ਜਸੂਸਾਂ ਦਾ ਵਸਾਇਆ ਪਿੰਡ ਮੁੜ ਤਿਆਰ ਕੀਤਾ ਗਿਆ
ਸੁਡਾਨ ਦੇ ਮਾਰੂਥਲ ਵਿੱਚ ਰੈੱਡ ਸੀ (ਲਾਲ ਸਮੁੰਦਰ) ਦੇ ਕੰਢੇ ‘ਅਰਾਊਜ਼’ ਨਾ ਦਾ ਇੱਕ ਖ਼ੂਬਸੂਰਤ ‘ਹੌਲੀਡੇਅ ਰਿਜ਼ੌਰਟ’ ਸੀ, ਅਸਲੋਂ ਕਿਸੇ ਪਿੰਡ ਜਿੱਡਾ ਵੱਡਾ।
ਪਰ ਇਹ ਮਨਮੋਹਕ ਥਾਂ, ਗੁਪਤ ਮਿਸ਼ਨਾਂ ਲਈ ਇਜ਼ਰਾਈਲੀ ਏਜੰਟਾਂ ਦਾ ਅੱਡਾ ਵੀ ਸੀ। ਨੈੱਟਫਲਿਕਸ ਦੀ ਫ਼ਿਲਮ ‘ਰੈੱਡ ਸੀ ਡਾਈਵਿੰਗ ਰਿਜ਼ੌਰਟ’, ਇਸੇ ਥਾਂ ਅਤੇ ਇਸ ਨਾਲ ਜੁੜੀਆਂ ਘਟਨਾਵਾਂ ਤੋਂ ਪ੍ਰੇਰਿਤ ਹੈ।
ਇਸ ਪਿਛਲੀ ਅਸਲ ਕਹਾਣੀ ਹੋਰ ਵੀ ਕਮਾਲ ਦੀ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਪਰਚੇ ’ਤੇ ਇਸ ਨੂੰ ਸੁਡਾਨ ਦਾ ਗੋਤਾਖੋਰੀ ਤੇ ਮਾਰੂਥਲ ਮਨੋਰੰਜਨ ਦਾ ਕੇਂਦਰ ਲਿਖਿਆ ਗਿਆ ਹੈ।
ਬੀਚ ਕੰਢੇ ਬਣੇ ‘ਸ਼ੈਲੇਟਸ’(ਖ਼ਾਸ ਤਰ੍ਹਾਂ ਦੇ ਘਰ) ਦੀਆਂ ਤਸਵੀਰਾਂ ਦਿਖਾਈਆਂ ਗਈਆਂ ਹਨ। ਸਕੂਬਾ ਗੀਅਰ ਪਹਿਨੇ ਇੱਕ ਜੋੜੇ ਨੂੰ ਮੁਸਕਰਾਉਂਦਿਆਂ ਦਿਖਾਇਆ ਗਿਆ ਹੈ, ਵੱਖ ਵੱਖ ਤਰ੍ਹਾਂ ਦੀਆਂ ਮੱਛੀਆਂ ਦੀਆਂ ਤਸਵੀਰਾਂ ਵੀ ਹਨ।
ਇਸ਼ਤਿਹਾਰ ਵਿੱਚ ਕਿਹਾ ਗਿਆ ਹੈ, ‘ਦੁਨੀਆ ਦੇ ਕੁਝ ਬਹਿਤਰੀਨ, ਸਭ ਤੋਂ ਸਾਫ਼ ਪਾਣੀ’। ਜਦੋਂ ਰਾਤ ਹੋ ਜਾਂਦੀ ਹੈ, ਤਾਂ ਪਾਣੀ ਉੱਤੇ ਲਿਖਿਆ ਜਾਂਦਾ ਹੈ, ‘ਲੱਖਾਂ ਤਾਰਿਆਂ ਨਾਲ ਭਰੀ ਜੰਨਤ ਦੇ ਬਾਕਮਾਲ ਦ੍ਰਿਸ਼’।
ਅਰਾਊਜ਼ ਪਿੰਡ, ਗੋਤਾਖੋਰੀ ਦੇ ਦੀਵਾਨਿਆਂ ਦਾ ਸੁਫ਼ਨਾ ਜਾਪਦਾ ਹੈ।
ਇਸ਼ਤਿਹਾਰ ਹਜ਼ਾਰਾਂ ਦੀ ਗਿਣਤੀ ਵਿੱਚ ਪ੍ਰਿੰਟ ਹੋਏ ਸਨ ਅਤੇ ਯੂਰਪ ਭਰ ਵਿੱਚ ਖਾਸ ਟਰੈਵਲ ਏਜੰਟਾਂ ਨੂੰ ਵੰਡੇ ਗਏ। ਜੇਨੇਵਾ ਅਤੇ ਖਾਰਤੌਮ ਸਥਿਤ ਦਫ਼ਤਰਾਂ ਜ਼ਰੀਏ ਬੁਕਿੰਗ ਹੋਈਆਂ ਸੀ।
ਇਹ ਇੱਕ ਲੰਬਾ ਟ੍ਰੈਕ ਸੀ। ਮਾਰੂਥਲ ਟਾਪੂ ’ਤੇ ਉਨ੍ਹਾਂ ਨੇ ਪਾਣੀ ਵਾਲੀਆਂ ਖੇਡਾਂ, ਗਹਿਰੇ ਸਮੁੰਦਰ ਵਿੱਚ ਗੋਤਾਖੇਰੀ ਅਤੇ ਕਾਫ਼ੀ ਸਾਰੇ ਤਾਜ਼ਾ ਭੋਜਨ ਤੇ ਵਾਈਨ ਦਾ ਅਨੰਦ ਮਾਣਿਆ ਜਾਂਦਾ ਸੀ। ਵਿਜ਼ੀਟਰ ਬੁੱਕ ਚੰਗੀਆਂ ਟਿੱਪਣੀਆਂ ਨਾਲ ਭਰੀ ਹੋਈ ਸੀ।
ਅਰਾਊਜ਼ ਬਾਰੇ ਛਾਪੀ ਗਈ ਜਾਣਕਾਰੀ
ਸੁਡਾਨ ਦੀ ਕੌਮਾਂਤਰੀ ਟੂਰਿਸਟ ਕਾਰਪੋਰੇਸ਼ਨ ਵੀ ਖੁਸ਼ ਸੀ। ਉਨ੍ਹਾਂ ਨੇ ਖੁਦ ਨੂੰ ਯੂਰਪ ਦੇ ਕਾਰੋਬਾਰੀ ਦੱਸਣ ਵਾਲੇ ਲੋਕਾਂ ਦੇ ਇੱਕ ਗਰੁੱਪ ਨੂੰ ਇਹ ਥਾਂ ਲੀਜ਼ ਕੀਤੀ ਸੀ, ਜਿਨ੍ਹਾਂ ਦੇ ਕਾਰੋਬਾਰ ਕਾਰਨ ਇੱਥੇ ਪਹਿਲੀ ਵਾਰ ਵਿਦੇਸ਼ੀ ਸੈਲਾਨੀ ਆਏ।
ਸਿਰਫ਼ ਇੱਕ ਚੀਜ਼ ਜੋ ਅਥਾਰਿਟੀਜ਼ ਜਾਂ ਮਹਿਮਾਨ ਨਹੀਂ ਜਾਣਦੇ ਸੀ, ਉਹ ਇਹ ਕਿ ‘ਰੈੱਡ ਸੀਅ ਡਾਈਵਿੰਗ ਰਿਜ਼ੋਰਟ’ ਜਾਅਲੀ ਸੀ।
ਇਹ 1980ਵਿਆਂ ਤੋਂ ਇਜ਼ਰਾਈਲ ਦੀ ਇੰਟੈਲੀਜੈਂਸ ਏਜੰਸੀ ਮੋਸਾਡ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਕਰੀਬ ਚਾਰ ਸਾਲ ਤੋਂ ਵੱਧ ਸਮੇਂ ਤੱਕ ਇਸ ਨੂੰ ਚਲਾਇਆ ਸੀ।
ਉਨ੍ਹਾਂ ਨੇ ਇਸ ਨੂੰ ਕੁਝ ਵੱਖਰੀ ਤਰ੍ਹਾਂ ਦੇ ਮਨੁੱਖੀ ਮਿਸ਼ਨਾਂ ਲਈ ਕਵਰ ਵਜੋਂ ਵਰਤਿਆ। ਜਿਵੇਂ ਕਿ ਸੁਡਾਨ ਦੇ ਰਫ਼ਿਊਜੀ ਕੈਂਪਾਂ ਵਿੱਚੋਂ ਕੁਝ ਪਰੇਸ਼ਾਨ ਈਥੋਪੀਅਨ ਯਹੂਦੀਆਂ ਨੂੰ ਕੱਢ ਕੇ ਇਜ਼ਰਾਈਲ ਲਿਜਾਣ ਵਿੱਚ।
ਸੁਡਾਨ ਅਰਬ ਦੁਨੀਆਂ ਨਾਲ ਜੁੜਿਆ ਇੱਕ ਦੁਸ਼ਮਣ ਦੇਸ਼ ਸੀ, ਇਹ ਕੰਮ ਬਿਨ੍ਹਾਂ ਕਿਸੇ ਨੂੰ ਸੂਹ ਲੱਗੇ ਕਰਨਾ ਪੈਣਾ ਸੀ।
ਓਪਰੇਸ਼ਨ ਇੰਨਾ ਗੁਪਤ ਸੀ ਕਿ ਸਿਰਫ਼ ਸਿੱਧੇ ਤੌਰ ’ਤੇ ਸ਼ਾਮਲ ਲੋਕਾਂ ਨੂੰ ਹੀ ਇਸ ਬਾਰੇ ਪਤਾ ਸੀ। ਏਜੰਟਾਂ ਨੇ ਆਪਣੇ ਪਰਿਵਾਰਾਂ ਤੱਕ ਨੂੰ ਵੀ ਨਹੀਂ ਦੱਸਿਆ ਸੀ।
