ਵਿਜੇਲਕਸ਼ਮੀ ਪੰਡਿਤ ਅਤੇ ਸਈਦ ਹੁਸੈਨ
ਮਿਸਰ ਦੀ ਰਾਜਧਾਨੀ ਕਾਇਰੋ ’ਚ ਇੱਕ ਕਬਰਸਤਾਨ ਹੈ- ‘ਅਲ-ਅਰਾਫ਼ਾ’, ਜਿਸ ਨੂੰ ਅੰਗਰੇਜ਼ੀ ’ਚ ‘ਦਿ ਸਿਟੀ ਆਫ਼ ਦਿ ਡੈੱਡ’ ਕਿਹਾ ਜਾਂਦਾ ਹੈ।
ਇਸ ਕਬਰਸਤਾਨ ’ਚ ਇੱਕ ਇੱਕਲਾ ਭਾਰਤੀ ਦਫ਼ਨ ਹੈ, ਜੋ ਕਿ ਆਪਣੇ ਜ਼ਮਾਨੇ ’ਚ ਇੱਕ ਬਹੁਤ ਹੀ ਮਹਾਨ ਵਿਦਵਾਨ, ਪੱਤਰਕਾਰ ਅਤੇ ਦੇਸ਼ ਭਗਤ ਸੀ ਅਤੇ ਜਿਸ ਨੇ ਸਾਲਾਂ ਤੱਕ ਭਾਰਤ ਤੋਂ ਬਾਹਰ ਰਹਿ ਕੇ ਇਸ ਦੀ ਆਜ਼ਾਦੀ ਲਈ ਆਪਣਾ ਬਹੁਤ ਪਸੀਨਾ ਵਹਾਇਆ ਸੀ।
ਇਸ ਮਹਾਨ ਵਿਅਕਤੀ ਦਾ ਨਾਮ ਹੈ- ਸਈਦ ਹੁਸੈਨ, ਜਿਨ੍ਹਾਂ ਦਾ ਜਨਮ 1888 ’ਚ ਢਾਕਾ (ਬੰਗਲਾਦੇਸ਼) ਵਿਖੇ ਹੋਇਆ ਸੀ। ਹੁਸੈਨ ਕੋਈ ਮਾਮੂਲੀ ਜਾਂ ਆਮ ਵਿਅਕਤੀ ਨਹੀਂ ਸਨ।
ਐੱਨਐੱਸ ਵਿਨੋਧ ਉਨ੍ਹਾਂ ਦੀ ਜੀਵਨੀ ‘ਅ ਫੋਰਗੋਟੇਨ ਅੰਬੈਸਡਰ ਇਨ ਕਾਇਰੋ ਦਾ ਲਾਈਫ਼ ਐਂਡ ਟਾਈਮਜ਼ ਆਫ਼ ਸਈਦ ਹੁਸੈਨ’ ’ਚ ਲਿਖਦੇ ਹਨ, “ਸਈਦ ਹੁਸੈਨ ਆਪਣੇ ਜ਼ਮਾਨੇ ਦੇ ਬਹੁਤ ਹੀ ਆਕਰਸ਼ਕ, ਮਨਮੋਹਕ, ਵਿਦਵਾਨ ਅਤੇ ਸ਼ਾਲੀਨ/ਸੱਭਿਅਕ ਵਿਅਕਤੀ ਸਨ, ਜਿਨ੍ਹਾਂ ’ਚ ਆਪਣੇ ਭਾਸ਼ਣ ਜ਼ਰੀਏ ਲੋਕਾਂ ਨੂੰ ਮੰਤਰ ਮੁਗਧ ਕਰਨ ਦੀ ਕਲਾ ਮੌਜੂਦ ਸੀ। ਉਹ ਇੱਕ ਅਸਾਧਾਰਨ ਲੇਖਕ ਅਤੇ ਧਰਮ ਨਿਰਪੱਖ ਦੇਸ਼ ਭਗਤ ਸਨ।”
ਉਹ ਅੱਗੇ ਲਿਖਦੇ ਹਨ, “ਉਨ੍ਹਾਂ ਦੀਆ ਪ੍ਰਾਪਤੀਆਂ ਨੂੰ ਸ਼ਾਇਦ ਇਸ ਲਈ ਨਜ਼ਰਅੰਦਾਜ਼ ਕਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਦੇਸ਼ ਦੇ ਇੱਕ ਬਹੁਤ ਵੱਡੇ ਪਰਿਵਾਰ ਦੀ ਨਾਰਾਜ਼ਗੀ ਦਾ ਕਾਰਨ ਬਣਨਾ ਪਿਆ ਸੀ। ਉਹ ਇੱਕ ਅਜਿਹੇ ਵਿਅਕਤੀ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਮਹਾਨ ਯੋਗਦਾਨ ਅਤੇ ਪ੍ਰਾਪਤੀਆਂ ਦੇ ਬਾਵਜੂਦ ਉਨ੍ਹਾਂ ਦੇ ਦੇਸ਼ ਅਤੇ ਇਤਿਹਾਸ ਨੇ ਉਨ੍ਹਾਂ ਨੂੰ ਉਹ ਸਥਾਨ ਨਹੀਂ ਦਿੱਤਾ, ਜਿਸ ਦੇ ਕਿ ਉਹ ਅਸਲ ਹੱਕਦਾਰ ਸਨ।”
ਮੋਤੀ ਲਾਲ ਨਹਿਰੂ ਨੇ ਬਣਾਇਆ ‘ਇੰਡੀਪੈਂਡੇਟ’ ਅਖ਼ਬਾਰ ਦਾ ਸੰਪਾਦਕ
ਅਲੀਗੜ੍ਹ ਯੂਨੀਵਰਸਿਟੀ ਤੋਂ ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਸਈਦ ਕਾਨੂੰਨ ਦੀ ਪੜ੍ਹਾਈ ਕਰਨ ਲਈ ਇੰਗਲੈਂਡ ਗਏ ਸਨ, ਪਰ ਉਨ੍ਹਾਂ ਨੇ ਬੈਰਿਸਟਰ ਬਣਨ ਦੀ ਬਜਾਏ ਪੱਤਰਕਾਰ ਬਣਨਾ ਵਧੇਰੇ ਠੀਕ ਸਮਝਿਆ।
ਸਈਦ 5 ਫੁੱਟ 10 ਇੰਚ ਲੰਬੇ ਸਨ ਅਤੇ ਚੰਗੇ ਕੱਪੜੇ-ਲੱਤੇ ਪਾਉਣ ਦੇ ਸ਼ੌਕੀਨ ਸਨ। ਫਰਾਟੇਦਾਰ ਅੰਗਰੇਜ਼ੀ ਦੇ ਕਾਰਨ ਹੀ ਇੰਗਲੈਂਡ ਦੀਆਂ ਕਈ ਔਰਤਾਂ ਉਨ੍ਹਾਂ ’ਤੇ ਫਿਦਾ ਹੋਏ ਬਿਨਾਂ ਨਹੀਂ ਰਹਿ ਸਕੀਆਂ ਸਨ।
ਇੰਗਲੈਂਡ ’ਚ 7 ਸਾਲ ਰਹਿਣ ਤੋਂ ਬਾਅਦ ਸਈਦ ਨਵੰਬਰ 1916 ’ਚ ਭਾਰਤ ਵਾਪਸ ਪਰਤੇ ਸਨ ਅਤੇ ਇੱਕ ਮਹੀਨੇ ਬਾਅਦ ਹੀ ਉਨ੍ਹਾਂ ਨੇ ਬੰਬਈ ਦੇ ਬੰਬੇ ਕ੍ਰੋਨਿਕਲ ਅਖ਼ਬਾਰ ’ਚ ਬਤੌਰ ਉਪ-ਸੰਪਾਦਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।
ਅੰਗਰੇਜ਼ ਸਰਕਾਰ ਵਿਰੁੱਧ ਲਿਖੇ ਉਨ੍ਹਾਂ ਦੇ ਲੇਖ ਪੂਰੇ ਭਾਰਤ ’ਚ ਬਹੁਤ ਹੀ ਦਿਲਚਸਪੀ ਨਾਲ ਪੜ੍ਹੇ ਜਾਂਦੇ ਸਨ। ਉਨ੍ਹਾਂ ਲੇਖਾਂ ’ਤੇ ਮੋਤੀਲਾਲ ਨਹਿਰੂ ਅਤੇ ਮਹਾਤਮਾ ਗਾਂਧੀ ਦੀ ਵੀ ਨਜ਼ਰ ਪਈ।
ਸਈਦ ਹੁਸੈਨ ਦੀ ਅਸਲ ਕਹਾਣੀ ਜਨਵਰੀ 1919 ’ਚ ਸ਼ੁਰੂ ਹੁੰਦੀ ਹੈ, ਜਦੋਂ ਮੋਤੀ ਲਾਲ ਨਹਿਰੂ ਨੇ ਉਨ੍ਹਾਂ ਦੇ ਲੇਖਨ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੂੰ ‘ਇੰਡੀਪੈਂਡੇਂਟ’ ਅਖ਼ਬਾਰ ਦਾ ਸੰਪਾਦਕ ਬਣਾਉਣ ਲਈ ਇਲਾਹਾਬਾਦ ਬੁਲਾਇਆ ਸੀ।
