ਸੁਰਿੰਦਰ ਕੌਰ ਤੇ ਉਨ੍ਹਾਂ ਦੀ ਧੀ ਡੌਲੀ ਗੁਲੇਰੀਆ
ਅੱਜ ਜਦੋਂ ਇੰਟਰਵਿਊ ਲਈ ਡੌਲੀ ਗੁਲੇਰੀਆ ਨੂੰ ਮਿਲਣ ਜਾ ਰਹੀ ਸਾਂ ਯਾਦ ਆਇਆ, ਪਿਛਲੀ ਵਾਰ ਉਨ੍ਹਾਂ ਨਾਲ ਮੁਲਾਕਾਤ ਕਰੀਬ ਚਾਰ ਸਾਲ ਪਹਿਲਾਂ ਮੁਲਾਕਾਤ ਹੋਈ ਸੀ। ਡੌਲੀ ਜੀ ਦੀ ਸਿਹਤ ਇਸ ਵਾਰ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਕਮਜ਼ੋਰ ਜਾਪੀ, ਪਰ ਉਨ੍ਹਾਂ ਦੀ ਸਹਜਤਾ, ਜਜ਼ਬੇ ਅਤੇ ਸੰਗੀਤ ਨਾਲ ਪਿਆਰ ਵਿੱਚ ਕਿਤੇ ਕਮੀ ਨਹੀਂ ਦਿਸੀ।
ਚਾਰ ਸਾਲ ਪਹਿਲਾਂ ਗੁਲੇਰੀਆ ਨੂੰ ਉਨ੍ਹਾਂ ਦੇ ਪੰਚਕੂਲਾ ਵਾਲੇ ਘਰ ਵਿੱਚ ਮਿਲੀ ਸੀ। ਹੁਣ ਉਹ ਟ੍ਰਾਈਸਿਟੀ ਵਿੱਚ ਹੀ ਇੱਕ ਫ਼ਲੈਟ ਵਿੱਚ ਸ਼ਿਫਟ ਹੋ ਚੁੱਕੇ ਸੀ।
ਜਦੋਂ ਉਨ੍ਹਾਂ ਨੇ ਆਪਣਾ ਨਵਾਂ ਪਤਾ ਭੇਜਿਆ ਤਾਂ, ਮੇਰੇ ਮਨ ਵਿੱਚ ਅਚਾਨਕ ਖਿਆਲ ਆਇਆ ਕਿ ਉਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕਿੰਨੇ ਘਰ ਬਦਲ ਲਏ ਹੋਣਗੇ!
ਕਿਉਂਕਿ ਉਨ੍ਹਾਂ ਦੀ ਸਵੈ-ਜੀਵਨੀ ਵਿੱਚ ਵੀ ਉਨ੍ਹਾਂ ਨੇ ਕਈ ਮਕਾਨਾਂ ਦਾ ਜ਼ਿਕਰ ਕੀਤਾ ਹੋਇਆ ਹੈ ਜਿੱਥੇ-ਜਿੱਥੇ ਉਹ ਬਚਪਨ ਵਿੱਚ ਮਾਪਿਆਂ ਨਾਲ ਰਹੇ।
ਜਨਮ ਡੌਲੀ ਗੁਲੇਰੀਆ ਦਾ ਬੰਬੇ ਹੋਇਆ। ਫਿਰ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਰਹਿਣ ਲੱਗਿਆ ਸੀ। ਦਿੱਲੀ ਵਿੱਚ ਉਨ੍ਹਾਂ ਨੇ ਕਿਰਾਏ ਦੇ 2-3 ਮਕਾਨ ਬਦਲੇ।
ਡੌਲੀ ਨੇ ਮੈਨੂੰ ਦੱਸਿਆ ਕਿ ਕਿਉਂਕਿ ਉਨ੍ਹਾਂ ਦਾ ਵਿਆਹ ਇੱਕ ਫ਼ੌਜੀ ਅਫ਼ਸਰ ਨਾਲ ਹੋਇਆ, ਇਸ ਲਈ ਵਿਆਹ ਤੋਂ ਬਾਅਦ ਪਤੀ ਐੱਸਐੱਸ ਗੁਲੇਰੀਆ ਦੀ ਵੱਖ-ਵੱਖ ਥਾਈਂ ਪੋਸਟਿੰਗ ਹੋਣ ਕਰਕੇ ਉਨ੍ਹਾਂ ਨੇ ਗਿਆਰਾਂ ਮਕਾਨ ਬਦਲੇ।
ਫਿਰ ਜਦੋਂ ਲੰਬਾਂ ਸਮਾਂ ਪਤੀ ਦੀ ਡਿਊਟੀ ਚੰਡੀ ਮੰਦਿਰ ਪੰਚਕੁਲਾ ਰਹੀ, ਤਾਂ ਉਦੋਂ ਉਨ੍ਹਾਂ ਨੇ ਪੰਚਕੁਲਾ ਵਾਲਾ ਘਰ ਬਣਾਇਆ ਸੀ।
ਪੰਚਕੂਲਾ ਵਾਲਾ ਘਰ ਬਦਲਣ ਬਾਰੇ ਮੈਂ ਪੁੱਛਿਆ ਤਾਂ ਡੌਲੀ ਕਹਿਣ ਲੱਗੇ, “ਅਸੀਂ ਦੋਹੇਂ ਹੁਣ ਬਜ਼ੁਰਗ ਹੋ ਗਏ ਹਾਂ, ਵੱਡੇ ਘਰ ਦੀ ਸਾਂਭ-ਸੰਭਾਲ ਬੜੀ ਔਖੀ ਸੀ। ਬੱਚੇ ਆਪੋ-ਆਪਣਾ ਸੈੱਟ ਨੇ, ਇਸ ਲਈ ਅਸੀਂ ਇਹ ਫ਼ੈਸਲਾ ਲਿਆ।”
ਉਹ ਕਹਿਣ ਲੱਗੇ, “ਜਦੋਂ ਛੋਟੇ ਹੁੰਦਿਆਂ ਮਾਂ ਤੇ ਦਾਰ ਜੀ ਨਾਲ ਇੱਕ ਘਰ ਤੋਂ ਦੂਜੇ ਘਰ ਗਏ ਤਾਂ ਉਹ ਇਸ ਲਈ ਸੀ ਕਿ ਇੱਕ ਕਲੋਨੀ ਤੋਂ ਹੋਰ ਵਧੀਆ ਕਲੋਨੀ ਵਿੱਚ ਜਾਂ ਬਿਹਤਰ ਘਰ ਵਿਚ ਗਏ। ਉਦੋਂ ਇੰਨਾਂ ਮਹਿਸੂਸ ਨਹੀਂ ਸੀ ਹੁੰਦਾ।”
ਮਾਂ ਸੁਰਿੰਦਰ ਕੌਰ ਤੇ ਪਿਤਾ ਪ੍ਰੋਫ਼ੈਸਰ ਜੋਗਿੰਦਰ ਸਿੰਘ ਨਾਲ ਡੌਲੀ ਦੀ ਇੱਕ ਪੁਰਾਣੀ ਯਾਦ
“ਫ਼ਿਰ ਜਦੋਂ ਵਿਆਹ ਹੋਈ ਇੱਕ ਆਰਮੀ ਅਫ਼ਸਰ ਨਾਲ ਤਾਂ ਉਦੋਂ ਘਰ ਬਦਲਣਾ ਇੱਕ ਵੱਖਰੀ ਗੱਲ ਸੀ, ਕਿਉਂਕਿ ਜਿੱਥੇ ਪੋਸਟਿੰਗ ਹੁੰਦੀ ਸੀ ਉੱਥੇ ਜਾਣਾ ਪੈਂਦਾ ਸੀ। ਉਹ ਮੇਰੇ ਲਈ ਵੱਡੀ ਤਬਦੀਲੀ ਹੁੰਦੀ ਸੀ, ਮਨ ਨੂੰ ਸਮਝਾਉਣਾ ਪੈਂਦਾ ਸੀ ਕਿ ਹੁਣ ਅਸੀਂ ਦਿੱਲੀ ਛੱਡ ਕੇ ਫ਼ਿਰੋਜ਼ਪੁਰ ਜਾਣੈ, ਜਾਂ ਫ਼ਿਰੋਜ਼ਪੁਰ ਛੱਡ ਕੇ ਕਾਨਪੁਰ ਜਾਣਾ ਹੈ।”
“ਪਰ ਮੈਨੂੰ ਹਰ ਥਾਂ ਵਿੱਚ ਕੋਈ ਖੂਬਸੂਰਤੀ ਨਜ਼ਰ ਆਉਂਦੀ ਸੀ, ਮੈਨੂੰ ਕਲਕੱਤਾ ਬਹੁਤ ਚੰਗਾ ਲੱਗਿਆ ਸੀ। ਮੈਨੂੰ ਕਦੇ ਇਹ ਨਹੀਂ ਲੱਗਿਆ ਕਿ ਇਹ ਘਰ ਚੰਗਾ ਨਹੀਂ, ਮੈਨੂੰ ਇਹ ਹੁੰਦਾ ਸੀ ਕਿ ਇਸ ਘਰ ਨੂੰ ਸਜਾ ਕੇ ਸੋਹਣਾ ਬਣਾਉਣਾ ਹੈ।”
