ਪਿੰਡਵਾਸੀਆਂ ਨੇ ਸਰਬਸੰਮਤੀ ਨਾਲ ਬਣਾਇਆ ਸਾਂਝਾ ਸ਼ਮਸ਼ਾਨਘਾਟ
"ਜਦੋਂ ਮੈਨੂੰ ਪਤਾ ਲੱਗਿਆ ਕੇ ਹੁਣ ਜੱਟਾਂ ਦੇ ਅਤੇ ਸਾਡੇ ਸਿਵੇ ਇੱਕੋ ਥਾਂ ''ਤੇ ਹੋਣਗੇ ਤਾਂ ਮੈਂ ਇੱਕ ਵਾਰ ਭਾਵੁਕ ਜਿਹਾ ਹੋ ਗਿਆ। ਸਦੀਆਂ ਤੋਂ ਸਾਡੇ ਮਜ਼੍ਹਬੀ ਸਿੱਖਾਂ ਦੇ ਮੁਰਦੇ ਪਿੰਡ ਦੇ ਬਾਹਰਵਾਰ ਇੱਕ ਵੱਖਰੀ ਜਗ੍ਹਾ ''ਤੇ ਫੂਕੇ ਜਾਂਦੇ ਸਨ ਤੇ ਉੱਚ ਜਾਤੀਆਂ ਦੇ ਇੱਕ ਵੱਖਰੀ ਖ਼ਾਸ ਥਾਂ ''ਤੇ।"
ਇਹ ਬੋਲ ਜ਼ਿਲ੍ਹਾ ਮਾਨਸਾ ਅਧੀਨ ਪੈਂਦੇ ਪਿੰਡ ਖੀਵਾ ਕਲਾਂ ਦੇ ਵਸਨੀਕ ਦੇਵ ਸਿੰਘ ਦੇ ਹਨ, ਜੋ ਪਿੰਡ ਦੇ ਗ੍ਰਾਮ ਪੰਚਾਇਤ ਦੇ ਮੈਂਬਰ ਹਨ।
ਅਸਲ ਵਿਚ ਦੱਖਣੀ ਪੰਜਾਬ ਦਾ ਇਹ ਪਿੰਡ ਜਾਤ-ਪਾਤ ਦੇ ਵਿਤਕਰੇ ਤੋਂ ਉੱਪਰ ਉੱਠਣ ਕਾਰਨ ਅੱਜ-ਕੱਲ੍ਹ ਚਰਚਾ ਵਿਚ ਹੈ।
ਇਸ ਪਿੰਡ ਦੇ ਲੋਕਾਂ ਨੇ ਪਿੰਡ ਵਿਚ ਜਾਤ ਅਧਾਰਤ ਬਣੇ ਚਾਰ ਸ਼ਮਸ਼ਾਨਘਾਟਾਂ ਨੂੰ ਢਾਹ ਕੇ ਹਰ ਜਾਤੀ ਦੇ ਲਈ ਇੱਕ ਸਾਂਝਾ ਸ਼ਮਸ਼ਾਨਘਾਟ ਬਣਾ ਲਿਆ ਹੈ।
ਪਿੰਡ ਵਿੱਚ ਵੱਖ-ਵੱਖ ਜਾਤਾਂ ਦੇ ਸ਼ਮਸ਼ਾਨਘਾਟਾਂ ਨੂੰ ਖ਼ਤਮ ਕੀਤਾ
ਦਿਲਚਸਪ ਗੱਲ ਇਹ ਹੈ ਕੇ ਢਾਹੇ ਗਏ ਸ਼ਮਸ਼ਾਨਘਾਟਾਂ ਵਾਲੀ ਕਰੀਬ 5 ਏਕੜ ਤੋਂ ਵੱਧ ਜਗ੍ਹਾ ਪਿੰਡ ਵਾਸੀਆਂ ਵਾਲੋਂ ਸਕੂਲ ਬਣਾਉਣ ਲਈ ਸਾਫ਼ ਕੀਤੀ ਜਾ ਰਹੀ ਹੈ।
ਦੇਵ ਸਿੰਘ ਦੱਸਦੇ ਹਨ, "ਸਾਡੇ ਵੱਡੇ-ਵਡੇਰੇ ਦੱਸਦੇ ਸਨ ਕਿ ਜਦੋਂ ਕਰੀਬ 300 ਸਾਲ ਪਹਿਲਾਂ ਪਿੰਡ ਖੀਵਾ ਕਲਾਂ ਵਸਿਆ ਸੀ ਤਾਂ ਉਸ ਵੇਲੇ ਇਸ ਪਿੰਡ ਵਿਚ ਵੱਖ-ਵੱਖ ਜਾਤਾਂ ਤੇ ਧਰਮਾਂ ਦੇ ਲੋਕ ਆ ਕੇ ਵਸ ਗਏ ਸਨ।"
