ਜਦੋਂ ਅਸੀਂ ਪਹਿਲੀ ਵਾਰ ਨੈਨਾ ਨੂੰ ਮਿਲੇ ਤਾਂ ਉਸ ਨੂੰ ਵੇਖ ਕੇ ਲੱਗਿਆ ਹੀ ਨਹੀਂ ਕਿ ਉਸ ਨੇ ਆਪਣੇ ਪਿਤਾ ਨੂੰ ਕੁਝ ਅਜਿਹਾ ਕਰਾਰਾ ਜਵਾਬ ਦਿੱਤਾ ਹੋਵੇਗਾ।
ਪਰ ਉਸ ਦੀ ਤਾਂ ਜ਼ਿੱਦ ਹੀ ਅਜਿਹੀ ਸੀ- ਉਸ ਨੇ ਕਾਲਜ ਜਾਣਾ ਸੀ।
ਨੈਨਾ ਨੇ ਦੱਸਿਆ ਕਿ ਜਦੋਂ ਉਸ ਦੇ ਪਿਤਾ ਨੇ ਇਨਕਾਰ ਕਰ ਦਿੱਤਾ ਤਾਂ ਉਸ ਨੇ ਕਿਹਾ, “ਮੈਂ ਵੀ ਜ਼ਿੱਦ ਫੜ੍ਹ ਲਈ ਸੀ ਕਿ ਮੈਂ ਅੱਗੇ ਦੀ ਪੜ੍ਹਾਈ ਜ਼ਰੂਰ ਕਰਾਂਗੀ। ਮੈਂ ਸਾਫ ਕਹਿ ਦਿੱਤਾ ਸੀ ਕਿ ਜੇਕਰ ਮੈਂ ਕੁਝ ਗਲਤ ਕਰਾਂ ਤਾਂ ਤੁਸੀਂ ਮੇਰੀ ਗਰਦਨ ਕੱਟ ਦੇਣਾ।”
ਉਸ ਨੂੰ ਪਤਾ ਸੀ ਕਿ ਉਹ ਪਿੰਡ ਦੀ ਪਹਿਲੀ ਕੁੜੀ ਨਹੀਂ ਹੈ ਜੋ ਕਿ ਕਾਲਜ ਜਾਣ ਦਾ ਸੁਪਨਾ ਵੇਖ ਰਹੀ ਹੈ। ਪਰ ਉਹ ਪਹਿਲੀ ਕੁੜੀ ਜ਼ਰੂਰ ਹੈ ਜਿਸ ਨੇ ਆਪਣੇ ਇਸ ਸੁਪਨੇ ਨੂੰ ਹਕੀਕਤ ’ਚ ਬਦਲਣ ਦਾ ਇਰਾਦਾ ਪੱਕਾ ਕਰ ਲਿਆ ਹੈ।
ਉਹ ਇਸ ਰਸਤੇ ਨੂੰ ਨਾ ਸਿਰਫ ਆਪਣੇ ਅਤੇ ਆਪਣੀਆਂ 10 ਭੈਣਾਂ ਲਈ ਤਿਆਰ ਕਰ ਰਹੀ ਸੀ, ਬਲਕਿ ਆਪਣੀ ਗ੍ਰਾਮ ਪੰਚਾਇਤ ਦੀਆਂ ਸਾਰੀਆਂ ਕੁੜੀਆਂ ਲਈ ਨਵਾਂ ਰਸਤਾ ਬਣਾ ਰਹੀ ਸੀ।
ਰਾਜਧਾਨੀ ਦਿੱਲੀ ਤੋਂ ਸਿਰਫ਼ 100 ਕਿਲੋਮੀਟਰ ਦੂਰ ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੀ ਦੇਵੀਪੁਰ ਗ੍ਰਾਮ ਪੰਚਾਇਤ ’ਚ ਆਜ਼ਾਦੀ ਦੇ 75 ਸਾਲਾਂ ਬਾਅਦ ਵੀ ਕੁੜੀਆਂ ਨੂੰ ਕਾਲਜ ਜਾਣਾ ਨਸੀਬ ਨਹੀਂ ਹੋਇਆ ਸੀ।
ਪਰਿਵਾਰ, ਪਿੰਡ ਅਤੇ ਸਰਕਾਰੀ ਤੰਤਰ ਨਾਲ ਸੰਘਰਸ਼ ਕਰਕੇ ਇਨ੍ਹਾਂ ਨੇ ਕਾਲਜ ਜਾਣ ਦਾ ਅਧਿਕਾਰ ਕਿਵੇਂ ਹਾਸਲ ਕੀਤਾ?
