ਫਰਾਂਸ ਵਿੱਚ ਖਟਮਲਾਂ ਦੇ ਵੱਖ-ਵੱਖ ਥਾਵਾਂ ਉੱਤੇ ਮਿਲਣ ਨਾਲ ਦਹਿਸ਼ਤ ਫ਼ੈਲ ਗਈ ਹੈ
ਅੱਜ-ਕੱਲ੍ਹ ਪੈਰਿਸ ਅਤੇ ਫਰਾਂਸ ਦੇ ਹੋਰ ਸ਼ਹਿਰ ਖਟਮਲਾਂ ਤੋਂ ਤੰਗ ਹਨ। ਇੱਥੋਂ ਤੱਕ ਕਿ ਅਗਲੇ ਸਾਲ ਪੈਰਿਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ ਉੱਤੇ ਵੀ ਸਵਾਲੀਆ ਨਿਸ਼ਾਨ ਲੱਗਣ ਲੱਗਿਆ ਹੈ।
ਘੱਟੋ-ਘੱਟ ਫਰਾਂਸ ਦੇ ਮੀਡੀਆ ਵਿੱਚ ਤਾਂ ਅਜਿਹੇ ਸਵਾਲ ਉੱਠ ਹੀ ਰਹੇ ਹਨ।
ਕੁਝ ਹੱਦ ਤੱਕ ਇਹ ਸਵਾਲ ਜਾਇਜ਼ ਤਾਂ ਹਨ ਪਰ ਪੂਰੀ ਤਰ੍ਹਾਂ ਨਹੀਂ। ਲੰਘੇ ਕੁਝ ਹਫ਼ਤਿਆਂ ਵਿੱਚ ਖਟਮਲਾਂ ਦੀ ਗਿਣਤੀ ਵਧਣ ਦੀਆਂ ਖ਼ਬਰਾਂ ਆਈਆਂ ਪਰ ਇਹ ਵਾਧਾ ਕਈ ਸਾਲਾਂ ਤੋਂ ਹੋ ਰਿਹਾ ਹੈ।
ਫਰਾਂਸ ਦੇ ਮਾਸਾਰਯ ਸ਼ਹਿਰ ਦੇ ਜਯਾਂ-ਮਿਸ਼ੇਲ ਬੇਰੇਂਗਰ ਇੱਕ ਏਂਟੋਮੋਲੋਜਿਸਟ ਹਨ। ਏਂਟੋਮੋਲੋਜਿਸਟ ਜੀਵ ਵਿਗਿਆਨ ਉਸ ਸ਼ਾਖਾ ਨਾਲ ਜੁੜੇ ਹੁੰਦੇ ਹਨ ਜੋ ਕੀੜਿਆਂ ਦਾ ਡੂੰਘਾਈ ਨਾਲ ਅਧਿਐਨ ਕਰਦੇ ਹਨ।
ਬੇਰੇਂਗਰ ਕਹਿੰਦੇ ਹਨ, ‘‘ਹਰ ਸਾਲ ਗਰਮੀਆਂ ਦੇ ਅਖੀਰ ’ਚ ਖਟਮਲਾਂ ਦੀ ਗਿਣਤੀ ਵਧਦੀ ਹੈ। ਲੋਕ ਜੁਲਾਈ ਤੇ ਅਗਸਤ ਵਿੱਚ ਬਾਹਰ ਜਾਂਦੇ ਹਨ ਅਤੇ ਵਾਪਸ ਆਉਂਦੇ ਹੋਏ ਆਪਣੇ ਸਮਾਨ ਦੇ ਨਾਲ ਖਟਮਲ ਵਗੈਰਾ ਲੈ ਕੇ ਆ ਜਾਂਦੇ ਹਨ। ਅਤੇ ਹਰ ਸਾਲ ਇਹਨਾਂ ਦੀ ਗਿਣਤੀ ਵਧਦੀ ਜਾ ਰਹੀ ਹੈ।’’
ਪੈਰਿਸ ਦੇ ਫ਼ਲੈਟ ਵਿੱਚ ਰਹਿਣ ਵਾਲੇ ਲੋਕ ਇਸ ਕਾਰਨ ਹੁਣ ਦਹਿਸ਼ਤ ਵਿੱਚ ਹਨ। ਹਾਲ ਹੀ ਦੇ ਦਿਨਾਂ ਵਿੱਚ ਇਹ ਰਿਪੋਰਟ ਵੀ ਆਈ ਕਿ ਖਟਮਲ ਸਿਨੇਮਾ ਹਾਲ ਵਿੱਚ ਵੀ ਦੇਖੇ ਗਏ ਹਨ ਪਰ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ।
