ਸੌਰਭ ਕਾਂਤ ਤਿਵਾਰੀ ਅਤੇ ਸੋਨੀਆ ਅਖ਼ਤਰ
ਬੰਗਲਾਦੇਸ਼ ਦੀ ਨਾਗਰਿਕ ਸੋਨੀਆ ਅਖ਼ਤਰ ਨੇ 14 ਅਪ੍ਰੈਲ 2021 ਨੂੰ ਭਾਰਤ ਦੇ ਸੌਰਭ ਕਾਂਤ ਤਿਵਾਰੀ ਨਾਲ ਵਿਆਹ ਕਰਵਾਇਆ ਸੀ।
ਸੋਨੀਆ ਦਾ ਇਲਜ਼ਾਮ ਹੈ ਕਿ ਤਿਵਾਰੀ ਉਨ੍ਹਾਂ ਨੂੰ ਅਤੇ ਆਪਣੇ ਬੇਟੇ ਨੂੰ ਬੰਗਲਾਦੇਸ਼ ਵਿੱਚ ਹੀ ਛੱਡ ਕੇ ਭਾਰਤ ਪਰਤ ਆਏ ਹਨ। ਹੁਣ ਆਪਣੇ ਪਤੀ ਨੂੰ ਵਾਪਸ ਪਾਉਣ ਲਈ ਸੋਨੀਆ ਨੇ ਭਾਰਤ ''ਚ ਪੁਲਿਸ ਤੋਂ ਮਦਦ ਮੰਗੀ ਹੈ।
ਸੌਰਭ ਕਾਂਤ ਤਿਵਾਰੀ ਨੇ ਬੀਬੀਸੀ ਬੰਗਲਾ ਨੂੰ ਦੱਸਿਆ ਕਿ ਉਹ ਸਾਲ 2017 ਤੋਂ ਇੱਕ ਬਿਜਲੀ ਕੰਪਨੀ ਦੇ ਢਾਕਾ ਦਫ਼ਤਰ ਵਿੱਚ ਕੰਮ ਕਰਦੇ ਸਨ। ਇਸੇ ਦੌਰਾਨ ਉਨ੍ਹਾਂ ਦੀ ਜਾਣ-ਪਛਾਣ ਸੋਨੀਆ ਨਾਲ ਹੋਈ ਸੀ।
ਫਿਲਹਾਲ ਸੋਨੀਆ ਅਤੇ ਸੌਰਭ ਵਿਚਾਲੇ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ।
ਤਿਵਾੜੀ ਦਾ ਇਲਜ਼ਾਮ ਹੈ ਕਿ ਸੋਨੀਆ ਨੇ ਬੰਗਲਾਦੇਸ਼ ਵਿਚ ਰਹਿਣ ਦੌਰਾਨ ਉਨ੍ਹਾਂ ਨਾਲ ਜ਼ਬਰਦਸਤੀ ਵਿਆਹ ਕਰਵਾਇਆ ਸੀ।
ਦੂਜੇ ਪਾਸੇ, ਸੋਨੀਆ ਅਖ਼ਤਰ ਦਾ ਇਲਜ਼ਾਮ ਹੈ ਕਿ ਢਾਕਾ ''ਚ ਨੌਕਰੀ ਦੌਰਾਨ ਤਿਵਾਰੀ ਨੇ ਉਨ੍ਹਾਂ ਨਾਲ ਝੂਠ ਬੋਲ ਕੇ ਅਤੇ ਭਰਮਾ ਕੇ ਵਿਆਹ ਕਰਵਾਇਆ ਸੀ।
ਸੋਨੀਆ ਅਖ਼ਤਰ ਨੇ ਕੀ ਕਿਹਾ?
