ਡਾ. ਤਰੁਣ ਛਾਬੜਾ ਦਾ ਜਨਮ ਊਟੀ ਵਿੱਚ ਹੋਇਆ ਸੀ
ਦੰਦਾਂ ਦੇ ਡਾਕਟਰ ਤਰੁਣ ਛਾਬੜਾ ਦਾ ਜਨਮ ਅਤੇ ਪਾਲਣ ਪੋਸ਼ਣ ਤਾਮਿਲਨਾਡੂ ਦੇ ਜ਼ਿਲ੍ਹਾ ਨੀਲਗਿਰੀ ਦੇ ਇਲਾਕੇ ਊਟੀ ਵਿੱਚ ਹੋਇਆ ਸੀ।
59 ਸਾਲਾ ਦੇ ਡਾਕਟਰ ਤਰੁਣ ਦੇ ਪੁਰਖੇ ਪੰਜਾਬ ਨਾਲ ਸੰਬਧਤ ਸਨ। ਤਰੁਣ ਭਾਰਤ ਦੇ ਬਹੁਤ ਘੱਟ ਗ਼ੈਰ-ਕਬਾਇਲੀ ਵਿਅਕਤੀਆਂ ਵਿੱਚੋਂ ਇੱਕ ਹੈ ਜੋ ਟੋਡਾ ਭਾਸ਼ਾ ਨੂੰ ਚੰਗੀ ਤਰ੍ਹਾਂ ਬੋਲ ਸਕਦੇ ਹਨ।
ਦਰਅਸਲ, ਟੋਡਾ ਆਦਿਵਾਸੀ ਭਾਈਚਾਰੇ ਨੂੰ ਭਾਰਤ ਵਿੱਚ ਕਮਜ਼ੋਰ ਆਦਿਵਾਸੀ ਭਾਈਚਾਰੇ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।
ਉਨ੍ਹਾਂ ਦੀ ਭਾਸ਼ਾ ਵੀ ਘੱਟ ਰਹੀ ਹੈ ਕਿਉਂਕਿ ਲਗਭਗ 1,500 ਵਿਅਕਤੀ ਹੀ ਇਸ ਭਾਸ਼ਾ ਵਿੱਚ ਗੱਲਬਾਤ ਕਰ ਰਹੇ ਹਨ।
ਇਸ ਵਿਚਾਲੇ ਤਰੁਣ ਛਾਬੜਾ ਦੀਆਂ ਕੋਸ਼ਿਸ਼ਾਂ ਨੂੰ ਨੀਲਗਿਰੀ ਦੇ ਆਦਿਵਾਸੀਆਂ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ।
ਤਰੁਣ ਛਾਬੜਾ ਦੇ ਪਿਤਾ ਤ੍ਰਿਲੋਕ ਛਾਬੜਾ ਵੈਲਿੰਗਟਨ ਵਿੱਚ ਆਪਣੀ ਫੌਜ ਦੀ ਨੌਕਰੀ ਕਾਰਨ ਪੱਛਮੀ ਪੰਜਾਬ ਤੋਂ ਨੀਲਗਿਰੀ ਆਏ ਸਨ।
ਹਾਲਾਂਕਿ, ਤਰੁਣ ਛਾਬੜਾ ਭਾਵੇਂ ਪੰਜਾਬੀ ਬੋਲਦੇ ਹਨ, ਉਨ੍ਹਾਂ ਦੀ ਟੋਡਾ ਆਦਿਵਾਸੀ ਭਾਸ਼ਾ ''ਤੇ ਵੀ ਚੰਗੀ ਤਰ੍ਹਾਂ ਪਕੜ ਹੈ।
ਡਾ. ਤਰੁਣ ਛਾਬੜਾ ਪੇਸ਼ੇ ਤੋਂ ਦੰਦਾਂ ਦੇ ਡਾਕਟਰ ਹਨ