ਏਜੰਟਾਂ ਵਲੋਂ ਇਹ ਕਿਸ਼ਤੀਆਂ ਰਿਜ਼ੌਰਟ ਵਿੱਚ ਆਉਣ ਵਾਲੇ ਮਹਿਮਾਨਾਂ ਅਤੇ ਤਸਕਰੀ ਲਈ ਇਸਤੇਮਾਲ ਕੀਤੀਆਂ ਜਾਂਦੀਆਂ ਸਨ
ਇਤਿਹਾਸ
ਈਥੋਪੀਅਨ ਯਹੂਦੀ ਬੀਟਾ ਇਜ਼ਰਾਈਲੀ ਜਾਂ ਹਾਊਸ ਆਫ ਇਜ਼ਰਾਈਲ ਨਾਮੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ, ਜਿਨ੍ਹਾਂ ਦੇ ਮੂਲ ਬਾਰੇ ਕਈ ਰਾਜ਼ ਹਨ।
ਕਈ ਸਦੀਆਂ ਤੱਕ, ਇਹ ਕਿਹਾ ਜਾਂਦਾ ਰਿਹਾ ਕਿ ਉਹ ਇਜ਼ਰਾਈਲੀਆਂ ਤੋਂ ਆਏ ਸੀ ਜਿਹੜੇ ਕਿ ਰਾਣੀ ਸ਼ੇਬਾ ਅਤੇ ਰਾਜਾ ਸੋਲੋਮਨ ਦੇ ਬੇਟੇ ਨਾਲ 1950 ਬੀ.ਸੀ ਵਿੱਚ ਵਾਪਸ ਈਥੋਪੀਆ ਆਏ।
ਇੱਕ ਹੋਰ ਥਿਊਰੀ ਮੁਤਾਬਕ, ਉਹ ਗ੍ਰਹਿ ਯੁੱਧ ਕਾਰਨ ਪੁਰਾਤਨ ਇਜ਼ਰਾਈਲ ਛੱਡ ਆਉਣ ਤੋਂ ਬਾਅਦ ਇੱਥੇ ਆਏ, ਜਾਂ 586 ਬੀ.ਸੀ ਵਿੱਚ ਯੇਰੂਸ਼ਲਮ ਵਿੱਚ ਯਹੂਦੀਆਂ ਦਾ ਮੰਦਰ ਤਬਾਹ ਹੋਣ ਬਾਅਦ ਉੱਥੋਂ ਆ ਗਏ।
1970ਵਿਆਂ ਦੀ ਸ਼ੁਰੂਆਤ ਤੱਕ, ਇਜ਼ਰਾਈਲ ਦੇ ਮੁਖੀ ਨੇ ਇਹ ਪ੍ਰਮੋਟ ਕਰਨਾ ਸ਼ੁਰੂ ਕੀਤਾ ਕਿ ਉਹ ਭਾਈਚਾਰਾ 10 ਗਵਾਚ ਚੁੱਕੇ ਕਬੀਲਿਆਂ ਵਿੱਚੋਂ ਕਿਸੇ ਇੱਕ ਨਾਲ ਸਬੰਧਤ ਹੈ, ਜੋ ਕਿ ਅੱਠਵੀਂ ਸਦੀ ਪੁਰਵ ਈਸਾ ਵਿੱਚ ਇਜ਼ਰਾਈਲ ਰਾਜ ਦੇ ਹਮਲੇ ਤੋਂ ਬਾਅਦ ਇਤਿਹਾਸ ਵਿੱਚੋਂ ਗਾਇਬ ਹੋ ਗਏ।
ਈਥੋਪੀਅਨ ਯਹੂਦੀ, ‘ਟੋਰਾਹ’ ਨੂੰ ਮੰਨਦੇ ਸੀ ਅਤੇ ‘ਸਾਈਨਾਗੋਗਸ’ (ਇੱਕ ਖ਼ਾਸ ਬਣਤਰ) ਜਿਹੀਆਂ ਇਮਾਰਤਾਂ ਵਿੱਚ ਪ੍ਰਾਰਥਨਾ ਕਰਦੇ ਸੀ।
ਹਜ਼ਾਰ ਸਾਲਾਂ ਤੱਕ ਬਾਕੀ ਯਹੂਦੀਆਂ ਤੋਂ ਵੱਖਰੇ ਰਹੇ, ਅਤੇ ਇਹ ਮੰਨਦੇ ਸੀ ਕਿ ਉਹ ਦੁਨੀਆ ਵਿੱਚ ਬਚੇ ਕੁਝ ਕੁ ਹੀ ਯਹੂਦੀ ਹਨ।
ਸਾਲ 1977 ਵਿੱਚ, ਸਰਕਾਰ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਵਿੱਚ ਈਥੋਪੀਅਨ ਸਰਕਾਰ ਦਾ ਵਾਂਟੇਡ, ਉਨ੍ਹਾਂ ਦਾ ਇੱਕ ਮੈਂਬਰ ਫੇਰੇਡ ਅਕਲੂਮ, ਸੁਡਾਨ ਭੱਜ ਗਿਆ।
ਗ੍ਰਹਿ ਯੁੱਧ ਅਤੇ ਗਹਿਰਾਉਂਦੇ ਭੋਜਨ ਸੰਕਟ ਤੋਂ ਭੱਜਣ ਵਾਲੇ ਗੈਰ-ਯਹੂਦੀ ਈਥੋਪੀਅਨ ਰਿਫਿਊਜੀਆਂ ਦੇ ਨਾਲ ਉਹ ਉੱਥੋਂ ਨਿਕਲਿਆ।
ਉਸ ਨੇ ਰਾਹਤ ਏਜੰਸੀਆਂ ਨੂੰ ਚਿੱਠੀਆਂ ਲਿਖੀਆਂ ਅਤੇ ਇਜ਼ਰਾਈਲ ਜਾਣ ਵਿੱਚ ਮਦਦ ਕਰਨ ਦੀ ਗੁਹਾਰ ਲਗਾਈ।
ਮੋਸਾਡ ਤੱਕ ਜਾਣ ਦਾ ਤਰੀਕਾ ਲੱਭ ਲਿਆ।
ਯੇਰੂਸ਼ਲਮ ਵਿੱਚ ਈਥੋਪੀਆਈ ਯਹੂਦੀ ਆਗੂ ਬਾਰੂਕ ਤੇਗੇਨੇ
ਇਜ਼ਰਾਈਲ ਦੇ ਤਤਕਾਲੀ ਪ੍ਰਧਾਨ ਮੰਤਰੀ ਮੇਨਾਚੇਮ ਬੇਗਿਨ, ਜੋ ਖੁਦ ਨਾਜ਼ੀ ਸ਼ਾਸਿਤ ਯੂਰਪ ਤੋਂ ਰਫ਼ਿਊਜੀ ਰਹੇ ਹਨ, ਲਈ ਇਜ਼ਰਾਈਲ ਯਹੂਦੀਆਂ ਲਈ ਇੱਕ ਸੁਰੱਖਿਅਤ ਟਿਕਾਣਾ ਸੀ।
ਬੀਟਾ ਇਜ਼ਾਰਾਈਲੀ ਵੀ ਕੋਈ ਵੱਖਰੇ ਨਹੀਂ ਸਨ, ਮੇਨਾਚੇਮ ਬੇਗਿਨ ਨੇ ਇੰਟੈਲੀਜੈਂਸ ਏਜੰਸੀਆਂ ਨੂੰ ਕਾਰਵਾਈ ਲਈ ਕਿਹਾ।
ਮੋਸਾਡ ਨੇ ਆਪਣੇ ਇੱਕ ਓਪਰੇਟਿਵ ਡੈਨੀ ਨੂੰ ਫੇਰੇਡ ਨੂੰ ਲੱਭਣ ਲਈ ਅਤੇ ਈਥੋਪੀਅਨ ਯਹੂਦੀਆਂ ਦੀ ਤਸਕਰੀ ਦਾ ਤਰੀਕਾ ਲੱਭਣ ਨੂੰ ਕਿਹਾ।
ਇੱਕ ਮੁਸ਼ਕਿਲ ਖੋਜ(ਡੈਨੀ ਮੁਤਾਬਕ ਘਾਹ ਦੇ ਢੇਰ ਵਿੱਚੋਂ ਸੂਈ ਲੱਭਣ ਦੇ ਬਰਾਬਰ) ਤੋਂ ਬਾਅਦ, ਫੇਰੇਡ ਨੂੰ ਖਾਰਤੌਮ ਤੋਂ ਲੱਭ ਲਿਆ ਗਿਆ ਅਤੇ ਦੋਹਾਂ ਨੇ ਟੀਮ ਬਣਾ ਲਈ।
ਫੇਰੇਡ, ਈਥੋਪੀਆ ਵਿੱਚ ਆਪਣੇ ਭਾਈਚਾਰੇ ਤੱਕ ਸੰਦੇਸ਼ ਪਹੁੰਚਾਉਂਦਾ ਸੀ ਅਤੇ ਕਹਿੰਦਾ ਸੀ ਕਿ ਯੇਰੂਸ਼ਲਮ ਤੱਕ ਦਾ ਰਸਤਾ ਸੁਡਾਨ ਜ਼ਰੀਏ ਹੈ। ਉਨ੍ਹਾਂ ਨੂੰ ਉਸ ਦੀ ਅਗਵਾਈ ਵਿੱਚ ਚੱਲਣ ਲਈ ਕਹਿੰਦਾ ਸੀ।
ਇਹ 2700 ਸਾਲ ਪੁਰਾਣੇ ਸੁਫ਼ਨੇ ਨੂੰ ਪੂਰਾ ਕਰਨ ਦਾ ਮੌਕਾ ਸੀ। ਉਸ ਵੇਲੇ 1985 ਦੇ ਅੰਤ ਤੱਕ, 14,000 ਬੀਟਾ ਇਜ਼ਰਾਈਲੀਆਂ ਨੇ 800 ਕਿੱਲੋਮੀਟਰ ਤੱਕ ਦਾ ਪੈਦਲ ਸਫਰ ਕੀਤਾ।