"ਠੀਕ ਉਸ ਵੇਲੇ ਇੱਥੇ ਵਸੇ ਲੋਕਾਂ ਨੇ ਆਪੋ-ਆਪਣੀਆਂ ਜਾਤਾਂ ਦੇ ਚਾਰ ਸ਼ਮਸ਼ਾਨਘਾਟ ਬਣਾ ਲਏ ਸਨ। ਕਿਸੇ ਦੀ ਮੌਤ ਹੋਣ ''ਤੇ ਇਨਾਂ ਵਿਚ ਜੱਟਾਂ, ਮਜ਼੍ਹਬੀਆਂ, ਪੰਡਤਾਂ ਤੇ ਰਵਿਦਾਸੀਆਂ ਦਾ ਆਪੋ-ਆਪਣੇ ਸ਼ਮਸ਼ਾਨਘਾਟਾਂ ਵਿਚ ਸੰਸਕਾਰ ਕੀਤਾ ਜਾਣ ਲੱਗਾ। ਬੱਸ, ਇੱਥੋਂ ਹੀ ਪਿੰਡ ਵਿਚ ਸਿਵਿਆਂ ਦੀ ਜਾਤ ਅਧਾਰਤ ਪ੍ਰਥਾ ਬਣ ਗਈ।"
ਪੰਚਾਇਤ ਮੈਂਬਰ ਦੇਵ ਸਿੰਘ
ਨੌਵੇਂ ਗੁਰੂ ਦੀ ਚਰਨ ਛੋਹ ਪ੍ਰਾਪਤ ਧਰਤੀ
ਪਿੰਡ ਦੇ ਲੋਕ ਦੱਸਦੇ ਹਨ ਕਿ ਕਰੀਬ ਇੱਕ ਵਰ੍ਹਾ ਪਹਿਲਾਂ ਸਰਕਾਰ ਵੱਲੋਂ ਪਿੰਡ ਵਿਚ ਇੱਕ ਵੱਡਾ ਸਕੂਲ ਬਣਾਏ ਜਾਣ ਦੀ ਗੱਲ ਉੱਭਰੀ ਸੀ। ਇਸ ਵੇਲੇ ਪਿੰਡ ਖੀਵਾ ਕਲਾਂ ਵਿਚ ਸਰਕਾਰੀ ਹਾਈ ਸਕੂਲ ਚੱਲ ਰਿਹਾ ਹੈ, ਜਿਸ ਕਾਰਨ ਬੱਚਿਆਂ ਨੂੰ ਅੱਗੇ ਪੜ੍ਹਣ ਲਈ ਨੇੜੇ ਪੈਂਦੇ ਕਸਬੇ ਭੀਖੀ ਦੇ ਸਕੂਲ ਵਿਚ ਦਾਖ਼ਲਾ ਲੈਣਾ ਪੈਂਦਾ ਹੈ।
ਇਸ ਪਿੰਡ ਦੀ ਵਸਨੀਕ ਪਰਵੀਨ ਲਤਾ ਬਲਾਕ ਸੰਮਤੀ ਦੇ ਮੈਂਬਰ ਹਨ। ਉਨਾਂ ਦੱਸਿਆ ਕਿ ਪਿੰਡ ਖੀਵਾ ਕਲਾਂ ਸਿੱਖਾਂ ਦੇ ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨ-ਛੋਹ ਪ੍ਰਾਪਤ ਧਰਤੀ ਹੈ।
ਉਹ ਦੱਸਦੇ ਹਨ, "ਸਾਡੇ ਪਿੰਡ ਵਿਚ ਹਰ ਜਾਤ ਦੇ ਲੋਕਾਂ ਲਈ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਯਾਦ ਵਿਚ ਬਣਿਆ ਇੱਕ ਹੀ ਗੁਰਦਵਾਰਾ ਹੈ। ਪਿਛਲੇ ਸਾਲ ਅਸੀਂ ਸੋਚਿਆ ਕੇ ਜਦੋਂ ਸਾਡੇ ਗੁਰੂਆਂ ਨੇ ਸਾਨੂੰ ਜਾਤ-ਪਾਤ ਦੇ ਵਿਤਕਰੇ ਤੋਂ ਉੱਪਰ ਉੱਠਣ ਦੀ ਸਿੱਖਿਆ ਦਿੱਤੀ ਹੈ ਤਾਂ ਕਿਉਂ ਨਾ ਅਸੀਂ ਵੀ ਇੱਕ ਅਜਿਹੀ ਮਿਸਾਲ ਪੈਦਾ ਕਰੀਏ ਜੋ ਗੁਰੂਆਂ ਦੀ ਸਿੱਖਿਆ ਨੂੰ ਸਮਰਪਿਤ ਹੋਵੇ।"
ਪਿੰਡ ਦੀ ਵਸਨੀਕ ਪਰਵੀਨ ਲਤਾ ਬਲਾਕ ਸੰਮਤੀ ਦੇ ਮੈਂਬਰ ਹਨ
ਪਰਵੀਨ ਲਤਾ ਅੱਗੇ ਕਹਿੰਦੀ ਹੈ, "ਜਦੋਂ ਸਾਨੂੰ ਪਿੰਡ ਵਿਚ ਵੱਡਾ ਸਕੂਲ ਬਣਾਏ ਜਾਣ ਦੀ ਗੱਲ ਦੀ ਭਿਣਕ ਲੱਗੀ ਤਾਂ ਅਸੀਂ ਉਸੇ ਵੇਲੇ ਪਿੰਡ ਦੇ ਵਿਚਕਾਰ ਲੱਗੇ ਇੱਕ ਵੱਡੇ ਬੋਹੜ ਹੇਠਾਂ ਸਮੁੱਚੇ ਪਿੰਡ ਦਾ ਇਕੱਠ ਰੱਖ ਲਿਆ।"
"ਇਸ ਇਕੱਠ ਵਿਚ ਹਰ ਜਾਤ-ਹਰ ਬਿਰਾਦਰੀ ਦੇ ਮੋਹਤਬਰ ਵਿਅਕਤੀਆਂ ਨੂੰ ਸੱਦਾ ਦਿੱਤਾ ਗਿਆ ਸੀ।"
"ਅਜਿਹੇ ਇਕੱਠ ਚਾਰ ਵਾਰ ਸੱਦੇ ਗਏ ਤੇ ਅਖ਼ੀਰ ਸਰਬ-ਸੰਮਤੀ ਨਾਲ ਅਸੀਂ ਫ਼ੈਸਲਾ ਕੀਤਾ ਕੇ ਪਿੰਡ ਵਿਚ ਜੇ ਹਰ ਜਾਤੀ ਲਈ ਇੱਕ ਗੁਰਦੁਆਰਾ ਹੋ ਸਕਦਾ ਹੈ ਤਾਂ ਫਿਰ ਇੱਕ ਸ਼ਮਸ਼ਾਨਘਾਟ ਕਿਉਂ ਨਹੀਂ ਹੋ ਸਕਦਾ।"
"ਇਕੱਠ ਵਿਚ ਆਏ ਹਰ ਬੰਦੇ ਤੇ ਹਰ ਔਰਤ ਨੇ ਜੈਕਾਰਿਆਂ ਦੀ ਗੂੰਜ ਨਾਲ ਇਸ ਗੱਲ ਨੂੰ ਪ੍ਰਵਾਨਗੀ ਦੇ ਦਿੱਤੀ।"
ਸਿਵੇ ਢਾਹੇ ਗਏ
ਪਿੰਡ ਦੇ ਲੋਕ ਉਸ ਘੜੀ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ ਕਿ ਜਿਵੇਂ ਹੀ ਇੱਕ ਸ਼ਮਸ਼ਾਨਘਾਟ ਬਣਾਉਣ ਦਾ ਮਤਾ ਪਾਸ ਹੋਇਆ ਤਾਂ ਲੋਕ ਵਹੀਰਾਂ ਘੱਤ ਕੇ ਸ਼ਮਸ਼ਾਨਘਾਟਾਂ ਵਾਲੀਆਂ ਜਗ੍ਹਾ ''ਤੇ ਪਹੁੰਚ ਗਏ ਤੇ ਸਾਰੇ ਸਿਵੇ ਢਾਹ ਦਿੱਤੇ।