ਸੋਨੀਆ ਅਖ਼ਤਰ
ਸੋਨੀਆ ਅਖ਼ਤਰ ਦੇ ਵਕੀਲ ਨੇ ਬੀਬੀਸੀ ਨੂੰ ਜੋੜੇ (ਸੋਨੀਆ ਅਤੇ ਤਿਵਾਰੀ) ਅਤੇ ਉਨ੍ਹਾਂ ਦੇ ਬੱਚੇ ਦੀਆਂ ਕਈ ਤਸਵੀਰਾਂ ਭੇਜੀਆਂ ਹਨ। ਇਸ ਦੇ ਨਾਲ ਹੀ ਤਿਵਾਰੀ ਦੇ ਧਰਮ ਪਰਿਵਰਤਨ ਅਤੇ ਵਿਆਹ ਦੇ ਕਾਗਜ਼ ਵੀ ਭੇਜੇ ਗਏ ਹਨ।
ਸੋਨੀਆ ਨੇ ਪੁਲਿਸ ਸਾਹਮਣੇ ਆਪਣੇ ਬਿਆਨ ''ਚ ਕਿਹਾ ਹੈ ਕਿ ਉਨ੍ਹਾਂ ਦਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਸੌਰਭ ਕਾਂਤ ਤਿਵਾਰੀ ਨਾਲ ਹੋਇਆ ਸੀ। ਪਰ ਉਹ ਆਪਣੀ ਪਤਨੀ ਅਤੇ ਬੱਚੇ ਨੂੰ ਢਾਕਾ ਵਿੱਚ ਛੱਡ ਕੇ ਭਾਰਤ ਪਰਤ ਆਏ।
ਪੁਲਿਸ ਮੁਤਾਬਕ, ਆਪਣੇ ਪਤੀ ਨੂੰ ਵਾਪਸ ਪਾਉਣ ਲਈ ਸੋਨੀਆ ਕਾਨੂੰਨੀ ਤੌਰ ''ਤੇ ਕਾਨੂੰਨੀ ਪਾਸਪੋਰਟ ਅਤੇ ਵੀਜ਼ਾ ਲੈ ਕੇ ਭਾਰਤ ਆਏ ਹਨ।
ਨੋਇਡਾ ਦੇ ਵਧੀਕ ਪੁਲਿਸ ਕਮਿਸ਼ਨਰ (ਸੈਂਟਰਲ ਨੋਇਡਾ) ਰਾਜੀਵ ਦੀਕਸ਼ਿਤ ਨੇ ਪੱਤਰਕਾਰਾਂ ਨੂੰ ਦੱਸਿਆ, ''''ਉਸ ਬੰਗਲਾਦੇਸ਼ੀ ਨਾਗਰਿਕ ਨੇ ਮਹਿਲਾ ਪੁਲਿਸ ਥਾਣੇ ''ਚ ਦਰਜ ਕਰਵਾਈ ਆਪਣੀ ਸ਼ਿਕਾਇਤ ''ਚ ਕਿਹਾ ਹੈ ਕਿ ਉਨ੍ਹਾਂ ਦਾ ਵਿਆਹ ਇੱਥੋਂ ਦੇ ਸੂਰਜਪੁਰ ਇਲਾਕੇ ਦੇ ਰਹਿਣ ਵਾਲੇ ਸੌਰਭ ਕਾਂਤ ਤਿਵਾਰੀ ਨਾਲ ਹੋਇਆ ਸੀ। ਇਸ ਮਗਰੋਂ ਉਹ ਢਾਕਾ ਛੱਡ ਕੇ ਭਾਰਤ ਪਰਤ ਆਏ। ਮਹਿਲਾ ਮੁਤਾਬਕ, ਤਿਵਾੜੀ ਦਾ ਪਹਿਲਾਂ ਹੀ ਵਿਆਹ ਹੋ ਚੁੱਕਿਆ ਸੀ।''''
ਰਾਜੀਵ ਦੀਕਸ਼ਿਤ ਨੇ ਦੱਸਿਆ ਕਿ ਬੰਗਲਾਦੇਸ਼ੀ ਮਹਿਲਾ ਨੇ ਪੁਲਿਸ ਨੂੰ ਆਪਣੇ ਅਤੇ ਆਪਣੇ ਪੁੱਤਰ ਦੇ ਵੀਜ਼ਾ, ਪਾਸਪੋਰਟ ਅਤੇ ਨਾਗਰਿਕਤਾ ਪਹਿਚਾਣ ਪੱਤਰ ਦੀਆਂ ਕਾਪੀਆਂ ਵੀ ਸੌਂਪੀਆਂ ਹਨ।
