“ਮੈਂ ਜਨਤਾ ਦੇ ਹੱਕ ’ਚ ਬੈਂਕ ਲੁੱਟੇ, ਪਰ ਤੁਸੀਂ ਉਸ ਨੂੰ ਚੋਰੀ ਦਾ ਨਾਮ ਨਹੀਂ ਦੇ ਸਕਦੇ ਹੋ, ਕਿਉਂਕਿ ਕਿਸੇ ਗਰੀਬ ਇਨਸਾਨ ਨੂੰ ਲੁੱਟਣਾ ਚੋਰੀ ਕਹਾਉਂਦਾ ਹੈ। ਉਹ ਵਿਅਕਤੀ ਜੋ ਕਿ ਕਿਸੇ ਲੁਟੇਰੇ ਨੂੰ ਲੁੱਟਦਾ ਹੈ, ਉਸ ਨੂੰ ਹਮੇਸ਼ਾ ਮਾਫ਼ੀ ਮਿਲ ਜਾਂਦੀ ਹੈ ਅਤੇ ਬੈਂਕ ਲੁੱਟਣਾ ਤਾਂ ਮਾਣ ਵਾਲੀ ਗੱਲ ਹੈ।”
ਲੋਸਿਓ ਅਰਤੋਬਿਆ ਲਈ ਡਕੈਤੀ ਉਸ ਸਮੇਂ ਤੱਕ ਇੱਕ ‘ਕ੍ਰਾਂਤੀਕਾਰੀ ਕੰਮ’ ਸੀ ਜਦਕਿ ਤੱਕ ਕਿ ਇਹ ‘ਸਮੂਹਿਕ ਭਲਾਈ’ ਨੂੰ ਮੱਦੇਨਜ਼ਰ ਰੱਖਦੇ ਕੀਤੀ ਜਾਵੇ ਨਾ ਕਿ ਆਪਣੇ ਫਾਇਦੇ ਦੇ ਲਈ। ਲੋਸਿਓ ਉਹ ਵਿਅਕਤੀ ਸਨ, ਜਿਨ੍ਹਾਂ ਨੇ ਦੁਨੀਆਂ ਦੇ ਸਭ ਤੋਂ ਵੱਡੇ ਬੈਂਕ ਨੂੰ ਚੱਕਰਾਂ ’ਚ ਪਾ ਦਿੱਤਾ ਸੀ।
ਇੱਕ ਚੰਗੇ ਅਰਾਜਕਤਾਵਾਦੀ ਵੱਜੋਂ ਲੋਸਿਓ ਦੇ ਲਈ ਕਾਨੂੰਨ ਅਤੇ ਨੈਤਿਕਤਾ ਵਿਚਾਲੇ ਬਹੁਤ ਹੀ ਮਾਮੂਲੀ ਅੰਤਰ ਸੀ।
ਦਿਨ ਦੀ ਰੌਸ਼ਨੀ ’ਚ ਬਤੌਰ ਮਜ਼ਦੂਰ ਵੱਜੋਂ ਕੰਮ ਕਰਨ ਵਾਲੇ ਲੋਸਿਓ ਰਾਤ ਦੇ ਹਨੇਰੇ ’ਚ ਵੱਡੇ ‘ਧੋਖੇਬਾਜ਼’ ਦਾ ਰੂਪ ਧਾਰ ਲੈਂਦੇ ਸਨ। ਉਹ ਅਨਪੜ੍ਹ ਸਨ ਅਤੇ ਆਪਣੇ ਜੀਵਨ ਦੇ ਅੰਤ ਤੱਕ ‘ਬਾਗ਼ੀ’ ਰਹੇ।
ਇੱਕ ਡਾਕੂ, ਕਥਿਤ ਅਗਵਾਕਾਰ ਅਤੇ ਸਮੱਗਲਰ ਵੱਜੋਂ ਜਾਣੇ ਜਾਂਦੇ ਲੋਸਿਓ ਅਰਤੋਬਿਆ 1980 ਦੇ ਦਹਾਕੇ ’ਚ ਦੁਨੀਆਂ ਦੇ ਲਈ ਸਭ ਤੋਂ ਲੋੜੀਂਦੇ (ਵਾਂਟੇਡ) ਲੋਕਾਂ ’ਚੋਂ ਇੱਕ ਸਨ।
ਉਨ੍ਹਾਂ ਦੀ ਦੇਖ-ਰੇਖ ਹੇਠ ਦਰਜਨਾਂ ਹੀ ਲੋਕਾਂ ਦਾ ਇੱਕ ਨੈੱਟਵਰਕ ਸਰਗਰਮ ਸੀ, ਜਿਸ ਦੀ ਅਗਵਾਈ ਉਹ ਆਪ ਕਰਦੇ ਸਨ ਅਤੇ ਉਹ ਉਸ ਸਮੇਂ ਦੇ ਦੁਨੀਆਂ ਦੇ ਸਭ ਤੋਂ ਵੱਡੇ ਬੈਂਕ ਨੈਸ਼ਨਲ ਸਿਟੀ ਬੈਂਕ (ਜੋ ਕਿ ਹੁਣ ਸਿਟੀ ਬੈਂਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ) ਤੋਂ ਧੋਖੇ ਨਾਲ ਬਹੁਤ ਸਾਰੇ ਟ੍ਰੈਵਲਰਜ਼ ਚੈੱਕ ਬਣਾਉਣ ’ਚ ਕਾਮਯਾਬ ਹੋਏ ਸਨ।
ਇਹ ਸਪੱਸ਼ਟ ਨਹੀਂ ਹੈ ਕਿ ਇਸ ਵਾਰਦਾਤ ’ਚ ਕਿੰਨੀ ਰਕਮ ਦਾ ਘਪਲਾ ਹੋਇਆ ਸੀ, ਪਰ ਖੁਦ ਲੋਸਿਓ ਅਨੁਸਾਰ ਇਹ ਰਾਸ਼ੀ ਘੱਟ ਤੋਂ ਘੱਟ 20 ਮਿਲੀਅਨ ਅਮਰੀਕੀ ਡਾਲਰ ਦੇ ਕਰੀਬ ਸੀ।
ਕੌਣ ਸੀ ਲੋਸਿਓ
- ਲੋਸਿਓ ਦਾ ਜਨਮ 1931 ’ਚ ਕਾਸਕੇਂਟ ਨਾਮ ਦੇ ਕਸਬੇ ਦੇ ਇੱਕ ਪਰਿਵਾਰ ’ਚ ਹੋਇਆ ਸੀ।
- ਉਹ ਲੋਕਾਂ ਦੇ ਬਗੀਚਿਆਂ ’ਚੋਂ ਫਲ ਚੋਰੀ ਕਰ ਲੈਂਦੇ ਸਨ ਅਤੇ ਹਰ ਉਸ ਕੰਮ ਨੂੰ ਕਰਦੇ ਸਨ ਜੋ ਕਿ ਜ਼ਿੰਦਾ ਰਹਿਣ ਲਈ ਜ਼ਰੂਰੀ ਸੀ।
- ਉਨ੍ਹਾਂ ਨੇ ਫੌਜੀ ਵਿੱਚ ਰਹਿੰਦਿਆੰ ਬੈਰਕਾਂ ’ਚੋਂ ਫੌਜੀ ਜੁੱਤੇ, ਕਮੀਜ਼ਾਂ, ਘੜੀਆਂ ਅਤੇ ਹੋਰ ਕੀਮਤੀ ਸਮਾਨ ਵੀ ਗਾਇਬ ਕੀਤਾ।
- ਉਨ੍ਹਾਂ ਨੇ ਰਾਜਨੀਤੀ ਸਬੰਧੀ ਕੋਈ ਸਿਖਲਾਈ ਨਹੀਂ ਲਈ ਸੀ।
- ਲੋਸਿਓ ਅਰਤੋਬਿਆ 1980 ਦੇ ਦਹਾਕੇ ’ਚ ਦੁਨੀਆਂ ਦੇ ਲਈ ਸਭ ਤੋਂ ਲੋੜੀਂਦੇ (ਵਾਂਟੇਡ) ਲੋਕਾਂ ’ਚੋਂ ਇੱਕ ਸਨ।
- ਲੋਸਿਓ ਨੂੰ ਇੱਕ ਡਾਕੂ, ਕਥਿਤ ਅਗਵਾਕਾਰ ਅਤੇ ਸਮੱਗਲਰ ਵੱਜੋਂ ਜਾਣਿਆ ਜਾਂਦਾ ਸੀ।
- ਉਨ੍ਹਾਂ ਦੀ ਦੇਖ-ਰੇਖ ਹੇਠ ਦਰਜਨਾਂ ਹੀ ਲੋਕਾਂ ਦਾ ਇੱਕ ਨੈੱਟਵਰਕ ਸਰਗਰਮ ਸੀ।