ਕਰੀਬ 1500 ਯਹੂਦੀ ਰਫ਼ਿਊਜੀ ਰਸਤੇ ਵਿੱਚ ਮਾਰੇ ਗਏ, ਜਾਂ ਅਗਵਾਹ ਕਰ ਲਏ ਗਏ।
ਕਿਉਂਕਿ ਮੁਸਲਿਮ ਬਹੁ ਗਿਣਤੀ ਸੁਡਾਨ ਵਿੱਚ ਕੋਈ ਮੰਨੇ ਪ੍ਰਮੰਨੇ ਯਹੂਦੀ ਨਹੀਂ ਸੀ, ਇਸ ਲਈ ਉਹ ਆਪਣਾ ਧਰਮ ਲੁਕੋ ਕੇ ਰੱਖਦੇ ਸੀ ਤਾਂ ਕਿ ਰਚ ਮਿਚ ਸਕਣ ਅਤੇ ਸੁਡਾਨ ਦੀ ਗੁਪਤ ਪੁਲਿਸ ਹੱਥੋਂ ਫੜੇ ਨਾ ਜਾਣ।
ਇਸ ਖ਼ਤਰੇ ਦੇ ਬਾਵਜੂਦ, ਉਹ ਯਹੂਦੀ ਧਰਮ ਦੀ ਪਾਲਣਾ ਕਰਦੇ ਰਹੇ।
1983 ਦੀ ਸੁਡਾਨ ਦੀ ਇੱਕ ਈਥੋਪੀਅਨ ਯਹੂਦੀ ਪਰਿਵਾਰ ਦੀ ਤਸਵੀਰ
ਬਚਾਅ ਮਿਸ਼ਨ
ਸਿੱਧੇ ਤੌਰ ‘ਤੇ ਡੈਨੀ ਅਤੇ ਫੇਰੇਡ ਦੀ ਅਗਵਾਈ ਵਿੱਚ ਕੁਝ ਛੋਟੇ ਪੱਧਰ ‘ਤੇ ਗੁਪਤ ਰੂਪ ਵਿੱਚ ਲੋਕਾਂ ਨੂੰ ਕੱਢਿਆ ਗਿਆ।
ਖਾਰਤੌਮ ਏਅਰਪੋਰਟ ਜ਼ਰੀਏ ਈਥੋਪੀਅਨ ਯਹੂਦੀਆਂ ਨੂੰ ਜਾਅਲ਼ੀ ਕਾਗਜ਼ਾਂ ਨਾਲ ਯੂਰਪ ਭੇਜਿਆ ਗਿਆ ਅਤੇ ਫਿਰ ਇਜ਼ਰਾਈਲ।
ਪਰ ਜਿਵੇਂ, ਗਿਣਤੀ ਵਧੀ ਇਹ ਸਪੱਸ਼ਟ ਹੋ ਗਿਆ ਸੀ ਕਿ ਕੋਈ ਹੋਰ ਤਰੀਕਾ ਲੱਭਣਾ ਪਵੇਗਾ।
ਓਪਰੇਸ਼ਨ ਬਾਰੇ ਆਉਣ ਵਾਲੀ ਕਿਤਾਬ ਵਿੱਚ ਡੈਨੀ ਯਾਦ ਕਰਦਾ ਹੈ, “ਮੈਂ ਸਮੁੰਦਰ ਬਾਰੇ ਸੋਚ ਰਿਹਾ ਸੀ। ਜੇ ਅਸੀਂ ਲੋਕਾਂ ਨੂੰ ਸੁਡਾਨ ਤੋਂ ਲਾਲ ਸਮੁੰਦਰ(ਰੈੱਡ ਸੀ) ਜ਼ਰੀਏ ਕੱਢ ਲਿਆਈਏ ਤਾਂ ਅਸੀਂ ਵੱਡੇ ਪੱਧਰ ਤੇ ਇਹ ਕੰਮ ਕਰ ਸਕਦੇ ਹਾਂ।”
1980 ਵਿੱਚ ਸੁਡਾਨ ਦੇ ਤੱਟੀ ਖੇਤਰ ਵਿੱਚ ਡੈਨੀ ਅਤੇ ਇੱਕ ਹੋਰ ਏਜੰਟ ਲੈਂਡਿੰਗ ਬੀਚ ਤਲਾਸ਼ ਰਹੇ ਸੀ ਜਦੋਂ ਉਨ੍ਹਾਂ ਦੀ ਨਜ਼ਰ ਅਰਾਊਜ਼ ਦੇ ਇੱਕ ਰਿਜ਼ੌਰਟ ‘ਤੇ ਪਈ।
ਇਹ ਸੁਡਾਨ ਪੋਰਟ ਤੋਂ 70 ਕਿੱਲੋਮੀਟਰ ਉੱਤਰ ਵਿੱਚ ਸੀ।
ਉਹ ਕਹਿੰਦੇ ਹਨ,“ਅਸੀਂ ਜੋ ਦੇਖਿਆ ਸਾਨੂੰ ਮਿਰਾਜ ਜਿਹਾ ਜਾਪਿਆ।ਅਸੀਂ ਲਾਲ ਟਾਈਲਾਂ ਵਾਲੀਆਂ ਛੱਤਾਂ ਦੇਖੀਆਂ, ਪਰ ਅਸੀਂ ਸੁਡਾਨ ਵਿੱਚ ਸੀ, ਕਿਤੇ ਹੋਰ ਨਹੀਂ।”
ਉਸ ਦੀ ਦੇਖਭਾਲ ਕਰਨ ਵਾਲੇ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਨੂੰ ਇਟਲੀ ਦੀ ਇੱਕ ਕੰਪਨੀ ਚਲਾਉਂਦੀ ਸੀ ਪਰ ਕੁਝ ਸਾਲ ਪਹਿਲਾਂ ਬੰਦ ਕਰ ਦਿੱਤਾ ਗਿਆ ਹੈ।
ਉਹ ਉਨ੍ਹਾਂ ਨੂੰ ਅੰਦਰ ਲੈ ਗਿਆ ਅਤੇ ਸਾਰਾ ਰਿਜ਼ੌਰਟ ਦਿਖਾਇਆ।
ਡੈਨੀ ਕਹਿੰਦੇ ਹਨ, “ਅਸੀਂ ਤੁਰੰਤ ਇਸ ਦਾ ਮਤਲਬ ਸਮਝ ਗਏ। ਜੇ ਅਸੀਂ ਇਹ ਪਿੰਡ ਲੈ ਲਈਏ ਤਾਂ ਅਸੀਂ ਇਸ ਧਰਤੀ ਦੇ ਰਾਜੇ ਹੋਵਾਂਗੇ।”
ਅੱਗੇ ਜੋ ਹੋਇਆ, ਨੈੱਟਫਲਿਕਸ ਦੀ ਫ਼ਿਲਮ ‘ਰੈੱਡ ਸੀ ਡਾਈਵਿੰਗ ਰਿਜ਼ੌਰਟ ਉਸ ਬਾਰੇ ਹੈ। ਇਹ ਨਾਮੀਬੀਆ ਵਿੱਚ ਫਿਲਮਾਈ ਗਈ ਹੈ, ਜਿੱਥੇ ਉਨ੍ਹਾਂ ਨੇ ਰਿਜ਼ੌਰਟ ਨੂੰ ਰੀਕ੍ਰੀਏਟ ਕੀਤਾ ਗਿਆ ਹੈ।
ਫ਼ਿਲਮ ਬਚਾਅ ਓਪਰੇਸ਼ਨ ਅਤੇ ਹੋਲੀਡੇਅ ਵਿਲੇਜ ਨੂੰ ਦਿਖਾਉਂਦੀ ਹੈ। ਕੈਪਟਨ ਅਮੇਰੀਕਾ ਸਟਾਰ ਐਕਟਰ ਕ੍ਰਿਸ ਈਵਾਨਜ਼, ਇਸ ਫ਼ਿਲਮ ਵਿੱਚ ਹਨ।
ਉਨ੍ਹਾਂ ਦਾ ਕਿਰਦਾਰ ਡੈਨੀ ਤੋਂ ਪ੍ਰੇਰਿਤ ਹੈ। ਇਸ ਭੂਮਿਕਾ ਬਾਰੇ ਖੋਜ ਦੌਰਾਨ ਈਵਾਨਜ਼ ਦੀ ਡੈਨੀ ਨਾਲ ਮੁਲਾਕਾਤ ਵੀ ਹੋਈ। ਬਾਕੀ ਕਿਰਦਾਰ ਮਿਸ਼ਨ ਲਈ ਡੈਨੀ ਦੀ ਟੀਮ ਦੇ ਮੈਂਬਰਾਂ ‘ਤੇ ਅਧਾਰਿਤ ਹਨ।
ਫ਼ਿਲਮ ਵਿੱਚ ਸਪੱਸ਼ਟ ਕੀਤਾ ਗਿਆ ਹੈ, ਇਹ ਅਸਲ ਕਹਾਣੀ ਨਹੀਂ ਹੈ ਬਲਕਿ ਅਸਲ ਘਟਨਾਵਾਂ ਤੋਂ ਪ੍ਰੇਰਿਤ ਫ਼ਿਲਮ ਹੈ।
ਕੁਝ ਦ੍ਰਿਸ਼, ਜੋ ਹੋਇਆ ਉਸ ਨੂੰ ਦਰਸਾਉਂਦੇ ਹਨ ਪਰ ਕੁਝ ਹਿੱਸੇ ਪੂਰੀ ਤਰ੍ਹਾਂ ਹਾਲੀਵੁੱਡ ਹਨ ਜਿਵੇਂ ਕਿ , ਰਿਜ਼ੋਰਟ ਜ਼ਰੀਏ ਕਿਸੇ ਯਹੂਦੀ ਦੀ ਤਸਕਰੀ ਨਹੀਂ ਹੋਈ, ਅਤੇ ਅਮਰੀਕੀ ਇਸ ਓਪਰੇਸ਼ਨ ਬਾਰੇ ਨਹੀਂ ਜਾਣਦੇ ਸੀ।
