ਹੈਦਰ ਅਲੀ ਨਾਲ ਵੇਲੂ ਨਚਿਆਰ ਦੀ ਮੁਲਾਕਾਤ 18ਵੀਂ ਸਦੀ ਵਿੱਚ ਡਿੰਡੀਗੁਲ (ਡਿੰਡੁਕਲ) ਸ਼ਹਿਰ ਵਿੱਚ ਹੋਈ। ਜਿੰਦਿਆ ਤੇ ਬਿਰਿਆਨੀ ਲਈ ਮਸ਼ਹੂਰ ਤਾਮਿਲਨਾਡੂ ਦਾ ਇਹ ਸ਼ਹਿਰ, ਉਸ ਸਮੇਂ ਦੱਖਣ ਭਾਰਤੀ ਸੂਬੇ ਮੈਸੂਰ ਦਾ ਹਿੱਸਾ ਸੀ।
ਹੈਦਰ ਅਲੀ ਮੈਸੂਰ ਦੇ ਸ਼ਾਸਕ ਸਨ, ਜੋ ਉੱਤਰ ਵਿੱਚ ਕ੍ਰਿਸ਼ਨਾ ਨਦੀ, ਪੂਰਬ ਵਿੱਚ ਪੂਰਬੀ ਘਾਟ ਅਤੇ ਪੱਛਮ ਵਿੱਚ ਅਰਬ ਸਾਗਰ ਤੱਕ ਫ਼ੈਲਿਆ ਹੋਇਆ ਸੀ।
ਇਸ ਸ਼ਾਸ਼ਨ ਦਾ ਜ਼ਿਆਦਾਤਰ ਹਿੱਸਾ ਹੁਣ ਤਾਮਿਲਨਾਡੂ ਅਤੇ ਕੇਰਲਾ ਦੇ ਗੁਆਂਢੀ ਸੂਬੇ ਕਰਨਾਟਕ ਵਿੱਚ ਹੈ।
ਵੇਲੂ ਨਚਿਆਰ, 1773 ਵਿੱਚ ਈਸਟ ਇੰਡੀਆ ਕੰਪਨੀ ਦੇ ਹੱਥੋਂ ਆਪਣੇ ਪਤੀ ਮੁਥੂ ਵਡੁਗਨਾਥ ਪੇਰੀਉਦਯਾ ਥੇਵਰ ਅਤੇ ਉਨ੍ਹਾਂ ਦੀ ਰਿਆਸਤ ਸ਼ਿਵਗੰਗਾ ਨੂੰ ਗੁਆਉਣ ਤੋਂ ਬਾਅਦ, ਆਪਣੀ ਨਾਬਾਲਗ ਧੀ ਵੇਲਾਚੀ ਨਾਲ ਸ਼ਰਨ ਹਾਸਿਲ ਕਰਨ ਅਤੇ ਸਹਾਇਤਾ ਪ੍ਰਾਪਤ ਕਰਨ ਦੀ ਭਾਲ ਕਰ ਰਹੀ ਸੀ।
ਹੈਦਰ ਅਲੀ ਅਤੇ ਵੇਲੂ ਦੀ ਮੁਲਾਕਾਤ ਆਪਸੀ ਸਤਿਕਾਰ ਦੇ ਦੌਰ ਦੀ ਸ਼ੁਰੂਆਤ ਸੀ, ਜਿਸ ਤੋਂ ਬਾਅਦ ਅਗਲੀ ਪੀੜ੍ਹੀ ਵਿੱਚ ਟੀਪੂ ਸੁਲਤਾਨ ਆਇਆ।
ਵੇਲੂ ਨੂੰ ਜਦੋਂ ਹੈਦਰ ਅਲੀ ਤੋਂ ਮਦਦ ਮਿਲੀ ਤਾਂ ਉਨ੍ਹਾਂ ਨੇ ਅਜਿਹਾ ਸਨਮਾਨ ਹਾਸਲ ਕੀਤਾ, ਜੋ ਹਮੇਸ਼ਾ ਲਈ ਯਾਦਗਾਰ ਬਣ ਗਿਆ।
ਇਹ ਸਨਮਾਨ ਕਿਵੇਂ ਸੀ, ਇਸ ਸਵਾਲ ਨੂੰ ਛੱਡ ਕੇ, ਕਿਉਂ ਨਾ ਪਹਿਲਾਂ ਇਹ ਦੇਖਿਆ ਜਾਵੇ ਕਿ ਵੇਲੂ ਨਚਿਆਰ ਕੌਣ ਸੀ ਅਤੇ ਉਹ ਕਿਹੜੀਆਂ ਚੁਣੌਤੀਆਂ ਨਾਲ ਜੂਝ ਰਹੇ ਸਨ।
ਸ਼ੁਬੇਂਦਰ ਦੀ ਕਿਤਾਬ ‘ਵਾਰੀਅਰ ਕੁਈਨ ਆਫ਼ ਸ਼ਿਵਗੰਗਾ’
ਰਾਜਕੁਮਾਰੀ ਤੋਂ ਮਹਾਰਾਣੀ ਬਣਨ ਤੱਕ ਦਾ ਸਫ਼ਰ
ਵੇਲੂ ਦੇ ਮਾਤਾ-ਪਿਤਾ ਰਾਮਨਾਡ ਜਾਂ ਰਾਮਨਾਥਪੁਰਮ ਰਾਜ (ਹੁਣ ਇਹ ਖੇਤਰ ਤਾਮਿਲਨਾਡੂ ਵਿੱਚ ਹੈ) ਦੇ ਸ਼ਾਸਕ ਸਨ।
1730 ਵਿੱਚ ਜੰਮੀ ਆਪਣੀ ਇਕਲੌਤੀ ਔਲਾਦ ਨੂੰ ਉਨ੍ਹਾਂ ਨੇ ਘੋੜ ਸਵਾਰੀ, ਤੀਰਅੰਦਾਜ਼ੀ ਅਤੇ ਮਾਰਸ਼ਲ ਆਰਟਸ ਜਿਵੇਂ ਕਿ ਵਲਾਰੀ (ਦਾਤਰੀ ਸੁੱਟਣਾ) ਅਤੇ ਸਿਲੰਬਮ (ਬਾਂਸ ਦੀਆਂ ਸੋਟੀਆਂ ਨਾਲ ਲੜਨਾ) ਦੀ ਸਿਖਲਾਈ ਦਿੱਤੀ।
