ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ 16 ਮਾਰਚ ਨੂੰ ਇੱਕ ਸਾਲ ਪੂਰਾ ਕਰਨ ਜਾ ਰਹੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਦੀ ਕੁਰਸੀ ਸੰਭਾਲਣ ਤੋਂ ਬਾਅਦ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਹਨ।
ਹਾਲ ਦੇ ਵਿੱਚ ਅਜਨਾਲਾ ਦੇ ਇੱਕ ਪੁਲਿਸ ਸਟੇਸ਼ਨ ਦੇ ਸਾਹਮਣੇ “ਵਾਰਿਸ ਪੰਜਾਬ ਦੇ” ਜਥੇਬੰਦੀਆਂ ਦੇ ਆਗੂਆਂ ਅਤੇ ਪੰਜਾਬ ਪੁਲਿਸ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਫਿਰ ਤੋਂ ਖੜੇ ਹੋ ਗਏ ਹਨ।
23 ਫਰਵਰੀ 2023 ਨੂੰ ਵਾਰਿਸ ਪੰਜਾਬ ਜਥੇਬੰਦੀ ਦੇ ਇੱਕ ਮੈਂਬਰ ਲਵਪ੍ਰੀਤ ਸਿੰਘ ਤੂਫ਼ਾਨ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅਮ੍ਰਿਤਪਾਲ ਸਿੰਘ ਭਾਰੀ ਭੀੜ ਦੇ ਨਾਲ ਅਜਨਾਲਾ ਥਾਣੇ ਪਹੁੰਚਦੇ ਹਨ ਜਿੱਥੇ ਪੁਲਿਸ ਅਤੇ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਆਗੂਆਂ ਦੀ ਝੜਪ ਹੁੰਦੀ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਮੌਜੂਦਗੀ ਵਿੱਚ ਪ੍ਰਦਰਸ਼ਨਕਾਰੀ ਰਵਾਇਤੀ ਹਥਿਆਰਾਂ ਤੋਂ ਇਲਾਵਾ ਡੰਡਿਆਂ ਨਾਲ ਵੀ ਲੈਸ ਸਨ ਜਿਸ ਵਿੱਚ ਪੰਜਾਬ ਪੁਲਿਸ ਮੁਤਾਬਕ ਉਨ੍ਹਾਂ ਦੇ 6 ਜਵਾਨ ਜ਼ਖਮੀ ਵੀ ਹੋਏ ਹਨ।
ਅਮ੍ਰਿਤਪਾਲ ਸਿੰਘ ਆਪਣੇ ਆਪ ਨੂੰ ਦਮਦਮੀ ਟਕਸਾਲ ਦੇ ਸਾਬਕਾ ਮੁਖੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਮਰਥਕ ਦੱਸਦੇ ਹਨ
ਸੂਬੇ ਵਿੱਚ ਆਮ ਆਦਮੀ ਪਾਰਟੀ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਅਜਨਾਲਾ ਵਿੱਚ ਹੋਈ ਹਿੰਸਾ ਦੀ ਕੋਈ ਪਹਿਲੀ ਘਟਨਾ ਨਹੀਂ। ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਕਾਨੂੰਨ ਵਿਵਸਥਾ ਨਾਲ ਜੁੜੀਆਂ ਕੁਝ ਅਜਿਹੀਆਂ ਘਟਨਾਵਾਂ ਹੋਈਆਂ, ਜਿਸ ਕਾਰਨ ਸਰਕਾਰ ਦੀ ਕਾਰਗੁਜ਼ਾਰੀ ''ਤੇ ਵਿਰੋਧੀ ਪਾਰਟੀਆਂ ਸਵਾਲ ਖੜ੍ਹੇ ਕਰ ਰਹੀਆਂ ਹਨ।
ਸਰਹੱਦੀ ਇਲਾਕਿਆਂ ਤੋਂ ਵਿਸਫੋਟਕ ਸਮੱਗਰੀ ਦਾ ਮਿਲਣਾ, ਕਬੱਡੀ ਖਿਡਾਰੀਆਂ ਦਾ ਕਤਲ, ਮੁਹਾਲੀ ਵਿੱਚ ਇੰਟੈਲੀਜੈਂਸ ਦਫ਼ਤਰ ਉੱਤੇ ਆਰਪੀਜੀ ਅਟੈਕ, ਦਿਨ ਦਿਹਾੜੇ ਸਿੱਧੂ ਮੂਸੇਵਾਲਾ ਦਾ ਕਤਲ, ਤਰਨਤਾਰਨ ਦੇ ਇੱਕ ਪੁਲਿਸ ਸਟੇਸ਼ਨ ਉੱਤੇ ਆਰਪੀਜੀ ਅਟੈਕ ਦੀ ਵਾਰਦਾਤ, ਕਾਰੋਬਾਰੀਆਂ ਨੂੰ ਗੈਂਗਸਟਰਾਂ ਵੱਲੋਂ ਫਿਰੌਤੀ ਮੰਗਣ ਦੀਆਂ ਘਟਨਾਵਾਂ ਸ਼ਾਮਲ ਹਨ।