ਪੰਚਕੂਲਾ ਵਾਲਾ ਘਰ ਛੱਡਣ ਬਾਰੇ ਡੌਲੀ ਗੁਲੇਰੀਆ ਕਹਿੰਦੇ ਹਨ ਕਿ ਕਿਉਂਕਿ ਇੱਥੇ ਉਨ੍ਹਾਂ ਦੀ ਬਹੁਤ ਯਾਦਾਂ ਸੀ, ਬੱਚਿਆਂ ਦੇ ਵਿਆਹ ਇੱਥੇ ਹੋਏ ਸੀ ਇਸ ਲਈ ਇਹ ਘਰ ਛੱਡਣਾ ਉਨ੍ਹਾਂ ਲਈ ਭਾਵੁਕ ਫ਼ੈਸਲਾ ਸੀ।
ਡੌਲੀ ਗੁਲੇਰੀਆ 74 ਸਾਲ ਦੇ ਹੋ ਗਏ ਹਨ। ਉਨ੍ਹਾਂ ਦੀ ਅਵਾਜ਼ ਅੱਜ ਵੀ ਜਵਾਨ ਹੀ ਹੈ। ਉਨ੍ਹਾਂ ਦੇ ਘਰ ਵਿੱਚ ਦਾਖਲ ਹੁੰਦਿਆਂ ਹੀ ਸਭ ਤੋਂ ਪਹਿਲੇ ਕਮਰੇ ਵਿੱਚ ਬਹੁਤ ਸਾਰੇ ਸਾਜ ਰੱਖੇ ਹੋਏ ਹਨ।
ਡੌਲੀ ਗੁਲੇਰੀਆ ਨੇ ਦੱਸਿਆ ਕਿ ਇਹ ਉਨ੍ਹਾਂ ਦਾ ਮਿਊਜ਼ਿਕ ਰੂਮ ਹੈ, ਜਿੱਥੇ ਉਹ ਕਈ ਬੱਚਿਆਂ ਤੇ ਔਰਤਾਂ ਨੂੰ ਸੰਗੀਤ ਦੀ ਤਾਲੀਮ ਦਿੰਦੇ ਹਨ।
ਡੌਲੀ ਗੁਲੇਰੀਆ ਇਸ ਗੱਲ ਵਿੱਚ ਮਾਣ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਆਪਣੀ ਮਾਂ ‘ਪੰਜਾਬ ਦੀ ਕੋਇਲ’ ਕਹੇ ਜਾਣ ਵਾਲੇ ਸੁਰਿੰਦਰ ਕੌਰ ਸਨ।
ਪਰ ਗਾਇਕੀ ਵਿੱਚ ਡੌਲੀ ਗੁਲੇਰੀਆ ਦਾ ਖ਼ੁਦ ਦਾ ਕੱਦ ਵੀ ਬਹੁਤ ਉੱਚਾ ਹੈ। ਡੌਲੀ ਗੁਲੇਰੀਆ ਨੇ ਖੁਦ ਨੂੰ ਹਮੇਸ਼ਾ ਖੂਬ਼ਸੂਰਤੀ ਨਾਲ ਪੇਸ਼ ਕੀਤਾ ਹੈ। ਉਨ੍ਹਾਂ ਨੇ 1966 ਤੋਂ ਗਾਉਣਾ ਸ਼ੁਰੂ ਕੀਤਾ ਸੀ। ਡੌਲੀ ਗੁਲੇਰੀਆ ਨੂੰ 1997 ਵਿੱਚ ਪਾਕਿਸਤਾਨ ਵਿੱਚ ਮੀਨਾਰ-ਏ-ਪਾਕਿਸਤਾਨ ਨਾਲ ਸਨਮਾਨਿਤ ਵੀ ਕੀਤਾ ਗਿਆ ਸੀ।
ਡੌਲੀ ਗੁਲੇਰੀਆ ਨੇ ਜ਼ਿਆਦਾ ਧਾਰਮਿਕ, ਸੂਫ਼ੀ ਅਤੇ ਲੋਕ ਗੀਤ ਹੀ ਗਾਏ ਹਨ। ਲੋਕ ਗਾਇਕੀ ਕਰਕੇ ਹੀ ਉਨ੍ਹਾਂ ਦੀ ਖ਼ਾਸ ਪਛਾਣ ਹੈ।
ਡੌਲੀ ਕਹਿੰਦੇ ਹਨ ਕਿ ਉਨ੍ਹਾਂ ਦੇ ਸੰਗੀਤਕ ਸਫ਼ਰ ਵਿੱਚ ਉਨ੍ਹਾਂ ਦੇ ਪਤੀ ਨੇ ਬਹੁਤ ਸਾਥ ਦਿੱਤਾ
“ਲੋਕਾਂ ਲਈ ਸੁਰਿੰਦਰ ਕੌਰ, ਪਰ ਮੇਰੇ ਵਾਸਤੇ ਸਿਰਫ਼ ਮਾਂ”
ਸੁਰੀਲੀ ਆਵਾਜ਼ ਦੀ ਮਾਲਕਣ ਸੁਰਿੰਦਰ ਕੌਰ ਦੀ ਕੁੱਖੋਂ ਪੈਦਾ ਹੋਏ ਡੌਲੀ ਗੁਲੇਰੀਆ ਦੇ ਪਿਤਾ ਪ੍ਰੋਫ਼ੈਸਰ ਜੋਗਿੰਦਰ ਸਿੰਘ, ਦਿੱਲੀ ਯੁਨੀਵਰਸਿਟੀ ਵਿੱਚ ਪ੍ਰੋਫੈਸਰ ਸਨ।
ਉਨ੍ਹਾਂ ਦੇ ਘਰ ਉਸ ਵੇਲੇ ਦੇ ਦਿੱਗਜ ਕਲਾਕਾਰਾਂ ਦਾ ਆਉਣਾ-ਜਾਣਾ ਰਹਿੰਦਾ ਸੀ। ਤੇ ਡੌਲੀ ਇਸ ਸਭ ਬਾਰੇ ਗੱਲ ਕਰਦਿਆਂ ਆਪਣੇ ਬਚਪਣ ਨੂੰ ਯਾਦ ਕਰਦੇ ਹਨ,
“ਹੁਣ ਮੈਂ ਸੱਤਰ ਤੋਂ ਉੱਤੇ ਹੋ ਗਈ ਹਾਂ, ਬੁੱਢੀ ਮਾਈ ਹੋ ਗਈ ਹਾਂ। ਜਦੋਂ ਬਚਪਨ ਦੀ ਗੱਲ ਕਰੋ ਤਾਂ ਪਿਛਲੀਆਂ ਸਭ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ।”
“ਮੇਰੀ ਮਾਂ ਇੱਕ ਬੜੀ ਪਿਆਰੀ ਸਖਸੀਅਤ, ਪਿਆਰੀ ਮਾਂ ਜੋ ਲੋਕਾਂ ਵਾਸਤੇ ਸੁਰਿੰਦਰ ਕੌਰ ਸੀ ਪਰ ਮੇਰੇ ਵਾਸਤੇ ਮਮਤਾ ਨਾਲ ਭਰੀ ਮਾਂ ਸਨ। ਪਿਆਰ ਮੁਹੱਬਤ ਦਾ ਇੱਕ ਐਸਾ ਮੁਜੱਸਮਾ ਜਿਸ ਨੇ ਸਿਰਫ਼ ਮੁਹੱਬਤ ਹੀ ਕੀਤੀ। ”
“ਇਸ ਚੀਜ਼ ਦਾ ਮੈਨੂੰ ਮਾਣ ਏ ਕਿ ਮੈਂ ਓਹਨਾਂ ਦੀ ਬੇਟੀ ਹਾਂ।”
ਗੁਲੇਰੀਆ ਗੱਲ ਅੱਗੇ ਜਾਰੀ ਰੱਖਦੇ ਹਨ, “ਜਦੋਂ ਉਹ ਘਰ ਹੁੰਦੀ ਸੀ ਤਾਂ ਉਹ ਇੱਕ ਮਾਂ ਸੀ। ਬਾਹਰ ਜਾ ਕੇ ਤਾਂ ਸਟੇਜ ’ਤੇ ਉਹ ਬਿਲਕੁਲ ਹੋਰ ਸ਼ਖ਼ਸੀਅਤ ਹੁੰਦੀ ਸੀ। ਉਹ ਇੱਕ ਮਹਾਰਾਣੀ ਜਿਸ ਤਰ੍ਹਾਂ ਸਟੇਜ ’ਤੇ ਚੜ੍ਹਦੀ ਸੀ, ਇਸ ਤਰ੍ਹਾਂ ਸਭ ਨੂੰ ਕੀਲ ਕੇ ਰੱਖ ਦਿੰਦੀ ਸੀ।”
