‘ਬੂਫ਼ਰਾਂ ਉੱਤੇ ਮਿਰਜ਼ਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੁੜੇ’ - ਸਿੱਧੂ ਮੂਸੇਵਾਲਾ ਤੇ ਅੰਮ੍ਰਿਤ ਮਾਨ ਦੇ 2020 ਵਿੱਚ ਆਏ ਗੀਤ ‘ਬੰਬੀਹਾ ਬੋਲੇ’ ਵਿੱਚ ਗਾਈ ਗਈ ਇਸ ਲਾਈਨ ਨੇ ਜਸਵਿੰਦਰ ਬਰਾੜ ਦੀ ਗਾਇਕੀ ਮੁੜ ਚੇਤੇ ਕਰਵਾ ਦਿੱਤੀ।
ਮੰਨੋ ਜਸਵਿੰਦਰ ਬਰਾੜ ਦੇ ਗਾਇਕੀ ਕਰੀਅਰ ਨੂੰ ਦੂਜਾ ਜੀਵਨ ਮਿਲ ਗਿਆ ਹੋਵੇ।
ਨਵੀਂ ਪੀੜ੍ਹੀ ਨੇ ਭਾਵੇਂ ਇਸ ਗੀਤ ਤੋਂ ਬਾਅਦ, ਜਸਵਿੰਦਰ ਬਰਾੜ ਬਾਰੇ ਜ਼ਿਆਦਾ ਲੱਭਣਾ ਸ਼ੁਰੂ ਕਰ ਦਿੱਤਾ ਹੋਵੇ, ਪਰ ਵੈਸੇ ਜਸਵਿੰਦਰ ਬਰਾੜ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਜਸਵਿੰਦਰ ਬਰਾੜ ਖੁਦ ਇੱਕ ਵੱਡਾ ਨਾਮ ਹਨ।
ਲੋਕ ਤੱਥ ਉਨ੍ਹਾਂ ਦੀ ਗਾਇਕੀ ਦੀ ਖ਼ਾਸੀਅਤ ਰਹੇ ਹਨ। 1990 ਵਿੱਚ ਪਹਿਲੀ ਕੈਸਟ ਤੋਂ ਬਾਅਦ, ਜਸਵਿੰਦਰ ਬਰਾੜ ਨੇ ਸਫਲਤਾ ਦੀ ਪੌੜੀ ਚੜ੍ਹੀ ਅਤੇ 2000ਵਿਆਂ ਦੀ ਸ਼ੁਰੂਆਤ ਤੱਕ ਉਨ੍ਹਾਂ ਦੇ ਨਾਮ ਦੀ ਤੂਤੀ ਬੋਲਣ ਲੱਗੀ ਸੀ। ਉਨ੍ਹਾਂ ਦਾ ਗਾਇਆ ‘ਮਿਰਜ਼ਾ‘ ਸਰੋਤਿਆਂ ਨੇ ਖ਼ੂਬ ਪਸੰਦ ਕੀਤਾ।
ਜਸਵਿੰਦਰ ਬਰਾੜ ਸ਼੍ਰੋਮਣੀ ਪੰਜਾਬੀ ਲੋਕ ਗਾਇਕੀ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ। ਜਸਵਿੰਦਰ ਬਰਾੜ ਖ਼ੁਦ ਦੱਸਦੇ ਨੇ ਕਿ ਇੱਕ ਸਮਾਂ ਉਹ ਸੀ ਜਦੋ ਮਹੀਨੇ ਦੇ 30 ਦਿਨ ਉਨ੍ਹਾਂ ਦੇ ਪ੍ਰੋਗਰਾਮ ਬੁੱਕ ਹੁੰਦੇ ਸੀ।
ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਦੌਰਾਨ ‘ਬੰਬੀਹਾ ਬੋਲੇ’ ਗੀਤ ਵਿੱਚ ਜ਼ਿਕਰ ਅਤੇ ਸਿੱਧੂ ਮੂਸੇਵਾਲਾ (ਜੋ ਜਸਵਿੰਦਰ ਬਰਾੜ ਨੂੰ ਭੂਆ ਕਹਿ ਕੇ ਬੁਲਾਉਂਦੇ ਸੀ) ਬਾਰੇ ਜਸਵਿੰਦਰ ਬਰਾੜ ਖੁਦ ਕਹਿੰਦੇ ਹਨ, “ਬੰਬੀਹਾ ਬੋਲੇ ਗੀਤ ਤੋਂ ਬਾਅਦ ਬਹੁਤ ਕੁਝ ਬਦਲਿਆ, ਗੀਤ ਤੋਂ ਪਹਿਲਾਂ ਤਾਂ ਮੈਂ ਸੋਸ਼ਲ ਮੀਡੀਆ ‘ਤੇ ਵੀ ਨਹੀਂ ਸੀ। ਸਿੱਧੂ ਨੇ ਹੀ ਮੈਨੂੰ ਸੋਸ਼ਲ ਮੀਡੀਆ ‘ਤੇ ਆਉਣ ਬਾਰੇ ਕਿਹਾ।’’
‘‘ਜਿਵੇਂ ਉਨ੍ਹਾਂ ਦੇ ਪਿਤਾ (ਸਿੱਧੂ ਦੇ ਪਿਤਾ) ਕਹਿੰਦੇ ਸੀ ਕਿ ਮੇਰਾ ਪੁੱਤ ਚਲਦਾ ਫਿਰਦਾ ਪਾਰਸ ਸੀ, ਜਿਹਨੂੰ ਹੱਥ ਲਾ ਦਿੰਦਾ ਸੀ, ਸੋਨਾ ਬਣ ਜਾਂਦਾ ਸੀ। ਉਹ ਸੱਚੀ ਪਾਰਸ ਸੀ। ਮੇਰੀ ਜ਼ਿੰਦਗੀ ਨੂੰ ਤਾਂ ਪੂਰਾ ਬਦਲ ਗਿਆ। ਮੈਂ ਸੋਚਦੀ ਹਾਂ ਕਿ ਮੇਰੀ ਜ਼ਿੰਦਗੀ ਨੂੰ ਭਾਵੇਂ ਘੱਟ ਬਦਲਦਾ, ਪਰ ਸਾਡੇ ਵਿਚਕਾਰ ਹੋਣਾ ਚਾਹੀਦਾ ਸੀ।”
ਜਸਵਿੰਦਰ ਬਰਾੜ ਕਹਿੰਦੇ ਹਨ ਕਿ ਉਨ੍ਹਾਂ ਦੇ ਗੀਤ ਹਿੱਟ ਹੋਣ ਅਤੇ ਨਾਮ ਬਣਨ ਦੇ ਬਾਵਜੂਦ, ਉਹ ਸਟੇਜਾਂ ਤੋਂ ਜਗਮੋਹਨ ਕੌਰ ਅਤੇ ਕੁਲਦੀਪ ਮਾਣਕ ਹੋਰਾਂ ਦੇ ਗੀਤ ਗਾਉਂਦੇ ਰਹੇ ਹਨ।
ਉਨ੍ਹਾਂ ਮੁਤਾਬਕ ਜਗਮੋਹਨ ਕੌਰ ਤੇ ਕੁਲਦੀਪ ਮਾਣਕ ਦੇ ਗੀਤਾਂ ਤੋਂ ਬਿਨ੍ਹਾਂ ਉਨ੍ਹਾਂ ਦੀ ਸਟੇਜ ਅਧੂਰੀ ਸੀ।
ਜਸਵਿੰਦਰ ਕਹਿੰਦੇ ਹਨ, “ਹੁਣ ਇਨ੍ਹਾਂ ਦੋਹਾਂ ਗਾਇਕਾਂ ਦੇ ਗੀਤਾਂ ਦੇ ਨਾਲ, ਬੰਬੀਹਾ ਬੋਲੇ ਗੀਤ ਤੋਂ ਬਿਨ੍ਹਾਂ ਮੇਰੀ ਸਟੇਜ ਅਧੂਰੀ ਹੈ। ਮੈਂ ਜਿਨਾਂ ਚਿਰ ਗਾਊਂਗੀ, ਇਹ ਤਿੰਨੇ ਮੇਰੇ ਸਟੇਜਾਂ ‘ਤੇ ਮੇਰੇ ਨਾਲ ਰਹਿਣਗੇ।“
ਸਿੱਧੂ ਮੂਸੇਵਾਲਾ ਬਾਰੇ ਉਹ ਕਹਿੰਦੇ ਹਨ, “ਉਸ ਦੀ ਸਿਫ਼ਤ ਸੀ ਕਿ ਉਹ ਪੁਰਾਣੇ ਕਲਾਕਾਰ ਨੂੰ ਸੁਣਦਾ ਸੀ, ਇਤਿਹਾਸ ਤੇ ਯੋਧੇ ਸੂਰਮਿਆਂ ਬਾਰੇ ਵੀ ਪੜ੍ਹਦਾ ਸੀ। ਉਹ ਨੌਜਵਾਨ ਬੱਚਾ ਸੀ, ਮੈਂ ਹੈਰਾਨ ਹਾਂ ਕਿ ਉਸ ਨੂੰ ਮੇਰਾ ਮਿਰਜ਼ਾ ਇੰਨਾਂ ਪਸੰਦ ਸੀ। ਇੱਕ ਵੱਖਰੀ ਜੀ ਪਛਾਣ, ਸਤਿਕਾਰ ਦੇ ਗਿਆ।”
“ਸ਼ੌਕ ਨਾਲ ਗਾਇਕੀ ’ਚ ਆਉਂਦੀ ਤਾਂ ਸੰਗੀਤ ਸਿੱਖ ਕੇ ਆਉਂਦੀ”