''ਆਪ'' ਸਰਕਾਰ ਵੇਲੇ ਦੀਆਂ ਘਟਨਾਵਾਂ
- 14 ਮਾਰਚ ਨੂੰ ਜਲੰਧਰ ਦੇ ਮੱਲੀਆਂ ਖ਼ੁਰਦ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ
- ਪਟਿਆਲਾ ਵਿਖੇ 29 ਅਪ੍ਰੈਲ 2022 ਨੂੰ ਸ਼ਿਵ ਸੈਨਾ ਅਤੇ ਸਿੱਖ ਸੰਗਠਨਾਂ ਵਿਚਾਲੇ ਹੋਈ ਹਿੰਸਾ
- 9 ਮਈ ਨੂੰ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਵਿੱਚ ਇੱਕ ਧਮਾਕਾ ਹੋਇਆ।
- 29 ਮਈ 2022 ਨੂੰ ਗਾਇਕ ਸਿੱਧੂ ਮੂਸੇਵਾਲਾ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ।
- ਨਵੰਬਰ ਵਿੱਚ ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਪੁਲਿਸ ਦੀ ਮੌਜੂਦਗੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ।
- ਨਵੰਬਰ ਮਹੀਨੇ ਵਿੱਚ ਕੋਟਕਪੂਰਾ ਵਿਖੇ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਡੇਰਾ ਸਿਰਸਾ ਦੇ ਸ਼ਰਧਾਲੂ ਪ੍ਰਦੀਪ ਦੀ ਹੱਤਿਆ।
- ਦਸੰਬਰ ਮਹੀਨੇ ਵਿੱਚ ਤਰਨਤਾਰਨ ਵਿਖੇ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਸਟੇਸ਼ਨ ਦੇ ਨਾਲ ਲੱਗਦੀ ਇਮਾਰਤ ਉੱਤੇ ਰਾਕਟ ਲਾਂਚਰ ਨਾਲ ਹਮਲਾ ਕਰ ਦਿੱਤਾ।
- ਦਸੰਬਰ ਨੂੰ ਨਕੋਦਰ ਵਿਖੇ ਇੱਕ ਕਾਰੋਬਾਰੀ ਵੱਲੋਂ ਫਿਰੌਤੀ ਨਾ ਦਿੱਤੇ ਜਾਣ ਕਾਰਨ ਗੈਂਗਸਟਰ ਨੇ ਸ਼ਰੇਆਮ ਉਸ ਦੀ ਗੋਲੀਆਂ ਮਾਰ ਕੇ ਹੱਤਿਆ।
- 26 ਫਰਵਰੀ ਨੂੰ ਗੋਇੰਦਵਾਲ ਜੇਲ੍ਹ ਵਿਚ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ ਜਿਸ ਵਿੱਚ ਦੋ ਦੀ ਮੌਤ ਹੋ ਗਈ।
ਕਿਉਂ ਉੱਠ ਰਹੇ ਹਨ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ
ਭਾਰਤੀ ਖੁਫ਼ੀਆ ਏਜੰਸੀ ਰਾਅ ਦੇ ਸਾਬਕਾ ਪ੍ਰਮੁੱਖ ਏਐੱਸ ਦੁਲਤ ਨੇ ਪੰਜਾਬ ਦੀ ਮੌਜੂਦਾ ਸਥਿਤੀ ਉੱਤੇ ਟਿੱਪਣੀ ਕਰਦਿਆਂ ਆਖਿਆ, “ਪੰਜਾਬ ਵਿੱਚ ਜੋ ਕੁਝ ਹੋ ਰਿਹਾ ਹੈ ਉਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਹਾਲਤ ਚੰਗੇ ਨਹੀਂ ਹਨ।"
ਬੀਬੀਸੀ ਪੰਜਾਬੀ ਨਾਲ ਉਚੇਚੇ ਤੌਰ ਉੱਤੇ ਫੋਨ ਉੱਤੇ ਗੱਲਬਾਤ ਕਰਦਿਆਂ ਰਾਅ ਦੇ ਸਾਬਕਾ ਪ੍ਰਮੁੱਖ ਨੇ ਆਖਿਆ ਕਿ ਸੂਬੇ ਵਿੱਚ ਜੋ ਕੁਝ ਹੋ ਰਿਹਾ ਹੈ ਉਹ ਪੰਜਾਬ ਵਰਗੇ ਸਰਹੱਦੀ ਸੂਬੇ ਲਈ ਠੀਕ ਨਹੀਂ ਹੈ।