ਮਹੰਤ ਬਿਰਾਦਰੀ ਨਾਲ ਸਬੰਧਤ ਪਰਗਟ ਸਿੰਘ ਪਿੰਡ ਵਿਚ ਹੀ ਮੈਡੀਕਲ ਪ੍ਰੈਕਟੀਸ਼ਨਰ ਵਜੋਂ ਕੰਮ ਕਰਦੇ ਹਨ। ਉਨਾਂ ਦੱਸਿਆ ਕਿ ਸਭ ਤੋਂ ਹੈਰਾਨੀ ਵਾਲੀ ਗੱਲ ਤਾਂ ਇਹ ਰਹੀ ਕਿ ਕਿਸੇ ਵੀ ਬਿਰਾਦਰੀ ਨੇ ਇਸ ਗੱਲ ਦਾ ਰੱਤੀ ਭਰ ਵੀ ਵਿਰੋਧ ਨਹੀਂ ਕੀਤਾ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਹ ਕਹਿੰਦੇ ਹਨ, "ਇਸ ਨਾਲ ਇੱਕ ਤਾਂ ਅਸੀਂ ਜਾਤ-ਪਾਤ ਤੋਂ ਦੂਰ ਹੋ ਗਏ ਹਾਂ ਤੇ ਦੂਜਾ ਅਸੀਂ ਸਕੂਲ ਲਈ ਜ਼ਮੀਨ ਵੇਹਲੀ ਕਰ ਲਈ ਹੈ।"
"ਥੋੜ੍ਹੀ ਘੱਟ ਜਗ੍ਹਾ ਵਿਚ ਨਵਾਂ ਸਾਂਝਾ ਸ਼ਮਸ਼ਾਨਘਾਟ ਬਣ ਕੇ ਤਿਆਰ ਹੋ ਗਿਆ ਹੈ। ਪਿਛਲੇ ਦਿਨੀਂ ਇੱਕ ਬਜ਼ੁਰਗ ਦੀ ਹੋਈ ਮੌਤ ਤੋਂ ਬਾਅਦ ਜਦੋਂ ਉਨ੍ਹਾਂ ਦਾ ਅੰਤਮ ਸੰਸਕਾਰ ਕੀਤਾ ਗਿਆ ਤਾਂ ਸ਼ਮਸ਼ਾਨਘਾਟ ਵਿਚ ਮ੍ਰਿਤਕ ਨੂੰ ਅੰਤਮ ਵਿਦਾਈ ਦੇਣਾ ਲਈ ਹਰ ਜਾਤ ਦਾ ਬੰਦਾ ਹਾਜ਼ਰ ਸੀ। ਮਨ ਨੂੰ ਸਕੂਨ ਮਿਲਿਆ।"
ਕਰੀਬ ਚਾਰ ਹਜ਼ਾਰ ਦੀ ਅਬਾਦੀ ਵਾਲੇ ਇਸ ਪਿੰਡ ਵਿਚ ਦਸ ਤੋਂ ਵੱਧ ਵੱਖ-ਵੱਖ ਜਾਤਾਂ ਦੇ ਲੋਕ ਵਸੇ ਹੋਏ ਹਨ। ਪਿੰਡ ਵਾਸੀਆਂ ਨੂੰ ਇਸ ਗੱਲ ਦਾ ਮਲਾਲ ਹੈ ਕੇ ਪਿੰਡ ਵਿਚ ਮੈਟ੍ਰਿਕ ਤੋਂ ਅੱਗੇ ਦੇ ਪੜ੍ਹਾਈ ਦਾ ਸਕੂਲ ਨਹੀਂ ਹੈ, ਜਿਸ ਕਾਰਨ ਪਿੰਡ ਦੀਆਂ ਜ਼ਿਆਦਾਤਰ ਕੁੜੀਆਂ ਉਚੇਰੀ ਪੜ੍ਹਾਈ ਤੋਂ ਵਾਂਝੀਆਂ ਰਹਿ ਜਾਂਦੀਆਂ ਹਨ।
ਪਿੰਡ ਵਿੱਚ ਸਾਰਿਆਂ ਲਈ ਇੱਕੋ ਗੁਰਦੁਆਰਾ ਹੈ