ਇਸ ਅਖ਼ਬਾਰ ਦਾ ਦਫ਼ਤਰ ਸੁਰੂ-ਸ਼ੁਰੂ ’ਚ ਮੋਤੀ ਲਾਲ ਨਹਿਰੂ ਦੀ ਰਿਹਾਇਸ਼ ਆਨੰਦ ਭਵਨ ਵਿਖੇ ਹੀ ਸੀ। ਸਈਦ ਨੂੰ 1500 ਰੁਪਏ ਤਨਖ਼ਾਹ ’ਤੇ ਨੌਕਰੀ ਦਿੱਤੀ ਗਈ, ਜੋ ਕਿ ਉਨ੍ਹਾਂ ਦਿਨਾਂ ’ਚ ਬਹੁਤ ਵੱਡੀ ਤਨਖ਼ਾਹ ਮੰਨੀ ਜਾਂਦੀ ਸੀ।
ਸਈਦ ਹੁਸੈਨ ਨੇ ਵਿਜੇਲਕਸ਼ਮੀ ਪੰਡਿਤ ਨਾਲ ਕੀਤਾ ਚੁੱਪ-ਚੁਪੀਤੇ ਵਿਆਹ
ਵਿਜੇਲਕਸ਼ਮੀ ਪੰਡਿਤ (ਵਿਚਕਾਰ) ਅਤੇ ਸਈਦ ਹੁਸੈਨ (ਸੱਜੇ)
ਜਦੋਂ ਸਈਦ ‘ਇੰਡੀਪੈਂਡੇਟ’ ਅਖ਼ਬਾਰ ਦੇ ਸੰਪਾਦਕ ਵੱਜੋਂ ਇਲਾਹਾਬਾਦ ਆਏ ਤਾਂ ਸ਼ੁਰੂ ’ਚ ਉਹ ਆਨੰਦ ਭਵਨ ’ਚ ਹੀ ਠਹਿਰੇ ਸਨ। ਉਨੀਂ ਦਿਨੀਂ ਮੋਤੀ ਲਾਲ ਨਹਿਰੂ ਦੀ ਧੀ ਵਿਜੇਲਕਸ਼ਮੀ ਪੰਡਿਤ ਨੇ ਸਰੋਜਨੀ ਨਾਇਡੂ ਦੀ ਧੀ ਪਦਮਜਾ ਨਇਡੂ ਨੂੰ ਇੱਕ ਪੱਤਰ ’ਚ ਲਿਖਿਆ ਸੀ ਕਿ “ ਸਈਦ ਸਾਡੇ ਨਾਲ ਹੀ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਪ੍ਰੈਸ ਦੇ ਨਜ਼ਦੀਕ ਕੋਈ ਢੰਗ ਦਾ ਘਰ ਨਹੀਂ ਮਿਲ ਰਿਹਾ ਹੈ।”
ਆਨੰਦ ਭਵਨ ’ਚ ਰਹਿਣ ਕਰਕੇ ਸਈਦ ਨੂੰ ਨਹਿਰੂ ਪਰਿਵਾਰ ਨਾਲ ਮੇਲ-ਮਿਲਾਪ ਵਧਾੳੇਣ ਦੇ ਕਈ ਮੌਕੇ ਹਾਸਲ ਹੋਏ।
ਉਸ ਸਮੇਂ ਵਿਜੇਲਕਸ਼ਮੀ ਦੀ ਉਮਰ 19 ਸਾਲ ਸੀ। ਉਹ ਬਹੁਤ ਹੀ ਸੋਹਣੇ ਸਨ। ਘਰ ’ਚ ਲੋਕ ਉਨ੍ਹਾਂ ਨੂੰ ‘ਨਾਨ’ ਕਹਿ ਕੇ ਬੁਲਾਉਂਦੇ ਸਨ। ਹਾਲਾਂਕਿ ਸਈਦ ਉਮਰ ’ਚ ਉਨ੍ਹਾਂ ਤੋਂ 12 ਸਾਲ ਵੱਡੇ ਸਨ, ਪਰ ਉਹ ਉਨ੍ਹਾਂ ਵੱਲ ਆਕਰਸ਼ਿਤ ਹੋਏ ਬਿਨ੍ਹਾਂ ਨਹੀਂ ਰਹਿ ਸਕੇ ਸਨ। ਵਿਜੇਲਕਸ਼ਮੀ ਵੀ ਉਨ੍ਹਾਂ ਵੱਲ ਖਿੱਚੀ ਚਲੀ ਗਈ।
ਉਨ੍ਹਾਂ ਦਿਨਾਂ ’ਚ ਇਲਾਹਾਬਾਦ ਵਰਗੇ ਸ਼ਹਿਰ ’ਚ ਇੰਗਲੈਂਡ ’ਚ ਪੜ੍ਹੇ-ਲਿਖੇ ਆਕਰਸ਼ਕ ਨੌਜਵਾਨ ਲੱਭਣ ’ਤੇ ਵੀ ਨਹੀਂ ਮਿਲਦੇ ਸਨ। ਉਨੀਂ ਦਿਨੀਂ ਸਈਦ ਨੂੰ ਲੰਡਨ ’ਚ ਹੋਣ ਵਾਲੀ ਖ਼ਿਲਾਫ਼ਤ ਕਾਨਫਰੰਸ ਲਈ ਚੁਣਿਆ ਗਿਆ।
ਇੱਕ ਸੂਤਰ ਅਨੁਸਾਰ ਦੋਵਾਂ ਨੇ ਹੀ ਸਈਦ ਦੇ ਲੰਡਨ ਜਾਣ ਤੋਂ ਪਹਿਲਾਂ ਗੁਪਤ ਤਰੀਕੇ ਨਾਲ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਵਿਆਹ ਕਰਵਾ ਲਿਆ ਸੀ।
ਐੱਨ ਐੱਸ ਵਿਨੋਦ ਲਿਖਦੇ ਹਨ, “ ਜਦੋਂ ਮੋਤੀ ਲਾਲ ਨਹਿਰੂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੂੰ ਬਹੁਤ ਗੁੱਸਾ ਆਇਆ। ਉਨ੍ਹਾਂ ਨੂੰ ਇਸ ਲਈ ਗੁੱਸਾ ਆਇਆ ਕਿ ਪਰਿਵਾਰ ਦੀ ਨਿਗਰਾਨੀ ਦੇ ਬਾਵਜੂਦ ਉਨ੍ਹਾਂ ਦੇ ਘਰ ’ਚ ਇਹ ਸਭ ਕਿਵੇਂ ਵਾਪਰ ਗਿਆ? ਜਵਾਹਰ ਲਾਲ ਨਹਿਰੂ ਵੀ ਆਪਣੀ ਭੈਣ ਨਾਲ ਬਹੁਤ ਨਾਰਾਜ਼ ਸਨ।”
ਵਿਜੇ ਲਕਸ਼ਮੀ ਪੰਡਿਤ ਨੇ ਆਪਣੀ ਸਵੈ-ਜੀਵਨੀ ’ਚ ਸਈਦ ਹੁਸੈਨ ਦਾ ਕੀਤਾ ਜ਼ਿਕਰ
ਬਾਅਦ ’ਚ ਵਿਜੇ ਲਕਸ਼ਮੀ ਪੰਡਿਤ ਨੇ ਆਪਣੀ ਸਵੈ-ਜੀਵਨੀ ‘ਸਕੋਪ ਆਫ਼ ਹੈਪੀਨੈਸ’ ’ਚ ਮੰਨਿਆ ਕਿ “ ਆਪਣੀ ਜਵਾਨੀ ਦੇ ਸਮੇਂ ’ਚ ਮੈਂ ਸਈਦ ਹੁਸੈਨ ਨਾਮ ਦੇ ਇੱਕ ਨੌਜਵਾਨ ਵੱਲ ਆਕਰਸ਼ਿਤ ਹੋ ਗਈ ਸੀ। ਉਨ੍ਹਾਂ ਨੂੰ ਮੇਰੇ ਪਿਤਾ ਜੀ ਨੇ ‘ਇੰਡੀਪੈਂਡੇਟ’ ਅਖ਼ਬਾਰ ਦਾ ਸੰਪਾਦਕ ਨਿਯੁਕਤ ਕੀਤਾ ਸੀ।”
