ਨੌਜਵਾਨਾਂ ਵਿੱਚ ਨੌਕਰੀਆਂ ਵੱਧ ਤੇਜ਼ੀ ਨਾਲ ਛੱਡਣ ਦਾ ਰੁਝਾਨ ਸਾਹਮਣੇ ਆਇਆ ਹੈ
ਕਰਨ ਸਿੰਘ ਨੇ ਜਨਵਰੀ 2020 ਵਿੱਚ ਗੁਰੂਗ੍ਰਾਮ ਵਿੱਚ ਇੱਕ ਕੰਸਲਟਿੰਗ ਸਟਾਰਟਅੱਪ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਇਹ ਉਨ੍ਹਾਂ ਦੀ ਪਹਿਲੀ ਨੌਕਰੀ ਸੀ। ਉਹ ਬਹੁਤ ਖ਼ੁਸ਼ ਸਨ, ਪਰ ਕੁਝ ਹੀ ਹਫ਼ਤਿਆਂ ਵਿੱਚ ਉਨ੍ਹਾਂ ਨੂੰ ਇਸ ਨੌਕਰੀ ਨੂੰ ਛੱਡਣ ਦਾ ਫ਼ੈਸਲਾ ਕਰਨਾ ਪਿਆ।
ਕਰਨ ਦੱਸਦੇ ਹਨ ਕਿ ਕੁਝ ਗੱਲਾਂ ਸਨ ਜਿਹੜੀਆਂ ਸ਼ੁਰੂਆਤ ਵਿੱਚ ਹੀ ਉਨ੍ਹਾਂ ਨੂੰ ਪਸੰਦ ਨਹੀਂ ਆਈਆਂ ਸਨ ਅਤੇ ਫੇਰ ਮਾਹੌਲ ਹੋਰ ਖ਼ਰਾਬ ਹੋਣ ਲੱਗਾ।
ਉਹ ਕਹਿੰਦੇ ਹਨ, “ਇੱਕ ਗਾਹਕ (ਕਲਾਇੰਟ) ਦੀ ਨਾਰਾਜ਼ਗੀ ਉੱਤੇ ਮੀਟਿੰਗ ਹੋਈ, ਮੈਨੇਜਰ ਨੇ ਮੁਸ਼ਕਲ ਨੂੰ ਸੁਲਝਾਉਣ ਦੀ ਥਾਂ ਅਜਿਹੀ ਸਥਿਤੀ ਪੈਦਾ ਕਰ ਦਿੱਤੀ ਕਿ ਸਾਡੀ ਟੀਮ ਦੇ ਦੋ ਮੈਂਬਰ ਇੱਕ ਦੂਜੇ ਉੱਤੇ ਹੀ ਦੋਸ਼ ਮੜ੍ਹਨ ਲੱਗੇ।”
ਉਹ ਅੱਗੇ ਦੱਸਦੇ ਹਨ,“ਇੱਕ ਉੱਘੇ ਸਹਿਯੋਗੀ ਨੇ ਨੌਕਰੀ ਛੱਡ ਦਿੱਤੀ, ਦਫ਼ਤਰ ਦਾ ਮਾਹੌਲ ਬਹੁਤ ਤਣਾਅਪੂਰਨ ਹੋ ਗਿਆ, ਮੈਂ ਵੀ ਕੁਝ ਹੀ ਦਿਨਾਂ ਵਿੱਚ ਅਸਤੀਫ਼ਾ ਦੇ ਦਿੱਤਾ।
ਇਹ ਦੇਖਿਆ ਗਿਆ ਕਿ ਲੋਕ ਆਪਣੀਆਂ ਨਿੱਜੀ ਅਤੇ ਪੇਸ਼ੇ ਨਾਲ ਸੰਬੰਧੀ ਤਰਜੀਹਾਂ ਬਾਰੇ ਡੂੰਘਾਈ ਨਾਲ ਸੋਚਦੇ ਹਨ ਅਤੇ ਅਜਿਹੀ ਨੌਕਰੀ ਛੱਡਣ ਵਿੱਚ ਦੇਰ ਨਹੀਂ ਕਰਦੇ, ਜਿੱਥੇ ਉਨ੍ਹਾਂ ਨੂੰ ਖ਼ੁਸ਼ੀ ਨਾ ਮਿਲੇ। ਲੋਕ ਇਸ ਗੱਲ ਬਾਰੇ ਬਹੁਤਾ ਨਹੀਂ ਸੋਚਦੇ ਕਿ ਨੌਕਰੀ ਨਵੀਂ ਹੈ ਜਾਂ ਪੁਰਾਣੀ।
