ਮਾਰੀਆ ਬਲਾਂਕੋ ਰਾਇਓ ਦੀ 18 ਸਾਲਾ ਧੀ ਵੀ ਪੀੜਤਾਂ ਵਿੱਚੋਂ ਇੱਕ ਹਨ
ਦੱਖਣੀ ਸਪੇਨ ਵਿੱਚ ਸਥਿਤ ਇੱਕ ਸ਼ਾਂਤ ਜਿਹੇ ਸ਼ਹਿਰ ਵਿੱਚ ਰਹਿੰਦੇ ਲੋਕਾਂ ਨੂੰ ਉਸ ਵੇਲੇ ਝਟਕਾ ਲੱਗਾ, ਜਦੋਂ ਏਆਈ (ਆਰਟੀਫੀਸ਼ਲ ਇੰਟੈਲੀਜੈਂਸ) ਤਕਨੀਕ ਨਾਲ ਬਣਾਈਆਂ ਗਈਆਂ ਸਥਾਨਕ ਕੁੜੀਆਂ ਅਤੇ ਜਵਾਨ ਔਰਤਾਂ ਦੀਆਂ ਨਗਨ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਗਈਆਂ।
ਪੀੜਤ ਕੁੜੀਆਂ ਨੂੰ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਸੀ ਕਿ ਇਹ ਕਿੱਥੋਂ ਆ ਰਹੀਆਂ ਹਨ।
ਇਨ੍ਹਾਂ ਤਸਵੀਰਾਂ ਨੂੰ ਕੁੜੀਆਂ ਦੀਆਂ ਆਮ ਤਸਵੀਰਾਂ, ਜਿਨ੍ਹਾਂ ਵਿੱਚ ਉਨ੍ਹਾਂ ਨੇ ਕੱਪੜੇ ਪਹਿਨੇ ਹੋਏ ਸਨ, ਨਾਲ ਛੇੜਛਾੜ ਕਰਕੇ ਬਣਾਇਆ ਗਿਆ ਸੀ। ਇਨ੍ਹਾਂ ਵਿੱਚੋਂ ਕਈ ਤਸਵੀਰਾਂ ਸੋਸ਼ਲ ਮੀਡੀਆ ਪਲੈਟਫਾਰਮਾਂ ਉੱਤੇ ਉਨ੍ਹਾਂ ਦੇ ਖਾਤਿਆਂ ਤੋਂ ਲਈਆਂ ਗਈਆਂ ਸਨ।
ਫਿਰ ਇਨ੍ਹਾਂ ਤਸਵੀਰਾਂ ਨਾਲ ਇੱਕ ਐਪ ਦੀ ਵਰਤੋਂ ਰਾਹੀਂ ਛੇੜਛਾੜ ਕੀਤੀ ਗਈ। ਇਹ ਐਪ ਏਆਈ ਦੀ ਵਰਤੋਂ ਨਾਲ ਇੱਕ ਕਾਲਪਨਿਕ ਤਸਵੀਰ ਬਣਾਉਂਦੀ ਹੈ ਕਿ ਕੋਈ ਮਨੁੱਖ ਬਿਨਾਂ ਕੱਪੜਿਆਂ ਤੋਂ ਕਿਹੋ ਜਿਹਾ ਦਿਖੇਗਾ।
ਹਾਲੇ ਤੱਕ 20 ਤੋਂ ਵੱਧ ਕੁੜੀਆਂ ਅਤੇ 11 ਤੋਂ 17 ਸਾਲ ਦੀ ਉਮਰ ਦੀਆਂ ਬੱਚੀਆਂ ਨੇ ਇਸ ਦਾ ਸ਼ਿਕਾਰ ਹੋਣ ਬਾਰੇ ਦੱਸਿਆ। ਇਹ ਘਟਨਾ ਸਪੇਨ ਦੇ ਦੱਖਣ ਪੱਛਮੀ ਸੂਬੇ ਬਾਜਾਡੋਅ ਦੇ ਅਲਮੇਂਦਰਾਲੇਜੋ ਸ਼ਹਿਰ ਵਿੱਚ ਵਾਪਰੀ।
