ਭਾਰਤ ਨੇ ਬੁੱਧਵਾਰ ਨੂੰ ਇਤਿਹਾਸ ਰਚ ਦਿੱਤਾ ਹੈ। ਚੰਦਰਯਾਨ-3 ਦੀ ਚੰਦਰਮਾ ''ਤੇ ਸੌਫਟ ਲੈਂਡਿਗ ਨਾਲ ਭਾਰਤ ਦੁਨੀਆਂ ਵਿੱਚ ਅਮਰੀਕਾ, ਰੂਸ ਅਤੇ ਚੀਨ ਤੋਂ ਬਾਅਦ ਚੰਨ ''ਤੇ ਜਾਣ ਵਾਲਾ ਚੌਥਾ ਦੇਸ਼ ਬਣ ਗਿਆ ਹੈ।
ਚੰਦਰਯਾਨ-3 ਨੇ 14 ਜੁਲਾਈ ਨੂੰ ਦੁਪਹਿਰ 2.35 ਵਜੇ ਆਪਣੀ ਇਤਿਹਾਸਕ ਯਾਤਰਾ ਸ਼ੁਰੂ ਕੀਤੀ ਸੀ। ਧਰਤੀ ਤੋਂ ਪੁਲਾੜ ਤੱਕ 40 ਦਿਨਾਂ ਦੀ ਲੰਬੀ ਯਾਤਰਾ ਤੋਂ ਬਾਅਦ, 23 ਅਗਸਤ ਨੂੰ ਸ਼ਾਮ 6.04 ਵਜੇ ਇਸ ਦੇ ਦੱਖਣੀ ਧਰੁਵ ''ਤੇ ਚੰਦਰਮਾ ਤੱਕ ਦਾ ਆਪਣੀ ਸਫ਼ਪ ਪੂਰਾ ਕਰ ਲਿਆ ਹੈ।
ਹਾਲ ਹੀ ਵਿੱਚ ਰੂਸੀ ਪੁਲਾੜਯਾਨ ਲੂਨਾ-25 ਚੰਦਰਮਾ ਦੀ ਸਤ੍ਹਾ ਵਿੱਚ ਕਰੈਸ਼ ਹੋ ਗਿਆ ਸੀ ਕਿਉਂਕਿ ਇਸ ਦੇ ਇੰਜਨ ਸਹੀ ਢੰਗ ਨਾਲ ਬੰਦ ਹੋਣ ਵਿੱਚ ਅਸਫ਼ਲ ਰਹੇ ਸਨ।
ਲੂਨਾ-25 ਦੀ ਅਸਫਲਤਾ ਨਾਲ ਦੁਨੀਆ ਭਰ ਵਿੱਚ ਚੰਦਰਯਾਨ-3 ਦੀ ਸੌਫਟ ਲੈਂਡਿੰਗ ਵਿੱਚ ਕਾਫ਼ੀ ਉਮੀਦਾਂ ਅਤੇ ਦਿਲਚਸਪੀ ਵਧ ਗਈ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਉੱਤੇ ਟਿਕੀਆਂ ਹੋਈਆਂ ਸਨ।
ਬਿਰਲਾ ਤਾਰਾਮੰਡਲ ਦੇ ਨਿਰਦੇਸ਼ਕ ਲੈਨਿਨ ਦਾ ਕਹਿਣਾ ਹੈ ਕਿ ਚੰਦਰਯਾਨ-3 ਦੁਆਰਾ ਕੀਤੀ ਜਾਣ ਵਾਲੀ ਖੋਜ ਭਵਿੱਖ ਦੀਆਂ ਪੁਲਾੜ ਯਾਤਰਾਵਾਂ ਲਈ ਆਧਾਰ ਬਣੇਗੀ ਅਤੇ ਇਸ ਨਾਲ ਲਾਭ ਪ੍ਰਾਪਤ ਹੋਵੇਗਾ।
ਆਓ, ਅਸੀਂ ਲੈਂਡਿੰਗ ਤੋਂ ਬਾਅਦ ਦੇ ਦ੍ਰਿਸ਼ ਬਾਰੇ ਗਹਿਰਾਈ ਨਾਲ ਜਾਣੀਏ, ਜਿਵੇਂ ਕਿ ਇਹ ਮਿਸ਼ਨ ਕਿਸ ਤਰ੍ਹਾਂ ਦੀ ਖੋਜ ਕਰੇਗਾ ਅਤੇ ਇਸ ਨਾਲ ਦੁਨੀਆ ਨੂੰ ਕਿਸ ਤਰ੍ਹਾਂ ਦਾ ਫਾਇਦਾ ਹੋਵੇਗਾ।
ਚੰਦਰਮਾ ਨੂੰ ਛੂਹਣ ਤੋਂ ਬਾਅਦ, ਵਿਕਰਮ ਲੈਂਡਰ ਸਭ ਤੋਂ ਪਹਿਲਾਂ ਕੀ ਕਰੇਗਾ?