ਉਹ ਅੱਗੇ ਲਿਖਦੇ ਹਨ, “ ਉਸ ਜ਼ਮਾਨੇ ’ਚ ਜਿੱਥੇ ਹਰ ਪਾਸੇ ਹਿੰਦੂ-ਮੁਸਲਿਮ ਏਕਤਾ ਦੀ ਗੱਲ ਹੋ ਰਹੀ ਸੀ ਅਤੇ ਉਸ ਪਰਿਵਾਰ ਦਾ ਹਿੱਸਾ ਹੋਣਾ, ਜਿਸ ਦੇ ਬਹੁਤ ਸਾਰੇ ਮੁਸਲਿਮ ਦੋਸਤ ਸਨ, ਮੈਂ ਸੋਚਿਆ ਕਿ ਧਰਮ ਤੋਂ ਬਾਹਰ ਵਿਆਹ ਕਰਨਾ ਕੋਈ ਵੱਖਰੀ ਜਾਂ ਅਜੀਬ ਗੱਲ ਨਹੀਂ ਹੋਵੇਗੀ। ਪਰ ਵਿਆਹ ਦੇ ਨਾਮ ’ਤੇ ਅਜੇ ਵੀ ਪਰੰਪਰਾਵਾਂ ਦਾ ਬੋਲਬਾਲਾ ਕਾਇਮ ਸੀ। ਇਸ ਲਈ ਮੈਨੂੰ ਇਹ ਸਮਝਾਉਣ ਲਈ ਮਨਾ ਹੀ ਲਿਆ ਗਿਆ ਕਿ ਅਜਿਹਾ ਕੁਝ ਕਰਨਾ ਗਲਤ ਹੋਵੇਗਾ।”
ਵਿਜੇ ਲਕਸ਼ਮੀ ਸਿੰਘ ਦੀ ਭੈਣ ਕ੍ਰਿਸ਼ਨਾ ਹਠੀ ਸਿੰਘ ਨੇ ਵੀ ਆਪਣੀ ਸਵੈ-ਜੀਵਨੀ ‘ਵੀ ਨਹਿਰੂਜ਼’ ’ਚ ਇਸ ਘਟਨਾ ਦਾ ਵਰਣਨ ਅਸਿੱਧੇ ਤੌਰ ’ਤੇ ਕੀਤਾ ਹੈ।
ਉਹ ਲਿਖਦੇ ਹਨ, “ 1920 ’ਚ ਮੇਰੀ ਭੈਣ ਦੀ ਮੰਗਣੀ ਰਣਜੀਤ ਸੀਤਾਰਾਮ ਪੰਡਿਤ ਨਾਲ ਹੋਈ ਸੀ। ਪਰ ਇਸ ਤੋਂ ਪਹਿਲਾਂ ਮੇਰੇ ਪਿਤਾ ਜੀ ਨੇ ਉਨ੍ਹਾਂ ਲਈ ਇੱਕ ਲਾੜਾ ਲੱਭਿਆ ਸੀ , ਪਰ ਮੇਰੀ ਭੈਣ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਉਹ ਕਿਸੇ ਮੁੰਡੇ ਨੂੰ ਪਸੰਦ ਕਰਦੇ ਹਨ।”
ਉਹ ਅੱਗੇ ਲਿਖਦੇ ਹਨ, “ ਮੇਰੇ ਪਿਤਾ ਜੀ ਦਾ ਮੰਨਣਾ ਸੀ ਕਿ ਉਹ ਮੁੰਡਾ ਉਨ੍ਹਾਂ ਦੇ ਲਾਇਕ ਨਹੀਂ ਹੈ। ਇਸ ਕਰਕੇ ਹੀ ਮੇਰੇ ਪਿਤਾ ਜੀ ਅਤੇ ਨਾਨ (ਭੈਣ ) ਦਰਮਿਆਨ ਤਣਾਅ ਪੈਦਾ ਹੋ ਗਿਆ ਸੀ ਅਤੇ ਉਹ ਗਾਂਧੀ ਜੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਗਾਂਧੀ ਨਾਲ ਰਹਿਣ ਲਈ ਉਨ੍ਹਾਂ ਦੇ ਸਾਬਰਮਤੀ ਆਸ਼ਰਮ ਚਲੇ ਗਏ ਸਨ। ਗਾਂਧੀ ਜੀ ਦੇ ਯਤਨਾਂ ਸਦਕਾ 6 ਮਹੀਨਿਆਂ ਬਾਅਦ ਨਾਨ ਅਤੇ ਪਿਤਾ ਜੀ ਵਿਚਾਲੇ ਸੰਬੰਧ ਸੁਖਾਲੇ ਹੋਏ ਸਨ।”
ਕਟੜਾ ’ਚ ਸਾਈਦ ਹੁਸੈਨ ਦੇ ਘਰ ਹੋਇਆ ਵਿਆਹ
ਵਿਜੇ ਲਕਸ਼ਮੀ ਪੰਡਿਤ ਦੀ ਜਵਾਨੀ ਦੇ ਦਿਨਾਂ ਦੀ ਤਸਵੀਰ
ਇਸ ਪੂਰੇ ਮਾਮਲੇ ’ਤੇ ਟਿੱਪਣੀ ਕਰਦਿਆਂ ਪ੍ਰਸਿੱਧ ਲੇਖਿਕਾ ਸ਼ੀਲਾ ਰੈੱਡੀ ਨੇ ਆਪਣੀ ਕਿਤਾਬ ‘ਮਿਸਟਰ ਐਂਡ ਮਿਸਜ਼ ਜਿਨਾਹ’ ’ਚ ਲਿਖਿਆ ਸੀ ਕਿ “ ਇਸ ਗੱਲ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ ਕਿ ਮੋਤੀ ਲਾਲ ਨਹਿਰੂ ਵਰਗੇ ਦੁਨਿਆਦਾਰ ਵਿਅਕਤੀ, ਜਿੰਨਾਂ ਨੇ ਇੰਗਲੈਂਡ ’ਚ ਪੜ੍ਹ ਰਹੇ ਆਪਣੇ ਪੁੱਤਰ ਜਵਾਹਰ ਲਾਲ ਨਹਿਰੂ ਨੂੰ ਕਿਸੇ ਵਿਦੇਸ਼ੀ ਕੁੜੀ ਨਾਲ ਸੰਬੰਧ ਨਾ ਬਣਾਉਣ ਦੀ ਸਲਾਹ ਦਿੱਤੀ ਸੀ, ਨੇ ਕਿਸ ਤਰ੍ਹਾਂ ਨਾਲ ਇੱਕ ਸਮਾਰਟ, ਸੰਵੇਦਨਸ਼ੀਲ ਅਤੇ ਸ਼ਾਨਦਾਰ ਸ਼ਖਸੀਅਤ ਦੇ ਮਾਲਕ ਨੌਜਵਾਨ ਨੂੰ ਆਪਣੀ ਬਹੁਤ ਹੀ ਸੋਹਣੀ ਧੀ ਨਾਨ ਦੇ ਸਾਹਮਣੇ ਛੱਡ ਦਿੱਤਾ ਸੀ।”
“ ਜਦੋਂ ਤੱਕ ਮੋਤੀ ਲਾਲ ਨਹਿਰੂ ਨੂੰ ਪਤਾ ਚੱਲਦਾ ਕਿ ਉਨ੍ਹਾਂ ਦੀ ਛੱਤ ਹੇਠਾਂ ਕੀ ਹੋ ਰਿਹਾ ਹੈ, ਉਹ ਦੋਵੇਂ ਗੈਰ ਰਸਮੀ ਤੌਰ ’ਤੇ ਵਿਆਹ ਕਰ ਚੁੱਕੇ ਸਨ, ਜਿਵੇਂ ਕਿ ਸਈਦ ਹੁਸੈਨ ਨੇ ਆਪਣੀ ਦੋਸਤ ਸਰੋਜਨੀ ਨਾਇਡੂ ਦੇ ਸਾਹਮਣੇ ਬਾਅਦ ’ਚ ਇਸ ਗੱਲ ਨੂੰ ਮੰਨਿਆ ਸੀ।”
ਇਸ ਵਿਆਹ ਦਾ ਵਰਣਨ ਇੱਕ ਪਾਕਿਸਤਾਨੀ ਪੱਤਰਕਾਰ ਐੱਚਐੱਮ ਅੱਬਾਸੀ ਨੇ ਡੇਲੀ ਨਿਊਜ਼ ਦੇ 17 ਨਵੰਬਰ, 1971 ਦੇ ਅੰਕ ’ਚ ਪ੍ਰਕਾਸ਼ਿਤ ਆਪਣੇ ਲੇਖ ‘ਲਵ ਲਾਈਫ਼ ਆਫ਼ ਮਿਸਿਜ਼ ਪੰਡਿਤ’ ’ਚ ਕੀਤਾ ਹੈ।
ਅੱਬਾਸੀ ਲਿਖਦੇ ਹਨ, “ ਮੈਂ ਆਪਣੇ ਦਾਦਾ ਹਜ਼ਰਤ ਮੌਲਾਨਾ ਰਸ਼ੀਦ ਫ਼ਾਕਰੀ ਕੋਲ ਬੈਠਾ ਹੋਇਆ ਸੀ। ਉਸੇ ਸਮੇਂ ਇੱਕ ਵਿਅਕਤੀ ਨੇ ਉਨ੍ਹਾਂ ਦੇ ਕੰਨ ’ਚ ਆ ਕੇ ਕੁਝ ਕਿਹਾ। ਮੌਲਾਨਾ ਇੱਕਦਮ ਖੜ੍ਹੇ ਹੋ ਕੇ ਬੋਲੇ, ਸਈਦ ਨੇ ਮੈਨੂੰ ਬੁਲਾਇਆ ਹੈ। ਮੈਂ ਉਨ੍ਹਾਂ ਦੇ ਨਾਲ ਸਈਦ ਹੁਸੈਨ ਦੇ ਕਟੜਾ ਵਿਖੇ ਮਯੂਰ ਕਾਲਜ ਦੇ ਸਾਹਮਣੇ ਵਾਲੇ ਘਰ ’ਚ ਗਿਆ।”