“ਪਰ ਘਰ ਦੇ ਵਿੱਚ ਉਹ ਪੂਰੀ ਮਾਂ ਸੀ। ਕੱਪੜੇ ਧੋਂਦੀ ਨੂੰ ਵੀ ਉਹ ਨੂੰ ਮੈਂ ਦੇਖਿਆ। ਸਾਡੀਆਂ ਗੁੱਤਾਂ ਕਰਦਿਆਂ ਦੇਖਿਆ। ਉਸ ਨੂੰ ਸਾਡੇ ਲੰਬੇ ਵਾਲਾਂ ਦਾ ਬੜਾ ਸ਼ੌਕ ਸੀ। ਤੇਲ ਲਾ ਕੇ, ਸ਼ੈਂਪੂ ਕਰਕੇ ਸਾਡੇ ਵਾਲਾਂ ਵਿੱਚ ਕੰਘੀ ਕਰਦੀ ਸੀ। ਉਹ ਜ਼ਮਾਨਾ ਮੈਂ ਦੇਖਿਆ ਹੈ ਤੇ ਮਾਂ ਦਾ ਪਿਆਰ ਮਾਣਿਆ ਹੈ।”
ਡੌਲੀ ਦੱਸਦੇ ਹਨ ਕਿ ਉਨ੍ਹਾਂ ਦੀ ਮਾਂ ਨਹੀਂ ਚਾਹੁੰਦੇ ਸੀ ਕਿ ਉਹ ਵੀ ਗਾਇਕੀ ਦੇ ਖੇਤਰ ਵਿੱਚ ਆਉਣ।
“ਮਾਂ ਕਹਿੰਦੀ ਸੀ ਕਿ ਜਿਵੇਂ ਤੁਹਾਡਾ ਬਾਪ ਪੜ੍ਹਿਆ-ਲਿਖਿਆ ਹੈ, ਤੁਸੀਂ ਵੀ ਉਸ ਤਰ੍ਹਾਂ ਦੀ ਪੜ੍ਹੀਆਂ ਲਿਖੀਆਂ ਕੁੜੀਆਂ ਬਣੋ। ਮੇਰੀ ਤਰ੍ਹਾਂ ਅਨਪੜ੍ਹ ਨਾ ਰਹੋ।”
“ਮਾਂ ਨੇ ਮਿਊਜ਼ਿਕ ਵਿੱਚ ਜਾਣ ਦੀ ਗੱਲ ਇਸ ਲਈ ਨਕਾਰੀ ਸੀ ਕਿਉਂਕਿ ਉਨ੍ਹਾਂ ਨੇ ਸੰਘਰਸ਼ ਬਹੁਤ ਕੀਤਾ ਸੀ, ਬੰਬੇ ਤੋਂ ਲੈ ਕੇ ਦਿੱਲੀ ਅਤੇ ਆਪਣੇ ਪੂਰੀ ਪ੍ਰੋਫੈਸ਼ਨਲ ਕਰੀਅਰ ਦੇ ਵਿੱਚ।”
“ਉਨ੍ਹਾਂ ਮੁਤਾਬਕ ਕੁੜੀਆਂ ਲਈ ਇਹ ਖੇਤਰ ਬੜਾ ਮੁਸ਼ਕਿਲ ਹੈ। ਕਿਉਂਕਿ ਔਰਤਾਂ ਦਾ ਅਕਸਰ ਸ਼ੋਸ਼ਣ ਹੋ ਜਾਂਦੈ। ਸਾਡੀ ਸੁਸਾਇਟੀ ਵਿੱਚ ਬਹੁਤ ਵੱਡਾ ਇੱਕ ਦੁਖਾਂਤ ਹੈ ਕਿ ਇਥੇ ਔਰਤ ਨੂੰ ਓਨੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਜਿੰਨੇ ਦੀ ਉਹ ਹੱਕਦਾਰ ਹੈ।”
ਮਾਂ ਦੇ ਰੁਝੇਵਿਆਂ ਕਾਰਨ ਪਿਤਾ ਨਾਲ ਬੀਤਿਆ ਵਧੇਰਾ ਬਚਪਨ
ਗੁਲੇਰੀਆ ਦੱਸਦੇ ਹਨ ਕਿ ਮਾਂ ਦੇ ਮਸ਼ਹੂਰ ਗਾਇਕ ਬਣ ਜਾਣ ਕਾਰਨ ਕਈ ਵਾਰ ਮਹੀਨੇ ਵਿੱਚੋਂ 26-26 ਦਿਨ ਬਾਹਰ ਰਹਿੰਦੇ ਸੀ, ਇਸ ਲਈ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਨੇ ਹੀ ਪਾਲਿਆ।
ਡੌਲੀ ਦੱਸਦੇ ਹਨ, “ਫਿਰ ਉਨ੍ਹਾਂ ਨੇ ਵੱਡਿਆਂ ਹੀ ਇਸ ਤਰ੍ਹਾਂ ਕੀਤਾ ਕਿ ਪੇਂਟਿੰਗ ਕਰਨੀ ਸਿਖਾਈ, ਕੱਪੜੇ ਸਿਓਣੇ ਸਿਖਾਏ, ਬੁਣਨਾ ਸਿਖਾਇਆ, ਸਾਰੀਆਂ ਚੀਜ਼ਾਂ ਮੈਂ ਦਾਰ ਜੀ ਕੋਲੋਂ ਸਿੱਖੀਆਂ।”
“ਮੇਰਾ ਉਨ੍ਹਾਂ ਦੇ ਨਾਲ ਜ਼ਿਆਦਾ ਮੋਹ ਹੋ ਗਿਆ। ਖੇਡਾਂ ਵਿੱਚ ਉਨ੍ਹਾਂ ਨੇ ਮੈਨੂੰ ਕ੍ਰਿਕਟ ਖੇਡਣਾ ਸਿਖਾਇਆ, ਟੇਬਲ ਟੈਨਿਸ, ਬੈਡਮਿੰਟਨ, ਸਵਿੰਮਿੰਗ, ਘੋੜ ਸਵਾਰੀ, ਇਹ ਸਾਰੀਆਂ ਚੀਜ਼ਾਂ ਮੈਂ ਦਾਰ ਜੀ ਕੋਲ਼ੋਂ ਸਿੱਖੀਆਂ।”
“ਪਹਿਲਾ ਗਾਣਾ ਵੀ ਮੈਂ ਰੇਡੀਓ ’ਤੇ ਗਾਇਆ, 16 ਸਾਲ ਦੀ ਉਮਰ ਵਿੱਚ ਮੈਂ ਰੇਡੀਓ ਸਿੰਗਰ ਬਣ ਗਈ ਸਾਂ।
ਪਹਿਲਾ ਗੀਤ ਵੀ ਮੈਂ ਜਿਹੜਾ ਗਾਇਆ, ਉਹ ਦਾਰ ਜੀ ਦੇ ਕਹਿਣ ’ਤੇ ਹੀ ਗਾਇਆ ਸੀ। ਅੰਮ੍ਰਿਤਾ ਪ੍ਰੀਤਮ ਦਾ ਗੀਤ ਸੀ। ਦਾਰ ਜੀ ਸ਼ਿਵ ਕੁਮਾਰ ਬਟਾਲਵੀ ਜਾਂ ਡਾਕਟਰ ਹਰਭਜਨ ਸਿੰਘ ਦੇ ਗੀਤ ਦੱਸਦੇ ਇਹ ਸਾਰੇ ਦਾਰ ਜੀ ਦੇ ਦੋਸਤ ਸਨ।”
“ਹਾਈ ਲੈਵਲ ਦੀ ਸੁਸਾਇਟੀ ਸੀ ਉਨ੍ਹਾਂ ਦੀ, ਪੜ੍ਹੇ ਲਿਖੇ ਲੋਕਾਂ ਦੀ। ਦਾਰ ਜੀ ਨੇ ਮੈਨੂੰ ਵੀ ਉਸ ਤਰ੍ਹਾਂ ਹੀ ਟਰੇਨ ਕੀਤਾ।”
ਡੌਲੀ ਗੁਲੇਰੀਆ ਕਹਿੰਦੇ ਹਨ ਕਿ ਉਨ੍ਹਾਂ ਦੀ ਮਾਂ ਨੂੰ ਸੁਰਿੰਦਰ ਕੌਰ ਨੂੰ ਬਣਾਉਣ ਵਾਲੇ ਵੀ ਉਨ੍ਹਾਂ ਦੇ ਪਿਤਾ ਹੀ ਸਨ ਜੋ ਕਿ ਉਨ੍ਹਾਂ ਨੂੰ ਲੱਭ-ਲੱਭ ਕੇ ਲੋਕ ਗੀਤ ਗਾਉਣ ਲਈ ਦਿੰਦੇ ਸਨ।
ਰੂਪ ਕੌਰ ਤੋਂ ਡੌਲੀ ਕਿਵੇਂ ਪਿਆ ਨਾਮ?
