ਵੈਜ਼ਲੀ ਐਲਗਜ਼ੈਂਡਰੋਵਿਚ ਆਰਖ਼ੀਪੋਵ
ਇਹ 27 ਅਕਤੂਬਰ, 1962 ਨੂੰ ਦੁਨੀਆਂ ਅਮਰੀਕਾ ਅਤੇ ਸੋਵੀਅਤ ਯੂਨੀਅਨ ਦਰਮਿਆਨ ਬਸ-ਛਿੜਨ ਹੀ ਵਾਲੇ ਮਿਜ਼ਾਈਲੀ ਯੁੱਧ ਦੀ ਕਗਾਰ ’ਤੇ ਖੜ੍ਹੀ ਸੀ।
ਉਹ ਪਲ ਇੰਨੇ ਖ਼ਤਰਨਾਕ ਸੀ ਕਿ ਦੁਨੀਆਂ ਕਿਸੇ ਵੀ ਸਮੇਂ ਪਰਮਾਣੂ ਜੰਗ ਦੀ ਗਰਤ ਵਿੱਚ ਡਿੱਗ ਸਕਦਾ ਸੀ।
ਇਸ ਸਾਰੇ ਸੰਕਟ ਵਿਚਕਾਰ ਵਾਸ਼ਿੰਗਟਨ ਦੀ ਮੰਗ ਸੀ ਕਿ ਮਾਸਕੋ, ਕਿਊਬਾ ਵਿੱਚ ਤੈਨਾਤ ਆਪਣੀਆਂ ਪਰਮਾਣੂ ਮਿਜ਼ਾਈਲਾਂ ਹਟਾ ਲਵੇ।
ਜ਼ਿਕਰਯੋਗ ਹੈ ਕਿ ਕਿਊਬਾ ਤੇ ਅਮਰੀਕਾ ਦਰਮਿਆਨ ਮਹਿਜ਼ 200 ਕਿੱਲੋਮੀਟਰ ਦਾ ਫ਼ਾਸਲਾ ਹੈ।
ਦੋਵਾਂ ਮੁਲਕਾਂ ਦੀਆਂ ਪਣਡੁੱਬੀਆਂ ਆਪੋ-ਆਪਣੇ ਇਲਾਕਿਆਂ ਵਿੱਚ ਪੈਂਤੜਿਆਂ ਤਹਿਤ ਤੈਨਾਤ ਸਨ।
ਕਿਊਬਾ ਮਿਜ਼ਾਈਲ ਸੰਕਟ ਇੰਨਾਂ ਗੰਭੀਰ ਸੀ ਕਿ ਕਿਸੇ ਵੀ ਸਮੇਂ ਵਿਸ਼ਵੀ ਸੰਕਟ ਦਾ ਰੂਪ ਧਾਰਨ ਕਰ ਸਕਦਾ ਸੀ।
ਸੋਵੀਅਤ ਪਣਡੁੱਬੀਆਂ ਨੂੰ ਕਿਊਬਾ ਦੇ ਪਾਣੀਆਂ ਵਿੱਚ ਨਿਗਰਾਨੀ ਅਤੇ ਸਥਿਤੀ ਉੱਪਰ ਕਾਬੂ ਬਣਾਈ ਰੱਖਣ ਦੇ ਉਦੇਸ਼ ਨਾਲ ਗਸ਼ਤ ਕਰਨ ਦੇ ਹੁਕਮ ਸਨ।
ਇਨ੍ਹਾਂ ਵਿੱਚੋਂ ਕੁਝ ਪਣਡੁੱਬੀਆਂ ਪਰਮਾਣੂ ਟਾਰਪੀਡੋਆਂ ਨਾਲ ਲੈਸ ਸਨ।
ਅਮਰੀਕੀ ਰਾਸ਼ਟਰਪਤੀ ਜੌਹਨ ਐਫ਼ ਕੈਨੇਡੀ ਦੇਸ਼ਵਾਸੀਆਂ ਨੂੰ ਰੂਸ ਵੱਲੋਂ ਕਿਊਬਾ ਵਿੱਚ ਕਾਇਮ ਕੀਤੇ ਗਏ ਪਰਮਾਣੂ ਮਿਜ਼ਾਈਲ ਟਿਕਾਣੇ ਬਾਰੇ ਜਾਣਕਾਰੀ ਦਿੰਦੇ ਹੋਏ
