ਗ੍ਰਿਫ਼ਤਾਰੀ ਨੋਟਿਸ ਤੇ ਦਸਤਖ਼ਤ ਕਰਦੇ ਹੋਏ ਚੰਦਰਬਾਬੂ ਨਾਇਡੂ
ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਤੇ ਤੇਲਗੂ ਦੇਸ਼ਮ ਪਾਰਟੀ ਦੇ ਪ੍ਰਧਾਨ ਐੱਨ. ਚੰਦਰਬਾਬੂ ਨਾਇਡੂ ਨੂੰ ਸਕਿਲ ਡਿਵੈਲਪਮੈਂਟ ਘੁਟਾਲੇ (ਹੁਨਰ ਵਿਕਾਸ ਘੁਟਾਲੇ) ਦੇ ਮਾਮਲੇ ''ਚ ਸ਼ਨਿੱਛਰਵਾਰ ਸਵੇਰੇ ਗ੍ਰਿਫ਼ਤਾਰ ਕੀਤਾ ਗਿਆ ਸੀ।
ਜਦੋਂ ਚੰਦਰਬਾਬੂ ਨਾਇਡੂ ਨੂੰ ਪੁਲਿਸ ਨੇ ਹਿਰਾਸਤ ''ਚ ਲੈ ਲਿਆ, ਉਹ ਆਂਧਰਾ ਪ੍ਰਦੇਸ਼ ਦੇ ਨੰਡਿਆਲ ਜ਼ਿਲ੍ਹੇ ਦੇ ਦੌਰੇ ''ਤੇ ਸਨ।
ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਕੁਝ ਸਮਾਂ ਬਾਅਦ ਵਿਸ਼ਾਖਾਪਟਨਮ ਤੋਂ ਨਾਇਡੂ ਸਰਕਾਰ ਵਿੱਚ ਮੰਤਰੀ ਰਹਿ ਚੁੱਕੇ ਗੰਤਾ ਸ੍ਰੀਨਿਵਾਸ ਰਾਓ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ।
ਇੱਕ ਪੁਲਿਸ ਟੀਮ ਨੇ ਸਵੇਰੇ 6 ਵਜੇ ਦੇ ਕਰੀਬ ਉਨ੍ਹਾਂ ਦੀ ਬੱਸ ਵਿੱਚੋਂ ਗੰਤਾ ਨੂੰ ਉਤਾਰਿਆ ਅਤੇ ਗ੍ਰਿਫ਼ਤਾਰੀ ਨੋਟਿਸ ਦਿੱਤਾ।
ਗ੍ਰਿਫ਼ਤਾਰੀ ਦੌਰਾਨ ਪਾਰਟੀ ਆਗੂਆਂ ਅਤੇ ਚੰਦਰਬਾਬੂ ਨਾਇਡੂ ਦੇ ਵਕੀਲਾਂ ਦੀ ਪੁਲਿਸ ਨਾਲ ਬਹਿਸ ਵੀ ਹੋਈ।
ਪੁਲਿਸ ਨੇ ਉਨ੍ਹਾਂ ਦੇ ਵਕੀਲਾਂ ਨੂੰ ਸੀਆਰਪੀਸੀ ਦੀ ਧਾਰਾ 50(1)(1) ਦੇ ਤਹਿਤ ਗ੍ਰਿਫਤਾਰੀ ਬਾਰੇ ਸੂਚਿਤ ਕੀਤਾ ਹੈ।
ਚੰਦਰਬਾਬੂ ਦੇ ਵਕੀਲਾਂ ਨੇ ਜਦੋਂ ਪੁਲਿਸ ਨੂੰ ਪੁੱਛਿਆ ਕਿ ਮੁੱਢਲੇ ਸਬੂਤਾਂ ਤੋਂ ਬਗ਼ੈਰ ਗ੍ਰਿਫਤਾਰੀ ਕਿਵੇਂ ਹੋ ਸਕਦੀ ਹੈ ਤਾਂ ਪੁਲਿਸ ਨੇ ਜਵਾਬ ਦਿੱਤਾ ਕਿ ਅਦਾਲਤ ਵਿੱਚ ਰਿਮਾਂਡ ਰਿਪੋਰਟ ਪੇਸ਼ ਕਰਨ ਸਮੇਂ ਸਾਰੀ ਜਾਣਕਾਰੀ ਦੇ ਦਿੱਤੀ ਜਾਵੇਗੀ।
ਚੰਦਰਬਾਬੂ ਨਾਇਡੂ ਨੂੰ ਗ੍ਰਿਫ਼ਤਾਰ ਕਰਨ ਲਈ ਆਂਧਰਾ ਪ੍ਰਦੇਸ਼ ਪੁਲਿਸ ਦੇ ਡੀਆਈਜੀ ਰਘੁਰਾਮੀ ਰੈਡੀ ਦੀ ਅਗਵਾਈ ਵਾਲੀ ਪੁਲਿਸ ਟੀਮ ਪਹੁੰਚੀ ਸੀ।