ਸਪੇਨ ਦੀ ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ
''ਕਈ ਕੁੜੀਆਂ ਨੇ ਆਪਣੇ ਆਪ ਨੂੰ ਘਰ ਵਿੱਚ ਬੰਦ ਕਰ ਲਿਆ ਹੈ''
ਮਾਰੀਆ ਬਲਾਂਕੋ ਰਾਇਓ, ਜਿਨ੍ਹਾਂ ਦੀ 18 ਸਾਲਾ ਧੀ ਵੀ ਪੀੜਤਾਂ ਵਿੱਚੋਂ ਇੱਕ ਹਨ, ਨੇ ਕਿਹਾ ਕਿ "ਇੱਕ ਦਿਨ ਮੇਰੀ ਧੀ ਨੇ ਇਹ ਕਹਿ ਕੇ ਸਕੂਲ ਛੱਡ ਦਿੱਤਾ ਕਿ ਮਾਂ ਮੇਰੀਆਂ ਨਗਨ ਤਸਵੀਰਾਂ ਫੈਲਾਈਆਂ ਜਾ ਰਹੀਆਂ ਹਨ।"
"ਮੈਂ ਆਪਣੀ ਧੀ ਨੂੰ ਪੁੱਛਿਆ ਕਿ ਕੀ ਉਸ ਨੇ ਬਗੈਰ ਕੱਪੜਿਆਂ ਤੋਂ ਆਪਣੀਆਂ ਤਸਵੀਰਾਂ ਖਿੱਚੀਆਂ ਹਨ ਤਾਂ ਉਸ ਨੇ ਕਿਹਾ ''ਨਹੀਂ ਮਾਂ, ਇਹ ਨਕਲੀ ਤਸਵੀਰਾਂ ਹਨ ਜੋ ਦਰਜਨਾਂ ਵਿੱਚ ਬਣਾਈਆਂ ਗਈਆਂ ਹਨ ਅਤੇ ਮੇਰੀ ਕਲਾਸ ਵਿੱਚ ਕਈ ਕੁੜੀਆਂ ਨਾਲ ਅਜਿਹਾ ਹੋਇਆ ਹੈ।"
ਉਨ੍ਹਾਂ ਦੱਸਿਆ ਹੈ ਕਿ ਇਸ ਨਾਲ ਪੀੜਤ ਹੋਈਆਂ 28 ਕੁੜੀਆਂ ਦੇ ਮਾਪਿਆਂ ਨੇ ਇਕੱਠੇ ਹੋ ਕੇ ਇੱਕ ''ਸਪੋਰਟ ਗਰੁੱਪ'' ਬਣਾਇਆ ਹੈ।
ਰਿਪੋਰਟਾਂ ਮੁਤਾਬਕ, ਪੁਲਿਸ ਵੱਲੋਂ 11 ਸਥਾਨਕ ਨੌਜਵਾਨਾਂ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਨੌਜਵਾਨਾਂ ਦੀ ਪਛਾਣ ਇਨ੍ਹਾਂ ਤਸਵੀਰਾਂ ਨੂੰ ਬਣਾਉਣ ਜਾਂ ਇਨ੍ਹਾਂ ਨੂੰ ਵੱਟਸਐਪ ਅਤੇ ਟੈਲੀਗ੍ਰਾਮ ਰਾਹੀਂ ਫੈਲਾਉਣ ਵਿੱਚ ਸ਼ਾਮਲ ਹੋਣ ਵਾਲਿਆਂ ਵਜੋਂ ਕੀਤੀ ਗਈ ਹੈ।
