‘‘ਚਿੰਤਾ ਵਾਲੀ ਕੋਈ ਗੱਲ ਨਹੀਂ ਹੈ, ਭਾਵੇਂ ਉਹ 12 ਸਾਲਾਂ ਦੇ ਹਨ ਜਾਂ 18 ਸਾਲ ਦੇ, ਅਸੀਂ ਇਸ ਉਮਰ ਦੇ ਮੁੰਡਿਆਂ ਨੂੰ ਵੀ ਭੇਜ ਦਿੰਦੇ ਹਾਂ।’’
ਕੁਏਟਾ ਵਿੱਚ ਇੱਕ ਮਨੁੱਖੀ ਤਸਕਰ ਜੋ ਪਾਕਿਸਤਾਨ ਤੋਂ ਬਾਹਰ ਲੈ ਕੇ ਜਾਣ ਲਈ ਗੈਰ-ਕਾਨੂੰਨੀ ਰਸਤਿਆਂ ਦਾ ਪ੍ਰਬੰਧ ਕਰਦਾ ਹੈ, ਉਹ ਬੀਬੀਸੀ ਦੇ ਇੱਕ ਗੁਪਤ ਪੱਤਰਕਾਰ ਨੂੰ ਆਪਣਾ ਕਾਰੋਬਾਰ ਮਾਡਲ ਸਮਝਾ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਵਿੱਚ ਪੈਦਲ ਸਰਹੱਦ ਪਾਰ ਕਰਕੇ ਅਤੇ ਫਿਰ ਤੁਰਕੀ ਤੋਂ ਇਟਲੀ ਤੱਕ ਸੜਕ ਮਾਰਗ ਰਾਹੀਂ ਯਾਤਰਾ ਕਰਕੇ 2.5 ਮਿਲੀਅਨ ਪਾਕਿਸਤਾਨੀ ਰੁਪਏ (9000 ਡਾਲਰ, 7,500 ਪਾਊਂਡ) ਨਾਲ ਇੱਕ ਨੌਜਵਾਨ ਲਗਭਗ ਤਿੰਨ ਹਫ਼ਤਿਆਂ ਵਿੱਚ ਯੁਰੋਪ ਵਿੱਚ ‘‘ਸੁਰੱਖਿਅਤ ਅਤੇ ਸਹੀ’’ ਪਹੁੰਚ ਸਕਦਾ ਹੈ।
ਉਹ ਆਪਣੀਆਂ ਗੱਲਾਂ ਰਾਹੀਂ ਵਿਸ਼ਵਾਸ ਦਿਵਾਉਂਦੇ ਹਨ।
‘‘ਉਸ ਨੂੰ ਖਾਣ ਲਈ ਆਪਣੇ ਨਾਲ ਕੁਝ ਹਲਕਾ ਫੁਲਕਾ ਸਾਮਾਨ ਰੱਖਣਾ ਚਾਹੀਦਾ ਹੈ, ਉਸ ਕੋਲ ਚੰਗੀ ਕੁਆਲਿਟੀ ਦੇ ਬੂਟ ਹੋਣੇ ਜ਼ਰੂਰੀ ਹਨ ਅਤੇ ਦੋ ਜਾਂ ਤਿੰਨ ਜੋੜੀ ਕੱਪੜੇ। ਬਸ! ਇੰਨਾ ਹੀ ਕਾਫ਼ੀ ਹੈ।”
“ਉਹ ਕੁਏਟਾ ਤੋਂ ਪਾਣੀ ਖਰੀਦ ਸਕਦਾ ਹੈ। ਉਹ ਕੁਏਟਾ ਪਹੁੰਚਣ ’ਤੇ ਫੋਨ ਕਰੇਗਾ ਅਤੇ ਇੱਕ ਆਦਮੀ ਆ ਕੇ ਉਸ ਨੂੰ ਲੈ ਜਾਵੇਗਾ।’’
ਤਸਕਰ ਆਜ਼ਮ ਦਾਅਵਾ ਕਰਦਾ ਹੈ ਕਿ ਰੋਜ਼ਾਨਾ ਸੈਂਕੜੇ ਲੋਕ ਪਾਕਿਸਤਾਨ ਦੀ ਸਰਹੱਦ ਪਾਰ ਕਰਕੇ ਈਰਾਨ ਵਿੱਚ ਦਾਖਲ ਹੁੰਦੇ ਹਨ।