ਇਹ ਹੈ ਨੈਨਾ ਅਤੇ ਉਸ ਦੀ ਪੰਚਾਇਤ ਦੀਆਂ 14 ਕੁੜੀਆਂ ਦੀ ਲਗਨ ਅਤੇ ਹਿੰਮਤ ਦੀ ਕਹਾਣੀ।
ਨੈਨਾ ਆਪਣੀਆਂ 10 ਭੈਣਾਂ ਨਾਲ
ਆਜ਼ਾਦੀ ਵੱਲ ਪਹਿਲਾ ਕਦਮ
ਪਿੰਡ ਦੀਆਂ ਦੂਜੀਆਂ ਕੁੜੀਆਂ ਦੀ ਤਰ੍ਹਾਂ ਹੀ ਨੈਨਾ ਨੇ ਵੀ ਜਿਵੇਂ-ਤਿਵੇਂ ਆਪਣੀ ਸਕੂਲੀ ਪੜ੍ਹਈ ਮੁਕੰਮਲ ਕੀਤੀ।
ਕਾਲਜ ਜਾਣ ਦਾ ਮਤਲਬ ਹੈ ਵਧੇਰੇ ਆਜ਼ਾਦੀ, ਜੋ ਕਿ ਪਰਿਵਾਰ ਨੂੰ ਬਿਲਕੁੱਲ ਵੀ ਮਨਜ਼ੂਰ ਨਹੀਂ ਸੀ ਅਤੇ ਕਈ ਸ਼ਰਤਾਂ ਤੋਂ ਬਾਅਦ ਹੀ ਮਿਲ ਸਕਦੀ ਸੀ।
ਨੈਨਾ ਦੱਸਦੀ ਹੈ, “ਮੈਨੂੰ ਘਰੋਂ ਹਿਦਾਇਤ ਦਿੱਤੀ ਗਈ ਸੀ ਕਿ ਕਿਸੇ ਨਾਲ ਵੀ ਵਧੇਰੇ ਗੱਲਬਾਤ ਨਹੀਂ ਕਰਨੀ, ਫੋਨ ਦੀ ਵਰਤੋਂ ਤਾਂ ਬਿਲਕੁੱਲ ਹੀ ਨਹੀਂ ਕਰਨੀ। ਘਰ ਤੋਂ ਕਾਲਜ ਅਤੇ ਕਾਲਜ ਤੋਂ ਸਿੱਧੇ ਘਰ ਹੀ ਆਉਣਾ ਹੈ।”
ਇਸ ਦੇ ਨਾਲ ਹੀ ਕੁੜੀਆਂ ਨੂੰ ਕਾਲਜ ਨਾ ਭੇਜਣ ਲਈ ਪੂਰੇ ਪਿੰਡ ਕੋਲ ਇੱਕ ਠੋਸ ਕਾਰਨ ਮੌਜੂਦ ਸੀ।
ਦੇਵੀਪੁਰ ਤੋਂ ਕਾਲਜ ਜਾਣ ਲਈ ਕੋਈ ਪਬਲਿਕ ਟਰਾਂਸਪੋਰਟ ਨਹੀਂ ਸੀ। ਪਿੰਡ ਤੋਂ ਕਾਲਜ ਦੇ ਰਸਤੇ ’ਚ ਇੱਕ ਪੁੱਲ ਆਉਂਦਾ ਹੈ, ਜਿਸ ਨੂੰ ਪਾਰ ਕਰਨਾ ਹੀ ਇੱਕ ਵੱਡੀ ਚੁਣੌਤੀ ਸੀ।
ਉਹ ਪੁੱਲ ਜਿਸ ਨੂੰ ਪਾਰ ਕਰਨਾ ਬਹੁਤ ਔਖਾ ਸੀ
ਪਿੰਡ ਦੇ ਇੱਕ ਬਜ਼ੁਰਗ ਦੱਸਦੇ ਹਨ, “ਬੱਸ ਸਰਵਿਸ ਨਾ ਹੋਣ ਕਾਰਨ ਪਿੰਡ ਦੇ ਲੋਕ ਆਪਣੀਆਂ ਕੁੜੀਆਂ ਨੂੰ ਕਾਲਜ ਭੇਜਣ ਤੋਂ ਕਤਰਾਉਂਦੇ ਸਨ। ਟਰਾਂਸਪੋਰਟ ਲਈ ਉਨ੍ਹਾਂ ਨੂੰ ਚਾਰ ਕਿਲੋਮੀਟਰ ਪੈਦਲ ਚੱਲਣਾ ਪੈਂਦਾ ਸੀ। ਕੁੜੀਆਂ ਵੀ ਡਰਦੀਆਂ ਸਨ। ਪੁੱਲ ’ਤੇ ਮੁੰਡੇ ਬਦਮਾਸ਼ੀ ਕਰਦੇ ਸਨ।”
ਰੋਜ਼ਾਨਾ ਹੀ ਇਸ ਪੁੱਲ ’ਤੇ ਕੁੜੀਆਂ ਨਾਲ ਕੋਈ ਨਾ ਕੋਈ ਘਟਨਾ ਜ਼ਰੂਰ ਹੁੰਦੀ ਸੀ।
ਰੋਜ਼ਾਨਾ ਹੀ ਇਸ ਪੁੱਲ ’ਤੇ ਕੁੜੀਆਂ ਨਾਲ ਕੋਈ ਨਾ ਕੋਈ ਘਟਨਾ ਜ਼ਰੂਰ ਹੁੰਦੀ ਸੀ।