ਚੰਦਰਮਾ ਦੀ ਸਤ੍ਹਾ ''ਤੇ ਸੌਫਟ ਲੈਂਡਿੰਗ ਕਰਨ ਤੋਂ ਬਾਅਦ ਵਿਕਰਮ ਲੈਂਡਰ ਕੁਝ ਸਮੇਂ ਲਈ ਆਰਾਮ ਕਰੇਗਾ ਯਾਨਿ ਇਹ ਕੁਝ ਘੰਟਿਆਂ ਤੱਕ ਅਕਿਰਿਆਸ਼ੀਲ ਰਹੇਗਾ।
ਜਦੋਂ ਤੱਕ ਇਸ ਚੰਦਰਯਾਨ-3 ਦੇ ਲੈਂਡਿੰਗ ਦੇ ਐਕਸ਼ਨ ਕਾਰਨ ਪੈਦਾ ਹੋਈ ਧੂੜ ਬੈਠ ਨਹੀਂ ਜਾਂਦੀ, ਵਿਕਰਮ ਲੈਂਡਰ ਅਕਿਰਿਆਸ਼ੀਲ ਹੀ ਰਹੇਗਾ।
ਇੱਕ ਵਾਰ ਜਦੋਂ ਧੂੜ ਪੂਰੀ ਤਰ੍ਹਾਂ ਬੈਠ ਜਾਵੇਗੀ ਤਾਂ ਲੈਂਡਰ, ਇੱਕ ਬੱਚੇ ਵਾਂਗ ਰੋਵਰ ਨੂੰ ਸੁਰੱਖਿਅਤ ਢੰਗ ਨਾਲ ਆਪਣੇ ਪੇਟ ਵਿੱਚੋਂ ਕੱਢ ਕੇ, ਇਸ ਨੂੰ ਬਾਹਰ ਭੇਜ ਦੇਵੇਗਾ।
ਰੋਵਰ ਆਪਣੇ ਸਾਈਡ ਪੈਨਲ ਦੀ ਵਰਤੋਂ ਕਰਕੇ ਰੈਂਪ ਦੇ ਰੂਪ ਵਿੱਚ ਲੈਂਡਰ ਦੇ ਪੇਟ ਤੋਂ ਚੰਦਰਮਾ ਦੀ ਸਤ੍ਹਾ ''ਤੇ ਉਤਰੇਗਾ।
ਪ੍ਰਸਾਰ ਵਿਗਿਆਨ ਦੇ ਸੀਨੀਅਰ ਵਿਗਿਆਨੀ ਡਾ. ਟੀਵੀ ਵੈਂਕਟੇਸ਼ਵਰਨ ਲੈਂਡਰ ਅਤੇ ਰੋਵਰ ਨੂੰ ''ਮਦਰ ਕਰਾਫਟ'' ਅਤੇ ''ਬੇਬੀ ਕਰਾਫਟ'' ਦੇ ਰੂਪ ਵਿੱਚ ਵਰਣਨ ਕਰਦੇ ਹਨ।
ਚੰਦਰਯਾਨ-2 ਮਿਸ਼ਨ ਅਸਫ਼ਲ ਰਿਹਾ, ਪਰ ਇਸਰੋ ਨੇ ਆਪਣੀ ਅਸਫ਼ਲਤਾ ਤੋਂ ਕਈ ਸਬਕ ਸਿੱਖੇ ਜਿਸ ਦੇ ਆਧਾਰ ''ਤੇ ਕਈ ਸੋਧਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਨਵੀਨਤਾਵਾਂ ਪੇਸ਼ ਕੀਤੀਆਂ ਗਈਆਂ ਹਨ।
ਕਿਵੇਂ ਪੁਸ਼ਟੀ ਕੀਤੀ ਜਾਵੇ ਕਿ ਰੋਵਰ ਬਾਹਰ ਆ ਗਿਆ ਹੈ
ਇਸ ਕਾਰਵਾਈ ਦੀ ਪੁਸ਼ਟੀ ਕਰਨ ਲਈ ਇਸਰੋ ਨੇ ਕਿਹੜੀਆਂ ਪ੍ਰਕਿਰਿਆਵਾਂ ਅਪਣਾਈਆਂ ਹਨ?
ਇੱਕ ਵਾਰ ਜਦੋਂ ਰੋਵਰ ਲੈਂਡਰ ਦੇ ਪੇਟ ਤੋਂ ਬਾਹਰ ਆ ਜਾਵੇਗਾ, ਤਾਂ ਇਹ ਲੈਂਡਰ ਦੀਆਂ ਤਸਵੀਰਾਂ ਲਵੇਗਾ ਅਤੇ ਇਸ ਦੇ ਉਲਟ ਇੱਕ ਦੂਜੇ ਦੀਆਂ ਵੀ। ਮਦਰ ਅਤੇ ਬੇਬੀ ਕਰਾਫਟ ਦੋਵੇਂ ਇੱਕ ਦੂਜੇ ਦੇ ਖਿੱਚੇ ਗਏ ਚਿੱਤਰ ਭੇਜਣਗੇ ਜਿਸ ਰਾਹੀਂ ਅਸੀਂ ਸਮਝ ਸਕਦੇ ਹਾਂ ਕਿ ਉਹ ਸਿਹਤਮੰਦ ਅਤੇ ਸਵੱਸਥ ਹਨ।
ਇਸ ਮਾਂ ਅਤੇ ਬੱਚੇ ਵੱਲੋਂ ਭੇਜੀਆਂ ਜਾਣ ਵਾਲੀਆਂ ਤਸਵੀਰਾਂ ਨੂੰ ਦੇਖਣ ਲਈ ਭਾਰਤ ਹੀ ਨਹੀਂ, ਸਗੋਂ ਪੂਰੀ ਦੁਨੀਆਂ ਬੇਸਬਰੀ ਨਾਲ ਉਡੀਕ ਕਰ ਰਹੀ ਹੈ।
ਇਸਰੋ ਦੇ ਇਸ ਮਿਸ਼ਨ ਵਿੱਚ ਤਿੰਨ ਉਦੇਸ਼ ਹਨ ਜਿਨ੍ਹਾਂ ਵਿੱਚੋਂ ਪਹਿਲਾ ਚੰਦਰਮਾ ਉੱਤੇ ਸੌਫਟ-ਲੈਂਡਿੰਗ ਦਾ ਪੂਰਾ ਹੋ ਗਿਆ ਹੈ। ਹੁਣ ਅੱਗੇ ਕੀ ਹੋਵੇਗਾ?