ਜਸਵਿੰਦਰ ਬਰਾੜ ਹਰਿਆਣਾ ਦੇ ਸਿਰਸਾ ਨੇੜਲੇ ਪਿੰਡ ਕਾਲਿਆਂਵਾਲੀ ਦੇ ਜੰਮ-ਪਲ ਹਨ। ਉਨ੍ਹਾਂ ਦਾ ਪਰਿਵਾਰ ਸਧਾਰਨ ਜ਼ਿਮੀਂਦਾਰ ਪਰਿਵਾਰ ਸੀ। ਜਸਵਿੰਦਰ ਬਰਾੜ ਦੇ ਪਿਤਾ ਜੰਗਲਾਾਤ ਮਹਿਕਮੇ ਵਿੱਚ ਸਰਕਾਰੀ ਨੌਕਰੀ ਕਰਦੇ ਸੀ।
ਜਸਵਿੰਦਰ ਦੱਸਦੇ ਹਨ, “ਜ਼ਿੰਦਗੀ ਦੇ ਪਹਿਲੇ ਪੰਜ-ਛੇ ਸਾਲ ਤੱਕ ਸਭ ਠੀਕ ਸੀ, ਪਰ ਫਿਰ ਜ਼ਿੰਦਗੀ ਨੇ ਅਜਿਹਾ ਮੋੜ ਲਿਆ ਕਿ ਬਹੁਤ ਕੁਝ ਖੋਹ ਗਿਆ, ਪਰ ਉਦੋਂ ਜ਼ਿੰਦਗੀ ਵਿੱਚ ਦੁਖ ਨਹੀਂ ਸੀ ਮਹਿਸੂਸ ਹੁੰਦਾ ਕਿਉਂਕਿ ਮਾਂ-ਬਾਪ ਨਾਲ ਹੁੰਦੇ ਸੀ। ਮਾਂ-ਬਾਪ ਨਾਲ ਹੋਣ ਕਰਕੇ ਉਸ ਵੇਲੇ ਔਖਿਆਈ ਵਿੱਚ ਵੀ ਜ਼ਿੰਦਗੀ ਸੋਹਣੀ ਲਗਦੀ ਸੀ। “
ਕਿਸੇ ਕਾਰਨ ਕਰਕੇ ਘਰ ਦੇ ਆਰਥਿਕ ਹਾਲਾਤ ਵਿਗੜੇ ਤਾਂ ਉਨ੍ਹਾਂ ਦੇ ਨਾਨਕਾ ਪਰਿਵਾਰ ਨੇ ਮਦਦ ਕੀਤੀ। ਜਸਵਿੰਦਰ ਬਰਾੜ ਨੇ ਦੱਸਿਆ ਕਿ ਉਨ੍ਹਾਂ ਦੇ ਮਾਮਾ ਜੀ ਨੇ ਥਾਂ ਦਿੱਤੀ ਅਤੇ ਨਾਨਾ ਜੀ ਨੇ ਉਨ੍ਹਾਂ ਨੂੰ ਘਰ ਪਾ ਕੇ ਦਿੱਤਾ ਸੀ।
ਜਸਵਿੰਦਰ ਬਰਾੜ ਦੱਸਦੇ ਹਨ ਕਿ ਉਨ੍ਹਾਂ ਦੀ ਗਾਇਕੀ ਘਰ ਦੀਆਂ ਆਰਥਿਕ ਲੋੜਾਂ ਵਿੱਚੋਂ ਨਿਕਲੀ।
ਉਹ ਕਹਿੰਦੇ ਹਨ, “ਜੇ ਮੈਂ ਸ਼ੌਕ ਕਰਕੇ ਗਾਇਕੀ ਵਿੱਚ ਆਈ ਹੁੰਦੀ, ਤਾਂ ਬਹੁਤ ਸੋਹਣਾ ਸਿੱਖ ਕੇ ਆਉਂਦੀ।”
ਉਹ ਸੰਗੀਤ ਬਾਰੇ ਆਪਣੇ ਪਰਿਵਾਰ ਦੇ ਭੋਲੇਪਨ ਦਾ ਵੀ ਜ਼ਿਕਰ ਕਰਦੇ ਹਨ।
ਉਨ੍ਹਾਂ ਨੇ ਦੱਸਿਆ, “ਮੇਰੇ ਮੰਮੀ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਸੰਗੀਤ ਬਾਰੇ। ਜਦੋਂ ਕਈ ਵਾਰ ਘਰੇ ਰਿਹਰਸਲ ਕਰਦੇ ਹਾਂ ਤਾਂ ਉਹ ਹੈਰਾਨ ਹੋ ਕੇ ਦੇਖੀ ਜਾਣਗੇ ਤੇ ਕਹਿਣਗੇ ਪੁੱਤ ਥੋਨੂੰ ਇਹ ਕਿਵੇਂ ਪਤਾ ਲੱਗ ਜਾਂਦੈ ਵੀ ਇੱਥੋਂ ਚੁੱਕਣੈ।”
ਆਰਕੈਸਟਰਾ ਗਰੁੱਪ ਨਾਲ ਬਤੌਰ ਗਾਇਕ ਸ਼ੁਰੂਆਤ
ਜਸਵਿੰਦਰ ਬਰਾੜ ਨੇ ਸਭ ਤੋਂ ਪਹਿਲਾਂ ਆਰਕੈਸਟਰਾ ਗਰੁੱਪ ਨਾਲ ਬਤੌਰ ਗਾਇਕ ਜਾਣਾ ਸ਼ੁਰੂ ਕੀਤਾ ਸੀ।
ਇਸ ਬਾਰੇ ਉਹ ਦੱਸਦੇ ਹਨ, “ਉਸ ਵੇਲੇ ਆਰਕੈਸਟਰਾ ਦੇ ਕਈ ਨਿਯਮ ਹੁੰਦੇ ਸੀ। ਜਦੋਂ ਡਾਂਸਰਾਂ ਪੇਸ਼ਕਾਰੀ ਕਰਦੀਆਂ ਸੀ ਤਾਂ ਕੋਈ ਵੀ ਬੰਦਾ ਸਟੇਜ ‘ਤੇ ਨਹੀਂ ਸੀ ਚੜ੍ਹ ਸਕਦਾ। ਜਿਹੜੇ ਗਾਣੇ ‘ਤੇ ਡਾਂਸ ਕਰਨਾ ਹੁੰਦਾ ਸੀ, ਜਿਹੜੀ ਫ਼ਿਲਮ ਵਿੱਚ ਡਰੈੱਸ ਹੁੰਦੀ ਸੀ, ਉਸੇ ਤਰ੍ਹਾਂ ਦੀ ਪਾਉਣੀ ਹੁੰਦੀ ਸੀ।''''
''''ਜਿਹੜੇ ਫ਼ਿਲਮ ਵਿੱਚ ਸਟੈਪ ਹੁੰਦੇ ਸੀ, ਉਹੀ ਸਟੈਪ ਕਰਨੇ ਹੁੰਦੇ ਸੀ। ਉਦੋਂ ਹਿੰਦੀ ਗਾਣਿਆਂ ‘ਤੇ ਜ਼ਿਆਦਾ ਡਾਂਸ ਹੁੰਦਾ ਸੀ। ਉਨ੍ਹਾਂ ਵਿਚ ਮੈਂ ਗਾਇਕਾ ਵਜੋਂ ਦੋ ਖਾਸ ਗਰੁਪਾਂ ਨਾਲ ਜਾਇਆ ਕਰਦੀ ਸੀ।”
“ਜਦੋਂ ਮੈਂ ਆਰਕੈਸਟਰਾ ਨਾਲ ਵੀ ਗਾਉਂਦੀ ਸੀ, ਉਦੋਂ ਵੀ ਲੋਕ ਇਹ ਕਹਿਣ ਲੱਗ ਗਏ ਸੀ ਵੀ ਉਹ ਜਿਹੜੀ ਕੁੜੀ ਲੋਕ ਤੱਥ ਗਾਉਂਦੀ ਹੈ, ਮਾਣਕ ਤੇ ਜਗਮੋਹਨ ਕੌਰ ਦੇ ਗੀਤ ਗਾਉਂਦੀ ਹੈ ਜੇ ਤੁਸੀਂ ਉਹਨੂੰ ਲੈ ਕੇ ਆਓਗੇ, ਫਿਰ ਤੁਹਾਨੂੰ ਬੁੱਕ ਕਰਾਵਾਂਗੇ।''''
''''ਇਹ ਮੇਰੀ ਪ੍ਰਾਪਤੀ ਹੈ। ਕਈ ਵਾਰ ਤਾਂ ਬੁਕਿੰਗ ਤੋਂ ਪਹਿਲਾਂ ਸਾਹਿਆਂ ਮੁਤਾਬਕ ਪਾਰਟੀਆਂ ਪਹਿਲਾਂ ਹੀ ਮੈਨੂੰ ਬੁੱਕ ਕਰ ਲੈਂਦੀਆਂ ਸੀ ਕਿ ਕਿਸੇ ਹੋਰ ਨਾਲ ਨਾ ਚਲੀ ਜਾਵੇ।”
ਉਨ੍ਹਾਂ ਦਿਨਾਂ ਦੇ ਸੰਘਰਸ਼ ਬਾਰੇ ਯਾਦ ਕਰਦਿਆਂ ਜਸਵਿੰਦਰ ਦੱਸਦੇ ਹਨ, ‘‘ਮੇਰੇ ਕੋਲ ਉਦੋਂ ਟੈਲੀਵਿਜ਼ਨ ਵੀ ਨਹੀਂ ਹੁੰਦਾ ਸੀ। ਮੈਨੂੰ ਕਿਸੇ ਦੇ ਘਰੇ ਜਾਂ ਕਿਸੇ ਦੁਕਾਨ ’ਤੇ ਜਾ ਕੇ ਨਵਾਂ ਗਾਣਾ ਲਿਖਣਾ ਪੈਂਦਾ ਸੀ ਕਿਉਂਕਿ ਮੈਂ ਕੱਲ੍ਹ ਨੂੰ ਸਟੇਜ ’ਤੇ ਇਹ ਗਾਉਣਾ। ਹਰ ਗਾਣਾ ਜੋ ਮਾਰਕਿਟ ਵਿੱਚ ਹਿੱਟ ਹੁੰਦਾ ਸੀ, ਮੈਂ ਉਹ ਸਟੇਜ ’ਤੇ ਜਾ ਕੇ ਗਾ ਦਿੰਦੀ ਸੀ।”
ਜਦੋਂ ਸਕੂਲ ਵਿੱਚ ਕਿਹਾ ਗਿਆ ‘‘ਮਾਂ ਨੂੰ ਬੁਲਾ ਕੇ ਲਿਆਓ..’’
