ਬਰਨਾਲਾ ਸ਼ਹਿਰ ਵਿੱਚ 22 ਅਕਤੂਬਰ ਨੂੰ ਦੇਰ ਰਾਤ ਪੁਲਿਸ ਮੁਲਾਜ਼ਮ ਦੇ ਕਤਲ ਦੀ ਘਟਨਾ ਸਾਹਮਣੇ ਆਈ ਸੀ।
ਇਸ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਜ਼ਿਲ੍ਹਾ ਬਰਨਾਲਾ ਦੇ ਹੀ ਵੱਖ-ਵੱਖ ਚਾਰ ਪਿੰਡਾਂ ਨਾਲ ਸਬੰਧਿਤ ਕੌਮਾਂਤਰੀ ਪੱਧਰ ਦੇ 4 ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਵੱਲੋਂ ਚਾਰਾਂ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮੁਲਜ਼ਮਾਂ ਨੇ ਹੌਲਦਾਰ ਦਰਸ਼ਨ ਸਿੰਘ ਦੀ ਕੁੱਟਮਾਰ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।
ਮਲਿਕ ਨੇ ਦੱਸਿਆ,“ਦਰਸ਼ਨ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਲੈ ਜਾਇਆ ਗਿਆ ਸੀ, ਜਿੱਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਸੀ।”
ਕਿਵੇਂ ਵਾਪਰੀ ਘਟਨਾ
ਬਰਨਾਲਾ ਪੁਲਿਸ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਘਟਨਾ ਸ਼ਹਿਰ ਦੇ ‘25 ਏਕੜ’ ਨਾਮ ਦੀ ਕਲੋਨੀ ਵਿੱਚ ਵਾਪਰੀ, ਜਿੱਥੇ ਇੱਕ ਰੈਸਟੋਰੈਂਟ ਵਿੱਚ ਕਬੱਡੀ ਖਿਡਾਰੀਆਂ ਅਤੇ ਰੈਸਟੋਰੈਂਟ ਮਾਲਕ ਦਰਮਿਆਨ ਬਿੱਲ ਨੂੰ ਲੈ ਕੇ ਪਹਿਲਾਂ ਬਹਿਸ ਹੋਈ, ਜੋ ਝਗੜੇ ਦਾ ਰੂਪ ਧਾਰਨ ਕਰ ਗਈ ਸੀ।
ਝਗੜੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਦੀ ਪੀਸੀਆਰ ਟੀਮ ਮੌਕੇ ’ਤੇ ਪਹੁੰਚੀ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਮੁਤਾਬਕ ਪੁਲਿਸ ਮੁਲਾਜ਼ਮਾਂ ਨੇ ਝਗੜਾ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਚਾਰੇ ਖਿਡਾਰੀ ਪੁਲਿਸ ਨਾਲ ਹੀ ਹੱਥੋਪਾਈ ਹੋਣ ਲੱਗੇ।