ਇਸ ਦੇ ਬਾਵਜੂਦ ਲੋਕ ਅਜਿਹੀਆਂ ਗੱਲਾਂ ਨੂੰ ਗੰਭੀਰਤਾ ਨਾਲ ਲੈ ਰਹੇ ਹਨ। ਇਸ ਤੋਂ ਇਲਾਵਾ ਟ੍ਰੇਨਾਂ ਵਿੱਚ ਖਟਮਲਾਂ ਦੇ ਕੱਟਣ ਦੀਆਂ ਖ਼ਬਰਾਂ ਵੀ ਆਉਂਦੀਆਂ ਰਹੀਆਂ ਹਨ।
ਬੀਬੀਸੀ ਨਿਊਜ਼ ਦੇ ਜੇਮਸ ਕੇਲੀ ਮੁਤਾਬਕ ਯੂਕੇ ਦੀ ਕੰਪਨੀ ਯੂਰੋਸਟਾਰ ਰੇਲਵੇ ਨਾਲ ਜੁੜੀਆਂ ਸੇਵਾਵਾਂ ਦਿੰਦੀ ਹੈ। ਕੰਪਨੀ ਨੇ ਕਿਹਾ ਹੈ ਕਿ ਖਟਮਲਾਂ ਦੇ ਖ਼ਤਰੇ ਨੂੰ ਦੇਖਦੇ ਹੋਏ ਪੈਰਿਸ-ਲੰਡਨ ਦਰਮਿਆਨ ਚੱਲਣ ਵਾਲੀਆਂ ਟ੍ਰੇਨਾਂ ਵਿੱਚ ਰੋਕਥਾਮ ਲਈ ਉਪਾਅ ਹੋਣਗੇ।
ਯੂਰੋਸਟਾਰ ਦੇ ਬੁਲਾਰੇ ਨੇ ਕਿਹਾ, ‘‘ਸਾਡੇ ਗਾਹਕਾਂ ਦੀ ਸੁਰੱਖਿਆ ਤੇ ਸਿਹਤ ਸਾਡੇ ਲਈ ਹਮੇਸ਼ਾ ਨੰਬਰ ਇੱਕ ਤਰਜੀਹ ਹੈ ਅਤੇ ਸਾਡੀਆਂ ਟ੍ਰੇਨਾਂ ਵਿੱਚ ਕੀੜਿਆਂ ਦੀ ਮੌਜੂਦਗੀ ਜਿਵੇਂ ਖਟਮਲ ਆਦਿ ਬਹੁਤ ਹੀ ਘੱਟ ਹੈ।’’
ਯੂਰੋਸਟਾਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੀਆਂ ਟ੍ਰੇਨਾਂ ਦੀਆਂ ਸੀਟਾਂ ਨੂੰ ਨਿਯਮਤ ਤੌਰ ਉੱਤੇ ਚੰਗੀ ਤਰ੍ਹਾਂ ਸਾਫ਼ ਕੀਤਾ ਜਾਂਦਾ ਹੈ। ਇਸ ਦੇ ਲਈ ਗਰਮ ਪਾਣੀ ਦੀ ਵੀ ਵਰਤੋਂ ਕੀਤੀ ਜਾਂਦੀ ਹੈ।
ਪੈਰਿਸ ਓਲੰਪਿਕ ਤੋਂ ਪਹਿਲਾਂ ਆਈ ਇਹ ਮੁਸੀਬਤ
ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਸਿਨੇਮਾ ਹਾਲ ਦੇ ਮਾਲਕ ਖ਼ਾਸ ਤੌਰ ਉੱਤੇ ਪਰੇਸ਼ਾਨ ਹਨ
ਹੁਣ ਪੈਰਿਸ ਦਾ ਨਗਰ ਨਿਗਮ ਅਤੇ ਰਾਸ਼ਟਰਪਤੀ ਮੈਕਰੋਂ ਦੀ ਸਰਕਾਰ ਵੀ ਇਸ ਖ਼ਿਲਾਫ਼ ਕਦਮ ਚੁੱਕਣ ਦੀ ਗੱਲ ਕਰਨ ਲੱਗੀ ਹੈ।
ਇਹ ਇਸ ਗੱਲ ਦਾ ਸਬੂਤ ਹੈ ਕਿ ਮੁੱਦਾ ਕਿੰਨਾ ਗੰਭੀਰ ਹੈ। ਕਿਉਂਕਿ ਸਾਰਿਆਂ ਨੂੰ 2024 ਪੈਰਿਸ ਓਲੰਪਿਕ ਖੇਡਾਂ ਤੋਂ ਪਹਿਲਾਂ ਸ਼ਹਿਰ ਦੇ ਅਕਸ ਦਾ ਫ਼ਿਕਰ ਹੈ।
