ਇਹ ਤਸਵੀਰ ਉਦੋਂ ਲਈ ਗਈ ਸੀ ਜਦੋਂ ਭਗਤ ਸਿੰਘ ਨੂੰ ਪਹਿਲੀ ਵਾਰ ਜੇਲ੍ਹ ਭੇਜਿਆ ਗਿਆ ਸੀ
ਭਗਤ ਸਿੰਘ ਦੀ ਫਾਂਸੀ ਦਾ ਸਮਾਂ ਕੁਝ ਅਸਧਾਰਨ ਸੀ। ਤੜਕਸਾਰ ਦਾ ਸਮਾਂ ਨਾ ਹੋ ਕੇ, 23 ਮਾਰਚ ਦੀ ਸ਼ਾਮ ਸਾਢੇ ਸੱਤ ਵਜੇ, ਸੂਰਜ ਡੁੱਬ ਚੁੱਕਿਆ ਸੀ।
ਲਾਹੌਰ ਜੇਲ੍ਹ ਦੇ ਚੀਫ਼ ਸੁਪਰਿਟੇਂਡੇਂਟ ਮੇਜਰ ਪੀਡੀ ਚੋਪੜਾ ਇੱਕ 23 ਸਾਲ ਦੇ ਨੌਜਵਾਨ ਅਤੇ ਉਸ ਦੇ ਦੋ ਸਾਥੀਆਂ ਨਾਲ ਤੁਰਦੇ ਹੋਏ ਫਾਂਸੀ ਦੇ ਤਖ਼ਤੇ ਵੱਲ ਵੱਧ ਰਹੇ ਸਨ।
ਇਹ ਸਾਰਾ ਨਜ਼ਾਰਾ ਦੇਖ ਰਹੇ ਡਿਪਟੀ ਜੇਲ ਸੁਪਰਿਟੇਂਡੇਂਟ ਮੁਹੰਮਦ ਅਕਬਰ ਖ਼ਾਨ ਬੜੀ ਮੁਸ਼ਕਲ ਨਾਲ ਆਪਣੇ ਹੰਝੂ ਰੋਕਣ ਦੀ ਕੋਸ਼ਿਸ਼ ਕਰ ਰਹੇ ਸਨ।
ਫਾਂਸੀ ਦੇ ਫੰਦੇ ਵੱਲ ਵੱਧ ਰਿਹਾ ਉਹ ਸ਼ਖ਼ਸ ਉਸ ਸਮੇਂ ਸ਼ਾਇਦ ਭਾਰਤ ਦਾ ਸਭ ਤੋਂ ਮਸ਼ਹੂਰ ਸ਼ਖ਼ਸ ਬਣ ਚੁੱਕਿਆ ਸੀ।
ਭਗਤ ਸਿੰਘ ਦੇ ਨਾਲ-ਨਾਲ ਉਨ੍ਹਾਂ ਦੇ ਦੋ ਹੋਰ ਸਾਥੀ ਸੁਖਦੇਵ ਅਤੇ ਰਾਜਗੁਰੂ ਵੀ ਤੁਰ ਰਹੇ ਸਨ।
ਉਨ੍ਹਾਂ ਤਿੰਨਾਂ ਨੇ ਅੰਗਰੇਜ਼ ਸਰਕਾਰ ਨੂੰ ਗੁਜ਼ਾਰਿਸ਼ ਕੀਤੀ ਸੀ ਕਿ ਰਾਜਨੈਤਿਕ ਕੈਦੀਆਂ ਦੇ ਉਨ੍ਹਾਂ ਦੇ ਦਰਜੇ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਸਾਧਾਰਨ ਅਪਰਾਧੀਆਂ ਵਾਂਗ ਫਾਂਸੀ ਉੱਤੇ ਨਾ ਚੜ੍ਹਾ ਕੇ ਗੋਲੀਆਂ ਨਾਲ ਮਾਰਿਆ ਜਾਵੇ।
ਪਰ ਅੰਗਰੇਜ਼ ਸਰਕਾਰ ਨੇ ਉਨ੍ਹਾਂ ਦੀ ਇਸ ਗੁਜ਼ਾਰਿਸ਼ ਨੂੰ ਠੁਕਰਾ ਦਿੱਤਾ ਸੀ। ਭਗਤ ਸਿੰਘ ਉਨ੍ਹਾਂ ਤਿੰਨਾਂ ਦੇ ਵਿੱਚੋ-ਵਿੱਚ ਤੁਰ ਰਹੇ ਸੀ। ਸੁਖਦੇਵ ਉਨ੍ਹਾਂ ਦੇ ਖੱਬੇ ਪਾਸੇ ਅਤੇ ਰਾਜਗੁਰੂ ਸੱਜੇ ਪਾਸੇ ਸਨ।
ਚਲਦੇ ਸਮੇਂ ਭਗਤ ਸਿੰਘ ਗੀਤ ਗਾ ਰਹੇ ਸੀ, ‘ਦਿਲ ਸੇ ਨਾ ਨਿਕਲੇਗੀ ਮਰਕਰ ਭੀ ਵਤਨ ਕੀ ਉਲਫ਼ਤ, ਮੇਰੀ ਮਿੱਟੀ ਸੇ ਭੀ ਖ਼ੁਸ਼ਬੂ-ਏ-ਵਤਨ ਆਏਗੀ।’
ਉਨ੍ਹਾਂ ਦੇ ਦੋਵੇਂ ਸਾਥੀ ਉਨ੍ਹਾਂ ਦੇ ਸੁਰ ਵਿੱਚ ਸੁਰ ਮਿਲਾ ਰਹੇ ਸੀ।
ਭਗਤ ਸਿੰਘ ਨੂੰ 23 ਮਾਰਚ ਨੂੰ ਫਾਂਸੀ ਹੋਈ ਸੀ
ਤਿੰਨਾਂ ਨੇ ਫਾਂਸੀ ਦੇ ਫੰਦੇ ਨੂੰ ਚੁੰਮਿਆ
ਭਗਤ ਸਿੰਘ ਨੇ ਫਾਂਸੀ ਤੋਂ ਪਹਿਲਾਂ ਫੰਦੇ ਨੂੰ ਚੁੰਮਿਆ। ਸਤਵਿੰਦਰ ਜਸ ਆਪਣੀ ਕਿਤਾਬ ‘ਦਿ ਐਕਸੇਕਿਊਸ਼ਨ ਆਫ਼ ਭਗਤ ਸਿੰਘ’ ਵਿੱਚ ਲਿਖਦੇ ਹਨ, “ਇਸ ਪਲ ਨੂੰ ਮਹਿਸੂਸ ਕਰਨ ਲਈ ਭਗਤ ਸਿੰਘ ਨੇ ਨਾ ਸਿਰਫ਼ ਆਪਣੀ ਜ਼ਿੰਦਗੀ ਦੇਸ਼ ਲਈ ਵਾਰ ਦਿੱਤੀ ਸਗੋਂ ਉਨ੍ਹਾਂ ਨੇ ਇਸ ਪਲ ਦਾ ਬਕਾਇਦਾ ਇੰਤਜ਼ਾਰ ਕੀਤਾ ਸੀ।"
"ਇਸ ਦੀ ਯੋਜਨਾ ਬਣਾਈ ਸੀ। ਫਾਂਸੀ ਦੇ ਫੰਦੇ ਨੂੰ ਉਨ੍ਹਾਂ ਨੇ ਖ਼ੁਦ ਆਪਣੇ ਗਲੇ ਵਿੱਚ ਪਹਿਨਿਆ ਸੀ। ਭਗਤ ਸਿੰਘ ਤੋਂ ਬਾਅਦ ਰਾਜਗੁਰੂ ਅਤੇ ਸੁਖਦੇਵ ਦੇ ਗਲੇ ਵਿੱਚ ਵੀ ਫਾਂਸੀ ਦੇ ਫੰਦੇ ਪਹਿਨਾ ਦਿੱਤੇ ਗਏ ਸਨ।”
ਉਨ੍ਹਾਂ ਨੇ ਵੀ ਪਹਿਨਾਏ ਜਾਣ ਤੋਂ ਪਹਿਲਾਂ ਫੰਦੇ ਨੂੰ ਚੁੰਮਿਆ ਸੀ। ਉਨ੍ਹਾਂ ਦੇ ਹੱਥ ਅਤੇ ਪੈਰ ਬੰਨ੍ਹ ਦਿੱਤੇ ਗਏ ਸਨ।
ਕੁਲਦੀਪ ਨਈਅਰ ਆਪਣੀ ਕਿਤਾਬ ‘ਵਿਦਾਉਟ ਫ਼ੀਅਰ, ਦਿ ਲਾਈਫ਼ ਐਂਡ ਟ੍ਰਾਇਲ ਆਫ਼ ਭਗਤ ਸਿੰਘ’ ਵਿੱਚ ਲਿਖਦੇ ਹਨ, “ਜੱਲਾਦ ਨੇ ਪੁੱਛਿਆ ਸੀ ਕੌਣ ਪਹਿਲਾਂ ਜਾਵੇਗਾ?"