ਡੌਲੀ ਨਾਂ ਨਾਲ ਉਨ੍ਹਾਂ ਨੂੰ ਘਰ ਵਿੱਚ ਬੁਲਾਉਂਦੇ ਸੀ। ਡੌਲੀ ਗੁਲੇਰੀਆ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਪਿਆਰ ਨਾਲ ਉਨ੍ਹਾਂ ਨੂੰ ਡੌਲ ਵੀ ਬੁਲਾਉਂਦੇ ਸੀ।
ਉਨ੍ਹਾਂ ਦੱਸਿਆ, “ਜਨਮ ਪੱਤਰੀ ਵਿੱਚ ਦਾਰ ਜੀ ਨੇ ਰੂਪ ਕੌਰ ਰੁਪਿੰਦਰ ਲਿਖਿਆ ਹੋਇਆ ਸੀ। ਫਿਰ ਅਸੀਂ ਤਿੰਨੋਂ ਭੈਣਾਂ ਜਦੋਂ ਵੱਡੀਆਂ ਹੋ ਗਈਆਂ, ਦਾਰ ਜੀ ਦਾ ਸੰਸਕ੍ਰਿਤ ਦੇ ਇੱਕ ਬੁੱਧੀਜੀਵੀ ਡਾਕਟਰ ਸਿੱਧੇਸ਼ਵਰੀ ਵਰਮਾ, ਜੋ ਕਿ ਦਾਰ ਜੀ ਦੀ ਪੀ.ਐੱਚ.ਡੀ. ਵੇਲੇ ਉਨ੍ਹਾਂ ਦੇ ਗਾਈਡ ਸਨ ਅਤੇ ਦਿੱਲੀ ਯੁਨੀਵਰਸਿਟੀ ਦੇ ਬੜੇ ਨਾਮੀ ਪ੍ਰੋਫੈਸਰ ਸਨ, ਨਾਲ ਬੜਾ ਲਗਾਵ ਸੀ।
ਸੰਸਕ੍ਰਿਤ ਦਾ ਪ੍ਰਭਾਵ ਸੀ, ਉਨ੍ਹਾਂ ਕਿਹਾ ਕਿ ਤਿੰਨੋਂ ਕੁੜੀਆਂ ਦੇ ਨਾਮ ਸੰਸਕ੍ਰਿਤ ਰੱਖਣੇ ਨੇ।
ਫ਼ਿਰ ਰੂਪਿਨੀ, ਨੰਦਿਨੀ, ਪ੍ਰੋਮਦਿਨੀ ਇਹ ਸਾਡੇ ਤਿੰਨਾਂ ਦੇ ਨਾਂ ਸੰਸਕ੍ਰਿਤ ਵਿੱਚ ਉਨ੍ਹਾਂ ਨੇ ਰੱਖੇ।
ਪਰ ਮੇਰੇ ਨਾਲ ਹੋਇਆ ਇਹ ਕਿ ਮੇਰੀ ਕਲਾਸ ਟੀਚਰ ਨੇ ਰੂਪਿਨੀ ਦਾ ਬਹੁਤ ਬੁਰੀ ਤਰ੍ਹਾਂ ਉਚਾਰਨ ਕੀਤਾ ਤੇ ਮੈਂ ਘਰ ਆ ਕੇ ਦਾਰ ਜੀ ਨੂੰ ਕਿਹਾ ਕਿ ਮੈਨੂੰ ਇਹ ਨਾਮ ਨਹੀਂ ਚੰਗਾ ਲੱਗਦਾ, ਓਹਨੇ ਬਹੁਤ ਬੁਰੀ ਤਰ੍ਹਾਂ ਮੇਰਾ ਨਾਮ ਬੋਲਿਆ ਹੈ..ਰੂਪਨੀ ਰੂਪਨੀ ਕਿਹਾ ਉਸ ਨੇ, ਮੈਨੂੰ ਨਹੀਂ ਚੰਗਾ ਲੱਗਿਆ। ਦਾਰ ਜੀ ਕਹਿੰਦੇ ਨਹੀਂ ਤੂੰ ਡੌਲੀ ਹੀ ਰੱਖ। ਬੱਸ ਫਿਰ ਮੈਂ ਡੌਲੀ ਹੀ ਰਹਿ ਗਈ।”
ਜਦੋਂ ਗਾਉਂਦਿਆਂ-ਗਾਉਂਦਿਆਂ ਤਿੰਨੋਂ ਮਾਂਵਾਂ-ਧੀਆਂ ਸਟੇਜ ’ਤੇ ਰੋਣ ਲੱਗੀਆਂ
ਹੁਣ ਡੌਲੀ ਗੁਲੇਰੀਆ ਦੀ ਧੀ ਸੁਨੈਨੀ ਤੇ ਦੋਹਤੀ ਵੀ ਗਾਉਂਦੇ ਹਨ।
ਡੌਲੀ ਲੰਡਨ ਦੇ ਸਾਊਥਹਾਲ ਦਾ ਇੱਕ ਕਿੱਸਾ ਸੁਣਾਉਂਦੇ ਹਨ ਜਿੱਥੇ ਸੁਰਿੰਦਰ ਕੌਰ, ਡੌਲੀ ਗੁਲੇਰੀਆ ਅਤੇ ਸੁਨੈਨੀ ਸ਼ਰਮਾ ਦਾ ਇੱਕ ਸ਼ੋਅ ਸੀ।
ਇੱਥੇ ਭਾਰਤੀ ਅਤੇ ਪਾਕਿਸਤਾਨੀ ਲੋਕ ਸ਼ੋਅ ਦੇਖਣ ਆਏ ਹੋਏ ਸੀ।
ਫ਼ਰਮਾਇਸ਼ ਸੀ ਕਿ ਪਹਿਲਾ ਗੀਤ ਮਾਂਵਾਂ ਤੇ ਧੀਆਂ ਦੀ ਦੋਸਤੀ, ਗਾਇਆ ਜਾਵੇ। ਤਿੰਨੇ ਮਾਂਵਾਂ-ਧੀਆਂ ਨੇ ਗੀਤ ਗਾਉਣਾ ਸ਼ੁਰੂ ਕੀਤਾ।
ਡੌਲੀ ਜੀ ਦੱਸਦੇ ਹਨ ਕਿ ਉਨ੍ਹਾਂ ਦੇਖਿਆ ਕਿ ਜਿਹੜੇ ਪਹਿਲੀ ਲਾਈਨਾਂ ਵਿੱਚ ਲੋਕ ਬੈਠੇ ਸੀ, ਉਹ ਔਰਤਾਂ ਰੋਣ ਲੱਗ ਪਈਆਂ।
“ਲਾਈਟ ਵੀ ਕੁਝ ਇਸ ਤਰ੍ਹਾਂ ਸੀ ਕਿ ਪਹਿਲੀਆਂ ਲਾਈਨਾਂ ਉੱਤੇ ਹੀ ਰੌਸ਼ਨੀ ਸੀ, ਬਾਕੀ ਹਨੇਰਾ ਸੀ। ਉਨ੍ਹਾਂ ਨੂੰ ਵੇਖ ਕੇ ਅਸੀਂ ਵੀ ਭਾਵੁਕ ਹੋ ਗਈਆਂ। ਮੈਂ ਆਪਣੇ ਦੋਹੇਂ ਪਾਸੇ ਦੇਖਿਆ, ਮਾਂ ਦੀ ਅੱਖਾਂ ਵਿੱਚ ਵੀ ਪਾਣੀ ਸੀ, ਤੇ ਸੁਨੈਨੀ (ਮੇਰੀ ਬੇਟੀ) ਵੀ ਰੋ ਰਹੀ ਸੀ।”
“ਮੈਨੂੰ ਵੀ ਰੋਣਾ ਆ ਗਿਆ। ਹਾਲ ਦੇ ਵਿੱਚ ਇੱਕ ਦਮ ਸਨਾਟਾ ਜਿਹਾ ਛਾ ਗਿਆ। ਸਾਡੇ ਲਈ ਪਾਣੀ ਲੈ ਕੇ ਆਏ, ਸ਼ੋਅ ਕੁਝ ਸਮਾਂ ਬੰਦ ਕਰ ਦਿੱਤਾ। ਫਿਰ ਮਾਂ ਨੇ ਸਭ ਦਾ ਧੰਨਵਾਦ ਕੀਤਾ ਕਿ ਤੁਹਾਡਾ ਇਹ ਰੋਣਾ ਮੈਨੂੰ ਚੰਗਾ ਨਹੀਂ ਲੱਗਿਆ ਪਰ ਮੈਨੂੰ ਇਹ ਅਹਿਸਾਸ ਹੋਇਆ ਕਿ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ। ਉਹ ਬਹੁਤ ਸੋਹਣਾ ਪਲ ਸੀ। ਉਹ ਕਦੇ ਭੁੱਲਦਾ ਨਹੀਂ ਹੈ।”
ਦਲੇਰ ਮਹਿੰਦੀ ਨਾਲ ਡੌਲੀ ਗੁਲੇਰੀਆ
“ਮਾਂ ਦਾ ਨਾਮ ਵਰਤ ਕੇ ਸਟੇਜ ’ਤੇ ਨਹੀਂ ਚੜ੍ਹੀ”
