ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੀਆਂ ਜ਼ਿਲ੍ਹਾ ਬਾਰ ਐਸੋਸੀਏਸ਼ਨਾਂ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਵੱਲੋਂ ਹੜਤਾਲ ਦਾ ਅੱਜ ਦੂਜਾ ਦਿਨ ਹੈ।
ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀ ਬਾਰ ਕੌਂਸਲ ਦੇ ਸੱਦੇ ''ਤੇ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਪੰਜਾਬ ਪੁਲਿਸ ਵੱਲੋਂ ਇੱਕ ਵਕੀਲ ’ਤੇ ਕਥਿਤ ਤੌਰ ’ਤੇ ਕੀਤੀ ਗਈ ਬੇਰਹਿਮੀ ਨੂੰ ਲੈ ਕੇ, ਕੀਤੀ ਜਾ ਰਹੀ ਹੈ।
ਬਾਰ ਕੌਂਸਲ ਨੇ ਕਿਹਾ ਕਿ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਵਿਵਹਾਰ ਨਿੰਦਣਯੋਗ ਹੈ ਅਤੇ ਸਾਰੇ ਇਸ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ।
ਇਸੇ ਦੌਰਾਨ ਮੁਕਤਸਰ ਪੁਲਿਸ ਨੇ ਆਪਣੇ ਹੀ ਐੱਸਪੀ ਰਮਨਦੀਪ ਸਿੰਘ ਭੁੱਲਰ, ਇੰਸਪੈਕਟਰ ਰਮਨ ਕੁਮਾਰ ਅਤੇ ਚਾਰ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਸਦਰ ਥਾਣਾ ਮੁਕਤਸਰ ਵਿਖੇ ਕਥਿਤ ਗ਼ੈਰ-ਕੁਦਰਤੀ ਅਪਰਾਧ, ਅਪਰਾਧਿਕ ਧਮਕੀਆਂ ਅਤੇ ਹੋਰਨਾਂ ਦੇ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ।
ਮਾਮਲਾ ਕੀ ਹੈ ?
ਸੀਆਈਏ ਇੰਚਾਰਜ ਇੰਸਪੈਕਟਰ ਰਮਨ ਕੁਮਾਰ ਵੱਲੋਂ ਮੁਕਤਸਰ ਸਿਟੀ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਐਡਵੋਕੇਟ ਅਤੇ ਪਿੰਡ ਸੋਹਣੇਵਾਲਾ ਦੇ ਵਸਨੀਕ ਵਰਿੰਦਰ ਸਿੰਘ ਸੰਧੂ ਅਤੇ ਸੁਰਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਉਕਤ ਸ਼ਿਕਾਇਤ ਵਿੱਚ ਇਲਜ਼ਾਮ ਲਾਇਆ ਗਿਆ ਸੀ ਕਿ ਦੋਵਾਂ ਨੇ ਪੁਲਿਸ ਮੁਲਾਜ਼ਮਾਂ ਦੀ ਟੀਮ ਨਾਲ ਕੁੱਟਮਾਰ ਕੀਤੀ ਤੇ ਉਨ੍ਹਾਂ ਦੀਆਂ ਵਰਦੀਆਂ ਪਾੜ ਦਿੱਤੀਆਂ ਸਨ।
ਪੁਲਿਸ ਮੁਤਾਬਕ ਇਹ ਸਭ ਉਦੋਂ ਹੋਇਆ ਸੀ, ਜਦੋਂ ਉਹ 14 ਸਤੰਬਰ ਦੀ ਰਾਤ ਨੂੰ ਮੁਕਤਸਰ ਸ਼ਹਿਰ ਦੇ ਟਿੱਬੀ ਸਾਹਿਬ ਰੋਡ ''ਤੇ ਡਿਊਟੀ ਕਰ ਰਹੇ ਸਨ।
ਦੋਵਾਂ ਮੁਲਜ਼ਮਾਂ ਨੂੰ 15 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ।
