- ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਫਾਈਨਲ ਮੁਕਾਬਲਾ 7 ਜੂਨ, ਬੁੱਧਵਾਰ ਨੂੰ ਲੰਡਨ ਦੇ ਓਵਲ ਮੈਦਾਨ ''ਤੇ ਖੇਡਿਆ ਜਾਵੇਗਾ
- ਮੈਚ ਵਿੱਚ ਡਿਊਕ ਬਾਲ ਦੀ ਵਰਤੋਂ, ਜੇਕਰ ਮੈਚ ਟਾਈ ਜਾਂ ਡਰਾਅ ਹੁੰਦਾ ਹੈ ਤਾਂ ਦੋਵੇਂ ਟੀਮਾਂ ਚੈਂਪੀਅਨਸ਼ਿਪ ਟਰਾਫੀ ਸਾਂਝੀ ਕਰਨਗੀਆਂ
- ਇਸ ਚੈਂਪੀਅਨਸ਼ਿਪ ਵਿੱਚ ਇੱਕ ਰਿਜ਼ਰਵ ਡੇਅ ਵੀ ਰੱਖਿਆ ਗਿਆ ਹੈ, ਜਿਸ ਦੀ ਵਰਤੋਂ ਤਾਂ ਹੀ ਕੀਤੀ ਜਾਵੇਗੀ, ਜੇਕਰ ਮੌਸਮ ਕਾਰਨ ਰੋਜ਼ਾਨਾ ਮੈਚ ਵਿੱਚ ਵਿਘਨ ਪੈਂਦਾ ਹੈ
- ਲੰਡਨ ''ਚ ਮੈਚ ਦੇ ਤਿੰਨ ਦਿਨਾਂ ਤੱਕ ਮੌਸਮ ਸਾਫ ਰਹਿਣ ਦੀ ਉਮੀਦ ਹੈ, ਪਰ ਚੌਥੇ ਦਿਨ ਦੁਪਹਿਰ ਸਮੇਂ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ। ਪੰਜਵੇਂ ਦਿਨ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ
ਵਿਸ਼ਵ ਟੈਸਟ ਚੈਂਪੀਅਨਸ਼ਿਪ ਜਾਂ ਡਬਲਯੂਟੀਸੀ ਕੀ ਹੈ
ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵਿਸ਼ਵ ਟੈਸਟ ਚੈਂਪੀਅਨਸ਼ਿਪਫਾਈਨਲ ਮੁਕਾਬਲਾ 7 ਜੂਨ, ਬੁੱਧਵਾਰ ਨੂੰ ਲੰਡਨ ਦੇ ਓਵਲ ਮੈਦਾਨ ''ਤੇ ਖੇਡਿਆ ਜਾਵੇਗਾ।
ਟੀ-20 ਅਤੇ ਵੰਨਡੇ ਮੈਚਾਂ ਦੇ ਦੌਰ ਵਿੱਚ ਟੈਸਟ ਕ੍ਰਿਕਟ ਵਿੱਚ ਨਵੀਂ ਜਾਨ ਪਾਉਣ ਲਈ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ ਹੈ।
