ਪ੍ਰਧਾਨ ਮੰਤਰੀ ਨੇ ਸੜਕੀ ਰਸਤੇ ਰਾਹੀਂ ਬਠਿੰਡਾ ਤੋਂ ਹੁਸੈਨੀਵਾਲਾ ਜਾਣਾ ਸੀ (File Photo)
ਭਾਰਤ ਦੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਪੁੱਛਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ 2022 ਦੀ ਪੰਜਾਬ ਫੇਰੀ ਦੌਰਾਨ ਹੋਈ ਕੁਤਾਹੀ ਲਈ ਦੋਸ਼ੀ ਅਫ਼ਸਰਾਂ ਖ਼ਿਲਾਫ਼ ਕੀ ਕਾਰਵਾਈ ਕੀਤੀ ਗਈ ਹੈ।
ਇਸ ਮਾਮਲੇ ਵਿੱਚ ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਕਿਹਾ ਕਿ ਇਹ ਮਾਮਲੇ ਵਿੱਚ ਕਾਰਵਾਈ ਹੋ ਰਹੀ ਹੈ ਅਤੇ ਛੇਤੀ ਹੀ ਕੇਂਦਰ ਨੂੰ ਇਸ ਬਾਬਤ ਅੰਤ੍ਰਿਮ ਰਿਪੋਰਟ ਭੇਜੀ ਜਾਵੇਗੀ।
ਖ਼ਬਰ ਏਜੰਸੀ ਏਐਨਆਈ ਨਾਲ ਗੱਲ ਕਰਦਿਆਂ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਦੱਸਿਆ ਕਿ, “ਇਸ ਮਾਮਲੇ ਵਿੱਚ ਕਾਰਵਾਈ ਹੋ ਰਹੀ ਹੈ ਅਤੇ ਇਸ ਦੀ ਅੰਤਰਿਮ ਰਿਪੋਰਟ (ਗ੍ਰਹਿ ਵਿਭਾਗ ਨੂੰ) ਇੱਕ-ਦੋ ਦਿਨਾਂ ਵਿੱਚ ਭੇਜ ਦਿੱਤੀ ਜਾਵੇਗੀ।”
5 ਜਨਵਰੀ 2022 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੀ ਪੰਜਾਬ ਫੇਰੀ ਦੌਰਾਨ ਫਿਰੋਜ਼ਪੁਰ ਵਿਖੇ ਰੈਲੀ ਵਿੱਚ ਸ਼ਾਮਲ ਹੋਣਾ ਸੀ ਅਤੇ ਇਸ ਦੌਰਾਨ ਉਨ੍ਹੁਾਂ ਹਸੈਨੀਵਾਲਾ ਵਿਖੇ ਨਤਮਸਤਕ ਹੋਣ ਲਈ ਬਠਿੰਡਾ ਤੋਂ ਫਿਰੋਜ਼ਪੁਰ ਗੱਡੀ ਰਾਹੀ ਜਾ ਰਹੇ ਸੀ।
ਇਸ ਦੌਰਾਨ ਫਿਰੋਜ਼ਪੁਰ ਦੇ ਪਿੰਡ ਪਿਆਰੇਆਣਾ ਨੇੜੇ ਸੜਕ ਉੱਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਫ਼ਲਾ 15-20 ਮਿੰਟਾਂ ਤੱਕ ਰੁਕਿਆ ਰਿਹਾ ਸੀ।
ਉਸ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੋਂ ਹੀ ਬਿਨਾਂ ਰੈਲੀ ਨੂੰ ਸੰਬੋਧਨ ਕੀਤੇ ਵਾਪਸ ਦਿੱਲੀ ਵੱਲ ਰਵਾਨਾ ਗਏ ਸਨ।
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ
ਪੰਜਾਬ ਦੇ ਮੁੱਖ ਸਕੱਤਰ ਕਾਰਵਾਈ ਬਾਰੇ ਕੀ ਕਿਹਾ?