ਉਹ ਅੰਗਰੇਜ਼ੀ, ਫ੍ਰੈਂਚ ਅਤੇ ਉਰਦੂ ਸਮੇਤ ਕਈ ਭਾਸ਼ਾਵਾਂ ਵਿੱਚ ਮਾਹਰ ਸੀ। 16 ਸਾਲ ਦੀ ਉਮਰ ਵਿੱਚ ਵੇਲੂ ਦਾ ਵਿਆਹ ਸ਼ਿਵਗੰਗਾ ਦੇ ਰਾਜ ਕੁਮਾਰ ਨਾਲ ਹੋਇਆ ਸੀ।
ਇਸ ਜੋੜੇ ਨੇ 1750 ਤੋਂ 1772 ਤੱਕ ਯਾਨੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼ਿਵਗੰਗਾ ''ਤੇ ਰਾਜ ਕੀਤਾ।
ਵੇਲੂ ਨੇ ਇਸ ਕਿਲ੍ਹੇੇ ’ਤੇ ਕਬਜ਼ਾ ਕੀਤਾ ਸੀ
ਪਤੀ ਦਾ ਕਤਲ ਅਤੇ ਹੈਦਰ ਅਲੀ ਨਾਲ ਮੁਲਾਕਾਤ
ਹਮਲੇ ਦੇ ਸਮੇਂ ਰਾਣੀ ਵੇਲੂ ਅਤੇ ਉਨ੍ਹਾਂ ਦੀ ਧੀ ਨੇੜਲੇ ਮੰਦਰ ਵਿੱਚ ਸਨ, ਇਸ ਲਈ ਬਚ ਗਈਆਂ।
ਥੇਵਰ ਨਾਲ ਲੜਨ ਵਾਲੇ ਵਫ਼ਾਦਾਰ ਮਾਰੂਥੂ (ਮਰੂਧੂ) ਭਰਾਵਾਂ, ਵੇਲਈ ਅਤੇ ਚਿਤਰਾ ਨੇ ਉਨ੍ਹਾਂ ਨੂੰ ਉੱਥੋਂ ਕੱਢਿਆ ਤੇ ਸੁਰੱਖਿਅਤ ਥਾਂ ''ਤੇ ਪਹੁੰਚਾਇਆ ਗਿਆ। ਵੇਲੂ ਨੂੰ ਉਨ੍ਹਾਂ ਦੇ ਪਤੀ ਦੀ ਲਾਸ਼ ਵੀ ਨਾ ਮਿਲ ਸਕੀ।
18ਵੀਂ ਅਤੇ 19ਵੀਂ ਸਦੀ ਦੇ ਫ਼ੌਜੀ ਇਤਿਹਾਸ ਦੇ ਮਾਹਰ ਸ਼ੁਬੇਂਦਰ ਲਿਖਦੇ ਹਨ ਕਿ ਰਾਣੀ ਦੀ ਸੁਰੱਖਿਅਤ ਵਾਪਸੀ ਨੂੰ ਯਕੀਨੀ ਬਣਾਉਣ ਲਈ ਉਨ੍ਹਾਂ ਦੇ ਭਰੋਸੇਮੰਦ ਅੰਗਰੱਖਿਅਕ ਉਦਿਆਲ ਅਤੇ ਹੋਰ ਮਹਿਲਾ ਫ਼ੌਜੀਆਂ ਨੂੰ ਨੂੰ ਪਿੱਛੇ ਛੱਡ ਦਿੱਤਾ ਗਿਆ ਸੀ।
ਨਵਾਬ ਦੇ ਬੰਦਿਆਂ ਨੇ ਉਦਿਆਲ ਨੂੰ ਫੜ ਲਿਆ ਸੀ। ਉਨ੍ਹਾਂ ਉੱਤੇ ਤਸ਼ੱਦਦ ਢਾਹੇ ਜਾਣ ਦੇ ਬਾਵਜੂਦ, ਉਨ੍ਹਾਂ ਨੇ ਰਾਣੀ ਦਾ ਪਤਾ ਨਹੀਂ ਦੱਸਿਆ ਤਾਂ ਉਨ੍ਹਾਂ ਦਾ ਸਿਰ ਕਲਮ ਕਰ ਦਿੱਤਾ ਗਿਆ।
ਜੰਗਲਾਂ ਅਤੇ ਪਿੰਡਾਂ ਵਿੱਚ ਬੇਵੱਸ ਭਟਕਦੇ ਹੋਏ, ਰਾਣੀ ਵੇਲੂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨੂੰ ਸ਼ਿਵਗੰਗਾ ਨੂੰ ਅੰਗਰੇਜ਼ਾਂ ਤੋਂ ਵਾਪਸ ਲੈਣ ਲਈ ਸਾਥ ਦੇਣ ਵਾਲੇ ਤੇ ਮਦਦ ਕਰਨ ਵਾਲੇ ਸਾਥੀਆਂ ਦੀ ਲੋੜ ਹੈ।
ਮਾਰੂਥੂ ਭਰਾਵਾਂ ਨੇ ਵਫ਼ਾਦਾਰਾਂ ਦੀ ਇੱਕ ਫ਼ੌਜ ਬਣਾਉਣੀ ਸ਼ੁਰੂ ਕਰ ਦਿੱਤੀ, ਪਰ ਇਹ ਅੰਗਰੇਜ਼ਾਂ ਦਾ ਮੁਕਾਬਲਾ ਕਰਨ ਲਈ ਕਾਫ਼ੀ ਨਹੀਂ ਸੀ।
ਹੈਦਰ ਅਲੀ ਦਾ ਪੁੱਤ ਟੀਪੂ ਸੁਲਤਾਨ