ਉਹ ਸਭ ਕੁਝ ਸਾਡੇ ਪੱਤਰਕਾਰ ਨੂੰ ਦੱਸ ਰਿਹਾ ਸੀ, ਜੋ ਖ਼ੁਦ ਨੂੰ ਇੱਕ ਅਜਿਹੇ ਵਿਅਕਤੀ ਦੇ ਰੂਪ ਵਿੱਚ ਪੇਸ਼ ਕਰ ਰਿਹਾ ਹੈ ਜੋ ਆਪਣੇ ਭਰਾ ਨੂੰ ਯੂਕੇ ਭੇਜਣਾ ਚਾਹੁੰਦਾ ਹੈ।
ਉਹ ਸਮੱਗਲਰ ਇਸ ਵਿਚਲੇ ਖ਼ਤਰਿਆਂ ਨੂੰ ਛੋਟਾ ਕਰਕੇ ਵਿਖਾਉਂਦਾ ਹੈ।
ਪਾਕਿਸਤਾਨ ਵਿੱਚ ਮਹਿੰਗਾਈ ਵਧਣ ਅਤੇ ਪਾਕਿਸਤਾਨੀ ਰੁਪਏ ਦੀ ਕੀਮਤ ਵਿੱਚ ਗਿਰਾਵਟ ਦੇ ਨਾਲ ਬਹੁਤ ਸਾਰੇ ਲੋਕ ਇੱਥੋਂ ਜਾਣ ਦੀ ਕੋਸ਼ਿਸ਼ ਕਰ ਰਹੇ ਹਨ।
ਪਾਕਿਸਤਾਨੀ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ 2023 ਦੇ ਪਹਿਲੇ ਛੇ ਮਹੀਨਿਆਂ ਵਿੱਚ ਲਗਭਗ 13,000 ਲੋਕ ਲੀਬੀਆ ਜਾਂ ਮਿਸਰ ਜਾਣ ਲਈ ਪਾਕਿਸਤਾਨ ਛੱਡ ਗਏ, ਜਦੋਂ ਕਿ ਸਾਲ 2022 ਵਿੱਚ ਇਹ ਗਿਣਤੀ ਲਗਭਗ 7,000 ਸੀ।
ਅਕਸਰ ਉਹ ਸਫ਼ਰ ਦੇ ਜੋ ਢੰਗ ਅਪਣਾਉਂਦੇ ਹਨ ਉਹ ਖ਼ਤਰਨਾਕ ਹੁੰਦੇ ਹਨ। ਜੂਨ ਵਿੱਚ ਗ੍ਰੀਸ ਦੇ ਕਿਨਾਰੇ ਤੋਂ ਇੱਕ ਛੋਟੀ ਮੱਛੀਆਂ ਫੜਨ ਵਾਲੀ ਕਿਸ਼ਤੀ ਦੇ ਡੁੱਬਣ ਕਾਰਨ ਸੈਂਕੜੇ ਪਰਵਾਸੀਆਂ ਦੀ ਮੌਤ ਹੋ ਗਈ ਸੀ।
ਇਸ ਵਿੱਚ ਘੱਟੋ-ਘੱਟ 350 ਪਾਕਿਸਤਾਨੀਆਂ ਦੇ ਸਵਾਰ ਹੋਣ ਬਾਰੇ ਕਿਹਾ ਗਿਆ ਸੀ।
ਆਜ਼ਮ ਕਹਿੰਦੇ ਹਨ, ‘‘ਜੇਕਰ ਉਹ ਰਸਤੇ ਵਿੱਚ ਫੜਿਆ ਵੀ ਜਾਂਦਾ ਹੈ, ਤਾਂ ਵੀ ਉਹ ਵਾਪਸ ਘਰ ਹੀ ਪਹੁੰਚੇਗਾ, ਕੋਈ ਵੀ ਉਸ ਨੂੰ ਅਗਵਾ ਕਰਕੇ ਫਿਰੌਤੀ ਨਹੀਂ ਮੰਗੇਗਾ।’’
ਪਰ ਜੋ ਲੋਕ ਲੀਬੀਆ ਦੇ ਰਸਤੇ ਰਾਹੀਂ ਯਾਤਰਾ ਕਰਨ ਦੀ ਕੋਸ਼ਿਸ਼ ਕਰਦੇ ਹਨ, ਉਹ ਲੜਾਕੂ ਟੋਲਿਆਂ ਅਤੇ ਅਪਰਾਧਿਕ ਗਿਰੋਹਾਂ ਦਾ ਸ਼ਿਕਾਰ ਬਣ ਸਕਦੇ ਹਨ।