ਕਿਤਾਬ ਤੋਂ ਹੋਏ ਪ੍ਰੇਰਿਤ
ਡਾ. ਤਰੁਣ ਛਾਬੜਾ ਨੇ ਟੋਡਾ ''ਤੇ ਇਤਿਹਾਸ ਦੀ ਕਿਤਾਬ ਤੋਂ ਪ੍ਰੇਰਿਤ ਹੋ ਕੇ ਟੋਡਾ ਦੀ ''ਅਲਵੋਸ਼'' ਨਾਮ ਦੀ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ, ਜਿਸ ਨੂੰ ਕਿ ਔਖੀ ਭਾਸ਼ਾ ਮੰਨਿਆ ਜਾਂਦਾ ਹੈ।
ਇੱਥੋਂ ਤੱਕ ਕਿ ਬਹੁਤ ਸਾਰੇ ਨੌਜਵਾਨ ਟੋਡਾ ਵਿਅਕਤੀਆਂ ਨੂੰ ਵੀ ਬੋਲਣ ਵਿੱਚ ਮੁਸ਼ਕਲ ਆਉਂਦੀ ਹੈ ਕਿਉਂਕਿ ਉਹ ਸਕੂਲਾਂ ਵਿੱਚ ਤਾਮਿਲ ਅਤੇ ਅੰਗਰੇਜ਼ੀ ਬੋਲਦੇ ਹਨ। ਪਰ ਤਰੁਣ ਨੇ ਇਸ ਨੂੰ ਆਪਣੀ ਦਿਲਚਸਪੀ ਦੇ ਆਧਾਰ ''ਤੇ ਸਿੱਖਿਆ।
ਆਪਣੀ ਦਿਲਚਸਪੀ ਅਤੇ ਕੋਸ਼ਿਸ਼ਾਂ ਬਾਰੇ ਬੀਬੀਸੀ ਨਾਲ ਗੱਲ ਕਰਦਿਆਂ ਉਨ੍ਹਾਂ ਨੇ ਕਿਹਾ, "ਮੈਂ 20ਵਿਆਂ ਵਿੱਚ ਅਲਵੋਸ਼ ਭਾਸ਼ਾ ਸਿੱਖਣੀ ਸ਼ੁਰੂ ਕੀਤੀ ਸੀ। ਮੈਂ ਸ਼ੁਰੂ ਵਿੱਚ ਸ਼ਬਦਾਂ ਦੇ ਨੋਟ ਲਏ ਅਤੇ ਇੱਕ ਸੂਚੀ ਤਿਆਰ ਕੀਤੀ। ਫਿਰ ਮੈਂ ਇਸ ਤਰ੍ਹਾਂ ਬੋਲਣਾ ਸ਼ੁਰੂ ਕੀਤਾ ਜਿਵੇਂ ਕੋਈ ਬੱਚਾ ਗੱਲਬਾਤ ਕਰਨਾ ਸਿੱਖ ਰਿਹਾ ਹੋਵੇ।"
"ਮੈਂ ਸੀਨੀਅਰ ਟੋਡਾ ਵਿਅਕਤੀਆਂ ਨੂੰ ਮਿਲਣਾ ਸ਼ੁਰੂ ਕੀਤਾ ਅਤੇ ਉਨ੍ਹਾਂ ਦੇ ਆਂਢ-ਗੁਆਂਢ ਵਿੱਚ ਰਹਿੰਦਾ ਸੀ। ਕੁਝ ਸਾਲਾਂ ਦਰਮਿਆਨ ਟੋਡਾ ਵਿਅਕਤੀ ਦੇ ਨਾਲ ਮੇਰੇ ਮੇਲ-ਮਿਲਾਪ ਨੇ ਮੇਰੇ ਬੋਲਣ ਦੇ ਹੁਨਰ ਨੂੰ ਨਿਖਾਰਿਆ। ਹੁਣ ਮੈਂ ਵਧੀਆ ਢੰਗ ਨਾਲ ਬੋਲਦਾ ਹਾਂ ਅਤੇ ਮੇਰਾ ਉਚਾਰਨ ਕਬਾਇਲੀ ਬੋਲਣ ਵਾਲਿਆਂ ਦੇ ਲਗਭਗ ਬਰਾਬਰ ਹੀ ਹੈ।"