ਉਨ੍ਹਾਂ ਅਮ੍ਰਿਤਪਾਲ ਸਿੰਘ ਉੱਤੇ ਟਿੱਪਣੀ ਕਰਦਿਆਂ ਆਖਿਆ, "ਕੁਝ ਲੋਕ ਉਸ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਵਾਂਗ ਦੇਖ ਰਹੇ ਹਨ, ਪਰ ਮੈਨੂੰ ਅਜਿਹਾ ਨਹੀਂ ਲੱਗਦਾ।"
ਏਐੱਸ ਦੁਲਤ ਮੁਤਾਬਕ ਜਿਸ ਤਰੀਕੇ ਨਾਲ ਨੌਜਵਾਨ ਵਰਗ ਅਮ੍ਰਿਤਪਾਲ ਸਿੰਘ ਨਾਲ ਚੱਲ ਰਿਹਾ ਹੈ, ਇਹ ਦੇਖਣਾ ਹੋਵੇਗਾ ਕਿ ਉਸ ਕੋਲ ਅਜਿਹਾ ਕਿਹੜਾ ਜਾਦੂ ਹੈ ਕਿ ਉਹ ਨੌਜਵਾਨਾਂ ਦੀ ਭੀੜ ਇਕੱਠੀ ਕਰ ਰਿਹਾ ਹੈ।
ਅਜਨਾਲਾ ਵਿੱਚ ਬੈਰੀਕੇਡ ਤੋੜ ਅੰਮ੍ਰਿਤਪਾਲ ਦੇ ਸਮਰਥਕ ਪੁਲਿਸ ਸਟੇਸ਼ਨ ਵਿੱਚ ਵੜੇ ਸੀ
ਉਨ੍ਹਾਂ ਅਜਨਾਲਾ ਪੁਲਿਸ ਸਟੇਸ਼ਨ ਦੇ ਬਾਹਰ ਹੋਈ ਹਿੰਸਾ ਲਈ ਅਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਉੱਤੇ ਵੀ ਹੈਰਾਨੀ ਪ੍ਰਗਟਾਈ ਹੈ।
ਉਨ੍ਹਾਂ ਆਖਿਆ, "ਜੇਕਰ ਕੋਈ ਵਿਅਕਤੀ ਪੰਜਾਬ ਵਿੱਚ ਰਹਿ ਕੇ ਖ਼ਾਲਿਸਤਾਨ ਦੀ ਗੱਲ ਕਰਦਾ ਹੈ ਤਾਂ ਉਸ ਨੂੰ ਸਮਝਣ ਦੀ ਲੋੜ ਹੈ ਕਿਉਂਕਿ ਪੰਜਾਬ ਦਾ ਆਮ ਬਸ਼ਿੰਦਾ ਖ਼ਾਲਿਸਤਾਨ ਬਾਰੇ ਨਹੀਂ ਸੋਚਦਾ ਹੈ।"
ਦੁਲਤ ਨੇ ਆਖਿਆ, "ਖ਼ਾਲਿਸਤਾਨ ਦੀ ਮੰਗ ਪੰਜਾਬੀ ਡਾਇਸਪੋਰਾ ਵਿੱਚ ਜ਼ਰੂਰ ਹੋ ਸਕਦੀ ਹੈ, ਪਰ ਪੰਜਾਬ ਵਿੱਚ ਨਹੀਂ।"
ਪੰਜਾਬ ਦੇ ਸਾਬਕਾ ਡੀਜੀਪੀ ਸ਼ਸ਼ੀ ਕਾਂਤ ਦਾ ਕਹਿਣਾ ਹੈ ਕਿ ਪੰਜਾਬ ਦੀ ਕਾਨੂੰਨ ਵਿਵਸਥਾ ਲਗਾਤਾਰ ਖ਼ਰਾਬ ਹੋ ਰਹੀ ਹੈ ਅਤੇ ਜੇਕਰ ਸਥਿਤੀ ਅਜਿਹੀ ਰਹੀ ਤਾਂ ਇਸ ਦੇ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਉਨ੍ਹਾਂ ਆਖਿਆ, "ਮੌਜੂਦਾ ਸਥਿਤੀ ਨੂੰ ਦੇਖ ਲੱਗ ਰਿਹਾ ਹੈ ਕਿ ਸੂਬਾ ਸਰਕਾਰ ਡਗਮਗਾ ਰਹੀ ਹੈ। ਅਮ੍ਰਿਤਪਾਲ ਸਿੰਘ ਜਿਸ ਸਮੇਂ ਪੰਜਾਬ ਵਿੱਚ ਆਇਆ ਸੀ ਤਾਂ ਉਸ ਸਮੇਂ ਸੂਬੇ ਦੀਆਂ ਅਤੇ ਕੇਂਦਰੀ ਏਜੰਸੀਆਂ ਨੂੰ ਜਾਗਣਾ ਚਾਹੀਦਾ ਸੀ।"
ਸਾਬਕਾ ਡੀਜੀਪੀ ਮੁਤਾਬਕ ਸ਼ੁਰੂ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਨਾ ਕਰਨ ਦੇ ਨਤੀਜੇ ਹੁਣ ਭੁਗਤਣੇ ਪੈ ਰਹੇ ਹਨ।
ਕਾਨੂੰਨ ਵਿਵਸਥਾ ਨੂੰ ਕਾਬੂ ਪਾਉਣ ਵਿੱਚ ‘ਆਪ’ ਕਿਉਂ ਹੋ ਰਹੀ ਹੈ ਅਸਫਲ਼
ਦੂਜੇ ਪਾਸੇ ਪੰਜਾਬ ਦੇ ਸਾਬਕਾ ਡੀਜੀਪੀ ਐਸ ਕੇ ਸ਼ਰਮਾ ਦਾ ਕਹਿਣਾ ਹੈ ਕਿ ਸੂਬੇ ਦੀ ਮੌਜੂਦਾ ਕਾਨੂੰਨ ਵਿਵਸਥਾ ਇੱਕ ਗੰਭੀਰ ਵਿਸ਼ਾ ਹੈ ਅਤੇ ਸਰਕਾਰ ਨੂੰ ਇਸ ਨਾਲ ਨਜਿੱਠਣ ਲਈ ਠੋਸ ਨੀਤੀ ਤਹਿਤ ਕੰਮ ਕਰਨਾ ਹੋਵੇਗਾ।
