ਦੱਖਣੀ ਦਿੱਲੀ ਤੋਂ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਰਮੇਸ਼ ਬਿਧੂੜੀ
ਵੀਰਵਾਰ ਰਾਤ ਲੋਕ ਸਭਾ ''ਚ ''ਚੰਦਰਯਾਨ-3 ਦੀ ਸਫ਼ਲਤਾ'' ''ਤੇ ਚੱਲ ਰਹੀ ਚਰਚਾ ਦੌਰਾਨ ਇੱਕ ਸੰਸਦ ਮੈਂਬਰ ਵੱਲੋਂ ਕੀਤੀ ਗਈ ''ਟਿੱਪਣੀ'' ਅਗਲੇ ਦਿਨ ਸਿਆਸੀ ਬਹਿਸਬਾਜ਼ੀ ''ਚ ਬਦਲ ਗਈ।
ਇਸ ਸਿਆਸੀ ਤੂਫ਼ਾਨ ਦੇ ਕੇਂਦਰ ਵਿੱਚ ਰਮੇਸ਼ ਬਿਧੂੜੀ ਹਨ, ਜੋ ਕਿ ਦੱਖਣੀ ਦਿੱਲੀ ਦੇ ਪੌਸ਼ ਇਲਾਕੇ ਤੋਂ ਦੋ ਵਾਰ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹਨ।
ਰਮੇਸ਼ ਬਿਧੂੜੀ ਨੇ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ''ਤੇ ਨਿਸ਼ਾਨਾ ਸਾਧਦਿਆਂ ਜੋ ਕੁਝ ਕਿਹਾ, ਉਹ ਹੁਣ ਲੋਕ ਸਭਾ ਦੀ ਦਰਜ ਕੀਤੀ ਗਈ ਕਾਰਵਾਈ ਦਾ ਹਿੱਸਾ ਨਹੀਂ ਹੈ ਅਤੇ ਨਾ ਹੀ ਉਸ ਨੂੰ ਕਿਸੇ ਵੀ ਤਰੀਕੇ ਨਾਲ ਦੁਹਰਾਉਣਾ ਸੰਭਵ ਹੈ।
ਬਿਧੂੜੀ ਨੇ ਜੋ ਕਿਹਾ, ਉਸ ਦੇ ਗ਼ੈਰ-ਸੰਸਦੀ ਹੋਣ ਦੀ ਗੰਭੀਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਗਾਇਆ ਜਾ ਸਕਦਾ ਹੈ ਕਿ ਚਰਚਾ ਦੌਰਾਨ ਸਦਨ ਵਿੱਚ ਮੌਜੂਦ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਫ਼ੌਰਨ ਇਸ ''ਤੇ ਅਫ਼ਸੋਸ ਜ਼ਾਹਰ ਕੀਤਾ।
ਬਸਪਾ ਸੰਸਦ ਮੈਂਬਰ ਦਾਨਿਸ਼ ਅਲੀ ਲਈ ਵਰਤੀ ਗਈ ਅਪਮਾਨਜਨਕ ਭਾਸ਼ਾ ਨੂੰ ਲੈ ਕੇ ਚੌਤਰਫ਼ੇ ਦਬਾਅ ਤੋਂ ਬਾਅਦ ਭਾਜਪਾ ਨੂੰ ਆਪਣੇ ਸੰਸਦ ਮੈਂਬਰ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨਾ ਪਿਆ।
ਭਾਜਪਾ ਆਗੂ ਰਵੀਸ਼ੰਕਰ ਪ੍ਰਸਾਦ ਨੇ ਕਿਹਾ ਕਿ ਉਹ ਕਿਸੇ ਵੀ ਅਸ਼ਲੀਲ ਟਿੱਪਣੀ ਦਾ ਸਮਰਥਨ ਨਹੀਂ ਕਰਦੇ।