ਤਰੁਣ ਛਾਬੜਾ ਨੇ ਦੱਸਿਆ ਕਿ ਅਲਵੋਸ਼ ਭਾਸ਼ਾ ਮਾਤਰ ਪ੍ਰਕਿਰਤੀ ਨਾਲ ਸਬੰਧਤ ਵਿਸ਼ੇਸ਼ਣਾਂ ਨਾਲ ਭਰਪੂਰ ਸੀ।
ਉਦਾਹਰਨਾਂ ਦਿੰਦਿਆਂ ਉਨ੍ਹਾਂ ਕਿਹਾ ਕਿ ਲਾਲ ਰੰਗ ਦਾ ਜ਼ਿਕਰ ਕਰਨ ਲਈ ਟੋਡਾ ''ਪੌਹੁਦ'' ਸ਼ਬਦ ਦੀ ਵਰਤੋਂ ਕਰਦੇ ਹਨ ਜਿਸਦਾ ਅਰਥ ਹੈ ਲਹੂ ਵਰਗਾ ਰੰਗ ਅਤੇ ਕਾਲੇ ਦਾ ਜ਼ਿਕਰ ਕਰਨ ਲਈ, ਉਹ ''ਕਾਡ'' ਸ਼ਬਦ ਦੀ ਵਰਤਦੇ ਹਨ ਜਿਸ ਦਾ ਮਤਲਬ ਹੈ ਰੰਗ ਰਿੱਛ ਵਰਗਾ ਹੋਵੇਗਾ।
ਇਤਿਹਾਸ ਦੀ ਕਿਤਾਬ ਪੜ੍ਹ ਕੇ ਤਰੁਣ ਨੇ ਟੋਡਾ ਦੀ ਭਾਸ਼ਾ ਸਿੱਖਣ ਦਾ ਫ਼ੈਸਲਾ ਕੀਤਾ
ਤਰੁਣ ਨੇ ਟੋਡਾ ਜੀਵਨ ਸ਼ੈਲੀ ਵੀ ਅਪਨਾਈ
ਟੋਡਾ ਲੋਕ ਮੱਝ ਨੂੰ ਆਪਣਾ ਪਵਿੱਤਰ ਜਾਨਵਰ ਮੰਨਦੇ ਹਨ। ਪੁਰਾਣੇ ਜ਼ਮਾਨੇ ਵਿੱਚ, ਟੋਡਾ ਭਾਈਚਾਰੇ ਦਾ ਇੱਕੋ ਇੱਕ ਰੋਜ਼ੀ-ਰੋਟੀ ਦਾ ਸਾਧਨ ਮੱਝਾਂ ਚਰਾਉਣਾ ਹੁੰਦਾ ਸੀ। ਇਸ ਲਈ ਜ਼ਿਆਦਾਤਰ ਸ਼ਬਦਾਵਲੀ ਡੇਅਰੀ, ਮੱਝਾਂ, ਪਵਿੱਤਰ ਪੌਦਿਆਂ ਅਤੇ ਹੋਰ ਕੁਦਰਤੀ ਸਰੋਤਾਂ ਬਾਰੇ ਸੀ।
ਇੱਕ 70 ਸਾਲਾ ਬਜ਼ੁਰਗ ਟੋਡਾ ਆਗੂ ਅਦਿਆਲਕੁੱਟਨ ਦਾ ਕਹਿਣਾ ਹੈ ਕਿ ਹੁਣ ਜਦੋਂ ਬਹੁਤ ਸਾਰੇ ਨੌਜਵਾਨ ਸੈਰ-ਸਪਾਟੇ, ਯਾਤਰਾਵਾਂ ਸਬੰਧੀ ਨੌਕਰੀਆਂ ਕਰਨ ਲੱਗ ਗਏ ਹਨ ਤਾਂ, ਸਿਰਫ਼ ਬਹੁਤ ਘੱਟ ਲੋਕ ਆਪਣੇ ਕਿੱਤੇ ਅਤੇ ਰਵਾਇਤੀ ਰਹਿਣ-ਸਹਿਣ ਨਾਲ ਸਬੰਧਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ।