ਪੰਜਾਬ ਦੇ ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਕਿਹਾ, “ਮੌਸਮ ਖਰਾਬ ਹੋਣ ਕਾਰਨ ਉਹ (ਪ੍ਰਧਾਨ ਮੰਤਰੀ) ਸੜਕੀ ਰਸਤੇ ਜਾ ਰਹੇ ਸਨ। ਰਸਤੇ ਵਿੱਚ ਕੁੱਝ ਕਿਸਾਨਾਂ ਨੇ ਉਹਨਾਂ ਦਾ ਰਸਤਾ ਜਾਮ ਕਰ ਦਿੱਤਾ ਸੀ। ਕਰੀਬ ਅੱਧਾ ਘੰਟਾ ਇਹ ਰਸਤਾ ਜਾਮ ਰਿਹਾ ਸੀ। ਇਸ ਕਾਰਨ ਉਹ ਫ਼ਿਰੋਜ਼ਪੁਰ ਜਾ ਨਹੀਂ ਪਾਏ ਸਨ। ਫ਼ਿਰ ਉਹ ਵਾਪਸ ਚਲੇ ਗਏ ਸਨ।”
ਵਿਜੇ ਕੁਮਾਰ ਜੰਜੂਆ ਨੇ ਕਿਹਾ, “ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਪਾਏ ਜਾਣੇ ਤੋਂ ਬਾਅਦ ਇੱਕ ਪੈਨਲ ਬਣਾਇਆ ਗਿਆ ਸੀ। ਇਸ ਪੈਨਲ ਦੇ ਮੁਖੀ ਰਿਟਾਇਰਡ ਜਸਟਿਸ ਇੰਦੂ ਮਲਹੋਤਰਾ ਸਨ। ਉਹਨਾਂ ਨੇ ਇਸ ਮਾਮਲੇ ਦੀ ਸਾਰੀ ਜਾਂਚ ਕੀਤੀ ਹੈ। ਜਾਂਚ ਤੋਂ ਬਾਅਦ ਉਹਨਾਂ ਨੇ ਸਾਨੂੰ ਰਿਪੋਰਟ ਭੇਜੀ ਹੈ। ਇਸ ਦੀ ਇੱਕ ਕਾਪੀ ਸੈਂਟਰ ਅਤੇ ਇੱਕ ਸੂਬਾ ਸਰਕਾਰ ਨੂੰ ਭੇਜੀ ਗਈ ਹੈ।”
ਉਹਨਾਂ ਦੱਸਿਆ, “ਇਸ ਦੌਰਾਨ ਉਹਨਾਂ ਨੇ ਹਰ ਅਧਿਕਾਰੀ ਦੇ ਰੋਲ ਦੀ ਜਾਂਚ ਕੀਤੀ ਕਿ ਕਿਸ ਵੱਲੋਂ ਕੀ ਕਮੀ ਸੀ? ਉਹਨਾਂ ਨੇ ਇਸ ਵਿੱਚ ਡੀਜੀਪੀ ਤੋਂ ਲੈ ਕੇ ਏਡੀਜੀਪੀ, ਆਈਜੀ, ਡੀਆਈਜੀ ਅਤੇ ਐੱਸਐੱਸਪੀ ਪੱਧਰ ਦੀਆਂ ਕਮੀਆਂ ਦਾ ਵਿਸ਼ਲੇਸ਼ਨ ਕੀਤਾ ਹੈ। ਸਾਡੇ ਕੋਲ ਰਿਪੋਰਟ ਆ ਗਈ ਹੈ ਅਤੇ ਇਸ ਉਪਰ ਕਾਰਵਾਈ ਚੱਲ ਰਹੀ ਹੈ।”
ਜੰਜੂਆ ਨੇ ਕਿਹਾ, “ਜਦੋਂ ਕਿਸੇ ਵੀ ਅਫ਼ਸਰ ਖ਼ਿਲਾਫ਼ ਕਾਰਵਾਈ ਸਮੇਂ ਉਸ ਨੂੰ ਸੁਣਵਾਈ ਦਾ ਮੌਕਾ ਦੇਣਾ ਪੈਂਦਾ ਹੈ। ਉਸ ਬਾਰੇ ਇਲਜ਼ਾਮਾਂ ਦੀ ਜਾਣਕਾਰੀ ਦਿੱਤੀ ਜਾਂਦੀ ਹੈ। ਉਸ ਨੂੰ ਡਿਫੈਂਡ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ ਅਤੇ ਜਰੂਰਤ ਪੈਣ ’ਤੇ ਜਾਂਚ ਵੀ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਜ਼ਾ ਦਿੱਤੀ ਜਾਂਦੀ ਹੈ।”
ਪ੍ਰਧਾਨ ਮੰਤਰੀ ਦੀ ਫੇਰੀ ਸਮੇਂ ਕੀ ਹੋਇਆ
- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਇੱਕ ਦਿਨਾਂ ਸਰਕਾਰੀ ਦੌਰੇ ’ਤੇ ਪੰਜਾਬ ਵਿੱਚ ਸਨ। ਇਸ ਦੌਰਾਨ ਉਨ੍ਹਾਂ ਨੇ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਦਾ ਨੀਂਹ ਪੱਥਰ ਰੱਖਣਾ ਸੀ।
- ਪੀਐੱਮ ਨੇ ਬਠਿੰਡੇ ਤੋਂ ਹੈਲੀਕਾਪਟਰ ਰਾਹੀਂ ਹੁਸੈਨੀਵਾਲਾ ਬਾਰਡਰ ਜਾਣਾ ਸੀ ਪਰ ਯਾਦਗਾਰ ਤੋਂ 30 ਕਿੱਲੋਮੀਟਰ ਉਰੇ ਜਦੋਂ ਪ੍ਰਧਾਨ ਮੰਤਰੀ ਦਾ ਕਾਫ਼ਲਾ ਇੱਕ ਪੁਲ ਤੇ ਪਹੁੰਚਿਆ ਤਾਂ ਪਤਾ ਲੱਗਿਆ ਕਿ ਕੁਝ ਮੁਜ਼ਾਹਾਰਾਕਾਰੀਆਂ ਵੱਲੋਂ ਸੜਕ ਜਾਮ ਕੀਤੀ ਹੋਈ ਸੀ।
- ਪੀਐਮ ਉਸ ਜਾਮ ਵਿੱਚ 15-20 ਮਿੰਟ ਫ਼ਸੇ ਰਹੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਨੂੰ ਸੁਰੱਖਿਆ ਵਿੱਚ ਕੁਤਾਹੀ ਦੱਸਿਆ। ਉੱਥੋਂ ਪੀਐਮ ਦਾ ਕਾਫ਼ਲਾ ਵਾਪਸ ਬਠਿੰਡਾ ਹਵਾਈ ਅੱਡੇ ਵੱਲ ਚੱਲ ਪਿਆ ਅਤੇ ਰੈਲੀ ਰੱਦ ਕਰ ਦਿੱਤੀ ਗਈ।
- ਬੀਜੇਪੀ ਲੀਡਰਸ਼ਿਪ ਦਾ ਇਲਜ਼ਾਮ ਹੈ ਕਿ ਪੰਜਾਬ ਦੇ ਡੀਜੀਪੀ ਵੱਲੋਂ ਭਰੋਸਾ ਦਿੱਤਾ ਗਿਆ ਸੀ ਕਿ ਰਸਤਾ ਸਾਫ਼ ਹੈ ਤਾਂ ਕੀ ਉਹ ਝੂਠ ਬੋਲ ਰਹੇ ਸਨ। ਪ੍ਰਧਾਨ ਮੰਤਰੀ ਪੁਲ ਉੱਪਰੋਂ ਜਾ ਰਹੇ ਹਨ, ਇਹ ਜਾਣਕਾਰੀ ਪੁਲ ਉੱਪਰ ਜਾ ਖੜ੍ਹਨ ਵਾਲੇ ਮੁ਼ਜ਼ਾਹਰਾਕਾਰੀਆਂ ਨੂੰ ਕਿਸ ਨੇ ਦਿੱਤੀ।
- ਉਸ ਸਮੇਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ।
- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਸੀ, ''''ਮੈਂ ਕਿਸੇ ਦੇ ਕਹੇ ਉੱਤੇ ਪੰਜਾਬ ਦੇ ਲੋਕਾਂ ਉੱਤੇ ਲਾਠੀਆਂ ਜਾਂ ਗੋਲ਼ੀਆਂ ਨਹੀਂ ਚਲਾ ਸਕਦਾ।''''
ਫਿਰੋਜ਼ਪੁਰ ਵਿੱਚ ਕਈ ਥਾਂ ਕਿਸਾਨ ਸੜਕਾਂ ਉੱਤੇ ਬੈਠੇ ਸਨ
ਪ੍ਰਧਾਨ ਮੰਤਰੀ ਦੀ ਸੁਰੱਖਿਆ
ਮੁੱਖ ਸਕੱਤਰ ਵਿਜੇ ਕੁਮਾਰ ਜੰਜੂਆ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦੀ ਸੁਰੱਖਿਆ ਦਾ ਮਾਮਲਾ ਹੈ। ਇਸ ਵਿੱਚ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