ਸ਼ਾਇਦ ਇਹੀ ਕਾਰਨ ਹੈ ਕਿ ਪ੍ਰਸ਼ਾਸਨ ਇਸ ਨੂੰ ਸਿਰਫ਼ ਸੋਸ਼ਲ ਮੀਡੀਆ ਉੱਤੇ ਫ਼ੈਲ ਰਹੀ ਦਹਿਸ਼ਤ ਦੇ ਤੌਰ ਉੱਤੇ ਨਹੀਂ ਲੈ ਰਿਹਾ।
ਕਿਉਂਕਿ ਸੋਸ਼ਲ ਮੀਡੀਆ ਉੱਤੇ ਇਸ ਨਾਲ ਜੁੜੀਆਂ ਪੋਸਟਾਂ ਆਪਣੇ ਵਿੱਚ ਇੱਕ ਵੱਖਰਾ ਕਿੱਸਾ ਹਨ। ਇੰਟਰਨੈੱਟ ਉੱਤੇ ਕਈ ਡਰਾਵਨੀਆਂ ਕਹਾਣੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਹਨ। ਅਖ਼ਬਾਰਾਂ ਦੇ ਮੁਕਾਬਲੇ ਇਹ ਖ਼ਬਰਾਂ ਜ਼ਿਆਦਾ ਰਫ਼ਤਾਰ ਨਾਲ ਫ਼ੈਲ ਰਹੀਆਂ ਹਨ।
ਸੋਸ਼ਲ ਮੀਡੀਆ ਦੀਆਂ ਪੋਸਟਾਂ ਤੋਂ ਸਿਨੇਮਾ ਹਾਲ ਦੇ ਮਾਲਕ ਖ਼ਾਸ ਤੌਰ ਉੱਤੇ ਪਰੇਸ਼ਾਨ ਹਨ। ਉਹ ਉਨ੍ਹਾਂ ਵੀਡੀਓਜ਼ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਜਿਨ੍ਹਾਂ ਵਿੱਚ ਥੀਏਟਰ ਦੀਆਂ ਸੀਟਾਂ ਉੱਤੇ ਖਟਮਲਾਂ ਨੂੰ ਦਿਖਾਇਆ ਗਿਆ ਹੈ।
ਮੈਟਰੋ ਵਿੱਚ ਬੈਠਣ ਵਾਲੇ ਲੋਕ ਹੁਣ ਆਪਣੀ ਸੀਟ ਨੂੰ ਚੰਗੀ ਤਰ੍ਹਾਂ ਜਾਂਚ ਰਹੇ ਹਨ। ਕੁਝ ਲੋਕ ਤਾਂ ਸੀਟ ਉੱਤੇ ਬੈਠਣ ਦੀ ਥਾਂ ਖੜ੍ਹੇ ਹੋ ਕੇ ਸਫ਼ਰ ਕਰ ਰਹੇ ਹਨ।
ਬੇਰੇਂਗਰ ਕਹਿੰਦੇ ਹਨ, ‘‘ਇਸ ਸਾਲ ਇੱਕ ਨਵੀਂ ਗੱਲ ਹੋਈ ਹੈ। ਇੱਕ ਡਰ ਜਿਹਾ ਬਣ ਗਿਆ ਹੈ। ਇੱਕ ਢੰਗ ਨਾਲ ਇਹ ਠੀਕ ਵੀ ਹੈ ਕਿਉਂਕਿ ਇਸ ਨਾਲ ਲੋਕ ਖਟਮਲਾਂ ਦੇ ਖ਼ਤਰੇ ਤੋਂ ਸਾਵਧਾਨ ਰਹਿਣਗੇ ਪਰ ਬਹੁਤ ਸਾਰੀਆਂ ਦਿੱਕਤਾਂ ਨੂੰ ਵਧਾ ਚੜ੍ਹਾ ਕੇ ਵੀ ਪੇਸ਼ ਕੀਤਾ ਜਾ ਰਿਹਾ ਹੈ।’’
ਹਕੀਕਤ ਤਾਂ ਇਹ ਹੈ ਕਿ ਲੰਘੇ 20 ਤੋਂ 30 ਸਾਲਾਂ ਵਿੱਚ ਖਟਮਲਾਂ ਨੇ ਵਾਪਸੀ ਕੀਤੀ ਹੈ। ਪਰ ਅਜਿਹਾ ਸਿਰਫ਼ ਫਰਾਂਸ ਵਿੱਚ ਹੀ ਨਹੀਂ ਹੋਇਆ ਹੈ।
ਕਾਰਨ ਕੀ ਹੈ?