ਪਿੰਡ ਦੇ ਲੋਕਾਂ ਨੇ ਪੜ੍ਹਾਈ ਦੇ ਮੁੱਦੇ ਨੂੰ ਲੈ ਕੇ ਵੀ ਸ਼ਮਸ਼ਾਨਘਾਟਾਂ ਵਾਲੀ ਮਹਿੰਗੇ ਭਾਅ ਦੀ 5 ਏਕੜ ਤੋਂ ਵੱਧ ਜ਼ਮੀਨ ਸਕੂਲ ਲਈ ਖਾਲੀ ਕੀਤੀ ਹੈ।
ਅਜਿਹਾ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕੇ ਪਿੰਡਾਂ ਜਾਂ ਸ਼ਹਿਰਾਂ ਵਿਚ ਜਾਤ-ਪਾਤ ਅਧਾਰਤ ਬਣੇ ਸ਼ਮਸ਼ਾਨਘਾਟਾਂ ਨੂੰ ਹਟਾ ਕੇ ਪਿੰਡ ਵਿਚ ਇੱਕ ਸ਼ਮਸ਼ਾਨਘਾਟ ਬਣ ਜਾਵੇ।
ਜੇ ਕਿਧਰੇ ਇਸ ਮੁੱਦੇ ਨੂੰ ਲੈ ਕੇ ਕੋਈ ਗੱਲ ਚਲਦੀ ਹੈ ਤਾਂ ਕਈ ਵਾਰ ਵੱਖ-ਵੱਖ ਜਾਤਾਂ ਦੇ ਲੋਕ ਆਹਮੋ-ਸਾਹਮਣੇ ਹੋ ਜਾਂਦੇ ਹਨ।
ਸ਼ਮਸ਼ਾਨਘਾਟ ਕਮੇਟੀ ਦੇ ਪ੍ਰਧਾਨ ਮੇਜਰ ਸਿੰਘ ਪਿੰਡ ਵਿਚ ਬਣੀ ਬਾਬਾ ਜੋਗੀ ਪੀਰ ਦੀ ਸਮਾਧ ਦੇ ਵੀ ਮੁਖੀ ਹਨ।
ਉਹ ਕਹਿੰਦੇ ਹਨ, "ਅੱਜ ਦੇ ਯੁੱਗ ਵਿਚ ਵਿੱਦਿਆ ਸਾਡੀ ਆਉਣ ਵਾਲੀ ਪੀੜ੍ਹੀ ਲਈ ਅਹਿਮ ਹੈ ਨਾ ਕਿ ਸ਼ਮਸ਼ਾਨਘਾਟਾਂ ਦੀ ਗਿਣਤੀ। ਅਸੀਂ ਸ਼ਮਸ਼ਾਨਘਾਟਾਂ ਹੇਠੋਂ ਜ਼ਮੀਨ ਕੱਢ ਕੇ ਵਿੱਦਿਆ ਦਾ ਮੰਦਰ ਬਣਾਉਣ ਲਈ ਤੱਤਪਰ ਹਾਂ।"
ਪਰਗਟ ਸਿੰਘ
ਲੋਕਾਂ ਨੂੰ ਘਰ-ਘਰ ਜਾ ਕੇ ਸਮਝਾਇਆ
ਇਸੇ ਤਰ੍ਹਾਂ ਪਿੰਡ ਦੇ ਵਸਨੀਕ ਗੁਰਬੰਸ ਸਿੰਘ ਕਹਿੰਦੇ ਹਨ, "ਕਿੰਨੇ ਦੁੱਖ ਦੀ ਗੱਲ ਹੈ ਕੇ ਸਾਲਾਂ ਤੋਂ ਸਾਡੇ ਪਿੰਡ ਦੀ ਇੱਕ ਵੀ ਕੁੜੀ ਕਿਸੇ ਵੀ ਖੇਤਰ ਵਿਚ ਮੂਹਰੇ ਨਹੀਂ ਆਈ ਹੈ। ਇਸ ਦਾ ਕਾਰਨ ਪਿੰਡ ਵਿਚ ਵੱਡੇ ਸਕੂਲ ਦਾ ਨਾ ਹੋਣਾ ਹੈ।"
"ਅਸੀਂ ਚਾਰ ਸਿਵੇ ਢਾਹ ਕੇ ਇੱਕ ਸ਼ਮਸ਼ਾਨਘਾਟ ਬਣਾ ਲਿਆ ਹੈ। ਹੁਣ ਸਾਡਾ ਧਿਆਨ ਸਕੂਲ ਬਣਾਉਣ ਵੱਲ ਹੈ ਤਾਂ ਕੇ ਸਾਡੀਆਂ ਧੀਆਂ ਪੜ੍ਹ ਕੇ ਕੁਝ ਕੌਣ ਦੇ ਕਾਬਲ ਬਣ ਸਕਣ।"