1947 ਵਿੱਚ ਇਟਲੀ ਦੇ ਕਾਰੋਬਾਰੀਆਂ ਵੱਲੋਂ ਤਿਆਰ ਕੀਤਾ ਗਿਆ ਇਹ ਰਿਜ਼ੋਰਟ 15 ਲਾਲ ਛੱਤਾਂ ਵਾਲੇ ਬੰਗਲਿਆਂ ਦਾ ਸਮੂਹ ਸੀ।
ਇੱਕ ਰਸੋਈ ਸੀ, ਇੱਕ ਵੱਡਾ ਡਾਈਨਿੰਗ ਰੂਮ ਸੀ ਜਿਸ ਦਾ ਦਰਵਾਜ਼ਾ ਬੀਚ ‘ਤੇ ਖੁੱਲ੍ਹਦਾ ਸੀ, ਇੱਕ ਲਾਗੂਨ ਅਤੇ ਸਮੁੰਦਰ ।
ਕੋਈ ਬੁਨਿਆਦੀ ਢਾਂਚਾ ਨਹੀਂ ਸੀ, ਇੱਥੋਂ ਤੱਕ ਕਿ ਸਿੱਧੀ ਸੜਕ ਵੀ ਨਹੀਂ ਪਰ ਬਟਾਲੀਅਨਾਂ ਨੇ ਜਨਰੇਟਰ ਲਿਆਂਦਾ ਅਤੇ ਪੋਰਟ ਸੁਡਾਨ ਤੋਂ ਤਾਜ਼ਾ ਪਾਣੀ ਮਿਲਿਆ।
ਉਨ੍ਹਾਂ ਨੇ ਪੰਜ ਸਾਲ ਤੱਕ ਸਫਲਤਾਪੂਰਵਕ ਇਸ ਨੂੰ ਚਲਾਇਆ ਪਰ ਫਿਰ ਸੁਡਾਨ ਦੇ ਅਧਿਕਾਰੀਆਂ ਨਾਲ ਵਿਵਾਦਾਂ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ।
ਪਛਾਣ ਨਾ ਦੱਸਣ ਦੀ ਸ਼ਰਤ ‘ਤੇ ਇੱਕ ਏਜੰਟ ਨੇ ਕਿਹਾ, “ਮੋਸਾਡ ਦੀ ਮਦਦ ਬਿਨ੍ਹਾਂ ਇੱਥੇ ਕੰਮ ਕਰਨਾ ਬਹੁਤ ਔਖਾ ਹੈ।”
ਖੁਦ ਨੂੰ ਇੱਕ ਜਾਅਲੀ ਸਵਿੱਸ ਟੂਰਿਜ਼ਮ ਕੰਪਨੀ ਦਾ ਡਾਇਰੈਕਟਰ ਦੱਸ ਕੇ ਡੈਨੀ ਨੇ ਸੁਡਾਨ ਦੇ ਅਧਿਕਾਰੀਆਂ ਨੂੰ ਮਨਾਇਆ ਕਿ ਉਹ ਇਸ ਰਿਜ਼ੌਰਟ ਨੂੰ ਮੁੜ ਚਲਾ ਸਕਦਾ ਹੈ ਅਤੇ ਟੂਰਿਜ਼ਮ ਵਾਪਸ ਲਿਆਂਦਾ ਜਾ ਸਕਦਾ ਹੈ।
ਉਹ ਉਸ ਵੇਲੇ 106,000 ਯੂਰੋ ਵਿੱਚ ਇਹ ਪ੍ਰਾਪਰਟੀ ਉਸ ਨੂੰ ਕਿਰਾਏ ‘ਤੇ ਦੇਣ ਲਈ ਮੰਨ ਗਏ।
ਅਰਾਊਜ਼ ਦਾ ਲੋਗੋ
ਜਾਅਲੀ ਰਿਜ਼ੌਰਟ ਤਿਆਰ ਕਰਨਾ
ਡੈਨੀ ਅਤੇ ਉਸ ਦੇ ਟੀਮ ਮੈਂਬਰਾਂ ਨੇ ਪਹਿਲਾ ਸਾਲ ਇਸ ਦੇ ਨਵੀਨੀਕਰਨ ਵਿੱਚ ਲਗਾਇਆ।
ਰਿਜ਼ੋਰਟ ਨੂੰ ਇਜ਼ਰਾਈਲ ਵਿੱਚ ਬਣੇ ਯੰਤਰਾਂ ਨਾਲ ਲੈਸ ਕੀਤਾ ਗਿਆ ਜਿਵੇਂ ਕਿ ਏਅਰ ਕੰਡੀਸ਼ਨਰ, ਆਊਟਬੋਰਡ ਮੋਟਰਾਂ, ਪਾਣੀ ਦੀਆਂ ਖੇਡਾਂ ਵਾਲਾ ਬਹਿਤਰੀਨ ਸਮਾਨ ਵਗੈਰਾ।
ਉਨ੍ਹਾਂ ਨੇ 15 ਸਥਾਨਕ ਲੋਕਾਂ ਨੂੰ ਸਟਾਫ਼ ਵਜੋਂ ਨੌਕਰੀ ‘ਤੇ ਰੱਖਿਆ। ਇਨ੍ਹਾਂ ਵਿੱਚ ਇੱਕ ਸ਼ੈਫ ਵੀ ਸੀ, ਜਿਸ ਬਾਰੇ ਇੱਕ ਏਜੰਟ ਨੇ ਦੱਸਿਆ ਕਿ ਉਸ ਨੂੰ ਉਨ੍ਹਾਂ ਨੇ ਉਸ ਦੀ ਪਿਛਲੀ ਨੌਕਰੀ ਤੋਂ ਦੁੱਗਣੀ ਤਨਖਾਹ ਦਿੱਤੀ।
ਕਿਸੇ ਸਟਾਫ਼ ਮੈਂਬਰ ਨੂੰ ਰਿਜ਼ੌਰਟ ਦੇ ਅਸਲੀ ਉਦੇਸ਼ ਬਾਰੇ ਜਾਣਕਾਰੀ ਨਹੀਂ ਸੀ, ਨਾ ਹੀ ਇਹ ਪਤਾ ਸੀ ਕਿ ਉਨ੍ਹਾਂ ਦੇ ਮੈਨੇਜਰ ਇੱਕ ਮੋਸਾਡ ਏਜੰਟ ਹਨ।
ਟੀਮ ਦੀਆਂ ਮਹਿਲਾ ਮੈਂਬਰਾਂ ਨੂੰ ਇੱਥੋਂ ਦੇ ਰੋਜ਼ਮਰ੍ਹਾ ਦੇ ਕੰਮਾਂ ਦਾ ਜਿੰਮਾ ਸੌਂਪਿਆ ਗਿਆ ਸੀ, ਤਾਂ ਕਿ ਕਿਸੇ ਤਰ੍ਹਾਂ ਦਾ ਸ਼ੱਕ ਨਾ ਹੋਵੇ।
ਡਾਈਵਿੰਗ ਸਟੋਰ-ਰੂਮ, ਪਹੁੰਚ ਤੋਂ ਬਾਹਰ ਸੀ। ਇਸ ਵਿੱਚ ਰੇਡੀਓ ਰੱਖੇ ਹੋਏ ਸਨ ਜਿਨ੍ਹਾਂ ਜ਼ਰੀਏ ਏਜੰਟ ਹੈਡਕੁਆਟਰਜ਼ ਨਾਲ ਸੰਪਰਕ ਕਰਦੇ ਸੀ।
ਦਿਨ ਵੇਲੇ ਮਹਿਮਾਨਾਂ ਦੀ ਦੇਖ ਰੇਖ ਕਰਦਿਆਂ, ਅਕਸਰ ਰਾਤ ਵੇਲੇ ਇੱਕ ਟੀਮ ਹਨੇਰੇ ਵਿੱਚ 900 ਕਿੱਲੋਮੀਟਰ ਦੂਰ ਇੱਕ ਮੀਟਿੰਗ ਪੁਆਇੰਟ ਲਈ ਨਿਕਲਦੀ ਸੀ।
ਉੱਥੇ ਉਹ ਕੈਂਪਾਂ ਤੋਂ ਲਿਆਂਦੇ ਈਥੋਪੀਅਨ ਯਹੂਦੀਆਂ ਦੇ ਗਰੁਪ ਨੂੰ ਚੁੱਕਦੇ ਸੀ, ਜਿਨ੍ਹਾਂ ਨੂੰ ਇਸ ਕੰਮ ਲਈ ਨਿਯੁਕਤ ਬੀਟਾ ਇਜ਼ਰਾਈਲੀਆਂ ਨੇ ਉੱਥੇ ਪਹੁੰਚਾਇਆ ਹੁੰਦਾ ਸੀ।
“ਪਹਿਲਾਂ ਪਹਿਲਾਂ, ਰਫ਼ਿਊਜੀਆਂ ਨੂੰ 24 ਘੰਟਿਆਂ ਦਾ ਨੋਟਿਸ ਦਿੱਤਾ ਜਾਂਦਾ ਸੀ ਕਿ ਉਨ੍ਹਾਂ ਨੂੰ ਬਾਹਰ ਕੱਢਿਆ ਜਾਣ ਵਾਲਾ ਹੈ। ਉਨ੍ਹਾਂ ਨੂੰ ਇਹ ਨਹੀਂ ਦੱਸਿਆ ਜਾਂਦਾ ਸੀ ਕਿ ਕਿੱਥੇ ਲਿਜਾਇਆ ਜਾਏਗਾ ਪਰ ਉਹ ਸਮਝਦੇ ਸੀ ਕਿ ਇਹ ਯੇਰੂਸ਼ਲਮ ਹੋਵੇਗਾ।”
ਈਥੋਪੀਅਨ ਯਹੂਦੀਆਂ ਨੂੰ ਇੱਕ ਨੇਵੀ ਵਾਹਨ ਜ਼ਰੀਏ ਲੈ ਜਾਏ ਜਾਣ ਦੀ ਤਸਵੀਰ