“ ਜਦੋਂ ਮੈਂ ਉੱਥੇ ਪਹੁੰਚਿਆ ਤਾਂ ਅੱਧੀ ਦਰਜਨ ਦੇ ਕਰੀਬ ਲੋਕ ਉਨ੍ਹਾਂ ਦੇ ਵਰਾਂਡੇ ’ਚ ਖੜ੍ਹੇ ਸਨ। ਸਈਦ ਬਹੁਤ ਹੀ ਪਰੇਸ਼ਾਨ ਨਜ਼ਰ ਆ ਰਹੇ ਸਨ। ਉਨ੍ਹਾਂ ਦੇ ਨਜ਼ਦੀਕ ਹੀ ਮਿਸ ਪੰਡਿਤ ਬੈਠੀ ਹੋਈ ਸੀ, ਜਿਨ੍ਹਾਂ ਦੇ ਚਿਹਰੇ ’ਤੇ ਪਰੇਸ਼ਾਨੀ ਦਾ ਕੋਈ ਹਾਵ-ਭਾਵ ਹੀ ਨਹੀਂ ਸੀ।”
“ ਉੱਥੇ ਮੌਜੂਦ ਲੋਕਾਂ ’ਚ ਨਵਾਬ ਸਰ ਮੁਹੰਮਦ ਯੂਸਫ਼ ਜੋ ਕਿ ਬਾਅਦ ’ਚ ਉੱਤਰ ਪ੍ਰਦੇਸ਼ ਦੇ ਮੰਤਰੀ ਵੀ ਬਣੇ ਅਤੇ ਸਈਦ ਅਸਗ਼ਰ ਹੁਸੈਨ ਵੀ ਸਨ। ਮੈਨੂੰ ਉਦੋਂ ਹੀ ਪਤਾ ਲੱਗਿਆ ਕਿ ਸਈਦ ਅਤੇ ਵਿਜੇਲਕਸ਼ਮੀ ਪੰਡਿਤ ਦਾ ਵਿਆਹ ਹੋਣ ਜਾ ਰਿਹਾ ਹੈ। ਮੇਰੇ ਦਾਦਾ ਜੀ ਨੇ ਉਨ੍ਹਾਂ ਦੋਵਾਂ ਦਾ ਨਿਕਾਹ ਪੜ੍ਹਾਇਆ ਸੀ।”
ਨਹਿਰੂ ਨੇ ਸਾੜੇ ਕਾਗਜ਼ਜ਼ਾਤ
ਉਸ ਸਮੇਂ ਦੇ ਮਸ਼ਹੂਰ ਵਕੀਲ ਕੇ ਐੱਲ ਗੌਬਾ , ਜਿਨ੍ਹਾਂ ਨੇ ਕਿ ਖੁਦ ਇੱਕ ਮੁਸਲਿਮ ਔਰਤ ਨਾਲ ਵਿਆਹ ਕੀਤਾ ਸੀ, ਆਪਣੀ ਸਵੈ-ਜੀਵਨੀ ‘ ਫ੍ਰੈਂਡਜ਼ ਐਂਡ ਫ਼ੋਜ਼’ ’ਚ ਲਿਖਦੇ ਹਨ, “ ਹਿੰਦੂ-ਮੁਸਲਿਮ ਰੋਮਾਂਸ ਦੀ ਸਭ ਤੋਂ ਤਾਜ਼ਾ ਉਦਾਹਰਣ ਹੈ ਇੱਕ ਕਸ਼ਮੀਰੀ ਔਰਤ ਜੋ ਕਿ ‘ਦ ਇੰਡੀਪੈਂਡੇਟ’ ਅਖ਼ਬਾਰ ਦੇ ਮੁਸਲਿਮ ਸੰਪਾਦਕ ਨਾਲ ਚਲੇ ਗਏ ਸਨ।”
“ਮਹਾਤਮਾ ਗਾਂਧੀ ਦੇ ਨਿੱਜੀ ਦਖਲ ਤੋਂ ਬਾਅਦ ਉਸ ਕੁੜੀ ਨੂੰ ਤਲਾਕ ਦਿੱਤਾ ਗਿਆ ਸੀ। ਬਾਅਦ ’ਚ ਉਹ ਗੁਜਰਾਤ ’ਚ ਜਾ ਕੇ ਰਹੇ ਅਤੇ ਬਹੁਤ ਮਸ਼ਹੂਰ ਔਰਤ ਬਣੇ।”
ਇਸ ਵਿਆਹ ਦੀ ਕਹਾਣੀ ਦੇ ਇੱਕ ਹੋਰ ਸਰੋਤ ਹਨ, ਜੋ ਕਿ ਨਹਿਰੂ ਦੇ ਸਕੱਤਰ ਐੱਮ ਓ ਮਥਾਈ ਹਨ। ਉਹ ਆਪਣੀ ਕਿਤਾਬ ‘ਰੇਮੀਨਿਸੈਂਸ ਆਫ਼ ਨਹਿਰੂ ਏਜ਼’ ’ਚ ਲਿਖਦੇ ਹਨ, “ ਗਾਂਧੀ ਜੀ ਦੇ ਕਤਲ ਤੋਂ ਕੁਝ ਦਿਨ ਬਾਅਦ ਰਾਜਕੁਮਾਰੀ ਅੰਮ੍ਰਿਤ ਕੌਰ, ਜੋ ਕਿ ਆਜ਼ਾਦ ਭਾਰਤ ਦੀ ਪਹਿਲੀ ਸਿਹਤ ਮੰਤਰੀ ਬਣੇ ਸਨ, ਨੇ ਗਾਂਧੀ ਜੀ ਕੋਲ ਪਈ ਇੱਕ ਸੀਲਬੰਦ ਫਾਈਲ ਨਹਿਰੂ ਕੋਲ ਪਹੁੰਚਾਈ ਸੀ।”
ਉਹ ਲਿਖਦੇ ਹਨ, “ ਨਹਿਰੂ ਨੇ ਫਾਈਲ ਖੋਲ੍ਹਣ ਤੋਂ ਬਾਅਦ ਮੈਨੂੰ ਬੁਲਾ ਕੇ ਕਿਹਾ, ਇਸ ਫਾਈਲ ’ਚ ਵਿਜੇਲਕਸ਼ਮੀ ਦੇ ਸਈਦ ਹੁਸੈਨ ਦੇ ਨਾਲ ਜਾਣ ਸੰਬੰਧੀ ਦਸਤਾਵੇਜ਼ ਹਨ। ਤੁਸੀਂ ਇਨ੍ਹਾਂ ਨੂੰ ਸਾੜ ਦਿਓ। ਮੈਂ ਉਨ੍ਹਾਂ ਨੂੰ ਗੁਜਾਰਿਸ਼ ਕੀਤੀ ਕਿ ਤੁਸੀਂ ਇਹ ਕਾਗਜ਼ਾਤ ਮੇਰੇ ਕੋਲ ਰਹਿਣ ਦਿਓ, ਪਰ ਉਹ ਨਾ ਮੰਨੇ। ਮੈਂ ਉਨ੍ਹਾਂ ਤੋਂ ਉਹ ਫਾਈਲ ਲਈ ਅਤੇ ਸਿੱਧੇ ਪ੍ਰਧਾਨ ਮੰਤਰੀ ਨਿਵਾਸ ਦੀ ਰਸੋਈ ’ਚ ਗਿਆ ਅਤੇ ਉਦੋਂ ਤੱਕ ਉੱਥੇ ਹੀ ਰਿਹਾ ਜਦੋਂ ਤੱਕ ਉਹ ਕਾਗਜ਼ ਸੜ੍ਹ ਕੇ ਸੁਆਹ ਨਹੀਂ ਹੋ ਗਏ ਸਨ।”
ਮੋਤੀ ਲਾਲ ਨਹਿਰੂ ਅਤੇ ਗਾਂਧੀ ਨੇ ਸਈਦ ’ਤੇ ਪਾਇਆ ਦਬਾਅ
ਇਸ ਕਹਾਣੀ ਨੇ ਉਦੋਂ ਦਿਲਚਸਪ ਮੋੜ ਲਿਆ ਜਦੋਂ ਸਈਦ ਹੁਸੈਨ ਨੇ 18 ਦਸੰਬਰ, 1919 ਨੂੰ ‘ਦ ਇੰਡੀਪੈਂਡੇਂਟ’ ਦੇ ਸੰਪਾਦਕ ਦੇ ਅਹੁਦੇ ਤੋਂ ਅਚਾਨਕ ਹੀ ਅਸਤੀਫਾ ਦੇ ਦਿੱਤਾ ਅਤੇ ਉਸੇ ਦਿਨ ਅਖ਼ਬਾਰ ’ਚ ਆਪਣਾ ਆਖਰੀ ਸੰਪਾਦਕੀ ਲਿਖਿਆ ।
22 ਦਸੰਬਰ ਨੂੰ ਇਲਾਹਾਬਾਦ ’ਚ ਇੱਕ ਸਮਾਗਮ ਦਾ ਆਯੋਜਨ ਹੋਇਆ, ਜਿਸ ’ਚ ਕਈ ਲੋਕਾਂ ਨੇ ਰਾਸ਼ਟਰੀ ਮੁੱਦਿਆਂ ’ਚ ਸਈਦ ਦੇ ਯੋਗਦਾਨ ਅਤੇ ਉਨ੍ਹਾਂ ਦੀ ਲੇਖਨੀ ਦੀ ਤਰੀਫ਼ ਕੀਤੀ। ਇਸ ਤੋਂ ਤੁਰੰਤ ਬਾਅਦ ਸਈਦ ਖ਼ਿਲਾਫ਼ਤ ਕਮੇਟੀ ਅਤੇ ਕਾਂਗਰਸ ਦੇ ਸੈਸ਼ਨ ’ਚ ਸ਼ਮੂਲੀਅਤ ਕਰਨ ਲਈ ਅੰਮ੍ਰਿਤਸਰ ਰਵਾਨਾ ਹੋ ਗਏ।
