ਆਪਣੇ ਘਰੋਂ ਬੇਘਰ ਹੋਣ ਦਾ ਕੀ ਦਰਦ ਹੁੰਦਾ ਹੈ, ਇਹ ਬਸੰਤਾ ਸਿੰਘ ਦੀਆਂ ਅੱਖਾਂ ਵਿੱਚ ਸਾਫ਼ ਝਲਕਦਾ ਹੈ।
ਬਸੰਤਾ ਆਪਣੀ ਪਤਨੀ ਅਤੇ ਦੋ ਬੱਚਿਆਂ ਨਾਲ ਮਣੀਪੁਰ ਦੇ ਸਾਈਕੁਲ ਇਲਾਕੇ ''ਚ ਕਈ ਸਾਲਾਂ ਤੋਂ ਰਹਿ ਰਹੇ ਸਨ। ਉਥੇ ਉਹ ਕਰਿਆਨੇ ਦੀ ਦੁਕਾਨ ਚਲਾਉਂਦੇ ਸਨ।
ਹਾਲ ਹੀ ਵਿੱਚ, ਜਦੋਂ ਸੂਬੇ ਵਿੱਚ ਹਿੰਸਾ ਭੜਕੀ ਤਾਂ ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਬਚਾਉਣ ਲਈ ਆਪਣੇ ਘਰ ਤੋਂ ਭੱਜਣਾ ਪਿਆ।
ਪਿਛਲੇ ਕਈ ਦਿਨਾਂ ਤੋਂ ਰਾਜਧਾਨੀ ਇੰਫਾਲ ਦੇ ਪੰਗਈ ਇਲਾਕੇ ਵਿੱਚ ਬਣਾਏ ਗਏ ਇਸ ਰਾਹਤ ਕੈਂਪ ਦਾ ਇੱਕ ਕੋਨਾ ਹੁਣ ਉਨ੍ਹਾਂ ਦਾ ਘਰ ਬਣ ਗਿਆ ਹੈ।
ਘਰੋਂ ਭੱਜਣ ਵੇਲੇ ਜੋ ਕੱਪੜੇ ਅਤੇ ਕੁਝ ਗਹਿਣੇ ਸਰੀਰ ''ਤੇ ਸਨ, ਉਹ ਇਸ ਪਰਿਵਾਰ ਦੀ ਕੁੱਲ ਬਚਤ ਵਜੋਂ ਬਚੇ ਹਨ।
ਉਨ੍ਹਾਂ ਦੇ ਵਸੀ-ਵਸਾਈ ਜ਼ਿੰਦਗੀ ਉੱਜੜ ਜਾਣ ਦਾ ਦਰਦ ਉਨ੍ਹਾਂ ਦੇ ਚਿਹਰਿਆਂ ''ਤੇ ਸਾਫ਼ ਝਲਕਦਾ ਹੈ।
ਬਸੰਤਾ ਸਿੰਘ ਕਹਿੰਦੇ ਹਨ, “ਜਦੋਂ ਅਸੀਂ ਸਾਈਕੁਲ ਵਿੱਚ ਰਹਿੰਦੇ ਸੀ, ਸਾਡੇ ਬੱਚਿਆਂ ਕੋਲ ਸਭ ਕੁਝ ਸੀ। ਉਨ੍ਹਾਂ ਕੋਲ ਸਾਈਕਲ, ਖਿਡੌਣੇ, ਕਿਤਾਬਾਂ ਸਨ। ਇੱਥੇ ਆਉਣ ਤੋਂ ਬਾਅਦ ਮੇਰਾ ਬੇਟਾ ਪੁੱਛਦਾ ਹੈ ਕਿ ਮੇਰੀ ਜੁੱਤੀ ਕਿੱਥੇ ਹੈ ਬਾਬਾ, ਮੈਂ ਫੁੱਟਬਾਲ ਖੇਡਣ ਜਾਣਾ ਹੈ।"
"ਉਹ ਪੁੱਛਦਾ ਹੈ ਕਿ ਮੇਰੀ ਛੋਟੀ ਕਾਰ ਕਿੱਥੇ ਹੈ। ਉਹ ਬਾਰ-ਬਾਰ ਇਹ ਪੁੱਛਦਾ ਰਹਿੰਦਾ ਹੈ। ਇਸ ਨਾਲ ਮੇਰਾ ਦਿਲ ਦੁਖਦਾ ਹੈ।"
''ਇਹ ਸਿਵਿਲ ਵਾਰ ਹੈ''
ਬਸੰਤਾ ਮੈਤੇਈ ਭਾਈਚਾਰੇ ਨਾਲ ਸਬੰਧਤ ਹੈ ਅਤੇ ਸਾਈਕੁਲ ਖੇਤਰ ਜਿੱਥੇ ਉਹ ਰਹਿੰਦੇ ਸਨ, ਉੱਥੇ ਕੁਕੀ ਕਬੀਲੇ ਦੀ ਵੱਡੀ ਆਬਾਦੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਹੀ ਹਿੰਸਾ ਸ਼ੁਰੂ ਹੋਈ, ਉਨ੍ਹਾਂ ਦੇ ਕੁਝ ਕੁਕੀ ਦੋਸਤਾਂ ਨੇ ਹੀ ਉਨ੍ਹਾਂ ਨੂੰ ਸਾਈਕੁਲ ਤੋਂ ਕਿਤੇ ਸੁਰੱਖਿਅਤ ਥਾਂ ''ਤੇ ਜਾਣ ਦੀ ਸਲਾਹ ਦਿੱਤੀ ਸੀ।
ਉਹ ਕਹਿੰਦੇ ਹਨ, “ਸਾਨੂੰ ਦੌੜਨਾ ਪਏਗਾ ਨਾ, ਇਹ ਸਿਵਿਲ ਵਾਰ ਹੈ। ਅਸੀਂ ਕੋਈ ਸਮਾਨ ਨਹੀਂ ਲਿਆ ਸਕੇ। ਮੈਂ ਆਪਣੇ ਪੁੱਤਰ ਦੀਆਂ ਚੱਪਲਾਂ ਵੀ ਨਹੀਂ ਲਿਆ ਸਕਿਆ। ਤੁਸੀਂ ਜੋ ਵੀ ਕੱਪੜੇ ਪਹਿਨੇ ਅਸੀਂ ਉਸ ਵਿੱਚੇ ਹੀ ਆਏ ਹਾਂ।"
ਬਸੰਤਾ ਸਿੰਘ ਦੁੱਖ ਅਤੇ ਚਿੰਤਾ ਵਿੱਚ ਘਿਰੇ ਹੋਏ ਹਨ।