ਰੋਵਰ ਦੇ ਬਾਹਰ ਆਉਣ ਦੇ ਬਾਅਦ ਦੂਜਾ ਉਦੇਸ਼ ਪ੍ਰਾਪਤ ਹੋ ਜਾਵੇਗਾ। ਰੋਵਰ ਨੂੰ ਇਹ ਅਹਿਸਾਸ ਹੋਣ ''ਤੇ ਕਿ ਉਹ ਬਾਹਰ ਆ ਗਿਆ ਹੈ, ਉਹ ਸਤ੍ਹਾ ਦੇ ਉਸ ਹਿੱਸੇ ਜਿਸ ਵਿੱਚ ਉਹ ਹੈ, ਉਸ ਦੇ ਚਾਰੇ ਪਾਸੇ ਚੱਕਰ ਲਾਵੇਗਾ।
ਇੱਕ ਵਾਰ ਜਦੋਂ ਇਹ ਕਾਰਵਾਈ ਸਫ਼ਲਤਾਪੂਰਵਕ ਪੂਰੀ ਹੋ ਜਾਵੇਗੀ, ਤਾਂ ਲੈਂਡਰ ਅਤੇ ਰੋਵਰ ਦੋਵੇਂ ਚੰਦਰਮਾ ਦੀ ਸਤ੍ਹਾ ਦਾ ਅਧਿਐਨ ਕਰਨਾ ਸ਼ੁਰੂ ਕਰ ਦੇਣਗੇ ਜੋ ਇਸਰੋ ਦਾ ਮੁੱਖ ਉਦੇਸ਼ ਹੈ।
ਮਿਸ਼ਨ ਵਿੱਚ ਸੱਤ ਵਿਗਿਆਨਕ ਯੰਤਰ ਫਿੱਟ ਕੀਤੇ ਗਏ ਹਨ ਜਿਸ ਵਿੱਚ ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ ਮੌਡਿਊਲ ਸ਼ਾਮਲ ਹਨ।
ਚੰਦਰਯਾਨ-3 ਚੰਦਰਮਾ ''ਤੇ ਕਿਸ ਤਰ੍ਹਾਂ ਦੀ ਖੋਜ ਕਰੇਗਾ?
ਲੈਂਡਰ ਨੂੰ 70 ਡਿਗਰੀ ਅਕਸ਼ਾਂਸ਼ ''ਤੇ ਦੱਖਣੀ ਧਰੁਵ ''ਤੇ ਉਤਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਇਸ ਹਿੱਸੇ ਵਿੱਚ ਚੰਦਰਯਾਨ-3 ਆਪਣੀਆਂ ਖੋਜ ਗਤੀਵਿਧੀਆਂ ਨੂੰ ਸ਼ੁਰੂ ਕਰੇਗਾ।
ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ ਮੌਡਿਊਲ ਤੋਂ ਇਲਾਵਾ, ਔਰਬਿਟਰ ਵੀ ਅਧਿਐਨ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਹਾਲਾਂਕਿ ਲੈਂਡਰ ਅਤੇ ਰੋਵਰ ਖੋਜ ਪ੍ਰਕਿਰਿਆ ਵਿੱਚ ਸ਼ਾਮਲ ਹੋਣਗੇ, ਪਰ ਡੇਟਾ ਨੂੰ ਭੇਜਣ ਵਿੱਚ ਔਰਬਿਟਰ ਦੀ ਭੂਮਿਕਾ ਹੋਵੇਗੀ।
ਰੋਵਰ ਆਪਣੇ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਅਤੇ ਡੇਟਾ ਨੂੰ ਲੈਂਡਰ ਨੂੰ ਭੇਜੇਗਾ ਜੋ ਇਸ ਨੂੰ ਧਰਤੀ ਉੱਤੇ ਭੇਜੇਗਾ।
ਜੇਕਰ ਲੈਂਡਰ ਤੋਂ ਡੇਟਾ ਅਤੇ ਤਸਵੀਰਾਂ ਨਹੀਂ ਮਿਲਦੀਆਂ ਤਾਂ ਪ੍ਰਕਿਰਿਆ ਮੁਸ਼ਕਲ ਹੋ ਜਾਵੇਗੀ।
ਲੈਨਿਨ ਦੱਸਦੇ ਹਨ ਕਿ ਇਸ ਲਈ, ਇਸਰੋ ਨੇ ਇਸ ਤਰੀਕੇ ਨਾਲ ਯੋਜਨਾ ਬਣਾਈ ਹੈ ਕਿ ਲੈਂਡਰ ਵੀ ਔਰਬਿਟਰ ਨੂੰ ਚਿੱਤਰ ਅਤੇ ਡੇਟਾ ਭੇਜਦਾ ਹੈ ਤਾਂ ਜੋ ਇਹ ਉਨ੍ਹਾਂ ਨੂੰ ਔਰਬਿਟਰ ਤੋਂ ਵੀ ਪ੍ਰਾਪਤ ਕਰ ਸਕੇ।
ਲੈਨਿਨ ਦੱਸਦੇ ਹਨ, "ਇਹ ਇੱਕ ਕਿਸਮ ਦਾ ਦੋ-ਪੱਧਰੀ ਸੁਰੱਖਿਆ ਉਪਾਅ ਹੈ। ਇਸਰੋ ਕਿਸੇ ਨਾ ਕਿਸੇ ਸਰੋਤ ਰਾਹੀਂ ਡੇਟਾ ਪ੍ਰਾਪਤ ਕਰ ਸਕਦਾ ਹੈ। ਖੋਜ ਡੇਟਾ ਨੂੰ ਚੁੰਬਕੀ (ਇਲੈੱਕਟ੍ਰੋਮੈਗਨੈਟਿਕ) ਤਰੰਗਾਂ ਵਿੱਚ ਬਦਲਿਆ ਜਾਵੇਗਾ ਅਤੇ ਧਰਤੀ ਉੱਤੇ ਪ੍ਰਸਾਰਿਤ ਕੀਤਾ ਜਾਵੇਗਾ।"
ਇੱਕ ਅੰਡਾਕਾਰ ਮਾਰਗ ਵਿੱਚ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਪ੍ਰੋਪਲਸ਼ਨ ਮੌਡਿਊਲ ਪੁਲਾੜ ਵਿੱਚ ਐਕਸੋਪਲੈਨੇਟਸ (ਹੋਰ ਤਾਰਿਆਂ ਦੀ ਪਰਿਕਰਮਾ ਕਰਨ ਵਾਲੇ ਗ੍ਰਹਿ) ਦਾ ਅਧਿਐਨ ਕਰੇਗਾ।
ਇਸਰੋ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਤਿੰਨ ਤੋਂ ਛੇ ਮਹੀਨਿਆਂ ਤੱਕ ਚੰਦਰਮਾ ਦੀ ਪਰਿਕਰਮਾ ਕਰੇਗਾ।
ਲੈਨਿਨ ਕਹਿੰਦੇ ਹਨ, "ਪ੍ਰੋਪਲਸ਼ਨ ਮੌਡਿਊਲ ਦੁਆਰਾ ਇਕੱਠਾ ਕੀਤਾ ਗਿਆ ਡੇਟਾ ਧਰਤੀ ਦੇ ਸਮਾਨ ਭਵਿੱਖ ਵਿੱਚ ਰਹਿਣ ਲਈ ਢੁੱਕਵੇਂ ਐਕਸੋਪਲੈਨੇਟਸ ਦੀ ਪਛਾਣ ਕਰਨ ਵਿੱਚ ਮਦਦ ਕਰੇਗਾ।"
ਵਿਕਰਮ ਲੈਂਡਰ ਦੁਆਰਾ ਕਿਹੜੇ ਪ੍ਰਯੋਗ ਕੀਤੇ ਜਾਣਗੇ?