ਭਾਰਤ ਦੀ ਅਪਰਾਧਿਕ ਕਾਨੂੰਨ ਪ੍ਰਣਾਲੀ ਤਹਿਤ ਗ੍ਰਿਫ਼ਤਾਰੀ ਬਾਰੇ ਜਾਣਕਾਰੀ ਦਿੰਦਿਆਂ ਨਾਇਡੂ ਨੂੰ ਦੱਸਿਆ ਗਿਆ ਕਿ ਉਨ੍ਹਾਂ ਨੂੰ ਅਪਰਾਧ ਸੰਖਿਆ ਨੰਬਰ 28/2021 ਤਹਿਤ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।
ਚੰਦਰਬਾਬੂ ਨਾਇਡੂ ਨੂੰ ਧੋਖਾਧੜੀ (ਆਪੀਸੀ 420) ਅਤੇ ਅਪਰਾਧਿਕ ਸਾਜ਼ਿਸ਼ (ਆਪੀਸੀ 120ਬੀ) ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਨੋਟਿਸ
ਗ੍ਰਿਫ਼ਤਾਰੀ ਮੌਕੇ ਚੰਦਰਬਾਬੂ ਨਾਇਡੂ ਦੇ ਵਕੀਲਾਂ ਤੇ ਪੁਲਿਸ ਦਰਮਿਆਨ ਬਹਿਸ ਵੀ ਹੋਈ
ਚੰਦਰਬਾਬੂ ਨੇ ਸਬੂਤ ਮੰਗੇ
ਗ੍ਰਿਫ਼ਤਾਰੀ ਦੌਰਾਨ ਚੰਦਰਬਾਬੂ ਨਾਇਡੂ ਨੇ ਪੁਲਿਸ ਤੋਂ ਪੁੱਛਿਆ ਕਿ ਹੁਨਰ ਵਿਕਾਸ ਘੁਟਾਲੇ ''ਚ ਉਨ੍ਹਾਂ ਦਾ ਨਾਂ ਕਿੱਥੇ ਹੈ।
ਜਵਾਬ ਵਿੱਚ ਪੁਲਿਸ ਅਧਿਕਾਰੀਆਂ ਨੇ ਉਨ੍ਹਾਂਨੂੰ ਕਿਹਾ ਕਿ, “ਸਾਡੇ ਕੋਲ ਸਬੂਤ ਹਨ, ਅਸੀਂ ਹਾਈ ਕੋਰਟ ਨੂੰ ਦੇ ਚੁੱਕੇ ਹਾਂ। ਰਿਮਾਂਡ ਰਿਪੋਰਟ ਵਿੱਚ ਸਭ ਕੁਝ ਸ਼ਾਮਲ ਕੀਤਾ ਗਿਆ ਹੈ।”
ਗ੍ਰਿਫ਼ਤਾਰੀ ਦੌਰਾਨ ਚੰਦਰਬਾਬੂ ਦੇ ਸਮਰਥਕਾਂ ਅਤੇ ਪੁਲਿਸ ਵਿਚਾਲੇ ਜ਼ੋਰਦਾਰ ਬਹਿਸ ਹੋਈ। ਪੁਲਿਸ ਵਲੋਂ ਡੀਆਈਜੀ ਰਘੁਰਾਮੀ ਰੈੱਡੀ ਨੇ ਚੰਦਰਬਾਬੂ ਦੇ ਵਕੀਲਾਂ ਨੂੰ ਸਮਝਾਇਆ।
ਪੁਲਿਸ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਵਿਜੇਵਾੜਾ ਲਿਜਾਣਾ ਚਾਹੁੰਦੀ ਸੀ। ਪਰ ਚੰਦਰਬਾਬੂ ਨੇ ਕਿਹਾ ਕਿ ਉਨ੍ਹਾਂ ਨੂੰ ਪੁਲਿਸ ਸੁਰੱਖਿਆ ''ਤੇ ਭਰੋਸਾ ਨਹੀਂ ਹੈ ਅਤੇ ਉਹ ਐੱਨਐੱਸਜੀ ਦੀ ਨਿਗਰਾਨੀ ਹੇਠ ਆਪਣੇ ਕਾਫ਼ਲੇ ਨਾਲ ਜਾਣਾ ਚਾਹੁੰਦੇ ਹਨ। ਪੁਲਿਸ ਨੇ ਸਾਬਕਾ ਮੁੱਖ ਮੰਤਰੀ ਦੀ ਇਹ ਮੰਗ ਮੰਨ ਲਈ।
58 ਕਰੋੜ ਦੀ ਥਾਂ 371 ਕਰੋੜ ਦਾ ਭੁਗਤਾਨ ਕਰਨ ਦੇ ਇਲਜ਼ਾਮ