ਹਾਲਾਂਕਿ ਇਸ ਚੈਂਪੀਅਨਸ਼ਿਪ ਦੀ ਸ਼ੁਰੂਆਤ 2013 ਵਿੱਚ ਹੋਣੀ ਸੀ ਪਰ ਕੁਝ ਕਾਰਨਾਂ ਕਰਕੇ ਅਜਿਹਾ ਨਾ ਹੋ ਸਕਿਆ ਤੇ ਫਿਰ ਸਾਲ 2019 ਵਿੱਚ ਪਹਿਲੀ ਵਾਰ ਇਹ ਸੀਰੀਜ਼ ਖੇਡੀ ਗਈ।
ਇਸ ਦੌਰਾਨ ਦੋ ਸਾਲਾਂ ਦੀ ਮਿਆਦ ਵਿੱਚ ਵੱਖ-ਵੱਖ ਦੇਸ਼ਾਂ ਦੀਆਂ ਅੰਤਰਰਾਸ਼ਟਰੀ ਕ੍ਰਿਕਟ ਟੀਮਾਂ ਵਿਚਕਾਰ ਮੁਕਾਬਲੇ ਹੁੰਦੇ ਹਨ ਅਤੇ ਜਿੱਤ ਹਾਰ ਦੇ ਮੁਤਾਬਕ ਉਨ੍ਹਾਂ ਟੀਮਾਂ ਨੂੰ ਪੁਆਇੰਟਸ ਮਿਲਦੇ ਹਨ।
ਅੰਤ ਵਿੱਚ ਜਿਨ੍ਹਾਂ ਦੋ ਟੀਮਾਂ ਦੇ ਪੁਆਇੰਟ ਸਭ ਤੋਂ ਜ਼ਿਆਦਾ ਹੁੰਦੇ ਹਨ, ਉਨ੍ਹਾਂ ਵਿਚਕਾਰ ਫਾਈਨਲ ਮੈਚ ਖੇਡਿਆ ਜਾਂਦਾ ਹੈ ਅਤੇ ਜੇਤੂ ਟੀਮ ਵਿਸ਼ਵ ਟੈਸਟ ਚੈਂਪੀਅਨ ਬਣ ਜਾਂਦੀ ਹੈ।
ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਪਹਿਲਾ ਖ਼ਿਤਾਬ ਨਿਊਜ਼ੀਲੈਂਡ ਨੇ ਜਿੱਤਿਆ ਸੀ। ਹਾਲਾਂਕਿ ਭਾਰਤ ਉਸ ਵੇਲੇ ਵੀ ਫਾਈਨਲ ਵਿੱਚ ਪਹੁੰਚ ਕੇ ਦੂਜੇ ਸਥਾਨ ''ਤੇ ਰਿਹਾ ਸੀ।
ਹੁਣ ਇੱਕ ਵਾਰ ਫਿਰ ਭਾਰਤੀ ਟੀਮ ਫਾਈਨਲ ਵਿੱਚ ਪਹੁੰਚ ਚੁੱਕੀ ਹੈ ਤੇ ਇਸ ਵਾਰ ਉਨ੍ਹਾਂ ਦਾ ਮੁਕਾਬਲਾ ਆਸਟ੍ਰੇਲੀਆ ਦੀ ਟੀਮ ਨਾਲ ਹੈ।
ਪਰ ਭਾਰਤ ਲਈ ਫਾਈਨਲ ਦੀ ਇਹ ਰਾਹ ਇੰਨੀ ਸੌਖੀ ਨਹੀਂ ਸੀ।
ਆਓ ਜਾਣਦੇ ਹਾਂ ਕਿ ਮੁਸ਼ਕਲ ਭਰੇ ਹਾਲਾਤਾਂ ਦੇ ਬਾਵਜੂਦ ਭਾਰਤੀ ਟੀਮ ਫਾਈਨਲ ਤੱਕ ਕਿਵੇਂ ਪਹੁੰਚੀ...