ਉਨ੍ਹਾਂ ਅਮ੍ਰਿਤਪਾਲ ਬਾਰੇ ਆਖਿਆ, "ਉਸ ਦਾ ਮਕਸਦ ਕੀ ਹੈ, ਉਹ ਵਿਦੇਸ਼ ਤੋਂ ਪੰਜਾਬ ਵਿੱਚ ਕਿਸ ਮਨਸੂਬੇ ਨਾਲ ਆਇਆ ਹੈ, ਕੌਣ ਉਸ ਨੂੰ ਲੈ ਕੇ ਆਇਆ ਹੈ, ਇਹ ਸਵਾਲ ਹਨ, ਜਿਸ ਦਾ ਜਵਾਬ ਫ਼ਿਲਹਾਲ ਕਿਸੇ ਕੋਲ ਵੀ ਨਹੀਂ ਹੈ।"
ਉਨ੍ਹਾਂ ਆਖਿਆ, "ਜੇਕਰ ਕੋਈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਨੀਤੀ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ।"
"ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਆੜ ਵਿੱਚ ਨਿੱਜੀ ਉਦੇਸ਼ਾਂ ਦੀ ਪੂਰਤੀ ਕਰਨੀ ਇੱਕ ਤਰ੍ਹਾਂ ਨਾਲ ਬੇਅਦਬੀ ਹੈ, ਜਿਸ ਉੱਤੇ ਧਾਰਮਿਕ ਸੰਸਥਾਵਾਂ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਹੋਵੇ ਨੂੰ ਪਾਬੰਦੀ ਲਗਾਉਣੀ ਚਾਹੀਦੀ ਹੈ।"
ਪੰਜਾਬ ਦੇ ਸਾਬਕਾ ਡੀਜੀਪੀ ਐਸਐਸ ਵਿਰਕ ਦਾ ਕਹਿਣਾ ਹੈ ਕਿ ਪੰਜਾਬ ਕੋਲ ਸਥਾਈ ਪੁਲਿਸ ਮੁਖੀ ਨਹੀਂ ਹੈ।
ਉਨ੍ਹਾਂ ਆਖਿਆ ਕਿ ਸੂਬੇ ਦੀ ਕਾਨੂੰਨ ਵਿਵਸਥਾ ਇਸ ਵਕਤ ਨਾਜ਼ੁਕ ਦੌਰ ਵਿੱਚ ਹੈ ਅਤੇ ਸਰਕਾਰ ਇਸ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਸਾਬਿਤ ਹੋ ਰਹੀ ਹੈ।
ਉਨ੍ਹਾਂ ਨੇ ਕਿਹਾ, "ਪਹਿਲਾਂ ਮੁਹਾਲੀ ਵਿਖੇ ਕੌਮੀ ਇਨਸਾਫ਼ ਮੋਰਚੇ ਦੌਰਾਨ ਪ੍ਰਦਰਸ਼ਨਕਾਰੀ ਨੇ ਪੰਜਾਬ ਪੁਲਿਸ ਅਤੇ ਚੰਡੀਗੜ੍ਹ ਪੁਲਿਸ ਉੱਤੇ ਹਮਲਾ ਕੀਤਾ।"
“ਚੰਡੀਗੜ੍ਹ ਪੁਲਿਸ ਨੇ ਤਾਂ ਐਫਆਈਆਰ ਦਰਜ ਕਰ ਦਿੱਤੀ ਹੈ ਪਰ ਪੰਜਾਬ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਆਪਣੇ ਸਮਰਥਕਾਂ ਦੀ ਹਾਜ਼ਰੀ ਵਿੱਚ ਜਿਸ ਤਰੀਕੇ ਨਾਲ ਅਮ੍ਰਿਤਪਾਲ ਸਿੰਘ ਨੇ ਅਜਨਾਲਾ ਥਾਣੇ ਉੱਤੇ ਹਮਲਾ ਕੀਤਾ ਹੈ ਉਸ ਉੱਤੇ ਵੀ ਸਰਕਾਰ ਕਾਰਵਾਈ ਕਰਨ ਵਿੱਚ ਫ਼ਿਲਹਾਲ ਅਸਮਰਥ ਹੈ।”
ਪੰਜਾਬ ਦੀ ਮੌਜੂਦਾ ਸਥਿਤੀ ਲਈ ਕੌਣ ਜ਼ਿੰਮੇਵਾਰ
ਅੰਮ੍ਰਿਤਸਰ ਯੂਨੀਵਰਸਿਟੀ ਦੇ ਪੋਲੀਟਿਕਲ ਸਾਇੰਸ ਵਿਭਾਗ ਦੇ ਪ੍ਰੋਫੈਸਰ ਅਤੇ ਪੰਜਾਬ ਦੀ ਰਾਜਨੀਤੀ ਅਤੇ ਸਮਾਜ ਦੇ ਵਤੀਰੇ ਨੂੰ ਬਹੁਤ ਨੇੜੇ ਤੋਂ ਸਮਝਣ ਵਾਲੇ ਪ੍ਰੋਫੈਸਰ ਜਗਰੂਪ ਸੇਖੋਂ ਆਖਦੇ ਹਨ ਕਿ ਜੋ ਮੌਜੂਦਾ ਸਥਿਤੀ ਹੈ, ਉਹ ਇੱਕ ਦਮ ਨਹੀਂ ਬਣੀ।
ਉਨ੍ਹਾਂ ਆਖਿਆ, "ਇਹ ਅਸਲ ਵਿੱਚ 15 ਤੋਂ 20 ਸਾਲ ਪੁਰਾਣਾ ਲੋਕਾਂ ਦਾ ਗ਼ੁੱਸਾ ਹੈ ਜੋ ਹੁਣ ਸਾਹਮਣੇ ਆ ਰਿਹਾ ਹੈ। ਪਿਛਲੇ ਸਮੇਂ ਦੌਰਾਨ ਜਿਸ ਤਰੀਕੇ ਨਾਲ ਰਾਜਨੀਤਿਕ ਆਗੂਆਂ ਨੇ ਸਮਾਜ ਸਿਰਜਿਆ ਹੈ, ਉਸ ਕਾਰਨ ਲੋਕਾਂ ਦਾ ਸੰਸਥਾਵਾਂ ਤੋਂ ਵਿਸ਼ਵਾਸ ਉਠ ਗਿਆ ਹੈ।"
