ਸਿਫ਼ਤ ਕੌਰ ਸਮਰਾ
ਏਸ਼ੀਅਨ ਗੇਮਜ਼ ਵਿੱਚ ਭਾਰਤ ਲਈ 50 ਮੀਟਰ ਰਾਈਫ਼ਲ ਸ਼ੂਟਿੰਗ ਵਿੱਚ ਸਿਫ਼ਤ ਕੌਰ ਸਮਰਾ ਨੇ ਸੋਨ ਤਮਗਾ ਜਿੱਤ ਲਿਆ ਹੈ।
ਆਪਣੀ ਧੀ ਦੀ ਇਸ ਕਾਮਯਾਬੀ ''ਤੇ ਉਨ੍ਹਾਂ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਕਦੇ ਸੋਚਿਆ ਵੀ ਨਹੀਂ ਸੀ ਕਿ ਉਨ੍ਹਾਂ ਦੀ ਧੀ ਦੇਸ਼, ਪੰਜਾਬ ਅਤੇ ਫ਼ਰੀਦਕੋਟ ਦਾ ਨਾਮ ਇੰਨੇ ਵੱਡੇ ਪੱਧਰ ''ਤੇ ਰੌਸ਼ਨ ਕਰੇਗੀ।
ਬੀਬੀਸੀ ਸਹਿਯੋਗੀ ਭਾਰਤ ਭੂਸ਼ਣ ਆਜ਼ਾਦ ਨੇ ਇਸ ਮੌਕੇ ਸਿਫ਼ਤ ਦੇ ਪਿਤਾ ਪਵਨ ਦੀਪ ਸਮਰਾ ਨਾਲ ਗੱਲਬਾਤ ਕੀਤੀ।
ਇਹ ਪੁੱਛੇ ਜਾਣ ''ਤੇ ਕਿ ਆਪਣੀ ਧੀ ਦੀ ਕਾਮਯਾਬੀ ਬਾਰੇ ਉਨ੍ਹਾਂ ਦਾ ਕੀ ਕਹਿਣਾ ਹੈ, ਪਵਨ ਦੀਪ ਸਮਰਾ ਨੇ ਕਿਹਾ, ''''ਬਹੁਤ ਵਧੀਆ ਲੱਗ ਰਿਹਾ ਹੈ। ਪਰਮਾਤਮਾ ਨੇ ਸਾਥ ਦਿੱਤਾ।''''
ਆਪਣੇ ਪਰਿਵਾਰ ਦੇ ਨਾਲ ਸਿਫ਼ਤ ਕੌਰ ਸਮਰਾ
ਪਵਨਦੀਪ ਕਹਿੰਦੇ, ''''ਕਦੇ ਸੋਚਿਆ ਵੀ ਨਹੀਂ ਸੀ ਕਿ ਬੇਟੀ ਸਾਡਾ, ਸਾਡੇ ਦੇਸ਼ ਦਾ ਅਤੇ ਫਰੀਦਕੋਟ ਦਾ ਨਾਮ ਇੰਨੇ ਵੱਡੇ ਪੱਧਰ ''ਤੇ ਰੋਸ਼ਨ ਕਰੇਗੀ। ਅਸੀਂ ਸਵੇਰੇ ਗੁਰਦੁਆਰਾ ਸਾਹਿਬ ਗਏ, ਬੇਟੀ ਦੇ ਚੰਗੇ ਭਵਿੱਖ ਲਈ ਅਰਦਾਸ ਕੀਤੀ ਤੇ ਵਾਹਿਗੁਰੂ ਦਾ ਅਸ਼ੀਰਵਾਦ ਲੈ ਕੇ ਆਏ।''''
''''ਸਾਡਾ ਸਾਰਾ ਪਰਿਵਾਰ ਟੀਵੀ ਤੇ ਲਾਈਵ ਮੈਚ ਵੇਖ ਰਿਹਾ ਸੀ।''''
ਉਹ ਕਹਿੰਦੇ ਹਨ ਕਿ ''''ਫਰੀਦਕੋਟ ਪੰਜਾਬ ਦਾ ਸੀਮਿਤ ਸਾਧਨਾਂ ਵਾਲਾ ਸ਼ਹਿਰ ਹੈ। ਇਸ ਸ਼ਹਿਰ ਵਿੱਚੋਂ ਉੱਠ ਕੇ ਚੀਨ ਵਿਚ ਹੋਈਆਂ ਏਸ਼ੀਅਨ ਖੇਡਾਂ ਵਿੱਚ ਗੋਲਡ ਜਿੱਤਣਾ ਵੱਡੀ ਪ੍ਰਾਪਤੀ ਹੈ।''''
