ਐਪਲ ਨੇ ਕਾਫ਼ੀ ਦੇਰ ਬਾਅਦ ਆਸ ਮੁਤਾਬਕ ਸੋਧਿਆ ਹੋਇਆ ਰਿਐਲਿਟੀ ਹੈੱਡਸੈੱਟ, ਐਪਲ ਵਿਜ਼ਨ ਪ੍ਰੋ ਜਾਰੀ ਕਰ ਦਿੱਤਾ ਹੈ। ਇਹ ਲਗਭਗ ਇੱਕ ਦਹਾਕੇ ਵਿੱਚ ਐਪਲ ਦਾ ਪਹਿਲਾ ਵੱਡਾ ਹਾਰਡਵੇਅਰ ਲਾਂਚ ਹੋਵੇਗਾ।
ਐਪਲ ਦੇ ਸੀਈਓ ਟਿਮ ਕੁੱਕ ਨੇ ਕਿਹਾ ਹੈ ਕਿ ''ਇਹ ਨਵਾਂ ਹੈੱਡਸੈੱਟ ਵਰਚੁਅਲ ਦੁਨੀਆਂ ਅਤੇ ਅਸਲ ਦੁਨੀਆਂ ਨੂੰ ਬਹੁਤ ਆਸਾਨੀ ਨਾਲ ਮਿਲਾਉਂਦਾ ਹੈ''।
ਟੌਪ ਦੀ ਟੈਕਨਾਲੋਜੀ ਕੰਪਨੀ ਐਪਲ ਨੇ ਆਈਫੋਨ ਲਈ ਨਵਾਂ ਆਪਰੇਟਿੰਗ ਸਿਸਟਮ ਅਤੇ ਮੈਕਬੁੱਕ ਏਅਰ ਲੈਪਟਾਪ ਲਈ ਅਪਡੇਟ ਵੀ ਪੇਸ਼ ਕੀਤਾ ਹੈ।
ਇਹ ਹੈੱਡਸੈੱਟ ਇੱਕ ਵਾਰ ਚਾਰਜ ਹੋਣ ''ਤੇ ਦੋ ਘੰਟੇ ਚੱਲ ਸਕੇਗਾ।
ਇਸ ਦੀ ਕੀਮਤ 3499 ਡਾਲਰ ਭਾਵ ਕਰੀਬ 2 ਲੱਖ 80 ਹਜ਼ਾਰ ਰੁਪਏ ਰੱਖੀ ਗਈ ਹੈ। ਇਸ ਨੂੰ ਅਗਲੇ ਸਾਲ ਦੀ ਸ਼ੁਰੂਆਤ ''ਚ ਅਮਰੀਕੀ ਬਾਜ਼ਾਰ ''ਚ ਉਤਾਰਿਆ ਜਾਵੇਗਾ।
ਐਪਲ ਦੇ ਇਸ ਹੈੱਡਸੈੱਟ ਦੀ ਕੀਮਤ ਬਾਜ਼ਾਰ ''ਚ ਪਹਿਲਾਂ ਤੋਂ ਮੌਜੂਦ ਅਜਿਹੇ ਹੈੱਡਸੈੱਟ ਤੋਂ ਕਈ ਗੁਣਾ ਜ਼ਿਆਦਾ ਹੈ।
ਸਿਰਫ ਪਿਛਲੇ ਹਫ਼ਤੇ ਹੀ ਮੈਟਾ ਨੇ ਆਪਣਾ ਹੈੱਡਸੈੱਟ ਕੁਐਸਟ ਲਾਂਚ ਕੀਤਾ ਹੈ, ਜਿਸ ਦੀ ਕੀਮਤ 449 ਡਾਲਰ ਰੱਖੀ ਗਈ ਹੈ।
ਐਪਲ ਨੇ ਜਨਰੇਟਿਵ ਆਰਟੀਫਿਸ਼ੀਅਲ ਇੰਟੈਲੀਜੈਂਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਹੈ।
ਪਰ ਇਹ ਨਵੀਂ ਤਕਨੀਕ ਫਿਲਹਾਲ ਸਿਲੀਕਾਨ ਵੈਲੀ ''ਚ ਚਰਚਾ ਦਾ ਕੇਂਦਰ ਬਣੀ ਹੋਈ ਹੈ।