ਕੁੜੀਆਂ ਦੀਆਂ ਤਸਵੀਰਾਂ ਨਾਲ ਇੱਕ ਐਪ ਦੀ ਵਰਤੋਂ ਰਾਹੀਂ ਛੇੜਛਾੜ ਕਰਕੇ ਉਨ੍ਹਾਂ ਨੂੰ ਨਗਨ ਦਿਖਾਇਆ ਗਿਆ ਸੀ (ਸੰਕੇਤਕ ਤਸਵੀਰ)
ਜਾਂਚ ਅਧਿਕਾਰੀ, ਕੁੜੀ ਦੀ ਨਕਲੀ ਤਸਵੀਰ ਦੀ ਵਰਤੋਂ ਕਰਕੇ ਉਸ ਕੋਲੋਂ ਜਬਰੀ ਵਸੂਲੀ ਕਰਨ ਦੀ ਕੋਸ਼ਿਸ਼ ਕੀਤੇ ਜਾਣ ਦੀ ਰਿਪੋਰਟ ਬਾਰੇ ਵੀ ਜਾਂਚ ਕਰ ਰਹੇ ਹਨ।
ਇਨ੍ਹਾਂ ਤਸਵੀਰਾਂ ਦੇ ਫੈਲਣ ਦਾ ਕੁੜੀਆਂ ਉੱਤੇ ਬਹੁਤ ਗਹਿਰਾ ਅਸਰ ਹੋਇਆ ਹੈ, ਜਿਸ ਬਾਰੇ ਵੱਖ-ਵੱਖ ਗੱਲਾਂ ਸਾਹਮਣੇ ਆਈਆਂ ਹਨ।
ਮਾਰੀਆ ਬਲਾਂਕੋ ਦੱਸਦੇ ਹਨ ਕਿ ਉਨ੍ਹਾਂ ਦੀ ਧੀ ਤਾਂ ਇਨ੍ਹਾਂ ਹਾਲਤਾਂ ਵਿੱਚ ਸ਼ਾਂਤ ਹੈ। ਉਨ੍ਹਾਂ ਦੱਸਿਆ, "ਪਰ ਕਈ ਕੁੜੀਆਂ ਅਜਿਹੀਆਂ ਵੀ ਹਨ, ਜੋ ਆਪਣੇ ਘਰੋਂ ਬਾਹਰ ਵੀ ਨਹੀਂ ਨਿਕਲ ਰਹੀਆਂ।"
ਸ਼ਹਿਰ ਵਿੱਚ ਸਿਰਫ ਤਕਰੀਬਨ 3੦੦੦੦ ਲੋਕ ਰਹਿੰਦੇ ਹਨ
ਅਲਮੇਂਦਰਾਲੇਜ ਇੱਕ ਬਹੁਤ ਹੀ ਸੋਹਣਾ ਸ਼ਹਿਰ ਹੈ, ਇੱਥੋਂ ਦੀ ਆਬਾਦੀ ਤਕਰੀਬਨ 3੦,੦੦੦ ਤੋਂ ਵੱਧ ਹੈ। ਇਹ ਸ਼ਹਿਰ ਓਲਿਵ ਅਤੇ ਰੈੱਡ ਵਾਈਨ ਦੇ ਉਤਪਾਦਨ ਲਈ ਜਾਣਿਆ ਜਾਂਦਾ ਹੈ।
ਪਰ ਇਹ ਸ਼ਹਿਰ ਇੰਨੀ ਚਰਚਾ ਦਾ ਕੇਂਦਰ ਰਹਿਣ ਦਾ ਆਦੀ ਨਹੀਂ ਹੈ, ਜਿੰਨਾ ਇਹ ਹੁਣ ਕੌਮਾਂਤਰੀ ਖ਼ਬਰਾਂ ਵਿੱਚ ਹੈ।
ਇਹ ਇੱਕ ਪੀੜਤ ਕੁੜੀ ਦੀ ਮਾਂ ਮਰੀਅਮ ਅਲ ਅਦਿਬ ਦੇ ਯਤਨਾਂ ਕਰਕੇ ਹੀ ਹੋ ਸਕਿਆ।