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਖਟਮਲ ਅਤੇ ਮੱਛਰ ਆਦਿ ਲਗਭਗ ਗਾਇਬ ਹੋ ਗਏ ਸਨ
ਇਹਨਾਂ ਵਿੱਚੋਂ ਇੱਕ ਵੈਸ਼ਵੀਕਰਨ ਯਾਨੀ ਕੰਟੇਨਰ ਟ੍ਰੇਡ, ਸੈਰ-ਸਪਾਟਾ ਅਤੇ ਪਰਵਾਸ ਹੈ। ਇਸ ਦੇ ਲਈ ਵਾਤਾਵਰਨ ਤਬਦੀਲੀ ਨੂੰ ਜ਼ਿੰਮੇਵਾਰੀ ਤੋਂ ਨਹੀਂ ਬਚਾਇਆ ਜਾ ਸਕਦਾ ਹੈ।
ਖਟਮਲ ਨੂੰ ਲਾਤੀਨੀ ਭਾਸ਼ਾ ਵਿੱਚ ਸਿਮੇਕਸ ਲੇਕਟੂਲਾਰਿਯਸ ਕਿਹਾ ਜਾਂਦਾ ਹੈ। ਇਹ ਘਰਾਂ ਅੰਦਰ ਰਹਿਣ ਵਾਲਾ ਜੀਵ ਹੈ। ਇਹ ਉੱਥੇ ਹੀ ਜਾਂਦਾ ਹੈ ਜਿੱਥੇ ਇਨਸਾਨ ਹੁੰਦੇ ਹਨ।
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਖਟਮਲ ਅਤੇ ਮੱਛਰ ਆਦਿ ਲਗਭਗ ਗਾਇਬ ਹੋ ਗਏ ਸਨ।
ਇਸ ਦੀ ਵਜ੍ਹਾ ਜੰਗ ਤੋਂ ਬਾਅਦ ਡੀਡੀਟੀ ਦਾ ਵੱਡੇ ਪੱਧਰ ਉੱਤੇ ਛਿੜਕਾਅ ਸੀ।
ਪਰ ਲੰਘੇ ਕੁਝ ਦਹਾਕਿਆਂ ਤੋਂ ਡੀਡੀਟੀ ਅਤੇ ਹੋਰ ਕਈ ਕੈਮਿਕਲ ਬੰਦ ਕਰ ਦਿੱਤੇ ਗਏ ਹਨ ਕਿਉਂਕਿ ਇਸ ਦਾ ਮਨੁੱਖਾਂ ਦੀ ਸਿਹਤ ਉੱਤੇ ਮਾੜਾ ਅਸਰ ਪੈਂਦਾ ਹੈ।
ਇਸੇ ਵਿਚਾਲੇ ਖਟਮਲਾਂ ਦੀ ਗਿਣਤੀ ਵੀ ਘੱਟ ਹੋ ਗਈ ਸੀ ਪਰ ਪੁਰਾਣੇ ਕੀੜਿਆਂ ਦੇ ਕੁਝ ਵੱਡੇ ਵਡੇਰੇ ਬੱਚ ਗਏ ਸਨ ਜੋ ਇੱਕ ਵਾਰ ਫ਼ਿਰ ਮਨੁੱਖਾਂ ਉੱਤੇ ਹਮਲੇ ਕਰ ਰਹੇ ਹਨ।
ਤੀਜਾ ਕਾਰਨ ਦੁਨੀਆਂ ਵਿੱਚ ਕੋਕਰੋਚਾਂ ਦੀ ਡਿੱਗ ਰਹੀ ਆਬਾਦੀ ਵੀ ਹੋ ਸਕਦਾ ਹੈ। ਕੋਕਰੋਚ ਦਰਅਸਲ ਖਟਮਲਾਂ ਨੂੰ ਖਾਂ ਜਾਂਦੇ ਹਨ।