ਅਸੀਂ ਇੱਕ ਪਾਕਿਸਤਾਨੀ ਵਿਅਕਤੀ ਨਾਲ ਗੱਲ ਕੀਤੀ ਜਿਸ ਨੇ ਇਟਲੀ ਜਾਣ ਲਈ ਤਸਕਰੀ ਦਾ ਸਹਾਰਾ ਲਿਆ। ਉਸ ਨੇ ਦੱਸਿਆ ਕਿ ਉਸ ਨੂੰ ਲੀਬੀਆ ਵਿੱਚ ਅਗਵਾ ਕਰ ਲਿਆ ਗਿਆ ਸੀ ਅਤੇ ਤਿੰਨ ਮਹੀਨਿਆਂ ਤੱਕ ਜੇਲ੍ਹ ਵਿੱਚ ਕੈਦ ਰੱਖਿਆ ਗਿਆ ਸੀ।
ਸਈਦ (ਬਦਲਿਆ ਹੋਇਆ ਨਾਂਅ) ਦਾ ਕਹਿਣਾ ਹੈ ਕਿ ਉਸ ਦੇ ਪਰਿਵਾਰ ਵੱਲੋਂ 2,500 ਡਾਲਰ (2,000 ਪੌਂਡ) ਦੀ ਫਿਰੌਤੀ ਦੀ ਰਕਮ ਦਿੱਤੇ ਜਾਣ ਤੋਂ ਬਾਅਦ ਹੀ ਉਸ ਨੂੰ ਛੱਡਿਆ ਗਿਆ ਸੀ।
ਸੋਸ਼ਲ ਮੀਡੀਆ ਦਾ ਸਹਾਰਾ
ਕਈ ਤਸਕਰ ਫੇਸਬੁੱਕ ਅਤੇ ਟਿਕਟੌਕ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਾਂ ’ਤੇ ਅਜਿਹੇ ਅਕਾਊਂਟਸ ਜ਼ਰੀਏ ਕੰਮ ਕਰ ਰਹੇ ਹਨ, ਜਿਨ੍ਹਾਂ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਫੌਲੋਅਰਜ਼ ਹਨ।
ਮਈ ਤੋਂ ਬੀਬੀਸੀ ਗੈਰ-ਕਾਨੂੰਨੀ ਪਰਵਾਸ ਲਈ ਗੈਰ-ਕਾਨੂੰਨੀ ਤਰੀਕਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਸੋਸ਼ਲ ਮੀਡੀਆ ਅਕਾਊਂਟਸ ਉੱਤੇ ਨਜ਼ਰ ਰੱਖ ਰਿਹਾ ਹੈ।
ਅਸੀਂ ਦੇਖਿਆ ਹੈ ਕਿ ਤਸਕਰਾਂ ਵੱਲੋਂ ਵਰਤੇ ਜਾਂਦੇ ਤਰੀਕਿਆਂ ਨੂੰ ਬਦਲਵੇਂ ਸ਼ਬਦ ਵਰਤ ਕੇ ਲੁਕਾਇਆ ਜਾਂਦਾ ਹੈ। ਇਹ ਉਨ੍ਹਾਂ ਨੂੰ ਕੰਟੈਂਟ ਮੌਡਰੇਸ਼ਨ ਅਤੇ ਕਾਨੂੰਨ ਲਾਗੂ ਕਰਨ ਨੂੰ ਅਣਦੇਖਿਆ ਕਰਨ ਵਿੱਚ ਸਮਰੱਥ ਬਣਾਉਂਦਾ ਹੈ।
ਉਹ ਡਾਇਰੈਕਟ ਮੈਸੇਜ (ਡੀ.ਐੱਮ.) ਅਤੇ ਵਟਸਐਪ ਰਾਹੀਂ ਨਿੱਜੀ ਤੌਰ ''ਤੇ ਇਸ ਸਫ਼ਰ ਅਤੇ ਭੁਗਤਾਨ ਦੀ ਵਿਵਸਥਾ ਕਰਦੇ ਹਨ।