ਮਦਰ ਕਰਾਫਟ ਲੈਂਡਰ ਦੇ ਚਾਰ ਯੰਤਰ ਹਨ-
- ਰੇਡੀਓ ਐਨਾਟੋਮੀ ਆਫ ਮੂਨ ਬਾਉਂਡ ਹਾਈਪਰਸੈਂਸਟਿਵ ਆਇਨੋਸਫੀਅਰ ਐਂਡ ਅਨਮੋਸਫਿਅਰ (ਰੰਭਾ-RAMBHA)
- ਚੰਦਰਾਜ ਸਰਫੇਸ ਥਰਮੋ ਫਿਜ਼ੀਕਲ ਐਕਸਪੈਰੀਮੈਂਟ (CHASTE)
- ਇੰਸਟਰੂਮੈਂਟ ਫਾਰ ਲੂਨਰ ਸਿਸਮਿਕ ਐਕਟੀਵਿਟੀ (ILSA)
- ਲੇਜ਼ਰ ਰੀਟਰੋਫਲੈਕਟਰ ਐਰੇ (LRA)
- ਰੰਭਾ ਚੰਦਰ ਆਇਨੋਸਫੀਅਰ ਅਤੇ ਵਾਯੂਮੰਡਲ ਦੀ ਘਣਤਾ ਅਤੇ ਤਾਪਮਾਨ ਨੂੰ ਮਾਪੇਗਾ।
ਇਸ ਨੂੰ ਸਮਝਾਉਂਦੇ ਹੋਏ ਲੈਨਿਨ ਦੱਸਦੇ ਹਨ, “ਪਦਾਰਥ ਨੂੰ ਠੋਸ, ਤਰਲ ਅਤੇ ਗੈਸ ਵਿੱਚ ਵੰਡਿਆ ਜਾ ਸਕਦਾ ਹੈ। ਜੇਕਰ ਇਨ੍ਹਾਂ ਭੌਤਿਕ ਪਦਾਰਥਾਂ ਨੂੰ ਗਰਮ ਕੀਤਾ ਜਾਵੇ ਤਾਂ ਇਹ ਪਲਾਜ਼ਮਾ ਨਾਮਕ ਪੜਾਅ ''ਤੇ ਪਹੁੰਚ ਜਾਂਦੇ ਹਨ।’’
"ਭਾਵ, ਉਹ ਆਪਣੇ ਇਲੈੱਕਟ੍ਰੌਨ ਗੁਆ ਦਿੰਦੇ ਹਨ ਅਤੇ ਬਹੁਤ ਗਰਮ ਸਥਿਤੀਆਂ ਅਤੇ ਇੱਕ ਵੱਖਰੀ ਪਰਤ ਵਿੱਚ ਰਹਿੰਦੇ ਹਨ।"
ਕਿਉਂਕਿ ਚੰਦਰਮਾ ’ਤੇ ਕੋਈ ਵਾਯੂਮੰਡਲ ਨਹੀਂ ਹੈ, ਇਸ ਲਈ ਇਹ ਦਿਨ ਵੇਲੇ ਬਹੁਤ ਗਰਮ ਹੁੰਦਾ ਹੈ ਅਤੇ ਰਾਤ ਨੂੰ ਬਰਫੀਲਾ ਠੰਢਾ ਹੁੰਦਾ ਹੈ। ਰੰਭਾ ਇਸ ਅਵਸਥਾ ਦਾ ਅਧਿਐਨ ਕਰੇਗਾ।
ਇਹ ਯੰਤਰ ਮਿੱਟੀ ਦੇ ਨਮੂਨਿਆਂ ਦੀ ਵੀ ਜਾਂਚ ਕਰੇਗਾ ਅਤੇ ਪ੍ਰਭਾਵਾਂ ਦਾ ਅਧਿਐਨ ਕਰੇਗਾ।
ਇਸ ਨਾਲ ਇਹ ਸਮਝਿਆ ਜਾ ਸਕਦਾ ਹੈ ਕਿ ਵਾਤਾਵਰਨ ਸਾਧਾਰਨ ਰਹਿੰਦਾ ਹੈ ਜਾਂ ਆਇਓਨਾਈਜ਼ਡ।
ਲੈਨਿਨ ਨੇ ਸਪੱਸ਼ਟ ਕੀਤਾ ਕਿ ਇਸ ਤੋਂ ਇਲਾਵਾ, ਡੇਟਾ ਚੰਦਰਮਾ ਦੀ ਉਮਰ ਨਿਰਧਾਰਤ ਕਰਨ ਵਿੱਚ ਮਦਦ ਕਰੇਗਾ।
ਚੰਦਰਾਜ ਸਰਫੇਸ ਥਰਮੋ ਫਿਜ਼ੀਕਲ ਐਕਸਪੈਰੀਮੈਂਟ ਚੰਦਰਮਾ ਦੀ ਸਤ੍ਹਾ ਦੀ ਥਰਮਲ ਚਾਲਕਤਾ ਅਤੇ ਗਰਮੀ ਦੇ ਪ੍ਰਵਾਹ ਨੂੰ ਮਾਪੇਗਾ। ਇਹ ਪਤਾ ਲਗਾਏਗਾ ਕਿ ਕੀ ਚੰਦਰਮਾ ''ਤੇ ਪਦਾਰਥਾਂ ਵਿੱਚ ਗਰਮੀ ਨੂੰ ਸਹਿਣ ਦੀ ਪ੍ਰਕਿਰਤੀ ਹੈ ਜਾਂ ਉਨ੍ਹਾਂ ਦੇ ਬਿਖਰਨ ਦਾ ਖ਼ਤਰਾ ਹੈ।