ਪਾਰਟੀ ਦੇ ਇੱਕ ਹੋਰ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਡਾਕਟਰ ਹਰਸ਼ਵਰਧਨ ਨੂੰ ਸਪੱਸ਼ਟੀਕਰਨ ਦੇਣਾ ਪਿਆ ਕਿਉਂਕਿ ਉਹ ਬਿਧੂੜੀ ਦੀ ਵਿਵਾਦਤ ਟਿੱਪਣੀ ਦੀ ਵਾਇਰਲ ਹੋਈ ਵੀਡੀਓ ਵਿੱਚ ਆਪਣੇ ਸਾਥੀ ਸੰਸਦ ਮੈਂਬਰ ਦੇ ਪਿੱਛੇ ਹੱਸਦੇ ਨਜ਼ਰ ਆਏ ਸਨ।
ਬਿਧੂੜੀ ਅਤੇ ਵਿਵਾਦ
ਅਜਿਹਾ ਨਹੀਂ ਹੈ ਕਿ ਰਮੇਸ਼ ਬਿਧੂੜੀ ਦਾ ਨਾਂ ਪਹਿਲੀ ਵਾਰ ਕਿਸੇ ਵਿਵਾਦ ''ਚ ਸਾਹਮਣੇ ਆਇਆ ਹੈ। ਉਨ੍ਹਾਂ ਨੇ ਸਾਲ 2017 ''ਚ ਕਾਂਗਰਸ ''ਤੇ ਹਮਲਾ ਕਰਨ ਲਈ ਸੋਨੀਆ ਗਾਂਧੀ ਦੇ ਇਟਾਲੀਅਨ ਮੂਲ ਦੇ ਹੋਣ ਦਾ ਮੁੱਦਾ ਚੁੱਕਿਆ ਸੀ।
ਮਥੁਰਾ ਵਿੱਚ ਇੱਕ ਜਨ ਸਭਾ ਦੌਰਾਨ ਉਨ੍ਹਾਂ ਕਿਹਾ, "ਇਟਲੀ ਵਿੱਚ ਅਜਿਹੇ ਸੰਸਕਾਰ ਹੁੰਦੇ ਹੋਣਗੇ ਕਿ ਵਿਆਹ ਦੇ ਪੰਜ-ਸੱਤ ਮਹੀਨਿਆਂ ਬਾਅਦ ਪੋਤਾ ਜਾਂ ਪੋਤੀ ਵੀ ਆ ਜਾਵੇ, ਭਾਰਤੀ ਸੰਸਕ੍ਰਿਤੀ ਵਿੱਚ ਅਜਿਹੇ ਸੰਸਕਾਰ ਨਹੀਂ ਹਨ।"
ਹਾਲਾਂਕਿ, ਉਨ੍ਹਾਂ ਨੇ ਬਾਅਦ ਵਿੱਚ ਇਸ ਬਿਆਨ ''ਤੇ ਸਪੱਸ਼ਟੀਕਰਨ ਦਿੱਤਾ ਅਤੇ ਕਿਹਾ ਕਿ "ਸਾਡੇ ਤੋਂ ਪੰਜ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ ਪਹਿਲਾਂ ''ਅੱਛੇ ਦਿਨ'' ਦਾ ਹਿਸਾਬ ਨਹੀਂ ਮੰਗਿਆ ਜਾ ਸਕਦਾ ਹੈ।"
ਬਿਧੂੜੀ ਨੇ ਇਹ ਗੱਲ ਕਾਂਗਰਸ ਦੀ ਆਲੋਚਨਾ ਦੇ ਜਵਾਬ ''ਚ ਕਹੀ ਸੀ ਕਿਉਂਂਕਿ ਕਾਂਗਸਰ ਭਾਜਪਾ ਸਰਕਾਰ ਬਣਨ ਦੇ ਢਾਈ ਸਾਲ ਮੁਕੰਮਲ ਹੋਣ ਤੋਂ ਬਾਅਦ ਵੀ ਸੱਤਾਧਾਰੀ ਪਾਰਟੀ ਵਲੋਂ ਵਾਅਦੇ ਪੂਰੇ ਨਾ ਕੀਤੇ ਜਾਣ ਦੀ ਗੱਲ ਕਰ ਰਹੀ ਸੀ।
ਚਾਰ ਮਹਿਲਾ ਸੰਸਦ ਮੈਂਬਰਾਂ ਦੀ ਸ਼ਿਕਾਇਤ
ਬਿਧੂੜੀ ''ਤੇ ਪਹਿਲਾਂ ਵੀ ਸੰਸਦ ਦੇ ਅੰਦਰ ''ਗ਼ੈਰ-ਸੰਸਦੀ'' ਅਤੇ ''ਇਤਰਾਜ਼ਯੋਗ'' ਟਿੱਪਣੀਆਂ ਕਰਨ ਦੇ ਇਲਜ਼ਾਮ ਲੱਗ ਚੁੱਕੇ ਹਨ।