ਡੌਲੀ ਗੁਲੇਰੀਆ ਤੋਂ ਮੈਂ ਪੁੱਛਿਆ ਕਿ ਮਾਂ ਤੋਂ ਲੈ ਕੇ ਦੋਹਤੀ ਤੱਕ ਤੁਸੀਂ ਗਾਇਕੀ ਦੇ ਖੇਤਰ ਵਿੱਚ ਕੁੜੀਆਂ ਲਈ ਕੀ ਬਦਲਦਾ ਦੇਖਦੇ ਹੋ।
ਉਹ ਕਹਿੰਦੇ ਹਨ ਕਿ ਫਰਕ ਤਾਂ ਬਹੁਤ ਪਿਆ ਹੈ, ਕਿਉਂਕਿ ਹੁਣ ਕੁੜੀਆਂ ਨਾਲ ਇੱਜ਼ਤ ਨਾਲ ਪੇਸ਼ ਆਇਆ ਜਾਣ ਲੱਗਿਆ ਹੈ।
ਉਹ ਕਹਿੰਦੇ ਹਨ, “ਹੁਣ ਈਵੈਂਟ ਪਲਾਨਰ ਤੇ ਪ੍ਰਮੋਟਰਜ਼ ਵਗੈਰਾ ਆਉਣ ਨਾਲ ਕਾਫ਼ੀ ਫਰਕ ਤਾਂ ਪਿਆ ਹੈ। ਮਾਂ ਵੇਲੇ ਅਜਿਹਾ ਨਹੀਂ ਸੀ, ਮੇਰੇ ਵੇਲੇ ਵੀ ਨਹੀਂ ਸੀ। ਮੈਨੂੰ ਕਿਸੇ ਨੇ ਪ੍ਰਮੋਟ ਨਹੀਂ ਕੀਤਾ ਸੀ। ਮੈਂ ਮਾਂ ਦਾ ਨਾਮ ਲੈ ਕੇ ਵੀ ਸਟੇਜ ’ਤੇ ਨਹੀਂ ਚੜ੍ਹੀ, ਮੈਂ ਡੌਲੀ ਗੁਲੇਰੀਆ ਬਣ ਕੇ ਸਟੇਜ ‘ਤੇ ਚੜ੍ਹੀ ਹਾਂ।”
“ਜਦੋਂ ਮੈਂ ਗਾਇਆ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਇਹਦੀ ਅਵਾਜ਼ ਤਾਂ ਸੁਰਿੰਦਰ ਕੌਰ ਨਾਲ ਮਿਲਦੀ ਹੈ, ਕਿਤੇ ਇਹ ਓਹਦੀ ਬੇਟੀ ਤਾਂ ਨਹੀਂ।”
“ਉਦੋਂ ਮੈਨੂੰ ਚੰਗਾ ਲੱਗਿਆ, ਮੈਂ ਮਾਂ ਦੀ ਬੇਟੀ ਹਾਂ ਮੇਰੀ ਅਵਾਜ਼ ਤਾਂ ਮਿਲੇਗੀ ਹੀ ਨਾ। ਟੋਨ ਮਿਲਦੀ ਹੈ, ਫਿਰ ਮੈਂ ਗਾਉਂਦੀ ਵੀ ਮਾਂ ਦੇ ਗੀਤ ਹਾਂ। ਲੋਕ ਮੇਰੇ ਕੋਲ਼ੋਂ ਮੇਰੇ ਗੀਤ ਘੱਟ ਸੁਣਦੇ ਨੇ, ਮਾਂ ਦੇ ਗੀਤ ਜ਼ਿਆਦਾ ਸੁਣਦੇ ਹਨ।”
ਡੌਲੀ ਗੁਲੇਰੀਆ ਦਾ ਇੱਕ ਅੰਦਾਜ਼
ਵਿਆਹ ਤੋਂ ਬਾਅਦ ਗਾਇਕੀ ਬਾਰੇ ਪਤੀ ਦੀ ਕੀ ਰਾਏ ਸੀ ?
ਡੌਲੀ ਗੁਲੇਰੀਆ ਨੇ ਗਾਇਕੀ ਦੀ ਸ਼ੁਰੂਆਤ ਭਾਵੇਂ 16 ਸਾਲ ਦੀ ਉਮਰ ਤੋਂ ਹੀ ਕਰ ਲਈ ਸੀ, ਪਰ ਪੂਰੀ ਤਰ੍ਹਾਂ ਉਨ੍ਹਾਂ ਦਾ ਗਾਇਕੀ ਦਾ ਸਫ਼ਰ ਵਿਆਹ ਤੋਂ ਕੁਝ ਸਾਲ ਬਾਅਦ ਸ਼ੁਰੂ ਹੁੰਦਾ ਹੈ। ਇਸ ਸਫਰ ਵਿੱਚ ਡੌਲੀ ਆਪਣੇ ਪਤੀ ਦੇ ਸਾਥ ਨੂੰ ਬਹੁਤ ਅਹਿਮ ਮੰਨਦੇ ਹਨ।
ਉਹ ਕਹਿੰਦੇ ਹਨ, ਵਿਆਹ ਦਾ ਮਤਲਬ ਪਤੀ ਦਾ ਗੁਲਾਮ ਬਣ ਜਾਣਾ ਨਹੀਂ ਹੁੰਦਾ।
“ਤੁਹਾਡੇ ਦੋਹਾਂ ਦੇ ਬਰਾਬਰ ਦੇ ਹੱਕ ਤੇ ਫ਼ਰਜ਼ ਹੁੰਦੇ ਹਨ। ਜੇ ਉਨ੍ਹਾਂ ਦੀਆਂ ਖਵਾਹਿਸ਼ਾਂ ਹਨ ਤਾਂ ਤੁਸੀਂ ਪੂਰੀਆਂ ਕਰੋ, ਜੇ ਤੁਹਾਡੀਆਂ ਖਵਾਹਿਸ਼ਾਂ ਹਨ ਤਾਂ ਉਹ ਪੂਰੀਆਂ ਕਰਨ।”
ਉਹ ਦੱਸਦੇ ਹਨ ਕਿ ਕਰਨਲ ਗੁਲੇਰੀਆ ਨੇ ਹੀ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਕਿ ਚੰਗੀ ਤਰ੍ਹਾਂ ਪ੍ਰੋਫੈਸ਼ਨਲ ਗਾਇਕੀ ਵਿੱਚ ਆਵਾਂ।
“ਉਹ ਕਹਿੰਦੇ ਸੀ ਕਿ ਵੈਸੇ ਵੀ ਤਾਂ ਸਾਰਾ ਦਿਨ ਗਾਉਂਦੀ ਰਹਿੰਦੀ ਹੈਂ ਘਰ ਵਿੱਚ, ਮੇਰਾ ਸਿਰ ਖਾਂਦੀ ਹੈਂ। ਇਸ ਲਈ ਤਾਲੀਮ ਲੈ ਕੇ ਪ੍ਰੋਫੈਸ਼ਨਲੀ ਗਾਇਕੀ ਵਿੱਚ ਆ। ਪਰ ਮੈਨੂੰ ਲੱਗਦਾ ਸੀ ਕਿ ਮਾਂ ਦਾ ਮੁਕਾਬਲਾ ਤਾਂ ਮੈਂ ਨਹੀਂ ਕਰ ਸਕਦੀ, ਮਾਂ ਤਾਂ ਮਾਂ ਹੈ ਨਾ।”
“ਉਸ ਮਿਆਰ ’ਤੇ ਪਹੁੰਚਣਾ ਔਖਾ ਹੈ। ਮੈਨੂੰ ਹਮੇਸ਼ਾ ਮੇਰੀ ਮਾਂ ਦੀ ਧੀ ਕਹਿ ਕੇ ਹੀ ਬੁਲਾਇਆ ਜਾਵੇਗਾ ਅਤੇ ਮੈਨੂੰ ਇਹ ਕਿਹਾ ਜਾਣਾ ਚੰਗਾ ਵੀ ਲੱਗਦਾ ਹੈ। ਪਰ ਉਸ ਦੀ ਪੈੜਾਂ ’ਤੇ ਤੁਰਨਾ ਬਹੁਤ ਔਖਾ ਸੀ, ਮੈਂ ਆਪਣੇ ਪਤੀ ਦੀ ਮਦਦ ਅਤੇ ਸਾਥ ਨਾਲ ਇੱਥੋਂ ਤੱਕ ਆਈ ਹਾਂ।”
“ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਮੁਸ਼ਕਿਲ ਸਮਾਂ ਸੀ”
ਡੌਲੀ ਗੁਲੇਰੀਆ ਦੇ ਪਤੀ ਫ਼ੌਜੀ ਅਫ਼ਸਰ ਹੋਣ ਕਰਕੇ, ਕੁਝ ਸਮਾਂ ਉਹ ਇੱਕ ਦੂਜੇ ਤੋਂ ਵੱਖ ਵੀ ਰਹੇ।