ਉੱਧਰ ਮੈਸੂਰ ਦੇ ਸੁਲਤਾਨ ਹੈਦਰ ਅਲੀ ਦਾ ਨਾ ਤਾਂ ਅੰਗਰੇਜ਼ਾਂ ਨਾਲ ਚੰਗਾ ਸਬੰਧ ਸੀ ਅਤੇ ਨਾ ਹੀ ਆਰਕਾਟ ਦੇ ਨਵਾਬ ਨਾਲ। ਇਸ ਲਈ ਰਾਣੀ ਵੇਲੂ ਨੇ ਉਨ੍ਹਾਂ ਦੀ ਮਦਦ ਲੈਣ ਦਾ ਫ਼ੈਸਲਾ ਕੀਤਾ ਅਤੇ ਮੈਸੂਰ ਦਾ ਖ਼ਤਰਨਾਕ ਸਫ਼ਰ ਕੀਤਾ।
ਵੇਲੂ ਨਚਿਆਰ ਦੀ ਹੈਦਰ ਅਲੀ ਨਾਲ ਮੁਲਾਕਾਤ ਸ਼ਿਵਗੰਗਾ ਤੋਂ ਤਕਰੀਬਨ 100 ਕਿਲੋਮੀਟਰ ਦੂਰ ਡਿੰਡੀਗੁਲ ਵਿੱਚ ਹੋਈ।
ਉਨ੍ਹਾਂ ਨੇ ਹੈਦਰ ਅਲੀ ਨਾਲ ਉਰਦੂ ਭਾਸ਼ਾ ਵਿੱਚ ਗੱਲ ਕੀਤੀ ਅਤੇ ਆਪਣੀ ਹਿੰਮਤ ਅਤੇ ਦ੍ਰਿੜ ਇਰਾਦੇ ਨਾਲ ਹੈਦਰ ਅਲੀ ਨੂੰ ਬਹੁਤ ਪ੍ਰਭਾਵਿਤ ਕੀਤਾ।
ਹੈਦਰ ਨੇ ਵੇਲੂ ਨੂੰ ਡਿੰਡੀਗੁਲ ਕਿਲ੍ਹੇ ਵਿੱਚ ਰਹਿਣ ਲਈ ਸੱਦਾ ਦਿੱਤਾ, ਜਿੱਥੇ ਉਨ੍ਹਾਂ ਦੀ ਇੱਜ਼ਤ ਰਾਣੀ ਵਾਂਗ ਕੀਤੀ ਜਾਂਦੀ ਸੀ।
ਹੈਦਰ ਅਲੀ ਨੇ ਦੋਸਤੀ ਦੇ ਪ੍ਰਤੀਕ ਵਜੋਂ ਆਪਣੇ ਮਹਿਲ ਦੇ ਅੰਦਰ ਵੇਲੂ ਲਈ ਇੱਕ ਮੰਦਰ ਵੀ ਬਣਵਾਇਆ।
ਵੇਲੂ ਨੇ ਟੀਪੂ ਸੁਲਤਾਨ ਨੂੰ ਇੱਕ ਤਲਵਾਰ ਤੇ ਸ਼ੇਰ ਤੋਹਫ਼ੇ ਵਿੱਚ ਦਿੱਤਾ ਸੀ
ਅੰਗਰੇਜ਼ਾਂ ਉੱਤੇ ਜਿੱਤ
ਇਤਿਹਾਸਕਾਰ ਆਰ ਮਣੀਕੰਦਨ ਮੁਤਾਬਕ ਵੇਲੂ ਨਚਿਆਰ ਦੀ ਹੈਦਰ ਅਲੀ ਨਾਲ ਏਕਤਾ ਆਪਸੀ ਲੋੜ ਤੋਂ ਪੈਦਾ ਹੋਈ ਸੀ।
ਵੇਲੂ ਨੂੰ ਆਪਣਾ ਸ਼ਾਸਨ ਮੁੜ ਹਾਸਲ ਕਰਨ ਲਈ ਫ਼ੌਜੀ ਮਦਦ ਦੀ ਲੋੜ ਸੀ, ਜਦਕਿ ਹੈਦਰ ਅਲੀ ਨੇ ਇਸ ਨੂੰ ਇਲਾਕੇ ਵਿੱਚ ਬ੍ਰਿਟਿਸ਼ ਬਸਤੀਵਾਦੀ ਸ਼ਕਤੀ ਨੂੰ ਚੁਣੌਤੀ ਦੇਣ ਦੇ ਮੌਕੇ ਵਜੋਂ ਦੇਖਿਆ।
ਹੈਦਰ ਅਲੀ ਨੇ ਅੰਗਰੇਜ਼ਾਂ ਵਿਰੁੱਧ ਵੇਲੂ ਦੀ ਲੜਾਈ ਵਿੱਚ ਭਾਈਵਾਲ ਬਣਨ ਦਾ ਸੰਕਲਪ ਲਿਆ।
ਉਨ੍ਹਾਂ ਨੇ ਵੇਲੂ ਨੂੰ 400 ਪਾਉਂਡ ਦੀ ਮਹੀਨਾਵਾਰ ਤਨਖ਼ਾਹ ਅਤੇ ਹਥਿਆਰਾਂ ਦੇ ਨਾਲ-ਨਾਲ ਸਈਅਦ ਕਾਰਕੀ ਦੀ ਅਗਵਾਈ ਵਿੱਚ 5,000 ਪੈਦਲ ਸਿਪਾਹੀਆਂ ਅਤੇ ਘੋੜਸਵਾਰਾਂ ਦੀ ਮਦਦ ਵੀ ਮੁਹੱਈਆ ਕਰਵਾਈ।
ਸ਼ੁਬੇਂਦਰ ਲਿਖਦੇ ਹਨ, "ਇਸ ਫ਼ੌਜ ਨਾਲ ਰਾਣੀ ਵੇਲੂ ਨੇ ਸ਼ਿਵਗੰਗਾ ਦੇ ਵੱਖ-ਵੱਖ ਇਲਾਕਿਆਂ ਨੂੰ ਜਿੱਤਣਾ ਸ਼ੁਰੂ ਕਰ ਦਿੱਤਾ। ਉਹ 1781 ਵਿੱਚ ਤਿਰੂਚਿਰਾਪੱਲੀ ਦੇ ਕਿਲ੍ਹੇ ਤੱਕ ਵੀ ਪਹੁੰਚ ਗਏ ਜੋ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਸੀ।"
"ਹੈਦਰ ਅਲੀ ਦੇ ਕਾਰਨ ਅੰਗਰੇਜ਼ਾਂ ਤੱਕ ਵਧੇਰੇ ਫ਼ੌਜੀ ਸਹਾਇਤਾ ਨਹੀਂ ਪਹੁੰਚ ਸਕਦੀ ਸੀ ਪਰ ਰਾਣੀ ਵੇਲੂ ਕੋਲ ਕਿਲ੍ਹੇ ਵਿੱਚ ਦਾਖ਼ਲ ਹੋਣ ਦੇ ਸਾਧਨ ਨਹੀਂ ਸਨ।"
ਰਾਣੀ ਵੇਲੂ ਨਚਿਆਰ: ਰਾਜਕੁਮਾਰੀ ਤੋਂ ਯੋਧਾ ਤੇ ਉਸ ਤੋਂ ਬਾਅਦ ਮਹਾਰਾਣੀ ਤੱਕ ਦਾ ਸਫ਼ਰ
- ਵੇਲੂ ਦਾ ਜਨਮ 1730 ਵਿੱਚ ਰਾਮਨਾਥਪੁਰਮ ਰਾਜ (ਹੁਣ ਇਹ ਖੇਤਰ ਤਾਮਿਲਨਾਡੂ ਵਿੱਚ ਹੈ) ਦੇ ਸ਼ਾਸਕ ਦੇ ਘਰ ਹੋਇਆ ਸੀ।
- ਆਪਣੀ ਇਕਲੌਤੀ ਔਲਾਦ ਨੂੰ ਮਾਪਿਆਂ ਨੂੰ ਉਨ੍ਹਾਂ ਨੇ ਘੋੜ ਸਵਾਰੀ, ਤੀਰਅੰਦਾਜ਼ੀ ਅਤੇ ਮਾਰਸ਼ਲ ਆਰਟਸ ਜਿਵੇਂ ਕਿ ਵਲਾਰੀ (ਦਾਤਰੀ ਸੁੱਟਣਾ) ਅਤੇ ਸਿਲੰਬਮ (ਬਾਂਸ ਦੀਆਂ ਸੋਟੀਆਂ ਨਾਲ ਲੜਨ) ਦੀ ਸਿਖਲਾਈ ਦਿੱਤੀ।
- ਉਹ ਅੰਗਰੇਜ਼ੀ, ਫ੍ਰੈਂਚ ਅਤੇ ਉਰਦੂ ਸਮੇਤ ਕਈ ਭਾਸ਼ਾਵਾਂ ਵਿੱਚ ਮਾਹਰ ਸੀ।
- 16 ਸਾਲ ਦੀ ਉਮਰ ਵਿੱਚ ਵੇਲੂ ਦਾ ਵਿਆਹ ਸ਼ਿਵਗੰਗਾ ਦੇ ਰਾਜਕੁਮਾਰ ਨਾਲ ਹੋਇਆ ਸੀ।
- ਇਸ ਜੋੜੇ ਨੇ 1750 ਤੋਂ 1772 ਤੱਕ ਯਾਨੀ ਦੋ ਦਹਾਕਿਆਂ ਤੋਂ ਵੱਧ ਸਮੇਂ ਤੱਕ ਸ਼ਿਵਗੰਗਾ ''ਤੇ ਰਾਜ ਕੀਤਾ।
- ਪਤੀ ਦੀ ਮੌਤ ਤੋਂ ਬਾਅਦ ਵੇਲੂ ਨਚਿਆਰ ਨੇ ਹੈਦਰ ਅਲੀ ਤੋ ਅੰਗਰੇਜ਼ਾਂ ਖਿਲਾਫ਼ ਜੰਗ ਲਈ ਫ਼ੌਜੀ ਸਹਾਇਤਾ ਮੰਗੀ
- ਅਗਸਤ 1781 ਵਿੱਚ ਵੇਲੂ ਨਚਿਆਰ ਅਤੇ ਹੈਦਰ ਅਲੀ ਦੀਆਂ ਸਾਂਝੀਆਂ ਫ਼ੌਜਾਂ ਨੇ ਕਿਲ੍ਹੇ ''ਤੇ ਕਬਜ਼ਾ ਕਰ ਲਿਆ।
ਧੀ ਦੀ ਕੁਰਬਾਨੀ ਦੇਣਾ
"ਉਦਿਆਲ ਦੀ ਕੁਰਬਾਨੀ ਦੀ ਯਾਦ ਵਿੱਚ, ਰਾਣੀ ਵੇਲੂ ਨੇ ਉਨ੍ਹਾਂ ਦੇ ਨਾਮ ''ਤੇ ਔਰਤਾਂ ਦੀ ਇੱਕ ਫੌਜ ਬਣਾਈ ਸੀ। ਇਸ ਫੌਜ ਦੀ ਕਮਾਂਡਰ-ਇਨ-ਚੀਫ਼ ਕੋਇਲੀ ਨੇ ਕਿਲ੍ਹੇ ਦੇ ਦਰਵਾਜ਼ੇ ਖੋਲ੍ਹਣ ਦੀ ਯੋਜਨਾ ਪੇਸ਼ ਕੀਤੀ।"
"ਦੁਸ਼ਿਹਰੇ ਦਾ ਤਿਉਹਾਰ ਕੁਝ ਦਿਨ ਦੂਰ ਹੈ। ਨੇੜਲੇ ਪਿੰਡਾਂ ਦੀਆਂ ਸਾਰੀਆਂ ਔਰਤਾਂ ਮੰਦਰ ਜਾਣਗੀਆਂ। ਅਸੀਂ ਉਨ੍ਹਾਂ ਨਾਲ ਰਲ ਕੇ ਅੰਦਰ ਜਾ ਸਕਦੇ ਹਾਂ।”