ਉਹ ਕਹਿੰਦੇ ਹਨ, “ਮੈਂ ਦੋਹਾਂ ਬੱਚਿਆਂ ਨੂੰ ਕਿਵੇਂ ਪੜ੍ਹਾਵਾਂਗਾ। ਕਮਾਈ ਦਾ ਕੋਈ ਸਾਧਨ ਨਹੀਂ ਹੈ। ਪੈਸੇ ਵੀ ਨਹੀਂ ਹਨ। ਘਰ ਵੀ ਨਹੀਂ। ਅਸੀਂ ਕਦੋਂ ਤੱਕ ਇੱਥੇ ਰਹਾਂਗੇ? ਅਤੇ ਜੇਕਰ ਇੱਥੇ ਨਹੀਂ ਰਹੇ, ਤਾਂ ਕਿੱਥੇ ਜਾਵਾਂਗੇ? ਮੈਂ ਸਾਰਾ ਦਿਨ ਇਹੀ ਸੋਚਦਾ ਰਹਿੰਦਾ ਹਾਂ।"
ਬਸੰਤਾ ਦੱਸਦੇ ਹਨ ਕਿ ਹਿੰਸਾ ਸ਼ੁਰੂ ਹੋਣ ''ਤੇ ਉਨ੍ਹਾਂ ਨੇ ਆਪਣੀ ਦੁਕਾਨ ਨੂੰ ਤਾਲਾ ਲਗਾ ਦਿੱਤਾ ਸੀ ਪਰ ਗੁੱਸੇ ''ਚ ਆਈ ਭੀੜ ਨੇ ਤਾਲਾ ਤੋੜ ਕੇ ਉਨ੍ਹਾਂ ਦੀ ਦੁਕਾਨ ਨੂੰ ਲੁੱਟ ਲਿਆ।
ਜਿਸ ਰਾਹਤ ਕੈਂਪ ''ਚ ਬਸੰਤਾ ਸਿੰਘ ਆਪਣੇ ਪਰਿਵਾਰ ਨਾਲ ਰਹਿ ਰਹੇ ਹਨ, ਉੱਥੇ ਕਰੀਬ 200 ਦੇ ਕਰੀਬ ਲੋਕ ਮੌਜੂਦ ਹਨ, ਜਿਨ੍ਹਾਂ ''ਚ ਜ਼ਿਆਦਾਤਰ ਔਰਤਾਂ ਅਤੇ ਬੱਚੇ ਹਨ।
ਇਨ੍ਹਾਂ ਲੋਕਾਂ ਨੂੰ ਸਰਕਾਰ ਵੱਲੋਂ ਦਰੀ, ਚਟਾਈ, ਕੰਬਲ ਅਤੇ ਕੱਪੜਿਆਂ ਤੋਂ ਇਲਾਵਾ ਖਾਣ-ਪੀਣ ਦੀਆਂ ਵਸਤੂਆਂ ਅਤੇ ਦਵਾਈਆਂ ਵੀ ਦਿੱਤੀਆਂ ਜਾ ਰਹੀਆਂ ਹਨ।
ਬਸੰਤਾ ਸਿੰਘ ਕਹਿੰਦੇ ਹਨ, “ਬੰਦੂਕ ਦੀ ਲੜਾਈ ਸਾਨੂੰ ਨਹੀਂ ਚਾਹੀਦੀ। ਸਾਡੀ ਜ਼ਿੰਦਗੀ ਵਿੱਚ ਬਹੁਤ ਨੁਕਸਾਨ ਹੋ ਰਿਹਾ ਹੈ। ਬਹੁਤ ਦੁੱਖ ਹੈ।"
''ਸਾਡਾ ਪਿੰਡ ਸਾੜ ਦਿੱਤਾ''
ਜਿੱਥੋਂ ਬਸੰਤਾ ਆਪਣੀ ਜਾਨ ਬਚਾ ਕੇ ਭੱਜੇ ਸਨ, ਉਸੇ ਸਾਈਕੁਲ ਦੇ ਇੱਕ ਗਿਰਜਾਘਰ ਵਿੱਚ ਬਣਾਏ ਗਏ ਰਾਹਤ ਕੈਂਪ ਵਿੱਚ ਪੀ ਗਨਿਲਾਲ ਨੇ ਆਪਣੇ ਪਰਿਵਾਰ ਨਾਲ ਸ਼ਰਨ ਲਈ ਹੈ।
ਵੀਹ ਸਾਲ ਭਾਰਤੀ ਫੌਜ ਵਿਚ ਸੇਵਾ ਕਰਨ ਤੋਂ ਬਾਅਦ ਗਿਨਲਾਲ ਹੁਣ ਸੇਵਾਮੁਕਤ ਜੀਵਨ ਬਤੀਤ ਕਰ ਰਹੇ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪਿੰਡ ਸਾੜ ਦਿੱਤਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਰਾਹਤ ਕੈਂਪ ਵਿਚ ਰਹਿਣਾ ਪੈ ਰਿਹਾ ਹੈ।
ਪੀ ਗਿਨਲਾਲ ਕਹਿੰਦੇ ਹਨ, “ਸਾਡੇ ਪਿੰਡ ਤੋਂ ਬਾਹਰ ਨਿਕਲਦੇ ਹੀ 20 ਮਿੰਟ ਅੰਦਰ ਲੋਕ ਪਹੁੰਚ ਗਏ। ਇਸ ਤੋਂ ਬਾਅਦ ਪਿੰਡ ਸਾੜਨਾ ਸ਼ੁਰੂ ਕਰਨ ਦਿੱਤਾ।"
ਪਿੰਡੋਂ ਬਚ ਨਿਕਲਣ ਤੋਂ ਬਾਅਦ ਗਿਨਲਾਲ ਅਤੇ ਉਨ੍ਹਾਂ ਦਾ ਪਰਿਵਾਰ ਇੱਕ ਦਿਨ ਲਈ ਜੰਗਲ ਵਿੱਚ ਲੁਕਿਆ ਰਿਹਾ।
ਉਹ ਕਹਿੰਦੇ ਹਨ, “ਘਰ ਸੜਨ ਤੋਂ ਬਾਅਦ ਸਾਡੇ ਕੋਲ ਕੋਈ ਸਹਾਰਾ ਨਹੀਂ ਸੀ। ਫਿਰ ਫੌਜ ਸਾਨੂੰ ਇੱਥੇ ਲੈ ਆਈ।"