"ਸੁਖਦੇਵ ਨੇ ਜਵਾਬ ਦਿੱਤਾ ਸੀ, ਮੈਂ ਸਭ ਤੋਂ ਪਹਿਲਾਂ ਜਾਵਾਂਗਾ ਜੱਲਾਦ ਨੇ ਇੱਕ ਤੋਂ ਬਾਅਦ ਇੱਕ ਤਿੰਨ ਵਾਰ ਫਾਂਸੀ ਦਾ ਫੰਦਾ ਖਿੱਚਿਆ ਸੀ। ਤਿੰਨਾਂ ਦੇ ਸ਼ਰੀਰ ਬਹੁਤ ਦੇਰ ਤੱਕ ਫਾਂਸੀ ਦੇ ਤਖ਼ਤੇ ਨਾਲ ਲਟਕਦੇ ਰਹੇ ਸਨ।”
"ਇਸ ਤੋਂ ਬਾਅਦ ਉੱਥੇ ਮੌਜੂਦ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ ਸੀ। ਉੱਥੇ ਮੌਜੂਦ ਇੱਕ ਜੇਲ੍ਹ ਅਫ਼ਸਰ ਇਨ੍ਹਾਂ ਨੌਜਵਾਨ ਕ੍ਰਾਂਤੀਕਾਰੀਆਂ ਦੀ ਹਿੰਮਤ ਨਾਲ ਐਨਾ ਪ੍ਰਭਾਵਿਤ ਹੋਇਆ ਸੀ ਕਿ ਉਸ ਨੇ ਉਨ੍ਹਾਂ ਦੇ ਮ੍ਰਿਤ ਸ਼ਰੀਰ ਨੂੰ ਪਛਾਨਣ ਤੋਂ ਇਨਕਾਰ ਕਰ ਦਿੱਤਾ ਸੀ। ਉਸ ਨੂੰ ਤੁਰੰਤ ਸਸਪੈਂਡ ਕਰ ਦਿੱਤਾ ਗਿਆ ਸੀ।”
ਪਹਿਲਾਂ ਯੋਜਨਾ ਸੀ ਕਿ ਇਨ੍ਹਾਂ ਤਿੰਨਾਂ ਦਾ ਅੰਤਿਮ ਸਸਕਾਰ ਜੇਲ੍ਹ ਵਿੱਚ ਹੀ ਕੀਤਾ ਜਾਵੇਗਾ, ਪਰ ਫ਼ਿਰ ਸੋਚਿਆ ਗਿਆ ਕਿ ਉੱਠਦੇ ਹੋਏ ਧੂੰਏ ਨੂੰ ਦੇਖ ਕੇ ਬਾਹਰ ਖੜ੍ਹੀ ਭੀੜ ਗੁੱਸੇ ਵਿੱਚ ਆ ਜਾਵੇਗੀ।
ਇਸ ਲਈ ਤੈਅ ਕੀਤਾ ਗਿਆ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਸਤਲੁਜ ਦੇ ਕੰਢੇ ਉੱਤੇ ਕਸੂਰ ਵਿੱਚ ਕੀਤਾ ਜਾਵੇਗਾ।
ਰਾਤੋ-ਰਾਤ ਜੇਲ੍ਹ ਦੇ ਪਿੱਛੇ ਦੀ ਕੰਧ ਤੋੜੀ ਗਈ। ਉੱਥੋਂ ਇੱਕ ਟਰੱਕ ਨੂੰ ਅੰਦਰ ਲਿਆਂਦਾ ਗਿਆ ਤੇ ਇਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਘੜੀਸਦੇ ਹੋਏ ਟਰੱਕ ਵਿੱਚ ਸੁੱਟ ਦਿੱਤਾ ਗਿਆ।
ਮਨਮਥਨਾਥ ਗੁਪਤ ਆਪਣੀ ਕਿਤਾਬ ‘ਹਿਸਟਰੀ ਆਫ਼ ਇੰਡੀਅਨ ਰਿਵਾਲਿਯੂਸ਼ਨਰੀ ਮੂਵਮੇਂਟ’ ਵਿੱਚ ਲਿਖਦੇ ਹਨ, "ਸਤਲੁਜ ਨਦੀ ਦੇ ਕੰਢੇ ਉੱਤੇ ਦੋ ਪੁਜਾਰੀ ਉਨ੍ਹਾਂ ਦੀਆਂ ਲਾਸ਼ਾਂ ਦਾ ਇੰਤਜ਼ਾਰ ਕਰ ਰਹੇ ਸਨ।"
"ਉਨ੍ਹਾਂ ਤਿੰਨਾਂ ਦੀਆਂ ਲਾਸ਼ਾਂ ਨੂੰ ਚਿਖਾ ਉੱਤੇ ਰੱਖ ਕੇ ਅੱਗ ਲਗਾ ਦਿੱਤੀ ਗਈ, ਜਿਵੇਂ ਹੀ ਤੜਕੇ ਚਾਨਣ ਹੋਣ ਲੱਗਿਆ ਤਾਂ ਚਿਖਾ ਦੀ ਅੱਗ ਨੂੰ ਬੁਝਾ ਕੇ ਅੱਧੀਆਂ ਸੜੀਆਂ ਲਾਸ਼ਾਂ ਨੂੰ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ ਗਿਆ।"
"ਬਾਅਦ ਵਿੱਚ ਇਸ ਥਾਂ ਦੀ ਸ਼ਨਾਖ਼ਤ ਚੌਂਕੀ ਨੰਬਰ 201 ਦੇ ਰੂਪ ਵਿੱਚ ਹੋਈ। ਜਿਵੇਂ ਹੀ ਪੁਲਿਸ ਅਤੇ ਪੁਜਾਰੀ ਉੱਥੋਂ ਹਟੇ, ਪਿੰਡ ਵਾਲੇ ਪਾਣੀ ਦੇ ਅੰਦਰ ਗਏ। ਉਨ੍ਹਾਂ ਨੇ ਅੱਧੀਆਂ ਸੜੀਆਂ ਲਾਸ਼ਾਂ ਦੇ ਟੋਟਿਆਂ ਨੂੰ ਪਾਣੀ ਤੋਂ ਕੱਢਿਆ ਅਤੇ ਫ਼ਿਰ ਢੰਗ ਨਾਲ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ।”
ਮਹਾਤਮਾ ਗਾਂਧੀ ਖ਼ਿਲਾਫ਼ ਵਿਰੋਧ ਪ੍ਰਦਰਸ਼ਨ
ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ, ਪਰ ਉਨ੍ਹਾਂ ਨੂੰ ਨਿਰਧਾਰਿਤ ਸਮੇਂ ਤੋਂ 11 ਘੰਟੇ ਪਹਿਲਾਂ ਫਾਂਸੀ ਉੱਤੇ ਲਟਕਾ ਦਿੱਤਾ ਗਿਆ। ਜਿਵੇਂ ਹੀ ਇਹ ਖ਼ਬਰ ਫ਼ੈਲੀ ਭਾਰਤ ਦੇ ਲੋਕਾਂ ਵਿੱਚ ਗੁੱਸਾ ਅਤੇ ਸਦਮਾ ਛਾ ਗਿਆ।
ਨਿਊ ਯਾਰਕ ਵਿੱਚ ‘ਡੇਲੀ ਵਰਕਰ’ ਅਖ਼ਬਾਰ ਨੇ ਇਸ ਫਾਂਸੀ ਨੂੰ ਬ੍ਰਿਟਿਸ਼ ਲੇਬਰ ਸਰਕਾਰ ਦਾ ਸਭ ਤੋਂ ਖੂਨੀ ਕੰਮ ਕਿਹਾ। ਮਹਾਤਮਾ ਗਾਂਧੀ ਉਨ੍ਹਾਂ ਦਿਨਾਂ ਵਿੱਚ ਕਰਾਚੀ ਯਾਤਰਾ ਉੱਤੇ ਸਨ, ਉਨ੍ਹਾਂ ਨੂੰ ਇਨ੍ਹਾਂ ਫਾਂਸੀਆਂ ਲਈ ਜ਼ਿੰਮੇਵਾਰ ਠਹਿਰਾਇਆ ਗਿਆ।