ਉਨ੍ਹਾਂ ’ਤੇ ਚਿੱਕੜ ਸੁੱਟਿਆ ਜਾਂਦਾ ਅਤੇ ਕਈ ਵਾਰ ਤਾਂ ਮੁੰਡੇ ਇੱਟਾਂ ਤੱਕ ਮਾਰ ਕੇ ਭੱਜ ਜਾਂਦੇ।
ਗੰਦੀਆਂ ਟਿੱਪਣੀਆਂ ਤਾਂ ਜਿਵੇਂ ਨਿੱਤ ਦੀ ਹੀ ਗੱਲ ਹੋ ਗਈ ਸੀ।
ਪਰ ਮੁੰਡਿਆਂ ਦੇ ਬਾਹਰ ਆਉਣ-ਜਾਣ ’ਤੇ ਕੋਈ ਪਾਬੰਦੀ ਨਹੀਂ ਸੀ ਅਤੇ ਅੱਜ ਵੀ ਘਰ ’ਚ ਮੁੰਡੇ ਦੀ ਚਾਹਤ ਬਰਕਰਾਰ ਹੈ।
ਨੈਨਾ ਦੇ ਤਾਇਆ, ਜਿਸ ਦੇ ਦੋ ਪੁੱਤਰ ਹਨ, ਉਨ੍ਹਾਂ ਦਾ ਕਹਿਣਾ ਹੈ, “ਮੈਂ ਤਾਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਜੇਕਰ ਮੇਰੇ ਭਰਾ ਦੇ ਮੁੰਡਾ ਹੋ ਗਿਆ ਤਾਂ ਉਹ ਵੀ ਮੇਰੇ ਬਰਾਬਰ ਹੋ ਜਾਵੇਗਾ।”
ਉਹ ਇੱਕ ‘ਚਿੱਠੀ’
ਨੈਨਾ ਦੀ ਕਾਲਜ ਜਾਣ ਦੀ ਜ਼ਿੱਦ ਵੇਖ ਕੇ ਕੁਝ ਹੋਰ ਕੁੜੀਆਂ ਨੇ ਵੀ ਹਿੰਮਤ ਕੀਤੀ ਅਤੇ ਫੈਸਲਾ ਕੀਤਾ ਕਿ ਜੇਕਰ ਪਿੰਡ ਤੱਕ ਬੱਸ ਆ ਜਾਵੇ ਤਾਂ ਇਸ ਸਮੱਸਿਆ ਦਾ ਹੱਲ ਨਿਕਲ ਆਵੇਗਾ।
ਕੁੜੀਆਂ ਨੇ ਮਿਲ ਕੇ ਪਿੰਡ ਦੇ ਲੋਕਾਂ ਨਾਲ ਇੱਕ ਬੈਠਕ ਬੁਲਾਈ ਅਤੇ ਇਹ ਗੱਲ ਉਨ੍ਹਾX ਅੱਗੇ ਰੱਖੀ।
ਇੰਨ੍ਹਾਂ ਕੁੜੀਆਂ ਨੇ ਮਿਲ ਕੇ ਪਿਛਲੇ ਸਾਲ ਮਈ ਮਹੀਨੇ ਕਰਨਾਲ ਦੀ ਚੀਫ਼ ਜੁਡੀਸ਼ੀਅਲ ਜਸਬੀਰ ਕੌਰ ਨੂੰ ਇੱਕ ਚਿੱਠੀ ਲਿਖੀ।
ਸੀਜੀਐਮ ਜਸਬੀਰ ਕੌਰ ਲਈ ਇਹ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਸੀ ਕਿ ਇਸ ਗ੍ਰਾਮ ਪੰਚਾਇਤ ਦੀਆਂ ਕੁੜੀਆਂ ਅੱਜ ਤੱਕ ਕਾਲਜ ਹੀ ਨਹੀਂ ਗਈਆਂ ਸਨ।
ਜੈਂਡਰ ’ਤੇ ਕੰਮ ਕਰਨ ਵਾਲੀ ਸੰਸਥਾ ਬ੍ਰੇਕਥਰੂ ਜ਼ਰੀਏ ਜਦੋਂ ਇਹ ਕੁੜੀਆਂ ਉਨ੍ਹਾਂ ਕੋਲ ਗਈਆਂ ਤਾਂ ਉਨ੍ਹਾਂ ਨੇ ਅਗਲੇ ਹੀ ਦਿਨ ਬੱਸ ਸਰਵਿਸ ਪਿੰਡ ਤੱਕ ਚਲਾਉਣ ਦਾ ਹੁਕਮ ਜਾਰੀ ਕੀਤਾ।
ਕਰਨਾਲ ਜ਼ਿਲ੍ਹੇ ਦੇ ਗੜ੍ਹੀ ਖਜੂਰ ਪਿੰਡ ਦੀ ਜੋਤੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ।
‘ਕੀ ਕੁੜੀਆਂ ਨੂੰ ਨਸ਼ਾ ਕਰਦਿਆਂ ਵੇਖਿਆ ਹੈ?’
