ਇਜ਼ਰਾਈਲ ਗਾਜ਼ਾ ਵਿੱਚ ਜ਼ਮੀਨੀ ਹਮਲੇ ਦੀ ਤਿਆਰੀ ਕਰ ਰਿਹਾ ਜਾਪਦਾ ਹੈ।
ਇਜ਼ਰਾਈਲੀ ਫੌਜ ਗਾਜ਼ਾ ਪੱਟੀ ਦੇ ਉੱਤਰ ਵਿੱਚ ਰਹਿੰਦੇ 1.1 ਮਿਲੀਅਨ ਲੋਕਾਂ ਨੂੰ ਅਗਲੇ 24 ਘੰਟਿਆਂ ਵਿੱਚ ਦੱਖਣ ਵੱਲ ਜਾਣ ਲਈ ਕਹਿ ਰਹੀ ਹੈ।
ਇਸ ਦੌਰਾਨ ਇਜ਼ਰਾਈਲ ਇਸ ਖੇਤਰ ਦੇ ਕਿਨਾਰੇ ''ਤੇ ਹਜ਼ਾਰਾਂ ਸੈਨਿਕ, ਟੈਂਕ ਅਤੇ ਤੋਪਖਾਨੇ ਤਾਇਨਾਤ ਕਰ ਰਿਹਾ ਹੈ।
ਪਰ ਗਾਜ਼ਾ ਦੇ ਸੰਘਣੀ ਆਬਾਦੀ ਵਾਲੇ ਸ਼ਹਿਰੀ ਇਲਾਕਿਆਂ ਵਿੱਚ ਜ਼ਮੀਨੀ ਬਲਾਂ ਨੂੰ ਭੇਜਣਾ ਜੋਖ਼ਮ ਭਰਿਆ ਅਪਰੇਸ਼ਨ ਹੈ।
ਸੰਭਾਵੀ ਜ਼ਮੀਨੀ ਹਮਲੇ ਦਾ ਦਾਇਰਾ ਅਜੇ ਵੀ ਸਪੱਸ਼ਟ ਨਹੀਂ ਹੈ - ਇਹ ਕਿੰਨੀ ਦੂਰ ਤੱਕ ਜਾਵੇਗਾ ਅਤੇ ਕਿੰਨੀ ਦੇਰ ਤੱਕ ਹੋਵੇਗਾ?
ਇਹ ਕਦੋਂ ਹੋ ਸਕਦਾ ਹੈ?
ਜ਼ਮੀਨੀ ਹਮਲੇ ਲਈ ਲੋੜੀਂਦੀ ਤਿਆਰੀ ਸ਼ੁਰੂ ਹੋ ਗਈ ਹੈ।
ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਦੇ ਤਜਰਬੇਕਾਰ ਅਤੇ ਗਾਜ਼ਾ ਦੇ ਅੰਦਰ ਪਿਛਲੀਆਂ ਕਾਰਵਾਈਆਂ ਦੇ ਅਨੁਭਵੀ ਮੇਜਰ ਜਨਰਲ ਅਮੋਸ ਗਿਲੀਅਡ ਕਹਿੰਦੇ ਹਨ ਕਿ ਇਜ਼ਰਾਈਲ ਲਈ ਪਹਿਲਾ ਕੰਮ ਏਕੇ ਵਾਲੀ ਸਰਕਾਰ ਬਣਾਉਣਾ ਸੀ ਤਾਂ ਕਿ ਅੱਗੇ ਕੀ ਹੁੰਦਾ ਹੈ, ਇਸ ਲਈ ਜਨਤਕ ਸਮਰਥਨ ਪ੍ਰਾਪਤ ਕੀਤਾ ਜਾ ਸਕੇ।
ਹਾਲ ਹੀ ਵਿੱਚ ਸੀਨੀਅਰ ਅਮਰੀਕੀ ਅਤੇ ਯੂਰਪੀ ਰਾਜਨੇਤਾਵਾਂ ਦੇ ਉੱਚ ਪੱਧਰੀ ਕੂਟਨੀਤਕ ਦੌਰਿਆਂ ਨੇ ਇਜ਼ਰਾਈਲ ਨੂੰ ਅੰਤਰਰਾਸ਼ਟਰੀ ਸਮਰਥਨ ਵਧਾਉਣ ਦੀ ਇਜ਼ਾਜਤ ਦਿੱਤੀ ਹੈ।