ਕਾਗਜ਼ਾਂ ਨੂੰ ਦੇਖਣ ਤੋਂ ਬਾਅਦ, ਪਹਿਲੀ ਨਜ਼ਰ ਵਿੱਚ ਅਜਿਹਾ ਲੱਗਦਾ ਹੈ ਕਿ ਉਨ੍ਹਾਂ ਦਾ ਵਿਆਹ ਬੰਗਲਾਦੇਸ਼ ਵਿੱਚ ਹੋਇਆ ਸੀ। ਇਸ ਮਾਮਲੇ ਦੀ ਜਾਂਚ ਅਤੇ ਅਗਲੇਰੀ ਕਾਰਵਾਈ ਸਹਾਇਕ ਕਮਿਸ਼ਨਰ (ਮਹਿਲਾ ਅਤੇ ਬਾਲ ਸੁਰੱਖਿਆ) ਨੂੰ ਸੌਂਪੀ ਗਈ ਹੈ।
ਖ਼ਬਰ ਏਜੰਸੀ ਪੀਟੀਆਈ ਨੇ ਸੋਨੀਆ ਅਖ਼ਤਰ ਦੇ ਹਵਾਲੇ ਨਾਲ ਕਿਹਾ ਹੈ ਕਿ ਉਹ (ਸੌਰਭ) ਫਿਲਹਾਲ ਰਾਜ਼ੀ ਨਹੀਂ ਹਨ, ਮੈਨੂੰ ਆਪਣੇ ਘਰ ਲੈ ਕੇ ਵੀ ਨਹੀਂ ਜਾ ਰਹੇ ਹਨ। ਮੈਂ ਇੱਕ ਬੰਗਲਾਦੇਸ਼ੀ ਹਾਂ। ਸਾਡਾ ਵਿਆਹ ਕਰੀਬ ਤਿੰਨ ਸਾਲ ਪਹਿਲਾਂ ਹੋਇਆ ਸੀ। ਮੈਂ ਆਪਣੇ ਬੱਚੇ ਨੂੰ ਲੈ ਕੇ ਉਨ੍ਹਾਂ ਨਾਲ ਰਹਿਣਾ ਚਾਹੁੰਦੀ ਹਾਂ।
ਬੀਬੀਸੀ ਬੰਗਲਾ ਨੇ ਸੋਨੀਆ ਅਖ਼ਤਰ ਦੇ ਵਕੀਲ ਅਤੇ ਸੌਰਭ ਕਾਂਤ ਤਿਵਾਰੀ ਨਾਲ ਗੱਲ ਕੀਤੀ ਹੈ।
''ਮੈਨੂੰ ਫਸਾਇਆ ਗਿਆ ਹੈ''
ਆਪਣੀ ਕਹਾਣੀ ਦੱਸਦੇ ਹੋਏ ਸੌਰਭ ਦਾਅਵਾ ਕਰ ਰਹੇ ਸਨ ਕਿ ਉਨ੍ਹਾਂ ਕੋਲ ਸਾਰੇ ਸਬੂਤ ਹਨ ਅਤੇ ਉਹ ਬੀਬੀਸੀ ਨੂੰ ਸੌਂਪ ਦੇਣਗੇ। ਪਰ ਵਾਰ-ਵਾਰ ਯਾਦ ਕਰਵਾਉਣ ਅਤੇ ਵਟਸਐਪ ਰਾਹੀਂ ਮੈਸੇਜ ਭੇਜਣ ਦੇ ਬਾਵਜੂਦ ਉਨ੍ਹਾਂ ਨੇ ਹੁਣ ਤੱਕ ਕੋਈ ਸਬੂਤ ਨਹੀਂ ਦਿੱਤਾ ਹੈ।
ਤਿਵਾਰੀ ਨੇ ਸੋਨੀਆ ਅਖ਼ਤਰ ਅਤੇ ਉਨ੍ਹਾਂ ਦੇ ਪਰਿਵਾਰ ''ਤੇ ਕਈ ਇਲਜ਼ਾਮ ਲਗਾਏ ਹਨ। ਉਹ ਇਲਜ਼ਾਮ ਲਗਾਉਂਦੇ ਹਨ ਕਿ "ਮੇਰਾ ਧਰਮ ਪਰਿਵਰਤਨ ਕਰਕੇ ਜ਼ਬਰਦਸਤੀ ਵਿਆਹ ਕਰਵਾਇਆ ਗਿਆ ਹੈ। ਸੋਨੀਆ ਅਤੇ ਉਸ ਦੇ ਪਰਿਵਾਰ ਨੇ ਮੇਰੇ ਤੋਂ ਲੱਖਾਂ ਰੁਪਏ ਲਏ ਹਨ ਅਤੇ ਅਜੇ ਵੀ ਇੱਕ ਕਰੋੜ ਰੁਪਏ ਦੀ ਮੰਗ ਕਰ ਰਹੇ ਹਨ।"