ਫਾਈਨਲ ਵਿੱਚ ਪਹੁੰਚਣਾ ਬਹੁਤ ਔਖਾ ਲੱਗ ਰਿਹਾ ਸੀ
ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਟੀਮ ਇੰਡੀਆ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ''ਚ ਪਹੁੰਚਣ ''ਚ ਕਾਫੀ ਮੁਸ਼ਕfਲਾਂ ਦਾ ਸਾਹਮਣਾ ਕਰਨਾ ਪਿਆ ਹੈ।
ਇੱਕ ਵੇਲੇ ਤਾਂ ਟੀਮ ਲਈ ਫਾਈਨਲ ਵਿੱਚ ਪਹੁੰਚਣਾ ਬਹੁਤ ਔਖਾ ਲੱਗ ਰਿਹਾ ਸੀ।
ਇਕ ਸਮੇਂ ਭਾਰਤੀ ਟੀਮ ਆਸਟ੍ਰੇਲੀਆ, ਦੱਖਣੀ ਅਫਰੀਕਾ ਅਤੇ ਸ਼੍ਰੀਲੰਕਾ ਤੋਂ ਬਾਅਦ ਚੌਥੇ ਸਥਾਨ ''ਤੇ ਸੀ।
ਉਸ ਸਮੇਂ ਤੱਕ ਆਸਟ੍ਰੇਲੀਆਈ ਟੀਮ ਨੇ 75 ਫੀਸਦੀ ਅੰਕਾਂ ਨਾਲ ਫਾਈਨਲ ਵਿੱਚ ਆਪਣੀ ਥਾਂ ਲਗਭਗ ਪੱਕੀ ਕਰ ਲਈ ਸੀ।
ਜੇਕਰ ਉਹ ਭਾਰਤ ਖ਼ਿਲਾਫ਼ ਪਿਛਲੀ ਸੀਰੀਜ਼ ਦੇ ਸਾਰੇ ਟੈਸਟ ਹਾਰ ਜਾਂਦੇ ਤਾਂ ਵੀ ਉਹ ਫਾਈਨਲ ''ਚ ਪਹੁੰਚ ਜਾਂਦੇ।
ਜਦਕਿ ਭਾਰਤ ਲਈ ਫਾਈਨਲ ''ਚ ਥਾਂ ਬਣਾਉਣ ਲਈ ਸਾਰੇ ਛੇ ਟੈਸਟ ਜਿੱਤਣੇ ਜ਼ਰੂਰੀ ਸਨ।
ਇੱਕ ਵੀ ਹਾਰ ਟੀਮ ਇੰਡੀਆ ਲਈ ਭਾਰੀ ਪੈ ਸਕਦੀ ਸੀ।
ਭਾਰਤ ਨੇ ਬੰਗਲਾਦੇਸ਼ ਤੋਂ ਸੀਰੀਜ਼ 2-0 ਨਾਲ ਜਿੱਤਣ ਤੋਂ ਬਾਅਦ ਆਸਟ੍ਰੇਲੀਆ ਦੇ ਖ਼ਿਲਾਫ਼ ਪਹਿਲੇ ਦੋ ਟੈਸਟ ਜਿੱਤ ਕੇ ਆਪਣੀਆਂ ਉਮੀਦਾਂ ਮਜ਼ਬੂਤ ਕਰ ਲਈਆਂ ਸਨ।
ਪਰ ਇੰਦੌਰ ''ਚ ਭਾਰਤ ਆਸਟ੍ਰੇਲੀਆ ਤੋਂ ਹਾਰ ਗਿਆ, ਇਸ ਨਾਲ ਟੀਮ ਦੇ ਸਾਹਮਣੇ ਸੰਕਟ ਦੀ ਸਥਿਤੀ ਪੈਦਾ ਹੋ ਗਈ।
ਨਿਊਜ਼ੀਲੈਂਡ ਨੇ ਸ਼੍ਰੀਲੰਕਾ ਨੂੰ ਟੈਸਟ ਸੀਰੀਜ਼ ''ਚ 2-0 ਨਾਲ ਹਰਾ ਦਿੱਤਾ ਅਤੇ ਇਹ ਸਥਿਤੀ ਭਾਰਤੀ ਟੀਮ ਲਈ ਫਾਇਦੇਮੰਦ ਸਾਬਤ ਹੋਈ ਅਤੇ ਉਹ ਆਖ਼ਰੀ ਟੈਸਟ ਖੇਡਣ ਤੋਂ ਪਹਿਲਾਂ ਹੀ ਫਾਈਨਲ ਵਿੱਚ ਪਹੁੰਚ ਗਏ।
