ਹਰਜਿੰਦਰ ਕੌਰ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਮਿਲਿਆ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’
ਕੌਮਾਂਤਰੀ ਮਹਿਲਾ ਦਿਵਸ ਨੂੰ ਲੈ ਕੇ ਬੀਤੀ 4 ਮਾਰਚ ਨੂੰ ਦਿਲੀ ''ਚ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪੇਰੋਸ਼ਾਹ ਦੀ ਮਹਿਲਾ ਸਰਪੰਚ ਨੂੰ ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨਾਲ ਸਨਮਾਨਿਤ ਕੀਤਾ ਗਿਆ ਹੈ।
ਦੇਸ਼ ਦੇ ਰਾਸ਼ਟਰਪਤੀ ਅਤੇ ਜਲ ਸ਼ਕਤੀ ਮੰਤਰੀ ਵੱਲੋਂ ਮਿਲਿਆ ਕੌਮੀ ਐਵਾਰਡ ‘ਸਵੱਛ ਸੁਜਲ ਸ਼ਕਤੀ ਸਨਮਾਨ-2023’ ਨੂੰ ਲੈ ਕੇ ਪਿੰਡ ਦੀ ਸਰਪੰਚ ਹਰਜਿੰਦਰ ਕੌਰ ਨੇ ਦੱਸਿਆ ਕਿ ਇਹ ਐਵਾਰਡ ਉਨ੍ਹਾਂ ਨੂੰ ਪਿੰਡ ''ਚ ਸੈਨੀਟੇਸ਼ਨ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਿਲਿਆ ਹੈ।
ਕੌਮਾਂਤਰੀ ਮਹਿਲਾ ਦਿਵਸ ਦੇ ਸੰਦਰਭ ਵਿਚ ਇਹ ਐਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਗਏ ਸਨ ਜਿਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਖੇਤਰਾਂ ਵਿਚ ਵਿਲੱਖਣ ਕੰਮ ਕੀਤਾ ਹੈ।
ਇਸ ਐਵਾਰਡ ਨੂੰ ਹਾਸਿਲ ਕਰਨ ਵਾਲੀ ਸਰਪੰਚ ਹਰਜਿੰਦਰ ਕੌਰ ਕਹਿੰਦੇ ਹਨ ਕਿ ਜਦ ਐਵਾਰਡ ਮਿਲਿਆ ਤਾਂ ਪੰਜਾਬ ''ਚੋ ਨੰਬਰ ਇਕ ਦਾ ਪਿੰਡ ਵਜੋਂ ਨੁਮਾਇੰਦਗੀ ਮਿਲੀ ਸੀ ਅਤੇ ਉਥੇ ਐਵਾਰਡ ਪ੍ਰੋਗਰਾਮ ਵਿੱਚ ਵੀ ਨੰਬਰ ਵੀ ਪਹਿਲਾ ਸੀ।
ਉਨ੍ਹਾਂ ਨੇ ਕਿਹਾ, "ਐਵਾਰਡ ਲੈਣ ਵੇਲੇ ਖੁਦ ਨੂੰ ਮਾਣ ਮਹਿਸੂਸ ਹੋ ਰਿਹਾ ਸੀ।"