ਡੈਨੀ ਨੇ ਦੱਸਿਆ, “ਪਰ ਬਾਅਦ ਵਿੱਚ, ਮਿਸ਼ਨ ਬਾਰੇ ਜਾਣਕਾਰੀਆਂ ਲੀਕ ਹੋਣ ਦੇ ਡਰੋਂ, ਨੋਟਿਸ ਦੇਣਾ ਬੰਦ ਕਰ ਦਿੱਤਾ ਗਿਆ। ਉਨ੍ਹਾਂ ਨੂੰ ਬੱਸ ਚੁੱਪ ਚਾਪ ਉਠਾਇਆ ਜਾਂਦਾ ਸੀ, ਅਤੇ ਕਿਹਾ ਜਾਂਦਾ ਸੀ ਕਿ ਜਾਣ ਦਾ ਸਮਾਂ ਹੋ ਗਿਆ ਹੈ।”
ਉੱਥੋਂ, ਪਰੇਸ਼ਾਨ ਰਫਿਊਜੀਆਂ ਨੂੰ ਲਿਜਾਣ ਵਾਲਾ ਲਾਰੀਆਂ ਦਾ ਇੱਕ ਕਾਰਵਾਂ ਦੋ ਦਿਨਾਂ ਦੇ ਸਫਰ ‘ਤੇ ਨਿਕਲਦਾ ਸੀ। ਉਹ ਸਿਰਫ਼ ਰਾਤ ਨੂੰ ਸਫਰ ਕਰਦੇ ਸੀ ਅਤੇ ਦਿਨ ਵੇਲੇ ਲੁਕ ਜਾਂਦੇ ਸੀ।
ਓਪਰੇਸ਼ਨ ਦੇ ਸ਼ੁਰੂਆਤੀ ਦਿਨਾਂ ਵਿੱਚ, ਵਾਹਨ ਚੈੱਕ-ਪੁਆਇੰਟਾਂ ਤੋਂ ਗੁਜ਼ਰਦੇ ਸੀ ਪਰ ਇੱਕ ਗਾਰਡ ਵੱਲੋਂ ਗੋਲੀ ਚਲਾਏ ਜਾਣ ਬਾਅਦ ਇਹ ਬੰਦ ਹੋ ਗਿਆ।
ਜਦੋਂ ਲੁਕਣ ਲਈ ਲਾਰੀਆਂ ਵਿੱਚੋਂ ਯਹੂਦੀਆਂ ਨੂੰ ਉਤਾਰਿਆ ਜਾਂਦਾ ਸੀ , ਤਾਂ ਇਹ ਇਸ ਭੁਲੇਖੇ ਜ਼ਮੀਨ ਨੂੰ ਚੁੰਮ ਲੈਂਦੇ ਕਿ ਉਹ ਪਵਿੱਤਰ ਸ਼ਹਿਰ ਵਿੱਚ ਪਹੁੰਚ ਚੁੱਕੇ ਹਨ।
ਜਿਵੇਂ ਹੀ ਉਹ ‘ਹੋਲੀਡੇਅ ਵਿਲੇਜ’ ਦੇ ਤੱਟ ਨੇੜੇ ਆਉਂਦੇ, ਇਜ਼ਰਾਈਲ ਨੇਵੀ ਦੇ ਖਾਸ ਦਸਤੇ ਬੇੜੀਆਂ ‘ਤੇ ਆਉਂਦੇ, ਰਫ਼ਿਊਜੀਆ ਨੂੰ ਉੱਥੋਂ ਲਿਜਾਂਦੇ ਅਤੇ ਇਜ਼ਰਾਈਲ ਦੇ ਪਾਣੀ ਵਾਲੇ ਜਹਾਜ਼ ਆਈਐੱਨਐੱਸ ਬੈਟ ਗਾਲੀਮ ਤੱਕ ਪਹੁੰਚਾਉਂਦੇ, ਜੋ ਕਿ ਸਮੁੰਦਰ ਵਿੱਚ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਹੁੰਦਾ ਸੀ।
ਫਿਰ ਉਹ ਜਹਾਜ਼ ਉਨ੍ਹਾਂ ਨੂੰ ਇਜ਼ਰਾਈਲ ਲੈ ਕੇ ਜਾਂਦਾ ਸੀ।
ਇੱਕ ਏਜੰਟ ਨੇ ਦੱਸਿਆ, “ਇਹ ਖ਼ਤਰੇ ਭਰਿਆ ਹੁੰਦਾ ਸੀ। ਅਸੀਂ ਸਾਰੇ ਜਾਣਦੇ ਸੀ ਕਿ ਜੇ ਸਾਡੇ ਵਿੱਚੋਂ ਇੱਕ ਵੀ ਫੜਿਆ ਗਿਆ ਤਾਂ ਖਾਰਤੌਮ ਦੇ ਕੇਂਦਰ ਵਿੱਚ ਫਾਂਸੀ ਦੇ ਤਖ਼ਤੇ ’ਤੇ ਲਟਕਾ ਦਿੱਤੇ ਜਾਵਾਂਗੇ।”
ਉਹ ਮਾਰਚ 1982 ਨੂੰ ਅਜਿਹਾ ਹੋਣ ਦੇ ਨੇੜੇ ਆ ਗਏ ਸੀ, ਜਦੋਂ ਅਜਿਹੇ ਤੀਜੇ ਓਪਰੇਸ਼ਨ ਵਿੱਚ ਸੁਡਾਨ ਦੇ ਸਿਪਾਹੀਆਂ ਨੇ ਟਰਾਂਸਫ਼ਰ ਦੌਰਾਨ ਇੱਕ ਗਰੁਪ ਨੂੰ ਦੇਖ ਲਿਆ ਸੀ।
ਤਸਕਰਾਂ ਦਾ ਸ਼ੱਕ ਜਤਾਉਂਦਿਆਂ ਇੱਕ ਸਿਪਾਹੀ ਨੇ ਗੋਲੀ ਚਲਾਈ ਪਰ ਈਥੋਪੀਅਨਜ਼ ਨੂੰ ਲਿਜਾ ਰਹੀ ਬੇੜੀ ਬਚ ਨਿਕਲਣ ਵਿੱਚ ਕਾਮਯਾਬ ਹੋ ਗਈ।
ਇਸ ਤੋਂ ਬਾਅਦ ਫ਼ੈਸਲਾ ਲਿਆ ਗਿਆ ਕਿ ਪਾਣੀ ਦੇ ਰਸਤੇ ਇਨ੍ਹਾਂ ਨੂੰ ਕੱਢਣਾ ਬਹੁਤ ਜੋਖਮ ਭਰਿਆ ਹੈ।
ਇਸ ਲਈ ਨਵੀਂ ਯੋਜਨਾ ਬਣਾਈ ਗਈ। ਏਜੰਟਾਂ ਨੂੰ ਮਾਰੂਥਲ ਵਿੱਚ ਸੀ-130 ਹਰਕਿਊਲਜ਼ ਜਹਾਜ਼ ਲੈਂਡ ਕਰਾਉਣ ਲਈ ਥਾਂ ਲੱਭਣ ਲਈ ਕਿਹਾ ਗਿਆ। ਰਫ਼ਿਊਜੀਆ ਨੂੰ ਗੁਪਤ ਤਰੀਕੇ ਨਾਲ ਦੇਸ਼ ਤੋਂ ਏਅਰਲਿਫਟ ਕੀਤਾ ਜਾਣਾ ਸੀ।
ਇਸ ਸਭ ਦੌਰਾਨ, ਇਜ਼ਰਾਈਲੀਆਂ ਨੇ ਡਾਈਵਿੰਗ ਰਿਜ਼ੋਰਟ ਚਲਾਉਣਾ ਅਤੇ ਮਹਿਮਾਨਾਂ ਦੀ ਦੇਖ ਭਾਲ ਜਾਰੀ ਰੱਖੀ।
ਪਰ ਹੁਣ, ਅਰਾਊਜ਼ ਪਿੰਡ ਦਾ ਇੱਕ ਰੁਤਬਾ ਬਣ ਗਿਆ ਸੀ ਅਤੇ ਇਸ ਬਾਰੇ ਪਤਾ ਲੱਗਣ ਲੱਗਿਆ ਸੀ।
ਇਸ ਥਾਂ ’ਤੇ ਰਹਿ ਚੁੱਕੇ ਇੱਕ ਅਮਰੀਕੀ ਮਹਿਮਾਨ ਨੇ ਮੈਨੂੰ ਦੱਸਿਆ, “ਅਰਾਊਜ਼ ਵਾਕਈ ਬਹੁਤ ਸੋਹਣਾ ਸੀ। ਉਨ੍ਹਾਂ ਕੋਲ ਬਹੁਤ ਪਿਆਰੇ ਛੁੱਟੀਆਂ ਬਿਤਾਉਣ ਲਈ ਬਣੇ ਕੇਬਿਨ ਸਨ।”
“ਤੁਸੀਂ ਕਿਸ਼ਤੀਆਂ ’ਤੇ ਜਾਂਦੇ ਸੀ ਅਤੇ ਗ਼ੋਤੇ ਲਗਾਉਂਦੇ ਸੀ, ਸਮੁੰਦਰ ਹੇਠਲੀ ਦੁਨੀਆਂ ਦੇਖਦੇ ਸੀ, ਜੋ ਕਿ ਬਾਕਮਾਲ ਸੀ।”
ਮੈਨੂੰ ਯਾਦ ਹੈ ਕਿ ਯੂਰਪੀਅਨ ਸਟਾਫ਼ ਕਾਫ਼ੀ ਜਵਾਨ, ਸਿਹਤਮੰਦ ਅਤੇ ਫਿੱਟ ਸੀ। ਡਿਨਰ ਵੇਲੇ ਲੋਕ ਕਹਿੰਦੇ ਸੀ, ਇਸ ਜਗ੍ਹਾ ‘ਤੇ ਆਖਿਰ ਰਿਜ਼ੌਰਟ ਕਿਉਂ ਬਣਾਇਆ?