ਉਹ ਦੱਸਦੇ ਹਨ ਕਿ ਉਨ੍ਹਾਂ ਨੂੰ ਘਰ ਦਾ ਜਿੰਮਾ ਚੁੱਕਣ ਲਈ ਪੜ੍ਹਾਈ ਵੀ ਵਿੱਚ ਛੱਡਣੀ ਪਈ।
ਉਹ ਸਕੂਲ ਦੇ ਦਿਨਾਂ ਬਾਰੇ ਯਾਦ ਕਰਦਿਆਂ ਕਹਿੰਦੇ ਹਨ, “ਮੈਨੂੰ ਪੜ੍ਹਾਈ ਦਾ ਬਹੁਤ ਸ਼ੌਕ ਸੀ, ਲਿਖਾਈ ਇਸ ਤਰ੍ਹਾਂ ਦੀ ਸੀ ਜਿਵੇਂ ਟਾਈਪ ਕੀਤਾ ਹੋਵੇ।''''
''''ਹਰ 15 ਦਿਨਾਂ ਬਾਅਦ ਕਾਪੀਆਂ ‘ਤੇ ਆਂਢ-ਗੁਆਂਢ ਤੋਂ ਅਖਬਾਰ ਇਕੱਠੇ ਕਰਕੇ ਕਵਰ ਚੜ੍ਹਾਉਂਦੀ ਸੀ, ਮਾਂ ਨੇ ਕੱਪੜੇ ਦਾ ਬੈਗ ਸਿਓ ਕੇ ਦਿੱਤਾ ਹੁੰਦਾ ਸੀ, ਉਸ ਨੂੰ ਧੋਂਦੀ ਸੀ। ਆਪਣੀ ਸਕੂਲ ਦੀ ਵਰਦੀ ਪਰਫੈਕਟ ਰੱਖਦੀ ਸੀ। ਮੈਂ ਸਕੂਲ ਨੂੰ ਕਦੇ ਬੋਝ ਨਹੀਂ ਸੀ ਸਮਝਿਆ।”
ਸਕੂਲ ਦਾ ਇੱਕ ਕਿੱਸਾ ਯਾਦ ਕਰਦਿਆਂ ਜਸਵਿੰਦਰ ਦੱਸਦੇ ਹਨ, “ਇੱਕ ਵਾਰ ਮੇਰੇ ਟੀਚਰ ਨੇ ਮਾਂ ਨੂੰ ਸਕੂਲ ਬੁਲਾ ਕੇ ਲਿਆਉਣ ਨੂੰ ਕਿਹਾ। ਡਰ ਨਾਲ ਮੇਰੇ ਰੋਟੀ ਨਾ ਲੰਘੇ ਵੀ ਮੈਂ ਮਾਂ ਨੂੰ ਕਿਵੇਂ ਕਹਾ ਕਿ ਤੈਨੂੰ ਸਕੂਲ ਵਿੱਚ ਬੁਲਾਇਆ ਹੈ। ਮੈਂ ਡਰਦੀ ਡਰਦੀ ਨੇ ਸ਼ਾਮ ਤੱਕ ਦੱਸਿਆ।’’
‘‘ਅਗਲੇ ਦਿਨ ਮੇਰੀ ਮਾਂ ਸਕੂਲ ਆ ਗਈ। ਟੀਚਰ ਨੇ ਮੇਰੀ ਮੰਮਾ ਨੂੰ ਪੇਪਰ ਫੜਾਏ ਅਤੇ ਕਿਹਾ ਕਿ ਤੁਹਾਡੀ ਬੱਚੀ ਬਹੁਤ ਲਾਇਕ ਹੈ ਇਸ ਨੂੰ ਪੜ੍ਹਨ ਤੋਂ ਨਾ ਹਟਾਇਓ। ਮੇਰੇ ਮੰਮਾ ਖੁਸ਼ੀ ਨਾਲ ਉਦੋਂ ਰੋਣ ਲੱਗ ਗਏ। ਮੇਰੇ ਅੰਦਰ ਉਦੋਂ ਪੜ੍ਹਨ ਦਾ ਹੋਰ ਜਨੂੰਨ ਪੈਦਾ ਹੋ ਗਿਆ, ਪਰ ਸਿਆਣੇ ਕਹਿੰਦੇ ਨੇ ਜੋ ਵਿਧ ਮਾਤਾ ਨੇ ਲਿਖ ਦਿੱਤਾ, ਉਹੀਓ ਹੋਣਾ ਹੈ।''''
''''ਮੈਂ ਇੰਨੇ ਦੇਸ਼ ਘੁੰਮਣੇ ਸੀ, ਇੰਨਾਂ ਪਿਆਰ ਮਿਲਣਾ ਸੀ, ਸ਼ਾਇਦ ਇਸੇ ਲਈ ਮੈਂ ਗਾਇਕੀ ਵਿੱਚ ਆਈ।”
ਜਦੋਂ ਗਾਇਕੀ ਕਰਕੇ ਰਿਸ਼ਤੇਦਾਰਾਂ ਨੇ ਕੀਤਾ ਕਿਨਾਰਾ
ਜਿਸ ਵੇਲੇ ਜਸਵਿੰਦਰ ਬਰਾੜ ਨੇ ਗਾਇਕੀ ਸ਼ੁਰੂ ਕੀਤੀ, ਉਸ ਵੇਲੇ ਹੋਰ ਵੀ ਬੀਬੀਆਂ ਗਾਇਕੀ ਵਿੱਚ ਨਾਮ ਬਣਾ ਚੁੱਕੀਆਂ ਸੀ।
ਜਸਵਿੰਦਰ ਬਰਾੜ ਕਹਿੰਦੇ ਹਨ ਕਿ ਅੰਮ੍ਰਿਤਾ ਵਿਰਕ, ਸਤਵਿੰਦਰ ਬਿੱਟੀ ਜਿਹੀਆਂ ਹੋਰ ਕਈ ਗਾਇਕਾਵਾਂ ਉਨ੍ਹਾਂ ਤੋਂ ਪਹਿਲਾਂ ਗਾ ਰਹੀਆਂ ਸੀ, ਪਰ ਜਿਸ ਥਾਂ ਤੋਂ ਉਹ ਆਉਂਦੇ ਹਨ, ਉੱਥੋਂ ਕਿਸੇ ਕੁੜੀ ਦਾ ਗਾਇਕੀ ਵਿੱਚ ਜਾਣਾ ਬਹੁਤ ਵੱਖਰੀ ਗੱਲ ਸੀ।
ਉਸ ਵੇਲੇ ਰਿਸ਼ਤੇਦਾਰਾਂ, ਸਕੇ-ਸਬੰਧੀਆਂ ਦੇ ਰਵੱਈਏ ਬਾਰੇ ਜਸਵਿੰਦਰ ਬਰਾੜ ਕਹਿੰਦੇ ਹਨ ਕਿ ਉਹ ਵੀ ਆਪਣੀ ਥਾਂ ਠੀਕ ਸੀ, ਜੇ ਉਹ ਮੇਰੇ ਗਾਇਕੀ ਵਿੱਚ ਜਾਣ ਦਾ ਫਿਕਰ ਕਰਦੇ ਸੀ, ਪਰ ਮੈਂ ਆਪਣੀ ਥਾਂ ਠੀਕ ਸੀ ਕਿਉਂਕਿ ਮੈਂ ਆਪਣੀ ਤੇ ਪਰਿਵਾਰ ਦੀ ਜ਼ਿੰਦਗੀ ਬਣਾਉਣੀ ਸੀ।
ਉਹ ਕਹਿੰਦੇ ਹਨ, “ਮੇਰਾ ਮੰਨਣਾ ਇਹ ਸੀ ਕਿ ਕੋਈ ਮਾੜਾ ਕੰਮ ਕਰਨ ਨਾਲ਼ੋਂ, ਜੇ ਪਰਮਾਤਮਾ ਨੇ ਗਲਾ ਦਿੱਤਾ ਹੈ ਤਾਂ ਸੁੱਚੇ ਤਰੀਕੇ ਨਾਲ ਕੰਮ ਕਰੀਏ। ਕੋਈ ਇਸ ਸੁੱਚੇ ਕੰਮ ਨੂੰ ਕੀ ਸਮਝਦੈ, ਉਹ ਉਨ੍ਹਾਂ ਦੀ ਸੋਚ ਹੈ।''''
''''ਮੈਂ ਗਲੇ ਨੂੰ, ਅਵਾਜ਼ ਨੂੰ, ਗਾਇਕੀ ਨੂੰ ਬਹੁਤ ਸੁੱਚਾ ਮੰਨਦੀ ਹਾਂ। ਉਸ ਸੰਗੀਤ ਨੂੰ, ਉਸ ਆਵਾਜ਼ ਨੂੰ ਪੇਸ਼ ਕਰਨ ਵੇਲੇ ਸਾਹਮਣੇ ਵਾਲੇ ਦੀ ਕੀ ਸੋਚ ਹੈ, ਉਸ ਨੂੰ ਅਸੀਂ ਬਦਲ ਨਹੀਂ ਸਕਦੇ ਤੇ ਨਾ ਹੀ ਮੈਂ ਬਦਲਣ ਦੀ ਕੋਸ਼ਿਸ਼ ਕੀਤੀ।”