ਹਾਲਾਂਕਿ, ਇਹ ਯੁੱਧ ਜਿੰਨਾ ਲੰਬਾ ਚੱਲੇਗਾ ਅਤੇ ਨਾਗਰਿਕਾਂ ਦੀਆਂ ਮੌਤਾਂ ਦੀ ਗਿਣਤੀ ਵਧੇਗੀ, ਇਸ ਨਾਲ ਇਸ ਏਕੇ ਵਿੱਚ ਕਮਜ਼ੋਰੀ ਆ ਸਕਦੀ ਹੈ ।
‘ਇਹ ਸਾਡਾ ਘਰ ਹੈ, ਸਾਨੂੰ ਇਸ ਲਈ ਲੜਨਾ ਪਵੇਗਾ’
ਕਿਸੇ ਵੀ ਫੌਜੀ ਕਾਰਵਾਈ ਵਿੱਚ ਇਜ਼ਰਾਈਲੀ ਫੌਜੀਆਂ ਦਾ ਜਾਨੀ ਨੁਕਸਾਨ ਵੀ ਇਜ਼ਰਾਈਲ ਦੇ ਇਰਾਦੇ ਦੀ ਪਰਖ ਕਰੇਗਾ।
ਜਿੱਥੋਂ ਤੱਕ ਫੌਜੀ ਤਿਆਰੀਆਂ ਦਾ ਸਵਾਲ ਹੈ, ਇਜ਼ਰਾਈਲ ਪਹਿਲਾਂ ਹੀ ਗਾਜ਼ਾ ਨਾਲ ਲੱਗਦੀ ਸਰਹੱਦ ਦੇ ਨੇੜੇ ਆਪਣੀਆਂ ਫੌਜਾਂ ਨੂੰ ਤਾਇਨਾਤ ਕਰ ਚੁੱਕਾ ਹੈ।
160,000 ਤੋਂ ਵੱਧ ਦੀ ਸਥਾਈ ਫੋਰਸ ਦੇ ਨਾਲ ਲਗਭਗ 300,000 ਰਾਖਵੀਂ(ਰਿਜ਼ਰਵ) ਫੌਜ ਨੂੰ ਸਰਗਰਮ ਕੀਤਾ ਗਿਆ ਹੈ। ਰਾਖਵੀਂ ਫੌਜ ਨੂੰ ਜੰਗ ਦੇ ਵੇਲੇ ਹੀ ਸਰਗਰਮ ਕੀਤਾ ਜਾਂਦਾ ਹੈ।
ਅਸੀਂ ਦੱਖਣ ਵਿੱਚ ਹਾਲ ਹੀ ਵਿੱਚ ਆਏ ਕੁਝ ਫੌਜੀਆਂ ਨਾਲ ਗੱਲ ਕੀਤੀ। ਉਨ੍ਹਾਂ ਦਾ ਮਨੋਬਲ ਉੱਚਾ ਪ੍ਰਤੀਤ ਹੁੰਦਾ ਹੈ, ਅਤੇ ਉਹ ਲੜਨ ਲਈ ਤਿਆਰ ਹਨ।
ਨਿਸੀਮ ਸ਼੍ਰੀਲੰਕਾ ਵਿੱਚ ਸਨ ਜਦੋਂ ਉਨ੍ਹਾਂ ਨੇ ਪਹਿਲੀ ਵਾਰ ਹਮਾਸ ਦੇ ਹਮਲੇ ਦੀ ਖ਼ਬਰ ਸੁਣੀ, ਪਰ ਆਪਣੀ ਯੂਨਿਟ ਵਿੱਚ ਸ਼ਾਮਲ ਹੋਣ ਲਈ ਉਹ ਪਹਿਲੀ ਫਲਾਈਟ ਲੈ ਕੇ ਵਾਪਸ ਇਜ਼ਰਾਈਲ ਆ ਗਏ।
ਉਹ ਕਹਿੰਦੇ ਹਨ, ‘‘ਇਹ ਸਾਡਾ ਘਰ ਹੈ, ਸਾਨੂੰ ਇਸ ਲਈ ਲੜਨਾ ਪਵੇਗਾ।’’
ਸ਼ੂਕੀ ਨੇ ਤੁਰੰਤ ਆਪਣੀ ਸੇਲ ਦੀ ਨੌਕਰੀ ਛੱਡ ਦਿੱਤੀ। ਉਨ੍ਹਾਂ ਨੇ ਮੈਨੂੰ ਕਿਹਾ, ‘‘ਅਸੀਂ ਸ਼ਾਂਤੀ ਬਰਕਰਾਰ ਰੱਖਣਾ ਪਸੰਦ ਕਰਾਂਗੇ।’’
‘‘ਬਦਕਿਸਮਤੀ ਨਾਲ, ਇਹ ਸੰਭਵ ਨਹੀਂ ਹੈ। ਅਸੀਂ ਜ਼ਿੰਦਗੀ ਦਾ ਆਨੰਦ ਮਾਣਦੇ ਹਾਂ, ਇਸ ਲਈ ਸਾਨੂੰ ਜਿਉਣ ਦੇ ਅਧਿਕਾਰ ਲਈ ਲੜਨ ਦੀ ਜ਼ਰੂਰਤ ਹੈ।"