ਸਪੱਸ਼ਟ ਰੂਪ ਵਿੱਚ ਜਵਾਬ ਸੀ ਕਿ ਇਹ ਥਾਂ ਬਹੁਤ ਹੀ ਮਨਮੋਹਕ ਅਤੇ ਅਣਛੂਹੀ ਸੀ।
ਰਿਜ਼ੌਰਟ ਵਿੱਚ ਕਈ ਤਰ੍ਹਾਂ ਦੇ ਲੋਕ ਆਏ ਜਿਵੇਂ ਕਿ ਇਜੀਪਟ ਦੀ ਆਰਮੀ ਯੂਨਿਟ, ਬ੍ਰਿਟਿਸ਼ ਐੱਸਏਐੱਸ ਸਿਪਾਹੀਆਂ ਜਾ ਇੱਕ ਗਰੁੱਪ, ਖਾਰਤੌਮ ਤੋਂ ਵਿਦੇਸ਼ੀ ਡਿਪਲੋਮੇਟ ਅਤੇ ਸੁਡਾਨ ਦੇ ਅਫਸਰ, ਪਰ ਕਿਸੇ ਨੂੰ ਵੀ ਮੇਜ਼ਬਾਨਾਂ ਦੀ ਅਸਲ ਪਛਾਣ ਬਾਰੇ ਪਤਾ ਨਹੀਂ ਸੀ।
ਅਰਾਊਜ਼ ਪਿੰਡ ਨੇ ਕਾਫ਼ੀ ਪੈਸਾ ਕਮਾਇਆ, ਜੋ ਕਿ ਮੋਸਾਡ ਹੈਡਕੁਆਟਰਜ਼ ਵਿੱਚ ਲੇਖਾਕਾਰਾਂ ਲਈ ਰਾਹਤ ਦੀ ਗੱਲ ਸੀ।
ਕੁਝ ਕਮਾਈ ਰਫ਼ਿਊਜੀਆਂ ਨੂੰ ਲਿਜਾਣ ਲਈ ਵਰਤੀਆਂ ਜਾਂਦੀਆਂ ਲਾਰੀਆਂ ਖ਼ਰੀਦਣ ਜਾਂ ਕਿਰਾਏ ‘ਤੇ ਲੈਣ ਲਈ ਵਰਤੀ ਜਾਂਦੀ ਸੀ।
ਈਥੋਪੀਅਨ ਯਹੂਦੀ ਇਜ਼ਰਾਇਲੀ ਸਮੁੰਦਰੀ ਜਹਾਜ਼ ਉੱਤੇ ਖਾਣਾ ਖਾਂਦੇ ਹੋਏ
ਸੁਰੱਖਿਅਤ ਥਾਂ ’ਤੇ ਏਅਰਲਿਫਟ
ਇਸ ਦੌਰਾਨ ਏਅਰਲਿਫਟ ਦਾ ਕੰਮ ਸ਼ੁਰੂ ਹੋ ਗਿਆ। ਇਜ਼ਰਾਈਲ ਦੇ ਏਅਰ ਫੋਰਸ ਪਲਾਨਰਜ਼ ਨੇ ਦੂਜੇ ਵਿਸ਼ਵ ਯੁੱਧ ਦੀਆਂ ਬ੍ਰਿਟਿਸ਼ ਏਅਰਫੀਲਡਜ਼ ਦੀ ਪਛਾਣ ਕੀਤੀ ਜੋ ਕਿ ਤੱਟ ਤੋਂ ਜ਼ਿਆਦਾ ਦੂਰ ਨਹੀਂ ਸੀ।
ਮਈ 1982 ਵਿੱਚ, ਇਜ਼ਰਾਈਲੀ ਕਮਾਂਡੋਜ਼ ਨੂੰ ਲਿਆ ਰਿਹਾ ਪਹਿਲਾ ਹਰਕਿਊਲਜ਼ ਰਾਤ ਦੇ ਹਨੇਰੇ ਵਿੱਚ ਉੱਥੇ ਲੈਂਡ ਕੀਤਾ।
ਡੈਨੀ ਨੇ ਦੱਸਿਆ, “ਬਹੁਤ ਸਾਰੇ ਈਥੋਪੀਅਨਜ਼ ਯਹੂਦੀਆਂ ਨੇ ਇਸ ਤੋਂ ਪਹਿਲਾਂ ਕਦੇ ਵੀ ਲਾਰੀ ਨਹੀਂ ਦੇਖੀ ਸੀ, ਉਨ੍ਹਾਂ ਲਈ ਹਰੀ ਲਾਈਟ ਵਾਲੀਆਂ ਸੋਟੀਆਂ ਫੜੀ ਕਮਾਂਡੋ, ਏਲੀਅਨਜ਼ ਬਰਾਬਰ ਸੀ ਅਤੇ ਉਹ ਜਹਾਜ਼ ਦੇ ਅੰਦਰ ਜਾਣ ਤੋਂ ਡਰ ਰਹੇ ਸੀ।”
ਦੋ ਏਅਰਲਿਫਟ ਮਿਸ਼ਨਾਂ ਤੋਂ ਬਾਅਦ, ਮੋਸਾਡ ਨੂੰ ਪਤਾ ਲੱਗਿਆ ਕਿ ਸੁਡਾਨ ਦੇ ਅਧਿਕਾਰੀਆਂ ਨੂੰ ਸ਼ੱਕੀ ਗਤੀਵਿਧੀ ਦੀ ਭਿਣਕ ਲੱਗ ਗਈ ਸੀ ਅਤੇ ਉਹ ਹਮਲੇ ਦੀ ਯੋਜਨਾ ਬਣਾ ਰਹੇ ਸੀ।
ਟੀਮ ਨੂੰ ਫਿਰ ਲੈਂਡਿੰਗ ਲਈ ਹੋਰ ਗੁਪਤ ਥਾਂ ਲੱਭਣ ਲਈ ਕਿਹਾ ਗਿਆ ਸੀ।
ਇੱਕ ਏਜੰਟ ਮੁਤਾਬਕ, “ਉਨ੍ਹਾਂ ਨੇ ਗੇਡਾਰਿਫ ਦੇ ਹੋਰ ਨੇੜੇ ਕੁਝ ਥਾਂਵਾਂ ਦੀ ਪਛਾਣ ਕੀਤੀ, ਜਿਸ ਨਾਲ ਸੜਕੀ ਰਸਤਾ ਵੀ ਕੁਝ ਘੰਟਿਆਂ ਲਈ ਘਟਦਾ ਸੀ। ਕਮੀ ਇਹ ਸੀ ਕਿ ਏਅਰਸਟ੍ਰਾਈਪਸ ਨਹੀਂ ਸਨ, ਬੱਸ ਕੋਰਾ ਮਾਰੂਥਲ ਸੀ।”
ਉਹ ਕਹਿੰਦੇ ਹਨ,”ਸਟ੍ਰਾਈਪਸ ਬੜੀ ਮੁਸ਼ਕਿਲ ਨਾਲ ਦਿਸਦੀਆਂ ਸੀ। ਸਾਡੇ ਕੋਲ ਸਿਰਫ਼ ਛੋਟੀਆਂ ਛੋਟੀਆਂ 10 ਇਨਫਰਾਰੈੱਡ ਲਾਈਟਾਂ ਸੀ ਅਤੇ ਸੀ-130 ਪਾਈਲਟਾਂ ਨੇ ਲੰਬੀ ਥਕਾਨ ਭਰੀ ਯਾਤਰਾ ਤੋਂ ਬਾਅਦ ਬਿਨ੍ਹਾਂ ਨੈਵੀਗੇਸ਼ਨ ਯੰਤਰਾਂ ਦੇ ਸਾਨੂੰ ਲੱਭਣਾ ਹੁੰਦਾ ਸੀ।”
ਫਲਾਇੰਗ ਦੀ ਗੱਲ ਕਰੀਏ ਤਾਂ ਏਨਟੇਬੇ ਬਹੁਤ ਅਸਾਨ ਸੀ।
ਸੁਡਾਨ ਦੇ ਰਾਸ਼ਟਰਪਤੀ ਜਨਰਲ ਜਾਫਰ ਨੀਮੀਅਰੀ
ਯੁਗਾਂਡਾ ਵਿੱਚ ਸਾਲ 1976 ਦੇ ਬੰਧਕਾਂ ਨੂੰ ਬਚਾਉਣ ਵਾਲੇ ਓਪਰੇਸ਼ਨ ਨੂੰ ਯਾਦ ਕਰਦਿਆਂ ਉਹ ਕਹਿੰਦੇ ਹਨ।
ਜਿਸ ਵਿੱਚ ਇਜ਼ਰਾਈਲੀ ਹਰਕਿਊਲਜ਼ ਨੂੰ ਸਰਪਰਾਈਜ਼ ਰੇਡ ਵਿੱਚ ਏਅਰਪੋਰਟ ਤੇ ਲੈਂਡ ਹੁੰਦਿਆਂ ਦੇਖਿਆ ਗਿਆ ਅਤੇ ਫਿਰ ਕਮਾਂਡੋਜ਼ ਵੱਲੋਂ ਅਜ਼ਾਦ ਕਰਵਾਏ ਗਏ ਸੌ ਤੋਂ ਜ਼ਿਆਦਾ ਲੋਕਾਂ ਨੂੰ ਲੈ ਕੇ ਉਡਾਣ ਭਰਦੇ ਦੇਖਿਆ ਗਿਆ।