ਭਾਵੁਕਤਾ ਨਾਲ ਜਸਵਿੰਦਰ ਬਰਾੜ ਦੱਸਦੇ ਹਨ ਕਿ ਕਿਵੇਂ ਗਾਇਕੀ ਵਿੱਚ ਆਉਣ ਕਾਰਨ ਰਿਸ਼ਤੇਦਾਰਾਂ ਨੇ ਉਨ੍ਹਾਂ ਤੋਂ ਕਿਨਾਰਾ ਕਰ ਲਿਆ।
ਉਹ ਕਹਿੰਦੇ ਹਨ, “ਤੁਸੀਂ ਯਕੀਨ ਮੰਨੋ ਕਿ ਮੈਂ ਜਦੋਂ ਦੀ ਸਿੰਗਰ ਬਣੀ ਹਾਂ, ਆਪਣੀ ਰਿਸ਼ਤੇਦਾਰੀ ਦਾ ਇੱਕ ਵਿਆਹ ਅਟੈਂਡ ਕੀਤਾ, ਸਿਰਫ਼ ਇੱਕ। ਮੇਰੇ ਪਰਿਵਾਰ ਵਿੱਚ ਜਿਹੜੇ ਵਿਆਹ ਸੀ, ਉਹ ਤਾਂ ਚਲੋ ਅਸੀਂ ਆਪ ਹੀ ਕਰਨੇ ਸੀ। ਪੂਰੀ ਰਿਸ਼ਤੇਦਾਰੀ ਵਿੱਚ ਮੈਂ ਸਿਰਫ਼ ਇੱਕ ਵਿਆਹ ਅਟੈਂਡ ਕੀਤਾ।''''
''''ਉਹ ਵੀ ਪਤਾ ਨਹੀਂ ਕੀ ਉਨ੍ਹਾਂ ਦੇ ਦਿਮਾਗ਼ ਵਿੱਚ ਆ ਗਿਆ, ਕਿ ਮੇਰਾ ਉਨ੍ਹਾਂ ‘ਤੇ ਅਹਿਸਾਨ ਸੀ, ਉਨ੍ਹਾਂ ਨੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀ ਵੀ ਮੈਂ ਉਹਨੂੰ ਬੁਲਾਉਣਾ ਹੀ ਬੁਲਾਉਣੈ, ਤੁਸੀਂ ਓਹਨੂੰ ਆਈ ਨੂੰ ਬੁਲਾਇਓ ਜਾਂ ਨਾ ਬੁਲਾਇਓ, ਤੁਹਾਡੀ ਮਰਜ਼ੀ। ਮੈਨੂੰ ਯਾਦ ਹੈ ਮੈਂ ਸ਼ਾਮ ਦੀ ਪਾਰਟੀ ਅਟੈਂਡ ਕੀਤੀ ਸੀ।”
ਇੱਕ ਪੁਰਾਣੀ ਇੰਟਰਵਿਊ ਵਿੱਚ ਜਸਵਿੰਦਰ ਬਰਾੜ ਨੇ ਕਿਹਾ ਸੀ ਕਿ ਗਾਉਣ ਵਾਲੀਆਂ ਕੁੜੀਆਂ ਨੂੰ ਇੱਜ਼ਤ ਨਹੀਂ ਮਿਲਦੀ।
ਅਸੀਂ ਉਨ੍ਹਾਂ ਨੂੰ ਪੁੱਛਿਆ ਕਿ ਆਖਿਰ ਕਿਉਂ ਉਨ੍ਹਾਂ ਨੂੰ ਅਜਿਹਾ ਲੱਗਿਆ।
ਉਹ ਕਹਿੰਦੇ ਹਨ, “ਕੁਝ ਗੱਲਾਂ ਮਹਿਸੂਸ ਕਰਨ ਵਾਲੀਆਂ ਹੁੰਦੀਆਂ ਹਨ, ਕਈ ਗੱਲਾਂ ਸਟੇਜਾਂ ‘ਤੇ ਹੋ ਜਾਂਦੀਆਂ, ਪਰ ਉਨ੍ਹਾਂ ਪੰਜ ਫੀਸਦੀ ਲੋਕਾਂ ਲਈ, ਤੁਸੀਂ ਬਾਕੀ ਪਿਆਰ ਸਤਿਕਾਰ ਦੇਣ ਵਾਲਿਆਂ ਨੂੰ ਨਹੀਂ ਛੱਡ ਸਕਦੇ। ਜਦੋਂ ਔਰਤ ਆਪਣੇ ਪਰ ਕੱਢਦੀ ਹੈ, ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦਾ ਸਾਹਮਣਾ ਕਰਨਾ ਹੀ ਪੈਣਾ ਹੈ, ਉਹ ਕਿਸੇ ਮਰਜ਼ੀ ਪ੍ਰੋਫੈਸ਼ਨ ਵਿੱਚ ਹੋਵੇ।”
ਭਿੰਦਰ ਡੱਬਵਾਲੀ ਨਾਲ ਸੰਪਰਕ ਤੇ ਗਾਇਕੀ ਵਿੱਚ ਸਫ਼ਲਤਾ ਦੀ ਪੌੜੀ
ਆਰਕੈਸਟਰਾ ਨਾਲ ਗਾਉਂਦੇ-ਗਾਉਂਦੇ, ਉਨ੍ਹਾਂ ਨੇ ਕਈ ਗਾਇਕਾਂ ਨਾਲ ਕੁਝ ਦੁਗਾਣੇ ਵੀ ਗਾਏ। ਪਰ ਉਨ੍ਹਾਂ ਦਾ ਮਕਸਦ ਸੋਲੋ ਗਾਇਕੀ ਕਰਨਾ ਸੀ।
ਫਿਰ ਉਨ੍ਹਾਂ ਦਾ ਸੰਪਰਕ ਗੀਤਕਾਰ ਭਿੰਦਰ ਡੱਬਵਾਲੀ ਤੇ ਗੋਇਲ ਕੰਪਨੀ ਨਾਲ ਹੋ ਗਿਆ। ਫਿਰ ਉਨ੍ਹਾਂ ਦੀ ਗੁੱਡੀ ਐਸੀ ਚੜ੍ਹੀ ਕਿ ਉਨ੍ਹਾਂ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।
ਲੋਕ ਤੱਥਾਂ ਦੀ ਗਾਇਕੀ ਬਾਰੇ ਜਸਵਿੰਦਰ ਬਰਾੜ ਕਹਿੰਦੇ ਹਨ ਕਿ ਉਹ ਕਿਤੇ ਹੋਰ ਅਡਜਸਟ ਵੀ ਨਹੀਂ ਹੋ ਸਕਦੇ ਸੀ।
ਉਹ ਕਹਿੰਦੇ ਹਨ, “ਮੈਂ ਪਿਛੇ ਵੀ ਨਹੀਂ ਸੀ ਹਟ ਸਕਦੀ, ਕਿਉਂਕਿ ਇਹ ਵੀ ਕਰਵਾ ਲਿਆ ਸੀ ਵੀ ਕੁੜੀ ਗਾਉਣ ਲੱਗ ਗਈ, ਕੁੜੀ ਗਾਉਣ ਲੱਗ ਗਈ।''''
''''ਫਿਰ ਮੈਂ ਸੋਚਿਆ ਕਿ ਜਿਸ ਤਰ੍ਹਾਂ ਦਾ ਮੇਰਾ ਸਾਦਾ ਮੁਰਾਦਾ ਚਿਹਰਾ ਹੈ ਤੇ ਜਦੋਂ ਮੈਂ ਜਗਮੋਹਨ ਕੌਰ ਤੇ ਮਾਣਕ ਸਾਹਿਬ ਨੂੰ ਗਾਉਂਦੀ ਸੀ ਤਾਂ ਉਦੋਂ ਲੋਕਾਂ ਦਾ ਪਿਆਰ ਬਹੁਤ ਮਿਲਦਾ ਸੀ।’’