ਇਜ਼ਰਾਈਲ ਕਾਰਵਾਈ ਦੀ ਲੋੜ ਬਾਰੇ ਇੱਕਜੁੱਟ ਜਾਪਦਾ ਹੈ, ਪਰ ਜਦੋਂ ਹੁਣ ਸੈਨਿਕ ਯੁੱਧ ਦੇ ਹੁਕਮਾਂ ਦੀ ਉਡੀਕ ਕਰ ਰਹੇ ਹਨ । ਸੈਨਿਕ ਜਿੰਨੀ ਜ਼ਿਆਦਾ ਉਡੀਕ ਕਰਨਗੇ, ਤਿਆਰੀ ਅਤੇ ਮਨੋਬਲ ਬਣਾਈ ਰੱਖਣਾ ਓਨਾ ਹੀ ਔਖਾ ਹੋਵੇਗਾ।
ਗਾਜ਼ਾ ਵਿੱਚ ਰਹਿਣ ਵਾਲੇ ਫ਼ਲਸਤੀਨੀਆਂ ਨੂੰ ਦੱਖਣ ਤੋਂ ਭੱਜਣ ਦੀ ਇਜ਼ਰਾਈਲ ਦੀ ਚਿਤਾਵਨੀ ਇਸ ਗੱਲ ਦਾ ਸੰਕੇਤ ਹੈ ਕਿ ਉਸ ਦੀ ਫੌਜੀ ਕਾਰਵਾਈ ਦਾ ਅਗਲਾ ਪੜਾਅ ਨਜ਼ਦੀਕ ਹੈ।
ਹਮਲੇ ਦੀ ਤਿਆਰੀ
ਇਜ਼ਰਾਈਲ ਦਾ ਪਹਿਲਾ ਕੰਮ ਆਪਣੇ ਖੇਤਰ ਨੂੰ ਸੁਰੱਖਿਅਤ ਕਰਨਾ ਅਤੇ ਸਰਹੱਦ ਪਾਰ ਕਰਨ ਵਾਲੇ ਹਮਾਸ ਲੜਾਕਿਆਂ ਨੂੰ ਮਾਰਨਾ, ਫੜਨਾ ਅਤੇ ਪੁੱਛਗਿੱਛ ਕਰਨਾ ਹੈ ਜਿਨ੍ਹਾਂ ਨੇ 1,300 ਤੋਂ ਵੱਧ ਲੋਕਾਂ ਨੂੰ ਮਾਰ ਦਿੱਤਾ ਅਤੇ ਘੱਟੋ-ਘੱਟ 150 ਲੋਕਾਂ ਨੂੰ ਅਗਵਾ ਕਰ ਲਿਆ ਹੈ।
ਇਜ਼ਰਾਈਲ ਪਹਿਲਾਂ ਤੋਂ ਹੀ ਹਮਾਸ ਦੇ ਫੌਜੀ ਅਫ਼ਸਰਾਂ ਅਤੇ ਬੁਨਿਆਦੀ ਢਾਂਚੇ ਨੂੰ ਨਿਸ਼ਾਨਾ ਬਣਾਉਂਦੇ ਹੋਏ ਲਗਾਤਾਰ ਹਵਾਈ ਹਮਲੇ ਕਰ ਰਿਹਾ ਹੈ।
ਛੇ ਦਿਨਾਂ ਵਿੱਚ 6000 ਬੰਬ
ਪਿਛਲੇ ਛੇ ਦਿਨਾਂ ਵਿੱਚ ਇਸ ਦੀ ਹਵਾਈ ਸੈਨਾ ਨੇ ਗਾਜ਼ਾ ਉੱਤੇ 6,000 ਤੋਂ ਵੱਧ ਬੰਬ ਸੁੱਟੇ ਹਨ। ਤੁਲਨਾ ਦੇ ਤੌਰ ''ਤੇ, ਨਾਟੋ ਸਹਿਯੋਗੀਆਂ ਨੇ 2011 ਵਿੱਚ ਲੀਬੀਆ ਵਿੱਚ ਪੂਰੀ ਜੰਗ ਦੌਰਾਨ 7,700 ਬੰਬ ਸੁੱਟੇ ਸਨ।
ਗਾਜ਼ਾ ਵਿੱਚ ਹੁਣ ਤੱਕ ਹੋਏ ਹਵਾਈ ਹਮਲਿਆਂ ਵਿੱਚ 1500 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ।