ਯੁਰੋਰਪ ਵਿੱਚ ਗੈਰ-ਕਾਨੂੰਨੀ ਰੂਟਾਂ ਨੂੰ ਉਤਸ਼ਾਹਿਤ ਕਰਨ ਲਈ ‘‘ਡੰਕੀ’’ (ਡੌਂਕੀ) ਅਤੇ ‘‘ਗੇਮ’’ ਵਰਗੇ ਕੋਡਵਰਡ ਵਰਤੇ ਜਾਂਦੇ ਹਨ।
‘‘ਡੰਕੀ’’ ਕਿਸ਼ਤੀ ਪਾਰ ਕਰਨ ਨੂੰ ਦਰਸਾਉਂਦਾ ਹੈ ਅਤੇ ‘‘ਗੇਮ’’ ਉਨ੍ਹਾਂ ਸਫ਼ਰਾਂ ਦਾ ਵਰਣਨ ਕਰਦਾ ਹੈ ਜੋ ਪਰਵਾਸੀ ਸ਼ੁਰੂ ਤੋਂ ਅੰਤ ਤੱਕ ਕਰਨਗੇ।
ਯੁਰੋਪ ਵਿੱਚ ਆਪਣੀ ਅੰਤਿਮ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਪਾਕਿਸਤਾਨ ਤੋਂ ਤਿੰਨ ਸਭ ਤੋਂ ਆਮ ਮਾਰਗ ਤੁਰਕੀ, ਈਰਾਨ ਜਾਂ ਲੀਬੀਆ ਤੋਂ ਹੋ ਕੇ ਲੰਘਦੇ ਹਨ।
ਗ੍ਰੀਸ ਵਿੱਚ ਪਰਵਾਸੀਆਂ ਦੀ ਕਿਸ਼ਤੀ ਤਬਾਹ ਹੋਣ ਤੋਂ ਬਾਅਦ, ਜਿਨ੍ਹਾਂ ਤਸਕਰਾਂ ’ਤੇ ਅਸੀਂ ਨਜ਼ਰ ਰੱਖੀ, ਉਹ ਪਸੰਦੀਦਾ ਤਰੀਕੇ ਦੇ ਰੂਪ ਵਿੱਚ ਪੂਰਬੀ ਯੂਰਪ ਜ਼ਰੀਏ ਸੜਕ ਮਾਰਗਾਂ ਲਈ ‘‘ਟੈਕਸੀ ਗੇਮ’’ ਨੂੰ ਤੇਜ਼ੀ ਨਾਲ ਉਤਸ਼ਾਹਿਤ ਕਰ ਰਹੇ ਹਨ।
ਤਸਕਰਾਂ ਦੇ ਸੋਸ਼ਲ ਮੀਡੀਆ ਅਕਾਉਂਟਸ ’ਤੇ ਪਰਵਾਸੀਆਂ ਦੇ ਸਮੂਹਾਂ ਵਿੱਚ ਜੰਗਲਾਂ ਵਿੱਚ ਲੁਕਣ ਅਤੇ ਮਿਨੀਵੈਨਾਂ ਵਿੱਚ ਭੱਜਦਿਆਂ ਦੇ ਵੀਡੀਓ ਪੋਸਟ ਕੀਤੇ ਹੁੰਦੇ ਹਨ, ਜਿਨ੍ਹਾਂ ਦੇ ਉੱਪਰ ਏਜੰਟਾਂ ਦੇ ਨਾਮ ਅਤੇ ਮੋਬਾਈਲ ਫੋਨ ਨੰਬਰ ਲਿਖੇ ਹੁੰਦੇ ਹਨ।
ਵਟਸਐਪ ’ਤੇ ਗਾਹਕ ਅਤੇ ‘‘ਏਜੰਟ’’ ਸੈਂਕੜੇ ਮੈਂਬਰਾਂ ਨਾਲ ਗਰੁੱਪ ਚੈਟ ਵਿੱਚ ਅਗਲੀ ‘‘ਗੇਮ’’ ਬਾਰੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕਰਦੇ ਹਨ।