ਸਤਵਿੰਦਰ ਸਿੰਘ ਜਸ ਲਿਖਦੇ ਹਨ, “ਜਿਵੇਂ ਹੀ ਗਾਂਧੀ ਜੀ ਦੀ ਟ੍ਰੇਨ ਕਰਾਚੀ ਸਟੇਸ਼ਨ ਉੱਤੇ ਪਹੁੰਚੀ, ਮੁਜ਼ਾਹਰਾਕਾਰੀਆਂ ਨੇ ਉਨ੍ਹਾਂ ਦੇ ਹੱਥ ਵਿੱਚ ਵਿਰੋਧ ਜਤਾਉਣ ਲਈ ਕਾਲੇ ਫੁੱਲ ਫੜਾ ਦਿੱਤੇ।"
"ਉਨ੍ਹਾਂ ਉੱਤੇ ਇਲਜ਼ਾਮ ਲੱਗੇ ਕਿ ਉਨ੍ਹਾਂ ਨੇ ਭਾਰਤ ਦੇ ਭਵਿੱਖ ਬਾਰੇ ਹੋਣ ਵਾਲੀ ਗੱਲਬਾਤ ਵਿੱਚ ਲਾਰਡ ਇਰਵਿਨ ਦੇ ਸਾਹਮਣੇ ਭਗਤ ਸਿੰਘ ਨੂੰ ਫਾਂਸੀ ਨਾ ਦਿੱਤੇ ਜਾਣ ਦੀ ਸ਼ਰਤ ਨਹੀਂ ਰੱਖੀ।”
ਜਵਾਹਰ ਲਾਲ ਨਹਿਰੂ ਨੇ ਜ਼ਰੂਰ ਇਨ੍ਹਾਂ ਫਾਂਸੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।
ਸ਼੍ਰੀਰਾਮ ਬਖ਼ਸ਼ੀ ਆਪਣੀ ਕਿਤਾਬ ‘ਰਿਵਾਲਿਯੂਸ਼ਨਰੀਜ਼ ਐਂਡ ਦਿ ਬ੍ਰਿਟਿਸ਼ ਰਾਜ’ ਵਿੱਚ ਲਿਖਦੇ ਹਨ, “ਮੈਂ ਭਗਤ ਸਿੰਘ ਵਰਗੇ ਸ਼ਖ਼ਸ ਦੀ ਹਿੰਮਤ ਅਤੇ ਆਤਮ-ਬਲਿਦਾਨ ਦੀ ਕਦਰ ਕਰਦਾ ਹਾਂ। ਭਗਤ ਸਿੰਘ ਵਰਗੀ ਹਿੰਮਤ ਬਹੁਤ ਦੁਰਲਭ ਹੈ।"
"ਜੇ ਵਾਇਸਰਾਏ ਨੂੰ ਸਾਡੇ ਤੋਂ ਇਹ ਉਮੀਦ ਹੈ ਕਿ ਅਸੀਂ ਹਿੰਮਤ ਦੀ ਤਾਰੀਫ਼ ਨਹੀਂ ਕਰਾਂਗੇ ਤਾਂ ਉਨ੍ਹਾਂ ਨੂੰ ਬਹੁਤ ਵੱਡੀ ਗ਼ਲਤਫਹਿਮੀ ਹੈ। ਉਨ੍ਹਾਂ ਨੂੰ ਆਪਣੇ ਦਿਲ ਤੋਂ ਪੁੱਛਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਕੀ ਕੀਤਾ ਹੁੰਦਾ ਜੇ ਭਗਤ ਸਿੰਘ ਅੰਗਰੇਜ਼ ਹੁੰਦੇ ਅਤੇ ਉਨ੍ਹਾਂ ਨੇ ਇੰਗਲੈਂਡ ਲਈ ਇਹ ਕਦਮ ਚੁੱਕਿਆ ਹੁੰਦਾ?”
ਭਗਤ ਸਿੰਘ ਨੇ ਫਾਂਸੀ ਦੇ ਫੰਦੇ ਨੂੰ ਪਹਿਨਣ ਤੋਂ ਪਹਿਲਾਂ ਚੁੰਮਿਆ
ਅਖ਼ਬਾਰ ਵਿੱਚ ਕੀਤੀ ਨੌਕਰੀ
20ਵੀਂ ਸਦੀ ਦੇ ਪਹਿਲੇ ਦਹਾਕੇ ਵਿੱਚ ਅੰਗਰੇਜ਼ਾਂ ਖ਼ਿਲਾਫ਼ ਬਗ਼ਾਵਤ ਦੀ ਅੱਗ ਪੂਰੇ ਦੇਸ਼ ਵਿੱਚ ਫੈਲ ਚੁੱਕੀ ਸੀ। ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਅਤੇ ਪਿਤਾ ਕਿਸ਼ਨ ਸਿੰਘ ਦੋਵੇਂ ਗ਼ਦਰ ਪਾਰਟੀ ਦੇ ਮੈਂਬਰ ਸਨ।
28 ਸਤੰਬਰ, 1907 ਜਿਸ ਦਿਨ ਭਗਤ ਸਿੰਘ ਦਾ ਜਨਮ ਹੋਇਆ, ਉਸੇ ਦਿਨ ਉਨ੍ਹਾਂ ਦੇ ਪਿਤਾ ਅਤੇ ਚਾਚਾ ਅੰਗਰੇਜ਼ਾਂ ਦੀ ਜੇਲ੍ਹ ਤੋਂ ਬਾਹਰ ਆਏ ਸਨ।
ਪਹਿਲਾਂ ਭਗਤ ਸਿੰਘ ਦਾ ਨਾਮ ਭਗਨਲਾਲ ਰੱਖਿਆ ਗਿਆ ਸੀ। ਸਾਲ 1923 ਵਿੱਚ ਉਨ੍ਹਾਂ ਨੇ ਲਾਹੌਰ ਦੇ ਨੈਸ਼ਨਲ ਕਾਲਜ ਵਿੱਚ ਦਾਖ਼ਲਾ ਲਿਆ।
ਪੜ੍ਹਾਈ ਵਿੱਚ ਉਹ ਚੰਗੇ ਸਨ। ਉਨ੍ਹਾਂ ਨੂੰ ਉਰਦੂ, ਗੁਰਮੁਖੀ, ਅੰਗਰੇਜ਼ੀ ਅਤੇ ਸੰਸਕ੍ਰਿਤ ਭਾਸ਼ਾਵਾਂ ਉੱਤੇ ਮਹਾਰਤ ਹਾਸਲ ਸੀ।
ਸਾਲ 1924 ਵਿੱਚ ਉਨ੍ਹਾਂ ਉੱਤੇ ਵਿਆਹ ਕਰਨ ਲਈ ਪਰਿਵਾਰ ਵਾਲਿਆਂ ਦਾ ਦਬਾਅ ਪੈਣ ਲੱਗਿਆ।
ਮਾਪਿਆਂ ਨੂੰ ਮਨਾਉਣ ਵਿੱਚ ਨਾਕਾਮ ਹੋਣ ਤੋਂ ਬਾਅਦ ਭਗਤ ਸਿੰਘ ਨੇ ਲਾਹੌਰ ਦਾ ਆਪਣਾ ਘਰ ਛੱਡ ਦਿੱਤਾ ਅਤੇ ਕਾਨਪੁਰ ਆ ਗਏ।
ਉੱਥੇ ਉਨ੍ਹਾਂ ਨੇ ਮਸ਼ਹੂਰ ਆਜ਼ਾਦੀ ਘੁਲਾਟੀਏ ਸ਼ੰਕਰ ਵਿਦਿਆਰਥੀ ਦੇ ਹਫ਼ਤਾਵਰੀ ਅਖ਼ਬਾਰ ‘ਪ੍ਰਤਾਪ’ ਵਿੱਚ ਕੰਮ ਕੀਤਾ। ਉਸ ਅਖ਼ਬਾਰ ਵਿੱਚ ਉਹ ਬਲਵੰਤ ਦੇ ਨਾਮ ਨਾਲ ਲੇਖ ਲਿਖਦੇ ਸਨ।
ਕਾਨਪੁਰ ਵਿੱਚ ਉਨ੍ਹਾਂ ਦੀ ਮੁਲਾਕਾਤ ਦੂਜੇ ਆਜ਼ਾਦੀ ਘੁਲਾਟੀਏ ਬਟੁਕੇਸ਼ਵਰ ਦੱਤ, ਸ਼ਿਵ ਵਰਮਾ ਅਤੇ ਬੀਕੇ ਸਿਨਹਾ ਨਾਲ ਹੋਈ।