ਕੋਇਲੀ ਨੇ ਕਿਹਾ,“ਮੈਂ ਆਪਣੀ ਉਦਿਆਲ ਫੌਜ ਦੀਆਂ ਕੁੜੀਆਂ ਦੇ ਇੱਕ ਛੋਟੇ ਜਿਹੇ ਸਮੂਹ ਦੀ ਅਗਵਾਈ ਕਰਾਂਗੀ ਅਤੇ ਮੰਦਰ ਵਿੱਚ ਜਾਵਾਂਗੀ। ਮੈਂ ਹਥਿਆਰਾਂ ਨੂੰ ਲਕੋ ਕੇ ਕਿਲ੍ਹੇ ਵਿੱਚ ਦਾਖ਼ਲ ਹੋਵਾਂਗਾ। ਅਸੀਂ ਤੁਹਾਡੇ ਲਈ ਅੰਦਰੋਂ ਦਰਵਾਜ਼ਾ ਖੋਲ੍ਹਾਂਗੇ, ਮੇਰੀ ਰਾਣੀ।"
ਰਾਣੀ ਵੇਲੂ ਦੇ ਚਿਹਰੇ ''ਤੇ ਮੁਸਕਰਾਹਟ ਫ਼ੈਲ ਗਈ।
"ਤੁਸੀਂ ਹਮੇਸ਼ਾ ਕੋਈ ਨਾ ਕੋਈ ਰਾਹ ਲੱਭਦੇ ਹੋ। ਤੁਸੀਂ ਹਮੇਸ਼ਾ ਉਦਿਆਲ ਦਾ ਨਾਂ ਉੱਚਾ ਕੀਤਾ ਹੈ।"
ਜਦੋਂ ਦੁਸ਼ਹਿਰੇ ਦਾ ਦਿਨ ਆਇਆ ਤਾਂ ਕੋਇਲੀ ਅਤੇ ਉਨ੍ਹਾਂ ਦੇ ਸਾਥੀ ਆਲੇ-ਦੁਆਲੇ ਦੇ ਪਿੰਡਾਂ ਦੀਆਂ ਔਰਤਾਂ ਸਮੇਤ ਮੁੱਖ ਮੰਦਰ ਦੇ ਅੰਦਰ ਜਾ ਕੇ ਇਕੱਠੇ ਹੋਏ।
ਰਸਮਾਂ ਸ਼ੁਰੂ ਹੋਈਆਂ ਅਤੇ ਤੈਅ ਸਮੇਂ ''ਤੇ ਕੋਇਲੀ ਨੇ ਆਵਾਜ਼ ਮਾਰੀ, ‘ਉੱਠੋ ਮੇਰੀਆਂ ਭੈਣੋਂ’!
''ਉਦਿਆਲ'' ਦੀਆਂ ਔਰਤਾਂ ਨੇ ਝੱਟ ਉੱਠ ਕੇ ਆਪਣੀਆਂ ਤਲਵਾਰਾਂ ਕੱਢ ਲਈਆਂ ਅਤੇ ਪਹਿਰੇ ''ਤੇ ਖੜ੍ਹੇ ਅੰਗਰੇਜ਼ ਸਿਪਾਹੀਆਂ ਨੂੰ ਕਾਬੂ ਕਰਦੇ ਹੋਏ ਦਰਵਾਜ਼ੇ ਵੱਲ ਵਧੀਆਂ।
ਦਰਵਾਜ਼ੇ ਨਾਲ ਲਟਕਾਈਆਂ ਮਸ਼ਾਲਾਂ ਨਾਲ ਉਨ੍ਹਾਂ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਅਤੇ ਸਿਪਾਹੀਆਂ ਨੂੰ ਫੜਦਿਆਂ ਅਸਲਾ ਸਟੋਰ ਵਿੱਚ ਦਾਖ਼ਲ ਹੋ ਗਈਆਂ।
ਅਚਾਨਕ ਕਿਲ੍ਹੇ ਵਿੱਚੋਂ ਇੱਕ ਜ਼ਬਰਦਸਤ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਮਿੰਟਾਂ ਵਿੱਚ ਹੀ ਕਿਲ੍ਹੇ ਦੇ ਦਰਵਾਜ਼ੇ ਖੁੱਲ੍ਹ ਗਏ ਅਤੇ ਦੋ ''ਉਦਿਆਲ'' ਔਰਤਾਂ ਘੋੜੇ ''ਤੇ ਸਵਾਰ ਹੋ ਕੇ ਉਸ ਥਾਂ ਪਹੁੰਚ ਗਈਆਂ ਜਿੱਥੇ ਰਾਣੀ ਵੇਲੂ ਦੀ ਫ਼ੌਜ ਛੁਪੀ ਹੋਈ ਸੀ।
ਫ਼ਿਰ ਇੱਕ ਔਰਤ ਨੇ ਵੇਲੂ ਨੂੰ ਦੱਸਿਆ। "ਰਾਣੀ! ਦਰਵਾਜ਼ੇ ਖੁੱਲ੍ਹੇ ਹਨ। ਬ੍ਰਿਟਿਸ਼ ਅਸਲੇ ਦੇ ਭੰਡਾਰਾਂ ਨੂੰ ਉਡਾ ਦਿੱਤਾ ਗਿਆ ਹੈ। ਹਮਲਾ ਕਰਨ ਦਾ ਇਹ ਸਹੀ ਸਮਾਂ ਹੈ।"
"ਰਾਣੀ! ਦਰਵਾਜ਼ੇ ਖੁੱਲ੍ਹੇ ਹਨ। ਬ੍ਰਿਟਿਸ਼ ਅਸਲੇ ਦੇ ਭੰਡਾਰਾਂ ਨੂੰ ਉਡਾ ਦਿੱਤਾ ਗਿਆ ਹੈ। ਹਮਲਾ ਕਰਨ ਦਾ ਇਹ ਸਹੀ ਸਮਾਂ ਹੈ।" ਇੱਕ ਔਰਤ ਨੇ ਵੇਲੂ ਨੂੰ ਦੱਸਿਆ।
"ਅੱਛਾ, ਮੇਰੀ ਧੀ ਕੋਇਲੀ ਕਿੱਥੇ ਹੈ?"