ਸੋਵੀਅਤ ਬੇੜੇ ਦੀ ਇੱਕ ਪਣਡੁੱਬੀ ਦੇ ਅੰਦਰ ਇੱਕ ਅਜਿਹਾ ਪਲ ਵੀ ਆਇਆ ਜਦੋਂ ਗੱਲ ਹੱਥੋਂ ਨਿਕਲ ਸਕਦੀ ਸੀ। ਉਨ੍ਹਾਂ ਦਿਨਾਂ ਵਿੱਚ, ਉੱਥੇ ਬੈਠੇ ਤਿੰਨ ਕਮਾਂਡਰ ਇੱਕ ਅਮਰੀਕੀ ਹਮਲੇ ਤੋਂ ਬਚਾਅ ਜਾਂ ਜਵਾਬ ਇੱਕ ਪਰਮਾਣੂ ਟਾਰਪੀਡੋ ਨਾਲ ਦੇਣ ਬਾਰੇ ਵਿਚਾਰ ਕਰ ਰਹੇ ਸਨ।
ਦੋ ਅਫ਼ਸਰ ਜਵਾਬੀ ਪਰਮਾਣੂ ਹਮਲੇ ਲਈ ਸਹਿਮਤ ਸਨ ਪਰ ਤੀਜੇ ਨੇ ਇਸ ਹੁਕਮ ਦਾ ਹਿੱਸਾ ਬਣਨ ਤੋਂ ਇਨਕਾਰ ਕਰ ਦਿੱਤਾ।
ਉਨ੍ਹਾਂ ਦਾ ਨਾਮ ਵੈਜ਼ਲੀ ਐਲਗਜ਼ੈਂਡਰੋਵਿਚ ਆਰਖ਼ੀਪੋਵ ਸੀ।
ਦਿ ਮਿਡਨਾਈਟ ਸਵਿਮਰ ਕਿਤਾਬ ਦੇ ਲੇਖਕ ਐਡਵਰਡ ਵਿਲਸਨ ਨੇ ਬੀਬੀਸੀ ਨੂੰ ਦੱਸਿਆ, “ਉਸ ਸ਼ਖਸ ਨੇ ਵਾਕਈ ਦੁਨੀਆਂ ਨੂੰ ਇੱਕ ਪਰਮਾਣੂ ਘੱਲੂਘਾਰੇ ਤੋਂ ਬਚਾਇਆ।”
“ਸਭ ਤੋਂ ਉੱਪਰ ਉਸ ਨੇ ਅਜਿਹਾ ਕੀਤਾ ਕਿਉਂਕਿ ਉਸ ਨੇ ਆਪਣੇ-ਆਪ ਨੂੰ ਭਾਵਨਾਵਾਂ ਵਿੱਚ ਵਹਿਣ ਨਹੀਂ ਦਿੱਤਾ ਸਗੋਂ ਮਾਸਕੋ ਵੱਲੋਂ ਤੈਅ ਪ੍ਰੋਟੋਕਾਲ ਦੀ ਇੰਨ-ਬਿੰਨ ਪਾਲਣਾ ਕੀਤੀ।”
ਲੇਖਕ ਐਡਵਰਡ ਵਿਲਸਨ ਨੇ ਆਪਣੀ ਉਪਰੋਕਤ ਕਿਤਾਬ ਵਿੱਚ ਆਰਖ਼ੀਪੋਵ ਦੀ ਕਹਾਣੀ ਬਿਆਨ ਕੀਤੀ ਹੈ।
ਸੋਵੀਅਤ ਨੇਵਲ ਪ੍ਰੋਟੋਕਾਲ ਮੁਤਾਬਕ ਪਰਮਾਣੂ ਟਾਰਪੀਡੋ ਦਾਗਣ ਲਈ ਬੇੜੇ ਦੇ ਤਿੰਨਾ ਕਮਾਂਡਰਾਂ ਦੀ ਇੱਕਮਤ ਸਹਿਮਤੀ ਲਾਜ਼ਮੀ ਸੀ।
ਵਿਲਸਨ ਮੁਤਾਬਕ,“ਹੋਰ ਵੀ ਕਈ ਕਾਰਕਾਂ ਨੇ ਪਰਮਾਣੂ ਹਮਲਾ ਹੋਣ ਤੋਂ ਰੋਕਿਆਂ ਅਤੇ ਮੈਨੂੰ ਹੈਰਾਨੀ ਹੈ ਕਿ ਆਰਖ਼ੀਪੋਵ ਨੂੰ ਉਹ ਪਛਾਣ ਨਹੀਂ ਮਿਲੀ ਜਿਸਦੇ ਉਹ ਹੱਕਦਾਰ ਸਨ।”