ਪਰ ਅਗਲੇ ਦਿਨ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੇ ਸੀਆਈਏ ਸਟਾਫ (ਇੱਕ ਪੁਲਿਸ ਥਾਣਾ) ਕੰਪਲੈਕਸ ਵਿੱਚ ਆਪਣੇ ਨਾਲ ਹੋਏ ਅਣਮਨੁੱਖੀ ਵਿਵਹਾਰ ਦਾ ਇਲਜ਼ਾਮ ਲਾਉਂਦਿਆਂ ਮੁੜ ਡਾਕਟਰੀ ਜਾਂਚ ਦੀ ਬੇਨਤੀ ਕੀਤੀ।
ਵਰਿੰਦਰ ਸਿੰਘ ਦੇ ਵਕੀਲ ਨੇ ਕਿਹਾ ਕਿ ਦੂਜੀ ਡਾਕਟਰੀ ਜਾਂਚ ਦੀ ਰਿਪੋਰਟ ਵਿਚ ਉਸ ਦੇ ਸਰੀਰ ''ਤੇ 18 ਸੱਟਾਂ ਲੱਗੀਆਂ ਹਨ।
ਵਰਿੰਦਰ ਸਿੰਘ ਜੋ ਆਪ ਪੇਸ਼ੇ ਵਜੋਂ ਵਕੀਲ ਹਨ, ਨੇ 21 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋ ਕੇ ਬਿਆਨ ਦਰਜ ਕਰਵਾਇਆ ਸੀ।
ਮੁਕਤਸਰ ਦੀ ਅਦਾਲਤ ਨੇ ਕੀ ਹੁਕਮ ਦਿੱਤੇ
ਮੁਕਤਸਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ 22 ਸਤੰਬਰ ਨੂੰ ਇੱਕ ਹੁਕਮ ਜਾਰੀ ਕਰਦਿਆਂ ਮੁਕਤਸਰ ਸਦਰ ਪੁਲਿਸ ਦੇ ਸਟੇਸ਼ਨ ਹਾਊਸ ਅਫ਼ਸਰ ਨੂੰ ਪੁਲਿਸ ਅਧਿਕਾਰੀਆਂ ਅਤੇ ਅਫਸਰਾਂ ਵਿਰੁੱਧ ਕੇਸ ਦਰਜ ਕਰਨ ਦੇ ਨਿਰਦੇਸ਼ ਦਿੱਤੇ ਸਨ।
ਅਦਾਲਤ ਨੇ ਕਿਹਾ ਕਿ ਪੀੜਤ ਐਡਵੋਕੇਟ ਵਰਿੰਦਰ ਸਿੰਘ ਦੇ ਬਿਆਨਾਂ ਦੀ ਪੜਚੋਲ ਤੋਂ ਪਤਾ ਲੱਗਾ ਹੈ ਕਿ ਉਸ ਵੱਲੋਂ ਲਗਾਏ ਗਏ ਇਲਜ਼ਾਮ ਇਨ੍ਹਾਂ ਪੁਲਿਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਕਾਫੀ ਆਧਾਰ ਹਨ।
ਇਹਨਾਂ ਹੁਕਮਾਂ ਵਿੱਚ ਦੱਸਿਆ ਗਿਆ ਹੈ ਕਿ ਵਰਿੰਦਰ ਸਿੰਘ 21 ਸਤੰਬਰ, 2023 ਨੂੰ ਪ੍ਰੋਡਕਸ਼ਨ ਵਾਰੰਟ ''ਤੇ ਲਿਆਂਦਾ ਸੀ ਅਤੇ ਉਸ ਨੇ ਪੁਲਿਸ ਅਧਿਕਾਰੀਆਂ ਵੱਲੋਂ ਮਾਰੀਆਂ ਗਈਆਂ ਸੱਟਾਂ, ਅਣਮਨੁੱਖੀ ਤੇ ਅਪਮਾਨਜਨਕ ਵਿਵਹਾਰ ਬਾਰੇ ਆਪਣੇ ਬਿਆਨ ਦਰਜ ਕਰਵਾਉਣ ਦੀ ਬੇਨਤੀ ਕੀਤੀ ਸੀ।
ਇਹਨਾਂ ਹੁਕਮਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਉਸ ਨੇ 13 ਪੰਨਿਆਂ ਵਿੱਚ ਆਪਣਾ ਬਿਆਨ ਦਰਜ ਕਰਵਾਇਆ ਅਤੇ ਅਪਰਾਧ ਜਾਂਚ ਏਜੰਸੀ (ਸੀਆਈਏ) ਵਿੱਚ ਇੰਸਪੈਕਟਰ ਰਮਨ ਕੁਮਾਰ, ਐੱਸਪੀ ਰਮਨਦੀਪ ਸਿੰਘ ਭੁੱਲਰ, ਡੀਐੱਸਪੀ ਸੰਜੀਵ ਗੋਇਲ ਅਤੇ 4 ਕਾਂਸਟੇਬਲਾਂ ਵੱਲੋਂ ਕੀਤੇ ਤਸ਼ੱਦਦ, ਮਾਰੀਆਂ ਗਈਆਂ ਸੱਟਾਂ ਅਤੇ ਅਪਮਾਨ ਦਾ ਵੇਰਵਾ ਦਿੱਤਾ ਹੈ।
ਇਹਨਾਂ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਪੀੜਤ ਨੇ ਡਰ ਕਾਰਨ ਆਪਣੀ ਜਾਨ ਬਚਾਉਣ ਲਈ ਆਪਣੀ ਜ਼ਮਾਨਤ ਵੀ ਵਾਪਸ ਲੈ ਲਈ ਸੀ।
ਪੁਲਿਸ ਨੇ ਕੀ ਕਾਰਵਾਈ ਕੀਤੀ ਹੈ?