ਉਹ ਪੇਸ਼ੇ ਵਜੋਂ ਗਾਇਨਕੌਲੋਜਿਸਟ (ਔਰਤਾਂ ਦੇ ਰੋਗਾਂ ਦੇ ਡਾਕਟਰ) ਹਨ। ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਪ੍ਰੋਫਾਈਲ ਰਾਹੀਂ ਇਸ ਮੁੱਦੇ ਨੂੰ ਸਪੇਨ ਵਿੱਚ ਇੱਕ ਮੁੱਖ ਬਹਿਸ ਬਣਾ ਦਿੱਤਾ।
ਡਾਕਟਰ ਮਰੀਅਮ ਅਲ ਆਦਿਬ ਨੇ ਕੁੜੀਆਂ ਤੱਕ ਇਹ ਸੰਦੇਸ਼ ਪਹੁੰਚਾਇਆ ਕਿ ਇਹ ''ਉਨ੍ਹਾਂ ਦੀ ਗਲਤੀ ਨਹੀਂ ਹੈ''।
ਹਾਲਾਂਕਿ, ਇਹ ਮੰਨਿਆ ਜਾ ਰਿਹਾ ਹੈ ਕਿ ਏਆਈ ਰਾਹੀਂ ਬਣਾਈਆਂ ਗਈਆਂ ਕਈ ਤਸਵੀਰਾਂ ਗਰਮੀ ਦੇ ਮਹੀਨਿਆਂ ਵਿੱਚ ਬਣਾਈਆਂ ਗਈਆਂ ਸਨ। ਪਰ ਇਨ੍ਹਾਂ ਬਾਰੇ ਖ਼ੁਲਾਸਾ ਬੀਤੇ ਦਿਨਾਂ ਵਿੱਚ ਹੀ ਹੋਇਆ, ਜਦੋਂ ਡਾਕਟਰ ਅਦਿਬ ਨੇ ਪੀੜਤ ਕੁੜੀਆਂ ਦੇ ਮਾਪਿਆਂ ਨੂੰ ਧਰਵਾਸਾ ਦਿੰਦਿਆਂ ਵੀਡੀਓ ਸਾਂਝਾ ਕੀਤਾ।
ਉਸ ਦੱਸਦੇ ਹਨ, "ਸਾਨੂੰ ਬਹੁਤ ਤਰ੍ਹਾਂ ਦੇ ਡਰ ਸਨ, ਸਾਨੂੰ ਨਹੀਂ ਪਤਾ ਸੀ ਕਿ ਕੁੜੀਆਂ ਦੀਆਂ ਕਿੰਨੀਆਂ ਤਸਵੀਰਾਂ ਹਨ ਜਾਂ ਕੀ ਤਸਵੀਰਾਂ ਨੂੰ ਪੋਰਨੋਗ੍ਰਾਫਿਕ ਵੈਬਸਾਈਟਾਂ ਉੱਤੇ ਪਾਇਆ ਗਿਆ ਹੈ।"
"ਜਦੋਂ ਤੁਸੀਂ ਕਿਸੇ ਅਪਰਾਧ ਤੋਂ ਪੀੜਤ ਹੋਵੋ, ਜੇ ਤੁਹਾਡੇ ਨਾਲ ਲੁੱਟ ਖੋਹ ਹੋਈ ਹੈ ਤਾਂ ਆਮ ਤੌਰ ''ਤੇ ਤੁਸੀਂ ਇੱਕ ਰਿਪੋਰਟ ਦਰਜ ਕਰਵਾਉਂਦੇ ਹੋ ਅਤੇ ਤੁਸੀਂ ਇਸ ਨੂੰ ਛੁਪਾਉਂਦੇ ਨਹੀਂ ਹੋ ਕਿਉਂਕਿ ਦੂਜੇ ਬੰਦੇ ਨੇ ਤੁਹਾਨੂੰ ਹਾਨੀ ਪਹੁੰਚਾਈ ਹੈ।"