ਸੰਨ 1998 ਵਿੱਚ ਉਨ੍ਹਾਂ ਦੀ ਮੌਤ ਤੋਂ ਬਾਅਦ ਸ਼ਰਧਾਂਜਲੀਆਂ ਸ਼ੁਰੂ ਹੋਈਆਂ। ਪਰਮਾਣੂ ਤਣਾਅ ਨੂੰ ਰੋਕਣ ਵਿੱਚ ਉਨ੍ਹਾਂ ਦੇ ਯੋਗਦਾਨ ਬਦਲੇ ਸਾਲ 2018 ਵਿੱਚ ਇੱਕ ਅਮਰੀਕੀ ਸੰਸਥਾ ਨੇ ਉਨ੍ਹਾਂ ਨੂੰ “ਜ਼ਿੰਦਗੀ ਦਾ ਭਵਿੱਖ” ਖਿਤਾਬ ਦੇਣ ਦਾ ਫ਼ੈਸਲਾ ਕੀਤਾ।
27 ਅਕਤੂਬਰ, 1962
22 ਅਕਤੂਬਰ, ਸੰਨ 1962 ਦੀ ਸਵੇਰ ਦੁਨੀਆਂ ਦੀ ਅੱਖ ਇੱਕ ਸੰਕਟ ਆਹਟ ਨਾਲ ਖੁੱਲ੍ਹੀ।
ਉਸ ਦਿਨ ਤਤਕਾਲੀ ਅਮਰੀਕੀ ਰਾਸ਼ਟਰਪਤੀ ਜੌਹਨ ਐਫ਼ ਕੈਨੇਡੀ ਨੇ ਕੌਮ ਦੇ ਨਾਮ ਸੰਬੋਧਨ ਵਿੱਚ ਦੱਸਿਆ ਕਿ ਉਨ੍ਹਾਂ ਨੇ ਕਿਊਬਾ ਦੇ ਟਾਪੂ ਉੱਪਰ ਸੋਵੀਅਤ ਦਾ ਪਰਮਾਣੂ ਮਿਜ਼ਾਈਲਾਂ ਵਾਲਾ ਬੇਸ ਪਤਾ ਲਗਾਇਆ ਹੈ।
ਹਾਲਾਂਕਿ ਇਹ ਟਿਕਾਣਾ ਚਾਲੂ ਨਹੀਂ ਸੀ ਪਰ ਕਿਸੇ ਸੰਭਾਵੀ ਹਮਲੇ ਲਈ ਕਿਸੇ ਵੀ ਸਮੇਂ ਤਿਆਰ ਕੀਤਾ ਜਾ ਸਕਦਾ ਸੀ।
ਇਹ ਟਿਕਾਣਾ ਅਮਰੀਕਾ ਤੋਂ ਮਹਿਜ਼ 200 ਕਿੱਲੋਮੀਟਰ ਦੂਰ ਸੀ। ਇੱਥੋਂ ਦਾਗੀਆਂ ਮਿਜ਼ਾਈਲਾਂ ਪ੍ਰਮੁੱਖ ਅਮਰੀਕੀ ਸ਼ਹਿਰਾਂ ਨੂੰ ਨਿਸ਼ਾਨਾ ਬਣਾ ਸਕਦੀਆਂ ਸਨ ਅਤੇ ਕੁਝ ਮਿੰਟਾਂ ਵਿੱਚ ਹੀ ਤਬਾਹ ਕਰ ਸਕਦੀਆਂ ਸਨ।
ਉਸੇ ਸੁਨੇਹੇ ਵਿੱਚ ਕੈਨੇਡੀ ਨੇ ਬਚਾਅ ਦੇ ਕਦਮਾਂ ਬਾਰੇ ਐਲਾਨ ਕੀਤਾ। ਉਨ੍ਹਾਂ ਨੇ ਕਿਊਬਾ ਨੂੰ ਸਮੁੰਦਰੀ ਘੇਰਾ ਪਾਉਣ ਲਈ ਜੰਗੀ ਬੇੜਿਆਂ ਅਤੇ ਸੈਨਿਕ ਤੈਨਾਤੀ ਬਾਰੇ ਸੂਚਿਤ ਕੀਤਾ।