ਭਗਤ ਸਿੰਘ ਅਤੇ ਚੰਦਰਸ਼ੇਖਰ ਆਜ਼ਾਦ ਦੀ ਨੇੜਤਾ
ਅਜੇ ਘੋਸ਼ ਨੇ ਆਪਣੀ ਕਿਤਾਬ ‘ਭਗਤ ਸਿੰਘ ਐਂਡ ਹਿਜ਼ ਕਾਮਰੇਡਜ਼’ ਵਿੱਚ ਲਿਖਿਆ ਹੈ, “ਮੈਨੂੰ ਭਗਤ ਸਿੰਘ ਨੂੰ ਬਟੁਕੇਸ਼ਵਰ ਦੱਤ ਨੇ ਮਿਲਵਾਇਆ ਸੀ। ਉਸ ਜ਼ਮਾਨੇ ਵਿੱਚ ਉਹ ਲੰਬੇ ਅਤੇ ਬਹੁਤ ਪਤਲੇ ਹੁੰਦੇ ਸਨ।"
"ਉਨ੍ਹਾਂ ਦੇ ਕੱਪੜੇ ਪੁਰਾਣੇ ਹੁੰਦੇ ਸਨ ਅਤੇ ਉਹ ਬਹੁਤ ਚੁੱਪ ਰਹਿੰਦੇ ਸਨ। ਉਨ੍ਹਾਂ ਵਿੱਚ ਬਿਲਕੁਲ ਵੀ ਆਤਮ ਵਿਸ਼ਵਾਸ ਨਹੀਂ ਸੀ। ਪਹਿਲੀ ਨਜ਼ਰ ਵਿੱਚ ਉਹ ਮੈਨੂੰ ਬਿਲਕੁਲ ਪਸੰਦ ਨਹੀਂ ਆਏ। ਉਨ੍ਹਾਂ ਦੇ ਚਲੇ ਜਾਣ ਤੋਂ ਬਾਅਦ ਮੈਂ ਇਹ ਗੱਲ ਬਟੁਕੇਸ਼ਵਰ ਦੱਤ ਨੂੰ ਵੀ ਦੱਸੀ ਸੀ।”
ਉਹ ਅੱਗੇ ਲਿਖਦੇ ਹਨ, “ਦੋ ਸਾਲਾਂ ਅੰਦਰ ਭਗਤ ਸਿੰਘ ਦੀ ਸ਼ਖ਼ਸੀਅਤ ਵਿੱਚ ਜ਼ਬਰਦਸਤ ਬਦਲਾਅ ਆਇਆ ਸੀ।"
"ਉਹ ਬਹੁਤ ਚੰਗੇ ਬੁਲਾਰੇ ਬਣ ਗਏ ਸਨ। ਉਹ ਐਨੀ ਤਾਕਤ, ਜਨੂੰਨ ਅਤੇ ਇਮਾਨਦਾਰੀ ਨਾਲ ਬੋਲਦੇ ਸਨ ਕਿ ਲੋਕ ਉਨ੍ਹਾਂ ਦੇ ਮੁਰੀਦ ਹੋਏ ਬਿਨਾਂ ਨਹੀਂ ਰਹਿ ਸਕਦੇ ਸਨ।"
"ਸਾਲ 1924 ਵਿੱਚ ਉਹ ਹਿੰਦੁਸਤਾਨ ਰਿਪਬਲਿਕਨ ਅਸੋਸੀਏਸ਼ਨ ਦੇ ਮੈਂਬਰ ਬਣ ਗਏ ਸੀ। ਚੰਦਰਸ਼ੇਖਰ ਆਜ਼ਾਦ ਉਨ੍ਹਾਂ ਦੇ ਕਰਤਾ-ਧਰਤਾ ਸਨ ਅਤੇ ਭਗਤ ਸਿੰਘ ਉਨ੍ਹਾਂ ਦੇ ਬਹੁਤ ਨੇੜੇ ਆ ਗਏ ਸਨ।”
ਲਾਲਾ ਲਾਜਪਤ ਰਾਏ ਦੀ ਮੌਤ ਦਾ ਬਦਲਾ
ਸਾਲ 1927 ਵਿੱਚ ਕਾਕੋਰੀ ਕਾਂਡ ਦੇ ਸਿਲਸਿਲੇ ਵਿੱਚ ਭਗਤ ਸਿੰਘ ਨੂੰ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ।
ਦਰਅਸਲ, ਉਨ੍ਹਾਂ ਨੇ ਇਸ ਘਟਨਾ ਦੇ ਸਮਰਥਨ ਵਿੱਚ ਆਪਣਾ ਨਾਮ ਬਦਲ ਕੇ ‘ਵਿਦਰੋਹੀ’ ਨਾਮ ਨਾਲ ਇੱਕ ਲੇਖ ਲਿਖਿਆ ਸੀ।
ਲਾਹੌਰ ਦੇ ਦੁਸ਼ਹਿਰੇ ਦੇ ਮੇਲੇ ਵਿੱਚ ਬੰਬ ਧਮਾਕੇ ਦਾ ਇਲਜ਼ਾਮ ਵੀ ਉਨ੍ਹਾਂ ਉੱਤੇ ਲਗਾਇਆ ਗਿਆ ਸੀ।
ਬਾਅਦ ਵਿੱਚ ਚੰਗੇ ਵਿਵਹਾਰ ਕਾਰਨ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ ਸੀ। ਉਸੇ ਸਾਲ ਜਦੋਂ ਸਾਇਮਨ ਕਮੀਸ਼ਨ ਭਾਰਤ ਆਇਆ ਤਾਂ ਲਾਲਾ ਲਾਜਪਤ ਰਾਏ ਨੇ ਉਸ ਦਾ ਜ਼ੋਰਦਾਰ ਵਿਰੋਧ ਕੀਤਾ।
ਵਿਰੋਧ ਪ੍ਰਦਰਸ਼ਨ ਦੌਰਾਨ ਐੱਸਪੀ ਜੇਏ ਸਕਾਟ ਨੇ ਭੀੜ ਉੱਤੇ ਲਾਠੀਚਾਰਜ ਕਰਨ ਦਾ ਹੁਕਮ ਦਿੱਤਾ। ਉਸ ਨੇ ਦੂਰ ਤੋਂ ਹੀ ਲਾਲਾ ਲਾਜਪਤ ਰਾਏ ਨੂੰ ਦੇਖ ਲਿਆ ਸੀ।
ਉਸ ਨੇ ਉਨ੍ਹਾਂ ਉੱਤੇ ਡੰਡੇ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਅਤੇ ਉਦੋਂ ਤੱਕ ਵਰ੍ਹਾਉਂਦਾ ਰਿਹਾ ਜਦੋਂ ਤੱਕ ਉਹ ਲਹੂ-ਲੁਹਾਨ ਹੋ ਕੇ ਜ਼ਮੀਨ ਉੱਤੇ ਨਹੀਂ ਡਿੱਗ ਗਏ।
ਜਵਾਹਰ ਲਾਲ ਨਹਿਰੂ ਨੇ ਜ਼ਰੂਰ ਇਨ੍ਹਾਂ ਫਾਂਸੀਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ
ਬੇਹੋਸ਼ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਚੀਖ ਕੇ ਕਿਹਾ ਸੀ, ‘ਸਾਡੇ ਉੱਤੇ ਚਲਾਈ ਗਈ ਹਰ ਡਾਂਗ ਬ੍ਰਿਟਿਸ਼ ਸਾਮਰਾਜ ਦੇ ਤਾਬੂਤ ਵਿੱਚ ਠੋਕੀ ਗਈ ਕਿੱਲ ਸਾਬਤ ਹੋਵੇਗੀ।’
ਜਵਾਹਰਲਾਲ ਨਹਿਰੂ ਨੇ ਪੁਲਿਸ ਦੇ ਇਸ ਕੰਮ ਦੀ ਨਿੰਦਾ ਕਰਦੇ ਹੋਏ ਇਸ ਨੂੰ ਇੱਕ ‘ਰਾਸ਼ਟਰੀ ਸ਼ਰਮ’ ਦੱਸਿਆ ਸੀ।