"ਬੇਰੁਜ਼ਗਾਰੀ, ਨਸ਼ਾ, ਗੈਂਗਸਟਰ, ਕਿਸਾਨੀ ਦਾ ਸੰਕਟ, ਰਾਜਨੀਤੀ ਵਿੱਚ ਪਰਿਵਾਰਵਾਦ ਨੂੰ ਵਧਾਵਾ ਦੇਣ ਵਰਗੀਆਂ ਸਮੱਸਿਆ ਨਾਲ ਸੂਬਾ ਜੂਝ ਰਿਹਾ ਹੈ ਅਤੇ ਇਸ ਵੱਲ ਕਿਸੇ ਵੀ ਸਿਆਸੀ ਪਾਰਟੀ ਵੱਲੋਂ ਅਤੀਤ ਵਿੱਚ ਧਿਆਨ ਨਹੀਂ ਦਿੱਤਾ ਗਿਆ।"
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ ਕਿ ਸੂਬੇ ਵਿੱਚ ਸਥਾਈ ਪੁਲਿਸ ਮੁਖੀ ਨਾ ਹੋਣ ਕਾਰਨ ਲਗਾਤਾਰ ਪੁਲਿਸ ਮੁਖੀਆਂ ਦੇ ਤਬਾਦਲੇ ਹੋਏ ਹਨ
ਉਨ੍ਹਾਂ ਆਖਿਆ ਕਿ ਇਹੀ ਕਾਰਨ ਹੈ ਲੋਕਾਂ ਨੇ ਨਿਰਾਸ਼ ਹੋ ਕੇ ਪੰਜਾਬ ਦੀਆਂ ਰਿਵਾਇਤੀ ਪਾਰਟੀਆਂ ਨੂੰ ਨਕਾਰਿਆਂ ਅਤੇ ਨਵੀਂ ਪਾਰਟੀ ਨੂੰ ਸੱਤਾ ਵਿੱਚ ਲਿਆਂਦਾ। ਪਰ ਇਹ ਸਰਕਾਰ ਫਿਲਹਾਲ ਤਜਰਬੇ ਦੀ ਘਾਟ ਦੇ ਕਾਰਨ ਸਥਿਤੀ ਉੱਤੇ ਕਾਬੂ ਵਿੱਚ ਕਸ਼ਮਕਸ਼ ਕਰ ਰਹੀ ਹੈ।
ਸੀਨੀਅਰ ਪੱਤਰਕਾਰ ਜਗਤਾਰ ਸਿੰਘ ਦਾ ਕਹਿਣਾ ਹੈ, "ਸੂਬੇ ਵਿੱਚ ਸਥਾਈ ਪੁਲਿਸ ਮੁਖੀ ਨਾ ਹੋਣ ਕਾਰਨ ਲਗਾਤਾਰ ਪੁਲਿਸ ਮੁਖੀਆਂ ਦੇ ਤਬਾਦਲੇ ਹੋਏ ਹਨ। ਅਜਨਾਲਾ ਦੀ ਘਟਨਾ ਨੇ ਦਰਸਾ ਦਿੱਤਾ ਹੈ ਕਿ ਰਾਜਨੀਤਿਕ ਇੱਛਾ ਸ਼ਕਤੀ ਅਤੇ ਪੁਲਿਸ ਸਥਿਤੀ ਨੂੰ ਕਾਬੂ ਪਾਉਣ ਵਿੱਚ ਅਸਮਰਥ ਰਹੀ ਹੈ।
ਉਨ੍ਹਾਂ ਆਖਿਆ, "ਨਵੀਂ ਸਰਕਾਰ ਤਜਰਬੇ ਦੀ ਘਾਟ ਦੇ ਕਾਰਨ ਅਫ਼ਸਰਸ਼ਾਹੀ ਨੂੰ ਸਮਝ ਨਹੀਂ ਪਾ ਰਹੀ ਹੈ।"
ਉਨ੍ਹਾਂ ਉਦਾਹਰਨ ਦਿੰਦਿਆਂ ਆਖਿਆ, "ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੀ ਸਰਕਾਰ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਤੋਂ ਬਾਅਦ ਸੱਤਾ ਵਿੱਚ ਆਈ ਸੀ, ਉਸ ਸਮੇਂ ਅਫਸਰਸ਼ਾਹੀ ਨੂੰ ਕੰਟਰੋਲ ਕਰਨਾ ਸੌਖਾ ਨਹੀਂ ਸੀ।"
ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਮੁਹਾਲੀ ਵਿੱਚ ਕੌਮੀ ਇਨਸਾਫ਼ ਮੋਰਚਾ ਲਾਇਆ ਗਿਆ ਹੈ
"ਆਮ ਤੌਰ ਉੱਤੇ ਅਫ਼ਸਰਸ਼ਾਹੀ ਦੁਪਹਿਰ ਤੋਂ ਬਾਅਦ ਦਫ਼ਤਰਾਂ ਦੀ ਥਾਂ ਚੰਡੀਗੜ੍ਹ ਗੌਲਫ਼ ਕਲੱਬ ਵਿੱਚ ਮਿਲਦੀ ਸੀ, ਪਰ ਬੇਅੰਤ ਸਿੰਘ ਨੇ ਆਪਣੀ ਇੱਛਾ ਸ਼ਕਤੀ ਨਾਲ ਅਫ਼ਸਰਸ਼ਾਹੀ ਉੱਤੇ ਕਾਬੂ ਪਾ ਕੇ ਉਨ੍ਹਾਂ ਨੂੰ ਦਫ਼ਤਰਾਂ ਵਿੱਚ ਬੈਠਣ ਲਗਾ ਦਿੱਤਾ ਸੀ।"
ਜਗਤਾਰ ਸਿੰਘ ਨੇ ਆਖਿਆ ਕਿ ਮੌਜੂਦਾ ਰੂਪ ਵਿੱਚ ਗੈਂਗਸਟਰਾਂ ਨਾਲ ਜੁੜੀਆਂ ਘਟਨਾਵਾਂ ਕਾਬੂ ਤੋਂ ਬਾਹਰ ਹੋ ਰਹੀਆਂ ਹਨ।