ਬਸੰਤਾ ਸਿੰਘ ਦੇ ਪਰਿਵਾਰ ਵਾਂਗ ਹੀ ਪੀ ਗਿਨਲਾਲ ਦੇ ਪਰਿਵਾਰਕ ਮੈਂਬਰ ਵੀ ਘਰੋਂ ਭੱਜਣ ਵੇਲੇ ਆਪਣੇ ਨਾਲ ਕੁਝ ਵੀ ਨਹੀਂ ਚੁੱਕ ਸਕੇ।
ਗਿਨਲਾਲ ਕਹਿੰਦੇ ਹਨ, "ਜੋ ਕੱਪੜੇ ਉਨ੍ਹਾਂ ਨੇ ਪਹਿਨੇ ਹੋਏ ਸਨ ਉਹ ਉਨ੍ਹਾਂ ਵਿੱਚ ਹੀ ਜੰਗਲ ਵਿੱਚ ਭੱਜ ਆਏ।"
ਉਹ ਕਹਿੰਦੇ ਹਨ, “ਇੱਥੇ ਸੌਣ ਦੀ ਮੁਸ਼ਕਲ ਹੈ। ਖਾਣ ਦੀ ਦਿੱਕਤ ਆਉਂਦੀ ਹੈ। ਬੱਚੇ ਰੋ ਰਹੇ ਹਨ। ਮਾਂ ਬਿਮਾਰ ਹੈ। ਦੇਣ ਲਈ ਕੋਈ ਦਵਾਈ ਨਹੀਂ ਹੈ। ਪਤਾ ਨਹੀਂ ਕਦੋਂ ਮਾਂ ਦੀ ਜਾਨ ਚਲੀ ਜਾਵੇ ਜਾਂ ਬੱਚੇ ਦੀ ਜਾਨ ਚਲੀ ਜਾਵੇ। ਸਰਕਾਰ ਕੀ ਦੇਖ ਰਹੀ ਹੈ? ਕੀ ਅਸੀਂ ਵਿਦੇਸ਼ੀ ਹਾਂ?"
ਗਿਨਲਾਲ ਕੁਕੀ ਕਬੀਲੇ ਨਾਲ ਸਬੰਧਤ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੈਤੇਈ ਭਾਈਚਾਰੇ ਦੇ ਲੋਕਾਂ ਨੇ ਉਨ੍ਹਾਂ ਦਾ ਘਰ ਸਾੜ ਦਿੱਤਾ।
ਉਹ ਕਹਿੰਦੇ ਹਨ, “ਸਰਕਾਰ ਸਾਡੀ ਮਾਂ-ਬਾਪ ਹੈ। ਸਰਕਾਰ ਨੂੰ ਇਹੀ ਦੇਖਣਾ ਚਾਹੀਦਾ ਹੈ ਕਿ ਕਿਸ ਦੀ ਗ਼ਲਤੀ ਹੈ ਅਤੇ ਇਹ ਝਗੜਾ ਕਿਸ ਕਾਰਨ ਹੋਇਆ ਹੈ। ਘਰ ਕਿਸ ਲਈ ਸਾੜਿਆ ਗਿਆ, ਪਿੰਡ ਕਿਸ ਲਈ ਸਾੜਿਆ ਗਿਆ।"
"ਸਰਕਾਰ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਆਮ ਆਦਮੀ ਨੂੰ ਦੁੱਖ ਨਹੀਂ ਹੋਣਾ ਚਾਹੀਦਾ ਸੀ।"
ਗਿਨਲਾਲ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਆਪਣੇ ਲੋਕਾਂ ਦੀ ਦੇਖਭਾਲ ਨਹੀਂ ਕਰੇਗੀ ਅਤੇ ਲੋਕਾਂ ਨੂੰ ਮਰਨ ਲਈ ਛੱਡ ਦੇਵੇਗੀ ਤਾਂ ਸ਼ਾਂਤੀ ਕਿਵੇਂ ਹੋਵੇਗੀ।
ਉਹ ਕਹਿੰਦੇ ਹਨ, "ਲੋਕਾਂ ਦੇ ਦਿਲਾਂ ਵਿੱਚ ਬਦਲੇ ਦੀ ਭਾਵਨਾ ਪੈਦਾ ਹੋਵੇਗੀ।"
- ਆਲ ਟ੍ਰਾਈਬਲ ਸਟੂਡੈਂਟਸ ਯੂਨੀਅਨ, ਮਣੀਪੁਰ ਵਲੋਂ ਕੀਤੀ ਇੱਕ ਜਨਤਕ ਰੈਲੀ ਦੌਰਾਨ ਹੋਈ ਹਿੰਸਾ
- ਮਾਮਲਾ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਸੀ
- ਬਾਕੀ ਕਬੀਲੇ ਮੈਤੇਈ ਨੂੰ ਕਬੀਲੇ ਦਾ ਦਰਜਾ ਦੇਣ ਦੀ ਮੰਗ ਦਾ ਵਿਰੋਧ ਕਰ ਰਹੇ ਹਨ
- ਇਸੇ ਮੁੱਦੇ ਕਾਰਨ ਫੈਲੀ ਹਿੰਸਾ ਵਿੱਚ 60 ਤੋਂ ਵੱਧ ਲੋਕਾਂ ਨੇ ਗੁਆਈ ਜਾਨ
- ਲਗਭਗ 13 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ''ਤੇ ਭੇਜਿਆ ਗਿਆ ਹੈ
- ਹਾਲਾਂਕਿ, ਸ਼ਨੀਵਾਰ ਤੋਂ ਸੂਬੇ ਵਿੱਚ ਜੀਵਨ ਆਮ ਸਥਿਤੀ ਵੱਲ ਮੁੜ ਰਿਹਾ ਹੈ
ਕਿਉਂ ਭੜਕੀ ਹਿੰਸਾ?