ਇੰਦੌਰ ਟੈਸਟ ਨੇ ਵਧਾਈਆਂ ਮੁਸ਼ਕਲਾਂ
ਭਾਰਤ ਲਈ ਇੰਦੌਰ ਦੇ ਹੋਲਕਰ ਸਟੇਡੀਅਮ ਦੀ ਵਿਕਟ ਆਮ ਤੌਰ ''ਤੇ ਚੰਗੀ ਮੰਨੀ ਜਾਂਦੀ ਹੈ। ਪਰ ਆਸਟ੍ਰੇਲੀਆ ਦੇ ਖ਼ਿਲਾਫ਼ ਤੀਜੇ ਟੈਸਟ ''ਚ ਵਿਕਟ ਦੇ ਵਿਵਹਾਰ ਨੇ ਸਭ ਨੂੰ ਹੈਰਾਨ ਕਰ ਦਿੱਤਾ।
ਦਿਲਚਸਪ ਗੱਲ ਇਹ ਹੈ ਕਿ ਆਸਟ੍ਰੇਲੀਆ ਨੇ ਇਹ ਟੈਸਟ ਤੇਜ਼ ਗੇਂਦਬਾਜ਼ਾਂ ਦੀ ਬਜਾਏ ਸਪਿਨ ਗੇਂਦਬਾਜ਼ੀ ਦੇ ਦਮ ''ਤੇ ਜਿੱਤਿਆ ਅਤੇ ਨੈਥਨ ਲਿਓਨ ਉਨ੍ਹਾਂ ਦੀ ਜਿੱਤ ਦੇ ਹੀਰੋ ਰਹੇ।
ਨੈਥਨ ਲਿਓਨ ਨੇ ਆਪਣੀ ਸ਼ਾਨਦਾਰ ਸਪਿਨ ਦੇ ਦਮ ''ਤੇ ਭਾਰਤ ਨੂੰ ਦੋਵੇਂ ਪਾਰੀਆਂ ''ਚ 200 ਦੌੜਾਂ ਦੇ ਅੰਕੜੇ ਨੂੰ ਛੂਹਣ ਤੱਕ ਨਹੀਂ ਦਿੱਤਾ। ਉਨ੍ਹਾਂ ਨੇ ਇਸ ਟੈਸਟ ਵਿੱਚ 99 ਦੌੜਾਂ ਦੇ ਕੇ 11 ਵਿਕਟਾਂ ਲਈਆਂ।
ਭਾਰਤ ਨਾ ਸਿਰਫ ਇਹ ਟੈਸਟ ਹਾਰਿਆ, ਸਗੋਂ ਆਈਸੀਸੀ ਨੇ ਵੀ ਇੰਦੌਰ ਦੀ ਵਿਕਟ ਨੂੰ ਮਾੜੀ ਰੇਟਿੰਗ ਦੇ ਦਿੱਤੀ।
ਪਰ ਭਾਰਤੀ ਕ੍ਰਿਕਟ ਬੋਰਡ ਨੇ ਆਈਸੀਸੀ ਦੇ ਇਸ ਫੈਸਲੇ ''ਤੇ ਇਤਰਾਜ਼ ਜਤਾਇਆ ਅਤੇ ਬਾਅਦ ''ਚ ਇਸ ਰੇਟਿੰਗ ''ਚ ਸੁਧਾਰ ਕਰ ਦਿੱਤਾ ਗਿਆ।
ਪਰ ਭਾਰਤ ਆਪਣੇ ਹੀ ਘਰ ਵਿੱਚ ਵਿਰੋਧੀ ਟੀਮ ਦੇ ਸਪਿਨ ਗੇਂਦਬਾਜ਼ਾਂ ਹੱਥੋਂ ਮਿਲੀ ਇਸ ਹਾਰ ਨੂੰ ਸਾਲਾਂ-ਬੱਧੀ ਯਾਦ ਰੱਖੇਗਾ।
ਇਸ ਟੈਸਟ ਦੀ ਇਕ ਹੋਰ ਖਾਸ ਗੱਲ ਇਹ ਸੀ ਕਿ ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨਿੱਜੀ ਕਾਰਨਾਂ ਕਰਕੇ ਆਪਣੇ ਦੇਸ਼ ਪਰਤ ਗਏ ਸਨ ਅਤੇ ਟੀਮ ਦੀ ਕਪਤਾਨੀ ਸਟੀਵ ਸਮਿਥ ਨੇ ਕੀਤੀ ਸੀ।