ਲੋਸਿਓ ਦਾ ਦਾਅਵਾ ਸੀ ਕਿ ਇਹ ਰਕਮ ਲਾਤੀਨੀ ਅਮਰੀਕਾ ਅਤੇ ਯੂਰਪ ’ਚ ਸਰਕਾਰਾਂ ਵਿਰੁੱਧ ਗੁਰੀਲਾ ਯੁੱਧ ਲੜਣ ਵਾਲੇ ਸਮੂਹਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਵਰਤੀ ਗਈ ਸੀ।
ਇਹ ਗੱਲ ਮਸ਼ਹੂਰ ਹੈ ਕਿ ਉਨ੍ਹਾਂ ਦੀਆਂ ਜਾਅਲਸਾਜ਼ੀਆਂ ਦੇ ਕਾਰਨ ਮਸ਼ਹੂਰ ਗੁਰੀਲਾ ਸਮੂਹ ਬਲੈਕ ਪੈਂਥਰਜ਼ ਦੇ ਮੁਖੀ ਐਲਡਰਿਚ ਕਲੇਵਰ ਨੂੰ ਫਰਾਰ ਹੋਣ ’ਚ ਮਦਦ ਮਿਲੀ ਸੀ ਅਤੇ ਉਨ੍ਹਾਂ ਪੈਸਿਆਂ ਦੀ ਮਦਦ ਨਾਲ ਬੋਲੀਵੀਆ ’ਚ ਨਾਜ਼ੀ ਕਲਾਊਸ ਬਾਰਬੀ ਨੂੰ ਅਗਵਾ ਕਰਨ ਦਾ ਯਤਨ ਵੀ ਕੀਤਾ ਗਿਆ ਸੀ।
ਉਨ੍ਹਾਂ ਦਾ ਆਪਣਾ ਦਾਅਵਾ ਸੀ ਕਿ ਉਨ੍ਹਾਂ ਨੇ ਗੁਰੀਲਾ ਕਾਰਵਾਈਆਂ ਲਈ ਰਣਨੀਤੀਆਂ ਦੇ ਸਬੰਧ ’ਚ ਚੇ-ਗਵੇਰਾ ਦੇ ਨਾਲ ਸਲਾਹ-ਮਸ਼ਵਰਾ ਕੀਤਾ ਸੀ।
ਇੰਨ੍ਹਾਂ ਸਭ ’ਚ ਸੱਚਾਈ ਕਿੰਨੀ ਹੈ ਅਤੇ ਸ਼ੇਖੀ ਕਿੰਨੀ ਹੈ, ਇਸ ਦਾ ਪਤਾ ਨਹੀਂ ਹੈ, ਪਰ ਇਸ ਸਭ ਦੇ ਵਿਚਾਲੇ ਲੋਸਿਓ ਦੀ ਜ਼ਿੰਦਗੀ ਕਿਸੇ ਫਿਲਮ ਦੀ ਸਕ੍ਰਿਪਟ ਤੋਂ ਘੱਟ ਨਹੀਂ ਹੈ।
ਇੱਕ ਫਿਲਮੀ ਜ਼ਿੰਦਗੀ
ਲੋਸਿਓ ਦਾ ਜਨਮ 1931 ’ਚ ਕਾਸਕੇਂਟ ਨਾਮ ਦੇ ਕਸਬੇ ਦੇ ਇੱਕ ਪਰਿਵਾਰ ’ਚ ਹੋਇਆ ਸੀ। ਉਹ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ ਕਿ ਆਪਣੇ ਬਚਪਨ ’ਚ “ਮੈਂ ਕਿਸੇ ਚੀਜ਼ ਨੂੰ ਹਾਸਲ ਕਰਨ ਲਈ ਕਦੇ ਵੀ ਪਾਬੰਦੀ ਦਾ ਸਨਮਾਨ ਨਹੀਂ ਕੀਤਾ। ਜੇਕਰ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਤਾਂ ਉਸ ਨੂੰ ਹਾਸਲ ਕਰਨ ਲਈ ਮੈਂ ਹਰ ਉਹ ਕੰਮ ਕਰਦਾ ਜੋ ਕਿ ਮੈਨੂੰ ਸਹੀ ਲੱਗਦਾ ਸੀ।”
ਉਦਾਹਰਣ ਵੱਜੋਂ, ਆਪਣੇ ਬਚਪਨ ’ਚ ਉਨ੍ਹਾਂ ਨੇ ਉਹ ਸਿੱਕੇ ਚੋਰੀ ਕਰਨ ਤੋਂ ਪਰਹੇਜ਼ ਨਾ ਕੀਤਾ, ਜੋ ਕਿ ਉਸ ਦੌਰ ਦੇ ਅਮੀਰ ਲੋਕ ਉਨ੍ਹਾਂ ਦੇ ਕਸਬੇ ਦੀ ਚਰਚ ਦੇ ਸਾਹਮਣੇ ਵਾਲੇ ਤਾਲਾਬ ’ਚ ਸ਼ਰਧਾ ਵੱਜੋਂ ਸੁੱਟਦੇ ਸਨ।
ਉਹ ਲੋਕਾਂ ਦੇ ਬਗੀਚਿਆਂ ’ਚੋਂ ਫਲ ਚੋਰੀ ਕਰ ਲੈਂਦੇ ਸਨ ਅਤੇ ਹਰ ਉਸ ਕੰਮ ਨੂੰ ਕਰਦੇ ਸਨ ਜੋ ਕਿ ਜ਼ਿੰਦਾ ਰਹਿਣ ਲਈ ਜ਼ਰੂਰੀ ਸੀ।
ਛੋਟੀ-ਮੋਟੀ ਚੋਰੀ ਦੇ ਕੰਮ ਕਰਨ ਤੋਂ ਬਾਅਦ ਉਹ ਸਰਹੱਦ ’ਤੇ ਹੋਣ ਵਾਲੀ ਤਸਕਰੀ ਦੇ ਕੰਮ ’ਚ ਸ਼ਾਮਲ ਹੋ ਗਏ। ਉਹ ਆਪਣੇ ਭਰਾ ਦੇ ਨਾਲ ਮਿਲ ਕੇ ਸਰਹੱਦ ਪਾਰ ਤੋਂ ਤੰਬਾਕੂ, ਦਵਾਈਆਂ ਅਤੇ ਸ਼ਰਾਬ ਦੀ ਤਸਕਰੀ ਕਰਦੇ ਸਨ।
ਫਿਰ ਜਦੋਂ ਉਹ ਜਵਾਨ ਹੋਏ ਤਾਂ ਤਤਕਾਲੀ ਕਾਨੂੰਨ ਤਹਿਤ ਉਨ੍ਹਾਂ ਨੂੰ ਜ਼ਰੂਰੀ ਫੌਜੀ ਸੇਵਾ ਕਰਨ ਲਈ ਭਰਤੀ ਕੀਤਾ ਗਿਆ। ਇਹ ਉਹ ਸਮਾਂ ਸੀ ਜਦੋਂ ਉਨ੍ਹਾਂ ਲਈ ਫੌਜੀ ਬੈਰਕਾਂ ਦੇ ਗੋਦਾਮਾਂ ਤੱਕ ਪਹੁੰਚਣਾ ਸੌਖਾ ਸੀ ਅਤੇ ਇੱਥੇ ਉਨ੍ਹਾਂ ਦੇ ਸਾਹਮਣੇ ਇੱਕ ਨਵੀਂ ਹੀ ਦੁਨੀਆਂ ਸੀ।
ਜਲਦੀ ਹੀ ਬੈਰਕਾਂ ’ਚੋਂ ਫੌਜੀ ਜੁੱਤੇ, ਕਮੀਜ਼ਾਂ, ਘੜੀਆਂ ਅਤੇ ਹੋਰ ਕੀਮਤੀ ਸਮਾਨ ਕੂੜੇ ਦੇ ਡਿੱਬਿਆਂ ਜ਼ਰੀਏ ਬਾਹਰ ਤਸਕਰੀ ਹੋਣ ਲੱਗਾ। ਹਾਲਾਂਕਿ ਫੌਜ ਨੂੰ ਕੁਝ ਹੀ ਦਿਨਾਂ ’ਚ ਇਸ ਲੁੱਟਮਾਰ ਦਾ ਪਤਾ ਲੱਗ ਗਿਆ ਸੀ।
ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਉਹ ਫਰਾਰ ਹੋ ਕੇ ਫਰਾਂਸ ਪਹੁੰਚ ਗਏ ਸਨ, ਕਿਉਂਕਿ ਜੇਕਰ ਉਹ ਫਰਾਰ ਨਾ ਹੁੰਦੇ ਤਾਂ ਉਨ੍ਹਾਂ ਨੂੰ ਜੇਲ੍ਹ ’ਚ ਚੱਕੀ ਪੀਸਣੀ ਪੈਣੀ ਸੀ ਜਾਂ ਫਿਰ ਉਹ ਫਾਇਰਿੰਗ ਸਕੁਐਡ ਦੇ ਸਾਹਮਣੇ ਹੁੰਦੇ।
ਉਹ ਫਰਾਂਸ ਤਾਂ ਪਹੁੰਚ ਗਏ ਪਰ ਸਭ ਤੋਂ ਵੱਡੀ ਚੁਣੌਤੀ ਇਹ ਸੀ ਕਿ ਉਨ੍ਹਾਂ ਨੂੰ ਰਾਜਸੀ ਭਾਸ਼ਾ ਦਾ ਇੱਕ ਵੀ ਸ਼ਬਦ ਨਹੀਂ ਆਉਂਦਾ ਸੀ।
ਗਰੀਬੀ ਵਿੱਚ ਬੀਤਿਆ ਲੋਸਿਓ ਦਾ ਬਚਪਨ
ਆਪਣੀ ਸਵੈ-ਜੀਵਨੀ ’ਚ ਉਹ ਲਿਖਦੇ ਹਨ, “ਫਰਾਂਸ ਪਹੁੰਚ ਕੇ ਮੈਨੂੰ ਕਿਸੇ ਵੀ ਚੀਜ਼ ਬਾਰੇ ਕੁਝ ਵੀ ਪਤਾ ਨਹੀਂ ਸੀ।”
ਪਰ ਜਲਦੀ ਹੀ ਉਨ੍ਹਾਂ ਨੇ ਇੱਕ ਨਿਰਮਾਣ ਕੰਪਨੀ ’ਚ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਆਖਰੀ ਸਾਹਾਂ ਤੱਕ ਉਹ ਇਸ ਉਦਯੋਗ ਨਾਲ ਜੁੜੇ ਰਹੇ।
ਉਨ੍ਹਾਂ ਦਾ ਕਹਿਣਾ ਸੀ, “ਇਨਸਾਨ ਉਹ ਹੀ ਹਨ ਜਿੰਨ੍ਹਾਂ ਦੀ ਪਛਾਣ ਉਨ੍ਹਾਂ ਦੇ ਕੰਮ ਕਰਕੇ ਹੁੰਦੀ ਹੈ। ਇਹੀ ਕਾਰਨ ਹੈ ਕਿ ਮੈਨੂੰ ਹਮੇਸ਼ਾ ਮੁਕਤੀ ਆਪਣੇ ਕੰਮ ਤੋਂ ਹੀ ਮਿਲੀ ਹੈ, ਜਿਸ ਤੋਂ ਬਿਨ੍ਹਾਂ ਕੋਈ ਵੀ ਕੁਝ ਨਹੀਂ ਹੈ।”
ਪਰ ਸੱਚ ਤਾਂ ਇਹ ਹੈ ਕਿ ਇਹ ਉਹ ਹੀ ਕੰਮ ਸੀ, ਜੋ ਕਿ ਉਨ੍ਹਾਂ ਦੇ ਖੁਫੀਆ ਜੀਵਨ ਲਈ ਇੱਕ ਬਹੁਰੁਪੀਏ ਦਾ ਕੰਮ ਕਰਦਾ ਸੀ ਕਿਉਂਕਿ ਕੋਈ ਨਹੀਂ ਸੋਚ ਸਕਦਾ ਸੀ ਕਿ ਇੱਕ ਅਨਪੜ੍ਹ ਮਜ਼ਦੂਰ ਉਸ ਦੌਰ ਦੀਆਂ ਵੱਡੀਆਂ ਜਾਅਲਸਾਜ਼ੀਆਂ ਦਾ ਸਾਜ਼ਿਸ਼ਕਰਤਾ ਹੋ ਸਕਦਾ ਹੈ।
ਇਹ ਉਹ ਦੌਰ ਹੈ ਜਦੋਂ ਫਰਾਸ ਦੀ ਰਾਜਧਾਨੀ ਪੈਰਿਸ ਹਜ਼ਾਰਾਂ ਸਪੇਨੀ ਕਮਿਊਨਿਸਟਾਂ, ਅਰਾਜਕਤਾਵਾਦੀਆਂ, ਸਮਾਜਵਾਦੀਆਂ ਅਤੇ ਬਾਗ਼ੀਆਂ ਦੀ ਪਨਾਹਗਾਹ ਬਣੀ ਹੋਈ ਸੀ।
ਪਰ ਲੋਸਿਓ, ਜੋ ਕਿ ਬਹੁਤ ਹੀ ਮੁਸ਼ਕਲ ਨਾਲ ਪੜ੍ਹ ਸਕਦੇ ਸੀ, ਉਨ੍ਹਾਂ ਨੇ ਰਾਜਨੀਤੀ ਸਬੰਧੀ ਕੋਈ ਸਿਖਲਾਈ ਨਹੀਂ ਲਈ ਸੀ।
ਆਪਣੀਆਂ ਯਾਦਾਂ ’ਚ ਉਹ ਦੱਸਦੇ ਹਨ ਕਿ ਇੱਕ ਦਿਨ ਉਨ੍ਹਾਂ ਦੇ ਸਾਥੀ ਨੇ ਉਨ੍ਹਾਂ ਤੋਂ ਪੁੱਛਿਆ, “ਤੁਹਾਡੀ ਰਾਜਨੀਤਿਕ ਸੋਚ ਕੀ ਹੈ? ਤੁਸੀਂ ਕੌਣ ਹੋ?”
ਲੋਸਿਓ ਨੇ ਉਨ੍ਹਾਂ ਨੂੰ ਜਵਾਬ ਦਿੱਤਾ ਕਿ ਉਹ ਕਮਿਊਨਿਸਟ ਹਨ ਕਿਉਂਕਿ ਉਨ੍ਹਾਂ ਦੇ ਸ਼ਬਦਾਂ ’ਚ ਉਨ੍ਹਾਂ ਦਾ ਵਿਚਾਰ ਸੀ ਕਿ ਫਾਸੀਵਾਦ ਦੇ ਸਾਰੇ ਹੀ ਵਿਰੋਧੀ ਇਹੀ ਸੋਚ ਰੱਖਦੇ ਹਨ।
ਉਨ੍ਹਾਂ ਦਾ ਸਾਥੀ ਇਸ ਜਵਾਬ ’ਤੇ ਹੱਸਿਆ ਅਤੇ ਬੋਲਿਆ, “ਕੀ ਗੱਲ ਹੈ! ਤੁਸੀਂ ਕਮਿਊਨਿਸਟ ਬਣਨ ਜਾ ਰਹੇ ਹੋ, ਤੁਸੀਂ ਅਰਾਜਕਤਾਵਾਦੀ ਹੋ।”
ਰਾਜਨੀਤਿਕ ਚੇਤਨਾ
ਉਨ੍ਹਾਂ ਨੇ ਇਹ ਸ਼ਬਦ ਆਪਣੇ ਪਿਤਾ ਜੀ ਤੋਂ ਸੁਣਿਆ ਸੀ। ਗੁੱਸੇ ’ਚ ਇੱਕ ਦਿਨ ਉਨ੍ਹਾਂ ਦੇ ਪਿਤਾ ਜੀ ਨੇ ਕਿਹਾ ਸੀ, “ਜੇਕਰ ਮੈਂ ਮੁੜ ਜਨਮ ਲਿਆ ਤਾਂ ਮੈਂ ਇੱਕ ਅਰਾਜਕਤਾਵਾਦੀ ਬਣਾਗਾਂ।”
ਇਹ ਉਨ੍ਹਾਂ ਦੇ ਦੂਜੇ ਜੀਵਨ ਦੀ ਸ਼ੁਰੂਆਤ ਸੀ। “ਇਸ ਨਾਲ ਮੇਰੇ ਲਈ ਸੱਚਾਈ ਦੀ ਸ਼ੁਰੂਆਤ ਹੋਈ, ਇਹ ਅਸਲ ਆਜ਼ਾਦੀ ਸੀ।”
ਉਨ੍ਹਾਂ ਨੇ ਕੁਝ ਫਰਾਂਸੀਸੀ ਕੋਰਸ ਕਰਨ ਲਈ ਲਿਬਰਟੇਰੀਅਨ ਯੂਥ ’ਚ ਆਪਣਾ ਨਾਮ ਦਰਜ ਕਰਵਾਇਆ ਅਤੇ ਪੈਰਿਸ ਦੇ ਸੀਨ, ਮਾਰਥ ਇਲਾਕੇ ’ਚ ਨਜ਼ਰ ਆਉਣ ਲੱਗੇ, ਜਿੱਥੇ ਕਿ ਨੋਬਲ ਪੁਰਸਕਾਰ ਜੇਤੂ ਦਾਰਸ਼ਨਿਕ ਅਲਬਰਟ ਕੈਮੋਸ ਅਤੇ ਹੋਰ ਪ੍ਰਸਿੱਧ ਲੋਕ ਰਹਿੰਦੇ ਸਨ।