ਚੋਟਾ ਭਾਈਚਾਰੇ ਦੇ ਲੋਕ ਉਨ੍ਹਾਂ ਨਾਲ ਘੁਲੇ-ਮਿਲੇ ਹਨ
ਅਦਿਆਲਕੁੱਟਨ ਖੁਸ਼ ਹਨ ਕਿ ਤਰੁਣ ਛਾਬੜਾ ਵਰਗੇ ਲੋਕ ਅਲਵੋਸ਼ ਭਾਸ਼ਾ ਸਿੱਖ ਰਹੇ ਹਨ ਅਤੇ ਇਸ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਹਨ।
ਤਰੁਣ ਛਾਬੜਾ ਦੇ ਜੀਵਨ ਵਿੱਚ ਇੱਕ ਸਮਾਂ ਅਜਿਹਾ ਵੀ ਅਇਆ ਕਿ ਉਹ ਟੋਡਾ ਆਦਿਵਾਸੀ ਭਾਈਚਾਰੇ ਨਾਲ ਇੰਨਾ ਜੁੜਾਵ ਮਹਿਸੂਸ ਕਰਨ ਲੱਗੇ ਕਿ ਉਨ੍ਹਾਂ ਦੇ ਹਰੇਕ ਰੀਤੀ-ਰਿਵਾਜ਼ ਨੂੰ ਮੰਨਣ ਲੱਗੇ।
ਇਸੇ ਕਾਰਨ ਉਨ੍ਹਾਂ ਨੂੰ ਟੋਡਾ ਜੀਵਨ ਸ਼ੈਲੀ ਵੀ ਅਪਨਾਉਣੀ ਪਈ। ਉਹ ਨਾ ਤਾਂ ਮੋਬਾਈਲ ਫੋਨ ਦੀ ਵਰਤੋਂ ਕਰਦੇ ਹਨ ਅਤੇ ਨਾ ਹੀ ਟੈਲੀਵਿਜ਼ਨ ਦੇਖਦੇ ਹਨ।
ਟੋਡਾ ਕਬਾਇਲੀ ਭਾਈਚਾਰੇ ਪ੍ਰਭਾਵ ਹੇਠ ਰਹਿਣ ਕਾਰਨ ਉਹ ਸ਼ਾਕਾਹਾਰੀ ਵੀ ਬਣ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਕਬੀਲਿਆਂ ਦੇ ਹੱਕਾਂ ਦੀ ਰਾਖੀ ਲਈ ਟੋਡਾ ਵੈਲਫੇਅਰ ਸੁਸਾਇਟੀ ਦੀ ਸ਼ੁਰੂਆਤ ਕੀਤੀ।
ਜਦੋਂ ਬੀਬੀਸੀ ਦੀ ਟੀਮ ਤਰੁਣ ਛਾਬੜਾ ਨੂੰ ਉਨ੍ਹਾਂ ਦੇ ਕਲੀਨਿਕ ਮਿਲਣ ਗਈ ਤਾਂ ਉਨ੍ਹਾਂ ਨੇ ਦੇਖਿਆ ਕਿ ਉੱਥੇ ਟੋਡਾ ਔਰਤਾਂ ਇਲਾਜ ਲਈ ਬੈਠੀਆਂ ਹੋਈਆਂ ਸਨ।