ਡਰੋ ਨਾ, ਅਸੀਂ ਇਹ ਨਹੀਂ ਕਹਿ ਰਹੇ ਕਿ ਖਟਮਲਾਂ ਨਾਲ ਨਜਿੱਠਣ ਲਈ ਤੁਸੀਂ ਆਪਣੇ ਘਰਾਂ ਵਿੱਚ ਕੋਕਰੋਚ ਲੈ ਆਓ।
ਬੇਰੇਂਗਰ ਮੁਤਾਬਕ, ਵਿਕਸਤ ਦੁਨੀਆ ਵਿੱਚ ਖਟਮਲਾਂ ਦੀ ਵਜ੍ਹਾ ਨਾਲ ਤਰਥੱਲੀ ਇਸ ਲਈ ਮਚ ਜਾਂਦੀ ਹੈ ਕਿਉਂਕਿ ਇੱਥੋਂ ਦੇ ਬਾਸ਼ਿੰਦਿਆਂ ਨੂੰ ਖਟਮਲਾਂ ਦੀ ਹੋਂਦ ਦੀ ਕੋਈ ਯਾਦਦਾਸ਼ਤ ਨਹੀਂ ਹੈ।
ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਜਿੱਥੇ ਅਜੇ ਵੀ ਖਟਮਲ ਪਾਏ ਜਾਂਦੇ ਹਨ, ਉੱਥੋਂ ਦੇ ਲੋਕ ਇਹਨਾਂ ਤੋਂ ਐਨਾਂ ਨਹੀਂ ਡਰਦੇ।
ਸਰੀਰ ਹੀ ਨਹੀਂ ਦਿਮਾਗ ’ਤੇ ਵੀ ਪੈਂਦਾ ਹੈ ਅਸਰ
ਖਟਮਲ ਦੇ ਕੱਟਣ ਨਾਲ ਅਸਲੀ ਨੁਕਸਾਨ ਮਾਨਸਿਕ ਸਿਹਤ ਉੱਤੇ ਪੈਂਦਾ ਹੈ (ਸੰਕੇਤਕ ਤਸਵੀਰ)
ਪਰ ਸੱਚਾਈ ਤਾਂ ਇਹੀ ਹੈ ਕਿ ਖਟਮਲ ਇੱਕ ਮੁਸੀਬਤ ਤਾਂ ਹਨ ਹੀ ਪਰ ਡਰ ਸਰੀਰਕ ਹੋਣ ਦੇ ਨਾਲ-ਨਾਲ ਮਨੋਵਿਗਿਆਨੀ ਵੀ ਹੈ।
ਖਟਮਲ ਖ਼ਤਰਨਾਕ ਤਾਂ ਹਨ ਪਰ ਹੁਣ ਤੱਕ ਮੌਜੂਦ ਜਾਣਕਾਰੀ ਦੇ ਆਧਾਰ ਉੱਤੇ ਇਹਨਾਂ ਨਾਲ ਕਿਸੇ ਬਿਮਾਰੀ ਦੀ ਲਾਗ ਨਹੀਂ ਲਗਦੀ।
ਇਹ ਜਦੋਂ ਕੱਟਦੇ ਹਨ ਤਾਂ ਪੀੜ ਹੁੰਦੀ ਹੈ ਪਰ ਇਹ ਪੀੜ ਜ਼ਿਆਦਾ ਦੇਰ ਤੱਕ ਨਹੀਂ ਰਹਿੰਦੀ।
ਖਟਮਲ ਆਪਣੇ ਪਿੱਛੇ ਕਾਲੇ ਧੱਬੇ ਛੱਡ ਜਾਂਦੇ ਹਨ ਜੋ ਦਰਅਸਲ ਉਨ੍ਹਾਂ ਦਾ ਮਲ-ਮੂਤਰ ਹੁੰਦਾ ਹੈ। ਮਨੁੱਖਾਂ ਦੇ ਆਉਣ ਦੇ ਅਹਿਸਾਸ ਤੋਂ ਬਾਅਦ ਉਹ ਤੁਰੰਤ ਆਪਣੀ ਲੁਕਣ ਵਾਲੀ ਥਾਂ ਤੋਂ ਬਾਹਰ ਜਾਂਦੇ ਹਨ।