ਘੱਟ ਸਮੇਂ ਵਿੱਚ ਨੌਕਰੀ ਛੱਡਣ ਦੇ ਕਈ ਕਾਰਨ ਹੁੰਦੇ ਹਨ
- ਮੈਨੇਜਰ ਵੱਲੋਂ ਵੱਧ ਨਿਗਰਾਨੀ ਰੱਖਣਾ
- ਭਰਤੀ ਦੇ ਦੌਰਾਨ ਕੀਤੇ ਗਏ ਵਾਅਦਿਆਂ ਦਾ ਪੂਰਾ ਨਾ ਹੋਣਾ
- ਦਫ਼ਤਰ ਦਾ ਮਾਹੌਲ ਖ਼ਰਾਬ ਹੋਣਾ
- ਕੰਪਨੀ ਦੇ ਨਿਯਮ ਲੋਕਾਂ ਨੂੰ ਪਸੰਦ ਨਾ ਆਉਣਾ ਅਤੇ ਹੋਰ
ਅਮਰੀਕਾ ਵਿੱਚ ਲੇਬਰ ਮਾਰਕਿਟ ਉੱਤੇ ਨਜ਼ਰ ਰੱਖਣ ਵਾਲੇ ਬਿਉਰੌ ਆਫ ਲੇਬਰ ਸਟੈਟਿਸਟਿਕਸ ਦੇ ਮੁਤਾਬਕ, ਅਮਰੀਕਾ ਵਿੱਚ ਇੱਕ ਨੌਕਰੀ ਵਿੱਚ ਕਿਸੇ ਵਿਅਕਤੀ ਦਾ ਬਿਤਾਇਆ ਔਸਤ ਸਮਾਂ ਚਾਰ ਸਾਲ ਦਾ ਹੈ।
ਪਰ ਸਤੰਬਰ 2022 ਵਿੱਚ ਲਿੰਕਡਿਨ ਵੱਲੋਂ ਕੀਤੇ ਗਏ ਅਧਿਐਨ ਦੇ ਮੁਤਾਬਕ ਬਹੁਤੇ ਮੁਲਾਜ਼ਮਾਂ ਨੇ ਇੱਕ ਸਾਲ ਤੋਂ ਪਹਿਲਾਂ ਹੀ ਨੌਕਰੀ ਛੱਡ ਦਿੱਤੀ। ਅਜਿਹੇ ਮਾਮਲੇ ਅਗਸਤ 2021 ਵਿੱਚ ਵਧਣ ਲੱਗੇ ਅਤੇ ਮਾਰਚ 2022 ਤੱਕ ਸਿਖ਼ਰ ਉੱਤੇ ਸਨ (ਪਿਛਲੇ ਸਾਲ ਦੇ ਮੁਕਾਬਲੇ 10 ਫੀਸਦੀ ਵੱਧ)।
ਇਸਦਾ ਮਤਲਬ ਇਹ ਵੀ ਨਿਕਲਦਾ ਹੈ ਕਿ ਇੱਕ ਨੌਕਰੀ ਵਿੱਚ ਅਸੰਤੁਸ਼ਟ ਰਹਿਕੇ ਕਈ ਸਾਲ ਕੱਟਣ ਦੀ ਥਾਂ ਲੋਕ ਹੁਣ ਜਲਦੀ ਨੌਕਰੀ ਬਦਲਣ ਵੱਲ ਵੱਧ ਆਕਰਸ਼ਿਤ ਨਜ਼ਰ ਆ ਰਹੇ ਹਨ।
ਅਜਿਹਾ ਕਿਉਂ ਹੋ ਰਿਹਾ ਹੈ
‘ਵਰਕ ਫ਼ੈਮਿਲੀ ਕੌਨਫਲਿਕਟ’, ‘ਵਰਕ ਫ਼ੈਮਿਲੀ ਏਨਰਿਚਮੈਂਟ’ ਤੋਂ ਉੱਪਰ ਹੋ ਜਾਂਦਾ ਹੈ,
ਦਿੱਲੀ ਵਿੱਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐਨਯੂ) ਦੇ ਅਟਲ ਬਿਹਾਰੀ ਵਾਜਪੇਈ ਪ੍ਰਬੰਧਨ ਅਤੇ ਉੱਦਮਤਾ ਸੰਸਥਾਨ ਵਿੱਚ ਸਹਾਇਕ ਪ੍ਰੋਫੈਸਰ ਵਾਨਿਕੀ ਜੋਸ਼ੀ ਲੋਹਾਨੀ ਲੋਕਾਂ ਦੇ ਨੌਕਰੀ ਵਿੱਚ ਬਣੇ ਰਹਿਣ ਅਤੇ ਛੱਡਣ ਦਾ ਕਾਰਨ ਦੱਸਦੇ ਹਨ।
