ਜੇਕਰ ਭਾਰਤ ਦੀ ਗੱਲ ਕਰੀਏ ਤਾਂ ਡਬਲਯੂਐੱਚਓ ਮੁਤਾਬਕ ਇੱਥੇ ਬਾਂਝਪਨ 3.9 ਤੋਂ 16.8 ਫੀਸਦੀ ਹੈ (ਸੰਕੇਤਕ ਤਸਵੀਰ)
“ਸਾਡਾ ਵਿਆਹ 2003 ਵਿੱਚ ਹੋਇਆ ਸੀ। ਇਸ ਤੋਂ ਬਾਅਦ ਮੇਰੀ ਪਤਨੀ ਗਰਭਵਤੀ ਹੋ ਗਈ ਪਰ ਕੁਝ ਸਿਹਤ ਕਾਰਨਾਂ ਕਰਕੇ ਉਸ ਨੂੰ ਗਰਭਪਾਤ ਕਰਵਾਉਣਾ ਪਿਆ। ਫਿਰ ਗਰਭ ਧਾਰਨ ਵਿੱਚ ਸਮੱਸਿਆ ਆਈ। ਇਸ ਤੋਂ ਬਾਅਦ ਜਦੋਂ ਡਾਕਟਰ ਨੇ ਮੈਨੂੰ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਤਾਂ ਪਤਾ ਲੱਗਾ ਕਿ ਮੇਰੇ ਸਪਰਮ ਕਾਊਂਟ ਘੱਟ ਹਨ। ਹੁਣ ਮੇਰਾ ਇਲਾਜ ਚੱਲ ਰਿਹਾ ਹੈ।"
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਯੰਤ ਕੁਮਾਰ ਨੇ ਕੀਤਾ।
ਇਹ ਔਰਤ 30 ਸਾਲਾਂ ਦੀ ਹੈ (ਪਛਾਣ ਗੁਪਤ ਰੱਖੀ ਗਈ ਹੈ) ਅਤੇ ਵਿਆਹ ਨੂੰ ਸੱਤ ਸਾਲ ਹੋ ਗਏ ਸਨ।
ਇਨ੍ਹਾਂ ਦੇ ਹਾਰਮੋਨਜ਼ ਅਸੰਤੁਲਿਤ ਸਨ। ਉਨ੍ਹਾਂ ਦੇ ਬੱਚੇਦਾਨੀ ਵਿੱਚ ਰਸੌਲੀ ਸੀ, ਜਿਸ ਕਾਰਨ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆ ਰਹੀ ਸੀ।
ਹਾਰਮੋਨ ਲਈ ਦਵਾਈਆਂ ਦਿੱਤੀਆਂ ਗਈਆਂ। ਉਨ੍ਹਾਂ ਦੇ ਪਤੀ ਤੰਦਰੁਸਤ ਸਨ।
ਇਸ ਤੋਂ ਬਾਅਦ ਇਸ ਮਹਿਲਾ ਨੂੰ ਆਈਯੂਆਈ ਰਾਹੀਂ ਗਰਭ ਧਾਰਨ ਕਰਵਾਇਆ ਗਿਆ ਸੀ।
ਕੀ ਭਾਰਤ ਵਿੱਚ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ?
ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਮੁਤਾਬਕ, ਦੁਨੀਆਂ ਵਿੱਚ ਛੇ ਵਿੱਚੋਂ ਇੱਕ ਵਿਅਕਤੀ ਨੇ ਇਨਫਰਟੀਲਿਟੀ ਜਾਂ ਬਾਂਝਪਨ ਦਾ ਅਨੁਭਵ ਕੀਤਾ ਹੈ।
ਡਬਲਯੂਐੱਚਓ ਅਨੁਸਾਰ, ਬਾਂਝਪਨ ਇੱਕ ਅਜਿਹੀ ਬਿਮਾਰੀ ਹੈ, ਜਿਸ ਵਿੱਚ ਇੱਕ ਆਦਮੀ ਜਾਂ ਔਰਤ 12 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਨਿਯਮਤ ਅਸੁਰੱਖਿਅਤ ਸੈਕਸ ਕਰਦੇ ਹਨ, ਪਰ ਫਿਰ ਵੀ ਔਰਤ ਗਰਭਵਤੀ ਨਹੀਂ ਹੁੰਦੀ ਹੈ।
ਡਬਲਯੂਐੱਚਓ ਵੱਲੋਂ ਜਾਰੀ ਰਿਪੋਰਟ ਦੱਸਦੀ ਹੈ ਕਿ ਦੁਨੀਆਂ ਭਰ ਵਿੱਚ 15 ਫੀਸਦੀ ਜੋੜੇ ਬਾਂਝਪਨ ਤੋਂ ਪ੍ਰਭਾਵਿਤ ਹਨ। ਇਹ ਉਹ ਜੋੜੇ ਹਨ, ਜੋ ਪ੍ਰਜਨਣ ਉਮਰ ਵਰਗ ਵਿੱਚ ਹਨ।
ਸੰਗਠਨ ਮੁਤਾਬਕ, 15-49 ਸਾਲ ਦੀਆਂ ਔਰਤਾਂ ਪ੍ਰਜਨਨ ਉਮਰ ਵਰਗ ਵਿੱਚ ਆਉਂਦੀਆਂ ਹਨ।
ਡਾਕਟਰਾਂ ਦਾ ਕਹਿਣਾ ਹੈ ਕਿ 40-45 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ 40-45 ਸਾਲ ਦੀ ਉਮਰ ਤੋਂ ਬਾਅਦ ਪੁਰਸ਼ਾਂ ਦੇ ਸ਼ੁਕਰਾਣੂਆਂ ਦੀ ਗਿਣਤੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਜਾਂਦੀ ਹੈ
ਭਾਰਤ ਵਿੱਚ ਬਾਂਝਪਨ
ਜੇਕਰ ਭਾਰਤ ਦੀ ਗੱਲ ਕਰੀਏ ਤਾਂ ਡਬਲਯੂਐੱਚਓ ਮੁਤਾਬਕ ਇੱਥੇ ਬਾਂਝਪਨ 3.9 ਤੋਂ 16.8 ਫੀਸਦੀ ਹੈ।
ਨੈਸ਼ਨਲ ਹੈਲਥ ਪੋਰਟਲ (ਐੱਨਐੱਚਪੀ) ''ਤੇ ਪ੍ਰਕਾਸ਼ਿਤ ਜਾਣਕਾਰੀ ਅਨੁਸਾਰ, ਭਾਰਤੀ ਸੂਬਿਆਂ ਵਿੱਚ ਬਾਂਝਪਨ ਦੇ ਵੱਖ-ਵੱਖ ਪੱਧਰ ਹਨ, ਜਿਵੇਂ ਕਿ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ 3.7 ਫੀਸਦੀ ਹੈ, ਜਦਕਿ ਆਂਧਰਾ ਪ੍ਰਦੇਸ਼ ਵਿੱਚ ਇਹ 5 ਫੀਸਦੀ ਅਤੇ ਕਸ਼ਮੀਰ ਵਿੱਚ 15 ਫੀਸਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਬਾਂਝਪਨ ਦੀ ਸਮੱਸਿਆ ਵਧਦੀ ਜਾ ਰਹੀ ਹੈ ਅਤੇ ਇਹ ਕਿਸੇ ਜੋੜੇ ਨੂੰ ਸਮਾਜਿਕ ਹੀ ਨਹੀਂ ਸਗੋਂ ਆਰਥਿਕ ਤੌਰ ''ਤੇ ਵੀ ਪ੍ਰਭਾਵਿਤ ਕਰਦੀ ਹੈ।
ਡਾਕਟਰਾਂ ਮੁਤਾਬਕ, ਪਹਿਲਾਂ ਸਿਰਫ਼ ਔਰਤਾਂ ਨੂੰ ਬਾਂਝਪਨ ਦੀ ਸਮੱਸਿਆ ਨਾਲ ਜੋੜਿਆ ਜਾਂਦਾ ਸੀ, ਪਰ ਹਾਲ ਹੀ ਦੇ ਸਾਲਾਂ ਵਿੱਚ ਜਾਗਰੂਕਤਾ ਵਧੀ ਹੈ ਅਤੇ ਮਰਦ ਵੀ ਜਾਂਚ ਲਈ ਅੱਗੇ ਆਉਣ ਲੱਗੇ ਹਨ।
ਡਾਕਟਰ ਗੁੰਜਨ ਸਭਰਵਾਲ ਕਹਿੰਦੇ ਹਨ ਕਿ ਇੱਕ ਦਹਾਕਾ ਪਹਿਲਾਂ ਇੱਥੇ ਜੋ ਜੋੜੇ ਆਉਂਦੇ ਸਨ, ਉਨ੍ਹਾਂ ਵਿੱਚ ਔਰਤਾਂ ਇਨਫੈਕਸ਼ਨ ਦੀ ਸਮੱਸਿਆ ਲੈ ਕੇ ਆਉਂਦੀਆਂ ਸਨ, ਜਿਸ ਕਾਰਨ ਉਹ ਮਾਂ ਨਹੀਂ ਬਣ ਸਕਦੀਆਂ ਸਨ, ਪਰ ਪੁਰਸ਼ ਕਦੇ ਵੀ ਜਾਂਚ ਲਈ ਅੱਗੇ ਨਹੀਂ ਆਉਂਦੇ ਸਨ।
ਡਾ. ਸਮਿਤਾ ਜੈਨ ਮੁਤਾਬਕ ਟੀਬੀ ਜਣਨ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ
ਔਰਤਾਂ ਵਿੱਚ ਸਮੱਸਿਆ
ਦੂਜੇ ਪਾਸੇ, ਐੱਸੀਸੀਆਈ ਆਈਵੀਐੱਫ ਸੈਂਟਰ ਵਿਖੇ ਡਾ. ਸਮਿਤਾ ਜੈਨ ਦਾ ਕਹਿਣਾ ਹੈ, "ਪਹਿਲਾਂ ਔਰਤਾਂ ਨੂੰ ਟਿਊਬਲ ਬਲਾਕੇਜ ਜਾਂ ਬਲਾਕਡ ਫੈਲੋਪੀਅਨ ਟਿਊਬਾਂ (ਬੱਚੇ ਦੀਆਂ ਨਲੀਆਂ ਬਲਾਕ) ਦੀ ਸਮੱਸਿਆ ਆਉਂਦੀ ਸੀ।"
"ਇਹ ਸਮੱਸਿਆ ਇਨਫੈਕਸ਼ਨ ਕਾਰਨ ਹੁੰਦੀ ਹੈ। ਇਸ ਦੇ ਨਾਲ ਹੀ ਅਜਿਹੀਆਂ ਔਰਤਾਂ ਵੀ ਸਨ, ਜਿਨ੍ਹਾਂ ਨੂੰ ਟੀਬੀ ਹੁੰਦੀ ਹੈ। ਟੀਬੀ ਜਣਨ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੀ ਹੈ, ਜਿਸ ਕਾਰਨ ਔਰਤਾਂ ਨੂੰ ਬੱਚੇਦਾਨੀ ਜਾਂ ਟਿਊਬਾਂ ਵਿੱਚ ਇਨਫੈਕਸ਼ਨ ਹੋ ਜਾਂਦੀ ਸੀ ਅਤੇ ਉਨ੍ਹਾਂ ਨੂੰ ਗਰਭ ਧਾਰਨ ਕਰਨ ਵਿੱਚ ਮੁਸ਼ਕਲ ਆਉਂਦੀ ਸੀ।"