ਮਣੀਪੁਰ ਵਿੱਚ ਹਿੰਸਾ ਵਿੱਚ ਹੁਣ ਤੱਕ ਸੱਠ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਸੂਬੇ ਦੇ ਪ੍ਰਭਾਵਸ਼ਾਲੀ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਮੰਗ ਨੂੰ ਇਸ ਹਿੰਸਾ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।
ਲੋਕ ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤੇ ਜਾਣ ਦਾ ਵਿਰੋਧ ਮਣੀਪੁਰ ਦੇ ਪਹਾੜੀ ਖੇਤਰਾਂ ਵਿੱਚ ਰਹਿਣ ਵਾਲੇ ਕਬੀਲਿਆਂ ਦੇ ਦੇ ਲੋਕ ਕਰ ਰਹੇ ਹਨ। ਇਨ੍ਹਾਂ ਵਿਚ ਮੁੱਖ ਤੌਰ ''ਤੇ ਕੁਕੀ ਕਬੀਲੇ ਦੇ ਲੋਕ ਸਨ।
ਆਦਿਵਾਸੀ ਲੋਕਾਂ ਦਾ ਕਹਿਣਾ ਹੈ ਕਿ ਮੀਤੀ ਭਾਈਚਾਰਾ ਪਹਿਲਾਂ ਹੀ ਸੰਸਾਧਨ-ਸੰਪੰਨ ਅਤੇ ਪ੍ਰਭਾਵਸ਼ਾਲੀ ਹੈ ਅਤੇ ਜੇਕਰ ਉਨ੍ਹਾਂ ਨੂੰ ਕਬੀਲੇ ਦਾ ਦਰਜਾ ਦਿੱਤਾ ਜਾਂਦਾ ਹੈ ਤਾਂ ਨਾ ਸਿਰਫ਼ ਆਦਿਵਾਸੀਆਂ ਨੂੰ ਮਿਲਣ ਵਾਲੇ ਰਾਖਵੇਂਕਰਨ ਦੇ ਲਾਭ ਘੱਟ ਜਾਣਗੇ, ਜਨਜਾਤੀ ਲੋਕਾਂ ਦੀਆਂ ਜ਼ਮੀਨਾਂ ''ਤੇ ਵੀ ਹੌਲੀ-ਹੌਲੀ ਮੈਤੇਈ ਭਾਈਚਾਰੇ ਦਾ ਕਬਜ਼ਾ ਹੋ ਜਾਵੇਗਾ।
ਇਸ ਮਾਮਲੇ ਨੂੰ ਲੈ ਕੇ ਭਖਦਾ ਵਿਵਾਦ 3 ਮਈ ਨੂੰ ਉਸ ਸਮੇਂ ਹਿੰਸਕ ਝੜਪਾਂ ਵਿੱਚ ਬਦਲ ਗਿਆ ਜਦੋਂ ਮੈਤੇਈ ਭਾਈਚਾਰੇ ਨੂੰ ਕਬਾਇਲੀ ਦਰਜਾ ਦਿੱਤੇ ਜਾਣ ਦੇ ਵਿਰੋਧ ਵਿੱਚ ਚੂਰਾਚਾਂਦਪੁਰ ਵਿੱਚ ਇੱਕ ਪੈਦਲ ਮਾਰਚ ਕੱਢਿਆ ਜਾ ਰਿਹਾ ਸੀ।
ਮਣੀਪੁਰ ਦੇ ਪਹਾੜੀ ਇਲਾਕਿਆਂ ਵਿਚ ਕੁਕੀ ਕਬੀਲੇ ਦੇ ਲੋਕ ਜ਼ਿਆਦਾ ਹਨ ਅਤੇ ਮੈਤੇਈ ਭਾਈਚਾਰੇ ਦੇ ਲੋਕ ਘੱਟ ਗਿਣਤੀ ਵਿਚ ਰਹਿੰਦੇ ਹਨ। ਇਸੇ ਤਰ੍ਹਾਂ ਇੰਫਾਲ ਘਾਟੀ ਵਿਚ ਮੈਤੇਈ ਭਾਈਚਾਰੇ ਦੇ ਲੋਕਾਂ ਦੀ ਗਿਣਤੀ ਕੁਕੀ ਭਾਈਚਾਰੇ ਦੇ ਲੋਕਾਂ ਨਾਲੋਂ ਕਈ ਗੁਣਾ ਜ਼ਿਆਦਾ ਹੈ।
ਬਹੁਤ ਸਾਰੇ ਇਲਾਕੇ ਅਜਿਹੇ ਵੀ ਹਨ ਜਿੱਥੇ ਕੁਕੀ ਅਤੇ ਮੈਤੇਈ ਭਾਈਚਾਰਿਆਂ ਦੇ ਲੋਕਾਂ ਦੇ ਪਿੰਡ ਇੱਕ ਦੂਜੇ ਤੋਂ ਕੁਝ ਹੀ ਦੂਰੀ ''ਤੇ ਸਥਿਤ ਹਨ।
ਹਿੰਸਾ ਸ਼ੁਰੂ ਹੁੰਦੇ ਹੀ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ, ਜਿਸ ਵਿੱਚ ਵੀ ਭਾਈਚਾਰਾ ਵੱਡੀ ਗਿਣਤੀ ਵਿੱਚ ਸੀ, ਉਸ ਨੇ ਘੱਟ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ।
ਨਤੀਜੇ ਵਜੋਂ ਮੈਤੇਈ ਅਤੇ ਕੁਕੀ ਭਾਈਚਾਰਿਆਂ ਦੇ ਸੈਂਕੜੇ ਘਰ ਸਾੜ ਕੇ ਰਾਖ ਕਰ ਦਿੱਤੇ ਗਏ।
ਹਿੰਸਾ ਦੇ ਵਧਣ ਨਾਲ ਮੈਤੇਈ ਦੇ ਦਬਦਬੇ ਵਾਲੇ ਖੇਤਰਾਂ ਤੋਂ ਕੁਕੀ ਕਬੀਲੇ ਦੇ ਲੋਕਾਂ ਨੂੰ ਅਤੇ ਕੁਕੀ ਦੇ ਦਬਦਬੇ ਵਾਲੇ ਖੇਤਰਾਂ ਤੋਂ ਮੈਤੇਈ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ।