17 ਨਵੰਬਰ ਨੂੰ ਲਾਲਾ ਲਾਜਪਤ ਰਾਏ ਦਾ ਦੇਹਾਂਤ ਹੋ ਗਿਆ। 10 ਦਸੰਬਰ, 1928 ਨੂੰ ਦੇਸ਼ ਭਰ ਦੇ ਕ੍ਰਾਂਤੀਕਾਰੀਆਂ ਦੀ ਲਾਹੌਰ ਵਿੱਚ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਭਗਵਤੀਚਰਨ ਵੋਹਰਾ ਦੀ ਪਤਨੀ ਦੁਰਗਾ ਦੇਵੀ ਨੇ ਕੀਤੀ।
ਇਸੇ ਮੀਟਿੰਗ ਵਿੱਚ ਤੈਅ ਹੋਇਆ ਕਿ ਲਾਲਾ ਜੀ ਦੀ ਮੌਤ ਦਾ ਬਦਲਾ ਲਿਆ ਜਾਵੇਗਾ। ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਦੁਨੀਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਭਾਰਤ ਲਾਲਾ ਜੀ ਦੀ ਮੌਤ ਨੂੰ ਚੁੱਪਚਾਪ ਸਹਿਣ ਨਹੀਂ ਕਰੇਗਾ।
ਸਾਂਡਰਸ ਨੂੰ ਗੋਲੀ ਮਾਰੀ
ਤੈਅ ਹੋਇਆ ਕਿ ਭਗਤ ਸਿੰਘ, ਸੁਖਦੇਵ, ਚੰਦਰਸ਼ੇਖਰ ਆਜ਼ਾਦ ਅਤੇ ਜੈ ਗੋਪਾਲ ਐੱਸਪੀ ਸਕਾਟ ਨੂੰ ਮਾਰਨ ਦੀ ਮੁਹਿੰਮ ਵਿੱਚ ਹਿੱਸਾ ਲੈਣਗੇ। ਦੋ ਦਿਨਾਂ ਪਹਿਲਾਂ ਯਾਨੀ 15 ਦਸੰਬਰ ਨੂੰ ਕ੍ਰਾਂਤੀਕਾਰੀਆਂ ਨੇ ਉਸ ਥਾਂ ਦਾ ਦੌਰਾ ਕੀਤਾ ਜਿੱਥੇ ਉਨ੍ਹਾਂ ਨੇ ਸਕਾਟ ਨੂੰ ਮਾਰਨਾ ਸੀ।
ਭਗਤ ਸਿੰਘ ਨੇ ਇੱਕ ਲਾਲ ਬਾਰਡਰ ਦਾ ਪੋਸਟਰ ਤਿਆਰ ਕੀਤਾ ਜਿਸ ਉੱਤੇ ਲਿਖਿਆ ਸੀ ‘ਸਕਾਟ ਕਿਲਡ।‘ ਬਾਅਦ ਵਿੱਚ ਉਨ੍ਹਾਂ ਦੇ ਹੱਥ ਦੇ ਲਿਖੇ ਇਸ ਪੋਸਟਰ ਨੂੰ ਲਾਹੌਰ ਕਾਂਸਪਿਰੇਸੀ ਕੇਸ ਵਿੱਚ ਉਨ੍ਹਾਂ ਦੇ ਖ਼ਿਲਾਫ਼ ਸਬੂਤ ਦੇ ਤੌਰ ਉੱਤੇ ਇਸਤੇਮਾਲ ਕੀਤਾ ਗਿਆ।
ਇੱਕ ਨੌਜਵਾਨ ਸਾਥੀ ਜੈਗੋਪਾਲ ਨੂੰ ਜ਼ਿੰਮੇਵਾਰੀ ਦਿੱਤੀ ਗਈ ਕਿ ਜਦੋਂ ਸਕਾਟ ਥਾਣੇ ਪਹੁੰਚਣ ਤਾਂ ਉਹ ਇਨ੍ਹਾਂ ਤਿੰਨਾਂ ਨੂੰ ਇਸ ਬਾਰੇ ਵਿੱਚ ਦੱਸ ਦੇਣ।
-
ਸਕਾਟ ਦੀ ਕਾਰ ਦਾ ਨੰਬਰ 6728 ਸੀ। ਜੈਗੋਪਾਲ ਨੂੰ ਕਿਹਾ ਗਿਆ ਕਿ ਉਹ ਇਸ ਨੰਬਰ ਨੂੰ ਯਾਦ ਕਰ ਲੈਣ।
ਹੈਰਾਨ ਦੀ ਗੱਲ ਸੀ ਕਿ ਜੈਗੋਪਾਲ ਨੇ ਪਹਿਲਾਂ ਸਕਾਟ ਨੂੰ ਕਦੇ ਨਹੀਂ ਦੇਖਿਆ ਸੀ। ਉਸ ਦਿਨ ਸਕਾਟ ਪੁਲਿਸ ਸਟੇਸ਼ਨ ਆਏ ਹੀ ਨਹੀਂ। ਉਨ੍ਹਾਂ ਨੇ ਇੱਕ ਦਿਨ ਦੀ ਛੁੱਟੀ ਲਈ ਹੋਈ ਸੀ ਕਿਉਂਕਿ ਉਸ ਦਿਨ ਉਨ੍ਹਾਂ ਦੀ ਸੱਸ ਇੰਗਲੈਂਡ ਤੋਂ ਲਾਹੌਰ ਆਉਣ ਵਾਲੇ ਸਨ।
ਜਦੋਂ ਪੁਲਿਸ ਸਟੇਸ਼ਨ ਤੋਂ ਸਹਾਇਕ ਐੱਸਪੀ ਜੇਪੀ ਸਾਂਡਰਸ ਬਾਹਰ ਆਏ ਤਾਂ ਜੈਗੋਪਾਲ ਨੇ ਸਮਝਿਆ ਇਹੀ ਸਕਾਟ ਹਨ। ਉਨ੍ਹਾਂ ਨੇ ਇਸ ਦੀ ਜਾਣਕਾਰੀ ਭਗਤ ਸਿੰਘ ਤੇ ਰਾਜਗੁਰੂ ਨੂੰ ਦਿੱਤੀ।
ਦੁਪਹਿਰ ਬਾਅਦ ਜਦੋਂ ਸਾਂਡਰਸ ਪੁਲਿਸ ਸਟੇਸ਼ਨ ਦੇ ਬਾਹਰ ਆ ਕੇ ਆਪਣੀ ਮੋਟਰ ਸਾਈਕਲ ਸਟਾਰਟ ਕਰ ਰਹੇ ਸਨ ਤਾਂ ਰਾਜਗੁਰੂ ਨੇ ਉਨ੍ਹਾਂ ਨੂੰ ਆਪਣੀ ਜਰਮਨ ਮਾਉਜ਼ਰ ਪਿਸਟਲ ਨਾਲ ਗੋਲੀ ਮਾਰ ਦਿੱਤੀ।
ਭਗਤ ਸਿੰਘ ਚੀਖਦੇ ਹੀ ਰਹਿ ਗਏ ‘ਨਹੀਂ, ਨਹੀਂ, ਨਹੀਂ ਇਹ ਸਕਾਟ ਨਹੀਂ ਹਨ।’ ਪਰ ਉਦੋਂ ਤੱਕ ਦੇਰ ਹੋ ਚੁੱਕੀ ਸੀ। ਜਦੋਂ ਸਾਂਡਰਸ ਡਿੱਗੇ ਤਾਂ ਭਗਤ ਸਿੰਘ ਨੇ ਵੀ ਉਨ੍ਹਾਂ ਦੇ ਮ੍ਰਿਤ ਸ਼ਰੀਰ ਵਿੱਚ ਕੁਝ ਗੋਲੀਆਂ ਮਾਰ ਦਿੱਤੀਆਂ।
ਚਾਨਣ ਸਿੰਘ ਨੂੰ ਵੀ ਮਾਰੀ ਗੋਲੀ
ਪਹਿਲਾਂ ਤੋਂ ਤੈਅ ਯੋਜਨਾ ਮੁਤਾਬਕ, ਭਗਤ ਸਿੰਘ ਅਤੇ ਰਾਜਗੁਰੂ ਡੀਏਵੀ ਕਾਲਜ ਵੱਲ ਭੱਜੇ। ਉੱਥੇ ਚੰਦਰਸ਼ੇਖਰ ਆਜ਼ਾਦ ਨੇ ਉਨ੍ਹਾਂ ਨੂੰ ਕਵਰ ਦੇਣ ਲਈ ਪੋਜ਼ੀਸ਼ਨ ਲਈ ਹੋਈ ਸੀ।