ਤਰੁਣ ਨੇ ਉਨ੍ਹਾਂ ਨਾਲ ਅਲਵੋਸ਼ ਭਾਸ਼ਾ ਵਿੱਚ ਆਸਾਨੀ ਨਾਲ ਗੱਲ ਕੀਤੀ ਅਤੇ ਅਸੀਂ ਦੇਖਿਆ ਕਿ ਉਨ੍ਹਾਂ ਨੇ ਔਰਤਾਂ ਨਾਲ ਅਜਿਹਾ ਵਿਵਹਾਰ ਕੀਤਾ ਜਿਵੇਂ ਉਨ੍ਹਾਂ ਦੇ ਕੁਝ ਰਿਸ਼ਤੇਦਾਰ ਉਨ੍ਹਾਂ ਨੂੰ ਮਿਲਣ ਲਈ ਆਏ ਸਨ।
ਉਨ੍ਹਾਂ ਔਰਤਾਂ ਵਿੱਚੋਂ ਇੱਕ ਦਾ ਨਾਮ ਮਹਾਲਕਸ਼ਮੀ ਸੀ, ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਡਾ. ਤਰੁਣ ਨੇ ਸਾਡੇ ਭਾਈਚਾਰੇ ਦੇ ਕਈ ਮੰਦਰਾਂ ਦੇ ਸਮਾਗਮ ਕੇ ਵਿਆਹਾਂ ਵਿੱਚ ਸ਼ਿਰਕਤ ਕੀਤੀ ਹੈ।
ਟੋਡਾ ਦੇ ਗੀਤਾਂ ਤੇ ਅਰਦਾਸਾਂ ਦੀ ਦਸਤਾਵੇਜ਼ੀ
ਉਨ੍ਹਾਂ ਨੇ ਅੱਗੇ ਕਿਹਾ, "ਅਸੀਂ ਉਨ੍ਹਾਂ ਨੂੰ ਆਪਣੇ ਰਿਸ਼ਤੇਦਾਰਾਂ ਦੀ ਤਰ੍ਹਾਂ ਹੀ ਸੱਦਾ ਦਿੰਦੇ ਹਾਂ। ਉਹ ਸਾਡੇ ਸਾਰੇ ਰੀਤੀ-ਰਿਵਾਜ਼ ਜਾਣਦੇ ਹਨ ਤੇ ਅਸੀਂ ਵੀ ਕਦੇ ਉਨ੍ਹਾਂ ਨੂੰ ਬਾਹਰੀ ਵਿਅਕਤੀ ਨਹੀਂ ਸਮਝਿਆ। ਅਸੀਂ ਸਭ ਉਨ੍ਹਾਂ ਦੀ ਬਹੁਤ ਇੱਜ਼ਤ ਕਰਦੇ ਹਾਂ।"
"ਅਸੀਂ ਉਨ੍ਹਾਂ ਨੂੰ ਆਪਣੇ ਵਾਂਗ ਹੀ ਸਮਝਦੇ ਹਾਂ ਕਿਉਂਕਿ ਸਾਡੇ ਨਾਲ ਸਾਡੀ ਹੀ ਮਾਤ ਭਾਸ਼ਾ ਵਿੱਚ ਸਾਡੇ ਵੱਡਿਆਂ ਵਾਂਗ ਗੱਲ ਕਰਦੇ ਹਨ। ਜਦ ਕਿ ਹੋਰਨਾਂ ਕਲੀਨਿਕਾਂ ਵਿੱਚ ਜਿੱਥੇ ਸਿਰਫ਼ ਤਮਿਲ ਭਾਸ਼ਾ ਬੋਲੀ ਜਾਂਦੀ ਹੈ, ਸਾਨੂੰ ਜਾਣ ਵਿੱਚ ਝਿਜਕ ਮਹਿਸੂਸ ਹੁੰਦੀ ਹੈ।"
ਅਸੀਂ ਉਨ੍ਹਾਂ ਨੂੰ ਟੋਡਾ ਦੇ ਗੀਤਾਂ ਅਤੇ ਅਰਦਾਸਾਂ ਨੂੰ ਦਸਤਾਵੇਜ਼ੀ ਬਣਾਉਣ ਲਈ ਆਪਣੀਆਂ ਪਹਿਲਕਦਮੀਆਂ ਬਾਰੇ ਵੀ ਪੁੱਛਿਆ।