ਤਿਵਾਰੀ ਦਾ ਕਹਿਣਾ ਹੈ ਕਿ ਢਾਕਾ ''ਚ ਨੌਕਰੀ ਦੌਰਾਨ ਹੀ ਉਨ੍ਹਾਂ ਦੀ ਜਾਣ-ਪਛਾਣ ਸੋਨੀਆ ਨਾਲ ਹੋਈ ਸੀ।
ਉਹ ਦੱਸਦੇ ਹਨ, "ਉਹ ਮਾਰਕੀਟਿੰਗ ਦੇ ਕਿਸੇ ਕੰਮ ਲਈ ਮੇਰੇ ਦਫ਼ਤਰ ਆਈ ਸੀ। ਪਰ ਉਦੋਂ ਸਾਡੇ ਦਫ਼ਤਰ ਨੂੰ ਉਸ ਚੀਜ਼ ਦੀ ਲੋੜ ਨਹੀਂ ਸੀ। ਪਰ ਉਸ ਤੋਂ ਬਾਅਦ ਉਹ ਮੇਰੇ ਨਾਲ ਨਜ਼ਦੀਕੀ ਵਧਾਉਂਦੀ ਰਹੀ, ਫ਼ੋਨ ''ਤੇ ਮੇਰੇ ਨਾਲ ਸੰਪਰਕ ਕਰਦੀ ਰਹੀ। ਉਹ ਮੈਸੇਜ ਭੇਜਦੀ ਸੀ ਅਤੇ ਫ਼ੋਨ ਕਰਦੀ ਸੀ।''''
''''ਉਸ ਤੋਂ ਬਾਅਦ ਉਹ ਘਰ ਵੀ ਆਉਣ-ਜਾਣ ਲੱਗ ਪਈ। ਉਸ ਤੋਂ ਬਾਅਦ ਮੈਨੂੰ ਡਰਾ-ਧਮਕਾ ਕੇ ਧਰਮ ਪਰਿਵਰਤਨ ਕਰਵਾ ਕੇ ਮੇਰਾ ਵਿਆਹ ਕਰਵਾ ਦਿੱਤਾ ਗਿਆ। ਉਹ 14 ਅਪ੍ਰੈਲ 2021 ਦਾ ਦਿਨ ਸੀ। ਮੈਂ ਵਸੁੰਧਰਾ ਇਲਾਕੇ ਵਿੱਚ ਇੱਕ ਫਲੈਟ ਕਿਰਾਏ ''ਤੇ ਲਿਆ ਸੀ। ਸੋਨੀਆ ਮੇਰੇ ਨਾਲ ਉੱਥੇ ਹੀ ਰਹਿੰਦੀ ਸੀ।"
ਸੰਕੇਤਕ ਤਸਵੀਰ
ਬੀਬੀਸੀ ਨੇ ਤਿਵਾਰੀ ਤੋਂ ਸਵਾਲ ਪੁੱਛਿਆ ਸੀ ਕਿ ਕੀ ਉਨ੍ਹਾਂ ਨੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਤੋਂ ਬਾਅਦ ਢਾਕਾ ਪੁਲਿਸ ਜਾਂ ਢਾਕਾ ਸਥਿਤ ਭਾਰਤੀ ਸਰਾਫਤਖ਼ਾਨੇ ਨਾਲ ਸੰਪਰਕ ਕੀਤਾ ਸੀ? ਕੀ ਉਨ੍ਹਾਂ ਨੇ ਭਾਰਤ ਵਿੱਚ ਆਪਣੇ ਪਰਿਵਾਰਕ ਮੈਂਬਰਾਂ ਨੂੰ ਇਸ ਬਾਰੇ ਸੂਚਿਤ ਕੀਤਾ ਸੀ?