ਚੇਤੇਸ਼ਵਰ ਪੁਜਾਰਾ ਨੇ 100ਵਾਂ ਟੈਸਟ ਯਾਦਗਾਰ ਬਣਾਇਆ
ਦਿੱਲੀ ਵਿੱਚ ਆਸਟ੍ਰੇਲੀਆ ਖ਼ਿਲਾਫ਼ ਖੇਡੇ ਗਏ ਦੂਜੇ ਟੈਸਟ ਵਿੱਚ ਵੀ ਗੇਂਦਬਾਜ਼ਾਂ ਦਾ ਦਬਦਬਾ ਰਿਹਾ। ਚੇਤੇਸ਼ਵਰ ਪੁਜਾਰਾ ਆਪਣੇ ਸੌਵੇਂ ਟੈਸਟ ਦੀ ਦੂਜੀ ਪਾਰੀ ''ਚ ਜੇਤੂ ਚੌਕਾ ਲਗਾ ਕੇ ਭਾਰਤ ਲਈ ਇਸ ਟੈਸਟ ਜਿੱਤ ਨੂੰ ਯਾਦਗਾਰ ਬਣਾਉਣ ''ਚ ਕਾਮਯਾਬ ਰਹੇ।
ਹਾਲਾਂਕਿ ਪਹਿਲੀ ਪਾਰੀ ''ਚ ਖਾਤਾ ਖੋਲ੍ਹਣ ''ਚ ਨਾਕਾਮ ਰਹੇ ਪੁਜਾਰਾ ਨੇ ਦੂਜੀ ਪਾਰੀ ''ਚ ਮੁਸ਼ਕਿਲ ਹਾਲਾਤ ''ਚ ਵੀ ਵਿਕਟ ''ਤੇ ਡਟੇ ਰਹੇ ਅਤੇ ਨਾਬਾਦ 31 ਦੌੜਾਂ ਬਣਾਈਆਂ।
ਪਰ ਹਾਲਾਤ ਨੂੰ ਦੇਖਦਿਆਂ ਇਹ ਦੌੜਾਂ ਹਮੇਸ਼ਾ ਯਾਦ ਰੱਖੀਆਂ ਜਾਣਗੀਆਂ।
ਸਹੀ ਅਰਥਾਂ ''ਚ ਭਾਰਤ ਦੀ ਇਸ ਟੈਸਟ ਜਿੱਤ ਨੇ ਫਾਈਨਲ ''ਚ ਪਹੁੰਚਣ ''ਚ ਅਹਿਮ ਯੋਗਦਾਨ ਪਾਇਆ ਹੈ।
ਇਸ ਟੈਸਟ ਨੂੰ ਰਵਿੰਦਰ ਜਡੇਜਾ ਦੇ ਯੋਗਦਾਨ ਲਈ ਵੀ ਯਾਦ ਰੱਖਿਆ ਜਾਵੇਗਾ, ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਤਿੰਨ ਅਤੇ ਦੂਜੀ ਵਿੱਚ ਸੱਤ ਵਿਕਟਾਂ ਲੈ ਕੇ ਕੁੱਲ 10 ਵਿਕਟਾਂ ਲਈਆਂ।
ਰਵਿੰਦਰ ਜਡੇਜਾ ਨੂੰ ਦੂਜੇ ਸਿਰੇ ਤੋਂ ਸਾਥੀ ਸਪਿਨਰ ਰਵੀਚੰਦਰਨ ਅਸ਼ਵਿਨ ਦਾ ਵੀ ਪੂਰਾ ਸਹਿਯੋਗ ਮਿਲਿਆ। ਦੋਵਾਂ ਦੀ ਜੋੜੀ ਨੇ ਭਾਰਤ ਨੂੰ ਜਿੱਤ ਦਿਵਾਈ।
ਇਸ ਸੀਰੀਜ਼ ਨਾਲ ਮੁੜ ਰੰਗਤ ''ਚ ਆਏ ਵਿਰਾਟ
ਭਾਰਤ ਨੇ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਇਸ ਐਡੀਸ਼ਨ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ।