ਏਪੀਐੱਸਐੱਸਡੀਸੀ (ਆਂਧਰਾ ਪ੍ਰਦੇਸ਼ ਸਟੇਟ ਸਕਿਲ ਡਿਵੈਲਪਮੈਂਟ ਕਾਰਪੋਰੇਸ਼ਨ) ਦਾ ਗਠਨ ਆਂਧਰਾ ਪ੍ਰਦੇਸ਼ ਦੀ ਵੰਡ ਤੋਂ ਬਾਅਦ ਕੀਤਾ ਗਿਆ ਸੀ।
ਇਹ ਇੱਕ ਜਨਤਕ-ਨਿੱਜੀ ਭਾਈਵਾਲੀ ਹੈ ਅਤੇ ਇਸਦਾ ਮਕਸਦ ਸੂਬੇ ਦੇ ਨੌਜਵਾਨਾਂ ਨੂੰ ਹੁਨਰਮੰਦ ਹੋਣ ਦੀ ਸਿਖਲਾਈ ਦੇਣਾ ਹੈ। ਇਸ ਦੇ ਨਾਲ ਹੀ ਸਿਖਲਾਈ ਪੂਰੀ ਕਰਨ ਵਾਲੇ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣਾ ਵੀ ਇਸ ਦੇ ਉਦੇਸ਼ਾਂ ਦਾ ਹਿੱਸਾ ਹੈ।
ਇਸ ਦੇ ਲਈ ਸਕਿੱਲ ਡਿਵੈਲਪਮੈਂਟ ਕਾਰਪੋਰੇਸ਼ਨ ਨੇ ਤਕਨਾਲੋਜੀ ਕੰਪਨੀਆਂ ਨਾਲ ਸਮਝੌਤੇ ਕੀਤੇ ਹੋਏ ਹਨ। ਇਨ੍ਹਾਂ ਵਿੱਚ ਸੀਮੇਂਸ ਅਤੇ ਡਿਜ਼ਾਈਨ ਟੈਕ ਸਿਸਟਮ ਵਰਗੀਆਂ ਕੰਪਨੀਆਂ ਵੀ ਸ਼ਾਮਲ ਹਨ।
ਸੀਮੇਂਸ ਇੰਡਸਟਰੀਅਲ ਸਾਫ਼ਟਵੇਅਰ ਪ੍ਰਾਈਵੇਟ ਲਿਮਟਿਡ ਦਾ ਮੁੱਖ ਦਫਤਰ ਨੋਇਡਾ ਵਿੱਚ ਹੈ।
ਇਸ ਕੰਪਨੀ ਨਾਲ ਹੋਏ ਸਮਝੌਤੇ ਤਹਿਤ ਆਂਧਰਾ ਪ੍ਰਦੇਸ਼ ਵਿੱਚ ਛੇ ਥਾਵਾਂ ’ਤੇ ਹੁਨਰ ਵਿਕਾਸ ਕੇਂਦਰ ਸਥਾਪਤ ਕੀਤੇ ਗਏ ਹਨ। ਇੱਥੇ ਨੌਜਵਾਨਾਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ।
ਆਂਧਰਾ ਪ੍ਰਦੇਸ਼ ਸਰਕਾਰ ਨੇ ਕਿਹਾ ਸੀ ਕਿ ਸਰਕਾਰ 10 ਫ਼ੀਸਦੀ ਖਰਚਾ ਸਹਿਣ ਕਰੇਗੀ ਅਤੇ ਬਾਕੀ 90 ਫ਼ੀਸਦੀ ਸੀਮੇਂਸ ਕੰਪਨੀ ਵੱਲੋਂ ਗਰਾਂਟ ਵਜੋਂ ਅਦਾ ਕੀਤਾ ਜਾਵੇਗਾ।
ਹਿਰਾਸਤ ਵਿੱਚ ਲੈ ਜਾਣ ਤੋਂ ਪਹਿਲਾਂ ਨਾਇਡੂ ਦਾ ਮੈਡੀਕਲ ਕੀਤਾ ਗਿਆ
ਸਰਕਾਰ ਅਤੇ ਸੀਮੇਂਸ ਵਿਚਕਾਰ ਹੋਏ ਇਸ ਸਮਝੌਤੇ ਤੋਂ ਬਾਅਦ ਆਂਧਰਾ ਪ੍ਰਦੇਸ਼ ਦੇ ਕਈ ਨਾਮੀ ਇੰਜਨੀਅਰਿੰਗ ਕਾਲਜਾਂ ਵਿੱਚ ਸੈਂਟਰ ਆਫ਼ ਐਕਸੀਲੈਂਸ ਨਾਂ ਹੇਠ ਸਿਖਲਾਈ ਕੇਂਦਰਾ ਦੀ ਸਥਾਪਨਾ ਕੀਤੀ ਸੀ। ਇਨ੍ਹਾਂ ਵਿੱਚ ਆਦਿਤਿਆ ਇੰਜਨੀਅਰਿੰਗ ਕਾਲਜ ਵੀ ਸ਼ਾਮਲ ਹੈ।