ਆਜ਼ਾਦੀ ਘੁਲਾਟੀਏ ਸ਼ਿਵ ਵਰਮਾ ਆਪਣੀ ਕਿਤਾਬ ‘ਰੇਮਿਨਿਸੇਂਸੇਜ਼ ਆਫ਼ ਫ਼ੇਲੋ ਰਿਵਾਲਿਯੂਸ਼ਨਰੀਜ਼’ ਵਿੱਚ ਲਿਖਦੇ ਹਨ, “ਜਦੋਂ ਭਗਤ ਸਿੰਘ ਅਤੇ ਰਾਜਗੁਰੂ ਸਾਂਡਰਸ ਨੂੰ ਮਾਰਨ ਤੋਂ ਬਾਅਦ ਭੱਜ ਰਹੇ ਸਨ ਤਾਂ ਇੱਕ ਹੈੱਡ ਕਾਂਸਟੇਬਲ ਚਾਨਣ ਸਿੰਘ ਉਨ੍ਹਾਂ ਦਾ ਪਿੱਛਾ ਕਰਨ ਲੱਗਾ।"
"ਜਦੋਂ ਆਜ਼ਾਦ ਦੇ ਚੀਖ਼ਣ ਉੱਤੇ ਵੀ ਉਹ ਨਹੀਂ ਰੁਕਿਆ ਤਾਂ ਰਾਜਗੁਰੂ ਨੇ ਉਸ ਨੂੰ ਵੀ ਗੋਲੀ ਮਾਰ ਦਿੱਤੀ। ਉਸ ਸਮੇਂ ਹਾਸਟਲ ਦੀ ਬਾਰੀ ਤੋਂ ਬਹੁਤ ਸਾਰੇ ਲੋਕ ਇਹ ਦ੍ਰਿਸ਼ ਦੇਖ ਰਹੇ ਸਨ। ਉਨ੍ਹਾਂ ਵਿੱਚੋਂ ਹੀ ਇੱਕ ਸਨ, ਜੋ ਬਾਅਦ ਵਿੱਚ ਮਹਾਨ ਕਵੀ ਬਣੇ ਫ਼ੈਜ਼ ਅਹਿਮਦ ਫ਼ੈਜ਼।”
ਅਗਲੇ ਦਿਨ ਸ਼ਹਿਰ ਦੀਆਂ ਕੰਧਾਂ ਉੱਤੇ ਲਾਲ ਸਿਆਹੀ ਨਾਲ ਬਣੇ ਪੋਸਟਰ ਮਿਲੇ, ਜਿਨ੍ਹਾਂ ਉੱਤੇ ਲਿਖਿਆ ਸੀ ‘ਸਾਂਡਰਸ ਇਜ਼ ਡੈੱਡ, ਲਾਲਾ ਲਾਜਪਤ ਰਾਏ ਇਜ਼ ਇਵੇਂਜਡ।’
ਸਾਂਡਰਸ ਦੇ ਕਤਲ ਤੋਂ ਬਾਅਦ ਲਾਹੌਰ ਤੋਂ ਬਾਹਰ ਨਿਕਲਣਾ ਨਾਮੁਮਕਿਨ ਸੀ। ਸ਼ਹਿਰ ਦੇ ਚੱਪੇ-ਚੱਪੇ ਉੱਤੇ ਪੁਲਿਸ ਤਾਇਨਾਤ ਸੀ।
ਨੈਸ਼ਨਲ ਕਾਲਜ ਲਹੌਰ ਦੀ ਫੋਟੋ। ਦਸਤਾਰ ਵਾਲੇ ਭਗਤ ਸਿੰਘ (ਸੱਜੇ ਤੋਂ ਚੌਥਾ) ਖੜ੍ਹੇ ਨਜ਼ਰ ਆ ਰਹੇ ਹਨ
ਦੁਰਗਾ ਭਾਬੀ ਨਾਲ ਲਾਹੌਰ ਤੋਂ ਨਿਕਲਣ ਵਿੱਚ ਸਫ਼ਲ
ਸਾਂਡਰਸ ਨੂੰ ਮਾਰਨ ਤੋਂ ਪਹਿਲਾਂ ਭਗਤ ਸਿੰਘ ਨੇ ਆਪਣੇ ਵਾਲ ਕਟਵਾ ਦਿੱਤੇ ਸੀ। ਪੁਲਿਸ ਨੂੰ ਉਨ੍ਹਾਂ ਦੇ ਨਵੇਂ ਭੇਸ ਬਾਰੇ ਪਤਾ ਨਹੀਂ ਸੀ।
ਉਹ ਵਾਲ ਅਤੇ ਦਾੜੀ ਰੱਖਣ ਵਾਲੇ ਇੱਕ ਸਿੱਖ ਨੌਜਵਾਨ ਨੂੰ ਲੱਭ ਰਹੀ ਸੀ। ਤੈਅ ਹੋਇਆ ਕਿ ਭਗਤ ਸਿੰਘ ਸਾਬ੍ਹਾਂ ਵਰਗੇ ਕੱਪੜੇ ਪਹਿਨਕੇ ਟ੍ਰੇਨ ਉੱਤੇ ਸਵਾਰ ਹੋਣਗੇ।
ਉਨ੍ਹਾਂ ਦੇ ਨਾਲ ਦੁਰਗਾ ਭਾਬੀ ਉਨ੍ਹਾਂ ਦੀ ਪਤਨੀ ਵਜੋਂ ਜਾਣਗੇ।
ਮਾਲਵਿੰਦਰਜੀਤ ਸਿੰਘ ਵੜੈਚ ਆਪਣੀ ਕਿਤਾਬ ‘ਭਗਤ ਸਿੰਘ ਦਿ ਐਟਰਨਲ ਰੇਬੇਲ’ ਵਿੱਚ ਲਿਖਦੇ ਹਨ, “ਭਗਤ ਸਿੰਘ ਨੇ ਓਵਰਕੋਟ ਅਤੇ ਹੈਟ ਪਹਿਨੀ ਹੋਈ ਸੀ।"
"ਉਨ੍ਹਾਂ ਨੇ ਆਪਣੇ ਕੋਟ ਦਾ ਕਾਲਰ ਵੀ ਉੱਚਾ ਕਰਕੇ ਰੱਖਿਆ ਸੀ। ਉਨ੍ਹਾਂ ਨੇ ਆਪਣੀ ਗੋਦੀ ਵਿੱਚ ਦੁਰਗਾ ਭਾਬੀ ਦੇ ਪੁੱਤਰ ਸ਼ਚੀ ਨੂੰ ਇਸ ਤਰ੍ਹਾਂ ਫੜਿਆ ਹੋਇਆ ਸੀ ਕਿ ਉਨ੍ਹਾਂ ਦਾ ਚਿਹਰਾ ਨਾ ਦਿਖੇ।"
"ਭਗਤ ਸਿੰਘ ਅਤੇ ਦੁਰਗਾ ਭਾਬੀ ਫਰਸਟ ਕਲਾਸ ਕੋਚ ਵਿੱਚ ਸਨ ਜਦਕਿ ਉਨ੍ਹਾਂ ਦੇ ਨੌਕਰ ਦੇ ਭੇਸ ਵਿੱਚ ਰਾਜਗੁਰੂ ਤੀਜੇ ਦਰਜੇ ਵਿੱਚ ਸਫ਼ਰ ਕਰ ਰਹੇ ਸਨ। ਦੋਵਾਂ ਕੋਲ ਲੋਡਿਡ ਰਿਵਾਲਵਰ ਸਨ।”
ਲਖਨਊ ਸਟੇਸ਼ਨ ਉੱਤੇ ਉੱਤਰਕੇ ਉਨ੍ਹਾਂ ਨੇ ਕੁਝ ਘੰਟੇ ਸਟੇਸ਼ਨ ਦੇ ਵੇਟਿੰਗ ਰੂਮ ਵਿੱਚ ਗੁਜ਼ਾਰੇ।
ਇੱਥੋਂ ਰਾਜਗੁਰੂ ਦੂਜੇ ਪਾਸੇ ਨਿਕਲ ਗਏ ਅਤੇ ਭਗਤ ਸਿੰਘ ਤੇ ਦੁਰਗਾ ਭਾਬੀ ਨੇ ਕਲਕੱਤਾ ਦਾ ਰੁਖ਼ ਕੀਤਾ ਜਿੱਥੇ ਦੁਰਗਾ ਭਾਬੀ ਦੇ ਪਤੀ ਭਗਵਤੀਚਰਨ ਵੋਹਰਾ ਪਹਿਲਾਂ ਤੋਂ ਹੀ ਮੌਜੂਦ ਸਨ।
ਜਲੰਧਰ ਦੇ ਦੇਸ਼ਭਗਤ ਯਾਦਗਾਰ ਹਾਲ ਵਿੱਚ ਲਾਈ ਗਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਦੀ ਇੱਕ ਪੁਰਾਣੀ ਤਸਵੀ
ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਦਾ ਫ਼ੈਸਲਾ