ਇਸ ਯੰਤਰ ਰਾਹੀਂ ਧਰੁਵੀ ਖੇਤਰ ਦੀ ਮਿੱਟੀ ''ਤੇ ਗਰਮੀ ਦੇ ਪ੍ਰਭਾਵਾਂ ਨੂੰ ਜਾਣਿਆ ਜਾ ਸਕਦਾ ਹੈ। ਇਹ ਮਿੱਟੀ ਦੀ ਪ੍ਰਕਿਰਤੀ ਦੀ ਵੀ ਜਾਂਚ ਕਰੇਗਾ, ਚਾਹੇ ਇਹ ਸੰਘਣੀ, ਦਾਣੇਦਾਰ ਜਾਂ ਧੂੜ ਭਰੀ ਹੋਵੇ।
ਇੰਸਟਰੂਮੈਂਟ ਫਾਰ ਲੂਨਰ ਸਿਸਮਿਕ ਐਕਟੀਵਿਟੀ ਚੰਦਰਮਾ ''ਤੇ ਕਿਸੇ ਵੀ ਭੂਚਾਲ ਦੀ ਗਤੀਵਿਧੀ ਦਾ ਪਤਾ ਲਗਾਵੇਗਾ ਅਤੇ ਉਸ ਨੂੰ ਰਿਕਾਰਡ ਕਰੇਗਾ।
ਇਹ ਯੰਤਰ ਇਹ ਪਤਾ ਲਗਾਏਗਾ ਕਿ ਕੀ ਚੰਦਰਮਾ ’ਤੇ ਵੀ ਧਰਤੀ ਵਾਂਗ ਕੰਪਨ ਪੈਦਾ ਹੋਣ ਦੀ ਸੰਭਾਵਨਾ ਹੈ।
ਇਹ ਅਧਿਐਨ ਇਹ ਪਤਾ ਲਗਾਉਣ ਵਿੱਚ ਮਦਦ ਕਰ ਸਕਦੇ ਹਨ ਕਿ ਜੇਕਰ ਮਨੁੱਖ ਭਵਿੱਖ ਵਿੱਚ ਚੰਦਰਮਾ ''ਤੇ ਬੁਨਿਆਦੀ ਢਾਂਚੇ ਦਾ ਨਿਰਮਾਣ ਕਰੇਗਾ ਤਾਂ ਕੀ ਚੰਦਰਮਾ ਦੀ ਸਤ੍ਹਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੇ ਯੋਗ ਹੋਵੇਗੀ।
ਇਸ ਤੋਂ ਇਲਾਵਾ, ਇਹ ਚੰਦਰਮਾ ਦੇ ਭੂਚਾਲ ਵਿਗਿਆਨ ਦੇ ਆਧਾਰ ''ਤੇ ਸੰਰਚਨਾਵਾਂ ਬਣਾਉਣ ਵਿੱਚ ਮਦਦ ਕਰੇਗਾ।
ਇਹ ਯੰਤਰ ਚੰਦਰਮਾ ਦੀਆਂ ਅੰਦਰੂਨੀ ਅਤੇ ਬਾਹਰੀ ਸਤ੍ਹਾਂ ਦੀ ਬਣਤਰ ਅਤੇ ਉਨ੍ਹਾਂ ਦੇ ਅੰਤਰ ਅਤੇ ਪ੍ਰਕਿਰਤੀ ਦੀ ਜਾਂਚ ਕਰੇਗਾ।
ਲੇਜ਼ਰ ਰੀਟਰੋਫਲੈਕਟਰ ਐਰੇ ਚੰਦਰਮਾ ਦੇ ਔਰਬਿਟਰ ਦਾ ਵਿਸ਼ਲੇਸ਼ਣ ਕਰੇਗਾ। ਇਹ ਇਸ ਗੱਲ ਦੀ ਜਾਣਕਾਰੀ ਇਕੱਠੀ ਕਰੇਗਾ ਕਿ ਕੀ ਚੰਦਰਮਾ ਦਾ ਧਰਤੀ ਦੇ ਚਾਰੇ ਪਾਸੇ ਘੁੰਮਣਾ ਸਥਿਰ ਹੈ ਜਾਂ ਇਹ ਡਗਮਗਾ ਰਿਹਾ ਹੈ।
ਇਹ ਵਿਗਿਆਨੀਆਂ ਦੇ ਇਸ ਦਾਅਵੇ ਨੂੰ ਸਮਝਣ ਵਿੱਚ ਮਦਦ ਕਰੇਗਾ ਕਿ ਚੰਦਰਮਾ ਹੌਲੀ-ਹੌਲੀ ਧਰਤੀ ਤੋਂ ਦੂਰ ਹੋ ਰਿਹਾ ਹੈ।
ਲੈਂਡਰ ਵਿੱਚ ਫਿੱਟ ਕੀਤਾ ਗਿਆ ਐੱਲਆਰਏ ਧਰਤੀ-ਆਧਾਰਿਤ ਸਟੇਸ਼ਨਾਂ ਤੋਂ ਲੇਜ਼ਰ ਸਿਗਨਲਾਂ ਨੂੰ ਪ੍ਰਤੀਬਿੰਬਤ ਕਰੇਗਾ, ਜਿਸ ਨਾਲ ਵਿਗਿਆਨੀ ਚੰਦਰਮਾ ਦੇ ਘੇਰੇ ਨੂੰ ਮਾਪਣ ਵਿੱਚ ਸਮਰੱਥ ਹੋਣਗੇ।
ਵੈਂਕਟੇਸ਼ਵਰਨ ਦੱਸਦੇ ਹਨ, "ਇਸ ਮਾਪ ਨਾਲ, ਅਸੀਂ ਧਰਤੀ ਤੋਂ ਚੰਦਰਮਾ ਦੀ ਦੂਰੀ ਅਤੇ ਉਸ ਦੇ ਦੂਰ ਜਾਣ ਦੀ ਦੂਰੀ ਦੀ ਸਹੀ ਗਣਨਾ ਕਰ ਸਕਦੇ ਹਾਂ।’’
ਰੋਵਰ ਕਿਹੜੇ ਪ੍ਰਯੋਗ ਕਰੇਗਾ?
ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਰੋਵਰ ਚੰਦਰਮਾ ਦੀ ਸਤ੍ਹਾ ''ਤੇ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰੇਗਾ ਅਤੇ ਤਾਪਮਾਨ ਅਤੇ ਪਾਣੀ ਦੀ ਉਪਲੱਬਧਤਾ ਬਾਰੇ ਜਾਣਕਾਰੀ ਭੇਜੇਗਾ।
ਪ੍ਰਗਿਆਨ ਰੋਵਰ ਦੇ ਦੋ ਯੰਤਰ ਹਨ। ਉਹ ਹਨ:
- ਲੇਜ਼ਰ-ਇਨਡਿਊਸਡ ਬਰੇਕਡਾਊਨ ਸਪੈਕਟਰੋਸਕੋਪ (LIBS)
- ਅਲਫਾ ਪਾਰਟੀਕਲ ਐਕਸ-ਰੇ ਸਪੈਕਟਰੋਮੀਟਰ (APXS)
ਜਦੋਂ ਕੋਈ ਵਸਤੂ ਟੁੱਟ ਜਾਂਦੀ ਹੈ ਤਾਂ ਅਸੀਂ ਜਾਣ ਸਕਦੇ ਹਾਂ ਕਿ ਉਸ ਦੇ ਅੰਦਰ ਕੀ ਹੈ। ਇਸੇ ਤਰ੍ਹਾਂ, ਰੋਵਰ ਮੌਡਿਊਲ ਮਿੱਟੀ ਵਿੱਚ ਖੁਦਾਈ ਕਰਕੇ ਮਿੱਟੀ ਦੇ ਨਮੂਨੇ ਇਕੱਠੇ ਕਰੇਗਾ ਅਤੇ ਲੇਜ਼ਰ ਬੀਮ ਦੀ ਵਰਤੋਂ ਕਰਕੇ ਉਨ੍ਹਾਂ ਦਾ ਵਿਸ਼ਲੇਸ਼ਣ ਕਰੇਗਾ।
ਉਦਾਹਰਨ ਲਈ, ਜੇਕਰ ਇਹ ਰੇਤ ਦੀ ਇੱਕ ਮੁੱਠੀ ਇਕੱਠਾ ਕਰਦਾ ਹੈ, ਤਾਂ ਇਹ ਇਸ ਵਿੱਚ ਮੌਜੂਦ ਤੱਤਾਂ ਦਾ ਪਤਾ ਲਗਾ ਸਕਦਾ ਹੈ।
ਆਓ, ਬਿਹਤਰ ਸਮਝ ਲਈ ਪ੍ਰਯੋਗ ਦੀ ਤੁਲਨਾ ਸੋਨੇ ਨਾਲ ਕਰੀਏ।
ਜੇਕਰ ਅਸੀਂ ਇੱਕ ਸੁਨਿਆਰੇ ਨੂੰ ਇੱਕ ਗ੍ਰਾਮ ਸੋਨਾ ਦਿੰਦੇ ਹਾਂ, ਤਾਂ ਉਸ ਨੂੰ ਪਤਾ ਲੱਗੇਗਾ ਕਿ ਪੀਲੀ ਧਾਤੂ ਵਿੱਚ ਕਿੰਨਾ ਤਾਂਬਾ ਮਿਲਾਇਆ ਗਿਆ ਹੈ।
ਇਸ ਲਈ ਉਹ ਸੋਨੇ ਦੀ ਮੌਜੂਦਗੀ ਅਤੇ ਸ਼ੁੱਧਤਾ ਨੂੰ ਮਾਪਣ ਲਈ ਇੱਕ ਸਪੈਕਟਰੋਮੀਟਰ ਦੀ ਵਰਤੋਂ ਕਰਦਾ ਹੈ।
ਅਜਿਹੇ ਹੀ ਇੱਕ ਯੰਤਰ ਦਾ ਪ੍ਰਯੋਗ ਪੁਲਾੜ ਵਿਗਿਆਨਕ ਚੰਦਰਮਾ ''ਤੇ ਵੀ ਕਰ ਸਕਦੇ ਹਨ।
ਰੋਵਰ ਮਿੱਟੀ ਦੇ ਨਮੂਨੇ ਇਕੱਠੇ ਕਰੇਗਾ ਅਤੇ ਮੈਗਨੀਸ਼ੀਅਮ, ਐਲੂਮੀਨੀਅਮ, ਆਇਰਨ, ਸਿਲੀਕਾਨ, ਟਾਈਟੇਨੀਅਮ ਆਦਿ ਵਰਗੇ ਖਣਿਜਾਂ ਦੀ ਮੌਜੂਦਗੀ ਦੀ ਜਾਂਚ ਕਰੇਗਾ।
ਇਸ ਤੋਂ ਇਲਾਵਾ, ਇਹ ਚੰਦਰਮਾ ਦੀ ਬਾਹਰੀ ਸਤ੍ਹਾ ''ਤੇ ਰਸਾਇਣਕ ਸੰਰਚਨਾਵਾਂ ਦਾ ਵਿਸ਼ਲੇਸ਼ਣ ਕਰਨ ਲਈ ਹਾਈਡ੍ਰੋਜਨ, ਆਕਸੀਜਨ ਅਤੇ ਹੋਰ ਤੱਤਾਂ ਦੀ ਮੌਜੂਦਗੀ ਲਈ ਮਿੱਟੀ ਦੇ ਨਮੂਨਿਆਂ ਦੀ ਜਾਂਚ ਕਰੇਗਾ।
ਰੋਵਰ ਵਿੱਚ ਮੌਜੂਦ ਸਿਰਫ਼ 26 ਕਿਲੋਗ੍ਰਾਮ ਵਜ਼ਨ ਵਾਲੇ ਇਹ ਦੋ ਯੰਤਰ ਹੀ ਇਹ ਸਾਰਾ ਅਧਿਐਨ ਕਰਨਗੇ।
ਚੰਦਰਯਾਨ-3 ਦੁਆਰਾ ਜਾਰੀ ਕੀਤੇ ਜਾਣ ਵਾਲੇ ਇਹ ਅੰਕੜੇ ਇਸਰੋ ਨੂੰ ਆਲਮੀ ਖੇਤਰ ਵਿੱਚ ਇੱਕ ਨਵਾਂ ਆਯਾਮ ਪ੍ਰਦਾਨ ਕਰਨਗੇ