''ਰਾਸ਼ਟਰੀ ਗਾਣ ਵੱਜਿਆ ਤਾਂ ਲੂ-ਕੰਡੇ ਖੜ੍ਹੇ ਹੋ ਗਏ'' - ਸਿਫ਼ਤ
ਬੀਬੀਸੀ ਨਾਲ ਗੱਲ ਕਰਦਿਆਂ ਸਿਫ਼ਤ ਨੇ ਆਪਣੀ ਖੁਸ਼ੀ ਸਾਂਝਾ ਕੀਤੀ ਤੇ ਕਿਹਾ, ''''ਬਹੁਤ ਵਧੀਆ ਲੱਗ ਰਿਹਾ ਹੈ, ਇਹ ਇੱਕ ਵੱਖਰਾ ਅਨੁਭਵ ਹੈ।''''
ਇਹ ਪੁੱਛੇ ਜਾਣ ''ਤੇ ਕਿ ਜਦੋਂ ਸੋਨ ਤਮਗਾ ਜਿੱਤਣ ਦੇ ਰਾਸ਼ਟਰੀ ਗਾਣ ਵੱਜਿਆ ਤਾਂ ਕਿਹੋ ਜਿਹਾ ਮਹਿਸੂਸ ਹੋਇਆ, ਸਿਫ਼ਤ ਕਹਿੰਦੇ ਹਨ, ''''ਲੂ-ਕੰਡੇ ਖੜ੍ਹੇ ਹੋ ਗਏ ਸਨ, ਕਿਉਂਕਿ ਰਾਸ਼ਟਰੀ ਗਾਣ ਸਾਡੇ ਲਈ ਬਹੁਤ ਹੀ ਭਾਵੁਕ ਕਰਨ ਵਾਲੀ ਚੀਜ਼ ਹੈ।''''
ਖੇਡ ਦੌਰਾਨ ਦੂਜੀ ਟੀਮ ਦੇ ਸਮਰਥਕਾਂ ਵੱਲੋਂ ਪਾਏ ਜਾਣ ਵਾਲੇ ਸ਼ੋਰ ਬਾਰੇ ਉਹ ਕਹਿੰਦੇ ਹਨ ਕਿ ਇਸ ਨਾਲ ਉਨ੍ਹਾਂ ''ਤੇ ਕੋਈ ਦਬਾਅ ਨਹੀਂ ਬਣਦਾ ਸਗੋਂ ਉਨ੍ਹਾਂ ਨੂੰ ਚੰਗਾ ਲੱਗਦਾ ਹੈ।
ਦਿਮਾਗੀ ਤੌਰ ''ਤੇ ਮਜ਼ਬੂਤ ਹੋਣ ਬਾਰੇ ਸਿਫ਼ਤ ਦਾ ਮੰਤਰ ਹੈ ਕਿ ''''ਕੁਝ ਨਾ ਸੋਚੋ, ਬਸ ਖੁਸ਼ ਰਹੋ।''''
ਸਿਫ਼ਤ ਨੇ ਗੋਲਡ ਮੈਡਲ ਜਿੱਤਣ ਦੇ ਨਾਲ ਇੱਕ ਵਰਲਡ ਰਿਕਾਰਡ ਵੀ ਬਣਾਇਆ ਹੈ, ਜਿਸ ਬਾਰੇ ਉਹ ਕਹਿੰਦੇ ਹਨ ਰਿਕਾਰਡ ਬਾਰੇ ਤਾਂ ਉਨ੍ਹਾਂ ਨੂੰ ਬਾਅਦ ''ਚੋਂ ਪਤਾ ਲੱਗਾ ਤੇ ਉਹ ਬਹੁਤ ਖੁਸ਼ ਹਨ।
ਆਓ ਜਾਣਦੇ ਹਾਂ ਸਿਫ਼ਤ ਕੌਰ ਸਮਰਾ ਬਾਰੇ ਕੁਝ ਖ਼ਾਸ ਗੱਲਾਂ