ਇਹ ਐਵਾਰਡ ਉਨ੍ਹਾਂ ਔਰਤਾਂ ਨੂੰ ਦਿੱਤਾ ਗਏ ਸਨ ਜਿਨ੍ਹਾਂ ਨੇ ਜਲ ਸਪਲਾਈ ਅਤੇ ਸੈਨੀਟੇਸ਼ਨ ਖੇਤਰਾਂ ਵਿਚ ਵਿਲੱਖਣ ਕੰਮ ਕੀਤਾ ਹੈ।
ਜਦੋਂ ਐਵਾਰਡ ਲੈ ਕੇ ਆਏ ਤਾਂ ਪਿੰਡ ਵਿੱਚ ਭਰਵਾਂ ਸੁਆਗਤ ਹੋਇਆ।
ਇਸ ਦੇ ਨਾਲ ਹੀ ਪ੍ਰਸ਼ਾਸ਼ਨ ਵੱਲੋਂ ਪਿੰਡ ਵਿੱਚ ਆਉਣ ਲਈ ਹੋਰਨਾਂ ਸਰਪੰਚਾਂ ਨੂੰ ਸੱਦਾ ਦਿੱਤਾ ਗਿਆ ਹੈ ਤਾਂ ਜੋ ਇੱਕ ਕੈਂਪ ਲਗਾ ਕੇ ਪਿੰਡ ਦੇ ਕੰਮ ਬਾਰੇ ਜਾਣੂ ਕਰਵਾਇਆ ਜਾ ਸਕੇ।
ਹਰਜਿੰਦਰ ਕੌਰ ਆਖਦੇ ਹਨ, "ਜਦ ਸਾਲ 2018 ਵਿੱਚ ਪਿੰਡ ਨੇ ਸਰਬਸੰਮਤੀ ਨਾਲ ਸਰਪੰਚ ਬਣਾਉਣ ਦਾ ਫੈਸਲਾ ਲਿਆ ਤਾਂ ਪਹਿਲਾ ਬੜਾ ਵੱਖ ਜਿਹਾ ਲਗਾ ਕਿ ਕਿਵੇਂ ਇਨ੍ਹੀ ਵੱਡੀ ਜਿੰਮੇਵਾਰੀ ਸਾਂਭੀ ਜਾਵੇਗੀ ਘਰ ਪਰਿਵਾਰ ਛੱਡ ਕੇ ਪਿੰਡ ਦੇ ਕੰਮਾਂ ਲਈ ਜਾਣਾ ਹੋਵੇਗਾ।"
"ਇਹ ਮੁਸ਼ਕਿਲ ਲੱਗ ਰਿਹਾ ਸੀ ਪਰ ਪਿੰਡ ਅਤੇ ਖਾਸ ਕਰ ਪੰਚਾਇਤ, ਜਿਸ ਵਿੱਚ ਤਿੰਨ ਮਹਿਲਾ ਪੰਚਾਇਤ ਮੈਂਬਰ ਹਨ ਅਤੇ ਪਰਿਵਾਰ ਨੇ ਪੂਰਾ ਸਹਿਯੋਗ ਕੀਤਾ ਤਾਂ ਹੀ ਇਹ ਸਾਰੇ ਕੰਮ ਸੰਭਵ ਹੋਏ।"
ਪਿੰਡ ਬਾਰੇ ਖ਼ਾਸ
- ਪਿੰਡ ਵਿੱਚ ਸੀਵਰੇਜ਼ ਦਾ ਕੰਮ ਕਰਵਾਇਆ ਅਤੇ ਦੂਸ਼ਿਤ ਪਾਣੀ ਦਾ ਤਾ ਹੱਲ ਕੱਢਿਆ ਗਿਆ।
- ਪਿੰਡ ਦੇ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ।
- ਪਿੰਡ ਦੇ ਇਕੱਠੇ ਕੀਤੇ ਕੂੜੇ ਤੋਂ ਖਾਦ ਤਿਆਰ ਹੋ ਰਹੀ ਹੈ।
- ਇਸ ਖਾਦ ਦੀ ਵਿੱਕਰੀ ਨਾਲ ਪੰਚਾਇਤ ਨੂੰ ਆਮਦਨ ਹੋ ਰਹੀ ਹੈ ਅਤੇ ਛੋਟੇ-ਮੋਟੇ ਖਰਚੇ ਉਸੇ ਨਾਲ ਚਲਾਏ ਜਾ ਰਹੇ ਹਨ।
- ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਪੰਚਾਇਤੀ ਜ਼ਮੀਨ ''ਚ 3 ਕਨਾਲ ਵਿੱਚ ਛੱਪੜ ਅਤੇ 3 ਕਨਾਲ ਵਿੱਚ ਸੁੰਦਰ ਪਾਰਕ ਬਣਾਇਆ ਗਿਆ।