''ਉਦਿਆਲ'' ਔਰਤਾਂ ਨੇ ਅੱਖਾਂ ਨੀਵੀਆਂ ਕਰ ਲਈਆਂ।
"ਸਾਡੀ ਕਮਾਂਡਰ ਨੇ ਅੰਗਰੇਜ਼ਾਂ ਦੇ ਅਸਲੇ ਨੂੰ ਨਸ਼ਟ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।"
"ਸਾਡੇ ਕਮਾਂਡਰ ਨੇ ਅੰਗਰੇਜ਼ਾਂ ਦੇ ਅਸਲੇ ਨੂੰ ਨਸ਼ਟ ਕਰਨ ਲਈ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ।"
ਟੀਪੂ ਸੁਲਤਾਨ ਮੈਸੂਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ''ਤੇ ਇੱਕ ਸ਼ਾਨਦਾਰ ਮਕਬਰੇ ਵਿੱਚ ਆਪਣੇ ਪਿਤਾ ਹੈਦਰ ਅਲੀ ਅਤੇ ਮਾਂ ਫ਼ਾਤਿਮਾ ਦੇ ਨਾਲ ਦਫ਼ਨ ਹਨ।
ਇਹ ਖ਼ਬਰ ਸੁਣ ਕੇ ਰਾਣੀ ਵੇਲੂ ਆਪਣੇ ਘੋੜੇ ''ਤੇ ਬੈਠੀ ਰਹਿ ਗਈ। ਪਰ ਫ਼ਿਰ ਸਈਅਦ ਕਾਰਕੀ ਨੇ ਉਨ੍ਹਾਂ ਨੂੰ ਕਿਹਾ, "ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਵਿਅਰਥ ਨਹੀਂ ਜਾਣ ਦੇ ਸਕਦੇ। ਹੁਣ ਹਮਲਾ ਕਰਨ ਦਾ ਸਮਾਂ ਹੈ। ਅਸੀਂ ਤੁਹਾਡੇ ਹੁਕਮ ਦੀ ਉਡੀਕ ਕਰ ਰਹੇ ਹਾਂ।"
ਰਾਣੀ ਵੇਲੂ ਨੇ ਹਿੰਮਤ ਕੀਤੀ ਅਤੇ ਹਮਲਾ ਕਰਨ ਦਾ ਹੁਕਮ ਦਿੱਤਾ।
ਕਿਲ੍ਹੇ ਦੇ ਅੰਦਰ, ਕਰਨਲ ਵਿਲੀਅਮਜ਼ ਫ਼ਲੈਰਟਨ ਦੀ ਅਗਵਾਈ ਹੇਠ ਬ੍ਰਿਟਿਸ਼ ਫ਼ੌਜ ਕੋਲ ਰਸਦ ਅਤੇ ਗੋਲਾ-ਬਾਰੂਦ ਦੀ ਘਾਟ ਸੀ।
ਲੇਖਕ ਸੁਰੇਸ਼ ਕੁਮਾਰ ਲਿਖਦੇ ਹਨ ਕਿ ਅਗਸਤ 1781 ਵਿੱਚ ਵੇਲੂ ਨਚਿਆਰ ਅਤੇ ਹੈਦਰ ਅਲੀ ਦੀਆਂ ਸਾਂਝੀਆਂ ਫ਼ੌਜਾਂ ਨੇ ਆਖ਼ਰਕਾਰ ਕਿਲ੍ਹੇ ਦੀ ਸੁਰੱਖਿਆ ਨੂੰ ਖ਼ਤਮ ਕਰ ਦਿੱਤਾ ਅਤੇ ਇਸ ''ਤੇ ਕਬਜ਼ਾ ਕਰ ਲਿਆ।
ਇਸ ਤਰ੍ਹਾਂ, ਆਜ਼ਾਦੀ ਦੀ ਪਹਿਲੀ ਲੜਾਈ ਤੋਂ 77 ਸਾਲ ਪਹਿਲਾਂ, ਵੇਲੂ ਨਚਿਆਰ ਬ੍ਰਿਟਿਸ਼ ਬਸਤੀਵਾਦੀ ਸ਼ਕਤੀ ਦੇ ਵਿਰੁੱਧ ਜੰਗ ਜਿੱਤਣ ਵਾਲੀ ਪਹਿਲੀ ਭਾਰਤੀ ਰਾਣੀ ਬਣ ਗਈ।
ਉਨ੍ਹਾਂ ਨੇ ਆਪਣੀ ਧੀ ਵੇਲਾਚੀ ਨੂੰ ਰਾਜ ਸੌਂਪਣ ਤੋਂ ਪਹਿਲਾਂ ਅਗਲੇ 10 ਸਾਲਾਂ ਲਈ ਸ਼ਿਵਗੰਗਾ ''ਤੇ ਰਾਜ ਕੀਤਾ।