ਉਹ ਕਹਿੰਦੇ ਹਨ ਕਿ ਇੱਕ ਤਾਂ ਸਕਾਰਾਤਮਕ ਭਾਵਨਾ ਹੈ ਜਿਸ ਨੂੰ ਕਹਿੰਦੇ ਹਨ – ‘ਵਰਕ ਫ਼ੈਮਿਲੀ ਏਨਰਿਚਮੈਂਟ’। ਯਾਨਿ ਕੰਮ ਤੋਂ ਕੁਝ ਅਜਿਹਾ ਮਿਲ ਰਿਹਾ ਹੋਵੇ, ਜਿਸ ਨਾਲ ਪਰਿਵਾਰ ਖੁਸ਼ਹਾਲ ਹੋ ਰਿਹਾ ਹੋਵੇ। ਚਾਹੇ ਉਹ ਪੈਸਾ ਹੋਵੇ ਜਾਂ ਫਿਰ ਸਕਾਰਾਤਮਕ ਵਤੀਰਾ।
ਉਨ੍ਹਾਂ ਦੇ ਅਨੁਸਾਰ, “ਜੇਕਰ ਕੋਈ ਦਫ਼ਤਰ ਵਿੱਚ ਖੁਸ਼ ਰਹੇ ਅਤੇ ਘਰ ਵੀ ਖ਼ੁਸ਼ੀ ਨਾਲ ਜਾਵੇ, ਛੁੱਟੀਆਂ ਸਮੇਂ ਸਿਰ ਮਿਲਣ ਤਾਂ ਇਹ ਉਸਦੇ ਲਈ ਚੰਗਾ ਹੁੰਦਾ ਹੈ, ਉਹ ਅਜਿਹੇ ਮਾਹੌਲ ਵਾਲੀ ਨੌਕਰੀ ਵਿੱਚ ਟਿਕਣਾ ਚਾਹੇਗਾ।”
ਦੂਜਾ ਕਾਰਨ ਉਹ ਦੱਸਦੇ ਹਨ – ‘ਵਰਕ ਫੈਮਿਲੀ ਕੌਨਫਲਿਕਟ’
ਪ੍ਰੋਫੈਸਰ ਵਾਨਿਕੀ ਜੋਸ਼ੀ ਲੋਹਾਨੀ ਦੇ ਮੁਤਾਬਕ, ਇਹ ਇੱਕ ਨਕਾਰਾਤਮਕ ਭਾਵਨਾ ਪੈਦਾ ਕਰਦੀ ਹੈ। ਉਹ ਕੰਮ ਨੂੰ ਬੋਝ ਸਮਝਣ ਲੱਗਦੇ ਹਨ ਅਤੇ ਪਰਿਵਾਰ ਵੱਲ ਧਿਆਨ ਦੇਣ ਤੋਂ ਅਸਮਰੱਥ ਹੁੰਦੇ ਹਨ, ਕਿਉਂਕਿ ਉਹ ਦਫ਼ਤਰ ਤੋਂ ਨਿਰਾਸ਼ਾ ਲੈ ਕੇ ਘਰ ਜਾਂਦੇ ਹਨ।
ਉਹ ਕਹਿੰਦੇ ਹਨ ਕਿ ਜਦੋਂ ‘ਵਰਕ ਫ਼ੈਮਿਲੀ ਕੌਨਫਲਿਕਟ’, ‘ਵਰਕ ਫ਼ੈਮਿਲੀ ਏਨਰਿਚਮੈਂਟ’ ਤੋਂ ਉੱਪਰ ਹੋ ਜਾਂਦਾ ਹੈ, ਉਦੋਂ ਲੋਕ ਨੌਕਰੀ ਦੇ ਲਈ ਨਵੇਂ ਬਦਲ ਲੱਭਣ ਲੱਗਦੇ ਹਨ।
ਕਰਮਚਾਰੀਆਂ ਅਤੇ ਨੌਕਰੀ ਦੇਣ ਵਾਲਿਆਂ ਵਿੱਚ ਇੱਕ ਸਮਾਜਿਕ ਰਿਸ਼ਤਾ ਹੁੰਦਾ ਹੈ