ਸੀਮੇਂਸ 2017 ਤੋਂ ਹੁਨਰ ਵਿਕਾਸ ਨਿਗਮ ਦੇ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਸਮਝੌਤੇ ਦੇ ਤਹਿਤ, ਸੀਮੇਂਸ ਨੇ ਤਕਨੀਕੀ ਸਹਾਇਤਾ ਪ੍ਰਦਾਨ ਕਰਨੀ ਹੈ। ਪਰ ਇਲਜ਼ਾਮ ਹਨ ਕਿ ਕੰਪਨੀ ਨੇ ਇਹ ਮੁਹੱਈਆ ਨਹੀਂ ਕਰਵਾਇਆ।
ਮਾਮਲੇ ਦੀ ਜਾਂਚ ਕਰ ਰਹੀ ਸੀਆਈਡੀ ਨੇ ਆਪਣੀ ਰਿਪੋਰਟ ਵਿੱਚ ਕਿਹਾ ਹੈ ਕਿ ਦਸਤਾਵੇਜ਼ਾਂ ਵਿੱਚ ਇਹ ਦਰਜ ਹੈ ਕਿ ਕੰਪਨੀ ਨੇ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਸੀ।
ਆਂਧਰਾ ਪ੍ਰਦੇਸ਼ ਸਰਕਾਰ ਨੇ ਹੁਨਰ ਵਿਕਾਸ ਉੱਤਮਤਾ ਕੇਂਦਰਾਂ ਦੀ ਸਥਾਪਨਾ ਲਈ ਸੀਮੇਂਸ ਅਤੇ ਡਿਜ਼ਾਈਨ ਟੈਕ ਨਾਲ 3356 ਕਰੋੜ ਰੁਪਏ ਦੇ ਸਮਝੌਤਿਆਂ ''ਤੇ ਹਸਤਾਖਰ ਕੀਤੇ ਸਨ।
ਸਮਝੌਤੇ ਮੁਤਾਬਕ ਇਸ ਪ੍ਰਾਜੈਕਟ ਦੀ 90 ਫ਼ੀਸਦੀ ਹਿੱਸੇਦਾਰੀ ਤਕਨੀਕੀ ਕੰਪਨੀਆਂ ਨੇ ਚੁੱਕਣੀ ਸੀ ਪਰ ਇਹ ਮਾਮਲਾ ਅੱਗੇ ਨਹੀਂ ਵਧ ਸਕਿਆ।
ਇਸ ਸਮਝੌਤੇ ਤਹਿਤ ਹੁਨਰ ਵਿਕਾਸ ਲਈ ਛੇ ਕਲੱਸਟਰ ਬਣਾਏ ਜਾਣੇ ਸਨ ਅਤੇ ਹਰੇਕ ਕਲੱਸਟਰ ''ਤੇ 560 ਰੁਪਏ ਖਰਚ ਕੀਤੇ ਜਾਣੇ ਸਨ। ਤਤਕਾਲੀ ਮੁੱਖ ਮੰਤਰੀ ਚੰਦਰਬਾਬੂ ਨਾਇਡੂ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹ ਆਪਣੇ ਹਿੱਸੇ ਦੇ ਦਸ ਫ਼ੀਸਦੀ ਯਾਨੀ 371 ਕਰੋੜ ਰੁਪਏ ਦਾ ਭੁਗਤਾਨ ਕਰੇਗੀ।
ਆਂਧਰਾ ਪ੍ਰਦੇਸ਼ ਸਰਕਾਰ ਨੇ ਆਪਣਾ ਹਿੱਸਾ ਅਦਾ ਕਰ ਦਿੱਤਾ ਸੀ। ਆਂਧਰਾ ਪ੍ਰਦੇਸ਼ ਵਿੱਚ ਸੀਆਈਡੀ ਨੇ ਸਭ ਤੋਂ ਪਹਿਲਾਂ ਦਸੰਬਰ 2021 ਵਿੱਚ ਹੁਨਰ ਵਿਕਾਸ ਲਈ ਜਾਰੀ ਕੀਤੇ ਫੰਡਾਂ ਦੀ ਦੁਰਵਰਤੋਂ ਦਾ ਇਲਜ਼ਾਮ ਲਗਾਉਂਦੇ ਹੋਏ ਕੇਸ ਦਰਜ ਕੀਤਾ ਸੀ।
ਸੀਆਈਡੀ ਨੇ ਇਲਜ਼ਾਮ ਲਾਇਆ ਸੀ ਕਿ ਸੀਮੇਂਸ ਨੇ ਪ੍ਰਾਜੈਕਟ ਦੀ ਲਾਗਤ ਨੂੰ 3,300 ਕਰੋੜ ਰੁਪਏ ਤੱਕ ਵਧਾ ਦਿੱਤੀ ਸੀ। ਇਨ੍ਹਾਂ ਇਲਜ਼ਾਮਾਂ ''ਚ ਸੀਮੇਂਸ ਨਾਲ ਜੁੜੇ ਜੀਵੀਐੱਸ ਭਾਸਕਰ ''ਤੇ ਵੀ ਮਾਮਲਾ ਦਰਜ ਕੀਤਾ ਗਿਆ ਸੀ।