ਸੀਜੀਐਮ ਜਦੋਂ ਖੁਦ ਦੇਵੀਪੁਰ ਗਏ ਤਾਂ ਉਨ੍ਹਾਂ ਨੇ ਵੇਖਿਆ ਕਿ ਬੱਸ ਦੇ ਨਾਲ-ਨਾਲ ਲੋਕਾਂ ਦੀ ਰੂੜੀ ਸੋਚ ਵੀ ਇੱਕ ਵੱਡੀ ਸਮੱਸਿਆ ਸੀ।
ਉਹ ਦੱਸਦੇ ਹਨ, “ਮੈਂ ਪਿੰਡ ਵਾਸੀਆਂ ਤੋਂ ਪੁੱਛਿਆ ਕਿ ਉਨ੍ਹਾਂ ਨੇ ਕਿੰਨੀਆਂ ਕੁੜੀਆਂ ਨੂੰ ਬਾਹਰ ਨਸ਼ਾ ਕਰਦਿਆਂ ਵੇਖਿਆ ਹੈ? ਪਿੰਡ ਵਾਲਿਆਂ ਨੇ ਕਿਹਾ ਕਿ ਉਨ੍ਹਾਂ ਨੇ ਨਹੀਂ ਵੇਖਿਆ ਹੈ। ਫਿਰ ਜਦੋਂ ਮੈਂ ਪੁੱਛਿਆ ਕਿ ਕਿੰਨੀਆਂ ਕੁੜੀਆਂ ਨੂੰ ਸਕੂਲੋਂ ਭੱਜਦੇ ਵੇਖਿਆ ਹੈ? ਤਾਂ ਪਿੰਡ ਵਾਲਿਆਂ ਦਾ ਜਵਾਬ ‘ਨਹੀਂ ਵੇਖਿਆ’ ਹੀ ਸੀ।”
“ਫਿਰ ਮੈਂ ਪਿੰਡਵਾਸੀਆਂ ਨੂੰ ਸਵਾਲ ਕੀਤਾ ਕਿ ਫਿਰ ਤੁਹਾਨੂੰ ਕਿਉਂ ਲੱਗਦਾ ਹੈ ਕਿ ਕਾਲਜ ਜਾ ਕੇ ਕੁੜੀਆਂ ਵਿਗੜ ਜਾਣਗੀਆਂ? ਪਿੰਡ ਵਾਲਿਆਂ ਨੇ ਮੇਰੀ ਗੱਲ ਮੰਨੀ ਅਤੇ ਕੁੜੀਆਂ ਨੂੰ ਬੱਸ ਰਾਹੀਂ ਕਾਲਜ ਭੇਜਣ ਲਈ ਤਿਆਰ ਹੋ ਗਏ।”
“ਪੁੱਲ ’ਤੇ ਵਾਪਰਨ ਵਾਲੀਆ ਘਟਨਾਵਾਂ ਨੂੰ ਰੋਕਣ ਅਤੇ ਕੁੜੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੀਸੀਆਰ ਦਾ ਪ੍ਰਬੰਧ ਕੀਤਾ, ਜੋ ਕਿ ਹੁਣ ਹਰ ਰੋਜ਼ ਦਿਨ ’ਚ ਦੋ ਵਾਰ ਪੂਰੇ ਇਲਾਕੇ ਦਾ ਚੱਕਰ ਲਗਾਉਂਦੀ ਹੈ।”
ਕੁੜੀਆਂ ਦੇ ਕਾਲਜ ਜਾਣ ਦੀ ਜੰਗ
- ਪਿੰਡ ਦੀਆਂ ਕੁੜੀਆਂ ਨੇ ਲੜੀ ਆਪਣੀ ਲੜਾਈ ਅਤੇ ਪਹਿਲੀ ਵਾਰ ਵੇਖਿਆ ਕਾਲਜ ਦਾ ਮੂੰਹ।
- ਕੁੜੀਆਂ ਨੇ ਮਿਲ ਕੇ ਕਰਨਾਲ ਦੀ ਚੀਫ਼ ਜੁਡੀਸ਼ੀਅਲ ਜਸਬੀਰ ਕੌਰ ਨੂੰ ਇੱਕ ਚਿੱਠੀ ਲਿਖੀ।