ਉਨ੍ਹਾਂ ਨੇ ਕਿਹਾ ਕਿ ਟੋਡਾ ਕਬੀਲੇ ਆਪਣੀਆਂ ਅਰਦਾਸਾਂ ਦਾ ਵੱਡਾ ਹਿੱਸਾ ਬਾਹਰਲੇ ਲੋਕਾਂ ਨਾਲ ਸਾਂਝਾ ਨਹੀਂ ਕਰਦੇ ਹਨ ਕਿਉਂਕਿ ਉਨ੍ਹਾਂ ਨੇ ਉਸ ''ਤੇ ਭਰੋਸਾ ਕੀਤਾ, ਉਹ ਉਨ੍ਹਾਂ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਦਸਤਾਵੇਜ਼ ਬਣਾਉਣ ਦੇ ਯੋਗ ਹਨ।
ਉਹ ਮੁਸਕਰਾਉਂਦੇ ਹੋਏ ਆਖਦੇ ਹਨ, "ਉਨ੍ਹਾਂ ਦੀ ਸ਼ਬਦਾਵਲੀ ਬਹੁਤ ਸੰਘਣੀ ਹੈ। ਉਦਾਹਰਨ ਲਈ, ਅਸੀਂ ਨੀਲਗਿਰੀ ਨੂੰ ਇੱਕ ਪਹਾੜੀ ਜ਼ਿਲ੍ਹੇ ਵਜੋਂ ਦੇਖਦੇ ਹਾਂ, ਪਰ ਉਨ੍ਹਾਂ ਲਈ ਨੀਲਗਿਰੀ ਵਿੱਚ ਲਗਭਗ 200 ਪਹਾੜੀਆਂ ਸ਼ਾਮਲ ਹਨ ਅਤੇ ਉਨ੍ਹਾਂ ਦੇ 200 ਵੱਖ-ਵੱਖ ਨਾਮ ਹਨ।"
"ਹਰੇਕ ਪੌਦੇ, ਰੁੱਖ, ਫੁੱਲ, ਪੰਛੀ, ਘਾਹ ਦੇ ਵੱਖੋ-ਵੱਖਰੇ ਨਾਮ ਹਨ। ਉਹ ਪਵਿੱਤਰ ਪਾਣੀ ਅਤੇ ਰੋਜ਼ਾਨਾ ਵਰਤੋਂ ਵਾਲੇ ਪਾਣੀ ਲਈ ਵੱਖਰੇ ਸ਼ਬਦਾਂ ਦੀ ਵਰਤੋਂ ਕਰਦੇ ਹਨ। ਮੈਂ ਉਨ੍ਹਾਂ ਨਾਲ ਅਤੇ ਉਨ੍ਹਾਂ ਦੀ ਭਾਸ਼ਾ ਨਾਲ ਜੁੜ ਕੇ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ। ਮੈਂ ਅੱਜ ਜੋ ਹਾਂ, ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਸ਼ਬਦਾਂ ਨੇ ਹੀ ਮੈਨੂੰ ਬਣਾਇਆ ਹੈ।"
ਇਹ ਲੋਕ ਆਪਣੇ ਹਰੇਕ ਸਮਾਗਮ ਵਿੱਚ ਤਰੁਣ ਨੂੰ ਸੱਦਾ ਦਿੰਦੇ ਹਨ