ਵਿਗੜਦੀ ਸਥਿਤੀ ਨੂੰ ਦੇਖਦਿਆਂ ਜਦੋਂ ਸੂਬੇ ਵਿੱਚ ਫੌਜ ਅਤੇ ਅਰਧ ਸੈਨਿਕ ਬਲਾਂ ਨੂੰ ਤਾਇਨਾਤ ਕੀਤਾ ਗਿਆ ਤਾਂ ਉਹ ਦੋਵੇਂ ਪਾਸਿਓਂ ਤੋਂ ਹਜ਼ਾਰਾਂ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਲੈ ਗਏ।
ਹੁਣ ਇਨ੍ਹਾਂ ਹਜ਼ਾਰਾਂ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੂੰ ਵਾਪਸ ਲੈ ਕੇ ਜਾਣਾ ਪ੍ਰਸ਼ਾਸਨ ਦੇ ਸਾਹਮਣੇ ਵੱਡੀ ਚੁਣੌਤੀ ਹੈ।
ਹਰ ਰੋਜ਼ ਸੂਬੇ ਦੇ ਕਈ ਇਲਾਕਿਆਂ ''ਚ ਅਜਿਹੇ ਦ੍ਰਿਸ਼ ਆਮ ਹੋ ਗਏ ਹਨ, ਜਿਨ੍ਹਾਂ ''ਚ ਸੈਂਕੜੇ ਲੋਕਾਂ ਨੂੰ ਵਾਹਨਾਂ ''ਚ ਭਰ ਕੇ ਉਨ੍ਹਾਂ ਦੇ ਘਰਾਂ ਨੂੰ ਭੇਜਿਆ ਜਾ ਰਿਹਾ ਹੈ।
ਚੁਰਾਚਾਂਦਪੁਰ ਦੇ ਜ਼ਮੀਨੀ ਹਾਲਾਤ
ਜਿਸ ਚੁਰਾਚਾਂਦਪੁਰ ਤੋਂ ਇਸ ਹਿੰਸਾ ਦੀ ਸ਼ੁਰੂਆਤ ਹੋਈ, ਉੱਥੇ ਹੁਣ ਵੀ ਤਣਾਅ ਦਾ ਮਾਹੌਲ ਹੈ।
26 ਸਾਲਾ ਚਿਨਲਿਆਂਮੋਈ ਚੁਰਾਚਾਂਦਪੁਰ ਵਿੱਚ ਹਿੰਸਾ ਦਾ ਉਸ ਵੇਲੇ ਸ਼ਿਕਾਰ ਹੋਈ ਜਦੋਂ ਇੱਕ ਗੋਲੀ ਉਸ ਦੀ ਲੱਤ ਵਿੱਚ ਲੱਗੀ।
ਉਹ ਕਹਿੰਦੀ ਹੈ, “ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ ਪਰ ਮਣੀਪੁਰ ਵਿੱਚ ਹਾਲਾਤ ਠੀਕ ਨਹੀਂ ਹੈ। ਇੱਥੇ ਸਾਨੂੰ ਪ੍ਰਵਾਸੀ ਕਿਹਾ ਜਾ ਰਿਹਾ ਹੈ ਜਦਕਿ ਅਸੀਂ ਪ੍ਰਵਾਸੀ ਨਹੀਂ ਹਾਂ।"
"ਸਾਡੇ ਪੁਰਖੇ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਜਨਜਾਤੀਆਂ ਨਾਲ ਹਮੇਸ਼ਾ ਵਿਤਕਰਾ ਹੁੰਦਾ ਰਿਹਾ ਹੈ। ਹੁਣ ਇਹ ਵਧ ਗਿਆ ਹੈ।"
ਚੁਰਾਚੰਦਪੁਰ ਦੇ ਜ਼ਿਲ੍ਹਾ ਹਸਪਤਾਲ ਵਿੱਚ ਲਾਸ਼ਾਂ ਦਾ ਆਉਣਾ ਜਾਰੀ ਹੈ।
ਇੱਥੋਂ ਦੇ ਡਾਕਟਰਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਦਾਖ਼ਲ ਲੋਕਾਂ ਵਿੱਚੋਂ ਚਾਲੀ ਦੇ ਕਰੀਬ ਲੋਕਾਂ ਨੂੰ ਗੋਲੀਆਂ ਲੱਗੀਆਂ ਸਨ। ਉਸ ਮੁਤਾਬਕ ਮਰਨ ਵਾਲਿਆਂ ਵਿੱਚ ਜ਼ਿਆਦਾਤਰ ਲੋਕਾਂ ਦੀ ਮੌਤ ਗੋਲੀ ਲੱਗਣ ਕਾਰਨ ਹੋਈ ਹੈ।
ਉਸੇ ਹਸਪਤਾਲ ਵਿੱਚ ਕੰਮ ਕਰਨ ਵਾਲੀ ਇੱਕ ਨਰਸ ਨਿਆਂਗਹੋਇਚਿੰਗ ਦੀ ਵੀ ਉਸ ਵੇਲੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਜਦੋਂ ਉਹ ਹਸਪਤਾਲ ਵਿੱਚ ਆਪਣਾ ਕੰਮ ਖ਼ਤਮ ਕਰਨ ਤੋਂ ਬਾਅਦ ਘਰ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਸੀ।
ਨਰਸ ਨਿਆਂਗਹੋਇਚਿੰਗ ਦਾ ਭਰਾ ਪੋਮਿੰਥਾਂਗ, ਆਪਣੀ ਭੈਣ ਨੂੰ ਗੁਆ ਦੇਣ ਦੇ ਸੋਗ ਵਿੱਚ ਹਨ।