ਡੌਲੀ ਦੱਸਦੇ ਹਨ ਕਿ ਜਦੋਂ ਕੁਝ ਸਮਾਂ ਉਹ ਆਪਣੇ ਬੱਚਿਆਂ ਨਾਲ ਇਕੱਲੇ ਹੁੰਦੇ ਸਨ ਤਾਂ ਉਨ੍ਹਾਂ ਦੇ ਸੱਸ ਉਨ੍ਹਾਂ ਦੇ ਨਾਲ ਆ ਕੇ ਰਹਿੰਦੇ ਸੀ।
ਉਹ ਆਪਣੀ ਸੱਸ ਨੂੰ ਬੀਜੀ ਕਹਿੰਦੇ ਸੀ ਜਿਨ੍ਹਾਂ ਨਾਲ ਉਨ੍ਹਾਂ ਦਾ ਬਹੁਤ ਪਿਆਰ ਰਿਹਾ। ਡੌਲੀ ਗੁਲੇਰੀਆ ਕਹਿੰਦੇ ਹਨ ਕਿ ਘਰ ਵਿੱਚ ਮਾਹੌਲ ਬਹੁਤ ਪਿਆਰ ਵਾਲਾ ਰਹਿੰਦਾ ਸੀ।
“ਗਾਉਂਦੀ ਤਾਂ ਰਹਿੰਦੀ ਸੀ ਪਰ ਬੱਚਿਆਂ ਨਾਲ ਵੀ ਪੂਰਾ ਸਮਾਂ ਬਿਤਾਉਂਦੀ ਸੀ, ਇਸੇ ਕਰਕੇ ਮੇਰੇ ਸਾਰੇ ਬੱਚੇ ਅੱਜ ਆਪੋ-ਆਪਣੀ ਜ਼ਿੰਦਗੀ ਵਿੱਚ ਬਹੁਤ ਵਧੀਆ ਕਰ ਰਹੇ ਹਨ। ”
ਉਨ੍ਹਾਂ ਦੇ ਤਿੰਨ ਬੱਚੇ ਹਨ। ਬੇਟੀ ਸੁਨੈਨੀ ਸ਼ਰਮਾ ਵੀ ਹੁਣ ਗਾਇਕੀ ਦੇ ਖੇਤਰ ਵਿੱਚ ਹਨ। ਉਨ੍ਹਾਂ ਦੇ ਦੋ ਬੇਟੇ ਹਨ ਦਿਲਪ੍ਰੀਤ ਸਿੰਘ ਅਤੇ ਅਮਨਪ੍ਰੀਤ ਸਿੰਘ।
ਉਨ੍ਹਾਂ ਦਾ ਵੱਡਾ ਬੇਟਾ ਅਰਥਰਾਈਟਸ ਦੀ ਇੱਕ ਸਮੱਸਿਆ ਕਰਕੇ ਵਹੀਲ ਚੇਅਰ ’ਤੇ ਹੈ।
ਡੌਲੀ ਗੁਲੇਰੀਆ ਦੱਸਦੇ ਹਨ, “ਉਹ ਮੇਰੀ ਜ਼ਿੰਦਗੀ ਦਾ ਸਭ ਤੋਂ ਔਖਾ ਸਮਾਂ ਸੀ। ਦਿਲਪ੍ਰੀਤ ਜਿਸ ਨੂੰ ਅਸੀਂ ਪੈਰੀ ਕਹਿੰਦੇ ਹਾਂ, ਨੌਂ ਸਾਲ ਦਾ ਸੀ ਜਦੋਂ ਫ਼ੁਟਬਾਲ ਖੇਡ ਕੇ ਆਇਆ ਸੀ ਅਤੇ ਇੱਕ ਦਮ ਤੇਜ਼ ਬੁਖਾਰ ਚੜ੍ਹ ਗਿਆ ਸੀ। ਕਰਨਲ ਸਾਹਿਬ ਨੂੰ ਪਰਮੋਸ਼ਨ ਮਿਲੀ ਸੀ ਤੇ ਸਾਡੇ ਘਰ ਪਾਰਟੀ ਚੱਲ ਰਹੀ ਸੀ।”
“ਉਹ ਮੀਂਹ ਵਿੱਚ ਥੋੜ੍ਹਾ ਗਿੱਲਾ ਹੋ ਗਿਆ ਸੀ, ਉਹ ਬਾਹਰੋਂ ਆ ਕੇ ਆਪਣੇ ਬਿਸਤਰ ਵਿੱਚ ਜਾ ਕੇ ਸੌ ਗਿਆ ਸੀ। ਮਹਿਮਾਨ ਚਲੇ ਗਏ ਤਾਂ ਮੈਂ ਸੋਚਿਆ ਕਿ ਪੈਰੀ ਨੇ ਤਾਂ ਖਾਣਾ ਹੀ ਨਹੀਂ ਖਾਧਾ ਮੈਂ ਉਸ ਕੋਲ ਗਈ ਅਤੇ ਜਦੋਂ ਛੂਹਿਆ ਤਾਂ ਪਤਾ ਲੱਗਿਆ ਕਿ ਉਸ ਨੂੰ ਬੁਖ਼ਾਰ ਚੜ੍ਹਿਆ ਹੈ।”
“101 ਬੁਖ਼ਾਰ ਸੀ। ਅਸੀਂ ਦਵਾਈਆਂ ਦਿੱਤੀਆਂ। ਅਗਲੀ ਸਵੇਰ ਦੇਖਿਆ ਤਾਂ ਉਸ ਦਾ ਬੁਖ਼ਾਰ 106 ਹੋ ਗਿਆ। ਡਾਕਟਰ ਨੇ ਉਸੇ ਵੇਲੇ ਹਸਪਤਾਲ ਲਿਆਉਣ ਲਈ ਕਿਹਾ। ਇਹ ਸਮਾਂ ਬਹੁਤ ਔਖਾ ਸੀ ਕਿਉਂਕਿ ਡਾਕਟਰਾਂ ਨੂੰ ਇੱਥੇ ਸਮਝ ਹੀ ਨਹੀਂ ਆ ਰਿਹਾ ਸੀ। ਉਹਨੂੰ ਰਿਓਮੇਟਾਇਡ ਅਰਥਰਾਈਟਸ ਹੋ ਗਿਆ ਸੀ। ਸਾਨੂੰ ਅੱਜ ਤੱਕ ਇਹ ਸਮਝ ਨਹੀਂ ਆਇਆ ਕਿ ਇਹ ਕਿਵੇਂ ਹੋ ਗਿਆ।”
ਦਿਲਪ੍ਰੀਤ ਦਾ ਕਾਫ਼ੀ ਇਲਾਜ ਚੱਲਿਆ, ਪਰ ਹੌਲੀ ਹੌਲੀ ਉਸ ਦੇ ਹੱਥਾਂ, ਪੈਰਾਂ ਦੇ ਜੋੜਾਂ ਵਿੱਚ ਦਰਦ ਸ਼ੁਰੂ ਹੋ ਗਿਆ।
ਜਦੋਂ ਉਸ ਨੂੰ ਇਲਾਜ ਲਈ ਕੈਨੇਡਾ ਲਿਜਾਇਆ ਤਾਂ ਉੱਥੇ ਡਾਕਟਰਾਂ ਨੇ ਦੱਸਿਆ ਕਿ ਉੱਥੇ ਤਾਂ ਠੰਡ ਕਰਕੇ ਕਈ ਲੋਕਾਂ ਨੂੰ ਇਹ ਬਿਮਾਰੀ ਹੋ ਜਾਂਦੀ ਹੈ, ਪਰ ਭਾਰਤ ਵਿੱਚ ਅਜਿਹੇ ਕੇਸ ਬਹੁਤ ਘੱਟ ਦੇਖੇ ਹਨ।
ਡੌਲੀ, ਆਪਣੇ ਬੇਟੇ ਦੇ ਇਲਾਜ ਲਈ ਅੱਠ-ਨੌ ਮਹੀਨੇ ਕੈਨੇਡਾ ਰਹੇ ਅਤੇ ਦੱਸਦੇ ਹਨ ਕਿ ਉਹ ਉੱਥੋਂ ਉਸ ਨੂੰ ਖੁਦ ਦੇ ਪੈਰਾਂ ’ਤੇ ਤੁਰਦਾ ਲੈ ਕੇ ਵਾਪਸ ਆਏ ਸੀ।
ਪਰ ਭਾਰਤ ਵਿੱਚ ਇਹ ਇਲਾਜ ਜਾਰੀ ਨਹੀਂ ਰਹਿ ਸਕਿਆ। ਉਨ੍ਹਾਂ ਦੇ ਦੋਵੇਂ ਚੂਲੇ ਤੇ ਗੋਡੇ ਟਰਾਂਸਪਲਾਟ ਕਰਾਉਣੇ ਪਏ ਅਤੇ ਇੱਕ ਸਰਜਰੀ ਅਸਫ਼ਲ ਰਹਿਣ ਕਾਰਨ ਦਿਲਪ੍ਰੀਤ ਹੁਣ ਵੀ ਵਹੀਲ ਚੇਅਰ ’ਤੇ ਹਨ।
ਡੌਲੀ ਗੁਲੇਰੀਆ ਕਹਿੰਦੇ ਹਨ ਕਿ ਜ਼ਿੰਦਗੀ ਦੇ ਇਸ ਹਿੱਸੇ ਨੇ ਉਨ੍ਹਾਂ ਨੂੰ ਬਹੁਤ ਪ੍ਰਭਾਵਿਤ ਕੀਤਾ ਹੈ।