ਐੱਨ ਐੱਸ ਵਿਨੋਦ ਲਿਖਦੇ ਹਨ, “ ਇਸ ਸੈਸ਼ਨ ’ਚੋਂ ਕੁਝ ਸਮਾਂ ਕੱਢ ਕੇ ਗਾਂਧੀ ਅਤੇ ਮੋਤੀਲਾਲ ਨਹਿਰੂ ਨੇ ਸਈਦ ਹੁਸੈਨ ਤੋਂ ਇਸ ਦੁਸਾਹਸੀ ਹਰਕਤ ਦੇ ਲਈ ਸਵਾਲ – ਜਵਾਬ ਤਾਂ ਕੀਤੇ ਹੀ ਹੋਣਗੇ ਅਤੇ ਹੁਸੈਨ ਨੂੰ ਇਸ ਵਿਆਹ ਨੂੰ ਤੋੜਨ ਲਈ ਮਨਾਇਆ ਹੋਵੇਗਾ।”
“ ਕਿਉਂਕਿ ਸਈਦ ਦਾ ਇੰਗਲੈਂਡ ਦਾ ਪ੍ਰੋਗਰਾਮ ਪਹਿਲਾਂ ਤੋਂ ਹੀ ਤੈਅ ਸੀ, ਚਲਾਕ ਗਾਂਧੀ ਨੇ ਉਨ੍ਹਾਂ ਨੂੰ ਉਦੋਂ ਤੱਕ ਇੰਗਲੈਂਡ ’ਚ ਰਹਿਣ ਦੀ ਗੁਜਾਰਿਸ਼ ਕੀਤੀ ਜਦੋਂ ਤੱਕ ਇਹ ਮਾਮਲਾ ਠੰਡਾ ਨਾ ਪੈ ਜਾਵੇ। ਸਈਦ ਇੰਨਾਂ ਦੋਹਾਂ ਸਤਿਕਾਰਯੋਗ ਸੱਜਣਾਂ ਦੇ ਸਾਂਝੇ ਹਮਲੇ ਨੂੰ ਸਮਝ ਨਾ ਪਾਏ ਅਤੇ ਨੌਜਵਾਨ ਜੋੜਾ ਆਪਣਾ ਵਿਆਹ ਤੋੜਨ ਲਈ ਤਿਆਰ ਹੋ ਗਿਆ।”
ਜਿਨਾਹ ਅਤੇ ਸਈਦ ਦੇ ਵਿਆਹ ’ਚ ਬਹੁਤ ਕੁਝ ਰਿਹਾ ਇੱਕ ਸਮਾਨ
ਬਾਅਦ ’ਚ ਵਿਜੇਲਕਸ਼ਮੀ ਪੰਡਿਤ ਨੇ 13 ਮਾਰਚ, 1920 ਨੂੰ ਪਦਮਜਾ ਨਾਇਡੂ ਨੂੰ ਲਿਖੇ ਇੱਕ ਪੱਤਰ ’ਚ ਇਸ਼ਾਰਾ ਕੀਤਾ ਕਿ ਗਾਂਧੀ ਨੇ ਉਨ੍ਹਾਂ ਨੂੰ ਅਤੇ ਸਈਦ ਨੂੰ ਮਿਲ ਕੇ ਉਨ੍ਹਾਂ ਦੇ ਵਿਆਹ ਸਬੰਧੀ ‘ਮਿਸ ਐਡਵੈਂਚਰ’ ਲਈ ਬਹੁਤ ਖਰੀ ਖੋਟੀ ਸੁਣਾਈ।
ਜਲਦੀ ਹੀ ਸਈਦ ਲੰਡਨ ਜਾਣ ਲਈ ਬੰਬਈ ਰਵਾਨਾ ਹੋ ਗਏ ਅਤੇ ਵਿਜੇਲਕਸ਼ਮੀ ਪੰਡਿਤ ਨੂੰ ਉਨ੍ਹਾਂ ਦੇ ਦਿਮਾਗ ਅਤੇ ਆਤਮਾ ਦੀ ਸ਼ੁੱਧੀ ਲਈ ਗਾਂਧੀ ਜੀ ਦੇ ਸਾਬਰਮਤੀ ਆਸ਼ਰਮ ’ਚ ਭੇਜ ਦਿੱਤਾ ਗਿਆ।
ਵਿਨੋਦ ਲਿਖਦੇ ਹਨ, “ਪਦਮਜਾ ਅਤੇ ਕੁਝ ਹੱਦ ਤੱਕ ਉਨ੍ਹਾਂ ਦੀ ਮਾਂ ਸਰੋਜਨੀ ਨਾਇਡੂ ਉਨ੍ਹਾਂ ਕੁੜੀਆਂ ਦੇ ਲਈ ‘ਐਂਗਰੀ ਆਂਟ’ ਦਾ ਕੰਮ ਕਰਦੇ ਸਨ, ਜੋ ਕਿ ਇਸ ਤਰ੍ਹਾਂ ਦੇ ਸੰਬੰਧ ਬਣਾਉਣ ਦੀ ਹਿੰਮਤ ਕਰਦੀਆਂ ਸਨ।
ਪਹਿਲਾਂ ਉਹ ਜਿਨਾਹ ਦੀ ਪਤਨੀ ਰਤੀ ਦੀ ਰਾਜ਼ਦਾਰ ਸਨ ਅਤੇ ਬਾਅਦ ’ਚ ਉਹ ਵਿਜੇਲਕਸ਼ਮੀ ਦੀ ਵੀ ਵਿਸ਼ਵਾਸ ਪਾਤਰ ਬਣੇ।
“ਇੱਕ ਸਵਾਲ ਉੱਠਣਾ ਲਾਜ਼ਮੀ ਹੈ ਕਿ ਕੀ ਜਿਨਾਹ ਅਤੇ ਰਤੀ ਦੇ ਵਿਆਹ ਤੋਂ ਪ੍ਰੇਰਨਾ ਲੈ ਕੇ ਹੀ ਕਿਤੇ ਸਈਦ ਅਤੇ ਵਿਜੇਲਕਸ਼ਮੀ ਨੇ ਵਿਆਹ ਕਰਨ ਬਾਰੇ ਤਾਂ ਨਹੀਂ ਸੋਚਿਆ ਸੀ? ਦੋਵਾਂ ਵਿਆਹਾਂ ’ਚ ਬਹੁਤ ਕੁਝ ਸਮਾਨ ਸੀ।
ਇੱਕ ਪਾਸੇ ਪੜ੍ਹਿਆ – ਲਿਖਿਆ ਮੁਸਲਮਾਨ ਆਪਣੇ ਤੋਂ ਉਮਰ ’ਚ ਕਿਤੇ ਛੋਟੀ ਪਾਰਸੀ ਕੁੜੀ ਨਾਲ ਵਿਆਹ ਕਰ ਰਿਹਾ ਸੀ ਅਤੇ ਦੂਜੇ ਪਾਸੇ ਇੱਕ ਉੱਚ ਘਰਾਣੇ ਦਾ ਮੁਸਲਿਮ ਮੁੰਡਾ ਆਪਣੇ ਤੋਂ ਉਮਰ ’ਚ ਕਿਤੇ ਛੋਟੀ ਕਸ਼ਮੀਰੀ ਬ੍ਰਾਹਮਣ ਕੁੜੀ ਨਾਲ ਵਿਆਹ ਰਚਾ ਰਿਹਾ ਸੀ।”
ਮੁਹੰਮਦ ਅਲੀ ਜਿਨਾਹ ਅਤੇ ਰਤੀ ਜਿਨਾਹ
ਵਿਜੇਲਕਸ਼ਮੀ ਪੰਡਿਤ ਨੂੰ ਗਾਂਧੀ ਜੀ ਦੇ ਸਾਬਰਮਤੀ ਆਸ਼ਰਮ ਭੇਜਿਆ ਗਿਆ
ਅੰਮ੍ਰਿਤਸਰ ’ਚ ਕਾਂਗਰਸ ਦੇ ਸੈਸ਼ਨ ਤੋਂ ਬਾਅਦ ਮਹਾਤਮਾ ਗਾਂਧੀ ਆਨੰਦ ਭਵਨ ਆਏ । ਇੱਥੇ ਠਹਿਰਨ ਦੌਰਾਨ ਹੀ ਗਾਂਧੀ ਜੀ ਨੇ ਸੁਝਾਅ ਦਿੱਤਾ ਕਿ ਵਿਜੇਲਕਸ਼ਮੀ ਅਹਿਮਦਾਬਾਦ ਦੇ ਕੋਲ ਉਨ੍ਹਾਂ ਦੇ ਆਸ਼ਰਮ ’ਚ ਕੁਝ ਸਮਾਂ ਉਨ੍ਹਾਂ ਦੇ ਨਾਲ ਬਤੀਤ ਕਰੇ।
ਵਿਜੇਲਕਸ਼ਮੀ ਲਿਖਦੇ ਹਨ, “ ਮੇਰੀ ਮਾਂ ਦਾ ਮੰਨਣਾ ਸੀ ਕਿ ਮੇਰੀ ਪੱਛਮੀ ਤਰੀਕੇ ਨਾਲ ਹੋਏ ਪਾਲ਼ਣ ਪੋਸ਼ਣ ਦੇ ਕਾਰਨ ਹੀ ਮੈਂ ਗੈਰ-ਰਵਾਇਤੀ ਢੰਗ ਨਾਲ ਸੋਚਣ ਲੱਗ ਪਈ ਸੀ। ਇਸ ਲਈ ਉਨ੍ਹਾਂ ਨੇ ਗਾਂਧੀ ਜੀ ਵੱਲੋਂ ਦਿੱਤੇ ਇਸ ਸੁਝਾਅ ਨੂੰ ਸਵੀਕਾਰ ਕਰ ਲਿਆ।”