ਕਿਊਬਾ ਨੂੰ ਘੇਰਾ ਪਾਉਣ ਦਾ ਉਦੇਸ਼ ਟਿਕਾਣੇ ਦੀ ਉਸਾਰੀ ਦੇ ਕੰਮ ਨੂੰ ਰੋਕਣ ਲਈ ਉੱਥੇ ਪਹੁੰਚ ਰਹੀ ਸਹਾਇਤਾ ਨੂੰ ਰੋਕਣਾ ਸੀ।
ਮਾਸਕੋ ਇਨ੍ਹਾਂ ਕਦਮਾਂ ਤੋਂ ਘਬਰਾਇਆ ਨਹੀਂ। ਸਗੋਂ, ਉਸ ਨੇ ਇਲਾਕੇ ਵਿੱਚ ਤੈਨਾਤ ਆਪਣੇ ਜੰਗੀ ਬੇੜਿਆਂ ਅਤੇ ਪੂਰੀ ਫ਼ੌਜ ਨੂੰ ਸੁਚੇਤ ਕਰ ਦਿੱਤਾ।
1945 ਵਿੱਚ ਟ੍ਰਿਨਿਟੀ ਟੈਸਟ ਲਈ ਇੱਕ ਟਾਵਰ ਦੇ ਉੱਤੇ ਰੱਖੇ ਗਏ ਪ੍ਰਮਾਣੂ ਬੰਬ ਦਾ ਗੈਜੇਟ ਦੀ ਤਸਵੀਰ
ਅਮਰੀਕੀ ਨੈਸ਼ਨਲ ਪੁਰਾਤਤਵ ਵੱਲੋਂ ਜਾਰੀ ਦਸਤਾਵੇਜ਼ਾਂ ਅਤੇ ਰੂਸੀ ਕਪਤਾਨ ਵਾਦਿਨ ਓਰਲੋਵ (ਜੋ ਉਸ ਦਿਨ ਖ਼ੁਦ ਵੀ ਪਣਡੁੱਬੀ ਵਿੱਚ ਮੌਜੂਦ ਸਨ) ਦੇ ਯਾਦ ਚਿੰਨ੍ਹਾ ਮੁਤਾਬਕ 27 ਅਕਤੂਬਰ ਨੂੰ ਪਣਡੁੱਬੀ ਦੇ ਅੰਦਰ ਸਥਿਤੀ ਹੋਰ ਖ਼ਰਾਬ ਨਹੀਂ ਹੋ ਸਕਦੀ ਸੀ।
ਉਸ ਪਣਡੁੱਬੀ ਨੂੰ ਤਿਆਰ ਹੀ ਖ਼ਾਸ ਤੌਰ ’ਤੇ ਪਰਮਾਣੂ ਟਾਰਪੀਡੋ ਦਾਗਣ ਲਈ ਕੀਤਾ ਗਿਆ ਸੀ।
ਪਣਡੁੱਬੀ ਉੱਤਰ ਦੇ ਠੰਡੇ ਪਾਣੀ ਲਈ ਸੀ ਜਦਕਿ ਕਰੇਬੀਅਨ ਸਾਗਰ ਦਾ ਪਾਣੀ ਗਰਮ ਸੀ। ਇਸ ਲਈ ਪਣਡੁੱਬੀ ਦੀ ਏਅਰ ਕੰਡੀਸ਼ਨਿੰਗ ਪ੍ਰਣਾਲੀ ਨਕਾਰਾ ਹੋ ਗਈ ਸੀ। ਤਾਪਮਾਨ ਦਮ ਘੋਟ ਦੇਣ ਦੀ ਹੱਦ ਤੱਕ ਵਧ ਗਿਆ ਸੀ।
ਇਸ ਤੋਂ ਇਲਾਵਾ ਪਿਛਲੇ ਕੁਝ ਘੰਟਿਆਂ ਦੌਰਾਨ ਇੱਕ ਸਬਮਰੀਨ ਜਿਸ ਦੀ ਅਗਵਾਈ ਕੈਪਟਨ ਵੈਲੇਂਟਿਨ ਸਾਵਿਤਸਕੀ ਕਰ ਰਹੇ ਸਨ। ਬੇੜੇ ਦੀਆਂ ਬਾਕੀ ਪਣਡੁੱਬੀਆਂ ਤੋਂ ਅੱਗੇ ਲੰਘ ਗਈ ਸੀ ਅਤੇ ਅਮਰੀਕੀ ਬੇੜੇ ਨੂੰ ਉਸ ਦੀ ਟੋਹ ਲੱਗ ਗਈ ਸੀ।