‘‘ਫਿਰ ਮੇਰੇ ਦਿਮਾਗ਼ ਨੇ ਇੱਕ ਕਾਢ ਕੱਢੀ ਵੀ ਕਿਉਂ ਨਾ ਲੋਕ ਤੱਥਾਂ ਨੂੰ ਤੇ ਜਗਮੋਹਨ ਕੌਰ ਵਰਗੀ ਗਾਇਕੀ ਨੂੰ ਮੈਂ ਆਵਦੇ ਅੰਦਰ ਲੈ ਕੇ ਆਵਾਂ। ਮੈਂ ਉਨ੍ਹਾਂ ਨੂੰ ਬਹੁਤ ਪਸੰਦ ਕਰਦੀ ਹਾਂ, ਫਿਰ ਕੰਪਨੀ ਵਾਲਿਆਂ ਨੇ ਉਸੇ ਲਹਿਜ਼ੇ ਵਿੱਚ ਹੀ ਮੈਨੂੰ ਪਸੰਦ ਕੀਤਾ ਤੇ ਰਿਕਾਰਡ ਕੀਤਾ ਅਤੇ ਅੱਜ ਇੱਥੋਂ ਤੱਕ ਪਹੁੰਚ ਗਈ ਹਾਂ।”
ਸ਼ੁਰੂਆਤੀ ਦਿਨਾਂ ਦੇ ਸੰਘਰਸ਼ ਬਾਰੇ ਉਹ ਕਹਿੰਦੇ ਹਨ, “ਅਸੀਂ ਇੱਕ ਮੈਟਾ਼ਡੋਰ ਵਿੱਚ ਸ਼ੋਅ ਲਾਉਣ ਜਾਂਦੇ ਸੀ। ਨਾਲ ਹੀ ਸਾਜੀ ਹੁੰਦੇ ਸੀ ਤੇ ਨਾਲ ਹੀ ਮੁੱਖ ਕਲਾਕਾਰ । ਚੰਗਾ ਵੀ ਲਗਦਾ ਸੀ, ਸਾਰੇ ਰਾਹ ਗਾਣਿਆਂ ਦੀਆਂ ਤਿਆਰੀਆਂ ਹੀ ਹੁੰਦੀਆਂ ਜਾਂਦੀਆਂ ਸੀ।’’
‘‘ਉਦੋਂ ਇੱਕ ਧੀਆਂ-ਪੁੱਤਾਂ ਵਾਲਾ, ਭੈਣ-ਭਰਾਵਾਂ ਵਾਲਾ ਗਰੁੱਪ ਹੁੰਦਾ ਸੀ। ਜੇ ਇਨਾਮ ਵੱਧ ਹੋ ਜਾਂਦਾ, ਓਹਦੀ ਵੀ ਖੁਸ਼ੀ ਹੁੰਦੀ ਸੀ ਜੇ ਘੱਟ ਹੋ ਜਾਂਦਾ ਫਿਰ ਅਫ਼ਸੋਸ ਮਨਾਉਣਾ। ਮੇਰਾ ਗਰੁੱਪ ਉਦੋਂ ਪਰਿਵਾਰ ਵਰਗਾ ਸੀ ਤੇ ਅੱਜ ਜਿਹੜਾ ਗਰੁੱਪ ਹੈ, ਉਹ ਵੀ ਪਰਿਵਾਰ ਵਾਂਗ ਹੈ।”
ਜਸਵਿੰਦਰ ਬਰਾੜ ਦੇ ਖਾਸ ਪ੍ਰਸ਼ੰਸਕ
ਜਸਵਿੰਦਰ ਬਰਾੜ ਚੋਟੀ ਦਾ ਸਟਾਰਡਮ ਮਾਨਣ ਵਾਲੇ ਕਲਾਕਾਰਾਂ ਵਿੱਚੋਂ ਹਨ। ਅਸੀਂ ਉਨ੍ਹਾਂ ਤੋਂ ਪੁੱਛਿਆ ਕਿ ਕਿਸੇ ਫੈਨ ਵੱਲੋਂ ਤੁਹਾਡੇ ਲਈ ਕੀਤੀ ਕਿਹੜੀ ਚੀਜ਼ ਤੁਹਾਨੂੰ ਭੁੱਲਦੀ ਨਹੀਂ।
ਉਨ੍ਹਾਂ ਦੱਸਿਆ, “ਇੱਕ ਬੇਟਾ ਹੈ, ਜੋ ਹੁਣ 26-27 ਸਾਲ ਦਾ ਹੋ ਗਿਐ, ਉਹ ਜਦੋਂ 13-14 ਸਾਲ ਦਾ ਸੀ ਤਾਂ ਉਦੋਂ ਤੋਂ ਮੈਨੂੰ ਮਿਲਣ ਲੱਗਿਆ। ਉਸ ਦੇ ਇਲਾਕੇ ਵਿੱਚ ਨੇੜੇ ਤੇੜੇ ਕੋਈ ਵੀ ਪ੍ਰੋਗਰਾਮ ਹੋਵੇ, ਉਹ ਜ਼ਰੂਰ ਆਉਂਦਾ ਹੈ।''''
''''ਉਹ ਭਾਵੇਂ ਮੈਨੂੰ ਬਜ਼ਾਰ ਵਿੱਚ ਮਿਲ ਜਾਵੇ, ਭਾਵੇਂ ਕਿਸੇ ਵਿਆਹ ਵਿੱਚ, ਉਹ ਹੱਥ ਜੋੜ ਕੇ ਮੱਥਾ ਟੇਕ ਕੇ ਮੈਨੂੰ ਮਿਲਦਾ ਹੈ। ਮੈਂ ਇੰਨਾਂ ਵਧੀਆ ਗਾਉਂਦੀ ਵੀ ਨਹੀਂ, ਪਤਾ ਨਹੀਂ ਕੀ ਉਸ ਨਾਲ ਪਿਛਲੇ ਜਨਮ ਦੀ ਸਾਂਝ ਹੈ, ਉਹ ਕਹਿੰਦਾ ਹੁੰਦੈ ਵੀ ਤੁਸੀਂ ਮੇਰੇ ਰੱਬ ਹੋ।”
ਇੱਕ ਹੋਰ ਪ੍ਰਸ਼ੰਸਕ ਬਾਰੇ ਉਹ ਦੱਸਦੇ ਹਨ, “ਇੱਕ ਮੇਰੇ ਪਾਪਾ ਦੀ ਉਮਰ ਦੇ ਸਨ, ਬਹੁਤ ਰਈਸ ਬੰਦੇ ਸੀ। ਜਦੋਂ ਉਹ ਮੈਨੂੰ ਘਰੇ ਲੈ ਕੇ ਗਏ। ਉਨ੍ਹਾਂ ਦੇ ਬੱਚਿਆਂ ਦਾ ਬਹੁਤ ਆਲੀਸ਼ਾਨ ਘਰ ਸੀ, ਉਹ ਮੈਨੂੰ ਕਹਿੰਦੇ ਵੀ ਚੱਲ ਪੁੱਤ ਤੈਨੂੰ ਜਿੱਥੇ ਤੇਰੀ ਬੇਬੇ ਵਿਆਹ ਕੇ ਲਿਆਇਆ ਸੀ ਉਸ ਕਮਰੇ ਵਿੱਚ ਲੈ ਕੇ ਜਾਵਾਂ।’’
‘‘ਮੈਂ ਜਦੋਂ ਉੱਥੇ ਪਹੁੰਚੀ ਤਾਂ ਮੇਰੀਆਂ 50-60 ਤਸਵੀਰਾਂ ਲੱਗੀਆਂ ਹੋਈਆਂ ਸੀ, ਭਾਵੇਂ ਉਹ ਅਖਬਾਰ ਵਿੱਚ ਆਈ ਹੋਈ ਸੀ, ਭਾਵੇਂ ਉਹ ਟੇਪ ਦਾ ਰੈਪਰ ਸੀ। ਮੈਂ ਹੈਰਾਨ ਰਹਿ ਗਈ, ਉਹ ਕਹਿੰਦੇ ਭਾਈ ਤੂੰ ਬਹੁਤ ਸੋਹਣਾ ਗਾਉਂਦੀ ਹੈਂ, ਤੈਨੂੰ ਅਸ਼ੀਰਵਾਦ ਹੈ। ਇਹੋ ਜਿਹੇ ਪਿਆਰ ਕਰਨ ਵਾਲਿਆਂ ਨੇ ਮੈਨੂੰ ਸਪੋਰਟ ਕੀਤਾ। ਇੱਕ ਪਰਿਵਾਰ ਹੈ, ਜਿੱਥੇ ਮੈਂ 10-15 ਪ੍ਰੋਗਰਾਮ ਲਗਾ ਚੁੱਕੀ ਹਾਂ।”