ਇਤਿਹਾਸਕਾਰ ਆਰ ਮਣੀਕੰਦਨ ਦਾ ਕਹਿਣਾ ਹੈ ਕਿ ਵੇਲੂ ਨਚਿਆਰ ਇੱਕ ਸਮਰੱਥ ਫ਼ੌਜੀ ਆਗੂ ਸੀ ਜੋ ਆਪਣੇ ਦੁਸ਼ਮਣਾਂ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕਣ ਵਿੱਚ ਮਾਹਰ ਸਨ।
ਇਲਾਕੇ ਵਿੱਚ ਬਰਤਾਨਵੀ ਬਸਤੀਵਾਦ ਤਾਕਤ ਨੂੰ ਚੁਣੌਤੀ ਦੇਣ ਲਈ ਹੈਦਰ ਅਲੀ ਅਤੇ ਟੀਪੂ ਸੁਲਤਾਨ ਨਾਲ ਉਨ੍ਹਾਂ ਦੀ ਇਕਮੁੱਠਤਾ ਉਨ੍ਹਾਂ ਦੀ ਰਣਨੀਤੀ ਦੀ ਇੱਕ ਉਦਾਹਰਣ ਹੈ।
ਇੱਕ ਭਿਆਨਕ ਯੋਧੇ ਵਜੋਂ ਉਨ੍ਹਾਂ ਦੀ ਪ੍ਰਸਿੱਧੀ ਦੇ ਬਾਵਜੂਦ, ਵੇਲੂ ਨਚਿਆਰ ਨੂੰ ਉਨ੍ਹਾਂ ਦੀ ਪ੍ਰਜਾ ਲਈ ਹਮਦਰਦੀ ਰੱਖਦੇ ਸਨ। ਇਤਿਹਾਸਕਾਰ ਵੀ. ਪਦਮਾਵਤੀ ਮੁਤਾਬਕ, ਉਹ ਇੱਕ ਨਿਆਂ ਪਸੰਦ ਅਤੇ ਹਮਦਰਦ ਸ਼ਾਸਕ ਸੀ ਜੋ ਆਪਣੇ ਲੋਕਾਂ ਨੂੰ ਪਿਆਰ ਕਰਦੀ ਸੀ।
ਵੇਲੂ ਦੀ ਹਮਦਰਦੀ ਦੀ ਮਿਸਾਲ ਉਨ੍ਹਾਂ ਦਲਿਤਾਂ ਨੂੰ ਪਨਾਹ ਦੇਣ ਦੇ ਉਨ੍ਹਾਂ ਦੇ ਫ਼ੈਸਲੇ ਤੋਂ ਮਿਲਦੀ ਹੈ, ਜਿਨ੍ਹਾਂ ਨੂੰ ਹਾਕਮ ਜਮਾਤ ਦੇ ਲੋਕਾਂ ਨੇ ਸਤਾਇਆ ਹੋਇਆ ਸੀ।
ਆਰ ਮਨਿਕੰਦਨ ਮੁਤਾਬਕ, "ਉਹ ਇੱਕ ਸੁਭਾਵਿਕ ਨਾਇਕ ਸੀ।"
ਵੋਲੂ ਦੀ ਸਮਾਰਕ
ਜੰਗ ਤੋਂ ਬਾਅਦ ਕੀ ਹੋਇਆ
ਵੇਲੂ ਨਚਿਆਰ ਨੇ ਜਿੱਤ ਤੋਂ ਬਾਅਦ ਇੱਕ ਦਹਾਕੇ ਤੱਕ ਸ਼ਾਸਨ ਕੀਤਾ। ਔਖੇ ਸਮੇਂ ਦੇ ਸਾਥੀਆਂ ਨੂੰ ਸੂਬੇ ਵਿੱਚ ਪ੍ਰਮੁੱਖ ਅਹੁਦੇ ਦਿੱਤੇ।
ਵੇਲੂ ਨਚਿਆਰ ਨੇ ਹੈਦਰ ਅਲੀ ਦੇ ਸਨਮਾਨ ਵਿੱਚ ਉਨ੍ਹਾਂ ਦੀ ਅਸੀਮਿਤ ਮਦਦ ਲਈ ਉਨ੍ਹਾਂ ਦੇ ਸਨਮਾਨ ਵਿੱਚ ਸਰਗਨੀ ਵਿੱਚ ਇੱਕ ਮਸਜਿਦ ਬਣਵਾਈ।
ਜੇਐੱਚ ਰਾਈਸ ਨੇ ‘ਦਿ ਮੈਸੂਰ ਸਟੇਟ ਗਜ਼ੇਟੀਅਰ’ ਵਿੱਚ ਲਿਖਿਆ ਹੈ ਕਿ ਵੇਲੂ ਨਚਿਆਰ ਨੇ ਅੰਗਰੇਜ਼ਾਂ ਵਿਰੁੱਧ ਮੈਸੂਰ ਦੀ ਦੂਜੀ ਜੰਗ ਵਿੱਚ ਹੈਦਰ ਅਲੀ ਦਾ ਸਾਥ ਦਿੱਤਾ ਅਤੇ ਉਨ੍ਹਾਂ ਦੀ ਮਦਦ ਲਈ ਆਪਣੀ ਫ਼ੌਜ ਭੇਜੀ।
ਹੈਦਰ ਅਲੀ ਦੀ ਮੌਤ ਤੋਂ ਬਾਅਦ, ਵੇਲੂ ਨੇ ਆਪਣੇ ਪੁੱਤਰ ਟੀਪੂ ਸੁਲਤਾਨ ਨਾਲ ਵੀ ਦੋਸਤਾਨਾ ਸਬੰਧ ਬਣਾਈ ਰੱਖੇ ਅਤੇ ਉਨ੍ਹਾਂ ਨੂੰ ਭਰਾ ਵਾਂਗ ਪਿਆਰ ਕੀਤਾ।
ਵੇਲੂ ਨੇ ਟੀਪੂ ਸੁਲਤਾਨ ਨੂੰ ਤੋਹਫ਼ੇ ਵਜੋਂ ਇੱਕ ਸ਼ੇਰ ਵੀ ਭੇਜਿਆ ਸੀ।