ਉਹ ਕਹਿੰਦੇ ਹਨ, “ਸੂਬੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਅਤੇ ਕੇਂਦਰ ਵਿੱਚ ਵੀ ਭਾਜਪਾ ਦੀ ਸਰਕਾਰ ਹੈ। ਇਸ ਹਿੰਸਾ ਨੂੰ ਸ਼ੁਰੂ ਵਿਚ ਹੀ ਰੋਕਿਆ ਜਾ ਸਕਦਾ ਸੀ। ਇਸ ਕਤਲੇਆਮ ਨੂੰ ਇੱਕ ਦਿਨ ਵਿੱਚ ਹੀ ਰੋਕਿਆ ਜਾ ਸਕਦਾ ਸੀ।"
ਚੁਰਾਚਾਂਦਪੁਰ ਵਿੱਚ ਕੁਕੀ ਜਾਤ ਦੇ ਜ਼ਿਆਦਾਤਰ ਲੋਕ ਰਹਿੰਦੇ ਹਨ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਹਿੰਸਾ ਲਈ ਮੈਤੇਈ ਭਾਈਚਾਰੇ ਦੇ ਲੋਕ ਜ਼ਿੰਮੇਵਾਰ ਹਨ।
ਦੂਜੇ ਪਾਸੇ ਮੀਤੀ ਭਾਈਚਾਰੇ ਦੇ ਲੋਕ ਕੁਕੀ ਕਬੀਲੇ ''ਤੇ ਵੀ ਇਹੀ ਇਲਜ਼ਾਮ ਲਗਾ ਰਹੇ ਹਨ। ਇਲਜ਼ਾਮਾਂ ਅਤੇ ਜਵਾਬੀ ਇਲਜ਼ਾਮਾਂ ਦੇ ਵਿਚਕਾਰ ਸੱਚਾਈ ਕਿਤੇ ਨਾ ਕਿਤੇ ਛੁਪੀ ਹੋਈ ਹੈ।
ਪਰ ਇੱਕ ਗੱਲ ਤਾਂ ਸਾਫ਼ ਹੈ, ਦਹਾਕਿਆਂ ਤੋਂ ਮੌਜੂਦ ਕਬਾਇਲੀ ਭਾਈਚਾਰਿਆਂ ਅਤੇ ਗ਼ੈਰ-ਕਬਾਇਲੀ ਭਾਈਚਾਰਿਆਂ ਦਰਮਿਆਨ ਅਵਿਸ਼ਵਾਸ ਦੀ ਖਾੜੀ ਇਸ ਹਿੰਸਾ ਨਾਲ ਹੋਰ ਡੂੰਘੀ ਹੋ ਗਈ ਹੈ।
ਹਥਿਆਰਾਂ ਨਾਲ ਰਾਤ ਭਰ ਪਹਿਰੇਦਾਰੀ
ਇਸ ਅਵਿਸ਼ਵਾਸ ਦੀ ਝਲਕ ਇੰਫਾਲ ਸ਼ਹਿਰ ਤੋਂ ਕੁਝ ਦੂਰ ਪੁਖਾਓ ਇਲਾਕੇ ਵਿੱਚ ਦੇਖਣ ਨੂੰ ਮਿਲੀ।
ਇੱਥੇ ਰਾਤ ਹੁੰਦੇ ਹੀ ਮੈਤੇਈ ਭਾਈਚਾਰੇ ਦੇ ਲੋਕ ਹਥਿਆਰਾਂ ਲੈ ਕੇ ਇਕੱਠੇ ਹੋ ਜਾਂਦੇ ਹਨ।
ਇਹ ਉਹ ਥਾਂ ਹੈ ਜਿੱਥੇ ਸਾਨੂੰ ਥਾਉਨਓਜਾਮ ਰਬੀ ਮਿਲਿਆ।
ਉਹ ਕਹਿੰਦੇ ਹਨ, "ਸਾਨੂੰ ਡਰ ਹੈ ਕਿ ਕੁਕੀ ਭਾਈਚਾਰੇ ਦੇ ਲੋਕ ਰਾਤ ਨੂੰ ਸਾਡੇ ''ਤੇ ਹਮਲਾ ਕਰ ਦੇਣਗੇ। ਇਸ ਲਈ ਅਸੀਂ ਇੱਥੇ ਆਏ ਹਾਂ, ਆਪਣੇ ਘਰਾਂ ਨੂੰ ਸੜਨ ਤੋਂ ਬਚਾਉਣ ਲਈ।"
"ਸਾਡੇ ਕੋਲ ਜ਼ਿਆਦਾ ਸੁਰੱਖਿਆ ਨਹੀਂ ਹੈ ਪਰ ਅਸੀਂ ਆਪਣੇ ਘਰਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜੇਕਰ ਛੇਤੀ ਹਾਲਾਤ ''ਤੇ ਕਾਬੂ ਨਾ ਕੀਤਾ ਗਿਆ ਤਾਂ ਹੋਰ ਜਾਨਾਂ ਜਾਣਗੀਆਂ।"
ਜਿਸ ਵੇਲੇ ਮਣੀਪੁਰ ''ਚ ਹਿੰਸਾ ਆਪਣੇ ਸਿਖ਼ਰ ''ਤੇ ਸੀ, ਉਸ ਵੇਲੇ ਅਜਿਹੀਆਂ ਖਬਰਾਂ ਆਈਆਂ ਸਨ ਕਿ ਕਈ ਥਾਵਾਂ ''ਤੇ ਲੋਕਾਂ ਨੇ ਥਾਣਿਆਂ ''ਚੋਂ ਸਰਕਾਰੀ ਹਥਿਆਰ ਲੁੱਟ ਲਏ ਹਨ।
ਪੁਖਾਓ ਵਿੱਚ ਰਾਤ ਭਰ ਆਪਣੇ ਪਿੰਡ ਦੀ ਪਹਿਰੇਦਾਰੀ ਕਰ ਰਹੇ ਮੈਤੇਈ ਲੋਕਾਂ ਨੇ ਮੰਨਿਆ ਕਿ ਉਨ੍ਹਾਂ ਨੇ ਥਾਣਿਆਂ ਵਿੱਚੋਂ ਹਥਿਆਰ ਚੁੱਕੇ ਹਨ।
ਇਨ੍ਹਾਂ ਵਿੱਚੋਂ ਇੱਕ ਵਿਅਕਤੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ''ਤੇ ਦੱਸਿਆ, "ਜਦੋਂ ਸਾਡੇ ਪਿੰਡਾਂ ''ਤੇ ਹਮਲੇ ਹੋ ਰਹੇ ਸਨ, ਅਸੀਂ ਪ੍ਰਸ਼ਾਸਨ ਨੂੰ ਸੁਰੱਖਿਆ ਪ੍ਰਦਾਨ ਕਰਨ ਦੀ ਬੇਨਤੀ ਕੀਤੀ ਸੀ।"