ਗੁੰਝਲਾਂ ਅਤੇ ਅਸਫਲਤਾ ਦੇ ਭਿਆਨਕ ਨਤੀਜਿਆਂ ਦੇ ਬਾਵਜੂਦ, ਰੈੱਡ ਡਾਈਵਿੰਗ ਸੀ ਦੇ ਏਜੰਟਾਂ ਦੇ ਤਾਲਮੇਲ ਨਾਲ 17 ਗੁਪਤ ਉਡਾਨਾਂ ਚਲਾਈਆਂ ਗਈਆਂ।
1984 ਦੇ ਅੰਤ ਵਿੱਚ, ਸੁਡਾਨ ਵਿੱਚ ਅਕਾਲ ਪੈ ਗਿਆ ਸੀ ਅਤੇ ਓਪਰੇਸ਼ਨ ਨੂੰ ਹੋਰ ਤੇਜ਼ ਕਰਨ ਦਾ ਫ਼ੈਸਲਾ ਲਿਆ ਗਿਆ।
ਯੂਐੱਸ ਦੀ ਦਖਲਅੰਦਾਜ਼ੀ ਅਤੇ ਵੱਡੀ ਅਦਾਇਗੀ ਦੇ ਨਾਲ, ਸੁਡਾਨ ਦੇ ਰਾਸ਼ਟਰਪਤੀ ਜਨਰਲ ਜਾਫਰ ਨੀਮੀਅਰੀ ਨੇ ਯਹੂਦੀ ਰਫ਼ਿਊਜੀਆਂ ਨੂੰ ਸਿੱਧੇ ਖਾਰਤੌਮ ਤੋਂ ਯੂਰਪ ਭੇਜੇ ਜਾਣ ’ਤੇ ਸਹਿਮਤੀ ਜਤਾਈ।
ਮਿਸ਼ਨ ਪੂਰੀ ਤਰ੍ਹਾਂ ਗੁਪਤ ਰੱਖੇ ਜਾਣ ਦੀ ਸ਼ਰਤ ‘ਤੇ ਉਨ੍ਹਾਂ ਨੇ ਅਜਿਹਾ ਕੀਤਾ।
ਲਗਾਤਾਰ ਗੁਪਤ 28 ਏਅਰਲਿਫਟ ਓਪਰੇਸ਼ਨਾਂ ਵਿੱਚ, ਇੱਕ ਯਹੂਦੀ ਬੈਲਜੀਅਨ ਏਅਰਲਾਈਨ ਮਾਲਿਕ ਵੱਲੋਂ ਦਿੱਤੇ ਗਏ ਬੋਇੰਗ ਏਅਰਕਰਾਫਟ ’ਤੇ 6,380 ਈਥੋਪੀਅਨ ਯਹੂਦੀ ਬਰੂਸਲਜ਼ ਭੇਜੇ ਗਏ ਅਤੇ ਫਿਰ ਸਿੱਧੇ ਇਜ਼ਰਾਈਲ।
ਏਅਰਲਿਫਟ ਨੂੰ ਕੋਡ ਨਾਮ ‘ਓਪਰੇਸ਼ਨ ਮੋਸੇਜ਼’ ਦਿੱਤਾ ਗਿਆ ਸੀ।
ਇਜ਼ਰਾਈਲ ਵਿੱਚ ਮੀਡੀਆ ਬਲੈਕ ਆਊਟ ਸੀ, ਪਰ ਆਖਿਰਕਾਰ ਖ਼ਬਰ ਲੀਕ ਹੋ ਗਈ।
ਇਜ਼ਰਾਇਲੀ ਸੀ130 ਏਅਰਕ੍ਰਾਫ਼ਟ
ਕਹਾਣੀ ਬਾਹਰ ਆ ਗਈ
ਸੁਡਾਨ ਨੇ ਜਨਤਕ ਤੌਰ ਉੱਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ।
ਦੋ ਮਹੀਨਿਆਂ ਬਾਅਦ, ਯੂਐੱਸ ਦੇ ਤਤਕਾਲੀ ਉਪ-ਰਾਸ਼ਟਰਪਤੀ ਜੌਰਜ ਬੁਸ਼ ਦੀ ਸਿੱਧੀ ਬੇਨਤੀ ਤੋਂ ਬਾਅਦ, ਇੱਕ ਹੋਰ ਗੁਪਤ ਏਅਰਲਿਫਟ ਓਪਰੇਸ਼ਨ ਹੋਇਆ।
ਨੀਅਮਰੀ ਦੀ ਇਜਾਜ਼ਤ ਨਾਲ ਸੁਡਾਨ ਤੋਂ ਇੱਕ ਹੋਰ ਉਡਾਨ ਚੱਲੀ, ਜਿਸ ਵਿੱਚ ਓਪਰੇਸ਼ਨ ਮੋਸੇਜ਼ ਅਚਾਨਕ ਬੰਦ ਹੋਣ ਕਾਰਨ ਫਸੇ 492 ਈਥੋਪੀਅਨ ਯਹੂਦੀਆਂ ਨੂੰ ਬਾਹਰ ਕੱਢਿਆ ਗਿਆ।
ਹਾਲਾਂਕਿ, ਨਿਮੀਅਰੀ ਨੇ ਜ਼ੋਰ ਦਿੱਤਾ ਕਿ ਉਨ੍ਹਾਂ ਨੂੰ ਯੂਰਪ ਲਿਜਾਇਆ ਜਾਵੇ, ਪਰ ਜਹਾਜ਼ ਉਨ੍ਹਾਂ ਨੂੰ ਸਿੱਧੇ ਇਜ਼ਰਾਈਲ ਲੈ ਕੇ ਗਏ।
ਮੋਸਾਡ ਨੇ ਹੌਲੀਡੇਅ ਵਿਲੇਜ ਚਲਾਉਣਾ ਜਾਰੀ ਰੱਖਿਆ ਅਤੇ ਉਸ ਨੂੰ ਗੁਪਤ ਬਦਲ ਵਜੋਂ ਉਪਲਬਧ ਰੱਖਿਆ।
ਓਪਰੇਸ਼ਨ ਰੁਕਣ ਦੇ ਬਾਵਜੂਦ, ਏਜੰਟਾਂ ਨੂੰ ਹਾਲੇ ਵੀ ਮਹਿਮਾਨਾਂ ਦਾ ਧਿਆਨ ਰੱਖਣਾ ਪੈਂਦਾ ਸੀ ਅਤੇ ਈਸਟਰ ਮੌਕੇ ਹੋਰ ਏਜੰਟ ਉੱਥੇ ਆਉਂਦੇ ਸੀ ਕਿਉਂਕਿ ਰਿਜ਼ੋਰਟ ਪੂਰੀ ਤਰ੍ਹਾਂ ਭਰਿਆ ਹੁੰਦਾ ਸੀ।
ਬਾਹਰ, ਮਾਹੌਲ ਬਦਲ ਰਿਹਾ ਸੀ। ਮਾਰਚ ਵਿੱਚ ਨਿਮੀਅਰੀ ਦੇ ਖ਼ਿਲਾਫ਼ ਸ਼ੁਰੂ ਹੋਏ ਪ੍ਰਦਰਸ਼ਨ ਹੋਰ ਤੇਜ਼ ਹੋ ਗਏ ਸੀ ਅਤੇ 6 ਅਪ੍ਰੈਲ 1985 ਨੂੰ ਫ਼ੌਜੀ ਅਫਸਰਾਂ ਨੇ ਰਾਸ਼ਟਰਪਤੀ ਨੂੰ ਅਹੁਦੇ ਤੋਂ ਲਾਹ ਦਿੱਤਾ ਸੀ।
ਇਨ੍ਹਾਂ ਘਟਨਾਵਾਂ ਨੇ ਹੌਲੀਡੇਅ ਵਿਲੇਜ ਵਿੱਚ ਏਜੰਟਾਂ ਲਈ ਖ਼ਤਰਾ ਪੈਦਾ ਕਰ ਦਿੱਤਾ ਸੀ।
ਹੁਣ ਮੋਸਾਡ ਦੇ ਜਸੂਸਾਂ ਦੇ ਖ਼ਾਤਮੇ ਬਾਰੇ ਸੋਚਿਆ ਜਾ ਰਿਹਾ ਸੀ।
ਮੋਸਾਡ ਦੇ ਮੁਖੀ ਨੇ ਰਿਜ਼ੋਰਟ ਖਾਲੀ ਕਰਨ ਦਾ ਹੁਕਮ ਦੇ ਦਿੱਤਾ। ਈਸਟਰ ਹਫ਼ਤੇ ਦੇ ਅੰਤ ਤੱਕ ਇੰਤਜ਼ਾਰ ਕਰਨਾ ਸੁਰੱਖਿਅਤ ਸਮਝਦਿਆਂ, ਟੀਮ ਉੱਥੇ ਰਹੀ।
ਫਿਰ ਇੱਕ ਮੌਕਾ ਦੇਖ ਕੇ ਉਨ੍ਹਾਂ ਨੇ ਸਟਾਫ਼ ਨੂੰ ਕਿਹਾ ਕਿ ਉਹ ਗੋਤਾਖੋਰੀ ਦੇ ਨਵੇਂ ਸਪੌਟ ਲੱਭਣ ਲਈ ਕੁਝ ਦਿਨ ਲਈ ਜਾ ਰਹੇ ਹਨ।