ਉਹ ਦੱਸਦੇ ਹਨ, ‘‘ਮੇਰੇ ਆਂਢ ਗੁਆਂਢ ਵਿੱਚ ਹੀ ਮੈਨੂੰ ਦੇਖਣ ਦਾ ਚਾਅ ਬਹੁਤ ਹੁੰਦਾ ਸੀ। ਉਹ ਸਵੇਰੇ ਪੰਜ-ਛੇ ਵਜੇ ਪ੍ਰੋਗਰਾਮਾਂ ਲਈ ਚਲੇ ਜਾਂਦੇ ਸੀ, ਰਾਤ ਨੂੰ ਆਉਂਦੇ ਸੀ। ਹੁਣ ਕਈ ਵਾਰ ਆਂਢ-ਗੁਆਂਢ ਦੇ ਬੱਚੇ ਦੱਸਦੇ ਹਨ ਕਿ ਅਸੀਂ ਖੜ੍ਹ ਜਾਂਦੇ ਬਾਹਰ ਨਿਕਲ ਕੇ ਵੀ ਜਦੋਂ ਗੱਡੀ ਵਿੱਚ ਬੈਠਣਗੇ ਜਾਂ ਉਤਰਨਗੇ ਉਦੋਂ ਦੇਖਾਂਗੇ। ਹੁਣ ਮੈਂ ਕਹਿਨੀ ਆ ਕਿ ਤੁਸੀਂ ਮੇਰੇ ਨੇੜੇ ਕਿਉਂ ਨਹੀਂ ਆਉਂਦੇ ਸੀ।”
“ਮਹਿੰਗੀਆਂ ਚੀਜ਼ਾਂ ਖ਼ਰੀਦਣ ਦੀ ਖਾਹਿਸ਼ ਤੋਂ ਜ਼ਿਆਦਾ, ਪਾ ਕੇ ਖੋਹਣ ਦਾ ਡਰ”
ਜਸਵਿੰਦਰ ਬਰਾੜ ਨੇ ਘਰ ਦੀਆਂ ਆਰਥਿਕ ਲੋੜਾਂ ਕਰਕੇ ਗਾਉਣਾ ਸ਼ੁਰੂ ਕੀਤਾ ਸੀ। ਅਸੀਂ ਜਾਨਣ ਲਈ ਉਤਸੁਕ ਸੀ ਕਿ ਹਿੱਟ ਹੋਣ ਤੋਂ ਬਾਅਦ ਅਤੇ ਆਰਥਿਕ ਹਾਲਤ ਸੁਧਰਨ ਤੋਂ ਬਾਅਦ ਉਨ੍ਹਾਂ ਨੇ ਆਪਣਾ ਕਿਹੜਾ ਚਾਅ ਪੂਰਾ ਕੀਤਾ ਜਾਂ ਕਿਹੜੀ ਸਭ ਤੋਂ ਮਹਿੰਗੀ ਚੀਜ਼ ਆਪਣੇ ਲਈ ਖਰੀਦੀ।
ਉਹ ਦੱਸਣ ਲੱਗੇ, “ਸੱਚ ਮੰਨਿਓ, ਮੈਂ ਜਦੋਂ ਕਮਾਉਣ ਲੱਗ ਗਈ ਸੀ ਤਾਂ ਆਪਣੇ ਲਈ ਕੁਝ ਲੈਣ ਦਾ ਤਾਂ ਸ਼ੌਕ ਹੀ ਨਹੀਂ ਰਿਹਾ, ਕਿਉਂਕਿ ਮੇਰੀ ਤਾਂ ਕੋਈ ਖਾਹਿਸ਼ ਹੀ ਨਹੀਂ ਸੀ। ਮੇਰੀ ਖਾਹਿਸ਼ ਮੇਰੇ ਭੈਣ-ਭਰਾ, ਮੇਰੇ ਮਾਤਾ-ਪਿਤਾ ਸੀ। ਬੱਸ ਪਰਿਵਾਰ ਲਈ ਕਾਮਯਾਬ ਹੋਣਾ ਚਾਹੁੰਦੀ ਸੀ।''''
''''ਜਿਹੜੀਆਂ ਜ਼ਮੀਨਾਂ ਸਾਡੇ ਹਲਾਂ ਥੱਲਿਓਂ ਚਲੀਆਂ ਗਈਆਂ, ਉਹ ਵਾਪਸ ਲੈਣੀਆਂ ਸੀ। ਬਹੁਤ ਦੇਰ ਬਾਅਦ, ਉਸ ਕਾਮਯਾਬੀ ਦੇ ਨਤੀਜੇ ਮਿਲ ਰਹੇ ਹਨ। ਭਾਈ-ਭਤੀਜੇ ਸਭ ਕੈਨੇਡਾ-ਅਮਰੀਕਾ ਸੈਟਲ ਹਨ।”
“ਮੈਂ ਜਦੋਂ ਪਹਿਲੀ ਸਫਾਰੀ ਗੱਡੀ ਲਈ, ਸ਼ਾਇਦ ਬਠਿੰਡੇ ਜ਼ਿਲ੍ਹੇ ਵਿੱਚ ਪਹਿਲੀ ਸਫਾਰੀ ਸੀ। ਪੰਜ ਛੇ ਦਿਨ ਮੈਂ ਉਸ ਵਿੱਚ ਪ੍ਰੋਗਰਾਮਾਂ ’ਤੇ ਜਾਂਦੀ ਰਹੀ, ਫਿਰ ਇੱਕ ਦਿਨ ਮੇਰੀ ਮਾਂ ਨੇ ਮੈਨੂੰ ਪੁੱਛਿਆ ਕਿ ਇੰਨੀ ਵੱਡੀ ਗੱਡੀ ਲੈ ਕੇ ਆਈ ਹੈਂ, ਤੇਰੇ ਚਿਹਰੇ ’ਤੇ ਖੁਸ਼ੀ ਨਹੀਂ।''''
''''ਮੈਂ ਕਿਹਾ ਮੰਮੀ ਮੈਂ ਇਨ੍ਹਾਂ ਚੀਜ਼ਾਂ ਤੋਂ ਬਹੁਤ ਦੂਰ ਆ ਗਈ ਹਾਂ। ਜੇ ਪਰਮਾਤਮਾ ਨੇ ਦਿੱਤੀ ਹੈ ਤਾਂ ਸ਼ੁਕਰ ਹੈ। ਪਰ ਮੈਨੂੰ ਪਾ ਕੇ ਖੋਹਣ ਦਾ ਡਰ ਜ਼ਿਆਦਾ ਹੈ।”
ਉਨ੍ਹਾਂ ਦੱਸਿਆ ਕਿ ਇਹ ਸ਼ੁਰੂ ਤੋਂ ਉਨ੍ਹਾਂ ਦਾ ਸੁਭਾਅ ਰਿਹਾ ਹੈ।
ਉਹ ਕਹਿੰਦੇ ਹਨ, “ਮੇਰੇ ਥੱਲੇ ਗੱਡੀ ਮਹਿੰਗੀ ਹੈ ਜਾਂ ਸਸਤੀ, ਮੈਨੂੰ ਕੋਈ ਫਰਕ ਨਹੀਂ ਪੈਂਦਾ। ਬੱਸ ਉਹ ਚੀਜ਼ ਮੈਨੂੰ ਮੇਰੀ ਮੰਜ਼ਿਲ ਤੱਕ ਪਹੁੰਚਾਉਣ ਵਾਲੀ ਹੋਵੇ। ਮੇਰੇ ਕੱਪੜਾ ਮਹਿੰਗਾ ਪਾਇਆ, ਸਸਤਾ ਪਾਇਆ, ਮੈਨੂੰ ਫਰਕ ਨਹੀਂ ਪੈਂਦਾ। ਪਰ ਹੁਣ ਮੇਰੇ ਬੱਚੇ ਮੇਰੇ ਵੱਲ ਬਹੁਤ ਧਿਆਨ ਦਿੰਦੇ ਹਨ। ਮੇਰਾ ਪਰਿਵਾਰ, ਮੇਰੀ ਭੈਣ, ਮੇਰੀਆਂ ਭਾਬੀਆਂ, ਉਹ ਹੁਣ ਕਹਿੰਦੇ ਹਨ ਬਹੁਤ ਤਿਆਗ ਕਰ ਲਏ।”
ਜਸਵਿੰਦਰ ਬਰਾੜ ਨੇ ਅੱਗੇ ਦੱਸਿਆ, “ਮੇਰੇ ਹਿੱਟ ਹੋਣ ਦੇ ਕਈ ਸਾਲ ਬਾਅਦ ਤੱਕ ਵੀ ਮੇਰੇ ਕੰਨਾਂ ਵਿੱਚ ਪੰਜ ਰੁਪਏ ਦੇ ਸਟੱਡ ਹੁੰਦੇ ਸੀ। ਨਾ ਤਾਂ ਮੈਂ ਕੱਪੜਿਆਂ ‘ਤੇ ਪੈਸੇ ਖ਼ਰਾਬ ਕਰਨਾ ਚਾਹੁੰਦੀ ਸੀ, ਨਾ ਗਹਿਣਿਆਂ ‘ਤੇ। ਮੈਨੂੰ ਇਹ ਹੁੰਦਾ ਸੀ ਵੀ ਸਮਾਂ ਪਰਮਾਤਮਾ ਮਸਾਂ ਦਿੰਦੈ, ਜਦੋਂ ਪਰਮਾਤਮਾ ਦੋਹੇਂ ਚੀਜ਼ਾਂ ਦਿੰਦੈ, ਉਸ ਨੂੰ ਸੰਭਾਲ਼ ਕੇ ਰੱਖ ਲੈਣਾ ਚਾਹੀਦਾ ਹੈ।’’