ਵਿਜੇਲਕਸ਼ਮੀ ਨੂੰ ਸਾਬਰਮਤੀ ਜਾਣਾ ਪਸੰਦ ਨਹੀਂ ਆਇਆ। ਉਹ ਆਪਣੀ ਸਵੈ-ਜੀਵਨੀ ’ਚ ਲਿਖਦੇ ਹਨ, “ ਜਿਵੇਂ ਹੀ ਮੈਂ ਉਹ ਜਗ੍ਹਾ ਨੂੰ ਵੇਖਿਆ, ਮੇਰਾ ਦਿਲ ਹੀ ਬਹਿ ਗਿਆ। ਉੱਥੋਂ ਦੀ ਹਰ ਚੀਜ਼ ਨੀਰਸ ਅਤੇ ਅੱਖਾਂ ਨੂੰ ਨਾਪਸੰਦ ਆਉਣ ਵਾਲੀ ਸੀ।”
“ ਅਸੀਂ ਸਵੇਰੇ 4 ਵਜੇ ਹੀ ਪ੍ਰਾਰਥਨਾ ਕਰਨ ਲਈ ਉੱਠ ਜਾਂਦੇ ਸੀ ਅਤੇ ਫਿਰ ਆਪੋ ਆਪਣੇ ਕਮਰੇ ’ਚ ਝਾੜੂ ਲਗਾਉਂਦੇ ਸੀ। ਅਸੀਂ ਕੱਪੜੇ ਧੋਣ ਲਈ ਨੇੜੇ ਦੀ ਨਦੀ ’ਤੇ ਜਾਂਦੇ ਸੀ। ਆਸ਼ਰਮ ’ਚ ਇਸ ਗੱਲ ’ਤੇ ਜ਼ੋਰ ਦਿੱਤਾ ਜਾਂਦਾ ਸੀ ਕਿ ਸਾਡੀਆਂ ਖਾਣ ਦੀਆਂ ਸਾਰੀਆਂ ਇੱਛਾਵਾਂ ਮਰ ਜਾਣ। ਆਸ਼ਰਮ ’ਚ ਉੱਗਣ ਵਾਲੀਆਂ ਕੁਝ ਸਬਜ਼ੀਆਂ ਨੂੰ ਬਿਨ੍ਹਾਂ ਲੂਣ , ਮਸਾਲੇ ਅਤੇ ਘਿਊ ਦੇ ਉਬਾਲਿਆ ਜਾਂਦਾ ਸੀ ਅਤੇ ਰੋਟੀ ਤੇ ਚੌਲਾਂ ਨਾਲ ਖਾਣ ਨੂੰ ਦਿੱਤਾ ਜਾਂਦਾ ਸੀ। ਆਸ਼ਰਮ ’ਚ ਨਾ ਤਾਂ ਚਾਹ ਪੀਣ ਲਈ ਹੁੰਦੀ ਸੀ ਅਤੇ ਨਾ ਹੀ ਕੌਫੀ।”
ਰਣਜੀਤ ਪੰਡਿਤ ਨਾਲ ਹੋਇਆ ਵਿਜੇਲਕਸ਼ਮੀ ਦਾ ਵਿਆਹ
ਮੋਤੀ ਲਾਲ ਨਹਿਰੂ ਨੇ ਭਾਵੇਂ ਰਹਿਣ-ਸਹਿਣ ਅਤੇ ਖਾਣ-ਪੀਣ ਦੇ ਪੱਛਮੀ ਤਰੀਕੇ ਅਪਣਾ ਲਏ ਹੋਣ ਪਰ ਉਹ ਦਿਲ ਤੋਂ ਇੱਕ ਰਵਾਇਤੀ ਹਿੰਦੂ ਹੀ ਸਨ, ਜੋ ਕਿ ਇਹ ਸੋਚ ਵੀ ਨਹੀਂ ਸਕਦੇ ਸਨ ਕਿ ਉਨ੍ਹਾਂ ਦੀ ਧੀ ਕਿਸੇ ਮੁਸਲਮਾਨ ਮੁੰਡੇ ਨਾਲ ਵਿਆਹ ਕਰੇ।
ਦੂਜੇ ਪਾਸੇ ਮਹਾਤਮਾ ਗਾਂਧੀ ਜਨਤਕ ਤੌਰ ’ਤੇ ਭਾਵੇਂ ਹਿੰਦੂ-ਮੁਸਲਮਾਨ ਏਕਤਾ ਦੀ ਗੱਲ ਕਰਦੇ ਹੋਣਗੇ, ਪਰ ਉਹ ਵੀ ਰਵਾਇਤਾਂ ਨੂੰ ਓਨੀਂ ਹੀ ਮਾਨਤਾ ਦਿੰਦੇ ਸਨ, ਜਿੰਨੇ ਕਿ ਮੋਤੀ ਲਾਲ ਨਹਿਰੂ।
ਇਹੀ ਕਾਰਨ ਸੀ ਕਿ ਉਨ੍ਹਾਂ 1926 ’ਚ ਆਪਣੇ ਪੁੱਤਰ ਮਨੀਲਾਲ ਨੂੰ ਇੱਕ ਮੁਸਲਿਮ ਕੁੜੀ ਫ਼ਾਤਿਮਾ ਗੁਲ ਨਾਲ ਵਿਆਹ ਨਹੀਂ ਕਰਨ ਦਿੱਤਾ ਸੀ। ਸਈਦ ਦੇ ਲੰਡਨ ਜਾਣ ਤੋਂ ਕੁਝ ਮਹੀਨੇ ਬਾਅਦ ਹੀ ਵਿਜੇਲਕਸ਼ਮੀ ਪੰਡਿਤ ਦੀ ਮੰਗਣੀ ਮਹਾਰਾਸ਼ਟਰ ਦੇ ਸਾਸਵਤ ਬ੍ਰਾਹਮਣ ਰਣਜੀਤ ਪੰਡਿਤ ਨਾਲ ਤੈਅ ਹੋਈ।
9 ਮਈ 1921 ਨੂੰ ਇਲਾਹਾਬਾਦ ’ਚ ਉਨ੍ਹਾਂ ਦਾ ਵਿਆਹ ਹੋਇਆ ਸੀ, ਜਿਸ ’ਚ ਗਾਂਧੀ ਜੀ ਨੇ ਵੀ ਸ਼ਿਰਕਤ ਕੀਤੀ ਸੀ। ਇਸ ਵਿਆਹ ਸਰੋਜਨੀ ਨਾਇਡੂ ਵੀ ਆਏ ਸਨ।
15 ਮਈ, 1921 ਨੂੰ ਉਨ੍ਹਾਂ ਨੇ ਆਪਣੀ ਧੀ ਲੈਲਾਮਣੀ ਨੂੰ ਇੱਕ ਚਿੱਠੀ ਲਿਖੀ, “ ਵਿਚਾਰਾ ਸਈਦ। ਉਸ ਦੇ ਲਈ ਮੇਰਾ ਦਿਲ ਬਹੁਤ ਦੂਖੀ ਹੋਇਆ, ਪਰ ਫਿਰ ਵੀ ਸ਼ੁਕਰ ਹੈ ਕਿ ਇਸ ਦਾ ਅੰਤ ਇਸ ਤਰ੍ਹਾਂ ਨਾਲ ਹੋਇਆ ਕਿਉਂਕਿ ਵਿਜੇਲਕਸ਼ਮੀ ਨੂੰ ਸ਼ਾਇਦ ਹੀ ਇਸ ਨਾਲ ਕੋਈ ਫਰਕ ਪਿਆ ਹੋਵੇਗਾ।” ਹਾਂ ਸਈਦ ਹੁਸੈਨ ਨੇ ਉਮਰ ਭਰ ਵਿਆਹ ਨਾ ਕਰਵਾਇਆ।
ਵਿਜੇ ਲਕਸ਼ਮੀ ਪੰਡਿਤ ਦੇ ਪਤੀ ਰੰਜੀਤ ਪੰਡਿਤ
ਸਈਦ ਅਤੇ ਵਿਜੇਲਕਸ਼ਮੀ ਦੇ ਵਿਆਹ ਦਾ ਮੁੱਦਾ ਬ੍ਰਿਟਿਸ਼ ਸੰਸਦ ’ਚ ਉਠਿਆ
ਇਸ ਵਿਆਹ ਦੀ ਗੂੰਜ ਬ੍ਰਿਟੇਨ ਦੇ ਹਾਊਸ ਆਫ਼ ਕਾਮਨਜ਼ ’ਚ ਵੀ ਸੁਣਾਈ ਦਿੱਤੀ ਸੀ।
14 ਅਪ੍ਰੈਲ, 1920 ਨੂੰ ਕੰਜ਼ਰਵੇਟਿਵ ਸੰਸਦ ਮੈਂਬਰ ਕੁਥਬਰਟ ਜੇਮਜ਼ ਨੇ ਭਾਰਤੀ ਮਾਮਲਿਆਂ ਦੇ ਮੰਤਰੀ ਐਡਵਿਨ ਮੋਂਟਾਗੂ ਤੋਂ ਲਿਖਤੀ ਸਵਾਲ ਪੁੱਛਿਆ, “ ਕੀ ਇਹ ਸੱਚ ਹੈ ਕਿ ਇਸ ਦੇਸ਼ ਦੀ ਹਾਲ ’ਚ ਭਾਰਤੀ ਖ਼ਿਲਾਫ਼ਤ ਵਫ਼ਦ ਦੇ ਮੈਂਬਰ ਵੱਜੋਂ ਦੌਰਾ ਕਰਨ ਵਾਲੇ ਸਈਦ ਹੁਸੈਨ ’ਤੇ ਮੋਤੀ ਲਾਲ ਨਹਿਰੂ ਦੀ ਧੀ ਨੂੰ ਅਗਵਾ ਕਰਨ ਦਾ ਇਲਜ਼ਾਮ ਹੈ?”