ਅਮਰੀਕਾ ਦੀ ਬੌਸਟਨ ਯੂਨੀਵਰਸਿਟੀ ਦੇ ਕੁਏਸਟ੍ਰਾਮ ਸਕੂਲ ਆਫ ਬਿਜ਼ਨੇਸ ਵਿੱਚ ਮੈਨੇਜਮੈਨਟ ਐਂਡ ਆਰਗੇਨਾਈਜ਼ੇਸ਼ਨ ਦੇ ਉੱਘੇ ਬੁਲਾਰੇ ਮੋਸ਼ੇ ਕੋਹੇਨ ਕਹਿੰਦੇ ਹਨ, “ਕਰਮਚਾਰੀਆਂ ਅਤੇ ਨੌਕਰੀ ਦੇਣ ਵਾਲਿਆਂ ਵਿੱਚ ਇੱਕ ਸਮਾਜਿਕ ਰਿਸ਼ਤਾ ਹੁੰਦਾ ਹੈ ਜੋ ਹੁਣ ਟੁੱਟ ਰਿਹਾ ਹੈ, ਹੁਣ ਕੰਪਨੀਆਂ ਆਪਣੇ ਮੁਲਾਜ਼ਮਾਂ ਦਾ ਖ਼ਿਆਲ ਨਹੀਂ ਰੱਖ ਰਹੀਆਂ।”
ਉਹ ਕਹਿੰਦੇ ਹਨ, “ਮੁਲਾਜ਼ਮਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਨੂੰ ਕੱਚੇ ਤੌਰ ‘ਤੇ ਰੱਖਿਆ ਗਿਆ ਹੈ ਅਤੇ ਕਦੇ ਵੀ ਕੱਢਿਆ ਜਾ ਸਕਦਾ ਹੈ, ਅਜਿਹੇ ਵਿੱਚ ਉਹ ਨੌਕਰੀ ਦੇਣ ਵਾਲੀ ਕੰਪਨੀ ਪ੍ਰਤੀ ਕੋਈ ਵਚਨਬੱਧਤਾ ਨਹੀਂ ਰੱਖਦੇ, ਉਹ ਨੌਕਰੀਆਂ ਨੂੰ ਅਜ਼ਮਾ ਰਹੇ ਹੁੰਦੇ ਹਨ।”
ਕੋਹੇਨ ਦੇ ਮੁਤਾਬਕ, ਅੱਜਕਲ ਰਿਮੋਟ ਵਰਕ ਯਾਨਿ ਘਰ ਜਾਂ ਕਿਸੇ ਵੀ ਥਾਂ ਤੋਂ ਕੰਮ ਕਰਨ ਜਿਹੇ ਪ੍ਰਬੰਧ ਦਾ ਰੁਝਾਨ ਵੱਧ ਰਿਹਾ ਹੈ, ਪਰ ਪ੍ਰਬੰਧਕਾਂ ਨੂੰ ਚਿੰਤਾ ਰਹਿੰਦੀ ਹੈ ਕਿ ਕਰਮਚਾਰੀ ਕੰਮ ਕਰ ਰਹੇ ਹਨ ਜਾਂ ਨਹੀਂ।
ਅਜਿਹੇ ਵਿੱਚ ਉਹ ਜ਼ਿਆਦਾ ਨਿਗਰਾਨੀ ਰੱਖਣ ਲੱਗਦੇ ਹਨ, ਇਸ ਕਾਰਨ ਵੀ ਮੈਨੇਜਰ ਅਤੇ ਟੀਮ ਦੇ ਮੈਂਬਰਾਂ ਦਾ ਇੱਕ ਦੂਜੇ ਵਿੱਚ ਭਰੋਸਾ ਘੱਟ ਹੋ ਰਿਹਾ ਹੈ।
ਕੁਝ ਲੋਕ ਇਨ੍ਹਾਂ ਹਾਲਾਤ ਦੇ ਅੱਗੇ ਗੋਡੇ ਨਹੀਂ ਟੇਕਦੇ, ਜੇਕਰ ਉਨ੍ਹਾਂ ਨੂੰ ਲੱਗਦਾ ਹੈ ਕਿ ਨੌਕਰੀ ਉਨ੍ਹਾਂ ਦੀਆਂ ਉਮੀਦਾਂ ਜਾਂ ਜ਼ਰੂਰਤਾਂ ਦੇ ਅਨੁਸਾਰ ਨਹੀਂ ਹੈ ਜਾਂ ਮਾਹੌਲ ਚੰਗਾ ਨਹੀਂ ਮਿਲ ਰਿਹਾ ਤਾਂ ਉਹ ਤੁਰੰਤ ਉੱਥੋਂ ਬਾਹਰ ਨਿਕਲ ਜਾਂਦੇ ਹਨ।
ਤੁਰੰਤ ਨੌਕਰੀ ਛੱਡਣਾ ਕਿੰਨਾ ਸਹੀ?