ਹਮਲੇ ਦੀਆਂ ਯੋਜਨਾਵਾਂ ਆਪਣੇ ਆਪ ਵਿੱਚ ਇੱਕ ਗੁਪਤ ਰਾਜ਼ ਹੋਵੇਗਾ, ਪਰ ਇਜ਼ਰਾਈਲ ਸਾਲਾਂ ਤੋਂ ਇਸ ਲਈ ਤਿਆਰੀ ਕਰ ਰਿਹਾ ਹੈ।
ਇਹ ਦੱਖਣ ਵਿੱਚ ਬਹੁ-ਮਿਲੀਅਨ ਡਾਲਰ ਦੀ ਲਾਗਤ ਨਾਲ ਬਣਾਏ ਗਏ ਸ਼ਹਿਰੀ ਯੁੱਧ ਕੇਂਦਰ, ਜਿਸ ਨੂੰ ਮਿੰਨੀ-ਗਾਜ਼ਾ ਕਿਹਾ ਜਾਂਦਾ ਹੈ, ਵਿੱਚ ਸੈਨਿਕਾਂ ਨੂੰ ਸਿਖਲਾਈ ਦੇ ਰਿਹਾ ਹੈ।
ਉੱਥੇ ਉਨ੍ਹਾਂ ਨੇ ਇਹ ਸਿੱਖਿਆ ਹੈ ਕਿ ਕਿਵੇਂ ਭਰੀਆਂ ਹੋਈਆਂ ਤੰਗ ਇਮਾਰਤਾਂ ਅਤੇ ਸੁਰੰਗਾਂ ਦੀ ਘੁੰਮਣਘੇਰੀ ਵਿੱਚ ਲੜਨਾ ਹੈ, ਮੰਨਿਆ ਜਾਂਦਾ ਹੈ ਕਿ ਹਮਾਸ ਨੇ 1,000 ਤੋਂ ਵੱਧ ਉਸਾਰੀਆਂ ਕੀਤੀਆਂ ਹਨ।
‘ਯੇਰੂਸ਼ਲਮ ਪੋਸਟ’ ਦੇ ਸਾਬਕਾ ਸੰਪਾਦਕ ਅਤੇ ਇਜ਼ਰਾਈਲ ਦੀ ਫੌਜ ''ਤੇ ਕਈ ਕਿਤਾਬਾਂ ਦੇ ਲੇਖਕ, ਯਾਕੋਵ ਕਾਟਜ਼, ਕਹਿੰਦੇ ਹਨ ਕਿ ਫੌਜ ਨੂੰ ਟੈਂਕਾਂ ਅਤੇ ਪੈਦਲ ਸੈਨਾ ਦੇ ਨਾਲ ਕੰਮ ਕਰ ਰਹੇ ਬਖ਼ਤਰਬੰਦ ਬੁਲਡੋਜ਼ਰ ਵਾਲੇ ਇੰਜੀਨੀਅਰਾਂ ਨੂੰ ਜੋੜਨ ਜਿਹੇ ਉਦੇਸ਼ਾਂ ਪ੍ਰਤੀ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ।
ਸ਼ਹਿਰੀ ਯੁੱਧ ਖੇਤਰ ਅਤੇ ਸੁਰੰਗਾਂ
ਆਈਡੀਐੱਫ ਦੇ ਸਾਬਕਾ ਕਮਾਂਡਰ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਮੇਜਰ ਜਨਰਲ ਯਾਕੋਵ ਅਮਿਡਰੋਰ ਸਵੀਕਾਰ ਕਰਦੇ ਹਨ ਕਿ ਹਮਾਸ ਨਾਲ ਲੜਨਾ ਮੁਸ਼ਕਲ ਹੋਵੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਨੇ ਪ੍ਰਵੇਸ਼ ਦੁਆਰਾਂ ਅਤੇ ਤੰਗ ਗਲੀਆਂ ਵਿੱਚ ‘ਬੂਬੀ ਟਰੈਪ’ ਅਤੇ ਵਿਸਫੋਟਕ ਯੰਤਰ ਵਿਛਾਏ ਹੋਣਗੇ।