ਐਡਵਿਨ ਮੋਂਟਾਗੂ ਨੇ ਜਵਾਬ ਦਿੱਤਾ ਕਿ ਉਨ੍ਹਾਂ ਨੂੰ ਇਸ ਸਬੰਧ ’ਚ ਕੋਈ ਜਾਣਕਾਰੀ ਨਹੀਂ ਹੈ।
ਸਈਦ ਨੇ ਇਸ ਦਾ ਵਿਰੋਧ ਕਰਦੇ ਹੋਏ ਜੇਮਜ਼ ਨੂੰ ਇੱਕ ਚਿੱਠੀ ਲਿਖ ਕੇ ਕਿਹਾ, “ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਚਰਿੱਤਰ ’ਤੇ ਗੰਭੀਰ ਅਤੇ ਬੇਬੁਨਿਆਦ ਟਿੱਪਣੀ ਕੀਤੀ ਹੈ। ਮੈਨੂੰ ਬਿਲਕੁਲ ਵੀ ਸਮਝ ਨਹੀਂ ਆ ਰਿਹਾ ਕਿ ਤੁਸੀਂ ਕਿਸ ਅਧਾਰ ’ਤੇ ਅਜਿਹੀ ਬੇਤੁਕੀ ਗੱਲ ਕਹੀ ਹੈ? ਤੁਸੀਂ ਆਪਣੇ ਇਨ੍ਹਾਂ ਬੋਲਾਂ ਨੂੰ ਵਾਪਸ ਲਓ ਅਤੇ ਜਨਤਕ ਤੌਰ ’ਤੇ ਮੁਆਫ਼ੀ ਵੀ ਮੰਗੋ। ਜੇਕਰ ਤੁਹਾਡੇ ਅੰਦਰ ਥੋੜੀ ਬਹੁਤ ਵੀ ਇੱਜ਼ਤ ਬਾਕੀ ਹੈ ਤਾਂ ਤੁਸੀਂ ਇਹ ਗੱਲ ਸੰਸਦ ਦੇ ਬਾਹਰ ਕਹਿ ਕੇ ਵੇਖੋ ਤਾਂ ਜੋ ਮੈਂ ਇਸ ਦਾ ਢੁਕਵਾਂ ਜਵਾਬ ਦੇ ਸਕਾਂ।”
ਸਈਦ ਹੁਸੈਨ 26 ਸਾਲਾਂ ਤੱਕ ਭਾਰਤ ਨਹੀਂ ਪਰਤੇ
ਸਈਦ ਹੁਸੈਨ ਨੇ 1920 ’ਚ ਭਾਰਤ ਛੱਡਿਆ ਸੀ ਅਤੇ ਅਗਲੇ 26 ਸਾਲਾਂ ਤੱਕ ਉਹ ਭਾਰਤ ਪਰਤੇ ਹੀ ਨਹੀਂ। ਇਸ ਦਰਮਿਆਨ 1937 ’ਚ ਉਹ ਕੁਝ ਦਿਨਾਂ ਲਈ ਭਾਰਤ ਆਏ ਸਨ।
ਉਨ੍ਹਾਂ ਨੇ ਪਹਿਲਾਂ ਬ੍ਰਿਟੇਨ ਅਤੇ ਫਿਰ ਅਮਰੀਕਾ ਦੀ ਸਰਜ਼ਮੀਨ ਤੋਂ ਭਾਰਤ ਦੀ ਆਜ਼ਾਦੀ ਲਈ ਲੜਾਈ ਲੜੀ। ਇਸ ਦੌਰਾਨ ਭਾਰਤ ’ਚ ਵਾਪਰ ਰਹੀਆਂ ਘਟਨਾਵਾਂ ਜਿਵੇਂ ਕਿ ਅਸਹਿਯੋਗ ਅੰਦੋਲਨ, ਮੁਸਲਿਮ ਲੀਗ ਦਾ ਉਭਾਰ ਅਤੇ ਪਾਕਿਸਤਾਨ ਬਣਾਉਣ ਲਈ ਉਨ੍ਹਾਂ ਦੇ ਪੁਰਾਣੇ ਮਿੱਤਰ ਮੁਹੰਮਦ ਅਲੀ ਜਿਨਹਾ ਵੱਲੋਂ ਕੀਤੇ ਗਏ ਅੰਦੋਲਨ, ਨਹਿਰੂ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਅਤੇ ਧਰਮ ਦੇ ਆਧਾਰ ’ਤੇ ਦੇਸ਼ ਦੀ ਵੰਡ ’ਚ ਉਨ੍ਹਾਂ ਦਾ ਸਿੱਧੇ ਤੌਰ ’ਤੇ ਵਾਸਤਾ ਨਹੀਂ ਪਿਆ ਸੀ।
ਲੰਡਨ ’ਚ ਰਹਿੰਦੇ ਹੋਏ ਸਈਦ ਹੁਸੈਨ ਰਾਸ਼ਟਰਵਾਦੀ ਅਖ਼ਬਾਰ ਇੰਡੀਆ ਦੇ ਸੰਪਾਦਕ ਵੱਜੋਂ ਸੇਵਾਵਾਂ ਨਿਭਾਉਂਦੇ ਰਹੇ । ਅਕਤੂਬਰ 1921 ’ਚ ਉਨ੍ਹਾਂ ਨੇ ਲੰਡਨ ਛੱਡ ਕੇ ਅਮਰੀਕਾ ਦਾ ਰੁਖ਼ ਕੀਤਾ ਅਤੇ ਉਹ ਉੱਥੇ 1946 ਤੱਕ ਰਹੇ।
ਇਸ ਦੌਰਾਨ ਉਹ ਪੂਰੇ ਅਮਰੀਕਾ ’ਚ ਘੁੰਮ-ਘੁੰਮ ਕੇ ਭਾਰਤ ਦੀ ਆਜ਼ਾਦੀ ਦੇ ਹੱਕ ’ਚ ਭਾਸ਼ਣ ਦਿੰਦੇ ਰਹੇ।
1924 ਤੋਂ 1928 ਤੱਕ ਸਈਦ ‘ਦ ਨਿਊ ਓਰੀਐਂਟ’ ਦੇ ਸੰਪਾਦਕ ਰਹੇ। ਉਨ੍ਹਾਂ ਦੇ ਕਾਰਜਕਾਲ ਦੌਰਾਨ ਉਨ੍ਹਾਂ ਦੇ ਅਖ਼ਬਾਰ ’ਚ ਮਹਾਤਮਾ ਗਾਂਧੀ, ਅਲਬਰਟ ਆਇਨਸਟਾਈਨ, ਖ਼ਲੀਲ ਜਿਬਰਾਨ, ਸਰੋਜਨੀ ਨਾਇਡੂ ਅਤੇ ਬਰਟਰੈਂਡ ਰਸੇਲ ਦੇ ਲੇਖ ਪ੍ਰਕਾਸ਼ਿਤ ਹੋਏ ਸਨ।
ਇਸ ਤੋਂ ਬਾਅਦ ਉਨ੍ਹਾਂ ਨੇ ਇੱਕ ਹੋਰ ਮੈਗਜ਼ੀਨ ‘ਵਾਇਸ ਆਫ਼ ਇੰਡੀਆ’ ਦਾ ਵੀ ਸੰਪਾਦਨ ਕੀਤਾ। ਉਨ੍ਹਾਂ ਨੇ ਹਮੇਸ਼ਾ ਹੀ ਭਾਰਤ ਦੀ ਸੱਭਿਆਚਾਰਕ ਏਕਤਾ ਦੀ ਵਕਾਲਤ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤੀ ਸੱਭਿਆਚਾਰ ਨਾ ਤਾਂ ਹਿੰਦੂ ਹੈ ਅਤੇ ਨਾ ਹੀ ਮੁਸਲਿਮ। ਉਹ ਪੂਰੀ ਤਰ੍ਹਾਂ ਨਾਲ ਭਾਰਤੀ ਹੈ।
ਉਸ ਦੌਰਾਨ ਉਹ ਸ਼ਾਇਦ ਉਨ੍ਹਾਂ ਕੁਝ ਚੁਣੀਦੇ ਲੋਕਾਂ ’ਚੋਂ ਇੱਕ ਸਨ, ਜੋ ਕਿ ਅਣਵੰਡੇ ਭਾਰਤ ਦਾ ਸੁਪਨਾ ਵੇਖਦੇ ਸਨ।
ਜਿਸ ਭਾਰਤ ’ਚ ਹਿੰਦੂ ਅਤੇ ਮੁਸਲਮਾਨ ਦੋਵਾਂ ਨੂੰ ਬਰਾਬਰ ਦੇ ਅਧਿਕਾਰ ਹਾਸਲ ਹੋਣਗੇ।
ਸਰੋਜਿਨੀ ਨਾਇਡੂ
ਸਈਦ ਹੁਸੈਨ ਦੇ ਭਾਰਤ ਵਾਪਸ ਪਰਤਨ ਦੇ ਫੈਸਲੇ ’ਤੇ ਨਹਿਰੂ ਦੀ ਠੰਡੀ ਪ੍ਰਤੀਕਿਰਿਆ
1945 ’ਚ ਜਦੋਂ ਵਿਜੇਲਕਸ਼ਮੀ ਪੰਡਿਤ ਅਮਰੀਕਾ ਗਏ ਤਾਂ ਉਹ 26 ਸਾਲ ਬਾਅਦ ਆਪਣੇ ਹੁਸੈਨ ਨੂੰ ਮਿਲੇ ਸਨ।
1946 ’ਚ ਸਈਦ ਨੇ ਜਵਾਹਰ ਲਾਲ ਨਹਿਰੂ ਨੂੰ ਇੱਕ ਪੱਤਰ ਲਿਖ ਕੇ ਭਾਰਤ ਵਾਪਸ ਆਉਣ ਦੀ ਇੱਛਾ ਜ਼ਾਹਰ ਕੀਤੀ, ਪਰ ਨਹਿਰੂ ਵੱਲੋਂ ਉਨ੍ਹਾਂ ਨੂੰ ਬਹੁਤ ਹੀ ਠੰਡਾ ਜਵਾਬ ਹਾਸਲ ਹੋਇਆ।
ਉਨ੍ਹਾਂ ਲਿਖਿਆ , “ ਤੁਸੀਂ ਅਮਰੀਕਾ ’ਚ ਹੀ ਰਹਿ ਕੇ ਭਾਰਤ ਲਈ ਬਿਹਤਰ ਢੰਗ ਨਾਲ ਕੰਮ ਕਰ ਸਕਦੇ ਹੋ।”
ਐੱਮ ਓ ਮਥਾਈ ਲਿਖਦੇ ਹਨ, “ ਨਹਿਰੂ ਦਾ ਜਵਾਬ ਉਸ ਸੰਭਾਵਨਾ ਨੂੰ ਰੋਕਣ ਲਈ ਸੀ ਕਿ ਵਿਜੇਲਕਸ਼ਮੀ ਪੰਡਿਤ ਅਤੇ ਸਈਦ ਹੁਸੈਨ ਮੁੜ ਸੰਪਰਕ ’ਚ ਆ ਜਾਣਗੇ ਅਤੇ ਉਨ੍ਹਾਂ ਬਾਰੇ ਗੱਲਾਂ ਦਾ ਦੌਰ ਫਿਰ ਸ਼ੁਰੂ ਹੋ ਜਾਵੇਗਾ। ਜ਼ਾਹਰ ਹੈ ਕਿ ਨਹਿਰੂ ਨੇ 30 ਸਾਲ ਪਹਿਲਾਂ ਆਪਣੀ ਭੈਣ ਨਾਲ ਉਨ੍ਹਾਂ ਦੇ ਪ੍ਰੇਮ ਸੰਬੰਧਾਂ ਨੂੰ ਅਜੇ ਤੱਕ ਭੁਲਾਇਆ ਨਹੀਂ ਸੀ।”