- ਇਸ ਤੋਂ ਇਲਾਵਾ ਇੱਕ ਮਿੰਨੀ ਜੰਗਲ ਵੀ ਹੈ ਜਿਥੇ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ।
ਦੂਸ਼ਿਤ ਪਾਣੀ ਅਤੇ ਕੂੜਾ ਵੱਡੀ ਸਮੱਸਿਆ
ਹਰਜਿੰਦਰ ਕੌਰ ਅੱਗੇ ਦੱਸਦੇ ਹਨ, "ਪਿੰਡ ਦੀ ਸਾਲਾਂ ਤੋਂ ਵੱਡੀ ਮੁਸੀਬਤ ਦੂਸ਼ਿਤ ਪਾਣੀ ਸੀ ਅਤੇ ਥਾਂ-ਥਾਂ ਕੂੜਾ ਅਤੇ ਰੂੜੀਆਂ ਲੱਗੀਆਂ ਹੋਈਆਂ ਸਨ। ਦੂਸ਼ਿਤ ਪਾਣੀ ਨਾਲ ਜਿਥੇ ਘਰਾਂ ਨੂੰ ਮੁਸ਼ਕਿਲ ਹੁੰਦੀ ਸੀ ਉਥੇ ਹੀ ਛੱਪੜ ਦੀ ਗੰਦਗੀ ਖੇਤਾਂ ਨੂੰ ਨੁਕਸਾਨ ਪਹੁੰਚਾ ਰਹੀ ਸੀ।"
ਇਸ ਮਗਰੋਂ ਉਨ੍ਹਾਂ ਨੂੰ ਛੱਪੜ ਦੀ ਸਫਾਈ ਅਤੇ ਮੁੜ ਟਰੀਟਮੈਂਟ ਪਲਾਂਟ ''ਚ ਤਬਦੀਲ ਕਰਨ ਦੀ ਸੋਚ ਆਈ ਜਿਸ ਲਈ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਵੀ ਸੱਦਾ ਦਿਤਾ ਸੀ।
ਉਨ੍ਹਾਂ ਦੀ ਕੀਤੀ ਪਲਾਨਿੰਗ ਨਾਲ ਪਿੰਡ ਵਿੱਚ ਸੀਵਰੇਜ਼ ਦਾ ਕੰਮ ਕਰਵਾਇਆ ਅਤੇ ਦੂਸ਼ਿਤ ਪਾਣੀ ਦਾ ਹੱਲ ਕੱਢਿਆ ਗਿਆ।
ਹਰਜਿੰਦਰ ਕੌਰ ਨੇ ਆਪਣੇ ਪਿੰਡ ਵਿੱਚ ਦੂਸ਼ਿਤ ਪਾਣੀ ਦੀ ਸਮੱਸਿਆ ਦਾ ਹੱਲ ਕੱਢਿਆ
ਪਿੰਡ ਦੇ ਗੰਦੇ ਪਾਣੀ ਨੂੰ ਥਾਪਰ ਤਕਨੀਕ ਦੀ ਵਰਤੋਂ ਕਰਕੇ ਸਾਫ ਕੀਤਾ ਜਾ ਰਿਹਾ ਹੈ ਅਤੇ ਇਸ ਦੀ ਵਰਤੋਂ ਸਿੰਚਾਈ ਲਈ ਕੀਤੀ ਜਾ ਰਹੀ ਹੈ।
ਹਰਜਿੰਦਰ ਆਖਦੇ ਹਨ, "ਪਰ ਕੂੜਾ ਵੱਡੀ ਮੁਸ਼ਕਿਲ ਸੀ ਉਸ ਲਈ ਕੁਝ ਦਿੱਕਤਾਂ ਜ਼ਰੂਰ ਆਈਆਂ ਪਿੰਡ ਦੀਆਂ ਔਰਤਾਂ ਨੂੰ ਇਕੱਠੇ ਕਰ ਕਦੇ ਪਿੰਡ ''ਚ ਮੀਟਿੰਗ ਕੀਤੀ ਤੇ ਕਦੇ ਆਪਣੇ ਘਰ ਤੇ ਕਦੇ-ਕਦੇ ਪਿੰਡ ਦੇ ਘਰ-ਘਰ ਜਾ ਕੇ।"
"ਉਨ੍ਹਾਂ ਨੂੰ ਇਸ ਗੱਲ ਲਈ ਤਿਆਰ ਕੀਤਾ ਕਿ ਉਹ ਘਰ ਦਾ ਗਿੱਲਾ ਅਤੇ ਸੁੱਕਾ ਕੂੜਾ ਵੱਖ-ਵੱਖ ਰੱਖਣ ਅਤੇ ਉਨ੍ਹਾਂ ਦੇ ਘਰਾਂ ਤੋਂ ਹੀ ਕੂੜਾ ਇਕੱਠਾ ਹੋਵੇਗਾ।"