ਪਰ ਬਾਅਦ ਵਿੱਚ, ਛੋਟੇ ਫਾਰਮੈਟ ਦੀ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ, ਉਨ੍ਹਾਂ ਨੇ ਟੈਸਟ ਕਪਤਾਨੀ ਵੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਕਾਫੀ ਸਮੇਂ ਤੱਕ ਫਾਰਮ ਵਿੱਚ ਨਜ਼ਰ ਨਹੀਂ ਆਏ।
ਉਨ੍ਹਾਂ ਨੇ ਅਹਿਮਦਾਬਾਦ ''ਚ ਖੇਡੇ ਗਏ ਇਸ ਸੀਰੀਜ਼ ਦੇ ਆਖ਼ਰੀ ਟੈਸਟ ''ਚ 186 ਦੌੜਾਂ ਬਣਾ ਕੇ ਫ਼ਾਰਮ ''ਚ ਵਾਪਸੀ ਕੀਤੀ।
ਵਿਰਾਟ ਕੋਹਲੀ ਨੇ ਇਸ ਸਾਲ ਮਾਰਚ ''ਚ ਇਹ ਸੈਂਕੜਾ ਜੜਿਆ, ਜੋ ਕਰੀਬ ਸਾਢੇ ਤਿੰਨ ਸਾਲ ਬਾਅਦ ਉਨ੍ਹਾਂ ਦੇ ਬੱਲੇ ਤੋਂ ਨਿਕਲਿਆ ਸੀ।
ਉਸ ਨੇ ਇਸ ਤੋਂ ਪਹਿਲਾਂ ਨਵੰਬਰ 2019 ਵਿੱਚ ਈਡਨ ਗਾਰਡਨ ਵਿੱਚ ਖੇਡੇ ਗਏ ਟੈਸਟ ਵਿੱਚ ਬੰਗਲਾਦੇਸ਼ ਖ਼ਿਲਾਫ਼ ਸੈਂਕੜਾ ਲਗਾਇਆ ਸੀ।
ਭਾਰਤੀ ਮੁਹਿੰਮ ਦੀ ਚੰਗੀ ਸ਼ੁਰੂਆਤ
ਭਾਰਤ ਨੇ ਇਸ ਚੈਂਪੀਅਨਸ਼ਿਪ ਲਈ ਆਪਣੀ ਮੁਹਿੰਮ ਦੀ ਸ਼ੁਰੂਆਤ 4 ਤੋਂ 8 ਅਗਸਤ, 2021 ਤੱਕ ਇੰਗਲੈਂਡ ਖ਼ਿਲਾਫ਼ ਟ੍ਰੇਂਟ ਬ੍ਰਿਜ ''ਚ ਟੈਸਟ ਖੇਡ ਕੇ ਕੀਤੀ ਸੀ।
ਬੇਸ਼ੱਕ ਇਹ ਟੈਸਟ ਡਰਾਅ ਰਿਹਾ ਪਰ ਭਾਰਤੀ ਟੀਮ ਇੰਗਲੈਂਡ ''ਤੇ ਦਬਾਅ ਬਣਾਉਣ ''ਚ ਸਫਲ ਰਹੀ।
ਜੇਕਰ ਭਾਰਤ ਇਹ ਟੈਸਟ ਜਿੱਤ ਜਾਂਦਾ ਤਾਂ ਉਸ ਦੀ ਮੁਹਿੰਮ ਦੀ ਸ਼ੁਰੂਆਤ 2-2 ਨਾਲ ਡਰਾਅ ਦੀ ਬਜਾਏ ਸੀਰੀਜ਼ ਜਿੱਤ ਨਾਲ ਸ਼ੁਰੂ ਹੁੰਦੀ।
ਇਹ ਡਰਾਅ ਟੈਸਟ ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਯਾਦ ਕੀਤਾ ਜਾਵੇਗਾ। ਉਨ੍ਹਾਂ ਨੇ ਇਸ ਟੈਸਟ ਵਿੱਚ 110 ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ ਸਨ।