“ਸਾਡੇ ਵਿੱਚੋਂ ਛੇ ਸਵੇਰ ਹੋਣ ਤੋਂ ਪਹਿਲਾਂ ਦੋ ਗੱਡੀਆਂ ਵਿਚ ਸਵਾਰ ਹੋ ਕੇ ਉੱਥੋਂ ਨਿਕਲ ਗਏ। ਇੱਕ ਸੀ -130 ਉੱਤਰ ਵਿੱਚ ਇੱਕ ਲੈਂਡਿੰਗ ਵਾਲੀ ਥਾਂ ’ਤੇ ਉਤਰਿਆ, ਜਿਸ ਥਾਂ ਨੂੰ ਅਸੀਂ ਪਹਿਲਾਂ ਕਦੇ ਨਹੀਂ ਸੀ ਵਰਤਿਆ।''''
''''ਅਸੀਂ ਉਸ ਵਿੱਚ ਸਵਾਰ ਹੋਏ ਅਤੇ ਘਰ ਆ ਗਏ।” ਪਛਾਣ ਨਾ ਦੱਸਣ ਦੀ ਸ਼ਰਤ ਤੇ ਇੱਕ ਹੋਰ ਏਜੰਟ ਇਹ ਕਹਿੰਦਾ ਹੈ।
ਉਹ ਕਹਿੰਦਾ ਹੈ, “ਪਿੰਡ ਵਿੱਚ ਸੈਲਾਨੀ ਸਨ। ਜਦੋਂ ਉੱਠੇ ਹੋਣਗੇ ਤਾਂ ਖੁਦ ਨੂੰ ਮਾਰੂਥਲ ਵਿੱਚ ਇਕੱਲਿਆਂ ਵੇਖਿਆ ਹੋਏਗਾ।”
“ਸਥਾਨਕ ਸਟਾਫ਼ ਹਾਲੇ ਵੀ ਉੱਥੇ ਸੀ ਪਰ ਹੋਰ ਕੋਈ ਨਹੀਂ ਸੀ। ਨਾ ਗੋਤਾਖੋਰੀ ਇੰਸਟ੍ਰਕਟਰ, ਨਾ ਲੇਡੀ ਮੈਨੇਜਰ ਅਤੇ ਨਾ ਕੋਈ ਹੋਰ।”
ਈਥੋਪੀਅਨ ਯਹੂਦੀ 1991 ਵਿੱਚ ਅਦੀਸ ਅਬਾਬਾ ਤੋਂ ਇੱਕ ਇਜ਼ਰਾਇਲੀ ਏਅਰ ਫੋਰਸ ਦੇ ਬੋਇੰਗ 707 ਵਿੱਚ ਸਵਾਰ ਕਰ ਕੇ ਲੈ ਜਾਏ ਗਏ ਸਨ।
ਜਦੋਂ ਜਹਾਜ਼ ਏਅਰਫੋਰਸ ਬੇਸ ਸਟੇਸ਼ਨ ‘ਤੇ ਲੈਂਡ ਕੀਤਾ, ਉਹ ਉਨ੍ਹਾਂ ਹੀ ਸੁਡਾਨੀ ਵਾਹਨਾਂ ਵਿੱਚ ਸਵਾਰ ਹੋ ਕੇ ਉੱਥੋਂ ਗਏ ਜਿਨ੍ਹਾਂ ਨਾਲ ਜਹਾਜ਼ ਚੜ੍ਹੇ ਸੀ।
ਏਜੰਟਾਂ ਦੇ ਅਚਾਨਕ ਚਲੇ ਜਾਣ ਕਾਰਨ, ਗੋਤਾਖੋਰੀ ਵਾਲਾ ਪਿੰਡ ਬੰਦ ਹੋ ਗਿਆ।
ਅਗਲੇ ਛੇ ਸਾਲ ਦੇ ਸਮੇਂ ਵਿੱਚ, ਹੋਰ ਓਪਰੇਸ਼ਨ ਚੱਲੇ ਅਤੇ ਤਕਰੀਬਨ 18000 ਬੀਟਾ ਇਜ਼ਰਾਈਲੀਆਂ ਨੂੰ ਯਹੂਦੀ ਸਟੇਟ ਵਿੱਚ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਮੌਕਾ ਮਿਲਿਆ।
ਫੇਰੇਡ ਅਕਲੁਮ ਦੀ ਜੇ ਗੱਲ ਕਰੀਏ, 1980 ਵਿੱਚ ਉਸ ਦਾ ਕਵਰ ਕਮਜ਼ੋਰ ਪੈ ਗਿਆ ਅਤੇ ਉਸ ਨੂੰ ਇਜ਼ਰਾਈਲ ਵਾਪਸ ਲਿਆਂਦਾ ਗਿਆ।
ਜਦੋਂ ਸਾਲ 2009 ਵਿੱਚ ਉਸ ਦੀ ਮੌਤ ਹੋਈ, ਮੋਸਾਡ ਦੇ ਮੁਖੀ ਅਤੇ ਸਾਬਕਾ ਮੁਖੀਆਂ ਸ਼ੱਕ ਹਜ਼ਾਰਾਂ ਈਥੋਪੀਅਨ ਇਜ਼ਰਾਈਲੀ ਉਸ ਦੀਆਂ ਅੰਤਿਮ ਰਸਮਾਂ ਮੌਕੇ ਪਹੁੰਚੇ।
ਉਹ ਉਨ੍ਹਾਂ ਲਈ ਕੌਮੀ ਨਾਇਕ ਸੀ ਅਤੇ ਹੈ।
ਡੈਨੀ ਕਹਿੰਦੇ ਹਨ,“ਉਹ ਮੇਰੇ ਲਈ ਭਰਾ ਜਿਹਾ ਸੀ। ਉਸ ਤੋਂ ਬਿਨ੍ਹਾਂ ਈਥੋਪੀਅਨ ਯਹੂਦੀਆਂ ਦੀ ਲੜਾਈ ਨਾ ਲੜੀ ਗਈ ਹੁੰਦੀ ਅਤੇ ਅਜਿਹਾ ਕੁਝ ਵੀ ਨਾ ਹੋਇਆ ਹੁੰਦਾ।”
ਇਹ ਦੋ ਵੱਡੇ ਪਹੀਆਂ ਦੇ ਮਿਲਣ ਜਿਹਾ ਸੀ, ਇੱਕ ਸੀ ਪੁਰਾਣੇ ਈਥੋਪੀਅਨ ਯਹੂਦੀਆਂ ਦਾ ਯੇਰੁਸ਼ਲਮ ਪਰਤਣ ਦਾ ਸੁਣਨਾ ਅਤੇ ਦੂਜਾ ਸੀ ਉਨ੍ਹਾਂ ਦੀ ਮਦਦ ਕਰਨ ਲਈ ਆਏ ਇਜ਼ਰਾਈਲੀ ਯਹੂਦੀ।
ਦੋਵਾਂ ਦਾ ਮਿਲਣਾ ਅਤੇ ਕਿਸੇ ਵੱਲੋਂ ਵੀ ਹਾਰ ਨਾ ਮੰਨਣਾ ਇਸ ਓਪਰੇਸ਼ਨ ਦੀ ਸਫਲਤਾ ਦਾ ਕਾਰਨ ਬਣਿਆ।
ਇਹ ਕਹਾਣੀ ਸਭ ਤੋਂ ਪਹਿਲੀ ਵਾਰ 19 ਅਪ੍ਰੈਲ 2018 ਨੂੰ ਪਬਲਿਸ਼ ਹੋਈ ਸੀ।
ਇਸ ਨੂੰ ਨੈੱਟਫਲਿਕਸ ਦੀ ਫ਼ਿਲਮ ਰਿਲੀਜ਼ ਬਾਰੇ ਦੱਸਣ ਲਈ ਅਪਡੇਟ ਕੀਤਾ ਗਿਆ ਹੈ ਅਤੇ ਮੋਸਾਡ ਓਪਰੇਸ਼ਨ ਬਾਰੇ ਨਵੀਆਂ ਜਾਣਕਾਰੀਆਂ ਜੋੜੀਆਂ ਗਈਆਂ ਹਨ।
(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube ''ਤੇ ਜੁੜੋ)

ਪ੍ਰੈਂਕ ਵੀਡੀਓ : ਬੱਚਿਆਂ ਨਾਲ ਕੀਤਾ ਮਜ਼ਾਕ ਕਿੰਨਾ ਮਹਿੰਗਾ ਪੈ ਸਕਦਾ ਹੈ ?
NEXT STORY