ਕਲਕੱਤਾ ਵਿੱਚ ਕੁਝ ਦਿਨ ਰਹਿਣ ਤੋਂ ਬਾਅਦ ਭਗਤ ਸਿੰਘ ਆਗਰਾ ਆਏ ਜਿੱਥੇ ਉਨ੍ਹਾਂ ਨੇ ‘ਹਿੰਗ ਦੀ ਮੰਡੀ’ ਮੁਹੱਲੇ ਵਿੱਚ ਦੋ ਘਰ ਕਿਰਾਏ ਉੱਤੇ ਲਏ।
ਆਗਰਾ ਵਿੱਚ ਹੀ ਭਗਤ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੀ ਇੱਕ ਮੀਟਿੰਗ ਹੋਈ ਜਿਸ ਵਿੱਚ ਸਾਂਡਰਸ ਨੂੰ ਮਾਰੇ ਜਾਣ ਦੇ ਨਤੀਜਿਆਂ ਉੱਤੇ ਬਹਿਸ ਹੋਈ।
ਸਭ ਦਾ ਮੰਨਣਾ ਸੀ ਕਿ ਇਸ ਕਤਲ ਦਾ ਉਹ ਅਸਰ ਨਹੀਂ ਹੋਇਆ ਜਿਸ ਦੀ ਉਹ ਸਾਰੇ ਉਮੀਦ ਕਰ ਰਹੇ ਸਨ। ਉਨ੍ਹਾਂ ਨੂੰ ਉਮੀਦ ਸੀ ਕਿ ਇਸ ਤੋਂ ਡਰ ਕੇ ਵੱਡੀ ਗਿਣਤੀ ਵਿੱਚ ਅੰਗਰੇਜ਼ ਭਾਰਤ ਛੱਡ ਦੇਣਗੇ।
ਉਨ੍ਹਾਂ ਦਿਨਾਂ ਵਿੱਚ ਅਸੈਂਬਲੀ ਵਿੱਚ ਦੋ ਬਿਲਾਂ ਉੱਤੇ ਵਿਚਾਰ ਕੀਤਾ ਜਾਣਾ ਸੀ। ਇੱਕ ਸੀ ਪਬਲਿਕ ਸੇਫ਼ਟੀ ਬਿਲ ਜਿਸ ਵਿੱਚ ਸਰਕਾਰ ਨੂੰ ਬਿਨਾਂ ਮੁਕੱਦਮਾ ਚਲਾਏ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਨ ਦਾ ਹੱਕ ਦਿੱਤਾ ਗਿਆ ਸੀ।
ਦੂਜਾ ਸੀ ਟ੍ਰੇਡ ਡਿਸਪਿਊਟ ਬਿਲ ਜਿਸ ਵਿੱਚ ਰੁਜ਼ਗਾਰ ਸੰਗਠਨਾਂ ਨੂੰ ਹੜਤਾਲ ਕਰਨ ਦੀ ਮਨਾਹੀ ਹੋ ਗਈ ਸੀ।
ਜਿਸ ਦਿਨ ਇਹ ਬਿਲ ਪੇਸ਼ ਕੀਤੇ ਜਾਣੇ ਸੀ, ਯਾਨੀ 8 ਅਪ੍ਰੈਲ ਨੂੰ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਖ਼ਾਕੀ ਕਮੀਜ਼ ਅਤੇ ਸ਼ੌਰਟਸ (ਨਿੱਕਰਾਂ) ਪਹਿਨ ਕੇ ਸੈਂਟਰਲ ਅਸੈਂਬਲੀ ਦੀ ਦਰਸ਼ਕ ਗੈਲਰੀ ਵਿੱਚ ਪਹੁੰਚ ਗਏ।
ਉਸ ਸਮੇਂ ਅਸੈਂਬਲੀ ਵਿੱਚ ਕਈ ਵੱਡੇ ਨੇਤਾ ਜਿਵੇਂ ਵਿੱਠਲਭਾਈ ਪਟੇਲ, ਮੁਹੰਮਦ ਅਲੀ ਜਿੰਨ੍ਹਾ ਅਤੇ ਮੋਤੀਲਾਲ ਨਹਿਰੂ ਮੌਜੂਦ ਸਨ।
ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ
ਕੁਲਦੀਪ ਨਈਅਰ ਲਿਖਦੇ ਹਨ, ਭਗਤ ਸਿੰਘ ਨੇ ਬੜੀ ਸਾਵਧਾਨੀ ਨਾਲ ਬੰਬ ਉਸ ਥਾਂ ''ਤੇ ਸੁੱਟਿਆ ਜਿੱਥੇ ਵਿਧਾਨ ਸਭਾ ਦਾ ਕੋਈ ਮੈਂਬਰ ਮੌਜੂਦ ਨਹੀਂ ਸੀ। ਬੰਬ ਫਟਦੇ ਹੀ ਪੂਰੇ ਹਾਲ ''ਚ ਹਨੇਰਾ ਛਾ ਗਿਆ।
ਬਟੁਕੇਸ਼ਵਰ ਦੱਤ ਨੇ ਦੂਜਾ ਬੰਬ ਸੁੱਟਿਆ। ਫਿਰ ਦਰਸ਼ਕ ਗੈਲਰੀ ਤੋਂ ਵਿਧਾਨ ਸਭਾ ਵਿੱਚ ਕਾਗਜ਼ ਦੇ ਪਰਚੇ ਉੱਡਣੇ ਸ਼ੁਰੂ ਹੋ ਗਏ। ਸਭਾ ਦੇ ਮੈਂਬਰਾਂ ਨੇ ‘ਇਨਕਲਾਬ ਜ਼ਿੰਦਾਬਾਦ’ ਅਤੇ ‘ਲੌਂਗ ਲਿਵ ਪ੍ਰੋਲਿਟੇਰੀਅਟ’ ਦੇ ਨਾਅਰੇ ਸੁਣਾਈ ਦਿੱਤੇ।
ਉਨ੍ਹਾਂ ਪਰਚਿਆਂ ''ਤੇ ਲਿਖਿਆ ਹੋਇਆ ਸੀ, ''ਬੋਲ਼ਿਆਂ ਨੂੰ ਸੁਣਾਉਣ ਲਈ ਉੱਚੀ ਆਵਾਜ਼ ਦੀ ਲੋੜ ਹੁੰਦੀ ਹੈ।'' ਨਾ ਤਾਂ ਭਗਤ ਸਿੰਘ ਅਤੇ ਨਾ ਹੀ ਬਟੁਕੇਸ਼ਵਰ ਦੱਤ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਵੇਂ ਕਿ ਇਹ ਪਹਿਲਾਂ ਹੀ ਤੈਅ ਸੀ, ਉਨ੍ਹਾਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰ ਕਰਵਾਇਆ।
ਉੱਥੇ ਹੀ ਭਗਤ ਸਿੰਘ ਨੇ ਆਪਣਾ ਪਿਸਤੌਲ ਵੀ ਸਰੇਂਡਰ ਕਰ ਦਿੱਤਾ ਜਿਸ ਨਾਲ ਉਨ੍ਹਾਂ ਨੇ ਸੈਂਡਰਸ ਦਾ ਕਤਲ ਕੀਤਾ ਸੀ। ਉਨ੍ਹਾਂ ਨੂੰ ਪਤਾ ਸੀ ਕਿ ਇਹ ਪਿਸਤੌਲ ਸੈਂਡਰਜ਼ ਦੇ ਕਤਲ ਵਿਚ ਉਨ੍ਹਾਂ ਦੀ ਸ਼ਮੂਲੀਅਤ ਦਾ ਸਭ ਤੋਂ ਵੱਡਾ ਸਬੂਤ ਹੋਵੇਗਾ।