ਆਂਧਰਾ ਪ੍ਰਦੇਸ਼ ਸਰਕਾਰ ਨੇ ਸੀਮੇਂਸ ਇੰਡਸਟਰੀਅਲ ਸਾਫ਼ਟਵੇਅਰ ਪ੍ਰਾਈਵੇਟ ਲਿਮਟਿਡ ਨੂੰ 371 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਸੀਆਈਡੀ ਨੇ ਇਲਜ਼ਮ ਲਾਇਆ ਕਿ ਇਸ ਸਾਫਟਵੇਅਰ ਦੀ ਅਸਲ ਕੀਮਤ ਮਹਿਜ਼ 58 ਕਰੋੜ ਰੁਪਏ ਸੀ।
ਸੀਆਈਡੀ ਨੇ ਇਸ ਸਮਝੌਤੇ ਵਿੱਚ ਹੁਨਰ ਵਿਕਾਸ ਨਿਗਮ ਵਲੋਂ ਮੁੱਖ ਭੂਮਿਕਾ ਨਿਭਾਉਣ ਵਾਲੇ ਗੰਤਾ ਸੁਬਾਰਾਓ ਅਤੇ ਲਕਸ਼ਮੀਨਾਰਾਇਣ ਸਮੇਤ ਕੁੱਲ 26 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ। ਬਾਅਦ ਵਿੱਚ ਇਨ੍ਹਾਂ ਵਿੱਚੋਂ 10 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਹੁਣ ਆਂਧਰਾ ਪ੍ਰਦੇਸ਼ ਸੀਆਈਡੀ ਨੇ ਇਸ ਮਾਮਲੇ ਵਿੱਚ ਚੰਦਰਬਾਬੂ ਨਾਇਡੂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ।
ਚੰਦਰਬਾਬੂ ਨਾਇਡੂ ਤੇ ਸਕਿਲ ਡਿਵੈਲਪਮੈਂਟ ਘੁਟਾਲੇ
- 1995 ਵਿੱਚ ਬਣੇ ਸਨ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਬਣੇ ਸਨ
- ਉਨ੍ਹਾਂ ਸਿਆਸੀ ਸਫ਼ਰ ਉਤਰਾਵਾਂ-ਚੜ੍ਹਾਵਾਂ ਤੇ ਇਲਜ਼ਾਮਾਂ ਭਰਿਆ ਰਿਹਾ
- ਮੌਜੂਦਾ ਮਾਮਲੇ ਵਿੱਚ ਉਨ੍ਹਾਂ ਸਿਰ ਇਲਜ਼ਾਮ ਹੈ ਕਿ ਦਸੰਬਰ 2021 ਵਿੱਚ ਸਕਿਲ ਡਿਵੈਲਪਮੈਂਟ ਲਈ ਜਾਰੀ ਕੀਤੇ ਫੰਡਾਂ ਦੀ ਦੁਰਵਰਤੋਂ ਕੀਤੀ ਸੀ
- ਇਲਜ਼ਾਮ ਲਾਇਆ ਸੀ ਕਿ ਪ੍ਰਾਜੈਕਟ ਦੀ ਲਾਗਤ ਨੂੰ 3,300 ਕਰੋੜ ਰੁਪਏ ਤੱਕ ਵਧਾ ਦਿੱਤੀ ਸੀ
- ਆਂਧਰਾ ਪ੍ਰਦੇਸ਼ ਸਰਕਾਰ ਨੇ ਸੀਮੇਂਸ ਇੰਡਸਟਰੀਅਲ ਸਾਫ਼ਟਵੇਅਰ ਪ੍ਰਾਈਵੇਟ ਲਿਮਟਿਡ ਨੂੰ 371 ਕਰੋੜ ਰੁਪਏ ਦਾ ਭੁਗਤਾਨ ਕੀਤਾ ਸੀ। ਇਲਜ਼ਾਮ ਲੱਗਿਆ ਹੈ ਕਿ ਇਸ ਸਾਫਟਵੇਅਰ ਦੀ ਅਸਲ ਕੀਮਤ ਮਹਿਜ਼ 58 ਕਰੋੜ ਰੁਪਏ ਸੀ।