ਏਸ਼ੀਆਈ ਖੇਡਾਂ ਵਿੱਚ ਮੱਲਾਂ ਮਾਰਨ ਵਾਲੇ ਭਾਰਤੀ ਖਿਡਾਰਨ ਸਿਫ਼ਤ ਕੌਰ ਸਮਰਾ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਪੇਸ਼ੇ ਤੋਂ ਕਿਸਾਨ ਹਨ।
ਸਿਫ਼ਤ ਕੌਰ ਨੇ ਮਾਰਚ 2023 ਵਿੱਚ ਜਰਮਨੀ ਵਿੱਚ ਹੋਏ ਅੰਤਰ-ਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਵਿਸ਼ਵ ਕੱਪ ਵਿੱਚ 50 ਮੀਟਰ ਰਾਈਫਲ 3 ਪੁਜਿਸ਼ਨ ਵਿੱਚ ਕਾਂਸੇ ਦਾ ਤਮਗਾ ਹਾਸਲ ਕੀਤਾ ਸੀ।
ਇਹ ਉਨ੍ਹਾਂ ਦਾ 7ਵਾਂ ਅੰਤਰ-ਰਾਸ਼ਟਰੀ ਮੈਡਲ ਸੀ। ਉਨ੍ਹਾਂ ਨੇ ਕਈ ਕੌਮਾਂਤਰੀ ਅਤੇ ਸੂਬਾ ਪੱਧਰੀ ਖੇਡ ਮੁਕਾਬਲਿਆਂ ਵਿੱਚ ਤਮਗੇ ਜਿੱਤੇ ਹਨ।
ਸਿਫ਼ਤ ਨੇ 2022 ਵਿੱਚ ਜਰਮਨੀ ਵਿੱਚ ਕਰਵਾਏ ਗਏ ਜੂਨੀਅਰ ਅੰਤਰ-ਰਾਸ਼ਟਰੀ ਸ਼ੂਟਿੰਗ ਸਪੋਰਟ ਫੈਡਰੇਸ਼ਨ ਦੇ ਮੁਕਾਬਲਿਆਂ ਵਿੱਚ ਦੋ ਸੋਨੇ ਦੇ, ਦੋ ਚਾਂਦੀ ਦੇ ਅਤੇ ਇੱਕ ਕਾਂਸੀ ਦੇ ਤਮਗੇ ਸਮੇਤ ਕੁਲ 5 ਤਮਗੇ ਹਾਸਲ ਕੀਤੇ ਸਨ।
ਇਹ ਤਗਮੇ ਉਨ੍ਹਾਂ ਨੇ 50 ਮੀਟਰ ਰਾਈਫਲ ਮੁਕਾਬਲੇ ਵਿੱਚ ਜਿੱਤੇ ਸਨ।
ਉਹ ਪਹਿਲੀ ਭਾਰਤੀ ਮਹਿਲਾ ਹਨ, ਜਿਨ੍ਹਾਂ ਨੇ ਇਸ ਮੁਕਾਬਲੇ ਵਿੱਚ ਇਕੱਲਿਆਂ ਸੋਨਾ ਜਿੱਤਿਆ ਸੀ।
ਪਿਤਾ ਨੇ ਘਰ ''ਚ ਹੀ ਬਣਾਈ ਸ਼ੂਟਿੰਗ ਰੇਂਜ
ਸਿਫ਼ਤ ਕੌਰ ਦੀ ਇੱਕ ਪੁਰਾਣੀ ਤਸਵੀਰ
ਬੀਬੀਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਸੀ, “ਜਿਵੇਂ-ਜਿਵੇਂ ਮੈਂ ਤਮਗੇ ਜਿੱਤਣੇ ਸ਼ੁਰੂ ਕੀਤੇ, ਮੈਂ ਖੇਡ ਵੱਲ੍ਹ ਵੱਧ ਧਿਆਨ ਦੇਣਾ ਸ਼ੁਰੂ ਕਰ ਦਿੱਤਾ।”