ਉਨ੍ਹਾਂ ਅਨੁਸਾਰ ਫਰਾਂਸੀਸੀ ਭਾਸ਼ਾ ਦੇ ਜਿੰਨਾਂ ਸਕੂਲਾਂ ਨੇ ਉਨ੍ਹਾਂ ਲਈ ਸਿੱਖਿਆ ਦੇ ਦਰਵਾਜ਼ੇ ਬੰਦ ਕੀਤੇ ਸਨ, ਉਹ ਥੀਏਟਰ ਸਮੂਹਾਂ ਦੇ ਹੱਥੋਂ ਉਨ੍ਹਾਂ ਲਈ ਖੁੱਲ੍ਹ ਗਏ ਸਨ।
ਇੱਕ ਦਿਨ ਸੀਐੱਨਟੀ ਸਕੱਤਰ ਨੇ ਉਨ੍ਹਾਂ ਤੋਂ ਮਦਦ ਮੰਗੀ, “ਸਾਨੂੰ ਪਤਾ ਹੈ ਕਿ ਤੁਹਾਡੇ ਕੋਲ ਇੱਕ ਅਪਾਰਟਮੈਂਟ ਹੈ ਅਤੇ ਸਾਡਾ ਇੱਕ ਦੋਸਤ ਹੈ ਜਿਸ ਨੂੰ ਮਦਦ ਦੀ ਜ਼ਰੂਰਤ ਹੈ। ਜਦੋਂ ਤੱਕ ਅਸੀਂ ਉਨ੍ਹਾਂ ਲਈ ਕੋਈ ਪ੍ਰਬੰਧ ਨਹੀਂ ਕਰ ਲੈਂਦੇ, ਕਿਰਪਾ ਕਰਕੇ ਤੁਸੀਂ ਕੁਝ ਸਮੇਂ ਲਈ ਉਨ੍ਹਾਂ ਦੀ ਮਦਦ ਕਰੋ।"
ਇਹ ਦੋਸਤ ਕਵਾਕੋ ਸਾਬਾਤੀ ਸਨ ਜੋ ਕਿ ਕੈਟਲੋਨੀਆ ’ਚ ਫਰਾਂਸ ਵਿਰੋਧੀ ਗੁਰੀਲਾ ਝੜਪਾਂ ’ਚ ਸ਼ਾਮਲ ਸਨ ਅਤੇ ਸਪੇਨ ’ਚ ਸਭ ਤੋਂ ਵਾਂਟੇਡ ਲੋਕਾਂ ’ਚੋਂ ਇੱਕ ਸਨ।
ਬਰਨਾਰਡ ਥਾਮਸ ਅਨੁਸਾਰ ਲੋਸਿਓ ਉਨ੍ਹਾਂ ਤੋਂ ਬਹੁਤ ਪ੍ਰਭਾਵਿਤ ਸਨ ਅਤੇ ਉਨ੍ਹਾਂ ਨੂੰ ‘ਅਰਾਜਕਤਾਵਾਦ ਦਾ ਗੁਰੂ’ ਕਿਹਾ ਕਰਦੇ ਸਨ।
ਲੋਸਿਓ ਨੇ ਕਵਾਕੋ ਨੂੰ ਲੁਕਾਉਣ ’ਚ ਮਦਦ ਕੀਤੀ ਅਤੇ ਜਦੋਂ ਉਹ ਛੇ ਮਹੀਨਿਆਂ ਦੀ ਸਜ਼ਾ ਭੁਗਤਣ ਲਈ ਜੇਲ੍ਹ ਗਏ ਤਾਂ ਉਨ੍ਹਾਂ ਨੂੰ ਥਾਮਸਨ ਮਸ਼ੀਨ ਗੰਨ ਅਤੇ ਪਿਸਤੌਲ ਵਰਗੇ ‘ਔਜ਼ਾਰ’ ਮਿਲ ਗਏ ਸਨ।
ਲੋਸਿਓ ਅਨੁਸਾਰ ਇੰਨ੍ਹਾਂ ‘ਔਜ਼ਾਰਾਂ’ ਅਤੇ ਢਿੱਲੇ ਪਹਿਰਾਵੇ ਦੀ ਮਦਦ ਨਾਲ ਉਨ੍ਹਾਂ ਨੇ ਪੈਰਿਸ ’ਚ ਪਹਿਲੀ ਵਾਰ ਇੱਕ ਦੋਸਤ ਨਾਲ ਇੱਕ ਬੈਂਕ ਲੁੱਟਿਆ ਸੀ। ਉਹ ਉਸ ਨੂੰ ਜ਼ਬਤੀ ਕਹਿੰਦੇ ਸਨ, ਜਿਵੇਂ ਕਿ ਰਾਜ ਕਿਸੇ ਦੀ ਜਾਇਦਾਦ ਜ਼ਬਤ ਕਰਦਾ ਹੈ।
ਸਪੈਨਿਸ਼ ਅਰਾਜਕਤਾਵਾਦੀ
ਪਹਿਲੀ ਵਾਰ ਬੈਂਕ ਲੁੱਟਣ ਦੀ ਦਿਲਚਸਪ ਕਹਾਣੀ
ਲੋਸਿਓ ਉਸ ਸਮੇਂ ਸਖ਼ਤ ਮਿਹਨਤ ਕਰਕੇ ਹਫ਼ਤੇ ’ਚ 50 ਫ੍ਰੈਂਕ ਕਮਾਂਉਂਦੇ ਸਨ, ਪਰ 16 ਮਿੰਟਾਂ ’ਚ ਹੀ ਉਨ੍ਹਾਂ ਨੇ ਲੱਖਾਂ ਫ੍ਰੈਂਕ ਕਮਾ ਲਏ ਸਨ। ਪਹਿਲੀ ਡਕੈਤੀ ਤੋਂ ਬਾਅਦ ਉਨ੍ਹਾਂ ਨੇ ਕਈ ਹੋਰ ਬੈਂਕ ਲੁੱਟੇ, ਪਰ ਲੋਸਿਓ ਨੇ ਕਦੇ ਵੀ ਨਿਰਮਾਣ ਦੀ ਜਗ੍ਹਾ ਵਾਲੀ ਮਜ਼ਦੂਰੀ ਨਾ ਛੱਡੀ। ਉਨ੍ਹਾਂ ਅਨੁਸਾਰ ਲੁੱਟੀ ਗਈ ਦੌਲਤ ‘ਕ੍ਰਾਂਤੀਕਾਰੀ’ ਮਕਸਦ ਲਈ ਵਰਤੀ ਜਾਣੀ ਸੀ।
ਉਨ੍ਹਾਂ ਲਈ ਬੈਂਕ ਲੁੱਟਣਾ ਆਸਾਨ ਹੁੰਦਾ ਸੀ ਕਿਉਂਕਿ ਉਸ ਸਮੇਂ ਸੁਰੱਖਿਆ ਕੈਮਰਿਆ ਦਾ ਕੋਈ ਬੰਦੋਬਸਤ ਨਹੀਂ ਹੁੰਦਾ ਸੀ। ਲੋਸਿਓ ਨੂੰ ਇਹ ਕੰਮ ਪਸੰਦ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਡਰ ਰਹਿੰਦਾ ਸੀ ਕਿ ਕਿਤੇ ਕੋਈ ਜ਼ਖਮੀ ਨਾ ਹੋ ਜਾਵੇ।
ਬਾਅਦ ਦੀਆਂ ਇੰਟਰਵਿਊਆਂ ’ਚ ਉਨ੍ਹਾਂ ਨੇ ਬਿਨ੍ਹਾਂ ਮੁਸਕਰਾਏ ਕਿਹਾ ਸੀ ਕਿ, “ਜਦੋਂ ਮੈਂ ਪਹਿਲੀ ਵਾਰ ਬੈਂਕ ਨੂੰ ਜ਼ਬਤ ਕਰਨ ਜਾ ਰਿਹਾ ਸੀ ਤਾਂ ਉਸ ਸਮੇਂ ਮੈਂ ਆਪਣੀ ਪੈਂਟ ’ਚ ਹੀ ਪੇਸ਼ਾਬ ਕਰ ਦਿੱਤਾ ਸੀ।”
ਹਾਲਾਂਕਿ ਉਨ੍ਹਾਂ ਨੇ ਆਪਣੀ ਥਾਮਸਨ ਮਸ਼ੀਨ ਗੰਨ ਦੀ ਥਾਂ ’ਤੇ ਪ੍ਰਿੰਟਿੰਗ ਪ੍ਰੈਸ ਖਰੀਦ ਲਈ ਸੀ, ਜੋ ਕਿ ਅਰਾਜਕਤਾਵਾਦੀਆਂ ਦਾ ਬਹੁਤ ਵੱਡਾ ਹਥਿਆਰ ਸੀ।
