰ ਸਰੂਪ ਸਥਾਪਿਤ ਕੀਤੇ ਜਾਣਗੇ।
ਪੰਜਾਬੀ ਟ੍ਰਿਬਿਉਨ ਦੀ ਇੱਕ ਖ਼ਬਰ ਮੁਤਾਬਕ ਇੰਦੌਰ ਵਿਖੇ ਸਿੰਧੀ ਪਰਿਵਾਰਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਸੰਭਾਲ ਅਤੇ ਸਤਿਕਾਰ ਬਾਰੇ ਜਾਗਰੂਕ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਚਾਰਕ ਜਥੇ ਭੇਜੇ ਜਾਣਗੇ। ਇਸ ਦੌਰਾਨ ਇੰਦੌਰ ਤੋਂ ਪਰਤੀ ਪੰਜ ਮੈਂਬਰੀ ਜਾਂਚ ਟੀਮ ਨੇ ਆਪਣੀ ਰਿਪੋਰਟ ਸ਼੍ਰੋਮਣੀ ਕਮੇਟੀ ਨੂੰ ਸੌਂਪ ਦਿੱਤੀ ਹੈ।
ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਗਲੇ ਦਿਨਾਂ ਵਿਚ ਸ਼੍ਰੋਮਣੀ ਕਮੇਟੀ ਦਾ ਪ੍ਰਚਾਰਕ ਜਥਾ ਸਿੰਧੀ ਸਿੱਖਾਂ ਪਾਸ ਭੇਜਿਆ ਜਾਵੇਗਾ ਜੋ ਉਥੋਂ ਦੀ ਸੰਗਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਦਬ-ਸਤਿਕਾਰ, ਸੇਵਾ-ਸੰਭਾਲ ਅਤੇ ਸਿੱਖ ਮਰਯਾਦਾ ਬਾਰੇ ਜਾਗਰੂਕ ਕਰੇਗਾ।
ਉਨ੍ਹਾਂ ਕਿਹਾ ਕਿ ਸਿੱਖ ਮਰਿਆਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਸੰਭਾਲ ਵਿੱਚ ਖ਼ਾਮੀਆਂ ਬਰਦਾਸ਼ਤ ਨਹੀਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸ਼ਰਧਾਵਾਨ ਸਿੱਖਾਂ ਨੂੰ ਗੁਰੂ ਸਾਹਿਬ ਨਾਲੋਂ ਤੋੜ ਦਿੱਤਾ ਜਾਵੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਪਾਰਟੀ ਤੋਂ ਦਿੱਤਾ ਅਸਤੀਫ਼ਾ, ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਪੁੱਜੇ
NEXT STORY