ਇਜ਼ਰਾਈਲ ਦਾ ਮੰਨਣਾ ਹੈ ਕਿ ਹਮਾਸ ਕੋਲ ਲਗਭਗ 30,000 ਸੈਨਿਕ ਹਨ। ਉਨ੍ਹਾਂ ਦੇ ਹਥਿਆਰਾਂ ਵਿੱਚ ਆਟੋਮੈਟਿਕ ਰਾਈਫਲਾਂ, ਰਾਕੇਟ ਪ੍ਰੋਪੇਲਡ ਗ੍ਰਨੇਡ ਅਤੇ ਐਂਟੀ-ਟੈਂਕ ਮਿਜ਼ਾਈਲਾਂ ਸ਼ਾਮਲ ਹਨ। ਇਨ੍ਹਾਂ ਵਿੱਚ ਕੁਝ ਮਿਜ਼ਾਈਲਾਂ ਰੂਸੀ ਮੂਲ ਦੀਆਂ ਹਨ ਜਿਵੇਂ ਕਿ ਕੋਰਨੇਟਸ ਅਤੇ ਫਾਗੋਟਸ।
ਹਮਾਸ ਕੋਲ ਅਜੇ ਵੀ ਰਾਕਟਾਂ ਦਾ ਵੱਡਾ ਭੰਡਾਰ ਹੈ ਜਿਸ ਨੂੰ ਉਹ ਇਜ਼ਰਾਈਲ ’ਤੇ ਦਾਗ਼ ਰਹੇ ਹਨ।
ਯਾਕੋਵ ਕਾਟਜ਼ ਦਾ ਕਹਿਣਾ ਹੈ ਕਿ ਹਮਾਸ ਆਪਣੇ ਖੁਦ ਦੇ ਛੋਟੇ ਡਰੋਨ ਵੀ ਤਿਆਰ ਕਰ ਰਿਹਾ ਹੈ, ਜਿਨ੍ਹਾਂ ਵਿੱਚ ਆਤਮਘਾਤੀ ਡਰੋਨ ਵੀ ਸ਼ਾਮਲ ਹਨ।
ਉਨ੍ਹਾਂ ਦਾ ਕਹਿਣਾ ਹੈ ਕਿ ਹਮਾਸ ਕੋਲ ਘੱਟ ਦੂਰੀ ਦੀਆਂ ਮੋਢੇ ਤੋਂ ਲਾਂਚ ਕੀਤੀਆਂ ਜਾਣ ਵਾਲੀਆਂ ਧਰਤੀ ਤੋਂ ਹਵਾ ਵਿੱਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਦੀ ਵੀ ਬਹੁਤ ਸੀਮਤ ਸਪਲਾਈ ਹੋ ਸਕਦੀ ਹੈ।
ਇਜ਼ਰਾਈਲ ਦੇ ਉਲਟ ਉਨ੍ਹਾਂ ਕੋਲ ਜੋ ਨਹੀਂ ਹੈ ਉਹ ਹੈ ਬਖ਼ਤਰਬੰਦ ਵਾਹਨ, ਟੈਂਕ ਅਤੇ ਤੋਪਖਾਨੇ।
ਪਰ ਇਜ਼ਰਾਈਲ ਲਈ ਚੁਣੌਤੀ ਸੰਘਣੀ ਆਬਾਦੀ ਵਾਲੇ ਸ਼ਹਿਰੀ ਖੇਤਰਾਂ ਵਿੱਚ ਨੇੜਿਓਂ ਲੜਾਈ ਹੋਵੇਗੀ।
ਇਜ਼ਰਾਈਲ ਕੋਲ ਸੁਰੰਗਾਂ ਵਿੱਚ ਲੜਾਈ ਲਈ ਮਾਹਰ ਟੀਮਾਂ ਹਨ, ਜਿਨ੍ਹਾਂ ਵਿੱਚ ਯਾਹਲੋਮ ਨਾਂਅ ਦੀ ਇੱਕ ਇੰਜੀਨੀਅਰਿੰਗ ਯੂਨਿਟ ਅਤੇ ਓਕੇਟਜ਼ ਸ਼ਾਮਲ ਹਨ ਜੋ ਕਿ ਛੁਰੇਬਾਜ਼ੀ ਨਾਲ ਲੜਾਈ ਕਰਨ ਵਿੱਚ ਮੁਹਾਰਤ ਰੱਖਦੇ ਹਨ।