- ਇਸ ਮਾਮਲੇ ਵਿੱਚ ਕੁੱਲ 26 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਸੀ, ਬਾਅਦ ਵਿੱਚ ਇਨ੍ਹਾਂ ਵਿੱਚੋਂ 10 ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ
ਚੰਦਰਬਾਬੂ ਨਾਇਡੂ ਨੇ ਗੈਂਗ ਬਣਾ ਕੇ 371 ਕਰੋੜ ਰੁਪਏ ਲੁੱਟੇ-ਜਗਨਮੋਹਨ ਰੈੱਡੀ
ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਵਾਈਐੱਸ ਜਗਨ ਮੋਹਨ ਰੈੱਡੀ ਨੇ ਇਲਜ਼ਾਮ ਲਾਇਆ ਸੀ ਕਿ ਆਂਧਰਾ ਪ੍ਰਦੇਸ਼ ਵਿੱਚ ਬੇਰੁਜ਼ਗਾਰ ਵਿਦਿਆਰਥੀਆਂ ਦੇ ਨਾਂ ’ਤੇ ਹੋਇਆ ਇਹ ਸਭ ਤੋਂ ਵੱਡਾ ਘਪਲਾ ਹੈ।
ਇਸ ਸਾਲ 20 ਮਾਰਚ ਨੂੰ ਉਨ੍ਹਾਂ ਵਿਧਾਨ ਸਭਾ ''ਚ ਹੁਨਰ ਵਿਕਾਸ ਦੇ ਨਾਂ ''ਤੇ ਹੋਏ ਕਥਿਤ ਘੁਟਾਲੇ ਦੀ ਗੱਲ ਕੀਤੀ ਸੀ।
ਰੈੱਡੀ ਨੇ ਇਲਜ਼ਾਮ ਲਾਇਆ ਸੀ, “ਜੋ ਕੁਝ ਹੋਇਆ ਉਹ ਸਮਝੌਤੇ ਵਿੱਚ ਕਹੇ ਗਏ ਦੇ ਉਲਟ ਹੋਇਆ ਸੀ। ਫੰਡ ਵਿਦੇਸ਼ਾਂ ਦੀਆਂ ਸ਼ੈੱਲ ਕੰਪਨੀਆਂ ਨੂੰ ਭੇਜੇ ਗਏ ਸਨ ਅਤੇ ਫਿਰ ਹੈਦਰਾਬਾਦ ਵਾਪਸ ਲਿਆਂਦੇ ਗਏ।”
“ਜੀਐਸਟੀ, ਇੰਟੈਲੀਜੈਂਸ, ਆਈਟੀ, ਈਡੀ ਸਮੇਤ ਏਜੰਸੀਆਂ ਇਸ ਦੀ ਜਾਂਚ ਕਰ ਰਹੀਆਂ ਹਨ। ਚੰਦਰਬਾਬੂ ਨਾਇਡੂ ਨੇ ਗੈਂਗ ਬਣਾ ਕੇ 371 ਕਰੋੜ ਰੁਪਏ ਲੁੱਟ ਲਏ।”
ਜਗਨ ਨੇ ਇਲਜ਼ਾਮ ਲਗਾਇਆ ਕਿ, "ਉਨ੍ਹਾਂ ਨੇ ਇਹ ਸੋਚੇ ਬਿਨਾਂ ਨਿਯਮਾਂ ਦੀ ਉਲੰਘਣਾ ਕੀਤੀ ਕਿ ਦੁਨੀਆਂ ਵਿੱਚ ਕਿਤੇ ਵੀ ਕੋਈ ਨਿੱਜੀ ਕੰਪਨੀ ਕਿਸੇ ਨੂੰ 3000 ਕਰੋੜ ਰੁਪਏ ਗ੍ਰਾਂਟ ਵਿੱਚ ਕਿਉਂ ਅਤੇ ਕਿਵੇਂ ਦੇਵੇਗੀ।"
ਜਗਨ ਨੇ ਇਲਜ਼ਾਮ ਲਾਇਆ ਕਿ ਸੀਮੇਂਸ ਕੰਪਨੀ ਦੇ ਇੱਕ ਉੱਚ ਅਧਿਕਾਰੀ ਨੂੰ ਜੇਲ੍ਹ ਵਿੱਚ ਭੇਜ ਕੇ ਇੰਨਾ ਵੱਡਾ ਘਪਲਾ ਕੀਤਾ ਗਿਆ ਅਤੇ ਸਰਕਾਰੀ ਪੈਸੇ ਦਾ ਗਬਨ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਬਾਅਦ ਨਾਇਡੂ ਨੇ ਕੀ ਕਿਹਾ?