ਇੱਕ ਹੋਰ ਕਾਰਨ ਦੱਸਦਿਆਂ ਉਹ ਕਹਿੰਦੀ ਹੈ ਕਿ ਹੁਣ ਕਈ ਮੁੰਡੇ-ਕੁੜੀਆਂ ਘੱਟ ਉਮਰ ਵਿੱਚ ਹੀ ਸਬੰਧ ਬਣਾ ਲੈਂਦੇ ਹਨ, ਅਜਿਹੇ ਵਿੱਚ ਕੁੜੀਆਂ ਕਲੇਮਾਈਡੀਆ ਅਤੇ ਗੋਨੋਰੀਆ ਦੀ ਲਾਗ ਨਾਲ ਪੀੜਤ ਹੋ ਜਾਂਦੀਆਂ ਹਨ, ਜਿਸ ਨਾਲ ਅੱਗੇ ਜਾ ਕੇ ਫਰਟਿਲਿਟੀ ''ਤੇ ਅਸਰ ਪੈ ਸਕਦਾ ਹੈ।
ਪਰ ਹਾਲ ਹੀ ਦੇ ਸਾਲਾਂ ''ਚ ਅਜਿਹੇ ਮਾਮਲਿਆਂ ''ਚ ਬਦਲਾਅ ਆਇਆ ਹੈ ਅਤੇ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਔਰਤਾਂ ਨੂੰ ਇਨਫੈਕਸ਼ਨ ਦੇ ਮਾਮਲੇ ਨਾਲ ਆਉਂਦੀਆਂ ਸਨ ਪਰ ਹੁਣ ਹਾਰਮੋਨਲ ਅਸੰਤੁਲਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨਾਲ ਜ਼ਿਆਦਾ ਆ ਰਹੀਆਂ ਹਨ।
ਡਾ. ਗੁੰਜਨ ਸਭਰਵਾਲ ਅਤੇ ਡਾ. ਸਮਿਤਾ ਜੈਨ ਦਾ ਕਹਿਣਾ ਹੈ, “ਅਜਿਹੀਆਂ ਔਰਤਾਂ ਹਨ ਜਿਨ੍ਹਾਂ ਨੂੰ ਪੂਅਰ ਓਵੇਰਿਅਨ ਰਿਜ਼ਰਵ (ਪੀਐੱਮਸੀ) ਹੈ, ਜਿਸ ਵਿੱਚ ਉਨ੍ਹਾਂ ਦੇ ਅੰਡਕੋਸ਼ ਠੀਕ ਤਰ੍ਹਾਂ ਕੰਮ ਨਹੀਂ ਕਰ ਰਹੀ ਹੈ ਅਤੇ ਅੰਡੇ ਬਣਨ ਵਿੱਚ ਦਿੱਕਤਾਂ ਪੇਸ਼ ਆਉਂਦੀਆਂ ਹਨ।"
"ਇਸ ਦੇ ਨਾਲ ਹੀ ਉਹ ਪੋਲੀਸਿਸਟਿਕ ਓਵਰੀ ਸਿੰਡਰੋਮ ਤੋਂ ਵੀ ਪੀੜਤ ਹੁੰਦੀਆਂ ਹਨ। ਇਸ ''ਚ ਹਾਰਮੋਨਜ਼ ਦਾ ਸੰਤੁਲਨ ਵਿਗੜ ਜਾਂਦਾ ਹੈ ਅਤੇ ਅੰਡਕੋਸ਼ ''ਚ ਗੰਢ ਬਣ ਜਾਂਦੀ ਹੈ, ਜਿਸ ਨਾਲ ਮਾਹਵਾਰੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਹੁਣ ਮਰਦਾਂ ਨੂੰ ਵੀ ਬਾਂਝਪਨ ਦੀ ਸਮੱਸਿਆ ਆ ਰਹੀ ਹੈ।"
ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਪਹਿਲੇ ਬੱਚੇ ਤੋਂ ਬਾਅਦ ਜੋੜਾ ਕਈ ਸਾਲਾਂ ਬਾਅਦ ਦੂਜੇ ਬੱਚੇ ਦੀ ਯੋਜਨਾ ਬਣਾਉਂਦਾ ਹੈ
ਡਾ: ਗੁੰਜਨ ਸਭਰਵਾਲ ਨੋਵਾ ਬਾਂਝਪਨ ਕਲੀਨਿਕ ਵਿੱਚ ਕੰਮ ਕਰਦੇ ਹਨ।
ਦੂਜੇ ਪਾਸੇ ਡਾਕਟਰਾਂ ਦਾ ਕਹਿਣਾ ਹੈ, "ਅੱਜ ਦੇ ਸਮੇਂ ਵਿੱਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਆਮ ਤੌਰ ''ਤੇ 30 ਸਾਲ ਦੀ ਉਮਰ ਵਿੱਚ ਵਿਆਹ ਕਰਵਾ ਰਹੇ ਹਨ ਅਤੇ ਪਰਿਵਾਰ ਨਿਯੋਜਨ ਲਈ ਵੀ ਸਮਾਂ ਲੈਂਦੇ ਹਨ।"
ਇਸ ਦੇ ਕਈ ਜਾਇਜ਼ ਕਾਰਨ ਹੋ ਸਕਦੇ ਹਨ ਜਿਵੇਂ ਕਰੀਅਰ ਆਦਿ ਜਿਸ ਤੋਂ ਬਾਅਦ ਉਹ ਬਾਂਝਪਨ ਦੀ ਸਮੱਸਿਆ ਲੈ ਕੇ ਆਉਂਦੇ ਹਨ।"
ਅਜਿਹੇ ਮਾਮਲੇ ਵੀ ਸਾਹਮਣੇ ਆਉਂਦੇ ਹਨ ਜਿੱਥੇ ਪਹਿਲੇ ਬੱਚੇ ਤੋਂ ਬਾਅਦ ਜੋੜਾ ਕਈ ਸਾਲਾਂ ਬਾਅਦ ਦੂਜੇ ਬੱਚੇ ਦੀ ਯੋਜਨਾ ਬਣਾਉਂਦਾ ਹੈ। ਇਸ ਕਾਰਨ ਵੀ ਉਨ੍ਹਾਂ ਨੂੰ ਮੁਸ਼ਕਲਾਂ ਆਉਂਦੀਆਂ ਹਨ।
ਆਮ ਤੌਰ ''ਤੇ ਇਨ੍ਹਾਂ ਜੋੜਿਆਂ ਵਿਚ ਦੇਖਿਆ ਜਾਂਦਾ ਹੈ ਕਿ ਪੁਰਸ਼ ਆਪਣੀ ਜਾਂਚ ਵਿਚ ਹੀ ਦੇਰੀ ਕਰਦੇ ਹਨ ਕਿਉਂਕਿ ਉਨ੍ਹਾਂ ਨੂੰ ਇਹ ਸਮਝਣ ਵਿਚ ਸਮਾਂ ਲੱਗਦਾ ਹੈ ਕਿ ਉਨ੍ਹਾਂ ਵਿਚ ਵੀ ਕਮੀ ਹੋ ਸਕਦੀ ਹੈ।
ਪੁਰਸ਼ਾਂ ਵਿੱਚ ਬਾਂਝਪੁਰ
- ਸਪਰਮ ਕਾਊਂਟ ਜਾਂ ਸ਼ੁਕਰਾਣੂਆਂ ਦੀ ਗਿਣਤੀ ਵਿੱਚ ਕਮੀ
- ਸਪਰਮ ਮੌਰਫੋਲੋਜੀ ਜਾਂ ਸਪਰਮ ਦੇ ਸਟ੍ਰਕਚਰ ਜਾਂ ਅਕ੍ਰਿਤੀ ਵਿੱਚ ਬਦਲਾਅ
- ਸਪਰਮ ਮੋਟੀਲਿਟੀ ਜਾਂ ਸ਼ੁਕਰਾਣੂਆਂ ਦੇ ਚਲਣ ਦੀ ਸਮਰੱਥਾ ਵਿੱਚ ਕਮੀ
- ਸ਼ਕਰਾਣੂਆਂ ਦਾ ਖ਼ਤਮ ਹੋਣਾ