“ਮੈਂ ਉਹਦੀ ਤਕਲੀਫ਼ ਸਾਂਝੀ ਨਹੀਂ ਕਰ ਸਕਦੀ ਸੀ, ਮੈਂ ਸਿਰਫ਼ ਉਸ ਦੀ ਸੇਵਾ ਕਰ ਸਕਦੀ ਸੀ। ਜਦੋਂ ਉਸ ਨੂੰ ਨੀਂਦ ਨਹੀਂ ਆਉਂਦੀ ਸੀ ਤਾਂ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦੀ ਸੀ ਤੇ ਉਹ ਸੌ ਜਾਂਦਾ ਸੀ। ਡਾਕਟਰ ਹੈਰਾਨ ਹੋ ਜਾਂਦੇ ਸੀ ਕਿ ਦਵਾਈਆਂ ਨਾਲ ਤਾਂ ਸੁੱਤਾ ਨਹੀਂ ਤੇ ਤੇਰੇ ਪਾਠ ਨਾਲ ਸੌ ਗਿਆ। ਇਹ ਵੀ ਇੱਕ ਕਾਰਨ ਸੀ ਕਿ ਮੈਂ ਗਾਇਕੀ ਵਿੱਚ ਜ਼ਿਆਦਾ ਰੁਚੀ ਲਈ। ਗੁਰਬਾਣੀ ਨਾਲ ਮੈਨੂੰ ਵੈਸੇ ਵੀ ਬਹੁਤ ਪਿਆਰ ਸੀ।”
ਡੌਲੀ ਦੱਸਦੇ ਹਨ ਕਿ ਉਸ ਦੀ ਸਰੀਰਕ ਕਮੀ ਤਾਂ ਉਹ ਪੂਰੀ ਨਹੀਂ ਕਰ ਸਕਦੇ, ਪਰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਹ ਜ਼ਿੰਦਗੀ ਵਿੱਚ ਬਹੁਤ ਕਾਮਯਾਬ ਹੈ।
“ਆਪਣੀ ਪੜ੍ਹਾਈ ਨਾਲ ਉਸ ਨੇ ਉਹ ਕਮੀ ਪਿੱਛੇ ਛੱਡੀ ਅਤੇ ਸਾਡਾ ਘਰ ਉਸ ਦੇ ਸਨਮਾਨਾਂ ਨਾਲ ਭਰਿਆ ਪਿਆ ਹੈ।”
ਛੋਟੇ ਬੇਟੇ ਅਮਨਪ੍ਰੀਤ(ਚੈਰੀ) ਬਾਰੇ ਡੌਲੀ ਕਹਿੰਦੇ ਹਨ ਕਿ ਉਸ ਦੀ ਮਿਊਜ਼ਿਕ ਵਿੱਚ ਬਹੁਤ ਦਿਲਚਸਪੀ ਹੈ ਅਤੇ ਉਹ ਉਨ੍ਹਾਂ ਦਾ ਬਹੁਤ ਵੱਡਾ ਅਲੋਚਕ ਵੀ ਹੈ।
ਡੌਲੀ ਗੁਲੇਰੀਆ ਦੱਸਦੇ ਹਨ ਕਿ ਉਨ੍ਹਾਂ ਦੇ ਮਕਬੂਲ ਗੀਤ ਅੰਬਰਸਰੇ ਦੇ ਪਾਪੜ ਦੀ ਐਡਿਟਿੰਗ, ਚੈਰੀ ਨੇ ਕੋਲ ਬੈਠ ਕੇ ਕਰਵਾਈ ਸੀ।
ਆਖ਼ਰੀ ਵਾਰ ਮਾਂ ਨੂੰ ਦੇਖਣਾ ਨਸੀਬ ਨਹੀਂ ਹੋ ਸਕਿਆ
ਡੌਲੀ ਗੁਲੇਰੀਆ ਨੇ ਮਾਂ ਸੁਰਿੰਦਰ ਕੌਰ ਨਾਲ ਕਈ ਸਟੇਜਾਂ ’ਤੇ ਗਾਇਆ, ਬਹੁਤ ਸਮਾਂ ਉਨ੍ਹਾਂ ਨਾਲ ਬਿਤਾਇਆ। ਪਰ ਉਨ੍ਹਾਂ ਦੇ ਆਖ਼ਰੀ ਸਮੇਂ ਉਹ ਮਾਂ ਨਾਲ ਨਹੀਂ ਰਹਿ ਸਕੇ ਅਤੇ ਮੌਤ ਤੋਂ ਬਾਅਦ ਆਖ਼ਰੀ ਵਾਰ ਮਾਂ ਨੂੰ ਦੇਖ ਵੀ ਨਹੀਂ ਸਕੇ।
ਡੌਲੀ ਗੁਲੇਰੀਆ ਭਾਵੁਕ ਹੁੰਦਿਆਂ ਦੱਸਦੇ ਹਨ, “ਅਖੀਰਲੇ ਦਿਨਾਂ ਵਿੱਚ ਇੱਕ ਦਿਨ ਅਚਾਨਕ ਬਲੱਡ ਪ੍ਰੈਸ਼ਰ ਵਧ ਗਿਆ ਅਤੇ ਉਨ੍ਹਾਂ ਨੂੰ ਅਧਰੰਗ ਦਾ ਦੌਰਾ ਪੈ ਗਿਆ ਸੀ। ਮੇਰੀਆਂ ਭੈਣਾਂ ਅਮਰੀਕਾ ਤੋਂ ਉਨ੍ਹਾਂ ਨੂੰ ਮਿਲਣ ਆਈਆਂ ਸੀ। ਉਨ੍ਹਾਂ ਨੇ ਕਿਹਾ ਕਿ ਮਾਂ ਨੂੰ ਅਮਰੀਕਾ ਲੈ ਚਲਦੇ ਹਾਂ ਅਤੇ ਉੱਥੇ ਇਲਾਜ ਕਰਵਾਉਂਦੇ ਹਾਂ।”
“ਮਾਂ ਦੁਚਿੱਤੀ ਵਿੱਚ ਸੀ ਕਿ ਜਾਵਾਂ ਕੇ ਨਾ ਜਾਵਾ। ਫਿਰ ਮਾਂ ਉਨ੍ਹਾਂ ਦੇ ਨਾਲ ਚਲੀ ਗਈ। ਇਹ ਸੋਚ ਕੇ ਕਿ ਉੱਥੇ ਜਾ ਕੇ ਮਾਂ ਠੀਕ ਹੋ ਜਾਵੇਗੀ। ਪਰ ਜਾਂਦੇ ਵੇਲੇ ਹਵਾਈ ਜਹਾਜ਼ ਦਾ ਅੰਦਰਲਾ ਤਾਪਮਾਨ ਇੰਨਾਂ ਘੱਟ ਸੀ ਕਿ ਮਾਂ ਨੂੰ ਠੰਡ ਲੱਗ ਗਈ ਅਤੇ ਨਮੂਨੀਆ ਹੋ ਗਿਆ।”
“ਉੱਥੇ ਪਹੁੰਚਦਿਆਂ ਹੀ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਉੱਥੇ ਜਾ ਕੇ ਪਤਾ ਲੱਗਿਆ ਕਿ ਮਾਂ ਤਾਂ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ, ਉਨ੍ਹਾਂ ਨੇ ਇਲਾਜ ਸ਼ੁਰੂ ਕਰ ਦਿੱਤਾ। ਚਾਲੀ ਦਿਨ ਉਹ ਹਸਪਤਾਲ ’ਚ ਹੀ ਰਹੀ।”
“ਰੱਬ ਜਾਣੇ, ਉਸ ਦਾ ਕੀ ਇਲਾਜ ਹੋਇਆ ਕਿ ਉਹ ਝੱਲ ਨਾ ਸਕੀ ਅਤੇ ਉਸ ਦੀ ਮੌਤ ਹੋ ਗਈ।”
“ਉਸ ਵੇਲੇ ਹੋਇਆ ਇਹ ਕਿ ਮੇਰੀਆਂ ਭੈਣਾਂ ਮੈਨੂੰ ਜ਼ਿਆਦਾ ਦੱਸਦੀਆਂ ਨਹੀਂ ਸੀ ਕਿ ਪਤਾ ਨਹੀਂ ਟਰੀਟਮੈਂਟ ਸਹੀ ਹੋ ਰਿਹਾ ਹੈ ਜਾਂ ਨਹੀਂ, ਉਨ੍ਹਾਂ ਨੂੰ ਲਗਦਾ ਸੀ ਕਿ ਡੌਲੀ ਨੂੰ ਡਰਾਈਏ ਨਾ, ਉਹ ਕਹਿੰਦਿਆਂ ਰਹੀਆਂ ਕਿ ਮਾਂ ਨੇ ਠੀਕ ਹੋ ਜਾਣੈ।”