ਆਪਣੀ ਗ੍ਰਿਫ਼ਤਾਰੀ ਤੋਂ ਬਾਅਦ ਚੰਦਰਬਾਬੂ ਨਾਇਡੂ ਨੇ ਕਿਹਾ ਕਿ ਪੁਲਿਸ ਜਨਤਾ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਉਸਨੇ ਕਿਹਾ, “ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਸੀਂ ਮੈਨੂੰ ਕਿਉਂ ਗ੍ਰਿਫਤਾਰ ਕਰ ਰਹੇ ਹੋ, ਮੇਰੇ ਖ਼ਿਲਾਫ਼ ਸਬੂਤ ਕਿੱਥੇ ਹਨ? ਪਰ ਉਨ੍ਹਾਂ ਨੇ ਕੁਝ ਨਹੀਂ ਦੱਸਿਆ। ਉਨ੍ਹਾਂ ਨੇ ਸਿਰਫ਼ ਇਹ ਕਿਹਾ ਕਿ ਸਾਨੂੰ ਗ੍ਰਿਫ਼ਤਾਰ ਕਰਨ ਦਾ ਅਧਿਕਾਰ ਹੈ। ਇਹ ਬਹੁਤ ਦੁੱਖ ਦੀ ਗੱਲ ਹੈ।”
“ਅੱਜ ਆਂਧਰਾ ਪ੍ਰਦੇਸ਼ ਪੁਲਿਸ ਨੇ ਦਿਨ ਦਿਹਾੜੇ ਲੋਕਤੰਤਰ ਦਾ ਕਤਲ ਕੀਤਾ ਹੈ। ਆਮ ਆਦਮੀ ਨੂੰ ਬੁਨਿਆਦੀ ਅਧਿਕਾਰ ਹਨ। ਇਹ ਜਾਣਨਾ ਮੇਰਾ ਅਧਿਕਾਰ ਹੈ ਕਿ ਮੈਨੂੰ ਕਿਉਂ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ।”
“ਇਹ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਉਹ ਮੈਨੂੰ ਦੱਸੇ ਕਿ ਮੈਨੂੰ ਕਿਉਂ ਗ੍ਰਿਫਤਾਰ ਕੀਤਾ ਜਾ ਰਿਹਾ ਹੈ। ਇਹੀ ਮੈਂ ਪੁੱਛਿਆ ਸੀ। ਮੈਂ ਉਸ ਨੂੰ ਪੁੱਛਿਆ ਕਿ ਮੇਰੀ ਗ਼ਲਤੀ ਕੀ ਸੀ, ਪਰ ਉਹ ਕਹਿੰਦਾ ਰਿਹਾ ਕਿ ਅਸੀਂ ਨਹੀਂ ਦੱਸਾਂਗੇ।”
ਨਾਇਡੂ ਨੇ ਕਿਹਾ, “ਉਹ ਅੱਧੀ ਰਾਤ ਨੂੰ ਮੈਨੂੰ ਗ੍ਰਿਫ਼ਤਾਰ ਕਰਨ ਆਏ ਸਨ, ਇਸ ਨਾਲ ਮੈਨੂੰ ਬਹੁਤ ਤਕਲੀਫ਼ ਹੋਈ। ਮੈਂ ਸਾਰੇ ਲੋਕਾਂ ਨੂੰ ਅਪੀਲ ਕਰਦਾ ਹਾਂ, ਮੈਂ ਸਾਢੇ ਚਾਰ ਸਾਲਾਂ ਤੋਂ ਲੋਕ ਮੁੱਦਿਆਂ ਲਈ ਲੜ ਰਿਹਾ ਹਾਂ।”
“ਇਹ ਬਹੁਤ ਦੁੱਖ ਦੀ ਗੱਲ ਹੈ, ਮੈਂ ਜਨਤਕ ਮੁੱਦਿਆਂ ਲਈ ਲੜ ਰਿਹਾ ਹਾਂ, ਉਹ ਮੈਨੂੰ ਗ੍ਰਿਫ਼ਤਾਰ ਕਰ ਕੇ ਜੇਲ੍ਹ ਭੇਜ ਰਹੇ ਹਨ। ਮੈਂ ਇਸਦੀ ਆਲੋਚਨਾ ਕਰਦਾ ਹਾਂ। ਨਿਆਂ ਦੀ ਜਿੱਤ ਹੋਵੇਗੀ। ਉਹ ਜੋ ਵੀ ਕਰਨ, ਮੈਂ ਲੋਕਾਂ ਲਈ ਅੱਗੇ ਵਧਦਾ ਰਹਾਂਗਾ।''''
ਆਂਧਰਾ ਪ੍ਰਦੇਸ਼ ਵਿਧਾਨ ਸਭਾ ਵਿੱਚ ਚੰਦਰਬਾਬੂ ਨਾਇਡੂ
ਨਾਟਕੀ ਤਰੀਕੇ ਨਾਲ ਮੁੱਖ ਮੰਤਰੀ ਬਣੇ ਸਨ ਚੰਦਰ ਬਾਬੂ ਨਾਇਡੂ
ਚੰਦਰਬਾਬੂ ਨਾਇਡੂ ਨੂੰ ਉਨ੍ਹਾਂ ਦੇ ਸਹੁਰਾ ਪਰਿਵਾਰ ਕਰਕੇ ਵੀ ਜਾਣਿਆ ਜਾਂਦਾ ਹੈ।