ਉਨ੍ਹਾਂ ਕਿਹਾ, "ਹਾਲਾਂਕਿ ਗੈਂਗਸਟਰ ਨਾਲ ਜੁੜੀਆਂ ਘਟਨਾਵਾਂ ਅਕਾਲੀ ਸਰਕਾਰ ਸਮੇਂ ਵੀ ਕਾਫੀ ਚਰਚਿਤ ਸੀ, ਉਸ ਸਮੇਂ ਵੀ ਜੇਲ੍ਹਾਂ ਵਿਚੋਂ ਗੈਂਗਸਟਰ ਸ਼ਰੇਆਮ ਫ਼ਰਾਰ ਹੋਏ ਸਨ।"
ਉਹ ਪ੍ਰਮੁੱਖ ਘਟਨਾਵਾਂ ਜਿਸ ਕਾਰਨ ਕਾਨੂੰਨ ਵਿਵਸਥਾ ਨੂੰ ਲੈ ਕੇ ਸਵਾਲ ਖੜੇ ਹੋਏ
16 ਮਾਰਚ ਨੂੰ ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਦੋ ਦਿਨ ਪਹਿਲਾਂ 14 ਮਾਰਚ ਨੂੰ ਜਲੰਧਰ ਦੇ ਮੱਲੀਆਂ ਖ਼ੁਰਦ ਵਿਖੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦਾ ਅਣਪਛਾਤੇ ਲੋਕਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।
ਇਹ ਵਾਰਦਾਤ ਕਬੱਡੀ ਟੂਰਨਾਮੈਂਟ ਦੌਰਾਨ ਵਾਪਰੀ। ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਨੂੰ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਅਤੇ ਆਖਿਆ ਗਿਆ ਸੀ ਕਿ ਕੈਨੇਡਾ ਨਾਲ ਸਬੰਧਿਤ ਇੱਕ ਵਿਅਕਤੀ ਦਾ ਇਸ ਕਤਲ ਵਿੱਚ ਹੱਥ ਹੈ।
ਪਟਿਆਲਾ ਹਿੰਸਾ – ਪਟਿਆਲਾ ਵਿਖੇ 29 ਅਪ੍ਰੈਲ 2022 ਨੂੰ ਸ਼ਿਵ ਸੈਨਾ ਅਤੇ ਸਿੱਖ ਸੰਗਠਨਾਂ ਵਿਚਾਲੇ ਹੋਈ ਹਿੰਸਾ ਨੇ ਇੱਕ ਵਾਰ ਫਿਰ ਤੋਂ ਸੂਬੇ ਦੀ ਕਾਨੂੰਨ ਵਿਵਸਥਾ ਉੱਤੇ ਸਵਾਲ ਚੁੱਕੇ। ਇਸ ਹਿੰਸਾ ਨੂੰ ਕਾਬੂ ਪਾਉਣ ਦੇ ਲਈ ਪਟਿਆਲਾ ਵਿੱਚ ਪ੍ਰਸ਼ਾਸਨ ਨੂੰ ਕਰਫ਼ਿਊ ਤੱਕ ਲਗਾਉਣ ਪਿਆ ਸੀ।
ਇੰਟੈਲੀਜੈਂਸ ਹੈੱਡਕੁਆਟਰ ਉੱਤੇ ਹਮਲਾ - ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਵਿੱਚ ਸੋਮਵਾਰ 9 ਮਈ ਨੂੰ ਸ਼ਾਮ 7:45 ਵਜੇ ਇੱਕ ਧਮਾਕਾ ਹੋਇਆ। ਹਾਲਾਂਕਿ ਘਟਨਾ ਵਿੱਚ ਕੋਈ ਜ਼ਖਮੀ ਨਹੀਂ ਹੋਇਆ।
ਜਿਸ ਥਾਂ ਉੱਤੇ ਇਹ ਘਟਨਾ ਹੋਈ ਉਹ ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦਾ ਹੈੱਡਕੁਆਟਰ ਹੋਣ ਕਾਰਨ ਕਾਫ਼ੀ ਅਹਿਮ ਸੀ। ਪਹਿਲੀ ਵਾਰ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਹੈੱਡਕੁਆਟਰ ਨੂੰ ਨਿਸ਼ਾਨਾ ਬਣਾਇਆ। ਇਸ ਘਟਨਾ ਵੀ ਸੂਬੇ ਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਕਈ ਸਵਾਲ ਖੜੇ ਕੀਤੇ।