ਕੈਲੀਫੋਰਨੀਆ ਦੇ ਕੂਪਰਟੀਨੋ ਵਿੱਚ ਕੰਪਨੀ ਦੇ ਮੁੱਖ ਦਫਤਰ ਐਪਲ ਪਾਰਕ ਵਿੱਚ ਐਲਾਨ ਦੇ ਸਮੇਂ ਕੰਪਨੀ ਦੇ ਸ਼ੇਅਰਾਂ ਵਿੱਚ ਹਲਕੀ ਗਿਰਾਵਟ ਆਈ।
ਬੀਬੀਸੀ ਟੀਮ ਵੀ ਲਾਂਚ ਈਵੈਂਟ ਵਿੱਚ ਮੌਜੂਦ ਸੀ, ਪਰ ਅਜੇ ਤੱਕ ਇਸ ਨੇ ਡਿਵਾਈਸ ਦਾ ਪ੍ਰੀਖਣ ਨਹੀਂ ਕੀਤਾ ਹੈ।
''ਸਕਾਈ ਗੌਗਲਸ''
ਐਪਲ ਦੇ ਵਿਜ਼ਨ ਪ੍ਰੋ ਬਾਜ਼ਾਰ ਵਿੱਚ ਮੌਜੂਦ ਅਜਿਹੇ ਹੀ ਹੋਰ ਹੈੱਡਸੈੱਟਾਂ ਤੋਂ ਕੁਝ ਵੱਖਰੇ ਹਨ।
ਦੇਖਣ ਵਿੱਚ ਇਹ ਵਰਚੁਅਲ ਰਿਐਲਿਟੀ ਹੈੱਡਸੈੱਟ ਨਾਲੋਂ ਸਕੀਇੰਗ ਗੋਗਲਜ਼ ਵਰਗੇ ਜ਼ਿਆਦਾ ਲੱਗਦੇ ਹਨ।
ਐਪਲ ਨੇ ਇਸ ਨਵੇਂ ਡਿਵਾਈਸ ਦੀ ਜਾਣਕਾਰੀ ਦਿੰਦਿਆਂ ਹੋਇਆਂ ''ਔਗਮੈਂਟੇਡ ਰਿਐਲਿਟੀ'' (ਸੋਧਿਆ ਹੋਇਆ ਉੱਚ ਪੱਧਰੀ ) ਸ਼ਬਦ ਦੀ ਵਰਤੋਂ ਕੀਤੀ ਹੈ।
ਔਗਮੈਂਟੇਡ ਰਿਐਲਿਟੀ ਇੱਕ ਅਜਿਹੀ ਤਕਨੀਕ ਹੈ, ਜਿਸ ਵਿੱਚ ਸਾਡੇ ਆਲੇ-ਦੁਆਲੇ ਦੀ ਦੁਨੀਆਂ ਵਿੱਚ ਵਰਚੂਅਲ (ਆਭਾਸੀ) ਵਸਤੂਆਂ ਨੂੰ ਰੱਖ ਦਿੱਤਾ ਜਾਂਦਾ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਇੱਕ ਸਕਰੀਨ ਰਾਹੀਂ ਦੇਖਿਆ ਜਾਂਦਾ ਹੈ, ਤਾਂ ਮਿਸ਼ਰਤ ਹਕੀਕਤ ਦਿਖਾਈ ਦਿੰਦੀ ਹੈ, ਜਿਸ ਵਿੱਚ ਅਸਲ ਚੀਜ਼ਾਂ ਤੋਂ ਇਲਾਵਾ ਵਰਚੂਅਲ ਚੀਜ਼ਾਂ ਵੀ ਹੁੰਦੀਆਂ ਹਨ।
ਉਪਭੋਗਤਾ ਇੱਕ ਵਰਚੂਅਲ ਸੰਸਾਰ ਵਿੱਚ ਫਿਲਮਾਂ ਦੇਖ ਸਕਦੇ ਹਨ, ਐਪਸ ਦੀ ਵਰਤੋਂ ਕਰ ਸਕਦੇ ਹਨ ਜਾਂ ਦਸਤਾਵੇਜ਼ ਲਿਖ ਸਕਦੇ ਹਨ।