ਮੁਕਤਸਰ ਅਦਾਲਤ ਦੇ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਮੁਕਤਸਰ ਪੁਲਿਸ ਨੇ ਸੋਮਵਾਰ ਨੂੰ ਪੁਲਿਸ ਸੁਪਰਡੈਂਟ ਰਮਨਦੀਪ ਸਿੰਘ ਭੁੱਲਰ, ਇੰਸਪੈਕਟਰ ਰਮਨ ਕੁਮਾਰ ਅਤੇ ਚਾਰ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕਥਿਤ ਗ਼ੈਰ-ਕੁਦਰਤੀ ਅਪਰਾਧ, ਅਪਰਾਧਿਕ ਧਮਕੀ ਆਦਿ ਇਲਜ਼ਾਮਾਂ ਤਹਿਤ ਕੇਸ ਦਰਜ ਕੀਤਾ ਹੈ।
ਪਰ ਪੁਲਿਸ ਨੇ ਉਪ ਪੁਲਿਸ ਕਪਤਾਨ ਸੰਜੀਵ ਗੋਇਲ ਖ਼ਿਲਾਫ਼ ਮਾਮਲਾ ਦਰਜ ਨਹੀਂ ਕੀਤਾ, ਜਿਸ ਦਾ ਨਾਮ ਪੀੜਤ ਨੇ ਆਪਣੇ ਬਿਆਨਾਂ ਵਿੱਚ ਲਿਆ ਸੀ।
ਹੁਣ ਮੁਕਤਸਰ ਪੁਲਿਸ ਵੱਲੋਂ ਇੱਕ ਡੀਐੱਸਪੀ ਪੱਧਰ ਦੇ ਅਧਿਕਾਰੀ ਨੂੰ ਇਸ ਸਾਰੇ ਮਾਮਲੇ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ।
ਮੰਗਾਂ ਕੀ ਹਨ?
ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਨੇ ਮੰਗ ਕੀਤੀ ਕਿ ਐਡਵੋਕੇਟ ਵਰਿੰਦਰ ਸਿੰਘ ਸੰਧੂ ਖ਼ਿਲਾਫ਼ ਦਰਜ ਕੇਸ ਨੂੰ ਰੱਦ ਕਰਕੇ ਉਸ ਨੂੰ ਤੁਰੰਤ ਪ੍ਰਭਾਵ ਨਾਲ ਰਿਹਾਅ ਕੀਤਾ ਜਾਵੇ।
ਇਸ ਵਿਚ ਅੱਗੇ ਕਿਹਾ ਗਿਆ ਹੈ ਕਿ ਮਾਮਲੇ ਵਿਚ ਸਾਰੇ ਮੁਲਜ਼ਮ ਅਧਿਕਾਰੀਆਂ ਨੂੰ ਤੁਰੰਤ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਜਾਵੇ।
ਇਸ ਤੋਂ ਇਲਾਵਾ ਸ਼੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਪੁਲਿਸ ਕਪਤਾਨ ਹਰਮਨਬੀਰ ਸਿੰਘ ਗਿੱਲ ਨੂੰ ਮੁਅੱਤਲ ਕਰਕੇ ਉਸ ਦੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਜਾਵੇ।
ਉਨ੍ਹਾਂ ਦਾ ਸ੍ਰੀ ਮੁਕਤਸਰ ਸਾਹਿਬ ਤੋਂ ਤੁਰੰਤ ਤਬਾਦਲਾ ਕੀਤਾ ਜਾਵੇ।
ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੂੰ ਇਸ ਮਾਮਲੇ ਦੀ ਜਾਂਚ ਸੀਬੀਆਈ ਜਾਂ ਪੰਜਾਬ ਰਾਜ ਤੋਂ ਬਾਹਰ ਕਿਸੇ ਹੋਰ ਸੁਤੰਤਰ ਏਜੰਸੀ ਨੂੰ ਤਬਦੀਲ ਕਰਨ ਲਈ ਤੁਰੰਤ ਆਦੇਸ਼ ਦੇਣੇ ਚਾਹੀਦੇ ਹਨ ।
ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਪੀੜਤ ਐਡਵੋਕੇਟ ਵਰਿੰਦਰ ਸਿੰਘ ਸੰਧੂ ਨੂੰ 25 ਲੱਖ ਰੁਪਏ ਮੁਆਵਜ਼ੇ ਵਜੋਂ ਦਿੱਤੇ ਜਾਣ।
ਪੰਜਾਬ ਅਤੇ ਹਰਿਆਣਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਜੀਬੀਐੱਸ ਢਿੱਲੋਂ ਨੇ ਵੀ ਪੰਜਾਬ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ।
ਰਿਪੋਰਟ ਲਿਖਣ ਤੱਕ ਐੱਸਪੀ ਰਮਨਦੀਪ ਸਿੰਘ ਭੁੱਲਰ ਦਾ ਫੋਨ ਬੰਦ ਆ ਰਿਹਾ ਸੀ
ਪੁਲਿਸ ਕੀ ਕਹਿੰਦੀ ਹੈ?