"ਪਰ ਜਦੋਂ ਕੋਈ ਨਾ ਆਇਆ ਤਾਂ ਸਾਡੇ ਕੋਲ ਹਥਿਆਰ ਚੁੱਕਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ। ਅਸੀਂ ਪੁਲਿਸ ਨੂੰ ਕਿਹਾ ਕਿ ਜਾਂ ਤਾਂ ਤੁਸੀਂ ਸਾਡੀ ਰੱਖਿਆ ਕਰੋ ਜਾਂ ਸਾਨੂੰ ਆਪਣੇ ਹਥਿਆਰ ਦੇ ਦਿਓ।
ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੀ ਜਾਨ ਬਚਾਉਣ ਲਈ ਹੀ ਹਥਿਆਰ ਲੁੱਟੇ ਹਨ ਅਤੇ ਜੇਕਰ ਸਰਕਾਰ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਵੇ ਤਾਂ ਉਹ ਇਹ ਹਥਿਆਰ ਵਾਪਸ ਕਰਨ ਲਈ ਤਿਆਰ ਹਨ।
ਪੁਖਾਓ ਵਿੱਚ ਡਬਲਿਯੂ ਓਪਨ ਸਿੰਘ ਕਹਿੰਦੇ ਹਨ, “ਸਾਡੇ ਕੋਲ ਆਪਣੇ ਆਪ ਨੂੰ ਬਚਾਉਣ ਦਾ ਕੋਈ ਤਰੀਕਾ ਨਹੀਂ ਸੀ। ਸਾਡੇ ਨੇੜੇ ਹੀ ਪੁਲਿਸ ਸਟੇਸ਼ਨ ਹੈ। ਪੁਲਿਸ ਇੱਥੇ ਵੀ ਨਹੀਂ ਆਈ, ਪੁਲਿਸ ਲੜਾਈ ਨੂੰ ਰੋਕ ਸਕਦੀ ਸੀ। ਪੁਲਿਸ ਨੇ ਅਜਿਹਾ ਨਹੀਂ ਕੀਤਾ।"
ਡਰ ਦਾ ਮਾਹੌਲ
ਸੂਬੇ ਦੇ ਕਈ ਇਲਾਕਿਆਂ ''ਚ ਡਰ ਦਾ ਮਾਹੌਲ ਹੈ। ਲੋਕ ਇੱਕ ਦੂਜੇ ਨੂੰ ਸ਼ੱਕ ਦੀ ਨਜ਼ਰ ਨਾਲ ਦੇਖ ਰਹੇ ਹਨ ਅਤੇ ਆਪਸੀ ਭਰੋਸੇ ਦੀ ਕਮੀ ਸਾਫ਼ ਦਿਖਾਈ ਦੇ ਰਹੀ ਹੈ।
ਇੰਫਾਲ ਦੇ ਲਾਂਗੋਲ ਇਲਾਕੇ ਵਿੱਚ ਕਈ ਭਾਈਚਾਰਿਆਂ ਅਤੇ ਕਬੀਲਿਆਂ ਦੇ ਲੋਕ ਸਾਲਾਂ ਤੋਂ ਇਕੱਠੇ ਰਹਿ ਰਹੇ ਹਨ।
ਅੱਜ ਉੱਥੇ ਸੰਨਾਟਾ ਹੈ। ਇਸ ਇਲਾਕੇ ਵਿਚ ਇਕ ਸਕੂਲ ਨੂੰ ਸਾੜ ਦਿੱਤਾ ਗਿਆ ਹੈ ਅਤੇ ਕੁਝ ਘਰਾਂ ''ਤੇ ਵੀ ਹਮਲਾ ਕੀਤਾ ਗਿਆ ਹੈ।
ਇਨ੍ਹਾਂ ਲੋਕਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਇਲਾਕੇ ਵਿੱਚ ਹਿੰਸਾ ਕਿਉਂ ਹੋਈ। ਉਨ੍ਹਾਂ ਨੂੰ ਡਰ ਹੈ ਕਿ ਉਨ੍ਹਾਂ ਦੇ ਘਰਾਂ ਨੂੰ ਕਦੇ ਵੀ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
ਲੋਕ ਘਰਾਂ ਤੋਂ ਬਾਹਰ ਨਿਕਲਣ ਤੋਂ ਡਰ ਰਹੇ ਹਨ। ਇਸ ਇਲਾਕੇ ਦੇ ਲੋਕਾਂ ਨੇ ਕਾਗਜ਼ ਦੇ ਟੁਕੜੇ ''ਤੇ ਆਪਣੀ ਜਾਤ ਜਾਂ ਫਿਰਕੇ ਦਾ ਨਾਂ ਲਿਖ ਕੇ ਆਪਣੇ ਘਰਾਂ ਦੇ ਦਰਵਾਜ਼ਿਆਂ ''ਤੇ ਚਿਪਕਾਇਆ ਹੋਇਆ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਆਪਣੀ ਜਾਤ ਦਾ ਐਲਾਨ ਕਰ ਕੇ ਸ਼ਾਇਦ ਉਹ ਆਪਣੇ ਘਰ ਬਚਾ ਸਕਣਗੇ ਅਤੇ ਜੇਕਰ ਕੋਈ ਭੀੜ ਹਮਲਾ ਕਰਦੀ ਹੈ ਤਾਂ ਉਨ੍ਹਾਂ ਦੀ ਜਾਤ ਦਾ ਨਾਂ ਪੜ੍ਹ ਕੇ ਸ਼ਾਇਦ ਬਖ਼ਸ਼ ਦੇਣ।
''ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ''