ਸਿੱਧੂ ਮੂਸੇਵਾਲਾ ਦਾ ਕਤਲ - ਪੰਜਾਬ ਸਰਕਾਰ ਵੱਲੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਿੱਚ ਕਮੀ ਕਰਨ ਤੋਂ ਬਾਅਦ ਅਗਲੇ ਦਿਨ 29 ਮਈ 2022 ਨੂੰ ਹੀ ਉਨ੍ਹਾਂ ਦੀ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ।
ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਵਿਰੋਧੀ ਧਿਰਾਂ ਨੇ ਸਰਕਾਰ ਨੂੰ ਸੂਬੇ ਦੀ ਕਾਨੂੰਨ ਵਿਵਸਥਾ ਦੇ ਮੁੱਦੇ ਉੱਪਰ ਘੇਰਿਆ। ਮੂਸੇਵਾਲ ਦੇ ਕਤਲ ਨੂੰ ਲੈ ਕੇ ਸਿਆਸੀ ਪਾਰਟੀਆਂ ਨੇ ਵੱਲੋਂ ਇਹ ਮੁੱਦਾ ਚੁੱਕੇ ਜਾਣ ਤੋਂ ਬਾਦ ਆਪ ਸਰਕਾਰ ਇੱਕ ਸਮੇਂ ਬੈਕ ਫੁੱਟ ਉੱਤੇ ਆ ਗਈ ਸੀ।
ਹਿੰਦੂ ਆਗੂ ਸੁਧੀਰ ਸੂਰੀ ਦਾ ਕਤਲ - ਅੰਮ੍ਰਿਤਸਰ ਵਿੱਚ ਸਥਾਨਕ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦਾ ਇੱਕ ਨੌਜਵਾਨ ਵੱਲੋਂ ਸ਼ਰੇਆਮ ਪੁਲਿਸ ਦੀ ਮੌਜੂਦਗੀ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਹਾਲਾਂਕਿ ਪੁਲਿਸ ਨੇ ਸੰਦੀਪ ਸਿੰਘ ਸੰਨੀ ਨਾਮਕ ਨੌਜਵਾਨ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਪਰ ਇੱਕ ਸਮੇਂ ਅੰਮ੍ਰਿਤਸਰ ਵਿੱਚ ਹਾਲਤ ਕਾਬੂ ਗੰਭੀਰ ਬਣ ਗਏ ਸਨ।
ਤਰਨਤਾਰਨ ਆਰਪੀਜੀ ਅਟੈਕ – ਦਸੰਬਰ ਮਹੀਨੇ ਵਿੱਚ ਤਰਨਤਾਰਨ ਵਿਖੇ ਸਮਾਜ ਵਿਰੋਧੀ ਅਨਸਰਾਂ ਨੇ ਪੁਲਿਸ ਸਟੇਸ਼ਨ ਦੇ ਨਾਲ ਲੱਗਦੀ ਇਮਾਰਤ ਉੱਤੇ ਰਾਕਟ ਲਾਂਚਰ ਨਾਲ ਹਮਲਾ ਕਰ ਦਿੱਤਾ। ਇਸ ਘਟਨਾ ਵਿੱਚ ਕੋਈ ਜ਼ਖ਼ਮੀ ਨਹੀਂ ਸੀ ਹੋਇਆ, ਪਰ ਵਿਰੋਧੀਆਂ ਸਿਆਸੀ ਪਾਰਟੀਆਂ ਨੂੰ ਸਰਕਾਰ ਉੱਤੇ ਹਮਲਾ ਕਰਨ ਦਾ ਮੌਕਾ ਜ਼ਰੂਰ ਮਿਲ ਗਿਆ ਸੀ।
ਡੇਰਾ ਸਿਰਸਾ ਦੇ ਸ਼ਰਧਾਲੂ ਦੀ ਹੱਤਿਆ – ਨਵੰਬਰ ਮਹੀਨੇ ਵਿੱਚ ਕੋਟਕਪੂਰਾ ਵਿਖੇ ਅਣਪਛਾਤੇ ਨੌਜਵਾਨਾਂ ਨੇ ਸ਼ਰੇਆਮ ਗੋਲੀਆਂ ਮਾਰ ਕੇ ਡੇਰਾ ਸਿਰਸਾ ਦੇ ਸ਼ਰਧਾਲੂ ਪ੍ਰਦੀਪ ਦੀ ਹੱਤਿਆ ਕਰ ਦਿੱਤੀ। ਇਸ ਮਾਮਲੇ ਵਿੱਚ ਪੁਲਿਸ ਨੇ ਕੁਝ ਗ੍ਰਿਫ਼ਤਾਰੀਆਂ ਵੀ ਕੀਤੀਆਂ ਹਨ।
ਸਿਪਾਹੀ ਕੁਲਦੀਪ ਬਾਜਵਾ ਲੁਟੇਰਿਆਂ ਦੀ ਗੋਲੀ ਨਾਲ ਮੌਤ ਹੋਈ ਸੀ
ਕਾਰੋਬਾਰੀ ਦੀ ਹੱਤਿਆ ਅਤੇ ਫਿਰੌਤੀ ਲਈ ਧਮਕੀ – ਇਸ ਤੋਂ ਇਲਾਵਾ ਗੈਂਗਸਟਰ ਵੱਲੋਂ ਸ਼ਰੇਆਮ ਕਾਰੋਬਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਵਸੂਲਣ ਦੀਆਂ ਘਟਨਾਵਾਂ ਵੀ ਕਾਫ਼ੀ ਸੁਰਖ਼ੀਆਂ ਵਿੱਚ ਆਈਆਂ।