ਬਹੁਤ ਦੇਰ ਨਾਲ ਨੌਕਰੀ ਛੱਡਣ ਦੀ ਥਾਂ ਸੋਚ ਸਮਝਕੇ ਜਲਦੀ ਨੌਕਰੀ ਛੱਡਣਾ ਸਹੀ ਫ਼ੈਸਲਾ ਹੋ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਬਹੁਤ ਦੇਰ ਨਾਲ ਨੌਕਰੀ ਛੱਡਣ ਦੀ ਥਾਂ ਸੋਚ ਸਮਝਕੇ ਜਲਦੀ ਨੌਕਰੀ ਛੱਡਣਾ ਸਹੀ ਫ਼ੈਸਲਾ ਹੋ ਸਕਦਾ ਹੈ।
ਕੈਲੀਫੋਰਨੀਆ ਦੇ ਪੇਪਰਡਾਈਨ ਗ੍ਰਾਜ਼ੀਆਡੀਓ ਬਿਜ਼ਨਸ ਸਕੂਲ ਵਿੱਚ ਬਿਹੇਵੀਅਰਲ ਸਾਇੰਸ ਦੀ ਸਹਾਇਕ ਪ੍ਰੋਫੈਸਰ ਬੌਬੀ ਥਾਮਸਨ ਦਾ ਮੰਨਣਾ ਹੈ, “ਜਦੋਂ ਤੁਹਾਨੂੰ ਲੱਗੇ ਕਿ ਚੀਜ਼ਾਂ ਸਹੀ ਨਹੀਂ ਹਨ ਤਾਂ ਉਸ ਨੌਕਰੀ ਨੂੰ ਛੱਡਣਾ ਆਤਮਵਿਸ਼ਵਾਸ ਭਰਿਆ ਕਦਮ ਹੁੰਦਾ ਹੈ, ਜੇਕਰ ਕਰਮਚਾਰੀ ਨੂੰ ਲੱਗੇ ਕਿ ਕੰਪਨੀ ਵਿੱਚ ਨਾਕਾਰਾਤਮਕ ਮਾਹੌਲ ਬਹੁਤ ਜ਼ਿਆਦਾ ਹੈ ਅਤੇੇ ਹਾਲਾਤ ਨੂੰ ਬਦਲਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਹੈ ਤਾਂ ਸਮਝ ਵਿੱਚ ਆਉਂਦਾ ਹੈ ਕਿ ਉਨ੍ਹਾਂ ਨੂੰ ਕਿਉਂ ਜਲਦੀ ਉੱਥੋਂ ਬਾਹਰ ਨਿਕਲ ਜਾਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਅਜਿਹੀ ਨੌਕਰੀ ਵਿੱਚ ਲੱਗੇ ਰਹਿਣ ਨਾਲ ਚੰਗੇ ਮੌਕੇ ਵੀ ਹੱਥੋਂ ਨਿਕਲ ਜਾਂਦੇ ਹਨ।
ਪਰ ਕਰਨ ਸਿੰਘ ਕਹਿੰਦੇ ਹਨ ਕਿ ਨਵੀਂ ਨੌਕਰੀ ਦੀ ਭਾਲ ਕਰਦੇ ਸਮੇਂ ਉਨ੍ਹਾਂ ਤੋਂ ਪੁੱਛਿਆ ਗਿਆ ਕਿ ਪੁਰਾਣੀ ਨੌਕਰੀ ਇੰਨੀ ਜਲਦੀ ਕਿਉਂ ਛੱਡ ਦਿੱਤੀ।
ਉੱਥੇ ਹੀ ਮੱਧਵਰਗੀ ਪਰਿਵਾਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਨੌਕਰੀ ਛੱਡਣਾ ਸੌਖਾ ਨਹੀਂ ਹੁੰਦਾ।