ਮਣੀਪੁਰ ਸਰਕਾਰ ਨੇ ਸੂਬੇ ਵਿੱਚ ਹਿੰਸਾ ਦੀ ਸੱਚਾਈ ਦਾ ਪਤਾ ਲਗਾਉਣ ਲਈ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਹਨ। ਸਰਕਾਰ ਨੇ ਇਹ ਵੀ ਕਿਹਾ ਹੈ ਕਿ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਹਿੰਸਾ ਤੋਂ ਪ੍ਰਭਾਵਿਤ ਲੋਕਾਂ ਲਈ ਸਰਕਾਰ ਨੇ ਮੁਆਵਜ਼ੇ ਦਾ ਵੀ ਐਲਾਨ ਕੀਤਾ ਹੈ।
ਚੁਰਾਚੰਦਪੁਰ ਵਿੱਚ ਕੁਕੀ ਸਟੂਡੈਂਟਸ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਸਸਾਂਗ ਵੈਫਾਈ ਦਾ ਕਹਿਣਾ ਹੈ, “ਕੋਈ ਵੀ ਜੰਗ ਜਾਂ ਸੰਘਰਸ਼ ਨਹੀਂ ਚਾਹੁੰਦਾ। ਜੋ ਅਸੀਂ ਝੱਲਿਆ ਹੈ ਉਹ ਲੋੜ ਤੋਂ ਵੱਧ ਹੈ। ਦੋਵੇਂ ਪਾਸੇ ਜਾਨੀ ਨੁਕਸਾਨ ਹੋਇਆ ਹੈ। ਦੋਵਾਂ ਪਾਸਿਆਂ ਦੇ ਲੋਕਾਂ ਦੀ ਬਹੁਤ ਸਾਰੀ ਜਾਇਦਾਦ ਤਬਾਹ ਹੋ ਗਈ ਹੈ। ”
ਇਸ ਦੇ ਨਾਲ ਹੀ ਹਾਲ ਦੀ ਘੜੀ ਵਾਪਰੀਆਂ ਘਟਨਾਵਾਂ ਕਾਰਨ ਆਦਿਵਾਸੀ ਭਾਈਚਾਰਿਆਂ ਵਿੱਚ ਗੁੱਸਾ ਵਧ ਰਿਹਾ ਹੈ।
ਰਿਸਰਚ ਅਤੇ ਪ੍ਰੀਜਰਵੇਸ਼ਨ ਆਫ ਜ਼ੋ ਆਈਟੈਂਡਟੀਜ਼ ਦੇ ਪ੍ਰਧਾਨ ਗਿਨਜ਼ਾ ਵੁਆਲਜ਼ੌਂਗ ਦਾ ਕਹਿਣਾ ਹੈ, “ਮੁੱਖ ਮੁੱਦਾ ਜ਼ਮੀਨ ਦਾ ਹੈ। ਇਸ ਤੋਂ ਇਲਾਵਾ ਮਣੀਪੁਰ ਵਿੱਚ ਕਬੀਲਿਆਂ ਨਾਲ ਕੀਤੇ ਜਾ ਰਹੇ ਵਿਤਕਰੇ ਦਾ ਮਾਮਲਾ ਵੀ ਅਹਿਮ ਹੈ।"
"ਸਾਨੂੰ ਲੱਗਦਾ ਹੈ ਕਿ ਸਾਨੂੰ ਪ੍ਰਭਾਵਸ਼ਾਲੀ ਮੈਤੇਈ ਭਾਈਚਾਰੇ ਤੋਂ ਪੂਰੀ ਤਰ੍ਹਾਂ ਵੱਖ ਕਰ ਦੇਣਾ ਚਾਹੀਦਾ ਹੈ ਤਾਂ ਜੋ ਸਾਡਾ ਆਪਣਾ ਵੱਖਰਾ ਪ੍ਰਸ਼ਾਸਨ ਹੋਵੇ।"
ਇਸ ਸਭ ਦੇ ਵਿਚਕਾਰ ਬਸੰਤਾ ਸਿੰਘ ਅਤੇ ਪੀ ਗਿਨਲਾਲ ਵਰਗੇ ਹਜ਼ਾਰਾਂ ਲੋਕ ਸਮਝ ਨਹੀਂ ਪਾ ਰਹੇ ਹਨ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋਇਆ?
ਬਸੰਤਾ ਸਿੰਘ ਕਹਿੰਦੇ ਹਨ, “ਸਾਡਾ ਕੀ ਕਸੂਰ ਸੀ। ਅਸੀਂ ਕਿਸੇ ਦਾ ਕੁਝ ਨਹੀਂ ਵਿਗਾੜਿਆ। ਇਸ ਲੜਾਈ ਨੂੰ ਜਲਦੀ ਤੋਂ ਜਲਦੀ ਖ਼ਤਮ ਕਰੋ। ਸਾਡੇ ਵਰਗੇ ਲੋਕ ਉਨ੍ਹਾਂ ਵੱਲ ਵੀ ਹੋਣਗੇ।"
ਉੱਥੇ ਹੀ ਪੀ ਗਿਨਲਾਲ ਕਹਿੰਦੇ ਹਨ, ''ਦੋਵੇਂ ਪਾਸੇ ਜਿਸ ਦੀ ਵੀ ਗ਼ਲਤੀ ਹੈ ਉਨ੍ਹਾਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।"
ਅਨਿਸ਼ਚਿਤਤਾ ਨਾਲ ਭਰਿਆ ਭਵਿੱਖ ਅਤੇ ਨਿਆਂ … ਸ਼ਾਇਦ ਇਹ ਕੁਝ ਅਜਿਹੇ ਖ਼ਿਆਲ ਹਨ ਜੋ ਇਨ੍ਹਾਂ ਵਰਗੇ ਹਜ਼ਾਰਾਂ ਲੋਕਾਂ ਦੇ ਮਨਾਂ ਵਿੱਚ ਲਗਾਤਾਰ ਉੱਠ ਰਹੇ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)
ਅਮ੍ਰਿਤਸਰ ਵਿੱਚ ਹਰਿਮੰਦਰ ਸਾਹਿਬ ਨੇੜੇ ਇੱਕ ਹੋਰ ਧਮਾਕਾ, 5 ਦਿਨਾਂ ''ਚ ਤੀਜਾ ਧਮਾਕਾ
NEXT STORY