- ਸੀਜੀਐਮ ਨੇ ਵੇਖਿਆ ਕਿ ਬੱਸ ਦੀ ਕਮੀ ਦੇ ਨਾਲ-ਨਾਲ ਲੋਕਾਂ ਦੀ ਰੂੜੀ ਸੋਚ ਵੀ ਇੱਕ ਵੱਡੀ ਸਮੱਸਿਆ ਸੀ।
- ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮਹਿਜ਼ 15 ਕੁੜੀਆਂ ਹੀ ਕਾਲਜ ਜਾ ਸਕੀਆਂ ਹਨ, ਕਈ ਦਾ ਸੁਪਨਾ ਹਾਲੇ ਵੀ ਅਧੂਰਾ।
ਨੈਨਾ ਦੇ ਸੰਘਰਸ਼ ’ਚ ਜੋਤੀ ਦੀ ਭੂਮਿਕਾ
ਅੱਜ ਬੱਸ ਆਉਣ ਤੋਂ ਬਾਅਦ ਨੈਨਾ ਦੇ ਨਾਲ-ਨਾਲ ਦੇਵੀਪੁਰ ਗ੍ਰਾਮ ਪੰਚਾਇਤ ’ਚ ਆਉਣ ਵਾਲੇ 4 ਪਿੰਡਾਂ ਦੀਆ 15 ਕੁੜੀਆਂ ਕਾਲਜ ਜਾ ਰਹੀਆਂ ਹਨ।
ਇੰਨ੍ਹਾਂ ਕੁੜੀਆਂ ਦਾ ਕਾਲਜ ਜਾਣ ਦਾ ਸੁਪਨਾ ਸਾਕਾਰ ਕਰਨ ’ਚ ਜੋਤੀ ਦੀ ਅਹਿਮ ਭੂਮਿਕਾ ਹੈ।
ਕਰਨਾਲ ਜ਼ਿਲ੍ਹੇ ਦੇ ਗੜ੍ਹੀ ਖਜੂਰ ਪਿੰਡ ਦੀ ਜੋਤੀ ਦਲਿਤ ਭਾਈਚਾਰੇ ਨਾਲ ਸਬੰਧਤ ਹੈ।
ਉਹ ਦੱਸਦੀ ਹੈ, “12ਵੀਂ ਪਾਸ ਕਰਨ ਤੋਂ ਬਾਅਦ ਜਦੋਂ ਮੈਂ ਕਾਲਜ ਜਾਣ ਦਾ ਫੈਸਲਾ ਕੀਤਾ ਤਾਂ ਮੇਰੇ ਪਰਿਵਾਰ ਨੇ ਮੇਰਾ ਪੂਰਾ ਸਾਥ ਦਿੱਤਾ। ਪਰ ਮੈਂ 12ਵੀਂ ਤੋਂ ਬਾਅਦ ਇੱਕਲੀ ਕੁੜੀ ਸੀ, ਜਿਸ ਨੇ ਸ਼ਹਿਰ ਜਾ ਕੇ ਕਾਲਜ ’ਚ ਦਾਖ਼ਲਾ ਲਿਆ ਸੀ। ਮੇਰੀ ਉਮਰ ਦੀਆਂ ਕੁੜੀਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ।”
ਗ੍ਰੈਜੂਏਸ਼ਨ ਦੌਰਾਨ ਜੋਤੀ ਦੇ ਦਿਮਾਗ ’ਚ ਇਹ ਗੱਲ ਰੜਕ ਰਹੀ ਸੀ ਕਿ ਕਿਉਂ ਕੁੜੀਆਂ ਨੂੰ 12ਵੀਂ ਤੋਂ ਬਾਅਦ ਕਾਲਜ ਨਹੀਂ ਜਾਣ ਦਿੱਤਾ ਜਾਂਦਾ ਹੈ?
