ਜਵਾਹਰ ਲਾਲ ਨਹਿਰੂ ਅਤੇ ਮੁਹੰਮਦ ਅਲੀ ਜਿਨਾਹ
ਹਿੰਦੁਸਤਾਨ, ਇੰਡੀਆ ਜਾਂ ਭਾਰਤ.. ਤੁਸੀਂ ਇਨ੍ਹਾਂ ਤਿੰਨਾਂ ਨਾਮਾਂ ਨੂੰ ਭਾਰਤ ਦੇ ਲਈ ਵਰਤੇ ਜਾਂਦੇ ਦੇਖਿਆ ਹੋਵੇਗਾ। ਹਾਲਾਂਕਿ ਅਧਿਕਾਰਿਤ ਨਾਮ ਇੰਡੀਆ ਹੀ ਹੈ, ਪਰ ਹੁਣ ਇੰਡੀਆ ਦੀ ਥਾਂ ਸਿਰਫ਼ ‘ਭਾਰਤ’ ਨਾਮ ਰੱਖੇ ਜਾਣ ਦੀ ਮੰਗ ਜ਼ੋਰ-ਸ਼ੋਰ ਨਾਲ ਚੁੱਕੀ ਜਾ ਰਹੀ ਹੈ।
ਇਹ ਮੰਗ ਪਹਿਲਾਂ ਵੀ ਕੀਤੀ ਜਾਂਦੀ ਰਹੀ ਹੈ ਪਰ ਦਿਲਚਸਪ ਗੱਲ ਇਹ ਹੈ ਕਿ ਵੰਡ ਦੇ ਸਮੇਂ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਨੇ ਵੀ ‘ਇੰਡੀਆ’ ਨਾਂਅ ਉੱਤੇ ਇਤਰਾਜ਼ ਜ਼ਾਹਰ ਕੀਤਾ ਸੀ। ਉਨ੍ਹਾਂ ਨੇ ਇਸ ਨੂੰ ਗੁੰਮਰਾਹ ਕਰਨ ਵਾਲਾ ਨਾਂਅ ਦੱਸਿਆ ਸੀ।
ਇਤਿਹਾਸਕਾਰ ਲਿਖਦੇ ਹਨ ਕਿ ਸ਼ੁਰੂਆਤੀ ਦਿਨਾਂ ਤੋਂ ਹੀ ਦੇਸ਼ ਅੰਦਰ ਇੰਡੀਆ ਨਾਂ ਨੂੰ ਲੈ ਕੇ ਵਿਵਾਦ ਰਿਹਾ ਹੈ।
ਅੰਗਰੇਜ਼ਾਂ ਨੇ ਉਪਮਹਾਦੀਪ ਵਿੱਚ ਆਪਣੇ ਸਾਮਰਾਜ ਨੂੰ ਨਾਮ ਦੇਣ ਲਈ ‘ਇੰਡੀਆ’ ਸ਼ਬਦ ਦੀ ਚੋਣ ਕੀਤੀ ਸੀ ਜੋ ਕਿ ਅਸਲ ਵਿੱਚ ਗ੍ਰੀਕ ਭਾਸ਼ਾ ਦਾ ਸ਼ਬਦ ਹੈ।
ਕਿਉਂਕਿ ਇਹ ਨਾਮ ਅੰਗਰੇਜ਼ਾਂ ਵੱਲੋਂ ਦਿੱਤਾ ਗਿਆ ਸੀ, ਇਸ ਲਈ ਇੱਕ ਤਰੀਕੇ ਨਾਲ ਇਹ ਬਸਤੀਵਾਦੀ ਦੌਰ ਦੀ ਪਛਾਣ ਵੀ ਹੈ। ਇਹ ਹੀ ਕਾਰਨ ਰਿਹਾ ਕਿ ਇਸ ਸ਼ਬਦ ਦੀ ਵਰਤੋਂ ’ਤੇ ਸੰਵਿਧਾਨ ਸਭਾ ਵਿੱਚ ਇਤਰਾਜ਼ ਜਤਾਇਆ ਗਿਆ ਸੀ।
ਕੋਈ ਵੀ ਦੇਸ਼ ਬਰਤਾਨਵੀ ਨਾਂ ਨੂੰ ਅਪਣਾਉਣਾ ਨਹੀਂ ਚਾਹੇਗਾ
ਜਿਨਾਹ ਦਾ ਮੰਨਣਾ ਸੀ ਕਿ ਕੋਈ ਵੀ ਦੇਸ਼ ਬਸਤੀਵਾਦੀ ਛਾਪ ਵਾਲਾ ਨਾਮ ਨਹੀਂ ਚਾਹੇਗਾ