ਇਸ ''ਤੇ ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਸ਼ਿਕਾਇਤ ਕਰਨ ਭਾਰਤੀ ਸਰਾਫਤਖ਼ਾਨੇ ਗਏ ਸਨ। ਉਥੋਂ ਉਨ੍ਹਾਂ ਨੂੰ ਇੱਕ ਫਾਰਮ ਦੇ ਕੇ ਸਥਾਨਕ ਪੁਲਿਸ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਸੀ।
ਉਹ ਦੱਸਦੇ ਹਨ ਕਿ "ਉਸ ਫਾਰਮ ਨੂੰ ਭਰਨ ਤੋਂ ਬਾਅਦ ਸੋਨੀਆ ਨੇ ਮੇਰਾ ਫ਼ੋਨ ਹੈਕ ਕਰ ਲਿਆ ਅਤੇ ਪੂਰੇ ਮਾਮਲੇ ਬਾਰੇ ਪਤਾ ਲਗਾ ਲਿਆ। ਇੱਧਰ ਕੋਰੋਨਾ ਕਾਰਨ ਬਾਰਡਰ ਵੀ ਬੰਦ ਸੀ। ਮੈਂ ਭਾਰਤ ਵਾਪਸ ਵੀ ਨਹੀਂ ਆ ਸਕਦਾ ਸੀ।''''
''''ਇਸ ਤੋਂ ਇਲਾਵਾ ਭਾਰਤ ''ਚ ਮੇਰੀ ਪਤਨੀ ਅਤੇ ਬੱਚੇ ਨੂੰ ਖ਼ਤਰਨਾਕ ਕੋਰੋਨਾ ਹੋ ਰੱਖਿਆ ਸੀ। ਕੋਰੋਨਾ ਕਾਰਨ ਹੀ ਮੇਰੀ ਮਾਂ ਦੀ ਮੌਤ ਵੀ ਹੋ ਗਈ। ਅਜਿਹੀ ਸਥਿਤੀ ਵਿੱਚ, ਮੈਂ ਇਹ ਦੱਸ ਕੇ ਪਰਿਵਾਰ ''ਤੇ ਮਾਨਸਿਕ ਦਬਾਅ ਨਹੀਂ ਵਧਾਉਣਾ ਚਾਹੁੰਦਾ ਸੀ।''''
ਉਨ੍ਹਾਂ ਇਲਜ਼ਾਮ ਲਗਾਇਆ ਕਿ ਸੋਨੀਆ ਦੇ ਪਰਿਵਾਰ ਨੇ ਉਨ੍ਹਾਂ ਤੋਂ ਕਾਫੀ ਪੈਸੇ ਲਏ ਹਨ ਅਤੇ ਹੁਣ ਵੀ ਮੋਟੀ ਰਕਮ ਦੀ ਮੰਗ ਕਰ ਰਹੇ ਹਨ। ਤਿਵਾਰੀ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਲੰਘੀ 5 ਅਗਸਤ ਨੂੰ ਢਾਕਾ ਵਿੱਚ ਤਲਾਕ ਦਾ ਕੇਸ ਦਾਇਰ ਕੀਤਾ ਹੈ।
''ਭਾਰਤੀ ਪਤਨੀ ਬਿਲਕੁਲ ਅਣਜਾਣ ਸੀ''
ਸੰਕੇਤਕ ਤਸਵੀਰ