ਨਹਿਰੂ ਨੇ ਵਿਜੇਲਕਸ਼ਮੀ ਪੰਡਿਤ ਨੂੰ ਸੋਵੀਅਤ ਸੰਘ ਅਤੇ ਸਈਦ ਨੂੰ ਮਿਸਰ ’ਚ ਰਾਜਦੂਤ ਨਿਯੁਕਤ ਕੀਤਾ।
ਨਹਿਰੂ ਅਤੇ ਗਾਂਧੀ ਵੱਲੋਂ ਨਿਰਾਸ਼ ਕੀਤੇ ਜਾਣ ਦੇ ਬਾਵਜੂਦ ਸਈਦ ਹੁਸੈਨ 1946 ’ਚ ਭਾਰਤ ਵਾਪਸ ਪਰਤੇ। ਉਸ ਸਮੇਂ ਵਿਜੇਲਕਸ਼ਮੀ ਪੰਡਿਤ ਉੱਤਰ ਪ੍ਰਦੇਸ਼ ਸਰਕਾਰ ’ਚ ਮੰਤਰੀ ਸਨ।
2 ਸਾਲ ਪਹਿਲਾਂ ਹੀ ਉਨ੍ਹਾਂ ਦੇ ਪਤੀ ਰਣਜੀਤ ਪੰਡਿਤ ਦਾ ਦੇਹਾਂਤ ਹੋ ਗਿਆ ਸੀ। ਉਸ ਸਮੇਂ ਨਹਿਰੂ 17 ਯਾਰਕ ਰੋਡ ’ਤੇ ਰਹਿੰਦੇ ਸਨ।
ਜਦੋਂ ਵੀ ਵਿਜੇਲਕਸ਼ਮੀ ਲਖਨਊ ਤੋਂ ਦਿੱਲੀ ਆਉਂਦੇ ਤਾਂ ਉਹ ਆਪਣੇ ਭਰਾ ਦੇ ਘਰ ’ਚ ਠਹਿਰਦੇ।ਜੇਕਰ ਮਥਾਈ ਦੀ ਗੱਲ ਮੰਨੀ ਜਾਵੇ ਤਾਂ ਰਿਮਲੇਸ ਐਨਕ ਲਗਾ ਕੇ ਸਈਦ ਹੁਸੈਨ ਰੋਜ਼ ਸਵੇਰੇ ਨਹਿਰੂ ਦੇ ਘਰ ਪਹੁੰਚ ਜਾਂਦੇ ਸਨ। ਉਨ੍ਹਾਂ ਦੀ ਪੈਂਟ ਦੀ ਪਿਛਲੀ ਜੇਬ ’ਚ ਕੋਗਨੈਕ ਦਾ ਇੱਕ ਫ਼ਲਾਸਕ ਰੱਖਿਆ ਰਹਿੰਦਾ, ਜਿਸ ’ਚੋਂ ਉਹ ਸਮੇਂ-ਸਮੇਂ ’ਤੇ ਕੌਗਨੈਕ ਦਾ ਘੁੱਟ ਭਰਦੇ ਰਹਿੰਦੇ।
ਵਿਜੇਲਕਸ਼ਮੀ ਪੰਡਿਤ ਅਤੇ ਸਈਦ ਹੁਸੈਨ ਦੀਆਂ ਮੁਲਾਕਾਤਾਂ ਦਾ ਸਿਲਸਿਲਾ ਮੁੜ ਸ਼ੁਰੂ ਹੋ ਗਿਆ।
ਸ਼ਾਇਦ ਇਹੀ ਕਾਰਨ ਸੀ ਕਿ ਨਹਿਰੂ ਨੇ ਵਿਜੇਲਕਸ਼ਮੀ ਪੰਡਿਤ ਨੂੰ ਸੋਵੀਅਤ ਸੰਘ ’ਚ ਭਾਰਤ ਦਾ ਪਹਿਲਾ ਰਾਜਦੂਤ ਨਿਯੁਕਤ ਕੀਤਾ ਸੀ, ਹਾਲਾਂਕਿ ਉਨ੍ਹਾਂ ਦੇ ਮੰਤਰੀ ਮੰਡਲ ਦੇ ਮੈਂਬਰਾਂ ਖਾਸ ਕਰਕੇ ਲਿਆਕਤ ਅਲੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ।
ਖੁਦ ਵਿਜੇਲਕਸ਼ਮੀ ਪੰਡਿਤ ਨੇ ਆਪਣੀ ਸਵੈ-ਜੀਵਨੀ ’ਚ ਮੰਨਿਆ ਹੈ ਕਿ ਉਨ੍ਹਾਂ ਨੂੰ ਆਪਣੇ ਭਰਾ ਦਾ ਇਹ ਫੈਸਲਾ ਪਸੰਦ ਨਹੀਂ ਆਇਆ ਸੀ।
ਦੂਜੇ ਪਾਸੇ ਸਈਦ ਹੁਸੈਨ ਨੂੰ ਮਿਸਰ ’ਚ ਭਾਰਤ ਦੇ ਪਹਿਲੇ ਸਫ਼ੀਰ ਵੱਜੋਂ ਭੇਜਿਆ ਗਿਆ ਸੀ।
ਇਸ ਦੇ ਪਿੱਛੇ ਜ਼ਰੂਰ ਨਹਿਰੂ ਦਾ ਇਹ ਇਰਾਦਾ ਰਿਹਾ ਹੋਵੇਗਾ ਕਿ ਵਿਜੇਲਕਸ਼ਮੀ ਅਤੇ ਸਈਦ ਨੂੰ ਇੰਨੀ ਆਸਾਨੀ ਨਾਲ ਮਿਲਣ ਦਾ ਮੌਕਾ ਹੀ ਨਾ ਮਿਲ ਸਕੇ।
ਮਿਸਰ ’ਚ ਸਈਦ ਹੁਸੈਨ ਦਾ ਹੋਇਆ ਦੇਹਾਂਤ
ਕਾਹਿਰਾ ''ਚ ਸਈਦ ਹੁਸੈਨ ਦੀ ਕਬਰ
ਸਈਦ ਹੁਸੈਨ ਨੇ 3 ਮਾਰਚ 1948 ਨੂੰ ਮਿਸਰ ਦੇ ਬਾਦਸ਼ਾਹ ਐੱਮ ਐੱਮ ਫ਼ਾਰੂਖ ਦੇ ਸਾਹਮਣੇ ਆਪਣਾ ਪ੍ਰਮਾਣ ਪੱਤਰ ਪੇਸ਼ ਕੀਤਾ।
ਉਨ੍ਹਾਂ ਨੂੰ ਚਾਰ ਘੋੜਿਆਂ ਵਾਲੀ ਗੱਡੀ ‘ਤੇ ਬਿਠਾ ਕੇ ਰਵਾਇਤੀ ਤੌਰ ’ਤੇ ਮਿਸਰ ਦੇ ਬਾਦਸ਼ਾਹ ਦੇ ਮਹਿਲ ਆਬਦੀਨ ਪੈਲੇਸ ਵਿਖੇ ਲਿਜਾਇਆ ਗਿਆ ਸੀ।
ਉਨ੍ਹਾਂ ਦੇ ਜਲੂਸ ’ਚ ਮਿਸਰ ਦੀ ਫੌਜ ਦੇ ਤਕਰੀਬਨ 100 ਘੋੜਸਵਾਰ ਚੱਲ ਰਹੇ ਸਨ। ਜਿਵੇਂ ਹੀ ਉਹ ਮਹਿਲ ਪਹੁੰਚੇ ਤਾਂ ਬਾਦਸ਼ਾਹ ਦੇ ਅੰਗ ਰੱਖਿਅਕਾਂ ਨੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ।
ਕਾਇਰੋ ’ਚ ਸਈਦ ਘਰ ’ਚ ਨਾ ਰਹਿ ਕੇ ਸ਼ੈਫਰਡ ਹੋਟਲ ’ਚ ਠਹਿਰੇ ਸਨ।
ਉਨ੍ਹਾਂ ਦੇ ਮਿਸਰ ’ਚ ਰਹਿਣ ਦੇ ਸਮੇਂ ਦੌਰਾਨ ਜਵਾਹਰਲਾਲ ਨਹਿਰੂ, ਵਿਜੇਲਕਸ਼ਮੀ ਪੰਡਿਤ ਅਤੇ ਉਨ੍ਹਾਂ ਦੀਆਂ ਧੀਆਂ ਚੰਦਰਲੇਖਾ ਅਤੇ ਨਯਨਤਾਰਾ ਉਨ੍ਹਾਂ ਨੂੰ ਮਿਲਣ ਆਏ ਸਨ। ਪਰ ਇੱਕ ਸਾਲ ਦੇ ਅੰਦਰ ਹੀ ਸਈਦ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਰਕੇ ਦੇਹਾਂਤ ਹੋ ਗਿਆ। ਉਸ ਸਮੇਂ ਉਨ੍ਹਾਂ ਦੀ ਉਮਰ 61 ਸਾਲ ਦੀ ਸੀ।
ਮਿਸਰ ਦੀ ਰਾਜਧਾਨੀ ਕਾਇਰੋ ’ਚ ਹੀ ਉਨ੍ਹਾਂ ਨੂੰ ਪੂਰੇ ਫੌਜੀ ਸਨਮਾਨਾਂ ਨਾਲ ਦਫ਼ਨਾਇਆ ਗਿਆ ਸੀ।
ਮਿਸਰ ਦੀ ਸਰਕਾਰ ਨੇ ਇੱਕ ਸੜਕ ਦਾ ਨਾਮ ਵੀ ਉਨ੍ਹਾਂ ਦੇ ਨਾਮ ’ਤੇ ਰੱਖਿਆ।
ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਮਈ 1949 ’ਚ ਕਾਇਰੋ ਗਏ ਅਤੇ ਮਰਹੂਮ ਸਈਦ ਹੁਸੈਨ ਦੀ ਕਬਰ ’ਤੇ ਫੁੱਲ ਚੜ੍ਹਾਏ।
ਕੁਝ ਦਿਨਾਂ ਬਾਅਦ ਵਿਜੇਲਕਸ਼ਮੀ ਪੰਡਿਤ ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਪ੍ਰਤੀਨਿਧੀ ਬਣ ਗਏ।
ਨਿਊਯਾਰਕ ਦੇ ਆਪਣੇ ਸਰਕਾਰੀ ਦੌਰਿਆਂ ਦੌਰਾਨ ਵਿਜੇਲਕਸ਼ਮੀ ਪੰਡਿਤ ਅਕਸਰ ਹੀ ਕਾਇਰੋ ਰੁਕਦੇ ਸਨ ਅਤੇ ਸਈਦ ਹੁਸੈਨ ਦੀ ਕਬਰ ’ਤੇ ਫੁੱਲ ਚੜਾਉਣ ਜਾਂਦੇ ਸਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਬੰਗਲਾਦੇਸ਼ ਤੋਂ ਪਤੀ ਲਈ ਭਾਰਤ ਆਉਣ ਵਾਲੀ ਸੋਨੀਆ ਅਖ਼ਤਰ ਦੀ ਕਹਾਣੀ
NEXT STORY