ਉਂਝ ਵੀ ਉਹ ਇਸ ਸੀਰੀਜ਼ ''ਚ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ। ਉਨ੍ਹਾਂ ਨੇ ਚਾਰ ਟੈਸਟਾਂ ਦੀ ਸੀਰੀਜ਼ ਵਿੱਚ 23 ਵਿਕਟਾਂ ਲਈਆਂ।
ਇਸ ਸੀਰੀਜ਼ ਦੇ ਕੁਝ ਸਮੇਂ ਬਾਅਦ ਹੀ ਬੁਮਰਾਹ ਨੂੰ ਸੱਟ ਲੱਗਣ ਕਾਰਨ ਭਾਰਤੀ ਮੁਹਿੰਮ ਨੂੰ ਵੱਡਾ ਝਟਕਾ ਲੱਗਾ।
ਇਸ ਸੀਰੀਜ਼ ''ਚ ਰੋਹਿਤ ਸ਼ਰਮਾ ਦਾ ਬੱਲਾ ਵੀ ਚਮਕਿਆ ਅਤੇ ਉਨ੍ਹਾਂ ਨੇ ਇੱਕ ਸੈਂਕੜੇ ਸਮੇਤ 364 ਦੌੜਾਂ ਬਣਾਈਆਂ।
ਭਾਰਤ ਨੂੰ ਇਕਲੌਤਾ ਝਟਕਾ ਦੱਖਣੀ ਅਫ਼ਰੀਕਾ ਤੋਂ ਮਿਲਿਆ
ਭਾਰਤ ਦੇ ਦੱਖਣੀ ਅਫ਼ਰੀਕਾ ਦੌਰੇ ਤੋਂ ਪਹਿਲਾਂ ਹੀ ਵਿਰਾਟ ਨੇ ਟੈਸਟ ਕਪਤਾਨੀ ਛੱਡ ਦਿੱਤੀ ਸੀ ਅਤੇ ਰੋਹਿਤ ਸ਼ਰਮਾ ਨੂੰ ਸਾਰੇ ਫਾਰਮੈਟਾਂ ਦਾ ਕਪਤਾਨ ਬਣਾ ਦਿੱਤਾ ਗਿਆ ਸੀ।
ਪਰ ਉਨ੍ਹਾਂ ਨੂੰ ਸੱਟ ਲੱਗਣ ਤੋਂ ਬਾਅਦ ਇਹ ਜ਼ਿੰਮੇਵਾਰੀ ਕੇਐੱਲ ਰਾਹੁਲ ਨੂੰ ਦੇ ਦਿੱਤੀ ਗਈ। ਇਸ ਸੀਰੀਜ਼ ''ਚ ਨਵੇਂ ਕੋਚ ਰਾਹੁਲ ਦ੍ਰਾਵਿੜ ਦੀ ਵੀ ਪ੍ਰੀਖਿਆ ਦਾ ਸਮਾਂ ਸੀ।
ਕੇਐੱਲ ਰਾਹੁਲ ਨੇ ਆਪਣੇ ਸੈਂਕੜੇ ਦੇ ਦਮ ''ਤੇ ਭਾਰਤ ਲਈ ਸੈਂਚੁਰੀਅਨ ''ਚ ਖੇਡਿਆ ਗਿਆ ਪਹਿਲਾ ਟੈਸਟ ਜਿੱਤਣ ''ਚ ਮਦਦ ਕੀਤੀ। ਪਰ ਭਾਰਤ ਨੂੰ ਬਾਕੀ ਦੋ ਟੈਸਟ ਹਾਰਨ ਕਾਰਨ ਸੀਰੀਜ਼ ਗੁਆਉਣੀ ਪਈ।
ਦੱਖਣੀ ਅਫ਼ਰੀਕਾ ਖ਼ਿਲਾਫ਼ ਇਸ ਸੀਰੀਜ਼ ''ਚ ਮਿਲੀ ਹਾਰ ਨੇ ਭਾਰਤ ਦੀ ਮੁਹਿੰਮ ਨੂੰ ਵੱਡਾ ਝਟਕਾ ਦਿੱਤਾ।