ਖਟਮਲ ਬਿਨਾਂ ਖਾਦੇ ਇੱਕ ਸਾਲ ਤੱਕ ਭੁੱਖੇ ਰਹਿ ਸਕਦੇ ਹਨ ਪਰ ਉਨ੍ਹਾਂ ਦੇ ਕੱਟਣ ਨਾਲ ਅਸਲੀ ਨੁਕਸਾਨ ਮਾਨਸਿਕ ਸਿਹਤ ਉੱਤੇ ਪੈਂਦਾ ਹੈ।
ਇੱਕ ਸਾਲ ਪਹਿਲਾਂ ਮੇਰੇ 29 ਸਾਲ ਦੇ ਪੁੱਤਰ ਨੂੰ ਸਾਡੀ 20ਵੀਂ ਮੰਜ਼ਿਲ ਉੱਤੇ ਸਥਿਤ ਫ਼ਲੈਟ ਉੱਤੇ ਖਟਮਲਾਂ ਨੇ ਕੱਟਿਆ।
ਉਸਨੇ ਆਪਣਾ ਸਾਰਾ ਬਿਸਤਰਾ ਸੁੱਟ ਦਿੱਤਾ, ਸਾਰੇ ਕੱਪੜੇ ਧੋ ਲਏ ਅਤੇ ਸਾਰੇ ਘਰ ਨੂੰ ਉੱਪਰ ਤੋਂ ਲੈ ਕੇ ਹੇਠਾਂ ਤੱਕ ਸਾਫ਼ ਕੀਤਾ।
ਇਹ ਸਭ ਕਰਨ ਤੋਂ ਬਾਅਦ ਵੀ ਉਸ ਨੂੰ ਨੀਂਦ ਨਹੀਂ ਆ ਰਹੀ ਸੀ। ਉਸ ਨੂੰ ਲਗਦਾ ਸੀ ਕਿ ਉਸ ਦੀ ਚਮੜੀ ਉੱਤੇ ਖਟਮਲ ਰੇਂਗ ਰਹੇ ਹਨ। ਉਸ ਲਈ ਇਹ ਇੱਕ ਜਨੂੰਨ ਬਣ ਗਿਆ ਸੀ।
ਇੱਕ ਵੱਡੀ ਪੈਸਟ ਕੰਟਰੋਲ ਕੰਪਨੀ ਦੇ ਸਟੀਮ-ਟ੍ਰੀਟਮੇਂਟ ਤੋਂ ਬਾਅਦ ਹੀ ਉਸ ਨੇ ਸੁੱਖ ਦਾ ਸਾਹ ਲਿਆ। ਕੁਝ ਪੈਸਟ ਕੰਟਰੋਲ ਕੰਪਨੀਆਂ ਖਟਮਲਾਂ ਨੂੰ ਫੜ੍ਹਨ ਲਈ ਕੁੱਤਿਆਂ ਦੀ ਵਰਤੋਂ ਵੀ ਕਰਦੀਆਂ ਹਨ।
ਬੇਰੇਂਗਰ ਕਹਿੰਦੇ ਹਨ, ‘‘ਘਰ ਵਿੱਚੋਂ ਖਟਮਲ ਹੋਣਾ ਕੋਈ ਹਾਸੇ-ਖੇਡ ਦੀ ਗੱਲ ਨਹੀਂ ਹੈ। ਅਜਿਹੀਆਂ ਕਈ ਕਹਾਣੀਆਂ ਹਨ ਜੋ ਦੱਸਦੀਆਂ ਹਨ ਕਿ ਇਹ ਜੀਵ ਕਿੰਨੀ ਰਫ਼ਤਾਰ ਨਾਲ ਫ਼ੈਲਦੇ ਹਨ। ਮੇਰੇ ਖ਼ਿਆਲ ਵਿੱਚ ਇਨ੍ਹਾਂ ਨਾਲ ਨਜਿੱਠਣ ਦਾ ਬਿਹਤਰੀਨ ਤਰੀਕਾ ਹੈ ਸੁਪਰ-ਸਪ੍ਰੈਡਰਮਸ ਵਿੱਚ ਇਨ੍ਹਾਂ ਦੇ ਫ਼ੈਲਾਅ ਨੂੰ ਰੋਕਣਾ।’’