ਵਿਲਸਨ ਨੇ ਕਿਹਾ, “ਪੈਂਟਾਗਨ ਦੀ ਰਿਪੋਰਟ ਮੁਤਾਬਕ ਜੰਗੀ ਬੇੜੇ ਨੇ ਪਣਡੁੱਬੀ ਨੂੰ ਪਾਣੀ ਦੇ ਉੱਪਰ ਲਿਆਉਣ ਦੇ ਇਰਾਦੇ ਨਾਲ਼ ਇੱਕ ਗੈਰ-ਨੁਕਸਾਨਦੇਹ ਅਸਲੇ ਨਾਲ ਹਮਲਾ ਸ਼ੁਰੂ ਕੀਤਾ। ਜਦਕਿ ਬੀ-59 ਦੇ ਅੰਦਰ, ਪਹਿਲਾਂ ਤੋਂ ਹੀ ਜਾਰੀ ਤਣਾਅ ਦੇ ਕਾਰਨ ਅਮਲੇ ਨੇ ਸਮਝਿਆ ਕਿ ਜੰਗ ਸ਼ੁਰੂ ਹੋ ਚੁੱਕੀ ਸੀ।”
ਬੀ-59 ਪਣਡੁੱਬੀਆਂ ਸੋਵੀਅਤ ਬੇੜੇ ਦਾ ਹਿੱਸਾ ਸਨ ਜੋ ਕਿ ਕਿਊਬਾ ਦੇ ਆਸ-ਪਾਸ ਗਸ਼ਤ ਕਰ ਰਹੀਆਂ ਸਨ। ਇਸ ਘਟਨਾਕ੍ਰਮ ਨੂੰ ਕਿਊਬਨ ਮਿਜ਼ਾਈਲ ਸੰਕਟ ਵਜੋਂ ਜਾਣਿਆ ਜਾਂਦਾ ਹੈ
ਤਿੰਨ ਜਣਿਆਂ ਦਾ ਫ਼ੈਸਲਾ
ਹਮਲੇ ਦੇ ਸਨਮੁੱਖ, ਸਾਵਿਤਸਕੀ ਨੇ ਬੇੜੇ ਦੇ ਸਭ ਤੋਂ ਸਿਖਰਲੇ ਤਿੰਨ ਅਫ਼ਸਰਾਂ ਦੀ ਇੱਕ ਬੈਠਕ ਸੱਦੀ।
ਉਨ੍ਹਾਂ ਵਿੱਚੋਂ ਇੱਕ ਸੈਂਕਡ ਕਮਾਂਡਰ ਆਰਖ਼ੀਪੋਵ ਸਨ। ਕੈਪਟਨ ਉੱਪਰੋਂ ਆ ਰਹੇ ਅਸਲੇ ਕਾਰਨ ਵਿਚਲਿਤ ਸੀ। ਕੈਪਟਨ ਮੁਤਾਬਕ ਹਮਲੇ ਦਾ ਜਵਾਬ ਦੇਣ ਦਾ ਸਭ ਤੋਂ ਢੁਕਵਾਂ ਤਰੀਕਾ ਪਰਮਾਣੂ ਟਾਰਪੀਡੋ ਸਨ।
ਓਰਲੋਵ ਦੀ ਗਵਾਹੀ ਮੁਤਾਬਕ ਸਾਵਿਤਸਕੀ ਚੀਕੇ, “ਉਨ੍ਹਾਂ ਨੂੰ ਹੁਣੇ ਤਬਾਹ ਕਰ ਦੇਈਏ! ਅਸੀਂ ਮਾਰੇ ਜਾਵਾਂਗੇ ਪਰ ਅਸੀਂ ਉਨ੍ਹਾਂ ਸਾਰਿਆਂ ਨੂੰ ਡੋਬ ਦਿਆਂਗੇ, ਅਸੀਂ ਬੇੜੇ ਲਈ ਨਮੋਸ਼ੀ ਨਹੀਂ ਬਣਾਂਗੇ।”