ਮੁਹਿਬਬੁਲ ਹਸਨ ਨੇ ਹੈਦਰ ਅਲੀ ਅਤੇ ਟੀਪੂ ਸੁਲਤਾਨ ਬਾਰੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਟੀਪੂ ਸੁਲਤਾਨ ਨੇ ਫ਼ੌਜ ਨੂੰ ਮਜ਼ਬੂਤ ਕਰਨ ਲਈ ਵੇਲੂ ਨਚਿਆਰ ਨੂੰ ਹਥਿਆਰ ਅਤੇ ਗੋਲਾ ਬਾਰੂਦ ਵੀ ਦਿੱਤਾ ਸੀ।
2008 ਵਿੱਚ, ਭਾਰਤ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ।
ਟੀਪੂ ਸੁਲਤਾਨ ਨੇ ਵੇਲੂ ਨਚਿਆਰ ਨੂੰ ਇੱਕ ਤਲਵਾਰ ਵੀ ਭੇਜੀ ਸੀ, ਜਿਸਦੀ ਵਰਤੋਂ ਉਨ੍ਹਾਂ ਨੇ ਆਪਣੀਆਂ ਕਈ ਲੜਾਈਆਂ ਵਿੱਚ ਕੀਤੀ ਸੀ।
ਵੇਲੂ ਨਚਿਆਰ ਦੀ ਧੀ ਵੇਲਾਚੀ ਨੇ 1790 ਤੋਂ 1793 ਤੱਕ ਰਾਜ ਕੀਤਾ। ਵੇਲੂ ਨਚਿਆਰ ਦੀ ਮੌਤ 1796 ਵਿੱਚ ਸ਼ਿਵਗੰਗਾ ਵਿੱਚ ਹੋਈ।
ਹਮਸਾਧਵਾਨੀ ਅਲਾਗਰਸਾਮੀ ਲਿਖਦੇ ਹਨ ਕਿ ਵੇਲੂ ਨੂੰ ਤਾਮਿਲ ਸੱਭਿਆਚਾਰ ਵਿੱਚ ਵੀਰਾ ਮੰਗਾਈ (ਵੀਰ ਮੰਗਲਈ) ਭਾਵ ਬਹਾਦਰ ਔਰਤ ਵਜੋਂ ਜਾਣਿਆ ਜਾਂਦਾ ਹੈ।
2008 ਵਿੱਚ, ਭਾਰਤ ਵਿੱਚ ਉਨ੍ਹਾਂ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਗਈ ਸੀ।
ਤਾਮਿਲਨਾਡੂ ਦੀ ਤਤਕਾਲੀ ਮੁੱਖ ਮੰਤਰੀ ਜੈਲਲਿਤਾ ਨੇ 2014 ਵਿੱਚ ਸ਼ਿਵਗੰਗਾ ਵਿੱਚ ਵੀਰਾ ਮਾਂਗਈ ਵੇਲੂ ਨਚਿਯਾਰ ਮੈਮੋਰੀਅਲ ਦਾ ਉਦਘਾਟਨ ਕੀਤਾ ਸੀ। ਰਾਣੀ ਦੀ 6 ਫੁੱਟ ਕਾਂਸੀ ਦੀ ਮੂਰਤੀ ਵੀ ਸਥਾਪਿਤ ਕੀਤੀ ਗਈ ਸੀ।
ਇਹ ਜੈਲਲਿਤਾ ਦੇ ਸਮੇਂ ਦੌਰਾਨ ਸੀ ਜਦੋਂ ਹੈਦਰ ਅਲੀ ਅਤੇ ਟੀਪੂ ਸੁਲਤਾਨ ਦੀ ਬਹਾਦਰੀ ਦੇ ਸਨਮਾਨ ਵਿੱਚ ਇੱਕ ਮਿੰਨੀ ਸਮਾਰਕ ਦਾ ਨਿਰਮਾਣ ਸ਼ੁਰੂ ਹੋਇਆ ਸੀ।
ਇਹ ਸਮਾਰਕ ਪਿਛਲੇ 5 ਸਾਲਾਂ ਤੋਂ ਡਿੰਡੀਗੁਲ ਵਿੱਚ ਸੈਲਾਨੀਆਂ ਦਾ ਆਕਰਸ਼ਣ ਰਹੀ ਹੈ। ਇਹ ਉਹੀ ਡਿੰਡੀਗੁਲ ਹੈ ਜਿੱਥੇ ਹੈਦਰ ਅਲੀ ਅਤੇ ਵੇਲੂ ਨਚਿਆਰ ਦੀ ਪਹਿਲੀ ਮੁਲਾਕਾਤ ਹੋਈ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਹਿੰਦੂ ਆਗੂ ਨੂੰ ਟਰੋਲਿੰਗ ਕਾਰਨ ਕਾਰਡ ਵੰਡਣ ਤੋਂ ਬਾਅਦ ਧੀ ਦਾ ਵਿਆਹ ਹੀ ਰੱਦ ਕਰਨਾ ਪਿਆ, ਇਹ ਹੈ ਕਾਰਨ
NEXT STORY