ਇਤਿਹਾਸਕਾਰ ਜੌਨ ਕੀਅ ਨੇ ਆਪਣੀ ਕਿਤਾਬ ‘ਇੰਡੀਆ: ਏ ਹਿਸਟ੍ਰੀ’ ਵਿੱਚ ਲਿਖਿਆ ਹੈ ਕਿ ‘ਇੰਡੀਆ ਸ਼ਬਦ ਉੱਤੇ ਕੋਈ ਵਿਵਾਦ ਨਹੀਂ ਸੀ, ਕਿਉਂਕਿ ਨਵੇਂ ਮੁਸਲਿਮ ਦੇਸ਼ ਦੇ ਲਈ ਮੁਹੰਮਦ ਅਲੀ ਜਿਨਾਹ ਨੇ ਇਸਲਾਮਿਕ ਨਾਮ ਪਾਕਿਸਤਾਨ ਚੁਣ ਲਿਆ ਸੀ।
ਜੌਨ ਕੀਅ ਲਿਖਦੇ ਹਨ, “ਆਜ਼ਾਦੀ ਦੇ ਸ਼ੁਰੂਆਤੀ ਦੌਰ ਵਿੱਚ ‘ਭਾਰਤ’ ਇੱਕ ਚੰਗਾ ਨਾਮ ਸੀ, ਕਿਉਂਕਿ ‘ਇੰਡੀਆ’ ਸ਼ਬਦ ਬਸਤੀਵਾਦੀ ਦੌਰ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀ।”
ਉਨ੍ਹਾਂ ਮੁਤਾਬਕ, ਇਸ ਸੱਚਾਈ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਸੀ ਕਿ ਸੰਸਕ੍ਰਿਤ ਭਾਸ਼ਾ ’ਚ ਲਿਖੇ ਵਿਸ਼ਾਲ ਸਾਹਿਤ ਵਿੱਚ ਕਿਤੇ ਵੀ ‘ਇੰਡੀਆ’ ਸ਼ਬਦ ਦਾ ਜ਼ਿਕਰ ਨਹੀਂ ਦੇਖਿਆ ਗਿਆ, ਨਾ ਬੋਧੀ ਜਾਂ ਜੈਨ ਗ੍ਰੰਥਾਂ ਵਿੱਚ ਇਹ ਨਾਮ ਆਉਂਦਾ ਹੈ।
ਜੌਨ ਮੁਤਾਬਕ, ਮੁਹੰਮਦ ਅਲੀ ਜਿਨਾਹ ਦਾ ਇਹ ਮੰਨਣਾ ਸੀ ਕਿ ਕੋਈ ਵੀ ਦੇਸ਼ ਬਰਤਾਨਵੀ ਸਰਕਾਰ ਵੱਲੋਂ ਦਿੱਤੇ ਗਏ ‘ਇੰਡੀਆ’ ਨਾਮ ਨੂੰ ਨਹੀਂ ਅਪਣਾਉਣਾ ਚਾਹੇਗਾ।
ਹਾਲਾਂਕਿ, ਉਨ੍ਹਾਂ ਨੂੰ ਆਪਣੀ ਇਸ ਗ਼ਲਤਫ਼ਹਮੀ ਦਾ ਅਹਿਸਾਸ ਉਸ ਵਲੇ ਹੋਇਆ ਜਦੋਂ ਆਖ਼ਰੀ ਬਰਤਾਨਵੀ ਵਾਇਸਰਾਏ ਲਾਰਡ ਮਾਊਂਟਬੈਟਨ ਨੇ ਨਹਿਰੂ ਦੀ ਇਸ ਮੰਗ ਨੂੰ ਸਵੀਕਾਰ ਕਰ ਲਿਆ ਕਿ ਉਨ੍ਹਾਂ ਦੇ ਦੇਸ਼ ਨੂੰ ‘ਇੰਡੀਆ’ ਕਿਹਾ ਜਾਵੇਗਾ।
‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਿਆ ਸੱਦਾ ਪੱਤਰ