‘‘ਪਰ ਹੁਣ ਜਿਹੜਾ ਇਹ ਬਦਲਾਅ ਹੈ, ਮੇਰੀ ਬੇਟੀ ਮੈਨੂੰ ਪਰਸ ਲੈ ਕੇ ਦਿੰਦੀ ਹੈ, ਮੇਰੇ ਕੱਪੜੇ ਉਹ ਚੁਣਦੀ ਹੈ। ਹੁਣ ਮੇਰੇ ਚਾਅ ਮੇਰੇ ਬੱਚੇ ਪੂਰੇ ਕਰਦੇ ਹਨ, ਇਸ ਦੁਨੀਆਂ ਨਾਲ ਤੁਰਨ ਲਈ ਮੇਰੀ ਧੀ ਮੈਨੂੰ ਹੁਣ ਗਾਈਡ ਕਰਦੀ ਹੈ।''''
ਕਰੀਅਰ ਦੇ ਸਿਖ਼ਰ ਵਿੱਚ ਵਿਆਹ ਹੋਇਆ
ਜਸਵਿੰਦਰ ਬਰਾੜ ਦਾ ਵਿਆਹ ਰਣਜੀਤ ਸਿੰਘ ਸਿੱਧੂ ਨਾਲ ਹੋਇਆ ਹੈ। ਉਨ੍ਹਾਂ ਦਾ ਸਹੁਰਾ ਪਰਿਵਾਰ, ਉਨ੍ਹਾਂ ਦੇ ਪਿਤਾ ਦੇ ਕਰੀਬੀ ਸੀ। ਜਿਸ ਵੇਲੇ ਜਸਵਿੰਦਰ ਬਰਾੜ ਦਾ ਵਿਆਹ ਹੋਇਆ, ਉਹ ਆਪਣੇ ਕਰੀਅਰ ਦੇ ਪੀਕ ’ਤੇ ਸਨ।
ਉਹ ਦੱਸਦੇ ਹਨ, “ਵਿਆਹ ਮੇਰਾ ਸਾਦਾ ਹੋਇਆ ਸੀ, ਮੈਂ ਆਪਣੇ ਭਰਾਵਾਂ ਦੇ ਵਿਆਹ ਵੀ ਸਾਦੇ ਕੀਤੇ। ਮੇਰੀ ਇਹ ਸੋਚ ਹੁੰਦੀ ਸੀ ਕਿ ਜਿਹੜਾ ਖ਼ਰਚਾ ਵਿਆਹ ’ਤੇ ਕਰਾਂਗੇ, ਓਨਾ ਕੋਈ ਦਾਨ ਪੁੰਨ ਕਰ ਦਿਓ। ਅਸੀਂ ਗਰੀਬ ਕੁੜੀਆਂ ਦੇ ਵਿਆਹ ਕਰ ਦਿੰਦੇ ਹੁੰਦੇ ਸੀ। ਮੇਰਾ ਵਿਆਹ ਵਾਲਾ ਜੋੜਾ ਵੀ ਬਹੁਤ ਸਾਦਾ ਸੀ। ਚੂੜਾ ਵੀ ਸੱਤ ਦਿਨਾਂ ਬਾਅਦ ਵਧਾ ਦਿੱਤਾ ਸੀ।”
ਜਸਵਿੰਦਰ ਬਰਾੜ ਇਸ ਗੱਲ ਦਾ ਜ਼ਿਕਰ ਕਰਦੇ ਹਨ ਕਿ ਵਿਆਹ ਤੋਂ ਬਾਅਦ ਉਨ੍ਹਾਂ ਦੇ ਸਹੁਰੇ ਪਰਿਵਾਰ ਵੱਲੋਂ ਉਨ੍ਹਾਂ ਦੇ ਗਾਇਕੀ ਸਫ਼ਰ ਬਾਰੇ ਕੋਈ ਕਿੰਤੂ ਪਰੰਤੂ ਨਹੀਂ ਹੋਇਆ।
ਗਾਇਕੀ ਕਰਕੇ ਕੀ ਕੁਝ ਛੁੱਟਿਆ?
ਜਸਵਿੰਦਰ ਬਰਾੜ ਦੱਸਦੇ ਹਨ ਕਿ ਗਾਇਕੀ ਕਰਕੇ ਕਈ ਰਿਸ਼ਤੇਦਾਰਾਂ ਨੇ ਉਨ੍ਹਾਂ ਨਾਲ ਵਰਤਣਾ ਛੱਡ ਦਿੱਤਾ। ਇਸ ਤੋਂ ਇਲਾਵਾ ਸਟੇਜ ਪੇਸ਼ਕਾਰੀਆਂ ਕਰਕੇ ਇੱਕ ਵਾਰ ਉਨ੍ਹਾਂ ਦਾ ਗਰਭਪਾਤ ਵੀ ਹੋਇਆ।
ਉਹ ਦੱਸਦੇ ਹਨ, “ਜਦੋਂ ਮੇਰੀ ਬੇਟੀ ਹੋਣ ਵਾਲੀ ਸੀ, ਉਦੋਂ ਵੀ ਮੈਂ ਅੱਠਵੇਂ ਮਹੀਨੇ ਤੱਕ ਕੈਨੇਡਾ ਅਮਰੀਕਾ ਸ਼ੋਅ ਲਗਾਏ। ਉਸ ਤੋਂ ਬਾਅਦ ਵੀ ਸਮਝ ਨਹੀਂ ਸੀ। ਇੱਕ ਵਾਰ ਕਾਫ਼ੀ ਦਿੱਕਤ ਆਈ, ਮੈਂ ਤਿੰਨ-ਸਾਢੇ ਤਿੰਨ ਮਹੀਨੇ ਬੈਂਡ ‘ਤੇ ਰਹੀ। ਸ਼ਾਇਦ ਵਾਹਿਗੁਰੂ ਨੂੰ ਇਹੀ ਮਨਜ਼ੂਰ ਸੀ ਕਿ ਉਸ ਨੇ ਸਵਾ ਲੱਖ ਨੇ ਹੀ ਰਹਿਣਾ ਸੀ।’’
‘‘ਜੋ ਵਾਹਿਗੁਰੂ ਨੇ ਦੇ ਦਿੱਤਾ ਉਸ ਵਿੱਚ ਖੁਸ਼ ਹਾਂ, ਮੈਂ ਹਮੇਸ਼ਾ ਮੰਨਦੀ ਹਾਂ ਕਿ ਜਿਹੜੀ ਚੀਜ਼ ਪਰਮਾਤਮਾ ਨਹੀਂ ਦਿੰਦਾ ਉਸ ਪ੍ਰਤੀ ਜ਼ਿੱਦ ਵੀ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਜ਼ਿੱਦ ਕਰਕੇ ਲਓਗੇ, ਸ਼ਾਇਦ ਉਹ ਤੁਹਾਨੂੰ ਔਖਾ ਕਰੇ।”
ਡਿਪਰੈਸ਼ਨ ਵਿੱਚ ਗੁਜ਼ਰੇ ਕਈ ਸਾਲ
2006 ਤੋਂ ਲੈ ਕੇ ਜਸਵਿੰਦਰ ਬਰਾੜ ਕਈ ਸਾਲ ਡਿਪਰੈਸ਼ਨ ਵਿੱਚ ਵੀ ਰਹੇ। ਉਹ ਦੱਸਦੇ ਹਨ ਕਿ ਉਹ ਵੀ ਉਦੋਂ ਤੱਕ ਡਿਪਰੈਸ਼ਨ ਬਾਰੇ ਨਹੀਂ ਜਾਣਦੇ ਸੀ। ਡਾਕਟਰਾਂ ਕੋਲ ਜਾ ਕੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਇਹ ਡਿਪਰੈਸ਼ਨ ਹੈ।