ਡਾ. ਦੱਸਦੇ ਹਨ ਕਿ ਅੱਜ ਕੱਲ੍ਹ ਇਨਫਰਟੀਲਿਟੀ ਦੇ ਕਈ ਕਾਰਨ ਦੇਖਣ ਨੂੰ ਮਿਲ ਰਹੇ ਹਨ। ਇਸ ਵਿੱਚ ਮੁੱਖ ਹਨ-
- ਹਾਰਮੋਨ ਅਸੰਤੁਲਨ
- ਫ਼ੋਨ ਅਤੇ ਲੈਪਟਾਪ ਤੋਂ ਨਿਕਲਣ ਵਾਲਾ ਰੇਡੀਏਸ਼ਨ
- ਜੀਵਨ ਸ਼ੈਲੀ
- ਸਿਗਰਟਨੋਸ਼ੀ ਅਤੇ ਸ਼ਰਾਬ ਸੇਵਨ
- ਪ੍ਰਦੂਸ਼ਣ
- ਫਲਾਂ ਅਤੇ ਸਬਜ਼ੀਆਂ ਕਾਰਨ ਕੀਟਨਾਸ਼ਕਾਂ ਦਾ ਸੇਵਨ
- ਪਲਾਸਟਿਕ ਦੀ ਵਰਤੋਂ
ਡਾ. ਗੁੰਜਨ ਸਭਰਵਾਲ ਦੱਸਦੇ ਹਨ ਕਿ ਗਰਭ ਧਾਰਨ ਕਰਨ ਦੇ ਕਈ ਤਰੀਕੇ ਹਨ-
ਪਹਿਲਾ, ਜਿਸ ਵਿੱਚ ਜੋੜੇ ਨੂੰ ਕਿਸੇ ਡਾਕਟਰੀ ਸਹਾਇਤਾ ਦੀ ਲੋੜ ਨਹੀਂ ਪੈਂਦੀ
ਦੂਜਾ, ਜਿੱਥੇ ਔਰਤ ਵਿੱਚ ਆਂਡੇ ਜਾਂ ਪੁਰਸ਼ ਵਿੱਚ ਸ਼ੁਕਰਾਣੂ ਨਹੀਂ ਬਣ ਰਹੇ ਹੁੰਦੇ। ਫਿਰ ਦਵਾਈਆਂ ਦੇ ਕੇ ਕੁਦਰਤੀ ਤਰੀਕੇ ਨਾਲ ਗਰਭ ਧਾਰਨ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।
ਤੀਸਰਾ, ਤਰੀਕਾ ਹੈ ਇੰਟਰਾਯੂਟਰਾਈਨ ਇਨਸੈਮੀਨੇਸ਼ਨ ਜਾਂ ਆਈਯੂਆਈ ਹੁੰਦਾ ਹੈ
ਚੌਥਾ, ਇਨ ਵਿਟਰੋ ਫਰਟੀਲਾਈਜੇਸ਼ਨ ਜਾਂ ਆਈਵੀਐੱਫ ਹੈ। ਇਹ ਦੋਵੇਂ ਬਣਾਵਟੀ ਤਰੀਕੇ ਹਨ।
ਡਬਲਿਊਐੱਚਓ ਮੁਤਾਬਕ ਉੱਚ ਆਮਦਨੀ ਵਾਲੇ ਦੇਸ਼ਾਂ ਵਿੱਚ 17.8 ਪ੍ਰਤੀਸ਼ਤ ਲੋਕ ਬਾਂਝਪਨ ਤੋਂ ਪ੍ਰਭਾਵਿਤ ਹਨ, ਉੱਥੇ ਹੀ ਇਹ ਅੰਕੜਾ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ 16.5 ਪ੍ਰਤੀਸ਼ਤ ਹੈ।
ਇਸ ਦੇ ਨਾਲ ਹੀ, ਸੰਗਠਨ ਦਾ ਕਹਿਣਾ ਹੈ ਕਿ ਗਰੀਬ ਦੇਸ਼ਾਂ ਦੇ ਲੋਕ ਆਪਣੀ ਆਮਦਨ ਦਾ ਵੱਡਾ ਹਿੱਸਾ ਬਾਂਝਪਨ ਦੀ ਦੇਖਭਾਲ ''ਤੇ ਖਰਚ ਕਰਦੇ ਹਨ।
ਡਬਲਯੂਐੱਚਓ ਦੇ ਡਾਇਰੈਕਟਰ-ਜਨਰਲ ਡਾਕਟਰ ਟੇਡਰੋਸ ਐਡਹਾਨੋਮ ਕਹਿੰਦੇ ਹਨ, "ਇਹ ਰਿਪੋਰਟ ਇੱਕ ਮਹੱਤਵਪੂਰਨ ਸੱਚ ਦੱਸਦੀ ਹੈ-ਬਾਂਝਪਨ ਵਿਤਕਰਾ ਨਹੀਂ ਕਰਦਾ।"