ਉਹ ਅੱਗੇ ਲਿਖਦੇ ਹਨ ਕਿ ‘ਮਾਉਂਟਬੈਟਨ’ ਦੇ ਮੁਤਾਬਕ ਜਿਨਾਹ ਨੂੰ ਜਦੋਂ ਇਹ ਪਤਾ ਲੱਗਾ ਕਿ ਉਹ (ਨਹਿਰੂ ਅਤੇ ਕਾਂਗਰਸ ਪਾਰਟੀ) ਖ਼ੁਦ ਨੂੰ ਇੰਡੀਆ ਅਖਵਾਉਣ ਲੱਗੇ ਹਨ ਤਾਂ ਉਹ ਬਹੁਤ ਗੁੱਸੇ ਵਿੱਚ ਸਨ। ਉਨ੍ਹਾਂ ਦਾ ਖ਼ਿਆਲ ਸੀ ਕਿ ਇਸ ਸ਼ਬਦ ਦੀ ਵਰਤੋਂ ਨਾਲ ਉੱਪਮਹਾਦੀਪ ਦੀ ਸਰਬਉੱਚਤਾ ਦਾ ਅਹਿਸਾਸ ਹੁੰਦਾ ਹੈ, ਜਿਸ ਨੂੰ ਪਾਕਿਸਤਾਨ ਕਦੇ ਵੀ ਸਵੀਕਾਰ ਨਹੀਂ ਕਰਦਾ।
ਇਤਿਹਾਸਕਾਰ ਜੌਨ ਕੀਅ ਮੁਤਾਬਕ, ਮੁਹੰਮਦ ਅਲੀ ਜਿਨਾਹ ਦੇ ਇਤਰਾਜ਼ਾਂ ਦੀ ਇੱਕ ਵੱਡੀ ਵਜ੍ਹਾ ਇਹ ਵੀ ਸੀ ਕਿ ਬੁਨਿਆਦੀ ਤੌਰ ’ਤੇ ਸਿੰਧੂ ਨਦੀ ਦੇ ਆਲੇ-ਦੁਆਲੇ ਦੇ ਖੇਤਰ ਨੂੰ ‘ਇੰਡੀਆ’ ਕਿਹਾ ਜਾਂਦਾ ਸੀ, ਜਿਸ ਦਾ ਜ਼ਿਆਦਾਤਰ ਹਿੱਸਾ ਪਾਕਿਸਤਾਨ ਵਿੱਚ ਸੀ।
ਇਤਿਹਾਸਕਾਰ ਆਇਸ਼ਾ ਜਲਾਲ ਮੁਤਾਬਕ, ਵੰਡ ਤੋਂ ਬਾਅਦ ਮਾਊਂਟਬੈਟਨ ‘ਯੂਨਿਅਨ ਆਫ਼ ਇੰਡੀਆ’ ਅਤੇ ਪਾਕਿਸਤਾਨ ਦੋਵਾਂ ਲਈ ਗਵਰਨਰ-ਜਨਰਲ ਵਜੋਂ ਕੰਮ ਜਾਰੀ ਰੱਖਣ ਲਈ ਤਿਆਰ ਸਨ।
ਆਇਸ਼ਾ ਜਲਾਲ ਲਿਖਦੇ ਹਨ ਕਿ ਮੁਸਲਿਮ ਲੀਗ ਦੇ ਆਗੂ ਪਾਕਿਸਤਾਨ ਨੂੰ ਇੱਕ ਅਲੱਗ ਅਤੇ ਸੁਤੰਤਰ ਦੇਸ਼ ਬਣਾ ਕੇ ਰੱਖਣ ਦੀ ਆਪਣੀ ਸਮਰੱਥਾ ਨੂੰ ਲੈ ਕੇ ਕਾਫ਼ੀ ਘਬਰਾਏ ਹੋਏ ਸਨ।
ਉਨ੍ਹਾਂ ਨੇ ਕਾਂਗਰਸ ਦੇ ਇਰਾਦਿਆਂ ਉੱਤੇ ਭਰੋਸਾ ਨਾ ਜਤਾਇਆ ਅਤੇ ਮੁਸਲਿਮ ਲੀਗ ਇੰਡੀਆ ‘ਯੂਨਿਅਨ’ ਦੀ ਉਪਾਧੀ ਅਪਣਾਉਣ ਦੇ ਖ਼ਿਲਾਫ਼ ਆਵਾਜ਼ ਚੁੱਕਦੀ ਰਹੀ।
ਕੀ ‘ਇੰਡੀਆ’ ਇੱਕ ਗੁੰਮਰਾਹ ਕਰਨ ਵਾਲਾ ਨਾਮ ਹੈ?
ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘ਇੰਡੀਅਨ ਐਕਸਪ੍ਰੈਸ’ ਵਿੱਚ ਛਪੀ ਇੱਕ ਰਿਪੋਰਟ ਮੁਤਾਬਕ, ਦੱਖਣੀ ਏਸ਼ੀਆਈ ਕਾਨੂੰਨ ਦੇ ਪ੍ਰੋਫ਼ੈਸਰ ਮਾਰਟਿਨ ਲਾਓ ਨੇ ਆਪਣੇ ਖੋਜ ਲੇਖਨ ‘ਇਸਲਾਮ ਐਂਡ ਦਿ ਕਾਂਸਟੀਟਊਸ਼ਨਲ ਫਾਊਂਡੇਸ਼ਨ ਆਫ਼ ਪਾਕਿਸਤਾਨ’ ਵਿੱਚ ਇੱਕ ਪੱਤਰ ਦਾ ਹਵਾਲਾ ਦਿੰਦੇ ਹਨ।
ਇਹ ਪੱਤਰ ਜਿਨਾਹ ਵੱਲੋਂ ਇੰਡੀਆ ਦੇ ਪਹਿਲੇ ਗਵਰਨਰ ਜਨਰਲ ਲਾਰਡ ਮਾਊਂਟਬੈਟਨ ਨੂੰ ਲਿਖਿਆ ਗਿਆ ਸੀ। ਇਸ ਪੱਤਰ ਵਿੱਚ ਜਿਨਾਹ ਨੇ ਇਹ ਸ਼ਿਕਾਇਤ ਕੀਤੀ ਸੀ ਕਿ ‘ਇੰਡੀਆ’ ਨਾਮ ‘ਗੁੰਮਰਾਹਕੁੰਨ’ ਹੈ ਅਤੇ ਉਲਝਣ ਪੈਦਾ ਕਰਨ ਵਾਲਾ ਹੈ।
ਸਤੰਬਰ 1947 ਵਿੱਚ ਲੰਡਨ ਵਿੱਚ ਭਾਰਤੀ ਕਲਾ ਦੀ ਇੱਕ ਪ੍ਰਦਰਸ਼ਨੀ ਲੱਗੀ ਸੀ। ਮਾਊਂਟਬੈਟਨ ਨੇ ਮੁਹੰਮਦ ਅਲੀ ਜਿਨਾਹ ਨੂੰ ਇਸ ਪ੍ਰਦਰਸ਼ਨੀ ਦਾ ‘ਆਨਰੇਰੀ ਪ੍ਰਧਾਨ’ ਬਣਾਉਣ ਲਈ ਸੱਦਾ ਦਿੱਤਾ ਸੀ।
ਲਾਓ ਲਿਖਦੇ ਹਨ ਕਿ ‘ਇੰਡੀਆ’ ਨਾਂ ਦੀ ਵਰਤੋਂ ਹੋਣ ਕਰਕੇ ਮੁਹੰਮਦ ਅਲੀ ਜਿਨਾਹ ਨੇ ਇਸ ਸੱਦੇ ਨੂੰ ਸਵੀਕਾਰ ਨਹੀਂ ਕੀਤਾ ਸੀ।
ਉਨ੍ਹਾਂ ਨੇ ਮਾਊਂਟਬੈਟਨ ਨੂੰ ਲਿਖਿਆ, “ਦੁੱਖ ਦੀ ਗੱਲ ਹੈ ਕਿ ਕਿਸੇ ਰਹੱਸਮਈ ਵਜ੍ਹਾ ਕਰਕੇ ਹਿੰਦੁਸਤਾਨ ਨੇ ‘ਇੰਡੀਆ’ ਸ਼ਬਦ ਨੂੰ ਅਪਣਾ ਲਿਆ ਹੈ, ਜੋ ਨਿਸ਼ਚਿਤ ਤੌਰ ’ਤੇ ਗੁੰਮਰਾਹਕੁੰਨ ਹੈ ਅਤੇ ਇਸਦਾ ਮਕਸਦ ਉਲਝਨਾ ਪੈਦਾ ਕਰਨਾ ਹੈ।”
ਭਾਰਤ ਦੀ ਵੰਡ ਤੋਂ ਪਹਿਲਾਂ ਵੀ ਮੁਸਲਿਮ ਲੀਗ ਨੇ ‘ਯੂਨਿਅਨ ਆਫ਼ ਇੰਡੀਆ’ ਨਾਮ ਉੱਤੇ ਇਤਰਾਜ਼ ਪ੍ਰਗਟ ਕੀਤਾ ਸੀ, ਹਾਲਾਂਕਿ ਅਜਿਹਾ ਕਿਉਂ ਕੀਤਾ ਗਿਆ ਸੀ ਇਸਦਾ ਕੋਈ ਬਹੁਤਾ ਸਪਸ਼ਟ ਕਾਰਨ ਨਹੀਂ ਦੱਸਿਆ ਗਿਆ ਸੀ।
ਨਾਮ ਬਦਲਣ ਦੀਆਂ ਕਾਨੂੰਨੀ ਕੋਸ਼ਿਸ਼ਾਂ?