ਦਲਿਤ ਬਿਰਾਦਰੀ ਦੇ ਮੈਂਬਰ ਪੰਚਾਇਤ ਦੇਵ ਸਿੰਘ ਨੇ ਦੱਸਿਆ ਕਿ ਇੱਕ ਸਾਂਝਾ ਸ਼ਮਸ਼ਾਨਘਾਟ ਬਣਾਉਣ ਲਈ ਉਨਾਂ ਨੇ ਪਿੰਡ ਦੇ ਘਰ-ਘਰ ਜਾ ਕੇ ਉਨ੍ਹਾਂ ਲੋਕਾਂ ਨੂੰ ਸਮਝਾਉਣ ਦਾ ਬੀੜਾ ਚੁੱਕਿਆ ਜਿਹੜੇ ਜਾਤ-ਪਾਤ ਦੇ ਭਰਮ ਵਿਚ ਫਸੇ ਹੋਏ ਸਨ।
ਉਨ੍ਹਾਂ ਨੇ ਕਿਹਾ, "ਆਖ਼ਰ ਇੱਕ ਸਾਲ ਦੀ ਅਣਥੱਕ ਮਿਹਨਤ ਮਗਰੋਂ ਅਸੀਂ ਪਿੰਡ ਵਿੱਚੋਂ ਜਾਤੀਵਾਦੀ ਪ੍ਰਥਾ ਨੂੰ ਖ਼ਤਮ ਕਰਨ ਵਿਚ ਸਫ਼ਲ ਹੋ ਗਏ।"
ਇੱਥੇ ਹੀ ਬੱਸ ਨਹੀਂ, ਸਗੋਂ ਪਿੰਡ ਵਾਲਿਆਂ ਨੇ ਪਿੰਡ ਵਿਚ ਪੀਣ ਵਾਲੇ ਪਾਣੀ ਲਈ ਧਰਤੀ ਵਿਚ ਬੋਰ ਕਰਕੇ ਸਾਂਝੀਆਂ ਥਾਵਾਂ ''ਤੇ ਮੋਟਰਾਂ ਲਗਾ ਦਿੱਤੀਆਂ ਹਨ, ਜਿੱਥੋਂ ਸਾਰੀਆਂ ਬਿਰਾਦਰੀਆਂ ਦੇ ਲੋਕ ਬਿਨਾਂ ਕਿਸੇ ਦਵੈਸ਼ ਦੇ ਪਾਣੀ ਭਰਦੇ ਹਨ।
ਪਿੰਡ ਦੀ ਸਰਪੰਚ ਕਰਮਜੀਤ ਕੌਰ ਨੇ ਕਿਹਾ, "ਮੈਨੂੰ ਖੁਸ਼ੀ ਤਾਂ ਇਸ ਗੱਲ ਦੀ ਹੈ ਕਿ ਪਿੰਡ ਵਿੱਚੋਂ ਜਾਤ ਪ੍ਰਥਾ ਖ਼ਤਮ ਕਰਨ ਸਮੇਂ ਰਾਜਨੀਤੀ ਵੀ ਸਾਡੇ ਰਾਹ ਦਾ ਰੋੜਾ ਨਹੀਂ ਬਣੀ। ਸਾਨੂੰ ਇਸ ਸ਼ੁਭ ਕਾਰਜ ਲਈ ਹਰ ਰਾਜਨੀਤਕ ਪਾਰਟੀ ਦੇ ਬੰਦਿਆਂ ਦਾ ਸਹਿਯੋਗ ਮਿਲਿਆ ਹੈ।"
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਭਾਰਤ ਨੇ ਕੈਨੇਡਾ ਦੇ ਕੂਟਨੀਤਿਕ ਅਧਿਕਾਰੀਆਂ ਬਾਰੇ ਲਿਆ ਨਵਾਂ ਫੈਸਲਾ ਤਾਂ ਟਰੂਡੋ ਨੇ ਦੋਵਾਂ ਦੇਸ਼ਾਂ ਦੇ...
NEXT STORY