“ਇਸ ਦੌਰਾਨ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਸਨ। ਜਿਨ੍ਹਾਂ ਨੂੰ ਬਾਅਦ ਵਿੱਚ ਡਾਕਟਰਾਂ ਵਲੋਂ ਮ੍ਰਿਤਕ ਐਲਾਨਿਆ ਗਿਆ।”
ਉਨ੍ਹਾਂ ਦੱਸਿਆ, “ਇਸ ਮਾਮਲੇ ਵਿੱਚ ਚਾਰ ਕੌਮਾਂਤਰੀ ਪੱਧਰ ’ਤੇ ਖੇਡ ਚੁੱਕੇ ਨੌਜਵਾਨ ਕਬੱਡੀ ਖਿਡਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਹਾਲਾਂਕਿ ਇਨ੍ਹਾਂ ਵਿੱਚੋਂ ਅਜੇ ਤੱਕ ਕਿਸੇ ਦਾ ਵੀ ਅਪਰਾਧਿਕ ਪਿਛੋਕੜ ਸਾਹਮਣੇ ਨਹੀਂ ਆਇਆ ਹੈ।”
ਹੈੱਡ ਕਾਂਸਟੇਬਲ ਦਰਸ਼ਨ ਸਿੰਘ
ਪੁਲਿਸ ਮੁਲਾਜ਼ਮ ਦਰਸ਼ਨ ਸਿੰਘ ਬਰਨਾਲਾ ਜਿਲ੍ਹੇ ਦੇ ਕਸਬਾ ਧਨੌਲਾ ਦੇ ਵਾਸੀ ਸਨ।
ਦਰਸ਼ਨ ਸਿੰਘ ਦਾ ਪਰਿਵਾਰ ਆਰਥਿਕ ਤੌਰ ’ਤੇ ਉਨ੍ਹਾਂ ’ਤੇ ਹੀ ਨਿਰਭਰ ਸੀ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਮੁਤਾਬਕ ਦਰਸ਼ਨ ਸਿੰਘ ਇੱਕ ਬਹੁਤ ਇਮਾਨਦਾਰ ਅਤੇ ਮਿਹਨਤੀ ਪੁਲਿਸ ਮੁਲਾਜਮ ਸਨ।
ਦਰਸ਼ਨ ਸਿੰਘ ਦੀ ਧੀ ਮਨਪ੍ਰੀਤ ਕੌਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਪਣੇ ਪਿਤਾ ਲਈ ਇਨਸਾਫ਼ ਦੀ ਮੰਗ ਕੀਤੀ ਹੈ।
ਮਨਪ੍ਰੀਤ ਕੌਰ ਨੇ ਦੱਸਿਆ ਕਿ,“ਮੇਰੇ ਪਿਤਾ ਲਈ ਉਨ੍ਹਾਂ ਦੀ ਡਿਊਟੀ ਘਰ ਤੋਂ ਵੀ ਪਹਿਲਾਂ ਸੀ। ਉਨ੍ਹਾਂ ਤੋਂ ਬਾਅਦ ਸਾਡੇ ਘਰ ਦਾ ਗੁਜ਼ਾਰਾ ਚਲਾਉਣ ਵਾਲਾ ਕੋਈ ਨਹੀਂ ਬਚਿਆ।”
“ਮੇਰਾ ਭਰਾ ਛੋਟਾ ਹੈ। ਸਾਨੂੰ ਨਹੀਂ ਪਤਾ ਕਿ ਆਪਣਾ ਦੁੱਖ ਕਿਸ ਅੱਗੇ ਬਿਆਨ ਕਰੀਏ।”
ਪਰਮਜੀਤ ਸਿੰਘ ਪੰਮਾ
ਪਰਮਜੀਤ ਸਿੰਘ ਪੰਮਾ ਬਰਨਾਲਾ ਜਿਲ੍ਹੇ ਦੇ ਇਤਿਹਾਸਕ ਪਿੰਡ ਠੀਕਰੀਵਾਲਾ ਦਾ ਜੰਮਪਲ ਹੈ। ਪੰਮਾ ਨੂੰ ਧਨੌਲਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ।
ਐੱਸਐੱਸਪੀ ਬਰਨਾਲਾ ਮਲਿਕ ਨੇ ਇੱਕ ਪ੍ਰੈਸ ਕਾਨਫ਼ਰੰਸ ਨੂੰ ਸੰਬੋਧਿਤ ਹੁੰਦਿਆਂ ਦੱਸਿਆ ਕਿ ਪੰਮਾ ਨੇ ਪੁਲਿਸ ਦੇ ਵਾਹਨ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਇੱਕ ਗ਼ੈਰ-ਕਾਨੂੰਨੀ ਹਥਿਆਰ ਨਾਲ ਹਮਲਾ ਵੀ ਕੀਤਾ।