ਪ੍ਰਿੰਟਿੰਗ ਦੀ ਦੁਨੀਆਂ ’ਚ ਆਪਣੇ ਦੋਸਤਾਂ ਦੀ ਮਦਦ ਨਾਲ ਉਨ੍ਹਾਂ ਨੇ ਜਾਅਲੀ ਸਪੈਨਿਸ਼ ਪਛਾਣ ਪੱਤਰ, ਪਾਸਪੋਰਟ ਅਤੇ ਡਰਾਈਵਿੰਗ ਲਾਇਸੈਨਸ ਬਣਾਉਣੇ ਸ਼ੁਰੂ ਕੀਤੇ। ਇਸ ਨਾਲ ਲੋਕਾਂ ਨੂੰ ਦੂਜੇ ਦੇਸ਼ਾਂ ’ਚ ਜਾਣ ’ਚ ਮਦਦ ਮਿਲਦੀ ਅਤੇ ਸਰਕਾਰ ਦੇ ਵਿਰੋਧੀ ਕਿਸੇ ਹੋਰ ਦੇਸ਼ ਜਾ ਸਕਦੇ ਸਨ।
ਉਹ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ, “ਇਸ ਦੀ ਮਦਦ ਨਾਲ ਗੱਡੀਆਂ ਕਿਰਾਏ ’ਤੇ ਲੈਣਾ, ਬੈਂਕ ਖਾਤੇ, ਯਾਤਰਾ ਦਸਤਾਵੇਜ਼ ਆਦਿ ਸਭ ਹਾਸਲ ਹੋ ਸਕਦਾ ਸੀ ਅਤੇ ਉਹ ਵੀ ਸਰਕਾਰੀ ਅਧਿਕਾਰੀਆਂ ਨੂੰ ਪੈਸਾ ਦਿੱਤੇ ਬਿਨ੍ਹਾਂ। ਇਸ ਨਾਲ ਉਹ ਦਰਵਾਜ਼ੇ ਖੁੱਲ੍ਹ ਗਏ ਸਨ, ਜੋ ਕਿ ਸਾਡੇ ਲਈ ਬੰਦ ਸਨ।”
ਨਕਲੀ ਦਸਤਾਵੇਜ਼ਾਂ ਤੋਂ ਬਾਅਦ ਉਨ੍ਹਾਂ ਦਾ ਅਗਲਾ ਨਿਸ਼ਾਨਾ ਕਰੰਸੀ ਨੋਟ ਬਣ ਗਏ ਸਨ। ਲੋਸਿਓ ਦੇ ਹੱਥ ਅਮਰੀਕੀ ਡਾਲਰ ਦੀ ਵਧੀਆ ਨਕਲ ਲੱਗ ਗਈ ਸੀ। ਉਹ ਦੱਸਦੇ ਹਨ, “ਅਸੀਂ ਜੋ ਦੂਜੇ ਕੰਮ ਕੀਤੇ ਸਨ ਉਨ੍ਹਾਂ ਦੀ ਤੁਲਨਾ ’ਚ ਡਾਲਰ ਦੀ ਨਕਲ ਤਿਆਰ ਕਰਨਾ ਕੁਝ ਸੌਖਾ ਸੀ।”
ਕਰੰਸੀ ਲਈ ਸਭ ਤੋਂ ਮੁਸ਼ਕਲ ਕੰਮ ਕਾਗਜ਼ ਲਿਆਉਣਾ ਹੈ। ਜਾਅਲੀ ਕਰੰਸੀ ਬਣਾਉਣ ਲਈ ਉਨ੍ਹਾਂ ਨੇ ਇੱਕ ਅਮਰੀਕਾ ਵਿਰੋਧੀ ਦੇਸ਼ ਦੀ ਮਦਦ ਲੈਣ ਦਾ ਫੈਸਲਾ ਕੀਤਾ। ਲੋਸਿਓ ਨੂੰ ਇੱਕ ਪੁੱਠਾ ਖਿਆਲ ਆਇਆ।
ਉਨ੍ਹਾਂ ਨੇ ਪੈਰਿਸ ’ਚ ਕਿਊਬਾ ਦੇ ਰਾਜਦੂਤ ਨਾਲ ਸੰਪਰਕ ਕੀਤਾ ਤਾਂ ਜੋ ਉਨ੍ਹਾਂ ਦੀ ਮੁਲਾਕਾਤ ਚੇ ਗਵੇਰਾ ਨਾਲ ਹੋ ਸਕੇ, ਜੋ ਕਿ ਪੈਰਿਸ ਦੇ ਇੱਕ ਹਵਾਈ ਅੱਡੇ ਤੋਂ ਲੰਘ ਰਹੇ ਸਨ। ਇਸ ਮੁਲਾਕਾਤ ਦੀ ਪੁਸ਼ਟੀ ਕਰਨਾ ਮੁਸ਼ਕਲ ਹੈ।
ਕਿਊਬਾ ਦੀ ਕ੍ਰਾਂਤੀ ਤੋਂ ਬਹੁਤ ਸਾਰੇ ਅਰਾਜਕਤਾਵਾਦੀ, ਕਮਿਊਨਿਸਟ ਅਤੇ ਪੂੰਜੀਵਾਦੀ ਵਿਵਸਥਾ ਵਿਰੋਧੀ ਪ੍ਰਭਾਵਿਤ ਹੋਏ ਸਨ।
ਲੋਸਿਓ ਮੁਤਾਬਕ ਚੋਰੀ ਇੱਕ ਕ੍ਰਾਂਤੀਕਾਰੀ ਕਾਰਜ ਹੈ, ਜੇਕਰ ਇਸ ਨੂੰ ਲੋਕਾਂ ਦੀ ਭਲਾਈ ਲਈ ਕੀਤਾ ਜਾਵੇ
ਇਤਿਹਾਸਕਾਰ ਆਸਕਰ ਫ੍ਰੇਨ ਹਰਨਾਡਿਜ਼ ਅਨੁਸਾਰ ਇਹ ਸੰਭਵ ਹੈ ਕਿ ਉਸ ਸਮੇਂ ਦੇ ਸਮਾਜਿਕ ਕਾਰਕੁਨ ਕਿਊਬਾ ਦੇ ਦੂਤਾਵਾਸ ਦੇ ਸੰਪਰਕ ’ਚ ਹੋਣਗੇ, ਪਰ ਸਾਨੂੰ ਇਹ ਨਹੀਂ ਪਤਾ ਹੈ ਕਿ ਉਨ੍ਹਾਂ ਨੂੰ ਚੇ ਗਵੇਰਾ ਮਿਲੇ ਸਨ ਜਾ ਫਿਰ ਨਹੀਂ।
ਲੋਸਿਓ ਉਤਸ਼ਾਹੀ ਸਨ ਅਤੇ ਉਨ੍ਹਾਂ ਕੋਲ ਇੱਕ ਸਰਲ ਯੋਜਨਾ ਸੀ- ਕਿਊਬਾ ਲੱਖਾਂ ਡਾਲਰ ਛਾਪੇ ਅਤੇ ਮਾਰਕਿਟ ’ਚ ਨਕਲੀ ਡਾਲਰ ਲਿਆ ਕੇ ਕਰੰਸੀ ਦੀ ਕੀਮਤ ’ਚ ਗਿਰਾਵਟ ਲਿਆ ਦੇਵੇ। ਉਨ੍ਹਾਂ ਨੇ ਨਕਲੀ ਮੁਦਰਾ ਬਣਾਉਣ ਲਈ ਪਲੇਟਾਂ ਦੇਣ ਦੀ ਹਾਮੀ ਵੀ ਭਰੀ।
ਉਨ੍ਹਾਂ ਦਾ ਦਾਅਵਾ ਹੈ ਕਿ ਉਸ ਸਮੇਂ ਚੇ ਗਵੇਰਾ ਕਿਊਬਾ ਦੇ ਵਿੱਤ ਮੰਤਰੀ ਸਨ ਅਤੇ ਉਨ੍ਹਾਂ ਨੇ ਕਥਿਤ ਤੌਰ ’ਤੇ ਉਨ੍ਹਾਂ ਨੂੰ ਇਸ ਮਾਮਲੇ ’ਚ ਵਧੇਰੇ ਸਪੱਸ਼ਟ ਨਹੀਂ ਪਾਇਆ। ਲੋਸਿਓ ਨੂੰ ਇਸ ਗੱਲ ਦਾ ਅਫ਼ਸੋਸ ਹੋਇਆ।
ਉਨ੍ਹਾਂ ਅਨੁਸਾਰ ਚੇ ਗਵੇਰਾ ਇਹ ਨਹੀਂ ਚਾਹੁੰਦੇ ਸਨ ਕਿ ਉਨ੍ਹਾਂ ਦੀ ਆਪਣੀ ਕਰੰਸੀ ਦੀ ਨਕਲ ਤਿਆਰ ਕੀਤੀ ਜਾਵੇ ਕਿਉਂਕਿ ਇਸ ਅਪਰਾਧ ਲਈ ਵੱਧ ਤੋਂ ਵੱਧ 20 ਸਾਲ ਦੀ ਕੈਦ ਸੀ।
ਲੋਸਿਓ ਆਪਣੀ ਕਿਤਾਬ ’ਚ ਲਿਖਦੇ ਹਨ, “ਇਸ ਲਈ ਅਸੀਂ ਟ੍ਰੈਵਲਰਜ਼ ਚੈੱਕ ਦੀ ਚੋਣ ਕੀਤੀ, ਜਿਸ ਦੀ ਨਕਲ ਤਿਆਰ ਕਰਨ ਦੀ ਸਜ਼ਾ ਸਿਰਫ ਪੰਜ ਸਾਲ ਹੀ ਸੀ।”