ਸੌਰਭ ਦੇ ਪਤਨੀ ਰਚਨਾ ਤਿਵਾਰੀ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕਾ ਹਨ। ਜਦੋਂ ਉਨ੍ਹਾਂ ਦੇ ਪਤੀ ਬੀਬੀਸੀ ਬੰਗਲਾ ਨਾਲ ਗੱਲ ਕਰ ਰਹੇ ਸਨ ਤਾਂ ਰਚਨਾ ਕੋਲ ਹੀ ਬੈਠੇ ਸਨ।
ਰਚਨਾ ਤਿਵਾਰੀ ਨੇ ਕਿਹਾ, "ਹਰ ਰੋਜ਼ ਕਈ ਵਾਰ ਮੇਰੇ ਨਾਲ ਇਨ੍ਹਾਂ ਦੀ ਗੱਲਬਾਤ ਹੁੰਦੀ ਸੀ। ਸ਼ੁਰੂ ਵਿੱਚ ਤਾਂ ਮੈਨੂੰ ਕੁਝ ਸਮਝ ਨਹੀਂ ਆਇਆ ਕਿ। ਇਹ (ਸੌਰਭ) ਦੇਰ ਰਾਤ ਘਰ ਆਉਂਦੇ ਸਨ ਅਤੇ ਫਿਰ ਸਵੇਰੇ ਜਲਦੀ ਚਲੇ ਜਾਂਦੇ ਸਨ। ਪਰ ਉਨ੍ਹਾਂ ਨੇ ਮੈਨੂੰ ਕਦੇ ਇਸ ਬਾਰੇ ਕੁਝ ਨਹੀਂ ਦੱਸਿਆ ਸੀ।''''
ਰਚਨਾ ਦੱਸਦੇ ਹਨ, "ਸ਼ਾਇਦ ਕਰੋਨਾ ਅਤੇ ਸੱਸ ਦੀ ਮੌਤ ਕਾਰਨ ਹੀ ਉਨ੍ਹਾਂ (ਸੌਰਭ) ਨੇ ਮੈਨੂੰ ਇਸ ਬਾਰੇ ਨਹੀਂ ਦੱਸਿਆ ਪਰ ਮੈਨੂੰ ਸ਼ੱਕ ਜ਼ਰੂਰ ਹੁੰਦਾ ਸੀ ਕਿ ਇੰਨੀ ਦੇਰ ਨਾਲ ਘਰ ਪਰਤਣ ਤੋਂ ਬਾਅਦ ਉਹ ਕਿਵੇਂ ਖਾਣਾ ਬਣਾਉਂਦੇ ਅਤੇ ਖਾਂਦੇ ਹਨ ਅਤੇ ਫਿਰ ਸਵੇਰੇ ਜਲਦੀ ਚਲੇ ਜਾਂਦੇ ਹਨ।''''
''''ਕਈ ਵਾਰ ਲੱਗਦਾ ਸੀ ਕਿ ਸ਼ਾਇਦ ਉਹ ਖੁੱਲ੍ਹ ਕੇ ਕੁਝ ਕਹਿ ਨਹੀਂ ਪਾ ਰਹੇ ਹਨ। ਪਰ ਜਦੋਂ ਮੈਂ ਢਾਕਾ ਗਈ ਤਾਂ ਮੇਰੇ ਸਾਹਮਣੇ ਸਾਰਾ ਮਾਮਲਾ ਸਪੱਸ਼ਟ ਹੋ ਗਿਆ।"
''ਤਿਵਾਰੀ ਝੂਠ ਬੋਲ ਰਹੇ ਹਨ''
ਸੰਕੇਤਕ ਤਸਵੀਰ
ਬੀਬੀਸੀ ਬੰਗਲਾ ਨੇ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸੋਨੀਆ ਅਖ਼ਤਰ ਦੀ ਵਕੀਲ ਰੇਣੂ ਸਿੰਘ ਨਾਲ ਗੱਲ ਕੀਤੀ। ਉਨ੍ਹਾਂ ਨੇ ਸੌਰਭ ਅਤੇ ਉਨ੍ਹਾਂ ਦੀ ਪਤਨੀ ਦੇ ਸਾਰੇ ਇਲਜ਼ਾਮਾਂ ਦਾ ਖੰਡਨ ਕੀਤਾ ਹੈ।