ਉਨ੍ਹਾਂ ਦੱਸਿਆ ਕਿ,“ਪੁਲਿਸ ਵਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ ਉਨ੍ਹਾਂ ਦੇ ਪੈਰ ਵਿੱਚ ਇੱਕ ਗੋਲੀ ਲੱਗੀ। ਗ੍ਰਿਫ਼ਤਾਰੀ ਤੋਂ ਬਾਅਦ ਪੰਮਾ ਨੂੰ ਸਿਵਲ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ।”
“ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ।”
ਪੰਮਾ ਦੀ ਪੰਜਾਬ ਦੇ ਪੇਂਡੂ ਕਬੱਡੀ ਟੂਰਨਾਮੈਂਟਾਂ ਵਿੱਚ ਕਰੀਬ ਇੱਕ ਦਹਾਕੇ ਤੋਂ ਰੇਡਰ ਵਜੋਂ ਚੜ੍ਹਤ ਰਹੀ ਹੈ।
ਉਹ ਕਨੇਡਾ, ਇੰਗਲੈਂਡ ਸਮੇਤ ਕਈ ਮੁਲਕਾਂ ਵਿੱਚ ਰੇਡਰ ਵਜੋਂ ਖੇਡ ਚੁੱਕੇ ਹਨ।
ਪਰਮਜੀਤ ਸਿੰਘ ਪੰਮਾ ਇਸ ਸਮੇਂ ਸਿਹਤ ਵਿਭਾਗ ਪੰਜਾਬ ਵਿੱਚ ਸੇਵਾਵਾਂ ਨਿਭਾ ਰਹੇ ਹਨ।
ਜਗਰਾਜ ਸਿੰਘ ਰਾਜਾ
ਜਗਰਾਜ ਸਿੰਘ ਰਾਜਾ ਪਿੰਡ ਰਾਏਸਰ ਦਾ ਰਹਿਣ ਵਾਲਾ ਹੈ।
ਉਹ ਕਬੱਡੀ ਦਾ ਨਾਮਵਰ ਖਿਡਾਰੀ ਹੈ ਇਲਾਕੇ ਵਿੱਚ ਆਪਣੀ ਖੇਡ ਦੇ ਨਾਲ-ਨਾਲ ਟੂਰਨਾਮੈਂਟ ਕਰਵਾਉਣ ਲਈ ਪਹਿਚਾਣਿਆਂ ਜਾਦਾਂ ਹੈ।
ਪਿਛਲੇ ਹਫਤੇ ਹੀ ਉਸਦੀ ਪਹਿਲਕਦਮੀ ਨਾਲ ਪਿੰਡ ਰਾਏਸਰ ਵਿਖੇ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ ਸੀ।
ਕਿਸਾਨ ਪਰਿਵਾਰ ਨਾਲ ਸਬੰਧਤ ਰਾਜਾ ਰਾਏਸਰ ਇਸ ਸਮੇਂ ਖੇਤੀਬਾੜੀ ਦਾ ਕੰਮ ਕਰਦਾ ਸੀ।
ਗੁਰਮੀਤ ਸਿੰਘ ਮੀਤਾ
ਗੁਰਮੀਤ ਸਿੰਘ ਮੀਤਾ ਪਿੰਡ ਚੀਮਾ ਨਾਲ ਸਬੰਧਤ ਹਨ।
ਚੀਮਾ-ਜੋਧਪੁਰ ਦੀ ਕਬੱਡੀ ਟੀਮ ਮਾਲਵੇ ਦੀਆਂ ਮਸ਼ਹੂਰ ਕਬੱਡੀ ਟੀਮਾਂ ਵਿੱਚੋਂ ਇੱਕ ਰਹੀ ਹੈ।
ਗੁਰਮੀਤ ਸਿੰਘ ਮੀਤਾ ਕਈ ਕਬੱਡੀ ਕਲੱਬਾਂ ਵੱਲੋਂ ਕੌਮਾਂਤਰੀ ਪੱਧਰ ’ਤੇ ਖੇਡ ਚੁੱਕੇ ਹਨ।
ਗੁਰਮੀਤ ਸਿੰਘ ਮੀਤਾ ਆਪਣੇ ਪਿੰਡ ਦੇ ਨੰਬਰਦਾਰ ਵੀ ਹੈ। ਉਹ ਖੇਤੀ ਕਾਨੂੰਨਾਂ ਖ਼ਿਲਾਫ਼ ਚੱਲੇ ਕਿਸਾਨ ਅੰਦੋਲਨ ਸਮੇਂ ਦਿੱਲੀ ਮੋਰਚੇ ਵਿੱਚ ਵੀ ਸਰਗਰਮ ਰਿਹਾ ਸੀ।