7 ਦਸੰਬਰ ਨੂੰ ਨਕੋਦਰ ਵਿਖੇ ਇੱਕ ਕਾਰੋਬਾਰੀ ਵੱਲੋਂ ਫਿਰੌਤੀ ਨਾ ਦਿੱਤੇ ਜਾਣ ਕਾਰਨ ਗੈਂਗਸਟਰ ਨੇ ਸ਼ਰੇਆਮ ਉਸ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਸ ਘਟਨਾ ਵਿੱਚ ਕਾਰੋਬਾਰੀ ਦੇ ਸੁਰੱਖਿਆ ਕਰਮੀ ਪੁਲਿਸ ਪੁਲਿਸ ਦੇ ਜਵਾਨ ਦੀ ਵੀ ਮੌਤ ਹੋ ਗਈ ਸੀ।
ਗੈਂਗਸਟਰ ਵੱਲੋਂ ਫਿਲੌਰ ਵਿਖੇ ਪੁਲਿਸ ਕਰਮੀ ਦੀ ਹੱਤਿਆ – ਨਵੇਂ ਸਾਲ ਤੋਂ ਬਾਅਦ ਵੀ ਪੰਜਾਬ ਵਿੱਚ ਅਪਰਾਧ ਦੀਆਂ ਘਟਨਾਵਾਂ ਵਿੱਚ ਕਮੀ ਨਹੀਂ ਦੇਖਣ ਨੂੰ ਮਿਲੀ। ਇਸ ਸਾਲ ਜਨਵਰੀ ਮਹੀਨੇ ਵਿੱਚ ਗੈਂਗਸਟਰ ਨੇ ਜਲੰਧਰ- ਲੁਧਿਆਣਾ ਵਿਚਕਾਰ ਪੈਂਦੇ ਫਗਵਾੜਾ ਕਸਬੇ ਵਿੱਚ ਇੱਕ ਪੁਲਿਸ ਕਰਮੀ ਕਮਲ ਬਾਜਵਾ ਦੀ ਹੱਤਿਆ ਕਰ ਦਿੱਤੀ ਸੀ।
ਗੋਇੰਦਵਾਲ ਜੇਲ੍ਹ ਕਾਂਡ – 26 ਫਰਵਰੀ ਨੂੰ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੀ ਗੋਇੰਦਵਾਲ ਜੇਲ੍ਹ ਵਿਚ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੇ ਕੁਝ ਮੁਲਜ਼ਮ ਆਪਸ ਵਿੱਚ ਭਿੜ ਗਏ ਸਨ ਜਿਸ ਵਿੱਚ ਦੋ ਦੀ ਮੌਤ ਹੋ ਗਈ।
ਕਾਨੂੰਨ ਵਿਵਸਥਾ ਉੱਤੇ ਕੀ ਹੈ ਪੰਜਾਬ ਸਰਕਾਰ ਦੀ ਦਲੀਲ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦਾ ਕਹਿਣਾ ਹੈ ਕਿ ਸੂਬੇ ਦੇ ਹਾਲਤ ਠੀਕ ਹਨ, ਅਮਨ ਸ਼ਾਂਤੀ ਹੈ ਅਤੇ ਸਰਕਾਰ ਲੋਕਾਂ ਦੇ ਹਿੱਤਾਂ ਮੁਤਾਬਕ ਕੰਮ ਕਰ ਰਹੀ ਹੈ।
ਉਨ੍ਹਾਂ ਨੇ ਅਜਨਾਲਾ ਘਟਨਾ ਉਤੇ ਟਿੱਪਣੀ ਕਰਦਿਆਂ ਆਖਿਆ, "ਕੁਝ ਲੋਕ ਹਨ, ਜੋ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ ਅਤੇ ਇਹਨਾਂ ਨੂੰ ਪਾਕਿਸਤਾਨ ਤੋਂ ਫਡਿੰਗ ਹੋ ਰਹੀ ਹੈ। ਪੰਜਾਬ ਪੁਲਿਸ ਸੂਬੇ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣ ਵਿੱਚ ਪੂਰੀ ਤਰਾਂ ਸਮਰੱਥ ਹੈ।"
ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਖਰਾਬ ਉਦੋਂ ਹੋਈ ਜਦੋਂ ਸੂਬੇ ਵਿੱਚ ਪੁਰਾਣੀਆਂ ਸਰਕਾਰਾਂ ਨੇ ਗੈਰ ਸਮਾਜਿਕ ਅਨਸਰਾਂ ਨੂੰ ਸਰਪ੍ਰਸਤੀ ਦਿੱਤੀ।
ਕੰਗ ਮੁਤਾਬਕ ਆਪ ਸਰਕਾਰ ਪ੍ਰਸ਼ਾਸਨਿਕ ਸੁਧਾਰ ਅਤੇ ਲੋਕ ਹਿੱਤੀ ਫੈਸਲੇ ਕਰ ਰਹੀ ਹੈ ਪਰ ਸੂਬੇ ਦੀਆਂ ਰਿਵਾਇਤੀ ਪਾਰਟੀਆਂ ਸਰਕਾਰ ਨੂੰ ਬਦਨਾਮ ਕਰਨ ਉਤੇ ਤੁਲੀਆਂ ਹੋਈਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ।)

ਜੀ-20 ਗਰੁੱਪ ਕੀ ਹੈ, ਕੀ ਕੰਮ ਕਰਦਾ ਹੈ ਤੇ ਦੁਨੀਆਂ ’ਤੇ ਇਸ ਦਾ ਕੀ ਅਸਰ ਹੈ – 7 ਨੁਕਤਿਆਂ ’ਚ ਸਮਝੋ
NEXT STORY