ਉਹ ਬਰਸਲਜ਼ ਜਾਣ ਵਾਲੀ ਇੱਕ ਰੇਲਗੱਡੀ ’ਚ ਸਵਾਰ ਹੋਏ ਤਾਂ ਜੋ ਉਹ ਉੱਥੋਂ ਦੇ ਇੱਕ ਬੈਂਕ ਤੋਂ ਟ੍ਰੈਵਲਰਜ਼ ਚੈੱਕ ਜ਼ਰੀਏ 30 ਹਜ਼ਾਰ ਫ੍ਰੈਂਕ ਖਰੀਦ ਸਕਣ। ਫਰਸਟ ਨੈਸ਼ਨਲ ਸਿਟੀ ਬੈਂਕ ਦੁਨੀਆਂ ਦੇ ਸਭ ਤੋਂ ਵੱਡੇ ਬੈਂਕਾਂ ’ਚੋਂ ਇੱਕ ਸੀ।
ਇਹ ਆਸਾਨ ਕੰਮ ਨਹੀਂ ਸੀ ਪਰ ਉਨ੍ਹਾਂ ਨੇ ਨਕਲੀ ਚੈੱਕ ਤਿਆਰ ਕਰ ਲਏ ਸਨ। ਉਨ੍ਹਾਂ ਨੇ 100 ਡਾਲਰ ਦੇ 25 ਚੈੱਕਾਂ ਦੀਆਂ 8 ਹਜ਼ਾਰ ਸ਼ੀਟਾਂ ਤਿਆਰ ਕੀਤੀਆਂ। ਵੱਖੋ-ਵੱਖ ਟੀਮਾਂ ਨੇ ਲਗਭਗ ਦੋ ਕਰੋੜ ਡਾਲਰ ਬੈਂਕਾਂ ’ਚੋਂ ਕਢਵਾਏ।
ਉਹ ਯੂਰਪ ਦੇ ਵੱਖ-ਵੱਖ ਸ਼ਹਿਰਾਂ ’ਚ ਆਪਣੀਆਂ ਟੀਮਾਂ ਭੇਜਦੇ ਅਤੇ ਖਾਸ ਸਮੇਂ ’ਤੇ ਚੈੱਕ ਕੈਸ਼ ਕਰਵਾਉਂਦੇ ਸਨ।
ਉਨ੍ਹਾਂ ਪੈਸਿਆਂ ਦਾ ਕੀ ਹੋਇਆ?
ਇਤਿਹਾਸਕਾਰ ਆਸਕਰ ਫ੍ਰੇਨ ਹਰਨਾਡਿਜ਼ ਦਾ ਕਹਿਣਾ ਹੈ ਕਿ ਇਹ ਸਭ ਤੋਂ ਵੱਡੇ ਸਵਾਲਾਂ ’ਚੋਂ ਇੱਕ ਸਵਾਲ ਹੈ ਕਿ ਉਨ੍ਹਾਂ ਪੈਸਿਆਂ ਦਾ ਕੀ ਹੋਇਆ।
“ਉਨ੍ਹਾਂ ਨੇ ਕਿੰਨੇ ਪੈਸੇ ਚੋਰੀ ਕੀਤੇ ਅਤੇ ਕਿੱਥੇ ਤੇ ਕਿਵੇਂ ਭੇਜੇ?” ਉਹ ਇਸ ਦਾਅਵੇ ਨੂੰ ਸਿਰੇ ਤੋਂ ਨਕਾਰਦੇ ਹਨ ਕਿ ਇਸ ਪੈਸੇ ਨਾਲ ਉਹ ਖੁਦ ਅਮੀਰ ਬਣੇ।
ਲੋਸਿਓ ਅਤੇ ਉਨ੍ਹਾਂ ਦੇ ਸਾਥੀਆਂ ਦੇ ਅਨੁਸਾਰ ਉਸ ਪੈਸੇ ਨਾਲ ਲਾਤੀਨੀ ਅਮਰੀਕਾ ਅਤੇ ਯੂਰਪ ’ਚ ਖੱਬੇ ਪੱਖੀ ਗੁਰੀਲਾ ਲੜਾਕਿਆਂ ਅਤੇ ਹਥਿਆਰਬੰਦ ਸਮੂਹਾ ਨੂੰ ਵਿੱਤੀ ਮਦਦ ਪ੍ਰਦਾਨ ਕੀਤੀ ਗਈ ਸੀ।
ਹਰਨਾਡਿਜ਼ ਅਨੁਸਾਰ ਸੁਰੱਖਿਆ ਕਾਰਨਾਂ, ਖੁਫੀਆ ਖੋਜਾਂ ਅਤੇ ਪੁਲਿਸ ਸੂਤਰਾਂ ਦੀ ਉਪਲਬਧਤਾ ਨਾ ਹੋਣ ਕਰਕੇ ਇਸ ਦੀ ਸੂਚੀ ਮੌਜੂਦ ਨਹੀਂ ਹੈ।
“ਉਨ੍ਹਾਂ ਖਿਲਾਫ ਗੈਰ-ਕਾਨੂੰਨੀ ਕਾਰਵਾਈਆਂ ਦੇ ਕਾਰਨ ਕਿਸੇ ਵੀ ਸਬੂਤ ਨੂੰ ਦਰਜ ਨਹੀਂ ਕੀਤਾ ਜਾ ਰਿਹਾ ਸੀ। ਪੈਸਿਆਂ ਦੇ ਟਿਕਾਣੇ ਦੇ ਬਾਰੇ ’ਚ ਲੋਸਿਓ ਦੀ ਕਹਾਣੀ ’ਚ ਪੁਸ਼ਟੀ ਦੀ ਕੋਈ ਗੱਲ ਦਰਜ ਨਹੀਂ ਹੈ।”
ਦੁਨੀਆਂ ਦੇ ਸਭ ਤੋਂ ਵੱਡੇ ਬੈਂਕਾਂ ਵਿੱਚੋਂ ਇੱਕ ਸੀ ਫਰਸਟ ਨੈਸ਼ਨਲ ਸਿਟੀ ਬੈਂਕ
ਲੋਸਿਓ ਨੂੰ ਹਿੰਸਾ ਤੋਂ ਨਫ਼ਰਤ ਸੀ ਅਤੇ ਇਸ ਲਈ ਹੀ ਉਨ੍ਹਾਂ ਨੇ ਜ਼ਬਤੀ ਣਾਨੀ ਕਿ ਬੈਂਕ ਲੁੱਟਣ ਦਾ ਕੰਮ ਛੱਡ ਦਿੱਤਾ ਸੀ, ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਇਸ ਕਾਰਵਾਈ ’ਚ ਕਿਸੇ ਦੇ ਜ਼ਖਮੀ ਹੋਣ ਜਾਂ ਫਿਰ ਮਾਰੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ।
ਇਸ ਰਕਮ ਨਾਲ ਸਪੇਨ ’ਚ ਹਥਿਆਰਬੰਦ ਸਮੂਹ ਈਟੀਏ ਦੀ ਮਦਦ ਕੀਤੀ ਗਈ ਅਤੇ ਕਿਸੇ ਨੇ ਵੀ ਇਸ ’ਤੇ ਨੈਤਿਕ ਇਤਰਾਜ਼ ਨਹੀਂ ਜਤਾਇਆ।
ਲੋਸਿਓ ਨੇ ਸਾਲ 2015 ’ਚ ਇੱਕ ਸਪੈਨਿਸ਼ ਟੀਵੀ ਪ੍ਰੋਗਰਾਮ ’ਚ ਇਸ ਗੱਲ ਦਾ ਬਚਾਅ ਕੀਤਾ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਨੇ ਬਚਪਨ ਅਤੇ ਜਵਾਨੀ ’ਚ ਆਪਣੇ ਪਿੰਡ ’ਚ ਬੇਇਨਸਾਫ਼ੀ ਦਾ ਸਾਹਮਣਾ ਕੀਤਾ ਸੀ।
“ਮੈਨੂੰ ਸਪੇਨ ਅਤੇ ਨਾਰਵੇ ਨਾਲ ਨਫ਼ਰਤ ਸੀ ਕਿਉਂਕਿ ਮੈਂ ਆਪਣੀ ਜ਼ਿੰਦਗੀ ਡਰ ਦੇ ਮਾਹੌਲ ’ਚ ਬਤੀਤ ਕੀਤੀ ਸੀ। ਇਸ ਲਈ ਲੜ੍ਹਨ ਵਾਲੇ ਲੋਕਾਂ ਨਾਲ ਮੇਰੀ ਇੱਕਜੁੱਟਤਾ ਸੀ।”