ਚੰਦਰਯਾਨ-3 ਮਿਸ਼ਨ ਦਾ ਜੀਵਨਕਾਲ ਸਿਰਫ਼ 14 ਧਰਤੀ ਦੇ ਦਿਨ ਹਨ। ਇਸ ਲਈ ਪ੍ਰੋਪਲਸ਼ਨ ਮੌਡਿਊਲ ਨੂੰ ਛੱਡ ਕੇ ਲੈਂਡਰ ਅਤੇ ਰੋਵਰ, ਇਹ ਪ੍ਰਯੋਗ ਸਿਰਫ਼ 14 ਦਿਨਾਂ ਲਈ ਕਰਨਗੇ।
ਚੰਦਰਯਾਨ-3 ਦੁਆਰਾ ਜਾਰੀ ਕੀਤੇ ਜਾਣ ਵਾਲੇ ਇਹ ਅੰਕੜੇ ਇਸਰੋ ਨੂੰ ਆਲਮੀ ਖੇਤਰ ਵਿੱਚ ਇੱਕ ਨਵਾਂ ਆਯਾਮ ਪ੍ਰਦਾਨ ਕਰਨਗੇ।
ਇਨ੍ਹਾਂ ਤਿੰਨਾਂ ਮੌਡਿਊਲਾਂ ਨੂੰ ਧਰਤੀ ’ਤੇ ਡੇਟਾ ਭੇਜਣ ਲਈ ਬਿਜਲੀ ਦੀ ਲੋੜ ਹੈ, ਇਸ ਲਈ ਇਹ ਸੂਰਜੀ ਪੈਨਲਾਂ ਦੁਆਰਾ ਸੰਚਾਲਿਤ ਹੁੰਦੇ ਹਨ। ਪਰ ਚੰਦਰਮਾ ਦੀ ਸਤ੍ਹਾ ਦੇ ਦੱਖਣੀ ਧਰੁਵ ਵਿੱਚ ਸੂਰਜ ਦੀ ਰੌਸ਼ਨੀ ਸੀਮਤ ਹੈ।
ਜਿਸ ਥਾਂ ''ਤੇ ਪੁਲਾੜ ਯਾਨ ਉਤਰਨ ਵਾਲਾ ਹੈ, ਉੱਥੇ ਮਹੀਨੇ ਵਿੱਚ 14 ਦਿਨ ਅਤੇ 14 ਰਾਤਾਂ ਹੁੰਦੀਆਂ ਹਨ।
ਇਸ ਲਈ, ਇਸਰੋ ਨੇ ਉਸ ਅਨੁਸਾਰ ਦਿਨਾਂ ਦੀ ਗਣਨਾ ਕੀਤੀ ਅਤੇ ਉਪਗ੍ਰਹਿ ਨੂੰ ਇਸ ਤਰੀਕੇ ਨਾਲ ਭੇਜਿਆ ਕਿ ਇਹ ਪ੍ਰਯੋਗ ਕਰ ਸਕੇ ਅਤੇ ਉਨ੍ਹਾਂ 14 ਦਿਨਾਂ ਦੇ ਦੌਰਾਨ ਧਰਤੀ ’ਤੇ ਡੇਟਾ ਭੇਜ ਸਕੇ ਜਦੋਂ ਸੂਰਜ ਦੀ ਰੌਸ਼ਨੀ ਉਪਲੱਬਧ ਹੋਵੇ।
ਇਸ ਨੂੰ ਸਿੱਧੇ ਸ਼ਬਦਾਂ ਵਿੱਚ ਕਹੀਏ ਤਾਂ ਇੱਕ ਚੰਦਰ ਦਿਨ ਵਿੱਚ ਧਰਤੀ ''ਤੇ 28 ਦਿਨ ਲੱਗਦੇ ਹਨ। ਕਿਉਂਕਿ ਧਰਤੀ ਦੇ ਕੈਲੰਡਰ ਅਨੁਸਾਰ ਚੰਦ ਨੂੰ ਆਪਣੀ ਪਰਿਕਰਮਾ ਕਰਨ ਵਿੱਚ 28 ਦਿਨ ਲੱਗਦੇ ਹਨ।
ਜਦੋਂ ਰਾਤ ਚੰਦਰਮਾ ਦੇ ਦੱਖਣੀ ਧਰੁਵ ਦੇ ਨੇੜੇ ਪਹੁੰਚਦੀ ਹੈ, ਤਾਂ ਤਾਪਮਾਨ ਮਾਈਨਸ ਤੋਂ 120 ਡਿਗਰੀ ਸੈਲਸੀਅਸ ਹੇਠ ਤੱਕ ਪਹੁੰਚ ਜਾਂਦਾ ਹੈ। ਉਸ ਦੌਰਾਨ ਜਦੋਂ ਬਰਫੀਲੀ ਠੰਢ ਹੁੰਦੀ ਹੈ, ਤਾਂ ਲੈਂਡਰ ਅਤੇ ਰੋਵਰ ਬਿਜਲੀ ਪੈਦਾ ਨਹੀਂ ਕਰ ਸਕਦੇ।
ਵੈਂਕਟੇਸ਼ਵਰਨ ਨੇ ਇਸਰੋ ਦੇ ਚੇਅਰਮੈਨ ਦੇ ਇਸ ਬਿਆਨ ਦੇ ਪਿੱਛੇ ਦਾ ਤਰਕ ਦੱਸਦੇ ਹੋਏ ਕਿਹਾ ਕਿ ਪੁਲਾੜ ਯਾਨ ਦੀ ਉਮਰ ਸਿਰਫ਼ 14 ਧਰਤੀ ਦੇ ਦਿਨ ਹੈ, ਇਸ ਗੱਲ ਦੀ ਵੀ ਸੰਭਾਵਨਾ ਹੈ ਕਿ ਠੰਢ ਨਾਲ ਉਨ੍ਹਾਂ ਦੇ ਹਿੱਸਿਆਂ ਨੂੰ ਨੁਕਸਾਨ ਪਹੁੰਚੇ।
ਪੁਲਾੜ ਯਾਨ ਪਹਿਲੇ 14 ਦਿਨਾਂ ਦੌਰਾਨ ਜੋ ਡੇਟਾ ਭੇਜੇਗਾ, ਉਹ ਇਸਰੋ ਦੇ ਭਵਿੱਖ ਦੇ ਮਨੁੱਖੀ ਚੰਦ ਮਿਸ਼ਨਾਂ ਲਈ ਮਹੱਤਵਪੂਰਨ ਹੈ।
ਲੈਨਿਨ ਕਹਿੰਦੇ ਹਨ ਕਿ ਉਹ ਭਵਿੱਖ ਵਿੱਚ ਕਈ ਸੁਪਨਿਆਂ ਦੇ ਪ੍ਰੋਜੈਕਟਾਂ ਨੂੰ ਲਾਗੂ ਕਰਨ ਲਈ ਵੀ ਮਹੱਤਵਪੂਰਨ ਹਨ।
ਕੀ ਚੰਦਰਯਾਨ-3 ਭਵਿੱਖ ਦੀ ਪੁਲਾੜ ਯਾਤਰਾ ''ਚ ਮਦਦ ਕਰੇਗਾ?