“ਤੇ ਫਿਰ 14 ਜੂਨ ਨੂੰ ਅੱਧੀ ਰਾਤ ਫ਼ੋਨ ਆਇਆ ਕਿ ਮਾਂ ਨਹੀਂ ਰਹੀ। ਸਰੀਰ ਅੰਦਰ ਦਵਾਈਆਂ ਦਾ ਕੋਈ ਅਜਿਹਾ ਰਿਐਕਸ਼ਨ ਹੋ ਗਿਆ ਸੀ ਕਿ ਸਰੀਰ ਨੀਲਾ ਹੋਣਾ ਸ਼ੁਰੂ ਹੋ ਗਿਆ ਸੀ। ਉਨ੍ਹਾਂ ਨੇ ਤੁਰੰਤ ਸਸਕਾਰ ਦਾ ਫ਼ੈਸਲਾ ਕਰ ਲਿਆ।”
“ਇੰਨੀ ਜਲਦੀ ਮੈਂ ਉੱਥੇ ਪਹੁੰਚ ਨਹੀਂ ਸੀ ਸਕਦੀ। ਅੱਜ ਵੀ ਮੈਨੂੰ ਇਸ ਤਰ੍ਹਾਂ ਲਗਦੈ ਕਿ ਮਾਂ ਜਿਉਂਦੀ ਹੈ ਤੇ ਉਹ ਅਮਰੀਕਾ ਤੋਂ ਆ ਜਾਏਗੀ। ਮੈਂ ਆਪਣੇ ਹੱਥਾਂ ਨਾਲ ਉਹਨੂੰ ਕਾਰ ਵਿੱਚ ਬਿਠਾਇਆ ਸੀ, ਮੈਨੂੰ ਨਹੀਂ ਲਗਦਾ ਕਿ ਉਹ ਹੁਣ ਨਹੀਂ ਹੈ। ਇਹ ਬਹੁਤ ਔਖੀ ਭਾਵਨਾ ਹੈ। ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ।”
ਡੌਲੀ ਗੁਲੇਰੀਆ ਬੇਹੱਦ ਭਾਵੁਕਤਾ ਅਤੇ ਭਰੇ ਗਲੇ ਨਾਲ ਆਪਣੇ ਮਾਪਿਆਂ ਬਾਰੇ ਕਹਿੰਦੇ ਹਨ, “ਦਾਰ ਜੀ ਨੂੰ ਜਾਂਦਿਆਂ ਦੇਖਿਆ ਸੀ, ਉਨ੍ਹਾਂ ਨੂੰ ਭੁੱਲਣ ਦੀ ਕੋਸ਼ਿਸ਼ ਕੀਤੀ, ਭੁੱਲਦਾ ਤਾਂ ਕੋਈ ਨਹੀਂ, ਪਰ ਜਦੋਂ ਤੁਸੀਂ ਅੰਤਿਮ ਰਸਮਾਂ ਤੱਕ ਨਾ ਦੇਖੀਆਂ ਹੋਣ ਤਾਂ ਮਹਿਸੂਸ ਹੁੰਦਾ ਹੈ।”
ਅਜੋਕੀ ਮਿਊਜ਼ਕ ਇੰਡਸਟਰੀ ਬਾਰੇ ਕੀ ਸੋਚਦੇ ਹਨ ਡੌਲੀ ਗੁਲੇਰੀਆ ?
ਡੌਲੀ ਗੁਲੇਰੀਆ ਨੂੰ ਅਜੋਕੇ ਗੀਤਾਂ ਦੇ ਬੋਲਾਂ ਬਾਰੇ ਪੁੱਛਿਆ। ਡੌਲੀ ਜੀ ਹੱਸੇ ਅਤੇ ਕਹਿਣ ਲੱਗੇ, “ਬੋਲ ਕਿੱਥੇ ਹੁੰਦੇ ਹਨ, ਅੱਜ ਕੱਲ੍ਹ ਤਾਂ ਛੋਟੇ ਬੱਚਿਆਂ ਦੀਆਂ ਕਵਿਤਾਵਾਂ ਜਿਹੇ ਗੀਤ ਹੁੰਦੇ ਹਨ। ਬੱਸ ਢੋਲ-ਧਮਾਕਾ ਪਾ ਲਓ, ਬਹੁਤ ਸਾਰਾ ਮਿਊਜ਼ਕ ਪਾ ਲਓ ਅਤੇ ਗੀਤ ਬਣਾ ਦਿਓ।”
“ਸੰਗੀਤ ਤਾਂ ਬਹੁਤ ਵਿਸ਼ਾਲ ਹੈ, ਪਰ ਉਸ ਨੂੰ ਇੱਕ- ਰਾਗਾਂ ਵਿੱਚ ਹੀ ਮਹਿਦੂਦ ਕਰ ਦਿੱਤਾ ਗਿਆ ਹੈ। ਇਹ ਦੇਖ ਕੇ ਬੜਾ ਅਜੀਬ ਲੱਗਦਾ ਹੈ।”
“ਕਿਉਂਕਿ ਜਦੋਂ ਗੁਰੂਆਂ ਕੋਲ਼ੋਂ ਸਿੱਖਦੇ ਹਾਂ ਤਾਂ ਉਹ ਇੰਨੇ ਰਾਗ ਸਿਖਾ ਦਿੰਦੇ ਹਨ ਅਤੇ ਤੁਹਾਨੂੰ ਕਿੰਨੀਆਂ ਹੀ ਵੰਨਗੀਆਂ ਬਾਰੇ ਪਤਾ ਹੁੰਦਾ ਹੈ ਪਰ ਹੁਣ ਜਦੋਂ ਸੁਣਦੇ ਹਾਂ ਤਾਂ ਉਹ ਵੰਨਗੀਆਂ ਕਿਤੇ ਹੈ ਹੀ ਨਹੀਂ।”
ਉਹ ਕਹਿੰਦੇ ਹਨ ਕਿ ਬਦਲਾਅ ਜ਼ਰੂਰੀ ਹੈ, ਪਰ ਆਪਣਾ ਮੂਲ ਨਹੀਂ ਭੁੱਲਣਾ ਚਾਹੀਦਾ।
ਜੇ ਬਦਲਾਅ ਨੁਕਸਾਨ ਕਰ ਰਿਹਾ ਹੈ, ਤਾਂ ਸਾਨੂੰ ਰੁਕ ਜਾਣਾ ਚਾਹੀਦਾ ਹੈ।
ਉਹ ਕਹਿੰਦੇ ਹਨ, “ਸਾਡਾ ਸੱਭਿਆਚਾਰ ਰੁਲੇ ਨਾ। ਹੁਣ ਇੱਕੋ ਗੀਤ ਵਿੱਚ ਪੰਜ ਭਾਸ਼ਾਵਾਂ ਪਾਈਆਂ ਹੁੰਦੀਆਂ ਨੇ, ਹਰ ਭਾਸ਼ਾ ਦੀ ਆਪਣੀ ਖੂਬਸੂਰਤੀ ਹੁੰਦੀ ਹੈ ਪਰ ਆਪਣਾ ਮੂਲ ਨਹੀਂ ਛੱਡਣਾ ਚਾਹੀਦਾ।”
ਡੌਲੀ ਕਹਿੰਦੇ ਹਨ ਕਿ ਸਰਕਾਰਾਂ ਨੂੰ ਸੱਭਿਆਚਾਰਕ ਵਿਭਾਗਾਂ ਨੂੰ ਵੀ ਤਵੱਜੋ ਦੇਣੀ ਚਾਹੀਦੀ ਹੈ। ਇੱਕ ਉਮਰ ਬਾਅਦ, ਕਲਾਕਾਰਾਂ ਦੀ ਪੈਨਸ਼ਨ ਦੀ ਸਕੀਮ ਵੀ ਬਣਨੀ ਚਾਹੀਦੀ ਹੈ ਕਿਉਂਕਿ ਕੋਈ ਵੀ ਕਲਾਕਾਰ ਹਮੇਸ਼ਾਂ ਚੜ੍ਹਤ ਵਿੱਚ ਤਾਂ ਨਹੀਂ ਰਹਿੰਦਾ।
“ਕਈ ਵਾਰ ਕਲਾਕਾਰਾਂ ਨੂੰ ਬੁਢਾਪੇ ਵਿੱਚ ਜਾਂ ਗੁੰਮਨਾਮੀਂ ਵਿੱਚ ਬਹੁਤ ਮਾੜੇ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈਂਦਾ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਅਮਰੀਕੀ ਫੁੱਟਬਾਲ ਟੀਮ ਦੀ ਜਰਸੀ ’ਤੇ ਲੱਗੀ ਸਿੱਖ ਯੋਧੇ ਦੀ ਤਸਵੀਰ ਬਾਰੇ ਕੀ ਚਰਚੇ ਹੋ ਰਹੇ
NEXT STORY