ਸੁਪਰੀਮ ਕੋਰਟ ਨੇ ਇਸ ਮਾਮਲੇ ਵਿੱਚ ਦਖ਼ਲਅੰਦਾਜ਼ੀ ਨਹੀਂ ਸੀ ਕੀਤੀ
ਸਤੰਬਰ 1949 ਨੂੰ ਵੰਡ ਦੇ ਦੋ ਸਾਲ ਬਾਅਦ, ਜਦੋਂ ਭਾਰਤ ਦੀ ਸੰਵਿਧਾਨ ਸਭਾ ਨੇ ਸੰਵਿਧਾਨ ਦੇ ਖਰੜੇ ਉੱਤੇ ਬਹਿਸ ਸ਼ੁਰੂ ਕੀਤੀ ਤਾਂ ਦੇਸ਼ ਲਈ ‘ਹਿੰਦੁਸਤਾਨ’ ਨਾਮ ਉੱਤੇ ਵਿਚਾਰ ਕੀਤਾ ਗਿਆ, ਪਰ ਇਸ ਨੂੰ ਖ਼ਾਰਜ ਕਰ ਦਿੱਤਾ ਗਿਆ।
ਭਾਰਤੀ ਸੰਵਿਧਾਨ ਦੀ ਧਾਰਾ ਇੱਕ ਵਿੱਚ ਅੰਗਰੇਜ਼ੀ ਐਡੀਸ਼ਨ ’ਚ ‘ਇੰਡੀਆ’ ਅਤੇ ‘ਭਾਰਤ’ ਸ਼ਬਦ ਦੀ ਵਰਤੋਂ ਕੀਤੀ ਗਈ ਜਦੋਂਕਿ ਹਿੰਦੀ ਐਡੀਸ਼ਨ ਵਿੱਚ ‘ਭਾਰਤ’ ਦੀ ਵਰਤੋਂ ਕੀਤੀ ਗਈ ਹੈ।
ਜ਼ਾਹਰ ਤੌਰ ’ਤੇ ਹਾਲੇ ਤੱਕ ‘ਇੰਡੀਆ’ ਨਾਮ ਨੂੰ ਅਸਲ ਵਿੱਚ ਕਿਸੇ ਚੁਣੌਤੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਮੀਡੀਆ ਵਿੱਚ ਵੀ ਇਸਦੀ ਵਰਤੋਂ ਹੋਣ ਲੱਗੀ ਹੈ। ਹਾਲਾਂਕਿ ਸਿਆਸੀ ਉਤਰਾਅ-ਚੜ੍ਹਾਅਵਾਂ ਦੌਰਾਨ ਕਈ ਵਾਰੀ ਇੰਡੀਆ ਦੀ ਥਾਂ ‘ਭਾਰਤ’ ਨਾਂਅ ਨੂੰ ਬਰਕਰਾਰ ਰੱਖੇ ਜਾਣ ਦੀ ਮੰਗ ਕਈ ਵਾਰੀ ਉੱਠੀ ਹੈ।
ਕੀ ਇੰਡੀਆ ਹੁਣ ਭਾਰਤ ਹੋ ਜਾਏਗਾ?