ਫਰੀਦਕੋਟ ਦੇ ਡਿਪਟੀ ਇੰਸਪੈਕਟਰ ਜਨਰਲ ਪੁਲਿਸ ਅਜੈ ਮਲੂਜਾ ਨੇ ਕਿਹਾ ਕਿ ਅਜੇ ਤੱਕ ਇਹ ਫ਼ੈਸਲਾ ਨਹੀਂ ਹੋਇਆ ਹੈ ਕਿ ਕੇਸ ਦੀ ਜਾਂਚ ਕੌਣ ਕਰੇਗਾ ਕਿਉਂਕਿ ਵਕੀਲ ਇਸ ਸਮੇਂ ਸਰਕਾਰ ਨਾਲ ਗੱਲਬਾਤ ਕਰ ਰਹੇ ਹਨ।
ਉਨ੍ਹਾਂ ਮੁਤਾਬਕ ਉਹ ਮਾਮਲੇ ਦੀ ਜਾਂਚ ਸੀਬੀਆਈ (ਕੇਂਦਰੀ ਜਾਂਚ ਬਿਊਰੋ) ਤੋਂ ਕਰਵਾਉਣ ਦੀ ਮੰਗ ਵੀ ਕਰ ਰਹੇ ਹਨ।
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਨ੍ਹਾਂ ਨੇ ਰੇਂਜ ਦੇ ਨਿਗਰਾਨ ਅਧਿਕਾਰੀ ਹੋਣ ਦੇ ਨਾਤੇ ਇਸ ਮਾਮਲੇ ਦੀ ਜਾਂਚ ਕੀਤੀ ਹੈ ? ਤਾਂ ਉਨ੍ਹਾਂ ਕਿਹਾ ਕਿ ਪੀੜਤ ਇਸ ਸਮੇਂ ਨਿਆਂਇਕ ਹਿਰਾਸਤ ਵਿੱਚ ਹੈ ,ਇਸ ਲਈ ਜਦੋਂ ਉਹ ਜੇਲ੍ਹ ਤੋਂ ਬਾਹਰ ਆ ਜਾਵੇਗਾ ਤਾਂ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।
ਇਸ ਸਬੰਧੀ ਜਦੋਂ ਮੁਕਤਸਰ ਪੁਲੀਸ ਦੇ ਸੀਨੀਅਰ ਕਪਤਾਨ ਪੁਲੀਸ ਹਰਮਨਬੀਰ ਸਿੰਘ ਗਿੱਲ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਫੋਨ ਕਰਨਗੇ।
ਰਿਪੋਰਟ ਲਿਖਣ ਤੱਕ ਰਮਨਦੀਪ ਸਿੰਘ ਭੁੱਲਰ ਦਾ ਫੋਨ ਬੰਦ ਆ ਰਿਹਾ ਹੈ।
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ, ਜਸਮੀਤ ਸਿੰਘ ਭਾਟੀਆ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪੰਜਾਬ ਅਤੇ ਹਰਿਆਣਾ ਦੀ ਬਾਰ ਕੌਂਸਲ ਦੇ ਪ੍ਰਧਾਨ, ਸੈਕਟਰੀ ਤੇ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਚੇਅਰਮੈਨ, ਪ੍ਰਧਾਨ ਅਤੇ ਮੁਕਤਸਰ ਸਾਹਿਬ ਦੇ ਬਾਰ ਤੇ ਨੁਮਾਇੰਦੇ ਮੁੱਖ ਮੰਤਰੀ ਪੰਜਾਬ ਨੂੰ ਮਿਲੇ ਤੇ ਆਪਣਾ ਮੰਗ ਪੱਤਰ ਦਿੱਤਾ। ਮੁੱਖ ਮੰਤਰੀ ਪੰਜਾਬ ਨੇ ਲੋੜੀਂਦੇ ਕਦਮ ਚੁੱਕਣ ਦਾ ਭਰੋਸਾ ਦਿੱਤਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਕੁੜੀਆਂ ਦੀਆਂ ਨਗਨ ਤਸਵੀਰਾਂ ਬਣਾ ਕੇ ਵਾਇਰਲ ਕਰਨ ਦਾ ਕੀ ਹੈ ਮਾਮਲਾ, ''ਕਈ ਕੁੜੀਆਂ ਨੇ ਖ਼ੁਦ ਨੂੰ ਘਰਾਂ ''ਚ...
NEXT STORY