ਵਿਲਸਨ ਦੱਸਦੇ ਹਨ,“ਸੋਵੀਅਤ ਪਣਡੁੱਬੀ ਨੂੰ ਉਸ ਸਮੇਂ ਪਰਮਾਣੂ ਹਮਲੇ ਲਈ ਮਾਸਕੋ ਤੋਂ ਕਿਸੇ ਪ੍ਰਵਾਨਗੀ ਜਾਂ ਹੁਕਮਾਂ ਦੀ ਦਰਕਾਰ ਨਹੀਂ ਸੀ। ਉਨ੍ਹਾਂ ਨੂੰ ਸਿਰਫ਼ ਤਿੰਨ ਕਮਾਂਡਰਾਂ ਦੀ ਸਹਿਮਤੀ ਚਾਹੀਦੀ ਸੀ।”
ਆਰਖ਼ੀਪੋਵ ਜੋ ਕੈਪਟਨ ਦੇ ਕੁਝ ਨਜ਼ਦੀਕੀ ਸਨ, ਨੇ ਕੈਪਟਨ ਦੇ ਫ਼ੈਸਲੇ ਦੀ ਹਮਾਇਤ ਕਰਨ ਤੋਂ ਮਨ੍ਹਾਂ ਕਰ ਦਿੱਤਾ।
ਵਿਲਸਨ ਕਹਿੰਦੇ ਹਨ, “ਆਰਖ਼ੀਪੋਵ ਇੱਕਲੇ ਸਨ, ਜਿਨ੍ਹਾਂ ਨੇ ਮਨ੍ਹਾਂ ਕੀਤਾ। ਸੱਚ, ਆਰਖ਼ੀਪੋਵ ਦਾ ਸਤਿਕਾਰ ਵੀ ਉਸ ਕਮਰੇ ਵਿੱਚ ਇੱਕ ਹੋਰ ਅਹਿਮ ਕਾਰਕ ਸੀ। ਇੱਕ ਸਾਲ ਪਹਿਲਾਂ, ਨੌਜਵਾਨ ਅਫ਼ਸਰ ਨੇ ਇੱਕ ਪਣਡੁੱਬੀ ਨੂੰ ਬੇਇੰਤਹਾ ਗਰਮਾ ਚੁੱਕੇ ਇੱਕ ਪਰਮਾਣੂ ਰਿਐਕਟਰ ਤੋਂ ਬਚਾਉਣ ਸਮੇਂ ਬਹੁਤ ਜ਼ਿਆਦਾ ਵਿਕਰਣਾਂ ਦਾ ਸਾਹਮਣਾ ਕੀਤਾ ਸੀ।”
ਖ਼ੁਦ ਆਰਖ਼ੀਪੋਵ ਵੱਲੋਂ ਕੁਝ ਸਮੇਂ ਬਾਅਦ ਜਮ੍ਹਾਂ ਕਰਵਾਈ ਗਈ ਰਿਪੋਰਟ ਵਿੱਚ ਉਨ੍ਹਾਂ ਨੇ ਦੱਸਿਆ ਕਿ ਹਮਲੇ ਦਾ ਜਵਾਬ ਕਿਉਂ ਨਹੀਂ ਦਿੱਤਾ ਗਿਆ ਸੀ।
ਉਨ੍ਹਾਂ ਨੇ ਕਿਹਾ ਹਾਲਾਂਕਿ ਜਦੋਂ ਉਹ ਬੇਸ ਤੋਂ ਰਵਾਨਾ ਹੋਏ ਸਨ ਤਾਂ ਸਥਿਤੀ ਤਣਾਅਪੂਰਨ ਸੀ, ਉਨ੍ਹਾਂ ਦਾ ਤਰਕ ਸੀ ਕਿ ਗੱਲ ਫ਼ੌਜੀ ਸੰਘਰਸ਼ ਤੱਕ ਨਹੀਂ ਵਧੇਗੀ।
ਵਿਲਸਨ ਕਹਿੰਦੇ ਹਨ, “ਧੰਨਵਾਦ ਉਨ੍ਹਾਂ ਦਾ, ਕੈਪਟਨ ਨੂੰ ਸ਼ਾਂਤ ਕਰਨ ਲਈ, ਜਿਨ੍ਹਾਂ ਨੇ ਪਣਡੁੱਬੀ ਦੀ ਗਰਮੀ ਅਤੇ ਅਮਰੀਕੀ ਜਲਸੈਨਾ ਦੇ ਹੱਥੋਂ ਨਮੋਸ਼ੀ ਦਾ ਸਾਹਮਣਾ ਕੀਤਾ ਅਤੇ ਵਿਨਾਸ਼ਕਾਰੀ ਤੀਜੀ ਵਿਸ਼ਵ ਜੰਗ ਹੋਣ ਤੋਂ ਬਚ ਗਈ।”