ਪਰ ਅਜੇ ਤੱਕ ਅਜਿਹੀ ਤਕਨਾਲੋਜੀ ਲਈ ਕਿਸੇ ਵੱਡੇ ਬਾਜ਼ਾਰ ਦੀ ਉਪਲੱਬਧਤਾ ਦੇ ਸਬੂਤ ਨਹੀਂ ਹਨ।
ਮੈਕਰੂਮਰਜ਼ ਦੇ ਸੀਨੀਅਰ ਸੰਪਾਦਕ ਹਾਰਟਲੇ ਚਾਰਲਟਨ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਯਕੀਨੀ ਨਹੀਂ ਹਨ ਕਿ ਇਹ ਨਵਾਂ ਹੈੱਡਸੈੱਟ ਜਨਤਾ ਨੂੰ ਕਿੰਨਾ ਆਕਰਸ਼ਿਤ ਕਰ ਸਕੇਗਾ।
ਉਹ ਕਹਿੰਦੇ ਹਨ, "ਇਹ ਆਮ ਉਪਭੋਗਤਾਵਾਂ ਨੂੰ ਜ਼ਿਆਦਾ ਆਕਰਸ਼ਿਤ ਨਹੀਂ ਕਰੇਗਾ ਕਿਉਂਕਿ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਇਹ ਫਰਸਟ ਜੈਨਰੇਸ਼ਨ ਡਿਵਾਈਸ ਹੈ, ਜਿਸ ਦੀਆਂ ਆਪਣੀਆਂ ਕਮੀਆਂ ਵੀ ਹੋਣਗੀਆਂ, ਜਿਵੇਂ ਕਿ ਇਸ ਦਾ ਬੈਟਰੀ ਪੈਕ ਵੱਖਰੇ ਤੌਰ ''ਤੇ ਤਾਰ ਨਾਲ ਜੁੜਿਆ ਹੋਇਆ ਹੈ।''''
ਉਹ ਇਹ ਵੀ ਕਹਿੰਦੇ ਹਨ ਕਿ ਐਪਲ ਨੇ ਹਮੇਸ਼ਾ ਆਪਣੇ ਡਿਵਾਈਸਾਂ ਨੂੰ ਲੈ ਕੇ ''ਖਦਸ਼ਿਆਂ ਨੂੰ ਗਲਤ ਸਾਬਤ ਕੀਤਾ ਹੈ'' ਅਤੇ ਇਸ ਕੰਪਨੀ ਦਾ ਇਤਿਹਾਸ ਹੈ ਕਿ ਇਹ ਲੋਕਾਂ ਨੂੰ ਆਪਣੇ ਵੱਲ ਖਿੱਚ ਹੀ ਲੈਂਦੀ ਹੈ ਅਤੇ ਲੋਕ ਇਸ ਦੇ ਡਿਵਾਈਸਾਂ ਦੇ ਦਿਖਾਵੇ ਲਈ ਆਪਣਾ ਪੈਸਾ ਖਰਚ ਕਰ ਹੀ ਦਿੰਦੇ ਹਨ।
ਟਿਮ ਕੁੱਕ ਨੇ ਇਸ ਡਿਵਾਈਸ ਬਾਰੇ ਦੱਸਿਆ ਕਿ ਇਹ ਹੈੱਡਸੈੱਟ ਲੋਕਾਂ ਨੂੰ ਡਿਜੀਟਲ ਸਮੱਗਰੀ ਨੂੰ ਇਸ ਤਰ੍ਹਾਂ ਦੇਖਣ, ਸੁਣਨ ਅਤੇ ਇੰਟਰੈਕਟ ਕਰਨ ਦਾ ਮੌਕਾ ਦਿੰਦਾ ਹੈ, ਜਿਵੇਂ ਇਹ ਉਨ੍ਹਾਂ ਦੀ ਅਸਲ ਦੁਨੀਆਂ ਦਾ ਹਿੱਸਾ ਹੋਵੇ।