ਇਨ੍ਹਾਂ ਪ੍ਰਯੋਗਾਂ ਤੋਂ ਪ੍ਰਾਪਤ ਡੇਟਾ ਸਾਨੂੰ ਆਪਣੀਆਂ ਪੁਲਾੜ ਯਾਤਰਾਵਾਂ ਲਈ ਲਾਂਚਪੈਡ ਦੇ ਰੂਪ ਵਿੱਚ ਚੰਦਰਮਾ ਨੂੰ ਉਪਯੋਗ ਕਰਨ ਲਈ ਅਗਵਾਈ ਕਰ ਸਕਦਾ ਹੈ।
ਭਵਿੱਖ ਵਿੱਚ, ਪੁਲਾੜ ਯਾਤਰਾ ਲਈ ਧਰਤੀ ਤੋਂ ਸਾਰੀਆਂ ਜ਼ਰੂਰੀ ਚੀਜ਼ਾਂ ਲੈ ਕੇ ਜਾਣ ਦੀ ਕੋਈ ਲੋੜ ਨਹੀਂ ਰਹਿ ਜਾਵੇਗੀ। ਲੈਨਿਨ ਦੀ ਭਵਿੱਖਬਾਣੀ ਹੈ ਕਿ ਅਸੀਂ ਚੰਦਰਮਾ ''ਤੇ ਇੱਕ ਲਾਂਚਪੈਡ ਬਣਾ ਸਕਦੇ ਹਾਂ ਅਤੇ ਉੱਥੇ ਮੌਜੂਦ ਸਰੋਤਾਂ ਦੀ ਵਰਤੋਂ ਕਰਕੇ, ਅਸੀਂ ਪੁਲਾੜ ਮੁਹਿੰਮਾਂ ''ਤੇ ਨਿਕਲ ਸਕਦੇ ਹਾਂ।
ਉਹ ਕਹਿੰਦੇ ਹਨ, “ਕਿਉਂਕਿ ਚੰਦਰਮਾ ਵਿੱਚ ਧਰਤੀ ਦੇ ਮੁਕਾਬਲੇ ਘੱਟ ਗੁਰੂਤਾ ਆਕਰਸ਼ਣ ਹੈ, ਇਸ ਲਈ ਮੰਗਲ ਅਤੇ ਹੋਰ ਗ੍ਰਹਿਆਂ ਦੀ ਪੁਲਾੜ ਯਾਤਰਾ ਕਰਨ ਲਈ ਘੱਟ ਜ਼ੋਰ ਕਾਫ਼ੀ ਹੈ। ਬਾਲਣ ਦੀਆਂ ਜ਼ਰੂਰਤਾਂ ਵੀ ਸੀਮਤ ਹੋਣਗੀਆਂ।"
ਉਨ੍ਹਾਂ ਨੇ ਕਿਹਾ ਕਿ ਪੁਲਾੜ ਯਾਤਰਾ ਲਈ ਜ਼ਰੂਰੀ ਹਾਈਡ੍ਰੋਜਨ ਅਤੇ ਆਕਸੀਜਨ ਵਰਗੇ ਸਰੋਤਾਂ ਦਾ ਉਪਯੋਗ ਚੰਦਰਮਾ ਤੋਂ ਕੀਤਾ ਜਾ ਸਕਦਾ ਹੈ।
ਹਾਲਾਂਕਿ ਵਿਕਾਸ ਦੀਆਂ ਅਜਿਹੀਆਂ ਸੰਭਾਵਨਾਵਾਂ ਬਹੁਤ ਦੂਰ ਦੀ ਗੱਲ ਹਨ, ਪਰ ਚੰਦਰਯਾਨ-3 ਦੁਆਰਾ ਚੰਦਰਮਾ ਦੀ ਸਤ੍ਹਾ ''ਤੇ ਕੀਤੀ ਜਾਣ ਵਾਲੀ ਖੋਜ ਪੁਲਾੜ ਖੋਜ ਨੂੰ ਅੱਗੇ ਵਧਾਉਣ ਦਾ ਸੰਕੇਤ ਦਿੰਦੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ 3: ਪੰਜਾਬੀ ਜੋ ਪੁਲਾੜ ਵਿੱਚ ਜਾਣ ਵਾਲੇ ਪਹਿਲੇ ਭਾਰਤੀ ਬਣੇ ਤੇ ਜਿਨ੍ਹਾਂ ਨੂੰ ਲੋਕ ਪੁੱਛਦੇ ਸੀ,...
NEXT STORY