ਆਪਣੀਆਂ ਹਾਲ ਹੀ ਦੀਆਂ ਕੋਸ਼ਿਸ਼ਾਂ ਵਿੱਚ, ਤਰੁਣ ਛਾਬੜਾ ਦੇਸੀ ਘਾਹ ਦੇ ਪੌਦੇ ਵੀ ਲਗਾ ਰਹੇ ਹਨ ਜੋ ਕਿ ਨੀਲਗਿਰੀ ਵਿੱਚ ਲੁਪਤ ਹੋਣ ਦੀ ਕਗ਼ਾਰ ''ਤੇ ਹਨ।
ਟੋਡਾ ਲੋਕ ਨੂੰ ਆਪਣੇ ਰੀਤੀ-ਰਿਵਾਜ਼ਾਂ ਲਈ ਉਸ ਘਾਹ ਦੀ ਜ਼ਰੂਰਤ ਹੁੰਦੀ ਹੈ। ਇਹ ਘਾਹ ਦੇ ਪੌਦੇ ਟੋਡਾ ਲੋਕਾਂ ਲਈ ਵਿਆਹ ਦੀਆਂ ਰਸਮਾਂ ਦੌਰਾਨ ਜ਼ਰੂਰੀ ਹੁੰਦੇ ਹਨ।
ਦਰਅਸਲ ਤਰੁਣ ਸਭ ਤੋਂ ਅੱਗੇ ਸੀ ਅਤੇ ਉਨ੍ਹਾਂ ਨੇ ਟੋਡਾ ਕਢਾਈ ਲਈ ਭੂਗੋਲਿਕ ਸੰਕੇਤ ਪ੍ਰਾਪਤ ਕਰਨ ਦਾ ਕਦਮ ਚੁੱਕਿਆ।
ਤਰੁਣ ਛਾਬੜਾ ਦਾ ਕਹਿਣਾ ਹੈ ਕਿ ਉਹ ਅਜੇ ਵੀ ਅਲਵੋਸ਼ ਭਾਸ਼ਾ ਵਿੱਚ ਹੋਰ ਸਿੱਖਣਾ ਚਾਹੁੰਦੇ ਹਨ ਕਿਉਂਕਿ ਭਾਸ਼ਾ ਬਹੁਤ ਕਾਵਮਈ ਅਤੇ ਅਰਥ ਭਰਪੂਰ ਹੈ।
ਜਦੋਂ ਅਸੀਂ ਉੱਥੋਂ ਨਿਕਲਣ ਵਾਲੇ ਸੀ ਤਾਂ ਉਨ੍ਹਾਂ ਨੇ ਆਪਣੀ ਈਮੇਲ ਆਈਡੀ ਸਾਂਝੀ ਕੀਤੀ ਜਿਸ ਵਿੱਚ ਅਲਵੋਸ਼ ਭਾਸ਼ਾ ਵਿੱਚ ਇੱਕ ਸ਼ਬਦ ਸੀ ਜੋ ਟੋਡਾ ਰੱਬ ਨੂੰ ਦਰਸਾਉਂਦਾ ਹੈ।
ਉਨ੍ਹਾਂ ਨੇ ਅਲਵੋਸ਼ ਸ਼ਬਦ ''ਥਨੋਨਮੋ ਅਤੇ ਧਰਮੋਮੋ'' ਕਹਿੰਦਿਆਂ ਹੋਇਆ ਸਾਨੂੰ ਅਲਵਿਦਾ ਕਿਹਾ, ਜਿਸਦਾ ਅਰਥ ਹੈ ''ਤੁਹਾਡੇ ਨਾਲ ਸ਼ਾਂਤੀ ਹੋਵੇ ਅਤੇ ਤੁਸੀਂ ਡੂੰਘਾਈ ਨਾਲ ਧਰਮ ਹਾਸਿਲ ਕਰ ਸਕੋ"।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਚੰਦਰਯਾਨ-3 ਦੇ ਵਿਕਰਮ ਲੈਂਡਰ ਨੇ ਕਿਹੜੀ ਨਵੀਂ ਜਾਣਕਾਰੀ ਭੇਜੀ ਹੈ, ਜੋ ਇਸਰੋ ਨੇ ਸਾਂਝਾ ਕੀਤੀ
NEXT STORY