ਵੀਰਵਾਰ ਨੂੰ ਲੋਕ ਸਭਾ ''ਚ ਇੱਕ ਮੁਸਲਿਮ ਸੰਸਦ ਮੈਂਬਰ ਦੀ ਧਾਰਮਿਕ ਪਛਾਣ ਉਨ੍ਹਾਂ ਦੇ ਨਿਸ਼ਾਨੇ ’ਤੇ ਸੀ ਤਾਂ ਇਸ ਤੋਂ ਪਿਛਲੀ ਵਾਰ ਚਾਰ ਮਹਿਲਾ ਸੰਸਦ ਨੇ ਸਪੀਕਰ ਕੋਲ ਜਾ ਕੇ ਉਨ੍ਹਾਂ ਦੇ ਕਥਿਤ ‘ਵਿਵਹਾਰ’ ਬਾਰੇ ਸ਼ਿਕਾਇਤ ਦਰਜ ਕਰਵਾਈ ਸੀ।
ਇਹ ਘਟਨਾ 4 ਅਗਸਤ 2015 ਦੀ ਹੈ।
ਰਣਜੀਤ ਰੰਜਨ, ਸੁਸ਼ਮਿਤਾ ਦੇਵ, ਅਰਪਿਤਾ ਘੋਸ਼ ਅਤੇ ਪੀਕੇ ਸ਼੍ਰੀਮਤੀ ਟੀਚਰ ਨੇ ਬਿਧੂੜੀ ''ਤੇ ''ਇਤਰਾਜ਼ਯੋਗ ਅਤੇ ਅਸ਼ਲੀਲ'' ਭਾਸ਼ਾ ਦੀ ਵਰਤੋਂ ਕਰਨ ਦਾ ਇਲਜ਼ਾਮ ਲਗਾਏ ਸਨ।
ਹਾਲਾਂਕਿ ਬਿਧੂੜੀ ਨੇ ਸਾਰੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਅੰਗਰੇਜ਼ੀ ਅਖ਼ਬਾਰ ਇਕਨਾਮਿਕ ਟਾਈਮਜ਼ ਵੱਲੋਂ ਬਿਧੂੜੀ ਨੂੰ ਇਸ ਮੁੱਦੇ ਬਾਰੇ ਪੁੱਛਿਆ ਗਿਆ ਸੀ ਅਤੇ ਉਨ੍ਹਾਂ ਜਵਾਬ ਦਿੱਤਾ ਸੀ, "ਮੇਰੀ ਉਸ ਨਾਲ ਕੋਈ ਨਿੱਜੀ ਲੜਾਈ ਨਹੀਂ ਹੈ ਅਤੇ ਨਾ ਹੀ ਮੈਂ ਅਜਿਹੀ ਕੋਈ ਭਾਸ਼ਾ ਵਰਤੀ ਹੈ।''''
''''ਉਹ ਧਿਆਨ ਭਟਕਾਉਣ ਲਈ ਅਜਿਹੇ ਹੱਥਕੰਡੇ ਵਰਤ ਰਹੀ ਹੈ। ਉਹ ਔਰਤ ਹੋਣ ਦਾ ਨਜਾਇਜ਼ ਫ਼ਾਇਦਾ ਚੁੱਕ ਰਹੇ ਹਨ।"
ਬਿਧੂੜੀ ਨਾਲ ਸਬੰਧਤ ਤਾਜ਼ਾ ਵਿਵਾਦ ਅਤੇ ਸਪੀਕਰ ਦੀ ਚੇਤਾਵਨੀ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਦਨ ''ਚ ਭਾਜਪਾ ਸੰਸਦ ਰਮੇਸ਼ ਬਿਧੂੜੀ ਦੇ ਵਿਵਾਦਤ ਬਿਆਨ ਨੂੰ ''ਗੰਭੀਰਤਾ'' ਨਾਲ ਲਿਆ ਹੈ ਅਤੇ ਭਵਿੱਖ ''ਚ ਅਜਿਹਾ ਵਿਵਹਾਰ ਦੁਹਰਾਉਣ ''ਤੇ ''ਸਖ਼ਤ ਕਾਰਵਾਈ'' ਦੀ ਚਿਤਾਵਨੀ ਦਿੱਤੀ ਹੈ।
ਕੁੰਵਰ ਦਾਨਿਸ਼ ਅਲੀ ''ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਸਦਨ ''ਚ ਰੌਲਾ ਅਤੇ ਵਿਰੋਧੀ ਧਿਰ ਦੇ ਆਗੂਆਂ ਨੇ ਦੱਖਣੀ ਦਿੱਲੀ ਤੋਂ ਭਾਜਪਾ ਸੰਸਦ ਰਮੇਸ਼ ਬਿਧੂੜੀ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਸਪੀਕਰ ਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਬਿਧੂੜੀ ਨੂੰ ਚਿਤਾਵਨੀ ਦਿੰਦਿਆਂ ਕਿਹਾ ਹੈ ਕਿ ਜੇਕਰ ਭਵਿੱਖ ''ਚ ਅਜਿਹਾ ਵਿਵਹਾਰ ਦਹੁਰਾਇਆ ਗਿਆ ਤਾਂ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਸ ਮਾਮਲੇ ''ਤੇ ਪ੍ਰਤੀਕਿਰਿਆ ਦਿੰਦੇ ਹੋਏ ਦਾਨਿਸ਼ ਅਲੀ ਨੇ ਕਿਹਾ ਹੈ, "ਮੈਨੂੰ ਉਮੀਦ ਹੈ ਕਿ ਮੇਰੇ ਨਾਲ ਨਿਆਂ ਹੋਵੇਗਾ ਅਤੇ ਸਪੀਕਰ ਸਾਹਿਬ ਕਾਰਵਾਈ ਕਰਨਗੇ। ਜੇਕਰ ਅਜਿਹਾ ਨਹੀਂ ਹੋਇਆ ਤਾਂ ਮੈਂ ਪੂਰੇ ਦਿਲ ਨਾਲ ਸਦਨ ਛੱਡਣ ''ਤੇ ਵਿਚਾਰ ਕਰਾਂਗਾ।"
ਡਾਕਟਰ ਹਰਸ਼ਵਰਧਨ ਨੇ ਇਸ ਬਾਰੇ ਕੀਤੇ ਟਵੀਟ ਵਿੱਚ ਲਿਖਿਆ, "ਮੈਂ ਦੇਖਿਆ ਕਿ ਮੇਰਾ ਨਾਂ ਟਵਿੱਟਰ ''ਤੇ ਟ੍ਰੈਂਡ ਕਰ ਰਿਹਾ ਹੈ।”
“ਲੋਕ ਸਭਾ ''ਚ ਦੋ ਸੰਸਦ ਮੈਂਬਰਾਂ ਦੇ ਇੱਕ-ਦੂਜੇ ਖ਼ਿਲਾਫ਼ ਗ਼ੈਰ-ਸੰਸਦੀ ਭਾਸ਼ਾ ਦੀ ਵਰਤੋਂ ਕਰਨ ਦੇ ਮਾਮਲੇ ''ਚ ਮੇਰਾ ਨਾਂ ਖਿੱਚਿਆ ਜਾ ਰਿਹਾ ਹੈ। ਸਾਡੇ ਸੀਨੀਅਰ ਆਗੂ ਰਾਜਨਾਥ ਸਿੰਘ ਨੇ ਪਹਿਲਾਂ ਹੀ ਦੋਵਾਂ ਪਾਸਿਆਂ ਤੋਂ ਨਾ ਮਾਫ਼ੀਯੋਗ ਭਾਸ਼ਾ ਦੀ ਵਰਤੋਂ ਦੀ ਆਲੋਚਨਾ ਕਰਦਿਆਂ ਨਿੰਦਾ ਕੀਤੀ ਹੈ।
ਸਿਆਸੀ ਪ੍ਰਤੀਕਰਮ
ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਸਟੇਜ ਸਾਂਝੀ ਕਰਦੇ ਹੋਏ ਰਮੇਸ਼ ਬਿਧੂੜੀ
ਬਿਧੂੜੀ ਦੀ ਇਸ ਟਿੱਪਣੀ ''ਤੇ ਤਿੱਖੀਆਂ ਸਿਆਸੀ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ।
ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਖ਼ਬਰ ਏਜੰਸੀ ਏਐੱਨਆਈ ਨੂੰ ਦੱਸਿਆ, "ਉਨ੍ਹਾਂ (ਰਮੇਸ਼ ਬਿਧੂੜੀ) ਨੇ ਦਾਨਿਸ਼ ਅਲੀ ਜੀ ਨੂੰ ਜੋ ਕਿਹਾ ਹੈ, ਉਹ ਬੇਹੱਦ ਨਿੰਦਣਯੋਗ ਹੈ।”
“ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਮਾਫ਼ੀ ਮੰਗੀ ਹੈ ਜੋ ਨਾਕਾਫ਼ੀ ਹੈ। ਅਜਿਹੀ ਭਾਸ਼ਾ ਸਦਨ ਦੇ ਅੰਦਰ ਜਾਂ ਬਾਹਰ ਨਹੀਂ ਵਰਤੀ ਜਾਣੀ ਚਾਹੀਦੀ।"
ਜੈਰਾਮ ਰਮੇਸ਼ ਨੇ ਅੱਗੇ ਕਿਹਾ,“ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਹਿਣਾ ਹੈ ਕਿ ਨਵੀਂ ਸੰਸਦ ਭਵਨ ਦੀ ਸ਼ੁਰੂਆਤ ਨਾਰੀ ਸ਼ਕਤੀ ਨਾਲ ਕੀਤੀ ਗਈ ਹੈ ਪਰ ਅਸਲ ’ਚ ਇਸ ਦੀ ਸ਼ੁਰੂਆਤ ਰਮੇਸ਼ ਬਿਧੂੜੀ ਨਾਲ ਹੋਈ ਹੈ। ਇਹ ਰਮੇਸ਼ ਬਿਧੂੜੀ ਦੀ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਦੀ ਸੋਚ ਹੈ। ਸਾਡੀ ਮੰਗ ਹੈ ਕਿ ਰਮੇਸ਼ ਬਿਧੂੜੀ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ।”
ਟੀਐੱਮਸੀ ਦੇ ਸੰਸਦ ਮੈਂਬਰ ਮਹੂਆ ਮੋਇਤਰਾ ਨੇ ਲਿਖਿਆ, "ਇਸ ਵੀਡੀਓ ਵਿੱਚ, ਬਿਧੂੜੀ ਸੰਸਦ ਮੈਂਬਰ ਲਈ ਕਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਸਪੀਕਰ ਓਮ ਬਿਰਲਾ, ਸਨਮਾਨ ਦੇ ਰਾਖੇ ਅਤੇ ਵਿਸ਼ਵ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਪ੍ਰਧਾਨ ਜੇਪੀ ਨੱਡਾ- ਕ੍ਰਿਪਾ ਕਰਕੇ ਕਾਰਵਾਈ ਕਰੋ।”
“ਮੁਸਲਮਾਨਾਂ, ਪਿਛੜੇ ਵਰਗ ਨੂੰ ਗਾਲ੍ਹਾਂ ਕੱਢਣਾ ਭਾਜਪਾ ਦੇ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੈ, ਜ਼ਿਆਦਾਤਰ ਲੋਕਾਂ ਨੂੰ ਹੁਣ ਇਸ ਵਿੱਚ ਕੁਝ ਵੀ ਗ਼ਲਤ ਨਜ਼ਰ ਨਹੀਂ ਆਉਂਦਾ।”
"ਨਰਿੰਦਰ ਮੋਦੀ ਨੇ ਭਾਰਤੀ ਮੁਸਲਮਾਨਾਂ ਨੂੰ ਆਪਣੀ ਧਰਤੀ ''ਤੇ ਅਜਿਹੇ ਡਰ ਦੀ ਸਥਿਤੀ ਵਿੱਚ ਰਹਿਣ ਲਈ ਮਜਬੂਰ ਕੀਤਾ ਹੈ ਕਿ ਉਹ ਹਰ ਚੀਜ਼ ਨੂੰ ਹੱਸ ਕੇ ਸਹਿ ਲੈਂਦੇ ਹਨ। ਪਰ ਮੈਂ ਇਸਦੀ ਨਿੰਦਾ ਕਰਦਾ ਰਹਾਂਗਾ ਕਿਉਂਕਿ ਮਾਂ ਕਾਲੀ ਨੇ ਮੈਨੂੰ ਰੀੜ ਦੀ ਹੱਡੀ ਦਿੱਤੀ ਹੈ।”