ਇਸ ਡਿਵਾਈਸ ਨੂੰ ਹੱਥਾਂ, ਅੱਖਾਂ ਅਤੇ ਆਵਾਜ਼ ਨਾਲ ਕੰਟਰੋਲ ਕੀਤਾ ਜਾਂਦਾ ਹੈ।
ਉਦਾਹਰਨ ਲਈ, ਉਂਗਲਾਂ ਨੂੰ ਛੂਹ ਕੇ ਜਾਂ ਹਿਲਾ ਕੇ ਸਮੱਗਰੀ ਨੂੰ ਸਕ੍ਰੋਲ ਕੀਤਾ ਜਾ ਸਕਦਾ ਹੈ।
ਐਪਲ ਦਾ ਐਲਾਨ ਅਤੇ ਲੇਨੋਵੋ ਦੁਆਰਾ ਆਪਣੇ ਪਹਿਲਾਂ ਤੋਂ ਮੌਜੂਦ ਵਰਚੁਅਲ ਰਿਐਲਿਟੀ ਹੈੱਡਸੈੱਟਾਂ ਦੇ ਨਵੇਂ ਸੰਸਕਰਣਾਂ ਨੂੰ ਪੇਸ਼ ਕਰਨ ਤੋਂ ਇੱਕ ਹਫ਼ਤੇ ਬਾਅਦ ਆਈ ਹੈ। ਮੇਟਾ ਅਤੇ ਲੇਨੋਵੋ ਦੇ ਹੈੱਡਸੈੱਟ ਅਸਲ ਸੰਸਾਰ ਦੇ ਦ੍ਰਿਸ਼ ਵਿੱਚ ਕਿਸੇ ਵੀ ਵਰਚੁਅਲ ਵਸਤੂਆਂ ਨੂੰ ਨਹੀਂ ਮਿਲਾਉਂਦੇ।
ਮੇਟਾ ਨੇ ਵੀ ਮਿਕਸਡ ਰਿਐਲਿਟੀ ਸਪੇਸ ਵਿੱਚ ਨਿਵੇਸ਼ ਵੀ ਕੀਤਾ ਹੈ, ਪਰ ਇਸ ਸਮੇਂ ਇਹ ਸੈਕਟਰ ਸੰਘਰਸ਼ ਕਰ ਰਿਹਾ ਹੈ।
ਇੰਟਰਨੈਸ਼ਨਲ ਡੇਟਾ ਕਾਰਪੋਰੇਸ਼ਨ ਮੁਤਾਬਕ, ਪਿਛਲੇ ਸਾਲ ਹੈੱਡਸੈੱਟ ਬਾਜ਼ਾਰ ''ਚ 54 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।
ਐਪਲ ਨੇ ਇਸ ਤੋਂ ਪਹਿਲਾਂ ਸਾਲ 2015 ''ਚ ਪ੍ਰਮੁੱਖ ਹਾਰਡਵੇਅਰ ਡਿਵਾਈਸ ਐਪਲ ਵਾਚ ਲਾਂਚ ਕੀਤੀ ਸੀ।
ਖੋਜਕਰਤਾ ਥਾਮਸ ਹਿਊਸਨ ਦਾ ਕਹਿਣਾ ਹੈ ਕਿ ਇਸ ਨਵੇਂ ਡਿਵਾਈਸ ਨੂੰ ਬਾਜ਼ਾਰ ''ਚ ਆਪਣੀ ਜਗ੍ਹਾ ਬਣਾਉਣ ''ਚ ਕੁਝ ਸਮਾਂ ਲੱਗ ਸਕਦਾ ਹੈ।