ਅਮਰੀਕੀ ਸੂਹੀਆ ਏਜੰਸੀ: ਕਿਊਬਾ ਵਿੱਚ ਪਰਮਾਣੂ ਮਿਜ਼ਾਈਲਾਂ ਦਾਗਣ ਲਈ ਸੋਵੀਅਤ ਵੱਲੋਂ ਬਣਾਏ ਜਾ ਰਹੇ ਟਿਕਾਣੇ ਦੀਆਂ ਤਸਵੀਰਾਂ
“ਬੇੜੇ ਦੀ ਨਮੋਸ਼ੀ”
ਅਕਤੂਬਰ 28 ਦੀ ਸਵੇਰ ਦੇ ਸ਼ੁਰੂਆਤੀ ਘੰਟਿਆਂ ਦੌਰਾਨ। ਅਮਰੀਕਾ ਅਤੇ ਸੋਵੀਅਤ ਯੂਨੀਅਨ ਕਿਊਬਾ ਦਾ ਟਿਕਾਣਾ ਨਸ਼ਟ ਕਰਨ ਲਈ ਸਹਿਮਤ ਹੋ ਗਏ ਕਿ ਅਮਰੀਕਾ ਵੀ ਤੁਰਕੀ ਵਿੱਚ ਆਪਣਾ ਵੀ ਇੱਕ ਟਿਕਾਣਾ ਨਸ਼ਟ ਕਰੇਗਾ।
ਜ਼ਿਆਦਾਤਰ ਪਣਡੁੱਬੀਆਂ ਆਪੋ-ਆਪਣੇ ਟਿਕਾਣਿਆਂ ’ਤੇ ਮੁੜ ਆਈਆਂ। ਨਾਇਕਾਂ ਨੂੰ ਸਵਾਗਤ ਦੀ ਥਾਂ ਸਗੋਂ ਵਿਰੋਧ ਦਾ ਸਾਹਮਣਾ ਕਰਨਾ ਪਿਆ।
ਇਸ ਵਿਸ਼ੇ ’ਤੇ ਅਮਰੀਕਾ ਦੇ ਸਰਕਾਰੀ ਪ੍ਰਸਾਰਕ (ਪੀਬੀਐੱਸ) ਵੱਲੋਂ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ ਗਈ। ਆਰਖ਼ੀਪੋਵ ਦੀ ਪਤਨੀ ਓਲਗਾ ਨੇ ਕਿਹਾ ਕਿ ਉਨ੍ਹਾਂ ਦੇ ਪਤੀ ਦੇ ਸੀਨੀਅਰ, ਇਸ ਫ਼ੈਸਲੇ ਵਿੱਚ ਉਨ੍ਹਾਂ ਦੀ ਭੂਮਿਕਾ ਨੂੰ ਬਹੁਤ ਨਕਾਰਾਤਮਕ ਸਮਝ ਰਹੇ ਸਨ।
ਇੱਕ ਹੋਰ ਗਵਾਹੀ ਮੁਤਾਬਕ ਮਾਸਕੋ ਵਿੱਚ ਇੱਕ ਸੀਨੀਅਰ ਅਫ਼ਸਰ ਨੇ ਪਣਡੁੱਬੀ ਬ੍ਰਿਗੇਡ ਦੇ ਕਮਾਂਡਰਾਂ ਨੂੰ ਕਿਹਾ ਕਿ, “ਹਾਰ ਕੇ ਆਉਣ ਨਾਲੋਂ ਤਾਂ ਚੰਗਾ ਹੁੰਦਾ ਜੇ ਉਹ ਉੱਥੇ ਹੀ ਮਾਰੇ ਜਾਂਦੇ।”
ਆਰਖ਼ੀਪੋਵ ਦੀ ਆਪਣੇ ਸੈਨਿਕ ਜੀਵਨ ਤੋਂ ਬਾਅਦ 1998 ਵਿੱਚ 72 ਸਾਲਾਂ ਦੀ ਉਮਰ ਵਿੱਚ ਮੌਤ ਹੋ ਗਈ। ਸਾਰੀ ਉਮਰ ਉਨ੍ਹਾਂ ਨੂੰ ਦੁਨੀਆਂ ਨੂੰ ਪਰਮਾਣੂ ਸੰਕਟ ਤੋਂ ਬਚਾਉਣ ਵਿੱਚ ਨਿਭਾਈ ਭੂਮਿਕਾ ਬਦਲੇ ਕੋਈ ਪਛਾਣ ਨਾ ਮਿਲੀ।