ਕਾਟਜ਼ ਦਾ ਕਹਿਣਾ ਹੈ ਕਿ ਇਜ਼ਰਾਈਲੀ ਫੌਜਾਂ ਸੁਰੰਗਾਂ ਵਿੱਚ ਜਾਣ ਤੋਂ ਉਦੋਂ ਤੱਕ ਬਚਣਗੀਆਂ, ਜਦੋਂ ਤੱਕ ਉਨ੍ਹਾਂ ਨੂੰ ਅਜਿਹਾ ਨਾ ਕਰਨਾ ਪਵੇ। ਅਜਿਹਾ ਸਿਰਫ਼ ਇਸ ਲਈ ਨਹੀਂ ਕਿ ਹਮਾਸ ਉਨ੍ਹਾਂ ਨੂੰ ਬਿਹਤਰ ਢੰਗ ਨਾਲ ਜਾਣਦਾ ਹੈ।
ਇਸ ਦੀ ਬਜਾਏ ਵਿਸਫੋਟਕ ਪਾ ਕੇ ਸੁਰੰਗਾਂ ਨੂੰ ਨਸ਼ਟ ਕਰ ਦਿੱਤਾ ਜਾਵੇਗਾ।
ਬੰਧਕਾਂ ਦੀ ਕਿਸਮਤ
ਇਜ਼ਰਾਈਲ ਤੋਂ ਬਣਾਏ ਗਏ ਬੰਧਕਾਂ ਦੀ ਕਿਸਮਤ ਕਿਸੇ ਵੀ ਜ਼ਮੀਨੀ ਹਮਲੇ ਨੂੰ ਗੁੰਝਲਦਾਰ ਬਣਾਉਂਦੀ ਹੈ।
ਮੇਜਰ ਜਨਰਲ ਗਿਲੀਅਡ ਉਸ ਵਾਰਤਾ ਵਿੱਚ ਸ਼ਾਮਲ ਸੀ ਜਿਸ ਦੇ ਫਲਸਰੂਪ ਇੱਕ ਇਜ਼ਰਾਈਲੀ ਸੈਨਿਕ ਗਿਲਾਡ ਸ਼ਾਲਿਤ ਦੀ ਰਿਹਾਈ ਹੋਈ, ਜਿਸ ਨੂੰ 2006 ਤੋਂ 2011 ਤੱਕ ਪੰਜ ਸਾਲਾਂ ਲਈ ਹਮਾਸ ਨੇ ਬੰਧਕ ਬਣਾ ਕੇ ਰੱਖਿਆ ਸੀ।
ਆਖ਼ਰਕਾਰ ਉਸ ਨੂੰ 1,000 ਤੋਂ ਵੱਧ ਫਲਸਤੀਨੀ ਕੈਦੀਆਂ ਦੇ ਬਦਲੇ ਵਿੱਚ ਰਿਹਾਅ ਕੀਤਾ ਗਿਆ ਸੀ।
ਮੇਜਰ ਜਨਰਲ ਗਿਲਿਅਡ ਦਾ ਕਹਿਣਾ ਹੈ ਕਿ ਸੈਨਾ ਨੂੰ ਆਪਣੇ ਨਤੀਜੇ ਨੂੰ ਧਿਆਨ ਵਿੱਚ ਰੱਖਣ ਦੀ ਜ਼ਰੂਰਤ ਹੋਏਗੀ, ‘‘ਜੇਕਰ ਅਸੀਂ ਕੁਝ ਠੋਸ ਨਹੀਂ ਕਰਦੇ, ਤਾਂ ਸਾਨੂੰ ਹੋਰ ਚੁਣੌਤੀਪੂਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।’’
ਪਰ ਮੇਜਰ ਜਨਰਲ ਅਮਿਡਰੋਰ ਦਾ ਕਹਿਣਾ ਹੈ ਕਿ ਬੰਧਕ ਕਿਸੇ ਵੀ ਕਾਰਵਾਈ ਨੂੰ ਨਹੀਂ ਰੋਕਣਗੇ।
‘‘ਅਸੀਂ ਹਮਾਸ ਨਾਲ ਅੰਤ ਤੱਕ ਲੜਾਂਗੇ ਅਤੇ ਸਾਨੂੰ ਅਪਰੇਸ਼ਨ ਦੌਰਾਨ ਉਨ੍ਹਾਂ ਬੰਧਕਾਂ ਨੂੰ ਲੱਭਣਾ ਹੋਵੇਗਾ।’’
ਇਜ਼ਰਾਈਲ ਦਾ ਟੀਚਾ ਕੀ ਹੈ?