ਉਹ ਕਹਿੰਦੇ ਹਨ, “ਪਿਛਲੇ ਕੁਝ ਸਾਲਾਂ ਵਿੱਚ ਏਆਰ/ਵੀਆਰ ਸਪੇਸ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਗਿਆ ਹੈ, ਖਾਸ ਤੌਰ ''ਤੇ ਮੈਟਾਵਰਸ ਅਤੇ ਇਸ ਤਰ੍ਹਾਂ ਦੇ ਅਨੁਭਵਾਂ ਵਿੱਚ। ਇਹੀ ਕਾਰਨ ਹੈ ਕਿ ਮੈਨੂੰ ਲੱਗਦਾ ਹੈ ਕਿ ਇਸ ਡਿਵਾਈਸ ਨੂੰ ਆਪਣੀ ਜਗ੍ਹਾ ਬਣਾਉਣ ਵਿੱਚ ਅਜੇ ਹੋਰ ਸਮਾਂ ਲੱਗੇਗਾ।''''
ਉਹ ਕਹਿੰਦੇ ਹਨ, "ਜੇ ਮੈਂ 10-15 ਸਾਲ ਪਹਿਲਾਂ ਇਹ ਕਹਿੰਦਾ ਕਿ ਲੋਕ ਇੱਕ ਮੋਬਾਈਲ ਫੋਨ ''ਤੇ ਲਗਭਗ 2000 ਡਾਲਰ ਖਰਚ ਕਰਨ ਲਈ ਤਿਆਰ ਹਨ, ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕ ਇਹੀ ਕਹਿੰਦੇ ਕਿ ਉਹ ਇੱਕ ਫੋਨ ''ਤੇ ਇੰਨੇ ਪੈਸੇ ਖਰਚ ਨਹੀਂ ਕਰਨਗੇ।"
ਕੀ ਹੁੰਦੀ ਹੈ ਵਰਚੁਅਲ ਰਿਐਲਿਟੀ
ਇਹ ਇੱਕ ਅਜਿਹਾ ਅਨੁਭਵ ਹੈ, ਜਿਸ ਵਿੱਚ ਇੱਕ ਹੈੱਡਸੈਟ ਦੇ ਜ਼ਰੀਏ ਚੀਜ਼ਾਂ ਦੇਖੀਆਂ ਜਾਂਦੀਆਂ ਹਨ ਅਤੇ ਤੁਹਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਵੇਂ ਤੁਸੀਂ ਉਸੇ ਦੁਨੀਆਂ ਵਿੱਚ ਮੌਜੂਦ ਹੋਵੋ, ਜਿੱਥੇ ਉਹ ਸਭ ਘਟਨਾਵਾਂ ਹੋ ਰਹੀਆਂ ਹਨ।
ਇਹ ਇਸ ਤਰ੍ਹਾਂ ਹੈ, ਜਿਵੇਂ ਤੁਸੀਂ ਕਿਸੇ ਫ਼ਿਲਮ ਨੂੰ ਪਰਦੇ ''ਤੇ ਦੇਖਣ ਦੀ ਬਜਾਏ ਆਪ ਉਸ ਦਾ ਹਿੱਸਾ ਹੋਵੋ।
ਇਸ ਤਕਨੀਕ ਦਾ ਇਸਤੇਮਾਲ ਫ਼ਿਲਮਾਂ ਦੇਖਣ, ਗੇਮ ਖੇਡਣ ਆਦਿ ਲਈ ਵਧੇਰੇ ਕੀਤਾ ਜਾਂਦਾ ਹੈ।
ਆਈਓਐਸ 17