ਐਡਵੋਕੇਟ ਰੇਣੂ ਦਾ ਦਾਅਵਾ ਹੈ ਕਿ ਤਿਵਾਰੀ ਦਾ ਹਰ ਦਾਅਵਾ ਝੂਠਾ ਹੈ।
ਉਨ੍ਹਾਂ ਦਾ ਸਵਾਲ ਸੀ, "ਸੌਰਭ ਕਹਿ ਰਹੇ ਹਨ ਕਿ ਉਨ੍ਹਾਂ ਦਾ ਧਰਮ ਪਰਿਵਰਤਨ ਵੀ ਜ਼ਬਰਦਸਤੀ ਕਰਵਾਇਆ ਗਿਆ ਅਤੇ ਵਿਆਹ ਵੀ। ਤਾਂ ਕੀ ਬੱਚਾ ਵੀ ਜ਼ਬਰਦਸਤੀ ਪੈਦਾ ਹੋ ਗਿਆ? ਕੀ ਅਜਿਹਾ ਜ਼ਬਰਦਸਤੀ ਸੰਭਵ ਹੈ?''''
''''ਅਸਲ ਵਿੱਚ ਤਿਵਾਰੀ ਸ਼ੁਰੂ ਤੋਂ ਹੀ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਮੇਰੀ ਮੁਵੱਕਿਲ ਨੂੰ ਦੱਸਿਆ ਸੀ ਕਿ ਭਾਰਤ ਵਿੱਚ ਉਨ੍ਹਾਂ ਦੀ ਪਤਨੀ ਦੀ ਮੌਤ ਹੋ ਗਈ ਹੈ। ਉਨ੍ਹਾਂ ਨੇ ਸਾਰੀ ਜਾਣਕਾਰੀ ਛੁਪਾ ਕੇ ਸੋਨੀਆ ਨੂੰ ਗੱਲਾਂ ਵਿੱਚ ਫਸਾ ਕੇ ਉਨ੍ਹਾਂ ਨਾਲ ਵਿਆਹ ਕਰਵਾਇਆ ਹੈ ਅਤੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ।"
ਰੇਨੂੰ ਦਾ ਕਹਿਣਾ ਹੈ ਕਿ ਸੌਰਭ ਹੁਣ ਆਪਣੀ ਪਤਨੀ ਅਤੇ ਬੱਚੇ ਨੂੰ ਛੱਡ ਕੇ ਭਾਰਤ ਵਾਪਸ ਆ ਗਏ ਹਨ। ਇਸ ਜੋੜੇ ਦੀਆਂ ਕਈ ਤਸਵੀਰਾਂ ਹਨ। ਉਨ੍ਹਾਂ ਨੂੰ ਦੇਖ ਕੇ ਕੋਈ ਵੀ ਸਮਝ ਸਕਦਾ ਹੈ ਕਿ ਤਿਵਾਰੀ ਦੇ ਚਿਹਰੇ ''ਤੇ ਜਾਂ ਉਨ੍ਹਾਂ ਦੀਆਂ ਅੱਖਾਂ ''ਚ ਡਰ ਦਾ ਕੋਈ ਨਿਸ਼ਾਨ ਨਹੀਂ ਹੈ। ਇਹ ਇੱਕ ਖੁਸ਼ਹਾਲ ਜੋੜੇ ਦੀਆਂ ਤਸਵੀਰਾਂ ਹਨ।''''
ਰੇਣੂ ਸਿੰਘ ਨੂੰ ਸਵਾਲ ਪੁੱਛਿਆ ਗਿਆ ਸੀ ਕਿ ਕੀ ਉਨ੍ਹਾਂ ਦੀ ਮੁਵੱਕਿਲ ਨੇ ਸਬੰਧ ਬਣਾਉਣ ਜਾਂ ਵਿਆਹ ਕਰਨ ਤੋਂ ਪਹਿਲਾਂ ਤਿਵਾਰੀ ਬਾਰੇ ਕੋਈ ਖੋਜ-ਪੜਤਾਲ ਨਹੀਂ ਕੀਤੀ ਸੀ?