ਸਖ਼ਤ ਮਿਹਨਤ ਸਦਕਾ ਅਖੀਰ ਉਹ ਅਤੇ ਉਨ੍ਹਾਂ ਦੀ ਪੰਚਾਇਤ ਸਫ਼ਲ ਹੋਈ ਅਤੇ ਅੱਜ ਪਿੰਡ ਦੇ ਇਕੱਠੇ ਕੀਤੇ ਕੂੜੇ ਤੋਂ ਖਾਦ ਤਿਆਰ ਹੋ ਰਹੀ ਹੈ।
ਜਿੱਥੇ ਇਸ ਖਾਦ ਦੀ ਵਿੱਕਰੀ ਨਾਲ ਪੰਚਾਇਤ ਨੂੰ ਆਮਦਨ ਹੋ ਰਹੀ ਹੈ ਅਤੇ ਛੋਟੇ-ਮੋਟੇ ਖਰਚੇ ਉਸੇ ਨਾਲ ਚਲਾਏ ਜਾ ਰਹੇ ਹਨ।
ਪਰਿਵਾਰ ਦਾ ਸਹਿਯੋਗ
ਸਰਪੰਚ ਹਰਜਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਨੂੰ ਆਪਣੇ ਘਰ-ਪਰਿਵਾਰ ਦਾ ਵੱਡਾ ਸਾਥ ਸੀ।
ਹਰਜਿੰਦਰ ਕੌਰ ਦਾ ਸਾਂਝਾ ਘਰ ਹੈ ਅਤੇ ਦਿਓਰ-ਦਰਾਣੀਆਂ ਦਾ ਸਾਥ ਬਹੁਤ ਮਿਲਿਆ ਸੀ।
ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਇੱਕ ਬੇਟਾ ਅਤੇ ਬੇਟੀ ਹੈ ਜੋ ਵਿਆਹੇ ਹੋਏ ਹਨ ਅਤੇ ਬੇਟਾ ਅਤੇ ਨੂੰਹ ਵਿਦੇਸ਼ ਵਿੱਚ ਰਹਿੰਦੇ ਹਨ।
ਹਰਜਿੰਦਰ ਕੌਰ ਦੱਸਦੇ ਹਨ, "ਜਦੋਂ ਮੈਨੂੰ ਐਵਾਰਡ ਮਿਲਿਆ ਤਾਂ ਉਸ ਵੇਲੇ ਨੂੰਹ-ਪੁੱਤ ਲਾਈਵ ਦੇਖ ਰਹੇ ਸਨ। ਬੜੀ ਖੁਸ਼ੀ ਵੀ ਹੈ ਤੇ ਮਲਾਲ ਵੀ ਕਿ ਉਹ ਨਾਲ ਹੁੰਦੇ ਕਿਉਂਕਿ ਇਸ ਬਾਰੇ ਕਦੇ ਸੋਚਿਆ ਹੀ ਨਹੀਂ ਸੀ ਕਿ ਇੰਨਾਂ ਮਾਣ ਮਿਲੇਗਾ।"
ਸਖ਼ਤ ਮਿਹਨਤ ਸਦਕਾ ਅਖੀਰ ਉਹ ਅਤੇ ਉਨ੍ਹਾਂ ਦੀ ਪੰਚਾਇਤ ਸਫ਼ਲ ਹੋਈ ਅਤੇ ਅੱਜ ਪਿੰਡ ਦੇ ਇਕੱਠੇ ਕੀਤੇ ਕੂੜੇ ਤੋਂ ਖਾਦ ਤਿਆਰ ਹੋ ਰਹੀ ਹੈ
ਉਧਰ ਹਰਜਿੰਦਰ ਕੌਰ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਦਿਓਰ ਸੁਖਰਾਜ ਸਿੰਘ ਕਾਹਲੋਂ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੇ ਪਰਿਵਾਰ ਵਿੱਚ ਪਿੰਡ ਨੇ ਸਰਪੰਚੀ ਦੀ ਜ਼ਿੰਮੇਵਾਰੀ ਦਿੱਤੀ ਤਾਂ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਪਿੰਡ ਵਿੱਚ ਦੂਸ਼ਿਤ ਪਾਣੀ ਅਤੇ ਕੂੜੇ ਦਾ ਕੋਹੜ ਕੱਢਣਾ ਹੈ।