ਸਾਲ 2020 ਵਿੱਚ ਵੀ ਮੁਲਕ ਵਿੱਚ ਦੇਸ਼ ਦਾ ਨਾਮ ‘ਇੰਡੀਆ’ ਤੋਂ ਬਦਲਕੇ ਸਿਰਫ਼ ਭਾਰਤ ਰੱਖੇ ਜਾਣ ਦੀ ਮੰਗ ਉੱਠੀ। ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਪਟੀਸ਼ਨ ਵੀ ਦਾਖ਼ਲ ਕੀਤੀ ਗਈ ਸੀ।
ਪਟੀਸ਼ਨ ਕਰਨ ਵਾਲੇ ਨੇ ਕੋਰਟ ਨੂੰ ਕਿਹਾ ਸੀ ਕਿ ‘ਇੰਡੀਆ’ ਸ਼ਬਦ ਗ੍ਰੀਕ ਭਾਸ਼ਾ ਦੇ ਸ਼ਬਦ ‘ਇੰਡਿਕ’ ਤੋਂ ਬਣਿਆ ਹੈ। ਇਸ ਨਾਮ ਨੂੰ ਸੰਵਿਧਾਨ ਤੋਂ ਹਟਾਇਆ ਜਾਣਾ ਚਾਹੀਦਾ ਹੈ।
ਪਟੀਸ਼ਨਕਰਤਾ ਨੇ ਅਦਾਲਤ ਨੂੰ ਇਹ ਵੀ ਬੇਨਤੀ ਕੀਤੀ ਕਿ ਅਦਾਲਤ ਸਰਕਾਰ ਨੂੰ ਸਿਰਫ ਹੁਕਮ ਦੇਵੇ ਕਿ ਸੰਵਿਧਾਨ ਦੀ ਧਾਰਾ ਇੱਕ ਵਿੱਚ ਸੋਧ ਕਰਕੇ ਇੰਡੀਆ ਦਾ ਨਾਂ ਬਦਲ ਕੇ ਭਾਰਤ ਰੱਖਿਆ ਜਾਵੇ।
ਸੁਪਰੀਮ ਕੋਰਟ ਨੇ ਇਸ ਪਟੀਸ਼ਨ ਨੂੰ ਖ਼ਾਰਜ ਕਰਦਿਆਂ ਇਸ ਮਾਮਲੇ ਵਿੱਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ।
ਅਦਾਲਤ ਨੇ ਕਿਹਾ ਸੀ ਕਿ ਸੰਵਿਧਾਨ ਵਿੱਚ ਪਹਿਲਾਂ ਹੀ ਭਾਰਤ ਨਾਮ ਦਰਜ ਹੈ, ਸੰਵਿਧਾਨ ਵਿੱਚ ਲਿਖਿਆ ਹੈ, ‘ਇੰਡੀਆ ਦੈਟ ਇਜ਼ ਭਾਰਤ’ (ਯਾਨਿ ਇੰਡੀਆ ਜੋ ਭਾਰਤ ਹੈ)।
ਅੱਜਕੱਲ੍ਹ ਇੰਡੀਆ ਵਿੱਚ ਇੱਕ ਵਾਰੀ ਫ਼ਿਰ ਇਹ ਬਹਿਸ ਜ਼ੋਰਾਂ ’ਤੇ ਹੈ।
ਇਸ ਦੀ ਸ਼ੁਰੂਆਤ ਉਸ ਵੇਲੇ ਹੋਈ ਜਦੋਂ ਭਾਰਤ ਵਿੱਚ ਜੀ 20 ਸਿਖ਼ਰ ਸੰਮੇਲਨ ਦੇ ਮੌਕੇ ਉੱਤੇ ਭਾਰਤ ਦੀ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਦੇ ਵੱਲੋਂ ਰਾਤ ਦੇ ਖਾਣੇ ਲਈ ਭੇਜੇ ਗਏ ਸੱਦਾ ਪੱਤਰ ਵਿੱਚ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਲਿਖਿਆ ਗਿਆ।
ਫ਼ਿਲਹਾਲ ਨਾਮ ਦੇ ਮੁੱਦੇ ਉੱਤੇ ਇਹ ਵਿਵਾਦ ਇੰਡੀਆ ਵਿੱਚ ਸਿਆਸੀ ਤਣਾਅ ਦਾ ਕਾਰਨ ਬਣ ਰਿਹਾ ਹੈ, ਹਾਲੇ ਇਹ ਬਿਲਕੁਲ ਵੀ ਸਪੱਸ਼ਟ ਨਹੀਂ ਕਿ ਇਸ ਵਾਰ ਫ਼ੈਸਲਾ ਕਿਸ ਪਾਸੇ ਹੋਵੇਗਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਐੱਨ. ਚੰਦਰਬਾਬੂ ਨਾਇਡੂ ਗ੍ਰਿਫ਼ਤਾਰ,ਜਾਣੋ ਕੀ ਹੈ ਮਾਮਲਾ ਤੇ ਕਿਵੇਂ ਰਿਹਾ ਨਾਇਡੂ ਦਾ ਸਿਆਸੀ ਸਫ਼ਰ
NEXT STORY