ਆਪਣੇ ਕਾਲਜ ਦੌਰਾਨ ਹੀ ਜੋਤੀ ਇੱਕ ਗੈਰ-ਸਰਕਾਰੀ ਸੰਗਠਨ ਵਨੀਤਰਾ ਫਾਊਂਡੇਸ਼ਨ ਨਾਲ ਜੁੜੀ।
ਉਨ੍ਹਾਂ ਨੇ ਪਿੰਡ ਦੀ ‘ਹਰੀਜਨ ਚੌਪਾਲ’ ’ਚ ਇੱਕ ਸਿੱਖਿਆ ਕੇਂਦਰ ਦਾ ਆਗਾਜ਼ ਕੀਤਾ।
ਅਖੌਤੀ ਉੱਚ ਜਾਤੀ ਦੇ ਮਰਦਾਂ ਨੂੰ ਇਹ ਗੱਲ ਬਿਲਕੁੱਲ ਵੀ ਹਜ਼ਮ ਨਾ ਹੋਈ ਕਿ ਇੱਕ ਦਲਿਤ ਕੁੜੀ ਹੁਣ ‘ਮੈਡਮ’ ਬਣ ਕੇ ਉਨ੍ਹਾਂ ਦੀਆਂ ਕੁੜੀਆਂ ਨੂੰ ਪੜ੍ਹਾ ਰਹੀ ਹੈ।
‘ਹੁਣ ਇਹ ਮੈਡਮ ਬਣ ਕੇ ਸਾਡੀਆਂ ਕੁੜੀਆਂ ਨੂੰ ਪੜ੍ਹਾਵੇਗੀ’
ਅਖੌਤੀ ਉੱਚ ਜਾਤੀ ਦੇ ਮਰਦਾਂ ਨੂੰ ਇਹ ਗੱਲ ਬਿਲਕੁੱਲ ਵੀ ਹਜ਼ਮ ਨਾ ਹੋਈ ਕਿ ਇੱਕ ਦਲਿਤ ਕੁੜੀ ਹੁਣ ‘ਮੈਡਮ’ ਬਣ ਕੇ ਉਨ੍ਹਾਂ ਦੀਆਂ ਕੁੜੀਆਂ ਨੂੰ ਪੜ੍ਹਾ ਰਹੀ ਹੈ।
ਜੋਤੀ ਕਹਿੰਦੀ ਹੈ, “ਰਾਜਪੂਤ ਮੁੰਡੇ ਮੇਰੇ ’ਤੇ ਭੱਦੀਆਂ ਟਿੱਪਣੀਆਂ ਕਰਦੇ ਸਨ। ਉਹ ਸ਼ਾਮ ਨੂੰ ਸ਼ਰਾਬ ਪੀ ਕੇ ਸੈਂਟਰ ਆਉਂਦੇ ਅਤੇ ਦੁਰਵਿਵਹਾਰ ਕਰਦੇ ਸਨ। ਉਹ ਕਹਿੰਦੇ ਕਿ ਤੂੰ ਕੌਣ ਹੁੰਦੀ ਹੈ ਪੜ੍ਹਾਉਣ ਵਾਲੀ? ਇਸ ਲਈ ਇਸ ਲਰਨਿੰਗ ਕੇਂਦਰ ਨੂੰ ਮੈਂ ਪਿੰਡ ਦੇ ਸਰਕਾਰੀ ਸਕੂਲ ’ਚ ਸ਼ਿਫਟ ਕਰ ਦਿੱਤਾ ਤਾਂ ਜੋ ਹਰਿਜਨ ਚੌਪਾਲ ਦਾ ਮਸਲਾ ਹੀ ਨਾ ਰਹੇ ਅਤੇ ਸਾਡਾ ਕੰਮ ਨਾ ਰੁਕੇ।”
ਫਿਲਹਾਲ ਮੌਜੂਦਾ ਸਮੇਂ ਉਹ ਬ੍ਰੇਕਥਰੂ ਨਾਲ ਮਿਲ ਕੇ ਕਰਨਾਲ ਜ਼ਿਲ੍ਹੇ ਦੇ 8 ਪਿੰਡਾਂ ’ਚ ਕੁੜੀਆਂ ਨੂੰ ਉੱਚ ਸਿੱਖਿਆ ਨਾਲ ਜੋੜਨ ਦਾ ਕੰਮ ਕਰ ਰਹੀ ਹੈ।
ਗੜ੍ਹੀ ਖਜੂਰ ਦੀ ਹੀ ਸ਼ੰਨੋ ਦੇਵੀ ਨੇ ਕਾਲਜ ਤਾਂ ਕੀ, ਕਦੇ ਸਕੂਲ ਦਾ ਵੀ ਮੂੰਹ ਨਹੀਂ ਵੇਖਿਆ, ਪਰ ਉਨ੍ਹਾਂ ਦੀ ਪੋਤੀ ਸਲੋਨੀ ਅੱਜ ਜੋਤੀ ਦੀ ਮਦਦ ਨਾਲ ਬੀਏ ਦੀ ਪੜ੍ਹਾਈ ਕਰ ਰਹੀ ਹੈ।