ਵਿਜ਼ਨ ਪ੍ਰੋ ਦੇ ਐਲਾਨ ਦੇ ਨਾਲ ਹੀ ਐਪਲ ਨੇ ਨਵਾਂ ਆਪਰੇਟਿੰਗ ਸਿਸਟਮ ਆਈਓਐਸ 17 ਵੀ ਪੇਸ਼ ਕੀਤਾ ਹੈ। ਇਹ ਆਈਫੋਨ ਦਾ ਨਵੀਨਤਮ ਆਪਰੇਟਿੰਗ ਸਿਸਟਮ ਹੋਵੇਗਾ।
ਇਸ ਦੇ ਅਪਡੇਟ ਵਿੱਚ ਕੰਨਟੈਕਟ ਪੋਸਟਰ ਵੀ ਸ਼ਾਮਲ ਹਨ। ਜਦੋਂ ਤੁਸੀਂ ਕਿਸੇ ਨੂੰ ਕਾਲ ਕਰੋਗੇ, ਤਾਂ ਤੁਹਾਡਾ ਚਿਹਰਾ ਉਸ ਦੀ ਸਕ੍ਰੀਨ ''ਤੇ ਦਿਖਾਈ ਦੇਵੇਗਾ।
ਇਸ ਤੋਂ ਇਲਾਵਾ ਲਾਈਵ ਵਾਇਸਮੇਲ ਵੀ ਮਿਲੇਗਾ। ਇਸ ਵਿੱਚ, ਤੁਹਾਡੇ ਲਈ ਛੱਡੇ ਗਏ ਸੰਦੇਸ਼ ਨੂੰ ਰੀਅਲ ਟਾਈਮ ਵਿੱਚ ਟਰਾਂਸਕ੍ਰਾਈਬ ਕੀਤਾ ਜਾਵੇਗਾ, ਭਾਵ ਲਿਖਿਆ ਜਾਵੇਗਾ।
ਇਹ ਸਹੂਲਤ ਐਪਲ ਮੈਸੇਜ ਦੇ ਤਹਿਤ ਭੇਜੇ ਗਏ ਆਡੀਓ ਸੰਦੇਸ਼ਾਂ ਲਈ ਵੀ ਉਪਲੱਬਧ ਹੋਵੇਗੀ।
ਐਪਲ ਚੈੱਕ-ਇਨ ਨਾਂ ਦਾ ਨਵਾਂ ਸਿਸਟਮ ਵੀ ਪੇਸ਼ ਕਰਨ ਜਾ ਰਿਹਾ ਹੈ। ਇਸ ਦੇ ਜ਼ਰੀਏ, ਕਿਸੇ ਸਥਾਨ ''ਤੇ ਪਹੁੰਚਣ ''ਤੇ, ਤੁਹਾਡੇ ਦੋਸਤਾਂ ਅਤੇ ਪਰਿਵਾਰ ਨੂੰ ਇੱਕ ਸੁਨੇਹਾ ਚਲਿਆ ਜਾਵੇਗਾ ਕਿ ਤੁਸੀਂ ਪਹੁੰਚ ਗਏ ਹੋ।
ਜੇਕਰ ਤੁਹਾਨੂੰ ਬਹੁਤ ਦੇਰ ਹੋ ਰਹੀ ਹੈ, ਤਾਂ ਇਹ ਸਿਸਟਮ ਤੁਹਾਡੇ ਦੋਸਤਾਂ ਜਾਂ ਪਰਿਵਾਰ ਨੂੰ ਦੱਸੇਗਾ ਕਿ ਤੁਸੀਂ ਅਜੇ ਤੱਕ ਸੁਰੱਖਿਅਤ ਢੰਗ ਨਾਲ ਨਹੀਂ ਪਹੁੰਚੇ ਹੋ।
ਨਵਾਂ ਆਪਰੇਟਿੰਗ ਸਿਸਟਮ ਇਸ ਸਾਲ ਸਤੰਬਰ ''ਚ ਉਪਲੱਬਧ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਵਿਸ਼ਵ ਟੈਸਟ ਚੈਂਪੀਅਨਸ਼ਿਪ ਕੀ ਹੈ, ਜਿਸ ਦਾ ਫਾਇਨਲ ਮੁਕਾਬਲਾ ਆਸਾਂ ਦੇ ਉਲਟ ਭਾਰਤ ਖੇਡ ਰਿਹਾ
NEXT STORY