ਇਸ ''ਤੇ ਉਨ੍ਹਾਂ ਕਿਹਾ, "ਵਿਆਹ ਤੋਂ ਬਾਅਦ ਤਿਵਾਰੀ ਨੇ ਸੋਨੀਆ ਦੀ ਜਾਣ-ਪਛਾਣ ਆਪਣੇ ਦਫਤਰ ਦੇ ਸਾਥੀਆਂ ਨਾਲ ਕਰਵਾਈ ਸੀ। ਅਸਲ ''ਚ ਸੋਨੀਆ ਨੇ ਤਿਵਾਰੀ ''ਤੇ ਭਰੋਸਾ ਕੀਤਾ ਸੀ। ਪਰ ਤਿਵਾਰੀ ਨੇ ਇਹ ਗੱਲ ਲੂਕਾ ਲਈ ਸੀ ਕਿ ਭਾਰਤ ''ਚ ਉਨ੍ਹਾਂ ਦੀ ਪਤਨੀ ਅਤੇ ਦੋ ਬੱਚੇ ਹਨ।''''
''''ਸੋਨੀਆ ਨੂੰ ਇਸ ਗੱਲ ਦਾ ਉਦੋਂ ਹੀ ਪਤਾ ਲੱਗਾ, ਜਦੋਂ ਢਾਕਾ ਵਿੱਚ ਉਨ੍ਹਾਂ ਨੇ ਤਿਵਾਰੀ ਨੂੰ ਉਸ ਵੇਲੇ ਰੰਗੇ ਹੱਥੀਂ ਫੜ੍ਹ ਲਿਆ ਜਦੋਂ ਉਹ ਆਪਣੀ ਭਾਰਤੀ ਪਤਨੀ ਨਾਲ ਫ਼ੋਨ ''ਤੇ ਗੱਲ ਕਰ ਰਹੇ ਸਨ।''''
ਰੇਣੂ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੁਵੱਕਿਲ ਸੋਨੀਆ ਨੇ ਤਿਵਾਰੀ ਤੋਂ ਕੋਈ ਪੈਸਾ ਨਹੀਂ ਮੰਗਿਆ ਅਤੇ ਨਾ ਹੀ ਉਨ੍ਹਾਂ ਤੋਂ ਪਹਿਲਾਂ ਕਦੇ ਕੋਈ ਪੈਸਾ ਲਿਆ ਹੈ। ਉਨ੍ਹਾਂ ਦੀ (ਸੋਨੀਆ ਦੀ) ਇੱਕੋ ਮੰਗ ਹੈ ਕਿ ਪਤੀ ਆਪਣੀ ਸੰਤਾਨ ਦੀ ਜ਼ਿੰਮੇਵਾਰੀ ਚੁੱਕੇ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਨੇਪਾਲ: ਗਊ ਮਾਸ ਖਾਣ ਨੂੰ ਲੈ ਕੇ ਛਿੜਿਆ ਵਿਵਾਦ, ਪੂਰੇ ਸ਼ਹਿਰ ਦੀ ਠੱਪ ਪੈ ਗਈ ਆਵਾਜਾਈ
NEXT STORY