ਸੁਖਰਾਜ ਸਿੰਘ ਕਾਹਲੋ ਇੱਕ ਸਰਕਾਰੀ ਟੀਚਰ ਹਨ ਅਤੇ ਉਨ੍ਹਾਂ ਦਾ ਵੀ ਇਸ ਪਿੰਡ ਦੇ ਪ੍ਰੋਜੈਕਟ ''ਚ ਯੋਗਦਾਨ ਰਿਹਾ ਹੈ।
ਐਵਾਰਡ ਮਿਲਣ ਬਾਰੇ ਗੱਲ ਕਰਦੇ ਸੁਖਰਾਜ ਸਿੰਘ ਨੇ ਕਿਹਾ ਕਿ ਉਨ੍ਹਾਂ ਤਾਂ ਆਪਣੇ ਪਿੰਡ ਦੀ ਗੰਦਗੀ ਖ਼ਤਮ ਕਰਨ ਲਈ ਅਤੇ ਆਪਣੀ ਸਹੂਲਤ ਲਈ ਇਹ ਕੰਮ ਕੀਤੇ ਸਨ ਪਰ ਹੁਣ ਐਵਾਰਡ ਮਿਲਣ ਨਾਲ ਜਿਵੇਂ ਪਿੰਡ ''ਚ ਦਿਵਾਲੀ ਵਰਗਾ ਮਾਹੌਲ ਹੈ।
ਉਹ ਅੱਗੇ ਦੱਸਦੇ ਹਨ, "ਫਿਰ ਕੀ ਸੀ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੂੰ ਇਕੱਠੇ ਕਰ ਆਮ ਇਜਲਾਸ ਕਰ ਕੇ ਫ਼ੈਸਲੇ ਲਏ ਗਏ। ਮੁਸ਼ਕਲਾਂ ਜ਼ਰੂਰ ਸਨ ਪਰ ਪਿੰਡ ਵਾਸੀਆਂ ਨੇ ਇਕੱਠੇ ਹੋ ਹਰ ਮੁਸ਼ਕਿਲ ਦਾ ਹੱਲ ਕੱਢਿਆ।"
ਪਿੰਡਾ ਵਾਲਿਆਂ ਨੇ ਹਰਜਿੰਦਰ ਕੌਰ ਨਾਲ ਪੂਰਾ ਸਹਿਯੋਗ ਕੀਤਾ
ਪੰਚਾਇਤ ਵਿੱਚ ਬਹੁਤੀਆਂ ਬੀਬੀਆਂ
ਸੁਖਰਾਜ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਜੋ ਪੰਚਾਇਤ ਹੈ ਉਹ ਵਿੱਚ 80 ਫੀਸਦੀ ਬੀਬੀਆਂ ਦਾ ਬਹੁਮਤ ਹੈ।
ਉਹ ਕਹਿੰਦੇ ਹਨ, "ਸਰਪੰਚ ਸਮੇਤ ਚਾਰ ਬੀਬੀਆਂ ਹਨ ਪੰਚਾਇਤ ਵਿੱਚ ਤਾਂ ਹੀ ਇਹ ਪ੍ਰੋਜੈਕਟ ਕਾਮਯਾਬ ਹੋਏ ਕਿਉਂਕਿ ਜੋ ਘਰਾਂ ਦਾ ਦੂਸ਼ਿਤ ਪਾਣੀ ਅਤੇ ਕੂੜਾ ਦੇ ਪ੍ਰਬੰਧਨ ਮੁੱਖ ਤੌਰ ''ਤੇ ਘਰ ਦੀਆ ਔਰਤਾਂ ਲਈ ਹੀ ਵੱਡੀ ਦਿੱਕਤ ਹੁੰਦੀ ਹੈ।"
"ਹਰ ਘਰ ਵਿੱਚ ਔਰਤ ਦਾ ਜਾਗਰੂਕ ਹੋਣਾ ਬਹੁਤ ਜ਼ਰੂਰੀ ਸੀ ਅਤੇ ਇਨ੍ਹਾਂ ਭੈਣਾਂ ਨੇ ਇਕੱਠੇ ਹੋ ਇਸ ਦੀ ਜਾਗਰੂਕ ਮੁਹਿੰਮ ਚਲਾਈ ਤਾਂ ਹੀ ਅੱਜ ਪਿੰਡ ਦੀ ਸਾਫ਼-ਸਫ਼ਾਈ ਹੈ।"