ਇਸ ਬਾਰੇ ਉਹ ਕਹਿੰਦੇ ਹਨ, “ਕਈ ਲੋਕ ਕਹਿੰਦੇ ਸੀ ਕਿ ਕਸਰ ਹੋ ਗਈ, ਕੋਈ ਕਹਿੰਦਾ ਸੀ ਕਿਸੇ ਨੇ ਕੁਝ ਕਰ ਦਿੱਤਾ। ਉਸ ਤੋਂ ਬਾਅਦ ਬਹੁਤ ਔਖਾ ਸਮਾਂ ਕੱਟਿਆ, ਹਰ ਦਿਨ ਮੌਤ ਮੂਹਰੇ ਦਿਸਦੀ ਸੀ। ਹਰ ਤੀਰਥ ’ਤੇ ਅਸੀਂ ਇਸ਼ਨਾਨ ਕੀਤਾ। ਕਿਉਂਕਿ ਜਦੋਂ ਕੋਈ ਦੁਖੀ ਹੁੰਦਾ, ਬੰਦਾ ਸੋਚਦੈ ਸ਼ਾਇਦ ਇੱਥੋਂ ਅਰਾਮ ਹੋ ਜਾਵੇ।’’
‘‘ਪਰ ਬਚਾਇਆ ਗੁਰੂ ਸਾਹਿਬ ਦੇ ਨਾਮ ਨੇ, ਪਾਠ ਨੇ, ਗੁਰਬਾਣੀ ਨੇ। ਮੈਂ ਗੁਰੂ ਦੇ ਲੜ ਲੱਗ ਗਈ, ਇੰਨਾਂ ਕੁ ਮੈਨੂੰ ਗੁਟਕੇ ਨਾਲ ਪਿਆਰ ਹੋ ਗਿਆ ਸੀ ਵੀ ਸੁਖਮਨੀ ਸਾਹਿਬ ਕਰਦੀ ਕਰਦੀ ਦਾ ਗੁਟਕਾ ਛਾਤੀ ‘ਤੇ ਰਹਿ ਜਾਂਦਾ ਸੀ ਤੇ ਮੈਨੂੰ ਨੀਂਦ ਆ ਜਾਂਦੀ ਸੀ। ਘਰ ਦੇ ਗੁਟਕੇ ਨੂੰ ਉੱਥੇ ਹੀ ਰੱਖ ਦਿੰਦੇ ਸੀ ਤਾਂ ਜੋ ਉਨ੍ਹਾਂ ਦੇ ਹਿਲਾਉਣ ’ਤੇ ਨੀਂਦ ਨਾ ਖੁੱਲ੍ਹ ਜਾਵੇ।”
ਡਿਪਰੈਸ਼ਨ ਦਾ ਕਾਰਨ ਉਨ੍ਹਾਂ ਦੇ ਸਾਥੀ ਸਾਜੀਆਂ ਦਾ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਜਾਣਾ ਬਣਿਆ।
ਉਹ ਦੱਸਦੇ ਹਨ, “ਸਾਡਾ ਵਰਲਡ ਟੂਰ ਸੀ, ਉਸ ਤੋਂ ਕੁਝ ਦਿਨ ਪਹਿਲਾਂ ਉਨ੍ਹਾਂ ਦਾ ਐਕਸੀਟੈਂਡ ਹੋ ਗਿਆ ਤੇ ਕੁਝ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਡਿਪਰੈਸ਼ਨ ਵਿੱਚ ਚਲੀ ਗਈ।“
ਜਸਵਿੰਦਰ ਬਰਾੜ ਦੱਸਦੇ ਹਨ ਕਿ ਡਾਕਟਰੀ ਸਹਾਇਤਾ ਦੇ ਨਾਲ ਨਾਲ ਫਿਰ ਗੁਰਬਾਣੀ ਅਤੇ ਸਟੇਜਾਂ ਨੇ ਉਨ੍ਹਾਂ ਨੂੰ ਉਸ ਦੌਰ ਵਿੱਚੋਂ ਬਾਹਰ ਕੱਢਿਆ।
ਇੱਕ ਅਧੂਰੀ ਖਾਹਿਸ਼
ਜਸਵਿੰਦਰ ਬਰਾੜ ਕਹਿੰਦੇ ਹਨ ਕਿ ਇੱਕ ਖਾਹਿਸ਼ ਉਨ੍ਹਾਂ ਦੀ ਹਾਲੇ ਅਧੂਰੀ ਹੈ।
ਉਹ ਕਹਿੰਦੇ ਹਨ, “ਜਦੋਂ ਮੈਂ ਉਸ ਖਾਹਿਸ਼ ਨੂੰ ਪੂਰਾ ਕਰਨ ਬਾਰੇ ਸੋਚਦੀ ਹਾਂ, ਜ਼ਿੰਦਗੀ ਡਾਵਾਂਡੋਲ ਹੋ ਜਾਂਦੀ ਹੈ। ਮੈਂ ਸੋਚਦੀ ਹਾਂ ਕੋਈ ਸਮਾਂ ਇਹੋ ਜਿਹਾ ਆਵੇ ਕਿ ਮੈਂ ਲੰਗਰ ਸ਼ੁਰੂ ਕਰਾਂ, ਭਾਵੇਂ ਉਹ 20 ਬੰਦਿਆਂ ਤੋਂ ਸ਼ੁਰੂ ਕਰਾਂ ਤੇ ਹੌਲੀ ਹੌਲੀ ਵਧਦਾ ਜਾਵੇ। ਇੱਕ ਪਰਮਾਤਮਾ ਮੈਨੂੰ ਥੋੜ੍ਹਾ ਜਿਹਾ ਹੋਰ ਦੇ ਦੇਵੇ ਜਿਹੜਾ ਬਜ਼ੁਰਗਾਂ ਦੀ ਦਵਾਈ ਬੂਟੀ ਕਰਾ ਸਕਾਂ।”
ਜਸਵਿੰਦਰ ਬਰਾੜ ਕਹਿੰਦੇ ਹਨ ਕਿ ਹਾਲੇ ਗਾਇਕੀ ਵਿੱਚ ਵੀ ਉਹ ਬਹੁਤ ਕੁਝ ਕਰਨਾ ਚਾਹੁੰਦੇ ਹਨ।
“ਮੇਰੇ ਗੈਪ ਤੋਂ ਬਾਅਦ ਬਹੁਤ ਕੁਝ ਬਦਲ ਗਿਆ, ਉਦੋਂ ਹੋਰ ਯੁੱਗ ਸੀ, ਅੱਜ ਹੋਰ ਯੁੱਗ ਹੈ। ਅੱਜ ਦੇ ਯੁੱਗ ਵਿੱਚ ਢਲਣ ਲਈ ਵੀ ਮੈਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਮੈਂ ਨਹੀਂ ਚਾਹੁੰਦੀ ਕਿ ਗਾਇਬ ਹੋਵਾਂ, ਖਾਸ ਕਰਕੇ ਆਪਣੇ ਡਿਪਰੈਸ਼ਨ ਅਤੇ ਸਰੀਰ ਲਈ ਮੈਂ ਸਟੇਜ ਤੇ ਗਾਇਕੀ ਛੱਡਣਾ ਨਹੀਂ ਚਾਹੁੰਦੀ। ਜੇ ਇਹ ਚੀਜ਼ਾਂ ਖਤਮ ਹੋ ਗਈਆਂ ਤਾਂ ਸ਼ਾਇਦ ਜਸਵਿੰਦਰ ਬਰਾੜ ਨਹੀਂ ਹੋਵੇਗੀ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਮੁਸਲਮਾਨਾਂ ਖ਼ਿਲਾਫ਼ ਟਿੱਪਣੀ ਕਰਨ ਵਾਲੇ ਭਾਜਪਾ ਸੰਸਦ ਰਮੇਸ਼ ਬਿਧੂੜੀ ਦਾ ਵਿਵਾਦਾਂ ਨਾਲ ਪੁਰਾਣਾ ਰਿਸ਼ਤਾ
NEXT STORY