"ਪਰ ਅਜਿਹੇ ਜਿਨਸੀ ਅਪਰਾਧ ਦੇ ਪੀੜਤ ਬਹੁਤ ਵਾਰੀ ਸ਼ਰਮਿੰਦਾ ਮਹਿਸੂਸ ਕਰਦੇ ਹਨ, ਉਹ ਇਸ ਦੇ ਜ਼ਿੰਮੇਵਾਰ ਖ਼ੁਦ ਨੂੰ ਮੰਨਦੇ ਹਨ ਅਤੇ ਛੁਪਾਉਂਦੇ ਹਨ, ਮੈਂ ਵੀਡੀਓ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦੀ ਸੀ ਕਿ ਇਹ ਤੁਹਾਡੀ ਗਲਤੀ ਨਹੀਂ ਹੈ।"
ਸੰਕੇਤਕ ਤਸਵੀਰ
''ਸ਼ੱਕੀਆਂ ਦੀ ਉਮਰ 11 ਤੋਂ 18 ਵਿਚਕਾਰ''
ਇਸ ਮਾਮਲੇ ਵਿੱਚ ਜਿਨ੍ਹਾਂ ਉੱਤੇ ਸ਼ੱਕ ਹੈ ਉਨ੍ਹਾਂ ਦੀ ਉਮਰ 11ਤੋਂ 18 ਸਾਲ ਦੇ ਵਿਚਕਾਰ ਹੈ।
ਸਪੇਨ ਦਾ ਕਾਨੂੰਨ ਖ਼ਾਸ ਤੌਰ ਉੱਤੇ ਬਾਲਗਾਂ ਦੀਆਂ ਤਸਵੀਰਾਂ ਨਾਲ ਛੇੜਛਾੜ ਨੂੰ ਜਿਨਸੀ ਅਪਰਾਧ ਦੇ ਤੌਰ ਉੱਤੇ ਨਹੀਂ ਗਿਣਦਾ, ਹਾਲਾਂਕਿ ਬੱਚਿਆਂ ਦੀਆਂ ਅਜਿਹੀਆਂ ਤਸਵੀਰਾਂ ਬਣਾਉਣ ਨੂੰ ''ਚਾਈਲਡ ਪੋਰਨੋਗ੍ਰਾਫੀ'' ਵੀ ਕਿਹਾ ਜਾ ਸਕਦਾ ਹੈ।
ਹੋਰ ਸੰਭਵ ਅਪਰਾਧ, ਨਿੱਜਤਾ ਸਬੰਧੀ ਕਾਨੂੰਨਾਂ ਦੀ ਉਲੰਘਣਾ ਕਰਨਾ ਵੀ ਹੋ ਸਕਦਾ ਹੈ। ਸਪੇਨ ਵਿੱਚ ਨਾਬਾਲਗਾਂ ਉੱਤੇ ਅਪਰਾਧਕ ਦੋਸ਼ 18 ਸਾਲ ਦੀ ਉਮਰ ਤੋਂ ਬਾਅਦ ਆਇਦ ਹੁੰਦੇ ਹਨ।
ਇਸ ਮਾਮਲੇ ਨੇ ਉਨ੍ਹਾਂ ਲੋਕਾਂ ਵਿੱਚ ਵੀ ਰੋਹ ਪੈਦਾ ਕੀਤਾ ਹੈ ਜੋ ਇਸ ਨਾਲ ਸਬੰਧ ਨਹੀਂ ਰੱਖਦੇ।
ਇਸ ਘਟਨਾ ਵਿੱਚ ਸ਼ਾਮਲ ਸ਼ੱਕੀਆਂ ਦੀ ਉਮਰ ਵੀ ਕੋਈ ਜ਼ਿਆਦਾ ਨਹੀਂ ਦੱਸੀ ਜਾ ਰਹੀ (ਸੰਕੇਤਕ ਤਸਵੀਰ)
ਜੇਮਾ ਲੋਰੈਂਜੋ, ਜੋ ਇੱਥੋਂ ਦੇ ਹੀ ਰਹਿਣ ਵਾਲੇ ਹਨ ਕਹਿੰਦੇ ਹਨ, "ਸਾਡੇ ਵਿੱਚੋਂ ਉਹ ਲੋਕ ਜਿਨ੍ਹਾਂ ਦੇ ਬੱਚੇ ਹਨ, ਉਹ ਇਸ ਬਾਰੇ ਬਹੁਤ ਚਿੰਤਤ ਹਨ।"