ਪਿੰਡ ਦਾ ਸੁੰਦਰੀਕਰਨ
ਪਿੰਡ ਦੀ ਪੰਚਾਇਤ ਵੱਲੋਂ ਪਿੰਡ ਵਿੱਚ ਪੰਚਾਇਤੀ ਜ਼ਮੀਨ ''ਚ 3 ਕਨਾਲ ਵਿੱਚ ਛੱਪੜ ਅਤੇ 3 ਕਨਾਲ ਵਿੱਚ ਸੁੰਦਰ ਪਾਰਕ ਬਣਾਇਆ ਗਿਆ ਅਤੇ ਇਸ ਤੋਂ ਇਲਾਵਾ ਇੱਕ ਮਿੰਨੀ ਜੰਗਲ ਵੀ ਹੈ ਜਿਥੇ ਵੱਖ ਤਰ੍ਹਾਂ ਦੇ ਬੂਟੇ ਲਗਾਏ ਗਏ ਹਨ।
ਉਥੇ ਹੀ ਪਿੰਡ ਦੇ ਰੇਲਵੇ ਦੀ ਨੌਕਰੀ ''ਚੋਂ ਰਿਟਾਇਰ ਹੋਏ ਹਰਦੇਵ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਸੋਚਿਆ ਸੀ ਕਿ ਸ਼ਹਿਰ ''ਚ ਕੋਠੀ ਪਾਉਣਗੇ।
ਪਰ ਜਦ ਪਿੰਡ ''ਚ ਇਹ ਸਾਫ਼-ਸਫਾਈ ਅਤੇ ਸ਼ਹਿਰਾਂ ਤੋਂ ਬੇਹਤਰ ਜੀਵਨ ਦੇਖਿਆ ਤਾ ਆਪਣੇ ਪੁਰਾਣੇ ਘਰ ਨੂੰ ਹੀ ਨਵੀਂ ਕੋਠੀ ਵਿੱਚ ਤਬਦੀਲ ਕਰ ਕੇ ਇਥੇ ਰਹਿ ਰਹੇ ਹਨ।
ਪਿੰਡ ਦੀਆਂ ਗਲੀਆਂ ਸ ਫ-ਸਫਾਈ ਕਰਵਾਈ ਗਈ
ਸਾਹਿਬ ਸਿੰਘ ਦੱਸਦੇ ਹਨ ਕਿ ਪਿਛਲੇ 70 ਸਾਲਾਂ ਵਿੱਚ ਪਿੰਡ ਦੀਆਂ ਗਲੀਆਂ ਨਾਲਿਆਂ ਦਾ ਹੱਲ ਹੀ ਨਹੀਂ ਸੀ ਹੋਇਆ ਅਤੇ ਪਿੰਡ ਦੇ ਜੋ ਵੀ ਸਰਪੰਚ ਅਗੇ ਆਇਆ ਉਨ੍ਹਾਂ ਨੇ ਆਪਣੇ ਘਰ ਤੋਂ ਬਾਹਰ ਨਿਕਲ ਕੇ ਕਦੇ ਪਿੰਡ ਦੀ ਮੁਸ਼ਕਿਲ ਨਹੀਂ ਸੁਣੀ ਦੂਰ ਤਾਂ ਕਿ ਕਰਨੀ ਸੀ।
ਦਵਿੰਦਰ ਕੌਰ ਦੱਸਦੀ ਹੈ ਕਿ ਪਹਿਲਾ ਪਿੰਡ ਦੇ ਮਾੜੇ ਹਾਲਾਤ ਸਨ ਅਤੇ ਹੁਣ ਤਾਂ ਹਰ ਮੁਸ਼ਕਲ ਦੂਰ ਹੈ ਅਤੇ ਖਾਸਕਰ ਹਰ ਘਰ ਦੀ ਔਰਤ ਲਈ ਸੁਖ ਦਾ ਸਾਹ ਹੈ ਕਿ ਸਾਫ ਸਫਾਈ ਹੈ ਅਤੇ ਕੂੜਾ ਵੀ ਬਾਹਰ ਸੁੱਟਣ ਨਹੀਂ ਜਾਣਾ ਪੈਂਦਾ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube ''ਤੇ ਜੁੜੋ)

ਉਹ ਬਾਗ਼ੀ ਜਿਸ ਨੇ ''ਧਰਮ ਸਮਝ ਕੇ'' ਦੁਨੀਆਂ ਦੇ ਸਭ ਤੋਂ ਵੱਡੇ ਬੈਂਕ ਨੂੰ ਲੁੱਟਿਆ
NEXT STORY