ਉਹ ਦੱਸਦੇ ਹਨ, “ਮੈਂ ਇੰਟਰਵਿਊ ਦਿੱਤੇ ਅਤੇ ਇੱਕ ਮਹੀਨੇ ਦੇ ਅੰਦਰ ਨੋਇਡਾ ਵਿੱਚ ਇੱਕ ਨਵੀਂ ਕੰਪਨੀ ਵਿੱਚ ਨੌਕਰੀ ਉੱਤੇ ਲੱਗ ਗਿਆ, ਇੱਥੇ ਤਨਖ਼ਾਹ ਵੀ ਚੰਗੀ ਹੈ ਅਤੇ ਮਾਹੌਲ ਵੀ।”
ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਹਰ ਕਿਸੇ ਦੇ ਕੋਲ ਅਜਿਹੀ ਆਜ਼ਾਦੀ ਨਹੀਂ ਹੁੰਦੀ। ਜਵਾਹਰਲਾਲ ਨਹਿਰੂ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਵਾਨਿਕੀ ਜੋਸ਼ੀ ਲੋਹਾਨੀ ਦੱਸਦੇ ਹਨ ਕਿ ਹਰ ਇੰਡਸਟ੍ਰੀ ਦੀ ਸਥਿਤੀ ਅਲੱਗ ਹੈ।
ਉਨ੍ਹਾਂ ਦੇ ਅਨੁਸਾਰ, ਕਈ ਅਜਿਹੇ ਸੈਕਟਰ ਹਨ ਜਿਵੇਂ ਕੱਪੜਾ, ਦੂਰਸੰਚਾਰ ਉਦਯੋਗ, ਜਿੱਥੇ ਲੋਕ ਨੌਕਰੀ ਛੱਡਣ ਤੋਂ ਬੱਚਦੇ ਹਨ, ਉੱਥੇ ਹੀ ਆਈਟੀ, ਕੰਸਲਟੈਂਸੀ, ਮਾਰਕੇਟਿੰਗ ਆਦਿ ਵਿੱਚ ਬਿਜ਼ਨਸ ਵੱਧ ਹੈ, ਉੱਥੇ ਨੌਕਰੀ ਦਾ ਆਫਰ ਵੀ ਮਿਲ ਜਾਂਦਾ ਹੈ।
ਸੁਧਾਰ ਦੇ ਲਈ ਕੀ ਕਰਨਾ ਜ਼ਰੂਰੀ
ਹਰ ਮਾਮਲੇ ਵਿੱਚ ਗ਼ਲਤੀ ਕੰਪਨੀ ਦੀ ਨਹੀਂ ਹੁੰਦੀ ਹੈ
ਅਜਿਹਾ ਨਹੀਂ ਹੈ ਕਿ ਹਮੇਸ਼ਾ ਕੰਪਨੀਆਂ ਗਲਤ ਹੁੰਦੀਆਂ ਹਨ। ਮੁਲਾਜ਼ਮਾਂ ਵੱਲੋਂ ਤੁਰੰਤ ਨੌਕਰੀ ਛੱਡ ਦੇਣਾ ਵੀ ਕੰਪਨੀਆਂ ਦੇ ਲਈ ਨੁਕਸਾਨਦੇਹ ਹੁੰਦਾ ਹੈ।
ਕੁਏਸਟ੍ਰਾਮ ਸਕੂਲ ਆਫ ਬਿਜ਼ਨਸ ਵਿੱਚ ਉੱਘੇ ਬੁਲਾਰੇ ਕੋਹੇਨ ਕਹਿੰਦੇ ਹਨ ਕਿ ਕੁਝ ਲੋਕ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਚਾਹ ਵਿੱਚ ਬਹੁਤ ਜ਼ਿਆਦਾ ‘ਸ਼ਾਰਟ-ਟਰਮਿਸਟ’ ਹੋ ਗਏ ਹਨ, ਯਾਨਿ ਕੇ ਉਹ ਤੁਰੰਤ ਸਾਰਾ ਕੁਝ ਹਾਸਲ ਕਰਨਾ ਚਾਹੁੰਦੇ ਹਨ।
ਉਹ ਕਹਿੰਦੇ ਹਨ, “ਬਹੁਤ ਲੋਕ ਚਾਹੁੰਦੇ ਹਨ ਕਿ ਵਿੱਤੀ ਲਾਭ ਤੋਂ ਇਲਾਵਾ ਵੀ ਕੁਝ ਨਵਾਂ ਸਿੱਖਣ ਨੂੰ ਮਿਲੇ, ਕੰਮ ਕਰਨ ਨੂੰ ਲੈ ਕੇ ਦਫ਼ਤਰ ਵਿੱਚ ਉਨ੍ਹਾਂ ਦੇ ਹਿਸਾਬ ਨਾਲ ਲਚੀਲਾਪਨ ਹੋਵੇ, ਪਰ ਅਜਿਹੀਆਂ ਉਮੀਦਾਂ ਪਹਿਲੇ ਦਿਨ ਹੀ ਪੂਰੀਆਂ ਨਹੀਂ ਹੋ ਸਕਦੀਆਂ।”