ਜੇਮਾ ਦਾ ਇੱਕ 16 ਸਾਲ ਦਾ ਪੁੱਤਰ ਤੇ ਇੱਕ 12 ਸਾਲਾ ਧੀ ਹੈ।
ਉਹ ਕਹਿੰਦੇ ਹਨ, "ਜੇਕਰ ਤੁਹਾਡਾ ਬੱਚਾ ਹੈ ਤਾਂ ਤੁਸੀਂ ਦੋ ਗੱਲਾਂ ਤੋਂ ਡਰਦੇ ਹੋ- ਇੱਕ ਇਹ ਕਿ ਉਹ ਅਜਿਹੀ ਕਿਸੇ ਘਟਨਾ ਵਿੱਚ ਸ਼ਾਮਲ ਹੋ ਸਕਦਾ/ਸਕਦੀ ਹੈ, ਜੇਕਰ ਤੁਹਾਡੀ ਇੱਕ ਬੱਚੀ ਹੈ ਤਾਂ ਤੁਸੀਂ ਹੋਰ ਵੀ ਜ਼ਿਆਦਾ ਚਿੰਤਾ ਕਰਦੇ ਹੋ ਕਿਉਂਕਿ ਇਹ ਇੱਕ ਹਿੰਸਕ ਕਾਰਵਾਈ ਹੈ।"
ਪੇਂਟਿੰਗ ਦੇ ਨਾਲ-ਨਾਲ ਸਜਾਵਟ ਦਾ ਕੰਮ ਕਰਨ ਵਾਲੇ ਫ੍ਰਾਂਸਿਸਕੋ ਜਾਵਿਅਰ ਗੁਏਰਾ ਕਹਿੰਦੇ ਹਨ ਕਿ ਇਸ ਵਿੱਚ ਸ਼ਾਮਲ ਘੱਟ ਉਮਰ ਦੇ ਬੱਚਿਆਂ ਦੇ ਮਾਪੇ ਇਸ ਲਈ ਜ਼ਿੰਮੇਵਾਰ ਹਨ।
ਉਹ ਕਹਿੰਦੇ ਹਨ, "ਉਨ੍ਹਾਂ ਨੂੰ ਜਲਦੀ ਕੁਝ ਕਰਨਾ ਚਾਹੀਦਾ ਸੀ, ਜਿਵੇਂ ਫੋਨ ਵਾਪਸ ਲੈਣਾ ਜਾਂ ਅਜਿਹੇ ਐਪ ਦੀ ਵਰਤੋਂ ਕਰਨੀ ਜਿਹੜੀ ਇਹ ਦੱਸੇ ਕਿ ਉਨ੍ਹਾਂ ਦੇ ਬੱਚੇ ਫੋਨ ਨਾਲ ਕੀ ਕਰ ਰਹੇ ਹਨ।"
ਸਪੇਨ ''ਚ ਇਹ ਪਹਿਲਾ ਮਾਮਲਾ ਨਹੀਂ
ਸਪੇਨ ਦਾ ਅਲਮੇਂਦਰਾਲੇਜ ਸ਼ਹਿਰ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹਾ ਕੇਸ ਸਪੇਨ ਵਿੱਚ ਚਰਚਾ ਵਿੱਚ ਆਇਆ ਹੈ।
ਸਾਲ ਦੀ ਸ਼ੁਰੂਆਤ ਵਿੱਚ, ਰੋਸਾਲੀਆ ਨਾਂਅ ਦੀ ਗਾਇਕਾ ਦੀਆਂ ਏਆਈ ਨਾਲ ਬਣਾਈਆਂ ਨਗਨ ਤਸਵੀਰਾਂ ਵੀ ਸੋਸ਼ਲ ਮੀਡੀਆ ਉੱਤੇ ਪਾਈਆਂ ਗਈਆਂ ਸਨ।