ਪਰ ਭਾਰਤੀ ਟੀਮ ਨਿਊਜ਼ੀਲੈਂਡ ਤੋਂ 1-0, ਸ਼੍ਰੀਲੰਕਾ ਤੋਂ 2-0 ਅਤੇ ਬੰਗਲਾਦੇਸ਼ ਤੋਂ 2-0 ਨਾਲ ਸੀਰੀਜ਼ ਜਿੱਤ ਕੇ ਆਪਣੀ ਮੁਹਿੰਮ ਨੂੰ ਲੀਹ ''ਤੇ ਲਿਆਉਣ ''ਚ ਕਾਮਯਾਬ ਰਹੀ।
ਭਾਰਤ ਨੇ ਇਸ ਚੈਂਪੀਅਨਸ਼ਿਪ ਵਿੱਚ 18 ਟੈਸਟ ਖੇਡੇ ਅਤੇ 10 ਵਿੱਚ ਜਿੱਤ, 5 ਵਿੱਚ ਹਾਰ ਅਤੇ 3 ਮੈਚ ਡਰਾਅ ਰਹੇ। ਭਾਰਤ ਨੇ 58.8 ਫੀਸਦੀ ਅੰਕ ਬਣਾਏ ਅਤੇ ਆਸਟ੍ਰੇਲੀਆ ਤੋਂ ਬਾਅਦ ਦੂਜੇ ਸਥਾਨ ''ਤੇ ਰਿਹਾ।
ਜੇਕਰ ਸ਼੍ਰੀਲੰਕਾ ਨੇ ਘਰੇਲੂ ਮੈਦਾਨ ''ਤੇ ਨਿਊਜ਼ੀਲੈਂਡ ਖਿਲਾਫ 2-0 ਨਾਲ ਸੀਰੀਜ਼ ਜਿੱਤ ਲਈ ਹੁੰਦੀ ਤਾਂ ਭਾਰਤ ਫਾਈਨਲ ਦੀ ਦੌੜ ਤੋਂ ਬਾਹਰ ਹੋ ਜਾਂਦਾ।
ਪਰ ਨਿਊਜ਼ੀਲੈਂਡ ਨੇ ਦੋਵੇਂ ਟੈਸਟ ਜਿੱਤ ਕੇ ਨਾ ਸਿਰਫ ਸੀਰੀਜ਼ ਜਿੱਤੀ ਸਗੋਂ ਭਾਰਤ ਦਾ ਫਾਈਨਲ ਤੱਕ ਦਾ ਰਾਹ ਵੀ ਆਸਾਨ ਕਰ ਦਿੱਤਾ।
ਟੀਮ ਨੂੰ ਫਾਈਨਲ ਤੱਕ ਪਹੁੰਚਾਉਣ ਵਿੱਚ ਦਿੱਗਜ ਬੱਲੇਬਾਜ਼ਾਂ ਦੀ ਚੌਕੜੀ ਭਾਵ ਪੁਜਾਰਾ, ਵਿਰਾਟ, ਰੋਹਿਤ ਅਤੇ ਕੇਐਲ ਰਾਹੁਲ ਨੇ ਅਹਿਮ ਭੂਮਿਕਾ ਨਿਭਾਈ ਹੈ।
ਪੁਜਾਰਾ ਨੇ ਸਭ ਤੋਂ ਵੱਧ 887 ਦੌੜਾਂ ਬਣਾਈਆਂ ਹਨ। ਵਿਰਾਟ ਨੇ 869, ਰੋਹਿਤ ਨੇ 700 ਅਤੇ ਕੇਐਲ ਰਾਹੁਲ ਨੇ 636 ਦੌੜਾਂ ਬਣਾਈਆਂ ਹਨ।
ਪਰ ਗੇਂਦਬਾਜ਼ੀ ਵਿੱਚ ਅਸ਼ਵਿਨ ਦਾ ਯੋਗਦਾਨ ਸਭ ਤੋਂ ਮਹੱਤਵਪੂਰਨ ਰਿਹਾ ਹੈ। ਉਨ੍ਹਾਂ ਨੇ ਸਭ ਤੋਂ ਵੱਧ 61 ਵਿਕਟਾਂ ਲਈਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ।)
ਰੇਲਵੇ ਹਾਦਸਿਆਂ ''ਚ ਮੌਤ ਜਾਂ ਜ਼ਖ਼ਮੀ ਹੋਣ ਦੀ ਸੂਰਤ ਵਿੱਚ ਕਿਸ ਨੂੰ ਤੇ ਕਿਵੇਂ ਮਿਲਦੀ ਹੈ ਬੀਮਾ ਰਾਸ਼ੀ
NEXT STORY