ਪਿੰਡ ਵਾਲਿਆਂ ਵਿੱਚ ਉਨ੍ਹਾਂ ਦਾ ਅਕਸ ਇੱਕ ਮਿਹਨਤੀ ਅਤੇ ਹਮਦਰਦ ਕਿਸਾਨ ਵਾਲਾ ਹੈ।
ਵਜ਼ੀਰ ਸਿੰਘ ਵਜ਼ੀਰਾ
ਵਜ਼ੀਰ ਸਿੰਘ ਪਿੰਡ ਅਮਲਾ ਸਿੰਘ ਵਾਲਾ ਦੇ ਰਹਿਣ ਵਾਲੇ ਹਨ।
ਕਬੱਡੀ ਦੇ ਗਰਾਊਂਡਾਂ ਵਿੱਚ ਉਨ੍ਹਾਂ ਨੂੰ ਵਜ਼ੀਰਾ ਅਮਲੇਵਾਲੀਆ ਦੇ ਨਾਮ ਨਾਲ ਜਾਣਿਆ ਜਾਂਦਾ ਹੈ।
ਵਜ਼ੀਰ ਸਿੰਘ ਵੀ ਕਈ ਕੌਮਾਂਤਰੀ ਕਬੱਡੀ ਮੁਕਾਬਲਿਆਂ ਵਿੱਚ ਹਿੱਸਾ ਲੈ ਚੁੱਕੇ ਹਨ।
ਮੁੱਖ ਮੰਤਰੀ ਵਲੋਂ ਦੁੱਖ ਦਾ ਪ੍ਰਗਟਾਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਟਨਾ ਨੂੰ ਮੰਦਭਾਗੀ ਦੱਸਿਆ ਹੈ, ਉਨ੍ਹਾਂ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਇੱਕ ਟਵੀਟ ਕੀਤਾ ਹੈ।
ਮਾਨ ਨੇ ਲਿਖਿਆ,“ਬਰਨਾਲਾ ’ਚ ਬੀਤੀ ਸ਼ਾਮ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ, ਜਿਸ ਵਿੱਚ ਪੰਜਾਬ ਪੁਲਸ ਦੇ ਹੈੱਡ ਕਾਂਸਟੇਬਲ ਦਰਸ਼ਨ ਸਿੰਘ ਜੀ ਦੀ ਮੌਤ ਹੋ ਗਈ ਹੈ। ਪ੍ਰਸ਼ਾਸਨ ਤੇ ਪੁਲਿਸ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀ ਹੈ। ਮੁਲਜ਼ਮਾਂ ਨੂੰ ਜਲਦ ਫੜ੍ਹ ਕੇ ਸਖ਼ਤ ਸਜ਼ਾ ਦਿੱਤੀ ਜਾਵੇਗੀ।”
“ਦਰਸ਼ਨ ਸਿੰਘ ਜੀ ਦੇ ਪਰਿਵਾਰ ਵਾਲਿਆਂ ਨਾਲ ਦਿਲੋਂ ਹਮਦਰਦੀ ਹੈ। ਸਰਕਾਰ ਵੱਲੋਂ ਸਹਾਇਤਾ ਰਾਸ਼ੀ ਵਜੋਂ 1 ਕਰੋੜ ਰੁਪਏ ਪਰਿਵਾਰ ਨੂੰ ਦੇਵਾਂਗੇ ਤੇ ਨਾਲ ਹੀ ਐੱਚਡੀਐੱਫ਼ਸੀ ਬੈਂਕ ਵੱਲੋਂ ਵੀ 1 ਕਰੋੜ ਰੁਪਏ ਸਹਾਇਤਾ ਰਾਸ਼ੀ ਅਲੱਗ ਤੋਂ ਦਿੱਤੀ ਜਾਵੇਗੀ।”
ਬਹਾਦਰ ਪੁਲਸ ਕਰਮੀ ਦੇ ਜਜ਼ਬੇ ਨੂੰ ਦਿਲੋਂ ਸਲਾਮ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਸਰਵੀਕਲ ਕੈਂਸਰ ਦੇ ਇਲਾਜ ’ਚ ਮਿਲੀ ਇਸ ਸਫ਼ਲਤਾ ਨਾਲ ਬਚੇਗੀ ਅਣਗਿਣਤ ਔਰਤਾਂ ਦੀ ਜ਼ਿੰਦਗੀ
NEXT STORY