ਮਿਰਿਅਮ ਅਲ ਆਦਿਬ ਦੱਸਦੇ ਹਨ, "ਪੂਰੀ ਦੁਨੀਆਂ ਵਿੱਚੋਂ ਔਰਤਾਂ ਨੇ ਮੈਨੂੰ ਇਹ ਲਿਖ ਕੇ ਭੇਜਿਆ ਹੈ ਕਿ ਅਜਿਹਾ ਹੀ ਕੁਝ ਉਨ੍ਹਾਂ ਨਾਲ ਵੀ ਹੋਇਆ ਹੈ ਅਤੇ ਉਹ ਨਹੀਂ ਜਾਣਦੀਆਂ ਕਿ ਉਹ ਕੀ ਕਰਨ।"
"ਇਸ ਵੇਲੇ ਅਜਿਹਾ ਪੂਰੇ ਸੰਸਾਰ ਵਿੱਚ ਹੋ ਰਿਹਾ ਹੈ, ਬੱਸ ਫ਼ਰਕ ਇਹ ਹੈ ਕਿ ਅਲਮੇਂਦਰਾਲੇਜੋ ਵਿੱਚ ਅਸੀਂ ਇਸ ਨੂੰ ਇੱਕ ਸਕੈਂਡਲ ਵਰਗਾ ਬਣਾ ਲਿਆ ਹੈ।"
ਚਿੰਤਾ ਦਾ ਵਿਸ਼ਾ ਇਹ ਹੈ ਕਿ ਜਿਹੋ-ਜਿਹਾ ਐਪ ਇੱਥੇ ਵਰਤਿਆ ਗਿਆ, ਉਨ੍ਹਾਂ ਦਾ ਇਸਤੇਮਾਲ ਬਹੁਤ ਆਮ ਹੁੰਦਾ ਜਾ ਰਿਹਾ ਹੈ।
ਕੌਮਾਂਤਰੀ ਪੁਲਿਸ ਦੇ ਸਾਈਬਰ ਕ੍ਰਾਈਮ ਯੁਨਿਟ ਲਈ ਬਾਲ ਸੁਰੱਖਿਆ ਦੇ ਡਾਇਰੈਕਟਰ, ਜਾਵਿਅਰ ਇਜ਼ਕੁਇਰਡੋ ਨੇ ਸਪੇਨ ਦੇ ਮੀਡੀਆ ਨੂੰ ਦੱਸਿਆ ਕਿ ਅਜਿਹੇ ਅਪਰਾਧ ਹੁਣ ਡਾਰਕ ਵੈੱਬ ਤੋਂ ਚਾਈਲਡ ਪੋਰਨੋਗ੍ਰਾਫੀ ਡਾਊਨਲੋਡ ਕਰਨ ਵਾਲੇ ਲੋਕਾਂ ਤੱਕ ਸੀਮਤ ਨਹੀਂ ਰਹੇ।
ਉਨ੍ਹਾਂ ਕਿਹਾ ਕਿ "ਇਹ ਸਪੱਸ਼ਟ ਹੈ ਕਿ ਅਜਿਹਾ ਹਾਲੇ ਵੀ ਹੋ ਰਿਹਾ ਹੈ, ਪਰ ਜੋ ਸਾਡੇ ਅੱਗੇ ਮੁੱਖ ਚੁਣੌਤੀ ਹੈ ਉਹ ਇਹ ਹੈ ਕਿ ਨਾਬਾਲਗ ਬੱਚਿਆਂ ਕੋਲ ਵੀ ਇਸ ਕਿਸਮ ਦੀ ਤਕਨੀਕ ਤੱਕ ਪਹੁੰਚ ਹੋ ਗਈ ਹੈ, ਜਿਹੋ-ਜਿਹਾ ਇਸ ਮਾਮਲੇ ਵਿੱਚ ਹੋਇਆ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਏਸ਼ੀਅਨ ਗੇਮਜ਼: ਸੋਨ ਤਮਗਾ ਜਿੱਤੀ ਫਰੀਦਕੋਟ ਦੀ ਸਿਫ਼ਤ ਸਮਰਾ ਦੇ ਪਿਤਾ, ''ਛੋਟੇ ਸ਼ਹਿਰ ਦੀ ਧੀ ਦੀ ਵੱਡੀ...
NEXT STORY