ਪਰ ਇਸ ਵਿਰੋਧ ਦਾ ਵੀ ਪਤਨ ਹੋਇਆ। ਹਰ ਜਗ੍ਹਾ ’ਤੇ ਨਕਲੀ ਟ੍ਰੈਵਲਜ਼ ਚੈੱਕ ਫੜੇ ਜਾਣ ਲੱਗੇ।
ਫਰਸਟ ਨੈਸ਼ਨਲ ਸਿਟੀ ਬੈਂਕ ਨੇ ਉਨ੍ਹਾਂ ਚੈੱਕਾਂ ਨੂੰ ਸਵੀਕਾਰ ਕਰਨਾ ਬੰਦ ਕਰ ਦਿੱਤਾ, ਜਿਸ ਨਾਲ ਹਰ ਪਾਸੇ ਹੰਗਾਮਾ ਹੋ ਗਿਆ। ਜਿੰਨ੍ਹਾਂ ਨੇ ਇਹ ਚੈੱਕ ਖਰੀਦੇ ਸਨ, ਉਹ ਹੁਣ ਆਪਣੇ ਪੈਸੇ ਵਾਪਸ ਨਹੀਂ ਲੈ ਪਾ ਰਹੇ ਸਨ।
ਲੋਸਿਓ ਨੂੰ ਉਨ੍ਹਾਂ ਦੇ ਇੱਕ ਮਿੱਤਰ ਵੱਲੋਂ ਪ੍ਰਸਤਾਵ ਦਿੱਤਾ ਗਿਆ ਕਿ ਇੱਕ ਖਰੀਦਦਾਰ ਉਨ੍ਹਾਂ ਤੋਂ 30% ਘੱਟ ਕੀਮਤ ’ਤੇ ਸਾਰੇ ਚੈੱਕ ਖਰੀਦੇਗਾ।
ਲੋਸਿਓ ਨੂੰ ਜੂਨ 1980 ’ਚ ਗ੍ਰਿਫਤਾਰ ਕੀਤਾ ਗਿਆ ਅਤੇ ਤੁਰੰਤ ਜੇਲ੍ਹ ਭੇਜ ਦਿੱਤਾ ਗਿਆ। ਉਨ੍ਹਾਂ ਦੇ ਵਕੀਲਾਂ ’ਚੋਂ ਇੱਕ ਰੋਲੈਂਡ ਦੋਮਾਸ ਸਨ, ਜੋ ਕਿ ਬਾਅਦ ’ਚ ਫਰਾਂਸ ਦੇ ਵਿੱਤ ਮੰਤਰੀ ਬਣੇ ਸਨ।
ਲੋਸਿਓ ਕਹਿੰਦੇ ਹਨ ਕਿ “ਅਸੀਂ ਤੁਰੰਤ ਸਮਝ ਗਏ ਸੀ ਕਿ ਇਹ ਪੈਸੇ ਸਾਡੇ ਲਈ ਨਹੀਂ ਬਲਕਿ ਸਾਡੀ ਰਾਜਨੀਤੀ ਲਈ ਸਨ। ਅਸੀਂ ਕਹਿੰਦੇ ਸੀ ਕਿ ਨਕਲੀ ਚੈੱਕ ਬਣਾਓ , ਉਨ੍ਹਾਂ ਨੂੰ ਸਿਸਟਮ ’ਚ ਮਿਲਾਓ ਤਾਂ ਜੋ ਸਰਕਾਰ ਕਮਜ਼ੋਰ ਹੋ ਸਕੇ।”
ਦੋਮਾਸ ਦਾ ਸਪੇਨ ਨਾਲ ਕੂਟਨੀਤਿਕ ਸਬੰਧ ਸੀ ਅਤੇ ਉਨ੍ਹਾਂ ਨੇ ਲੋਸਿਓ ਨੂੰ ਕਿਹਾ ਕਿ ਉਹ ਈਟੀਏ ਨਾਲ ਸੰਪਰਕ ਸਥਾਪਿਤ ਕਰਨ ’ਚ ਮਦਦ ਕਰਨ। ਉਨ੍ਹਾਂ ਨੇ ਸਪੇਨ ਦੇ ਰਾਜਨੇਤਾ ਜੇਵੀਅਰ ਰੋਪੇਰੇਜ਼ ਨੂੰ ਅਗਵਾ ਕੀਤਾ ਹੋਇਆ ਸੀ।
ਉਨ੍ਹਾਂ ਨੂੰ 31 ਦਿਨਾਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। 1981 ’ਚ ਜਦੋਂ ਹਥਿਆਰਬੰਦ ਸਮੂਹ ਨੇ ਸਪੇਨ ’ਚ ਆਸਟ੍ਰੀਆ ਅਤੇ ਅਲ ਸਾਲਵਾਡੋਰ ਦੇ ਦੂਤਾਵਾਸ ਦੇ ਕਰਮਚਾਰੀਆਂ ਨੂੰ ਅਗਵਾ ਕੀਤਾ ਤਾਂ ਇੱਕ ਵਾਰ ਫਿਰ ਲੋਸਿਓ ਦੀ ਮਦਦ ਲਈ ਗਈ ਸੀ।
ਪਾਬਲੋ ਪਿਕਾਸੋ ਦੇ ਸਾਬਕਾ ਵਕੀਲ ਰੋਲੈਂਡ ਡੁਮਾਸ ਨੇ ਸੋਲਿਓ ਦਾ ਕੇਸ ਲੜਿਆ ਸੀ
ਫਰਸਟ ਨੈਸ਼ਨਲ ਸਿਟੀ ਬੈਂਕ ਦਾ ਕੀ ਹੋਇਆ?
ਲੋਸਿਓ ਨੇ ਲਗਭਗ 6 ਮਹੀਨੇ ਜੇਲ੍ਹ ’ਚ ਬਿਤਾਏ ਅਤੇ ਇਸ ਦੌਰਾਨ ਉਨ੍ਹਾਂ ਖਿਲਾਫ ਕੇਸ ਦੀ ਜਾਂਚ ਜਾਰੀ ਸੀ। ਪਰ ਪੁਲਿਸ ਨੂੰ ਪ੍ਰਿੰਟਿੰਗ ਪਲੇਟਾਂ ਨਹੀਂ ਮਿਲੀਆਂ ਅਤੇ ਜਦੋਂ ਤੱਕ ਇਹ ਪਲੇਟਾਂ ਨਕਲੀ ਮੁਦਰਾ ਬਣਾਉਣ ਵਾਲਿਆ ਕੋਲ ਸਨ, ਉਦੋਂ ਤੱਕ ਸਮੱਸਿਆ ਜਿਉਂ ਦੀ ਤਿਉਂ ਬਰਕਰਾਰ ਸੀ।
ਮਜਬੂਰੀ ’ਚ ਬੈਂਕ ਨੇ ਗੱਲਬਾਤ ਕਰਨ ਦਾ ਫੈਸਲਾ ਕੀਤਾ। ਥਿਆਰੀ ਫ਼ਗਾਰਟ ਨਾਮ ਦੇ ਇੱਕ ਵਕੀਲ, ਜੋ ਕਿ ਫਰਾਂਸੀਸੀ ਪ੍ਰਧਾਨ ਮੰਤਰੀ ਦੇ ਸਲਾਹਕਾਰ ਵੀ ਸਨ, ਨੇ ਲੋਸਿਓ ਨਾਲ ਮੁਲਾਕਾਤ ਕੀਤੀ ਅਤੇ ਬੈਂਕ ਦੇ ਵਕੀਲਾਂ ਨੂੰ ਗੱਲਬਾਤ ਕਰਨ ਲਈ ਤਿਆਰ ਕੀਤਾ।
ਫਗਾਰਟ ਨੇ ਦੱਸਿਆ, “ਫਸਰਟ ਨੈਸ਼ਨਲ ਸਿਟੀ ਬੈਂਕ ਦੇ ਵਕੀਲਾਂ ਨੇ ਕਿਹਾ ਕਿ ਇਹ ਕਾਰੋਬਾਰ ਦੇ ਲਈ ਹਾਨੀਕਾਰਕ ਸੀ, ਇਸ ਲਈ ਇਹ ਰੁਕਣਾ ਚਾਹੀਦਾ ਹੈ, ਇਸ ਤਰ੍ਹਾਂ ਲਾਗਾਤਾਰ ਜਾਰੀ ਨਹੀਂ ਰਹਿ ਸਕਦਾ ਹੈ। ਬਹੁਤ ਸਾਰੇ ਲੋਕ ਜੇਲ੍ਹ ਜਾ ਚੁੱਕੇ ਸਨ।”