ਸੁਪਰ ਸਪ੍ਰੈਡਰ ਤੋਂ ਭਾਵ ਸੰਘਣੀ ਆਬਾਦੀ ਵਾਲੇ ਇਲਾਕਿਆਂ ਨਾਲ ਹੈ ਜਿੱਥੇ ਆਰਥਿਕ ਰੂਪ ਵਿੱਚ ਕਮਜ਼ੋਰ ਲੋਕ ਰਹਿੰਦੇ ਹਨ। ਸਮਾਜ ਦੇ ਇਸ ਵਰਗ ਕੋਲ ਆਪਣਾ ਖ਼ਿਆਲ ਰੱਖਣ ਲਈ ਜ਼ਰੂਰੀ ਸਾਧਨ ਨਹੀਂ ਹੁੰਦੇ।
ਖਟਮਲਾਂ ਦੇ ਡਰ ਤੋਂ ਲੋਕ ਘਰਾਂ ਵਿੱਚ ਪੈਸਟ ਕੰਟਰੋਲ ਕਰਵਾ ਰਹੇ ਹਨ
ਜਦੋਂ ਬੇਰੇਂਗਰ ਅਤੇ ਉਨ੍ਹਾਂ ਦੀ ਟੀਮ ਨੂੰ ਅਜਿਹੇ ਹੀ ਇੱਕ ਵਿਅਕਤੀ ਦੇ ਫ਼ਲੈਟ ਉੱਤੇ ਸੱਦਿਆ ਗਿਆ ਤਾਂ ਉਨ੍ਹਾਂ ਨੇ ਉੱਥੇ ਸੈਂਕੜੇ ਖਟਮਲ ਦੇਖੇ ਜੋ ਅਲਮਾਰੀਆਂ ਤੋਂ ਲੈ ਕੇ ਬਾਰੀਆਂ ਤੱਕ ਵਿੱਚ ਮੌਜੂਦ ਸਨ।
ਫਲੈਟ ਵਿੱਚ ਥਾਂ-ਥਾਂ ਉੱਤੇ ਖਟਮਲਾਂ ਦੇ ਆਂਡੇ ਦਿਖ ਰਹੇ ਸਨ।
ਕੀੜਿਆਂ ਉੱਤੇ ਅਧਿਐਨ ਕਰਨ ਵਾਲੇ ਜਯਾਂ-ਮਿਸ਼ੇਲ ਬੇਰੇਂਗਰ ਕਹਿੰਦੇ ਹਨ, ‘‘ਜਦੋਂ ਵੀ ਅਜਿਹਾ ਕੋਈ ਵਿਅਕਤੀ ਆਪਣੇ ਘਰ ਤੋਂ ਨਿਕਲ ਕੇ ਜਨਤਕ ਥਾਂ ਉੱਥੇ ਜਾਂਦਾ ਹੈ ਤਾਂ ਉਹ ਆਪਣੇ ਨਾਲ ਖਟਮਲ ਲੈ ਜਾਂਦਾ ਹੈ। ਸਿਰਫ਼ ਇਸੇ ਤਬਕੇ ਨੂੰ ਮਦਦ ਦੀ ਲੋੜ ਹੈ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਕਪਿਲ ਸ਼ਰਮਾ ਤੇ ਰਣਬੀਰ ਕਪੂਰ ਨੂੰ ਈਡੀ ਨੇ ਪੁੱਛਗਿੱਛ ਲਈ ਸੱਦਿਆ, ਅਰਬਾਂ ਦੀ ਸੱਟੇਬਾਜ਼ੀ ਦਾ ਇਹ ਹੈ ਮਾਮਲਾ
NEXT STORY