ਇਜ਼ਰਾਈਲ ਦਾ ਐਲਾਨਿਆ ਟੀਚਾ ਹਮਾਸ ਨੂੰ ਤਬਾਹ ਕਰਨਾ ਹੈ।
ਮੇਜਰ ਜਨਰਲ ਗਿਲੀਅਡ, ਜਿਨ੍ਹਾਂ ਨੇ 30 ਸਾਲਾਂ ਤੱਕ ਆਈਡੀਐੱਫ ਵਿੱਚ ਨੌਕਰੀ ਕੀਤੀ ਹੈ, ਦਾ ਕਹਿਣਾ ਹੈ ਕਿ ਇਹ ਗਾਜ਼ਾ ਦੇ ਅੰਦਰ ਪਿਛਲੇ ਇਜ਼ਰਾਈਲੀ ਅਪਰੇਸ਼ਨਾਂ ਤੋਂ ਅਲੱਗ ਹੈ, ਜੋ "ਮੁੱਖ ਤੌਰ ''ਤੇ ਰੋਕਥਾਮ ਬਾਰੇ" ਸਨ।
ਉਹ ਕਹਿੰਦੇ ਹਨ ਇਸ ਬਾਰੇ ‘‘ਸਾਨੂੰ ਕੁਝ ਜ਼ਿਆਦਾ ਵਿਲੱਖਣ ਕਰਨ ਦੀ ਲੋੜ ਹੈ।’’ ਉਨ੍ਹਾਂ ਦਾ ਮੰਨਣਾ ਹੈ ਕਿ ਫ਼ੈਸਲਾਕੁੰਨ ਫੌਜੀ ਕਾਰਵਾਈ ਖੇਤਰ ਵਿੱਚ ਇਜ਼ਰਾਈਲ ਦੇ ਹੋਰ ਦੁਸ਼ਮਣਾਂ ਯਾਨੀ ਹਿਜ਼ਬੁੱਲ ਅਤੇ ਈਰਾਨ ਨੂੰ ਵੀ ਵਿਰੋਧੀ ਕਾਰਵਾਈਆਂ ਤੋਂ ਰੋਕ ਦੇਵੇਗੀ।
ਕਾਟਜ਼ ਦਾ ਮੰਨਣਾ ਹੈ ਕਿ ਇਜ਼ਰਾਈਲ ਦੇ ਟੀਚੇ ਵਧੇਰੇ ਵਿਹਾਰਕ ਹੋਣਗੇ। ਇਹ ਯਕੀਨੀ ਬਣਾਉਣਾ ਕਿ ਹਮਾਸ ਕੋਲ ਇਜ਼ਰਾਈਲ ''ਤੇ ਦੁਬਾਰਾ ਹਮਲਾ ਕਰਨ ਦੀ ਫੌਜੀ ਸਮਰੱਥਾ ਮੁੜ ਕਦੇ ਨਾ ਹੋਵੇ।
ਉਨ੍ਹਾਂ ਦਾ ਕਹਿਣਾ ਹੈ ਕਿ ਇਜ਼ਰਾਈਲ ‘‘ਗਾਜ਼ਾ ''ਤੇ ਦੁਬਾਰਾ ਕਬਜ਼ਾ ਨਹੀਂ ਕਰਨਾ ਚਾਹੁੰਦਾ, ਅਤੇ ਉਸ ਨੂੰ ਉਨ੍ਹਾਂ 20 ਲੱਖ ਲੋਕਾਂ ਦਾ ਖਿਆਲ ਰੱਖਣਾ ਹੋਵੇਗਾ, ਜੋ ਉਸ ਦੇ ਵਿਰੋਧੀ ਹਨ।’’
ਹਾਲਾਂਕਿ, ਹਾਲ ਹੀ ਦਾ ਇਤਿਹਾਸ ਦਰਸਾਉਂਦਾ ਹੈ ਕਿ ਬਹੁਤ ਘੱਟ ਹਮਲੇ ਹੀ ਯੋਜਨਾ ਦੇ ਅਨੁਸਾਰ ਹੁੰਦੇ ਹਨ।