ਵਿਜੇ ਕੁਮਾਰ ਜੰਜੂਆ ਨੇ ਦੱਸਿਆ, “ਹਾਲੇ ਆਧਿਕਾਰੀਆਂ ਨੂੰ ਸੁਣਿਆ ਜਾਵੇਗਾ ਕਿ ਤੁਹਾਡੇ ਖਿਲਾਫ਼ ਇਹ ਇਲਜ਼ਾਮ ਹਨ। ਤੁਸੀਂ ਇਹ ਨਹੀਂ ਕੀਤਾ ਜਾਂ ਰੂਟ ਦੀ ਜਾਂਚ ਨਹੀਂ ਕੀਤੀ। ਰੂਟ ਦੇ ਆਸ-ਪਾਸ 500-500 ਮੀਟਰ ਤੱਕ ਦੇਖਣਾ ਹੁੰਦਾ ਹੈ ਕਿ ਇਸ ਨੂੰ ਕੋਈ ਰੋਕੇ ਨਾ।”
ਉਹਨਾਂ ਕਿਹਾ ਕਿ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੀ ਸੁਰੱਖਿਆ ਦੇ ਨਿਯਮਾਂ ਦੀ ਜਾਣਕਾਰੀ ਆਮ ਤੌਰ ’ਤੇ ਸਾਰੇ ਪੁਲਿਸ ਅਧਿਕਾਰੀਆਂ ਨੂੰ ਹੁੰਦੀ ਹੈ।
ਕੌਣ ਸਨ ਪ੍ਰਦਰਸ਼ਨਕਾਰੀ ਅਤੇ ਕਿਉਂ ਵਿਰੋਧ ਕਰ ਰਹੇ ਸਨ?
ਇਹ ਪ੍ਰਦਰਸ਼ਨਕਾਰੀ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਜੁੜੇ ਹੋਏ ਸਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ 6 ਜਨਵਰੀ ਨੂੰ ਜਾਰੀ ਕੀਤੇ ਬਿਆਨ ਮੁਤਾਬਕ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ 10 ਕਿਸਾਨ ਸੰਗਠਨਾਂ ਵੱਲੋਂ ਪ੍ਰਧਾਨ ਮੰਤਰੀ ਦੀ ਰੈਲੀ ਦੇ ਸੰਕੇਤਕ ਵਿਰੋਧ ਦਾ ਐਲਾਨ ਕੀਤਾ ਗਿਆ ਸੀ।
ਵਿਰੋਧ ਦਾ ਕਾਰਨ ਲਖੀਮਪੁਰ ਖੀਰੀ ਮਾਮਲੇ ਵਿੱਚ ਅਜੇ ਮਿਸ਼ਰਾ ਟੇਨੀ ਦੀ ਗ੍ਰਿਫ਼ਤਾਰੀ ਦੀ ਮੰਗ ਅਤੇ ਕਿਸਾਨਾਂ ਦੀਆਂ ਬਕਾਇਆ ਮੰਗਾਂ ਸੀ।
ਇਨ੍ਹਾਂ ਵਿੱਚ ਐੱਮਐੱਸਪੀ ਅਤੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਉੱਪਰ ਹੋਏ ਪੁਲਿਸ ਕੇਸ ਵਾਪਿਸ ਲੈਣ ਦੀ ਮੰਗ ਸ਼ਾਮਿਲ ਸੀ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)
![](https://static.jagbani.com/jb2017/images/bbc-footer.png)
ਤਾਨਾਸ਼ਾਹ ਦੀ ਧੀ, ਜਿਸ ਨੇ ਲੰਡਨ ਤੋਂ ਹਾਂਗਕਾਂਗ ਤੱਕ ਖਰੀਦੀ 2400 ਕਰੋੜ ਰੁਪਏ ਦੀ ਜਾਇਦਾਦ
NEXT STORY