“ਸਾਡੇ ਜ਼ਿਲ੍ਹੇ ਵਿੱਚ ਇੱਕ ਹੀ ਸ਼ੂਟਿੰਗ ਰੇਂਜ ਸੀ, ਮੈਂ ਕਿਸੇ ਵਜ੍ਹਾ ਕਰਕੇ ਉੱਥੇ ਤਿਆਰੀ ਨਹੀਂ ਕਰ ਸਕੀ ਜਿਸ ਤੋਂ ਬਾਅਦ ਮੇਰੇ ਪਿਤਾ ਨੇ ਇੱਕ ਸ਼ੂਟਿੰਗ ਰੇਂਜ ਘਰ ਵਿੱਚ ਹੀ ਬਣਾ ਲਈ। ਭਾਵੇਂ ਕਿ ਇਸ ਵਿੱਚ ਬਹੁਤ ਖਰਚਾ ਆਇਆ ਪਰ ਮੇਰੇ ਪਿਤਾ ਨੇ ਮੈਨੂੰ ਕਦੇ ਨਾਂਹ ਨਹੀਂ ਕੀਤੀ।”
“ਮੈਂ ਇੱਕ ਦਿਨ ਵਿੱਚ 5 ਤੋਂ 6 ਘੰਟੇ ਤਿਆਰੀ ਕਰਦੀ ਹਾਂ, ਸ਼ੁਰੂਆਤੀ ਦਿਨਾਂ ਤੋਂ ਹੀ ਮੇਰੇ ਮਾਪਿਆਂ ਨੇ ਮੇਰਾ ਬਹੁਤ ਸਾਥ ਦਿੱਤਾ।”
ਉਨ੍ਹਾਂ ਕਿਹਾ ਕਿ ਸ਼ੂਟਿੰਗ ਖੇਡ ਵਿੱਚ ਬਹੁਤ ਠਹਿਰਾਅ ਅਤੇ ਮਿਹਨਤ ਦੀ ਲੋੜ ਹੁੰਦੀ ਹੈ।
ਸਿਫਤ ਕੌਰ ਦੀ ਕੋਚ ਸੁਖਰਾਜ ਕੌਰ ਨੇ ਸਿਫ਼ਤ ਦੇ ਸਫ਼ਰ ਬਾਰੇ ਦੱਸਦਿਆਂ ਕਿਹਾ ਸੀ, “ਜ਼ਿਲ੍ਹਾ ਪੱਧਰ ਤੋਂ ਸ਼ੁਰੂ ਕਰਕੇ ਉਹ ਸੂਬੇ ਦੀ ਟੀਮ ਦਾ ਹਿੱਸਾ ਬਣੀ ਅਤੇ ਹੁਣ ਉਹ ਅੰਤਰਰਾਸ਼ਟਰੀ ਪੱਧਰ ਉੱਤੇ ਮੱਲਾਂ ਮਾਰ ਰਹੀ ਹੈ।”
ਉਨ੍ਹਾਂ ਬੀਬੀਸੀ ਨੂੰ ਦੱਸਿਆ ਸੀ, “ਖਿਡਾਰੀਆਂ ਲਈ ਹੋਰ ਸਹੂਲਤਾਂ ਵੀ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਅਤੇ ਸ਼ੂਟਿੰਗ ਖੇਡ ਨੂੰ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।”
ਸਿਫ਼ਤ ਕੌਰ ਦੀ ਮਾਂ ਰਮਨੀਕ ਕੌਰ ਨੇ ਕਿਹਾ ਸੀ ਉਨ੍ਹਾਂ ਨੂੰ ਆਪਣੀ ਧੀ ਉੱਤੇ ਮਾਣ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਜੈਸ਼ੰਕਰ ਸੰਯੁਕਤ ਰਾਸ਼ਟਰ ਮਹਾਸਭਾ ''ਚ ਚੁੱਪ ਰਹਿਣ ਤੋਂ ਬਾਅਦ ਕੈਨੇਡਾ ''ਤੇ ਖੁੱਲ੍ਹ ਕੇ ਬੋਲੇ ਤਾਂ ਕੀ-ਕੀ...
NEXT STORY