ਇੱਥੋਂ ਤੱਕ ਕਿ ਦੁਨੀਆ ਦੀਆਂ ਸਭ ਤੋਂ ਉੱਨਤ ਫੌਜਾਂ ਵੀ ਜਲਦੀ ਹੀ ਮੁਸ਼ਕਿਲ ਵਿੱਚ ਪੈ ਸਕਦੀਆਂ ਹਨ। ਜਿਵੇਂ ਕਿ ਇਰਾਕ ਅਤੇ ਅਫ਼ਗਾਨਿਸਤਾਨ ਵਿੱਚ ਅਮਰੀਕਾ ਅਤੇ ਹਾਲ ਹੀ ਵਿੱਚ ਯੂਕਰੇਨ ਵਿੱਚ ਰੂਸ ਦਾ ਜੋ ਹਾਲ ਹੋਇਆ।
ਇੰਸਟੀਚਿਊਟ ਆਫ ਸਟ੍ਰੈਟੇਜਿਕ ਸਟੱਡੀਜ਼ ਦੇ ਲੈਫਟੀਨੈਂਟ ਜਨਰਲ ਸਰ ਟੌਮ ਬੇਕੇਟ ਦਾ ਕਹਿਣਾ ਹੈ ਕਿ ਗਾਜ਼ਾ ਦੇ ਅੰਦਰ ਇੱਕ ਫੌਜੀ ਕਾਰਵਾਈ ਜੋ ਸਿਰਫ਼ 25 ਮੀਲ (40 ਕਿਲੋਮੀਟਰ) ਲੰਬੀ ਹੈ, ਉਸ ਪੈਮਾਨੇ ''ਤੇ ਨਹੀਂ ਹੈ, ਪਰ ਨਤੀਜਾ ਸਪੱਸ਼ਟ ਨਹੀਂ ਹੈ।
"ਅਸਲ ਵਿੱਚ, ਗਾਜ਼ਾ ਵਿੱਚ ਇਜ਼ਰਾਈਲੀ ਜ਼ਮੀਨੀ ਹਮਲੇ ਲਈ ਕੋਈ ਚੰਗੇ ਬਦਲ ਮੌਜੂਦ ਨਹੀਂ ਹਨ। ਇੱਕ ਫੌਜੀ ਸੰਗਠਨ ਦੇ ਰੂਪ ਵਿੱਚ ਹਮਾਸ ਨੂੰ ਹਰਾਉਣ ਵਿੱਚ ਅਪਰੇਸ਼ਨ ਕਿੰਨਾ ਵੀ ਸਫਲ ਸਾਬਤ ਹੁੰਦਾ ਹੈ, ਪਰ ਹਮਾਸ ਦੀ ਰਾਜਨੀਤਿਕ ਜ਼ਰੂਰਤ ਅਤੇ ਵਿਰੋਧ ਲਈ ਆਬਾਦੀ ਦਾ ਸਮਰਥਨ ਜਾਰੀ ਰਹੇਗਾ।’’
"ਇਜ਼ਰਾਈਲ ਜਾਂ ਤਾਂ ਗਾਜ਼ਾ ''ਤੇ ਕਬਜ਼ਾ ਕਰਨ ਲਈ ਉਸ ’ਤੇ ਫਿਰ ਤੋਂ ਕਬਜ਼ਾ ਕਰ ਲੈਂਦਾ ਹੈ ਜਾਂ, ਕਿਸੇ ਹਮਲੇ ਤੋਂ ਬਾਅਦ ਪਿੱਛੇ ਹਟ ਕੇ ਜਾਂ ਫ਼ਿਰ ਉਨ੍ਹਾਂ ਲੋਕਾਂ ਤੋਂ ਹਾਰ ਮੰਨਦਾ ਹੈ,ਜਿਨ੍ਹਾਂ ਲਈ ਵਿਰੋਧ ਹੀ ਹੋਂਦ ਹੈ।’’
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਵਿਸ਼ਵ ਕੱਪ 2023: ਭਾਰਤ ਨੇ ਜਿੱਤਿਆ ਟਾਸ, ਪਾਕਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ
NEXT STORY