ਨਾਇਡੂ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਐੱਨਟੀ ਰਾਮਾਰਾਵ ਦੀ ਧੀ ਨੂੰ ਵਿਆਹੇ ਹੋਏ ਹਨ।
ਐੱਨਟੀਰਾਮਾਰਾਵ ਆਪਣੀਆਂ ਕੁਝ ਅਜੀਬ ਆਦਤਾਂ ਕਰਕੇ ਜਾਣੇ ਜਾਂਦੇ ਸਨ ਤੇ ਫ਼ਿਰ ਉਨ੍ਹਾਂ ਨੂੰ ਜਵਾਈ ਵਲੋਂ ਚੁੱਪ ਚਪੀਤੇ ਸਿਆਸਤ ਤੋਂ ਲਾਂਭੇ ਕਰਨ ਲਈ ਵੀ ਜਾਣਿਆ ਗਿਆ। ਅਜਿਹਾ ਕਰਨ ਵਾਲਾ ਜਵਾਈ ਸੀ ਚੰਦਰਬਾਬੂ ਨਾਇਡੂ।
23 ਅਗਸਤ, 1995 ਨੂੰ ਐੱਨਟੀਆਰ ਆਪਣੇ ਸਿਆਸੀ ਕਰੀਅਰ ਦੇ ਸਿਖ਼ਰ ਤੇ ਸਨ ਪਰ ਮਹਿਜ਼ ਅੱਠ ਦਿਨ ਰਿਹਾ।
ਬੀਬੀਸੀ ਸੀਨੀਅਰ ਪੱਤਰਕਾਰ ਰੇਹਾਨ ਫ਼ਜ਼ਲ ਦੱਸਦੇ ਹਨ ਕਿ ਨਾਇਡੂ ਜਾਣਦੇ ਸਨ ਕਿ ਉਨ੍ਹਾਂ ਨੇ ਕਿਸਨੂੰ ਕਿਸ ਦੇ ਖ਼ਿਲਾਫ਼ ਇਸਤੇਮਾਲ ਕਰਨਾ ਹੈ ਤੇ ਉਨ੍ਹਾਂ ਨੇ ਰਾਮਾਰਾਵ ਦੀ ਪਤਨੀ ਨੂੰ ਹੀ ਆਪਣਾ ਹਥਿਆਰ ਬਣਾਇਆ ਸੀ।
ਚੰਦਰਬਾਬੂ ਨਾਇਡੂ ਨੇ ਆਪਣੇ ਸਾਲੇ ਦੱਗੂਬਤੀ ਵੈਂਕਟੇਸ਼ਵਰ ਰਾਵ ਨੂੰ ਉੱਪ-ਮੁੱਖ ਮੰਤਰੀ ਦੇ ਅਹੁਦੇ ਦਾ ਲਾਲਚ ਦਿੱਤਾ। ਹਾਲਾਂਕਿ ਉਹ ਜਾਣਦੇ ਸਨ ਕਿ ਇਹ ਵਾਅਦਾ ਉਹ ਕਿਸੇ ਸੂਰਤੇਹਾਲ ਵਿੱਚ ਨਹੀਂ ਨਿਭਾਉਣਗੇ।
ਇਸ ਤਰ੍ਹਾਂ ਐੱਟੀਆਰ ਦਾ ਪਰਿਵਾਰ ਹੀ ਉਨ੍ਹਾਂ ਵਿਰੁੱਧ ਹੋ ਗਿਆ ਸੀ।
ਹੌਲੀ ਹੌਲੀ ਨਾਇਡੂ ਨੇ 171 ਵਿਧਾਇਕ ਆਪਣੇ ਹੱਥਾਂ ਵਿੱਚ ਕਰ ਲਏ ਤੇ ਵਾਇਸਰਾਏ ਹੋਟਲ ਦੇ ਇੱਕ ਕਮਰੇਂ ਵਿੱਚੋਂ ਉਨ੍ਹਾਂ ਨੇ ਰਾਜਪਾਲ ਨੂੰ ਫ਼ੈਕਸ ਕਰ ਦਿੱਤਾ ਕਿ ਐੱਨਟੀਆਰ ਵਿਧਾਨ ਸਭਾ ਵਿੱਚ ਆਪਣਾ ਬਹੁਮਦ ਗਵਾ ਚੁੱਕੇ ਹਨ। ਐੱਨਟੀਆਰ ਇਸ ਤੋਂ ਬਹੁਤ ਖ਼ਫ਼ਾ ਹੋਏ ਪਰ ਉਦੋਂ ਤੱਕ ਬਾਜ਼ੀ ਪਲਟ ਚੁੱਕੀ ਸੀ।
ਇਸੇ ਦੌਰਾਨ ਐੱਨਟੀਆਰ ਬਿਮਾਰ ਹੋ ਗਏ ਤੇ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣਾ ਪਿਆ। ਜਦੋਂ ਰਾਜਪਾਲ ਉਨ੍ਹਾਂ ਨੂੰ ਹਸਪਤਾਲ ਮਿਲਣ ਗਏ ਤਾਂ ਉਨ੍ਹਾਂ ਆਪਣਾ ਅਸਤੀਫ਼ਾ ਦੇ ਦਿੱਤਾ।
ਉਸੇ ਦਿਨ ਚੰਦਰਬਾਬੂ ਨਾਇਡੂ ਨੂੰ ਤੇਲਗੂ ਦੇਸ਼ਮ ਵਿਧਾਇਕ ਦਲ ਦਾ ਆਗੂ ਚੁਣ ਲਿਆ ਗਿਆ। ਅਗਲੇ ਹੀ ਦਿਨ ਉਨ੍ਹਾਂ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੋਰੱਕੋ ਵਿੱਚ ਤਬਾਹੀਕੁੰਨ ਭੂਚਾਲ: ਸੈਂਕੜੇ ਮੌਤਾਂ ਤੇ ਕਈ ਇਮਾਰਤਾਂ ਢਹਿ-ਢੇਰੀ
NEXT STORY