ਆਪਣੀ ਪੋਤੀ ਵੱਲੋਂ ਜਿੱਤੀ ਹੋਈ ਟਰਾਫੀ ਨੂੰ ਵੇਖਦਿਆਂ ਸ਼ੰਨੋ ਦੇਵੀ ਕਹਿਣਾ ਸੀ, “ਇਹ ਖੁਦ ਪੜ੍ਹੇਗੀ ਤਾਂ ਆਉਣ ਵਾਲੀ ਪੀੜ੍ਹੀ ਵੀ ਸੁਧਰੇਗੀ, ਜਿੱਥੇ ਇਸ ਦਾ ਵਿਆਹ ਹੋਵੇਗਾ, ਉੱਥੇ ਵੀ ਬਦਲਾਅ ਲਿਆਵੇਗੀ। ਆਪਣੇ ਪੈਰਾਂ ’ਤੇ ਖੜ੍ਹੀ ਹੋ ਜਾਵੇਗੀ ਤਾਂ ਘੱਟ ਤੋਂ ਘੱਟ ਕਿਸੇ ਅੱਗੇ ਹੱਥ ਤਾਂ ਨਹੀਂ ਫੈਲਾਉਣਾ ਪਵੇਗਾ।”
ਪਰ ਸਿਰਫ ਬੱਸ ਦਾ ਚੱਲਣਾ ਹੀ ਸਮੱਸਿਆ ਦਾ ਹੱਲ ਨਹੀਂ ਹੈ
ਦੇਵੀਪੁਰ ਦੇ ਇੱਕ ਬਜ਼ੁਰਗ ਦਾ ਕਹਿਣਾ ਹੈ ਕਿ ਬੱਸ ਚੱਲਣ ਨਾਲ ਕੁੜੀਆਂ ਕਾਲਜ ਤਾਂ ਜਾ ਰਹੀਆਂ ਹਨ ਪਰ ਪਿੰਡ ਵਾਲੇ ਚਾਹੁੰਦੇ ਹਨ ਕਿ ਉਨ੍ਹਾਂ ਦੀਆਂ ਕੁੜੀਆਂ ਹਨੇਰਾ ਹੋਣ ਤੋਂ ਪਹਿਲਾਂ ਹੀ ਘਰ ਪਰਤ ਆਉਣ।
ਪਿੰਡ ਤੱਕ ਸਿਰਫ ਇੱਕ ਹੀ ਬੱਸ ਜਾਂਦੀ ਹੈ, ਜਿਸ ਦੀ ਵਾਪਸੀ ਦਾ ਸਮਾਂ ਸ਼ਾਮ 6 ਵਜੇ ਹੈ। ਜਲਦੀ ਘਰ ਪਹੁੰਚਣ ਦੇ ਲਈ ਇੰਨ੍ਹਾਂ ਕੁੜੀਆਂ ਨੂੰ ਰੋਜ਼ਾਨਾ ਹੀ ਕੁਝ ਕਲਾਸਾਂ ਛੱਡਣੀਆਂ ਪੈਂਦੀਆਂ ਹਨ।
ਦੇਵੀਪੁਰ ਗ੍ਰਾਮ ਪੰਚਾਇਤ ਦੇ ਮੌਜੂਦਾ ਸਰਪੰਚ ਕ੍ਰਿਸ਼ਨ ਕੁਮਾਰ ਦਾ ਕਹਿਣਾ ਹੈ, “ ਬੱਸ ਦੇ ਸਮੇਂ ਦੀ ਸਮੱਸਿਆ ਸਬੰਧੀ ਅਸੀਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦਾ ਯਤਨ ਕੀਤਾ ਹੈ ਪਰ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ ਹੈ।”
“ ਅਸੀਂ ਤਾਂ ਚਾਹੁੰਦੇ ਹਾਂ ਕਿ ਹੁਣ ਵੱਧ ਤੋਂ ਵੱਧ ਕੁੜੀਆਂ ਕਾਲਜ ਜਾਣ ਅਤੇ ਸਫਲ ਹੋਣ। ਜਦੋਂ ਤੋਂ ਦੇਵੀਪੁਰ ’ਚ 12ਵੀਂ ਤੱਕ ਦਾ ਸਕੂਲ ਬਣਿਆ ਹੈ, ਉਦੋਂ ਤੋਂ ਲੋਕ ਕੁੜੀਆਂ ਨੂੰ ਸਕੂਲ ਭੇਜਣ ਲੱਗੇ ਹਨ। ਪਹਿਲਾਂ ਤਾਂ ਲੋਕ ਆਪਣੀਆਂ ਕੁੜੀਆਂ ਨੂੰ 10ਵੀਂ ਤੱਕ ਹੀ ਪੜ੍ਹਾਉਂਦੇ ਸਨ।”
ਅਜੇ ਤਾਂ ਲੜਾਈ ਲੰਬੀ ਹੈ!