ਆਖ਼ਰ ਜਦੋਂ ਸੰਨ 2000 ਵਿੱਚ ਵਾਦਿਮ ਓਰਲੋਵ ਨੇ ਪਣਡੁੱਬੀ ਦੇ ਅੰਦਰਲੇ ਘਟਨਾਕ੍ਰਮ ਬਾਰੇ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਆਰਖ਼ੀਪੋਵ ਦੇ ਕਾਰਨ ਟਾਰਪੀਡੋਆਂ ਦਾਗੀਆਂ ਨਹੀਂ ਗਈਆਂ ਸਨ। ਆਰਖ਼ੀਪੋਵ ਦੀ ਕਦਰ ਪੈਣੀ ਸ਼ੁਰੂ ਹੋਈ।
ਸਾਲ 2007 ਵਿੱਚ ਅਮਰੀਕੀ ਨੈਸ਼ਨਲ ਸਕਿਊਰਿਟੀ ਆਰਕਾਈਵ, ਟੌਮ ਬਲੈਂਟਨ ਨੇ ਇਸ ਵਿਸ਼ੇ ਵਿੱਚ ਸਿੱਟਾ ਕੱਢਿਆ ਕਿ, “ਇਸ ਬੰਦੇ ਨੇ ਵਾਕਈ ਦੁਨੀਆਂ ਬਚਾਈ।”
ਵਿਲਸਨ ਕਹਿੰਦੇ ਹਨ, “ਮੈਂ ਨਹੀਂ ਜਾਣਦਾ ਕਿ ਪ੍ਰਮਾਣੂ ਜੰਗ ਦੀ ਸੂਰਤ ਵਿੱਚ ਕੀ ਹੋਣਾ ਸੀ। ਇਹ ਤਾਂ ਸਾਫ਼ ਹੈ ਕਿ ਯੂਰਪ ਉੱਪਰ ਸ਼ਾਇਦ ਇਸਦਾ ਸਭ ਤੋਂ ਜ਼ਿਆਦਾ ਦੁਸ਼ਪ੍ਰਭਾਵ ਪੈਂਦਾ, ਕਿਉਂਕਿ ਰੂਸ ਕੋਲ ਅਮਰੀਕਾ ਤੱਕ ਪਹੁੰਚਣ ਵਾਲੀਆਂ ਮਿਜ਼ਾਈਲਾਂ ਨਹੀਂ ਸਨ।”
ਉਹ ਅੱਗੇ ਕਹਿੰਦੇ ਹਨ,“ਮੈਨੂੰ ਲਗਦਾ ਹੈ ਕਿ ਆਰਖ਼ੀਪੋਵ ਦੀ ਭੂਮਿਕਾ ਅਦੁੱਤੀ ਸੀ ਅਤੇ ਇੱਕ ਪਰਮਾਣੂ ਹਮਲਾ ਰੋਕਣ ਲਈ ਤੁਹਾਨੂੰ ਵਾਕਈ ਉਨ੍ਹਾਂ ਦਾ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਦੀ ਸਰਕਾਰ ਨੇ ਅਚਾਨਕ ਸੰਸਦ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਿਸ ਬਾਰੇ ਇਹ ਅਟਕਲਾਂ ਲੱਗ ਰਹੀਆਂ
NEXT STORY