ਦੋਵਾਂ ਨੂੰ ਵੱਖ-ਵੱਖ ਥਾਣਿਆਂ ''ਚ ਲੈ ਕੇ ਗਏ। ਭਗਤ ਸਿੰਘ ਨੂੰ ਮੁੱਖ ਥਾਣੇ ਅਤੇ ਬਟੁਕੇਸ਼ਵਰ ਦੱਤਾ ਨੂੰ ਚਾਂਦਨੀ ਚੌਕ ਥਾਣੇ ਲਿਆਂਦਾ ਗਿਆ। ਇਸ ਦਾ ਮਕਸਦ ਦੋਵਾਂ ਤੋਂ ਵੱਖ-ਵੱਖ ਪੁੱਛਗਿੱਛ ਕਰਨਾ ਸੀ ਤਾਂ ਜੋ ਸੱਚਾਈ ਦਾ ਪਤਾ ਲਗਾਇਆ ਜਾ ਸਕੇ।
ਇਸ ਕੰਮ ਲਈ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਪਰ ਸੈਂਡਰਸ ਦੇ ਕਤਲ ਲਈ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ।
ਲਾਹੌਰ ਵਿੱਚ ਸ਼ੋਕ ਜਲੂਸ
ਭਗਤ ਸਿੰਘ ਨੂੰ ਫਾਂਸੀ ਦਿੱਤੇ ਜਾਣ ਤੋਂ ਕੁਝ ਦਿਨ ਪਹਿਲਾਂ ਪੰਡਿਤ ਮਦਨ ਮੋਹਨ ਮਾਲਵੀਆ ਨੇ ਵਾਇਸਰਾਏ ਲਾਰਡ ਇਰਵਿਨ ਨੂੰ ਇੱਕ ਤਾਰ ਭੇਜ ਕੇ ਮੰਗ ਕੀਤੀ ਕਿ ਭਗਤ ਸਿੰਘ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਤਬਦੀਲ ਕੀਤਾ ਜਾਵੇ, ਪਰ ਉਨ੍ਹਾਂ ਦੀ ਇਸ ਬੇਨਤੀ ਨੂੰ ਠੁਕਰਾ ਦਿੱਤਾ ਗਿਆ।
ਫਾਂਸੀ ਤੋਂ ਅਗਲੇ ਦਿਨ ਪੂਰੇ ਲਾਹੌਰ ਵਿਚ ਹੜਤਾਲ ਰੱਖੀ ਗਈ ਸੀ। ਉਨ੍ਹਾਂ ਦੀ ਯਾਦ ਵਿੱਚ ਨੀਲਾ ਗੁੰਬਦ ਤੋਂ ਸ਼ੋਕ ਜਲੂਸ ਕੱਢਿਆ ਗਿਆ। ਇਹ ਥਾਂ ਉਸ ਥਾਂ ਦੇ ਬਹੁਤ ਨੇੜੇ ਸੀ ਜਿੱਥੇ ਸੈਂਡਰਸ ਨੂੰ ਗੋਲੀ ਮਾਰੀ ਗਈ ਸੀ।
ਤਿੰਨ ਮੀਲ ਲੰਬੇ ਇਸ ਜਲੂਸ ਵਿੱਚ ਹਜ਼ਾਰਾਂ ਹਿੰਦੂਆਂ, ਮੁਸਲਮਾਨਾਂ ਅਤੇ ਸਿੱਖਾਂ ਨੇ ਹਿੱਸਾ ਲਿਆ ਸੀ।
ਪੁਰਸ਼ਾਂ ਨੇ ਬਾਂਹਾਂ ''ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ, ਜਦਕਿ ਔਰਤਾਂ ਨੇ ਕਾਲੀਆਂ ਸਾੜੀਆਂ ਪਹਿਨ ਕੇ ਵਿਰੋਧ ਪ੍ਰਦਰਸ਼ਨ ਕੀਤਾ। ਮਾਲ ਤੋਂ ਲੰਘ ਕੇ ਸਾਰਾ ਜਲੂਸ ਅਨਾਰਕਲੀ ਬਾਜ਼ਾਰ ਦੇ ਵਿਚਕਾਰ ਆ ਕੇ ਰੁਕ ਗਿਆ।
ਉਦੋਂ ਹੀ ਐਲਾਨ ਕੀਤਾ ਗਿਆ ਕਿ ਭਗਤ ਸਿੰਘ ਦਾ ਪੂਰਾ ਪਰਿਵਾਰ ਤਿੰਨਾਂ ਜਣਿਆਂ ਦੀਆਂ ਅਸਥੀਆਂ ਲੈ ਕੇ ਫ਼ਿਰੋਜ਼ਪੁਰ ਤੋਂ ਲਾਹੌਰ ਪਹੁੰਚ ਗਿਆ ਹੈ।
ਭਗਤ ਸਿੰਘ ਦੀਆਂ ਅਸਥੀਆਂ ਲਾਹੌਰ ਲਿਆਂਦਾ ਗਿਆ
ਤਿੰਨ ਘੰਟੇ ਬਾਅਦ, ਫੁੱਲਾਂ ਨਾਲ ਲੱਦੇ ਤਿੰਨ ਤਾਬੂਤ ਜਲੂਸ ਦਾ ਹਿੱਸਾ ਬਣ ਗਏ। ਉੱਥੇ ਮੌਜੂਦ ਸਾਰਿਆਂ ਦੀਆਂ ਅੱਖਾਂ ''ਚ ਹੰਝੂ ਸਨ।
ਇਸ ਮੌਕੇ ਇੱਕ ਉਰਦੂ ਅਖ਼ਬਾਰ ਦੇ ਸੰਪਾਦਕ ਮੌਲਾਨਾ ਜ਼ਫ਼ਰ ਅਲੀ ਖ਼ਾਨ ਨੇ ਇੱਕ ਨਜ਼ਮ ਪੜ੍ਹੀ।
ਜਿਸ ਜੇਲ੍ਹ ਵਿਚ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ, ਉਸ ਜੇਲ੍ਹ ਦਾ ਵਾਰਡਨ ਚੜ੍ਹਤ ਸਿੰਘ ਹੌਲੀ-ਹੌਲੀ ਆਪਣੇ ਕਮਰੇ ਵੱਲ ਤੁਰ ਪਿਆ ਅਤੇ ਫੁੱਟ-ਫੁੱਟ ਕੇ ਰੋਣ ਲੱਗਾ।
ਉਨ੍ਹਾਂ ਨੇ ਤੀਹ ਸਾਲਾਂ ਦੇ ਆਪਣੇ ਕਰੀਅਰ ਵਿੱਚ ਕਈ ਲੋਕਾਂ ਨੂੰ ਫਾਂਸੀ ਹੁੰਦੇ ਦੇਖਿਆ ਸੀ। ਪਰ ਭਗਤ ਸਿੰਘ ਅਤੇ ਉਨ੍ਹਾਂ ਦੇ ਦੋ ਸਾਥੀਆਂ ਜਿੰਨੀ ਬਹਾਦਰੀ ਨਾਲ ਮੌਤ ਨੂੰ ਕਿਸੇ ਨੇ ਗਲੇ ਨਹੀਂ ਲਗਾਇਆ ਸੀ।
ਭਗਤ ਸਿੰਘ ਦੀ ਮੌਤ ਦੇ 16 ਸਾਲ, 4 ਮਹੀਨੇ ਅਤੇ 23 ਦਿਨਾਂ ਬਾਅਦ ਭਾਰਤ ਆਜ਼ਾਦ ਹੋ ਗਿਆ ਅਤੇ ਅੰਗਰੇਜ਼ਾਂ ਨੂੰ ਹਮੇਸ਼ਾ ਲਈ ਇੱਥੋਂ ਜਾਣਾ ਪਿਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ)

''ਸੇਂਗੋਲ'' ਕੀ ਹੈ ਜਿਸ ਨੂੰ ਮੋਦੀ ਸਰਕਾਰ ਨਵੇਂ ਸੰਸਦ ਭਵਨ ''ਚ ਸਥਾਪਿਤ ਕਰਨ ਜਾ ਰਹੀ ਹੈ
NEXT STORY