“ਉਨ੍ਹਾਂ ਨੂੰ ਲੱਗਦਾ ਹੈ ਕਿ ਆਉਂਦੇ ਹੀ ਇੱਕ ਮਹੱਤਵਪੂਰਨ ਕੰਮ ਸੌਂਪ ਦਿੱਤਾ ਜਾਵੇਗਾ ਜਾਂ ਫ਼ਿਰ ਰਾਏ ਬਣਾ ਲੈਂਦੇ ਹਨ ਕਿ ਥੋੜ੍ਹੀਆਂ-ਬਹੁਤੀਆਂ ਕਮੀਆਂ ਵਾਲਾ ਬੌਸ ਇੱਕ ਖ਼ਰਾਬ ਬੌਸ ਹੈ, ਪਰ ਅਜਿਹਾ ਨਹੀਂ ਹੁੰਦਾ।”
ਮਾਹਰ ਕਹਿੰਦੇ ਹਨ ਕਿ ਨੌਕਰੀ ਛੱਡਣ ਤੋਂ ਘਬਰਾਓ ਨਾਂ, ਪਰ ਥੋੜ੍ਹਾ ਠਹਿਰੋ, ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਨਾ ਲਓ
ਕੋਹੇਨ ਇਹ ਸਲਾਹ ਦਿੰਦੇ ਹਨ ਕਿ ਨੌਕਰੀ ਛੱਡਣ ਤੋਂ ਘਬਰਾਓ ਨਾਂ, ਪਰ ਥੋੜ੍ਹਾ ਠਹਿਰੋ, ਜਲਦਬਾਜ਼ੀ ਵਿੱਚ ਕੋਈ ਫ਼ੈਸਲਾ ਨਾ ਲਓ
ਪ੍ਰੋਫ਼ੈਸਰ ਵਾਨਿਕੀ ਜੋਸ਼ੀ ਲੋਹਾਨੀ ਕਹਿੰਦੇ ਹਨ ਕਿ ਕੰਪਨੀਆਂ ਨੂੰ ਇਹ ਦੇਖਣਾ ਚਾਹੀਦਾ ਹੈ ਕਿ ਉਨ੍ਹਾਂ ਦੀ ਕੰਪਨੀ ਵਿੱਚ ‘ਰਿਟੈਂਸ਼ਨ ਰੇਟ’ ਯਾਨਿ ਕਿਸੇ ਨਿਸ਼ਚਿਤ ਸਮੇਂ ਵਿੱਚ ਮੁਲਾਜ਼ਮਾਂ ਦੇ ਟਿਕੇ ਰਹਿਣ ਦੀ ਦਰ ਅਤੇ ‘ਅਟ੍ਰੀਸ਼ਨ ਰੇਟ’, ਯਾਨਿ ਨੌਕਰੀ ਛੱਡਣ ਦੀ ਦਰ ਕੀ ਹੈ।
ਇਸ ਤੋਂ ਬਾਅਦ ਰਿਟੈਂਸ਼ਨ ਵਧਾਉਣ ਅਤੇ ਅਟ੍ਰੀਸ਼ਨ ਘੱਟ ਕਰਨ ਦੇ ਲਈ ਮਾਨਵਵਾਦੀ ਦ੍ਰਿਸ਼ਟੀਕੋਣ ਅਪਣਾ ਕੇ ਜ਼ਰੂਰੀ ਬਦਲਾਅ ਕਰਨੇ ਚਾਹੀਦੇ ਹਨ।
ਜੇ ਅਜਿਹੇ ਹਾਲਾਤ ਹੋਣ ਤਾਂ ਕੀ ਕਰੀਏ
ਨੌਕਰੀ ਛੱਡਣ ਤੋਂ ਪਹਿਲਾਂ ਸ਼ਾਂਤੀ ਨਾਲ ਸੋਚਣਾ ਚਾਹੀਦਾ ਹੈ।
ਪਰ ਉਦੋਂ ਕੋਈ ਕੀ ਕਰੇ, ਜਦੋਂ ਨੌਕਰੀ ਦੀ ਸ਼ੁਰੂਆਤ ਵਿੱਚ ਹੀ ਕੰਪਨੀ ਜਾਂ ਉੱਥੋਂ ਦੇ ਮਾਹੌਲ ਨੂੰ ਲੈ ਕੇ ਨਾਕਾਰਾਤਮਕ ਸੰਕੇਤ ਦਿਖਣ ਲੱਗ ਪੈਣ?