ਰਮੇਸ਼ ਬਿਧੂੜੀ ਅਤੇ ਵਿਵਾਦ
- ਮੌਜੂਦਾ ਵਿਵਾਦ ਰਮੇਸ਼ ਬਿਧੂੜੀ ਵੱਲੋਂ ਬਸਪਾ ਸੰਸਦ ਮੈਂਬਰ ਕੁੰਵਰ ਦਾਨਿਸ਼ ਅਲੀ ਲਈ ਇਤਰਾਜ਼ਯੋਗ ਸ਼ਬਦ ਵਰਤੇ ਜਾਣ ਨਾਲ ਸ਼ੁਰੂ ਹੋਇਆ
- 2017 ''ਚ ਕਾਂਗਰਸ ''ਤੇ ਹਮਲਾ ਕਰਨ ਲਈ ਸੋਨੀਆ ਗਾਂਧੀ ਦੇ ਇਟਾਲੀਅਨ ਮੂਲ ਦੇ ਹੋਣ ਦਾ ਮੁੱਦਾ ਚੁੱਕਿਆ ਸੀ
- ਅਗਸਤ 2015 ਵਿੱਚ ਚਾਰ ਮਹਿਲਾ ਸੰਸਦ ਮੈਂਬਰਾਂ ਨੇ ਸਪੀਕਰ ਕੋਲ ਉਨ੍ਹਾਂ ਲਈ ‘ਗ਼ਲਤ ਸ਼ਬਦਾਵਲੀ’ ਵਰਤੇ ਜਾਣ ਬਦਲੇ ਬਿਧੂੜੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ
- ਮਹਿਲਾ ਸੰਸਦ ਮੈਂਬਰਾਂ ਦੀ ਸ਼ਿਕਾਇਤ ਬਦਲੇ ਬਿਧੂੜੀ ਨੇ ਕਿਹਾ ਸੀ ਕਿ ਉਹ ਔਰਤ ਹੋਣ ਦਾ ਫ਼ਾਇਦਾ ਚੁੱਕ ਰਹੀਆਂ ਹਨ
ਇਸ ''ਤੇ ਗੁੱਸਾ ਜ਼ਾਹਰ ਕਰਦਿਆਂ ਨੈਸ਼ਨਲ ਕਾਨਫ਼ਰੰਸ ਦੇ ਆਗੂ ਉਮਰ ਅਬਦੁੱਲਾ ਨੇ ਵੀ ਟਵੀਟ ਕੀਤਾ ਹੈ।
ਉਨ੍ਹਾਂ ਲਿਖਿਆ, "ਇਹ ਨਫ਼ਰਤ ਭਰੇ ਸੰਸਦ ਮੈਂਬਰ ਕਿੰਨੀ ਸੌਖਿਆਈ ਨਾਲ ਅਜਿਹੇ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ। ਮੁਸਲਮਾਨਾਂ ਖ਼ਿਲਾਫ਼ ਨਫਰਤ ਇੰਨੀ ਮੁੱਖ ਧਾਰਾ ਕਦੇ ਨਹੀਂ ਰਹੀ।''''
''''ਭਾਜਪਾ ਦੇ ਮੁਸਲਮਾਨ ਆਗੂ ਅਜਿਹੇ ਨਫ਼ਰਤ ਕਰਨ ਵਾਲਿਆਂ ਨਾਲ ਕਿਵੇਂ ਰਹਿ ਸਕਦੇ ਹਨ? ਜੇ ਉਨ੍ਹਾਂ ਨੇ ਮਹਿਜ਼ ''ਅੱਤਵਾਦੀ'' ਕਿਹਾ ਹੁੰਦਾ ਤਾਂ ਸਾਨੂੰ ਇਸ ਦੀ ਆਦਤ ਹੋ ਗਈ ਹੈ।”
“ਇਹ ਸ਼ਬਦ ਪੂਰੇ ਮੁਸਲਿਮ ਭਾਈਚਾਰੇ ਵਿਰੁੱਧ ਵਰਤੇ ਗਏ ਸਨ। ਮੈਨੂੰ ਸਮਝ ਨਹੀਂ ਆ ਰਿਹਾ ਕਿ ਭਾਜਪਾ ਨਾਲ ਜੁੜੇ ਮੁਸਲਮਾਨ ਇਸ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਨ? ਇਹ ਦਰਸਾਉਂਦਾ ਹੈ ਕਿ ਉਹ ਸਾਡੇ ਬਾਰੇ ਕੀ ਸੋਚਦੇ ਹਨ? ਉਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।"