“ਪਰ ਇਹ ਸਮੱਸਿਆ ਲਗਾਤਾਰ ਜਾਰੀ ਸੀ, ਇਸ ਲਈ ਲੋਸਿਓ ਦੇ ਵਕੀਲ ਅਤੇ ਬੈਂਕ ਦੇ ਵਕੀਲਾਂ ਨੇ ਇਸ ਸਮੱਸਿਆ ਦਾ ਹੱਲ ਆਪਸੀ ਗੱਲਬਾਤ ਨਾਲ ਕੱਢਣ ਬਾਰੇ ਸੋਚਿਆ। ਹਰ ਕੋਈ ਜਾਣਦਾ ਸੀ ਕਿ ਲੋਸਿਓ ਹੀ ਇਸ ਦੇ ਮੁੱਖ ਸਾਜਿਸ਼ਕਰਤਾ ਹਨ।”
ਲੋਸਿਓ ਦੇ ਵਕੀਲਾਂ ਮੁਤਾਬਕ ਬੈਂਕ ਅਤੇ ਉਨ੍ਹਾਂ ਵਿਚਾਲੇ ਇੱਕ ਹੋਟਲ ਦੇ ਕਮਰੇ ਵਿੱਚ ਸਮਝੌਤਾ ਹੋਇਆ ਸੀ
ਫ਼ਗਾਰਟ ਅਨੁਸਾਰ ਉਸੇ ਬੈਂਕ ਨੇ ਜਿਸ ਤੋਂ ਲੋਸਿਓ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੱਖਾਂ ਡਾਲਰ ਚੋਰੀ ਕੀਤੇ ਸਨ, ਉਨ੍ਹਾਂ ’ਤੇ ਲਗਾਏ ਸਾਰੇ ਇਲਜ਼ਾਮਾਂ ਨੂੰ ਵਾਪਸ ਲੈ ਲਿਆ ਅਤੇ ਬਦਲੇ ’ਚ ਉਨ੍ਹਾਂ ਨੂੰ ਉਹ ਪਲੇਟਾਂ ਮਿਲ ਗਈਆਂ ਜਿੰਨ੍ਹਾਂ ਨੂੰ ਪੈਰਿਸ ਦੇ ਇੱਕ ਲਾਕਰ ਰੂਮ ’ਚ ਰੱਖਿਆ ਗਿਆ ਸੀ।
ਇਸ ਨਾਲ ਸਬੰਧਤ ਦਸਤਾਵੇਜ਼ੀ ਫਿਲਮ ’ਚ ਵਕੀਲਾਂ ਨੇ ਦੱਸਿਆ ਹੈ ਕਿ ਇਹ ਲੈਣ-ਦੇਣ ਇੱਕ ਹੋਟਲ ਦੇ ਕਮਰੇ ’ਚ ਹੋਇਆ ਸੀ, ਜਿੱਥੇ ਬੈਂਕ ਦੇ ਨੁਮਾਇੰਦੇ ਵੀ ਮੌਜੂਦ ਸਨ।
“ਇਹ ਬੇਮਿਸਾਲ ਸੀ, ਜਿਵੇਂ ਪੁਲਿਸ ’ਤੇ ਬਣਾਈ ਗਈ ਕੋਈ ਫਿਲਮ ਹੋਵੇ।”
ਬੈਂਕ ਨੇ ਇਸ ਗੱਲ ਦੀ ਪੁਸਟੀ ਕੀਤੀ ਅਤੇ ਫ਼ਗਾਰਟ ਅਨੁਸਾਰ ਉਨ੍ਹਾਂ ਨੇ ਸਮਝੌਤੇ ਤਹਿਤ ਬ੍ਰੀਫਕੇਸ ’ਚ ਵੱਡੀ ਰਕਮ ਦਾ ਭੁਗਤਾਨ ਕੀਤਾ।
ਲੋਸਿਓ ਅਨੁਸਾਰ ਇਹ ਸਮਝੌਤਾ 4 ਕਰੋੜ ਫ੍ਰੈਂਕ ’ਚ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਹ ਇਸ ਗੱਲ ’ਤੇ ਕਾਇਮ ਹਨ ਕਿ ਉਨ੍ਹਾਂ ਨੇ ਇੱਕ ਵੀ ਪੈਸਾ ਆਪਣੇ ਕੋਲ ਨਹੀਂ ਰੱਖਿਆ।
ਕ੍ਰਾਂਤੀਕਾਰੀ ਜੀਵਨ ਛੱਡ ਕੇ ਪਰਿਵਾਰ ਨੂੰ ਦੇਣ ਲੱਗੇ ਸਮਾਂ
ਬੈਂਕ ਨੇ ਬੀਬੀਸੀ ਵੱਲੋਂ ਸੰਪਰਕ ਕਰਨ ’ਤੇ ਆਪਣਾ ਪੱਖ ਨਹੀਂ ਰੱਖਿਆ।
ਲੋਸਿਓ ਨੇ 50 ਸਾਲ ਦੀ ਉਮਰ ’ਚ ਆਪਣਾ ਕ੍ਰਾਂਤੀਕਾਰੀ ਜੀਵਨ ਛੱਡ ਕੇ ਆਪਣੇ ਰਿਵਾਰ ਨਾਲ ਸਮਾਂ ਬਤੀਤ ਕਰਨਾ ਸ਼ੁਰੂ ਕੀਤਾ ਅਤੇ ਪੈਰਿਸ ਦੇ ਨਜ਼ਦੀਕ ਮਜ਼ਦੂਰੀ ਦਾ ਕੰਮ ਜਾਰੀ ਰੱਖਿਆ।
ਹਰਨਾਡਿਜ਼ ਦਾ ਕਹਿਣਾ ਹੈ, “ਕੁਝ ਅਜਿਹੀਆਂ ਗੱਲਾਂ ਹਨ ਜਿਨ੍ਹਾਂ ਤੋਂ ਅਸੀਂ ਕਦੇ ਵੀ ਜਾਣੂ ਨਹੀਂ ਹੋ ਸਕਾਂਗੇ ਅਤੇ ਸਾਨੂੰ ਇਸ ਨੂੰ ਮੰਨ ਲੈਣਾ ਚਾਹੀਦਾ ਹੈ।”
“ਪਰ ਸਭ ਤੋਂ ਦਿਲਚਸਪ ਗੱਲ ਇਹ ਹੈ ਕਿ ਇੱਕ ਦੂਜੇ ਦੇਸ਼ ਤੋਂ ਆਇਆ ਵਿਅਕਤੀ, ਜਿਸ ਕੋਲ ਰਾਜਨੀਤਿਕ ਸਮਰਥਨ ਅਤੇ ਚੇਤਨਾ ਤੱਕ ਨਹੀਂ ਸੀ, ਉਹ ਫਰਾਂਸ ਆਇਆ ਅਤੇ ਅਰਾਜਕਤਾਵਾਦੀ ਨਜ਼ਰੀਆ ਅਪਣਾਇਆ। ਉਹ ਇੱਕ ਕਾਰਕੁਨ ਬਣਿਆ ਅਤੇ ਅਜਿਹੇ ਕਦਮ ਚੁੱਕੇ ਜਿਸ ਨਾਲ ਕਿ ਉਹ ਮਿਥਿਹਾਸਕ ਹੀਰੋ ਬਣ ਗਿਆ।”
ਲੋਸਿਓ ਨੇ ਸਾਲ 2020 ’ਚ ਇਸ ਸੰਸਾਰ ਨੂੰ ਅਲ਼ਵਿਦਾ ਕਹਿ ਦਿੱਤਾ। ਉਨ੍ਹਾਂ ਨੇ ਬਹੁਤ ਸਾਰੀਆਂ ਇੰਟਰਵਿਊਆਂ ’ਚ ਕਿਹਾ ਸੀ ਕਿ ਉਨ੍ਹਾਂ ਨੇ ਕਦੇ ਵੀ ਅਪਰਾਧ ਦੀ ਦੁਨੀਆਂ ਨਹੀਂ ਛੱਡੀ ਸੀ। ਉਨ੍ਹਾਂ ਦਾ ਕਹਿਣਾ ਸੀ, “ਮੈਨੂੰ ਖੁਦ ਵੀ ਆਪਣੇ ਤਜ਼ਰਬਿਆਂ ’ਤੇ ਵਿਸ਼ਵਾਸ ਨਹੀਂ ਹੁੰਦਾ ਹੈ।”
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਨਿਖ਼ਤ, ਨੀਤੂ, ਸਵੀਟੀ ਅਤੇ ਲਵਲੀਨਾ: ਮਹਿਲਾ ਮੁੱਕੇਬਾਜ਼ਾਂ ਨੇ ਕਿਵੇਂ ਲਿਖੀ ਸੁਨਹਿਰੀ ਕਹਾਣੀ
NEXT STORY