ਪੇਪਰਡਾਈਨ ਗ੍ਰਾਜ਼ੀਆਡੀਓ ਬਿਜ਼ਨਸ ਸਕੂਲ ਵਿੱਚ ਸਹਾਇਕ ਪ੍ਰੋਫੈਸਰ ਬੌਬੀ ਥਾਮਸਨ ਬਿਜ਼ਨਸ ਸਕੂਲ ਵਿੱਚ ਅਸਿਸਟੈਂਟ ਪ੍ਰੋਫ਼ੈਸਰ ਬੌਬੀ ਥਾਮਸਨ ਸਲਾਹ ਦਿੰਦੇ ਹਨ ਕਿ ਨੌਕਰੀ ਛੱਡਣ ਤੋਂ ਪਹਿਲਾਂ ਸ਼ਾਂਤੀ ਨਾਲ ਸੋਚਣਾ ਚਾਹੀਦਾ ਹੈ।
ਮੁਲਾਜ਼ਮਾਂ ਨੂੰ ਆਪਣੇ ਕੰਮ ਅਤੇ ਜ਼ਿੰਮੇਵਾਰੀਆਂ ਨੂੰ ਲੈ ਕੇ ਆਪਣੇ ਤੋਂ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀਦੀ ਹੈ ਅਤੇ ਸੰਸਥਾ ਦੇ ਬਾਕੀ ਮੈਂਬਰਾਂ ਨਾਲ ਰਿਸ਼ਤੇ ਸੁਧਾਰਨੇ ਚਾਹੀਦੇ ਹਨ। ਆਪਣੇ ਕਿਸੇ ਪੁਰਾਣੇ ਸਹਿਯੋਗੀ, ਸਲਾਹਕਾਰ ਜਾਂ ਕਰੀਅਰ ਕੋਚ ਦੀ ਮਦਦ ਲੈਕੇ ਨਜ਼ਰੀਆ ਬਦਲਣ ਵਿੱਚ ਮਦਦ ਲਈ ਜਾ ਸਕਦੀ ਹੈ।
ਹਾਲਾਂਕਿ ਥਾਮਸਨ ਕਹਿੰਦੇ ਹਨ ਕਿ ਉਹ ਲੋਕਾਂ ਦੀ ਹਾਲਾਤਾਂ ਬਾਰੇ ਅੰਦਾਜ਼ਾ ਲਾਉਣ ਦੀ ਸਮਰੱਥਾ ਉੱਤੇ ਯਕੀਨ ਰੱਖਦੇ ਹਨ।
ਖ਼ਾਸ ਕਰਕੇ ਜਦੋਂ ਉਨ੍ਹਾਂ ਨੇ ਇਸ ਬਾਰੇ ਕਾਫੀ ਸੋਚ-ਵਿਚਾਰ ਕਰ ਲਿਆ ਹੋਵੇ ਕਿ ਇਸ ਵੇਲੇ ਤੁਰੰਤ ਨੌਕਰੀ ਛੱਡਣ ਦਾ ਕੀ ਅਸਰ ਹੋ ਸਕਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੀ ਭਗਤ ਸਿੰਘ ਸਾਵਰਕਰ ਤੋਂ ਪ੍ਰਭਾਵਿਤ ਸਨ – ਕੀ ਹੈ ਦਾਅਵੇ ਦੀ ਸੱਚਾਈ
NEXT STORY