ਹਾਲਾਂਕਿ ਸੀਜੀਐਮ ਜਸਬੀਰ ਕੌਰ ਨੇ ਸਾਨੂੰ ਦੱਸਿਆ ਕਿ ਉਹ ਉਨ੍ਹਾਂ ਕੁੜੀਆਂ ਨੂੰ ਮੁੜ ਮਿਲ ਕੇ ਬੱਸ ਦੀ ਸਮੱਸਿਆ ਦਾ ਹੱਲ ਲੱਭਣ ਦਾ ਯਤਨ ਕਰਨਗੇ।
ਪਰ ਸਵਾਲ ਇਹ ਹੈ ਕਿ ਇਨ੍ਹਾਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਅੱਜ ਵੀ ਮਹਿਜ਼ 15 ਕੁੜੀਆਂ ਹੀ ਕਿਉਂ ਕਾਲਜ ਜਾ ਸਕੀਆਂ ਹਨ? ਜਦਕਿ ਕਈ ਕੁੜੀਆਂ ਲਈ ਕਾਲਜ ਜਾਣਾ ਅਜੇ ਵੀ ਸੁਪਨਾ ਹੀ ਹੈ।
ਜਨਵਰੀ ਦੀ ਇੱਕ ਠੰਡੀ ਸਵੇਰ ਅਤੇ ਨੈਨਾ ਤੇ ਉਸ ਦੀ ਭੈਣ ਰਾਖੀ ਨੀਲੇ ਅਤੇ ਚਿੱਟੇ ਰੰਗ ਦੀ ਵਰਦੀ ’ਚ ਬੱਸ ਦਾ ਇੰਤਜ਼ਾਰ ਕਰ ਰਹੀਆਂ ਹਨ।
ਰਾਖੀ ਦਾ ਕਹਿਣਾ ਹੈ, “ ਅੱਜ ਅਸੀਂ ਕਾਲਜ ਜਾ ਰਹੇ ਹਾਂ। ਅਸੀਂ ਚਾਹੁੰਦੇ ਹਾਂ ਕਿ ਭਵਿੱਖ ’ਚ ਸਾਡੀਆਂ ਛੋਟੀਆਂ ਭੈਣਾਂ ਵੀ ਕਾਲਜ ਜਾਣ। ਪਿੰਡ ਦੀਆਂ ਹੋਰ ਕੁੜੀਆਂ ਵੀ ਜਾਣ। ਪੜ੍ਹਾਈ-ਲਿਖਾਈ ਤਾਂ ਸਭ ਤੋਂ ਜ਼ਰੂਰੀ ਹੈ ਨਾ।”
ਕੁਝ ਦੇਰ ਬਾਅਦ ਬੱਸ ਆਈ ਅਤੇ ਦੋਵੇਂ ਕੁੜੀਆਂ ਕਾਲਜ ਲਈ ਰਵਾਨਾ ਹੋ ਗਈਆਂ।
ਜੋ ਪਿੱਛੇ ਰਹਿ ਗਈਆਂ ਹਨ ਉਨ੍ਹਾਂ ਨੂੰ ਅੱਜ ਵੀ ਪਛਤਾਵਾ ਹੈ।
12ਵੀਂ ਜਮਾਤ ਤੱਕ ਹੀ ਪੜ੍ਹ ਸਕੀ ਕੋਮਲ ਦਾ ਕਹਿਣਾ ਹੈ, “ ਨੈਨਾ ਨੂੰ ਵੇਖ ਕੇ ਕਾਲਜ ਜਾਣ ਦਾ ਮਨ ਤਾਂ ਕਰਦਾ ਹੈ ਪਰ ਉਸ ਸਮੇਂ ਸਾਡੇ ਪਰਿਵਾਰ ਵਾਲੇ ਮੰਨੇ ਹੀ ਨਹੀਂ।”
ਇਹੀ ਸਵਾਲ ਜਦੋਂ ਅਸੀਂ ਉਸ ਦੇ ਨੇੜੇ ਖੜ੍ਹੀ ਕਾਜਲ ਤੋਂ ਪੁੱਛਿਆ ਤਾਂ ਉਹ ਆਪਣੀ ਗੱਲ ਪੂਰੀ ਕਰਦਿਆਂ-ਕਰਦਿਆਂ ਲਗਭਗ ਰੋ ਹੀ ਪਈ ਸੀ।
ਜਸਬੀਰ ਕੌਰ ਦਾ ਕਹਿਣਾ ਹੈ, “ ਬਦਲਾਅ ਰਾਤੋ-ਰਾਤ ਨਹੀਂ ਹੁੰਦਾ ਹੈ ਅਤੇ ਨਾ ਹੀ ਜ਼ਬਰਦਸਤੀ ਕਰਵਾਇਆ ਜਾ ਸਕਦਾ ਹੈ। ਮੈਨੂੰ ਉਮੀਦ ਹੈ ਕਿ ਕਾਲਜ ਜਾਣ ਵਾਲੀਆਂ ਕੁੜੀਆਂ ਦੀ ਗਿਣਤੀ 15 ਤੱਕ ਹੀ ਸੀਮਤ ਨਾ ਰਹਿ ਕੇ ਭਵਿੱਖ ’ਚ ਜ਼ਰੂਰ ਵਧੇਗੀ।”
(ਪ੍ਰੋਡਿਊਸਰ- ਸੁਸ਼ੀਲ ਸਿੰਘ, ਸੀਰੀਜ਼ ਪ੍ਰੋਡਿਊਸਰ- ਦਿਵਿਆ ਆਰੀਆ, ਬੀਬੀਸੀ)
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਮੋਦੀ ਦੀ ਸੁਰੱਖਿਆ ''ਚ ਕੋਤਾਹੀ ਮਾਮਲਾ : ਕੇਂਦਰ ਦੀ ਚਿੱਠੀ ਤੋਂ ਬਾਅਦ ਪੰਜਾਬ ਸਰਕਾਰ ਕੀ ਕਹਿ ਰਹੀ ਹੈ
NEXT STORY