ਉਨ੍ਹਾਂ ਮੁਤਾਬਕ, ਇਸ ਅਨੁਪਾਤ ਵਿੱਚ ਲੋਕ ਪ੍ਰਭਾਵਿਤ ਹਨ ਉਹ ਇਹ ਦੱਸਦੇ ਹਨ ਕਿ ਫਰਟੀਲਿਟੀ ਕੇਅਰ ਨੂੰ ਲੈ ਕੇ ਪਹੁੰਚ ਨੂੰ ਵਧਾਉਣਾ ਹੋਵੇਗਾ ਅਤੇ ਇਹ ਤੈਅ ਕਰਨਾ ਪਵੇਗਾ ਕਿ ਇਸ ਮੁੱਦੇ ਨੂੰ ਖੋਜ ਅਤੇ ਨੀਤੀ ਵਿੱਚ ਦਰਕਿਨਾਰ ਨਾ ਕੀਤਾ ਜਾਵੇ।
ਇਸ ਦੇ ਨਾਲ ਹੀ ਜੋ ਮਾਤਾ-ਪਿਤਾ ਬਣਨਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਕੇਅਰ ਕਿਫਾਇਤੀ, ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੋਣੀ ਚਾਹੀਦੀ ਹੈ।
ਡਾਕਟਰਾਂ ਦਾ ਕਹਿਣਾ ਹੈ ਕਿ ਜਿੱਥੇ ਲੋਕਾਂ ਵਿੱਚ ਬਾਂਝਪਨ ਵਧ ਰਿਹਾ ਹੈ, ਉੱਥੇ ਇਲਾਜ ਦੇ ਅਜਿਹੇ ਬਣਾਵਟੀ ਤਰੀਕੇ ਵੀ ਹਨ, ਜਿਸ ਨਾਲ ਉਹ ਮਾਤਾ-ਪਿਤਾ ਬਣ ਸਕਦੇ ਹਨ।
ਪਰ ਇਨ੍ਹਾਂ ਤਰੀਕਿਆਂ ਦਾ ਖਰਚ ਲਗਭਗ ਲੱਖਾਂ ਵਿੱਚ ਆਉਂਦਾ ਹੈ। ਉੱਚ ਮੱਧ ਆਮਦਨੀ ਅਤੇ ਉੱਚ ਆਮਦਨੀ ਵਾਲੇ ਲੋਕਾਂ ਲਈ ਤਾਂ ਸੌਖਾ ਹੁੰਦਾ ਹੈ ਪਰ ਨਿਮਨ ਆਮਦਨੀ ਦੇ ਲੋਕਾਂ ਲਈ ਇਹ ਚੁਣੌਤੀ ਪੇਸ਼ ਕਰਦਾ ਹੈ।
ਉੱਥੇ ਹੀ ਇਨ੍ਹਾਂ ਤਰੀਕਿਆਂ ਵਿੱਚ ਇਹ ਗਾਰੰਟੀ ਨਹੀਂ ਹੁੰਦੀ ਕਿ ਪਹਿਲੀ ਕੋਸ਼ਿਸ਼ ਵਿੱਚ ਹੀ ਸਕਾਰਾਤਮਕ ਨਤੀਜੇ ਆ ਜਾਣਗੇ।
ਅਜਿਹੇ ਵਿੱਚ ਉਹ ਸਲਾਹ ਦਿੰਦੇ ਹਨ ਕਿ ਆਪਣੇ ਕਰੀਅਰ ਅਤੇ ਜੀਵਨ ਵਿਚਾਲੇ ਸੰਤੁਲਨ ਬਣਾਉਣਾ ਇੱਕ ਉਪਾਅ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕੀ ਰੱਖਿਆ ਮੰਤਰਾਲੇ ਦੇ ਗੁਪਤ ਦਸਤਾਵੇਜ਼ਾਂ ਦੇ ਲੀਕ ਹੋਣ ਨਾਲ ਹੋਏ ਇਹ 4 ਖੁਲਾਸੇ
NEXT STORY