ਆਮ ਆਦਮੀ ਪਾਰਟੀ ਦੇ ਆਗੂ ਅਮਾਨਤਓਲਾ ਖ਼ਾਨ ਨੇ ਟਵਿੱਟਰ ''ਤੇ ਲਿਖਿਆ, "ਰਮੇਸ਼ ਬਿਧੂੜੀ ਨੂੰ ਫ਼ੌਰਨ ਬਰਖਾਸਤ ਕਰਕੇ ਜੇਲ੍ਹ ਵਿੱਚ ਬੰਦ ਕੀਤਾ ਜਾਣਾ ਚਾਹੀਦਾ ਹੈ।"
ਰਮੇਸ਼ ਬਿਧੂੜੀ ਦਾ ਸਿਆਸੀ ਕਰੀਅਰ
ਦਿੱਲੀ ਦੇ ਤੁਗਲਕਾਬਾਦ ਵਿੱਚ ਜੰਮੇ ਬਿਧੂੜੀ ਦਾ ਪਾਲਣ ਪੋਸ਼ਣ ਅਤੇ ਸਿੱਖਿਆ ਇਸੇ ਸ਼ਹਿਰ ਵਿੱਚ ਹੋਈ।
ਇੱਕ ਇੰਟਰਵਿਊ ਵਿੱਚ ਬਿਧੂੜੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨੇ ਪਿੰਡ ਵਿੱਚ ਇੱਕ ਸਕੂਲ, ਆਰੀਆ ਸਮਾਜ ਮੰਦਰ ਅਤੇ ਹਸਪਤਾਲ ਲਈ ਆਪਣੀ ਜ਼ਮੀਨ ਦਾਨ ਕੀਤੀ ਸੀ।
80ਵਿਆਂ ਵਿੱਚ ਉਹ ਦਿੱਲੀ ਯੂਨੀਵਰਸਿਟੀ ਦੇ ਭਗਤ ਸਿੰਘ ਕਾਲਜ ਦੀ ਵਿਦਿਆਰਥੀ ਸਿਆਸਤ ਜ਼ਰੀਏ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਦੇ ਸੰਪਰਕ ਵਿੱਚ ਆਏ।
ਇਸ ਤੋਂ ਬਾਅਦ ਬਿਧੂੜੀ ਨੇ ਲੰਬੀ ਸਿਆਸੀ ਪਾਰੀ ਖੇਡੀ। ਉਹ ਜਥੇਬੰਦਕ ਸਿਆਸਤ ਰਾਹੀਂ 2003 ਵਿੱਚ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਵਿੱਚ ਪੁੱਜੇ ਸਨ।
ਦੱਖਣੀ ਦਿੱਲੀ ਦੀ ਵੱਕਾਰੀ ਸੀਟ ਤੋਂ 2014 ਵਿੱਚ ਪਹਿਲੀ ਵਾਰ ਲੋਕ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਉਹ ਤਿੰਨ ਵਾਰ ਦਿੱਲੀ ਵਿਧਾਨ ਸਭਾ ਦੇ ਮੈਂਬਰ ਰਹਿ ਚੁੱਕੇ ਸਨ।
2019 ਦੀਆਂ ਲੋਕ ਸਭਾ ਚੋਣਾਂ ਵਿੱਚ ਰਮੇਸ਼ ਬਿਧੂੜੀ ਨੇ ਆਮ ਆਦਮੀ ਪਾਰਟੀ ਦੇ ਰਾਘਵ ਚੱਢਾ ਅਤੇ ਕਾਂਗਰਸ ਦੇ ਉਮੀਦਵਾਰ ਅਤੇ ਮੁੱਕੇਬਾਜ਼ੀ ਚੈਂਪੀਅਨ ਵਿਜੇਂਦਰ ਸਿੰਘ ਨੂੰ ਹਰਾਇਆ ਸੀ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜਸਟਿਨ ਟਰੂਡੋ ਦੀ ਸਿਆਸਤ ’ਚ ਕੈਨੇਡਾ ਦੇ ਸਿੱਖ ਇੰਨੇ ਅਹਿਮ ਕਿਉਂ ਹਨ
NEXT STORY