ਆਜ਼ਮ ‘‘ਟੈਕਸੀ ਗੇਮ’’ ਵਿੱਚ ਮਾਹਿਰ ਹੈ, ਉਨ੍ਹਾਂ ਦਾ ਦਾਅਵਾ ਹੈ ਕਿ ਉਹ ਸਮੁੰਦਰੀ ਰੂਟਾਂ ਨਾਲੋਂ ਜ਼ਿਆਦਾ ਸੁਰੱਖਿਅਤ ਹਨ। ਪਰ ਉਨ੍ਹਾਂ ਜ਼ਮੀਨੀ ਰਸਤਿਆਂ ’ਤੇ ਵੀ ਜੋਖਮ ਹਨ।
ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਏਜੰਸੀ ਯੂਐੱਨਐੱਚਸੀਆਰ ਦਾ ਕਹਿਣਾ ਹੈ ਕਿ ਸਰਦੀਆਂ ਵਿੱਚ ਠੰਢੇ ਤਾਪਮਾਨ ਕਾਰਨ ਪਰਵਾਸੀ ਪੈਦਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਦੇ ਹਨ, ਅਤੇ ਇਸਦੇ ਨਾਲ ਹੀ ਸੜਕ ਹਾਦਸਿਆਂ ਕਾਰਨ ਮੌਤਾਂ ਹੁੰਦੀਆਂ ਹਨ।
ਜਿਨ੍ਹਾਂ ਪੰਜ ਹੋਰ ਤਸਕਰਾਂ ਨਾਲ ਅਸੀਂ ਗੱਲ ਕੀਤੀ ਸੀ, ਉਨ੍ਹਾਂ ਨੇ ਵੀ ‘‘ਟੈਕਸੀ ਰੂਟ’’ ਦੀ ਸਿਫ਼ਾਰਸ਼ ਕੀਤੀ। ਇੱਕ ਨੇ ਕਿਹਾ ਕਿ ਉਹ 1,000 ਪੌਂਡ (1,228 ਡਾਲਰ) ਵਿੱਚ ਕਿਸੇ ਨੂੰ ਫਰਾਂਸ ਤੋਂ ਯੂਕੇ ਲਿਆ ਸਕਦਾ ਹੈ।
ਅਸੀਂ ਫੇਸਬੁੱਕ ਅਤੇ ਵਟਸਐਪ ਅਤੇ ਟਿਕਟੌਕ ਦੀ ਮਾਲਕ ਕੰਪਨੀ ਮੈਟਾ ਨੂੰ ਆਪਣੇ ਸਬੂਤ ਦਿੱਤੇ ਹਨ ਕਿ ਉਨ੍ਹਾਂ ਦੇ ਪਲੈਟਫਾਰਮਾਂ ਦੀ ਵਰਤੋਂ ਗੈਰ ਕਾਨੂੰਨੀ ਤੌਰ ’ਤੇ ਲੋਕਾਂ ਦੀ ਤਸਕਰੀ ਨੂੰ ਉਤਸ਼ਾਹਿਤ ਕਰਨ ਲਈ ਕੀਤੀ ਜਾ ਰਹੀ ਹੈ।
ਮੈਟਾ ਨੇ ਸਾਡੇ ਵੱਲੋਂ ਦੱਸੇ ਗਏ ਫੇਸਬੁੱਕ ਗਰੁੱਪਾਂ ਅਤੇ ਪੇਜਾਂ ਦੇ ਸਾਰੇ ਲਿੰਕ ਹਟਾ ਦਿੱਤੇ ਹਨ, ਪਰ ਉਨ੍ਹਾਂ ਨਾਲ ਜੁੜੇ ਪ੍ਰੋਫਾਈਲਾਂ ਨੂੰ ਨਹੀਂ ਹਟਾਇਆ।
ਇਸ ਨੇ ਵਟਸਐਪ ਗਰੁੱਪਾਂ ਨੂੰ ਨਹੀਂ ਹਟਾਇਆ, ਕਿਉਂਕਿ ਇਸ ਦੀ ਐਂਡ-ਟੂ-ਐਂਡ ਐਨਕ੍ਰਿਪਸ਼ਨ ਦੀ ਨੀਤੀ ਨਿੱਜਤਾ ਦੀ ਰੱਖਿਆ ਕਰਦੀ ਹੈ ਅਤੇ ਮੌਡਰੇਸ਼ਨ ਦੀ ਆਗਿਆ ਨਹੀਂ ਦਿੰਦੀ।
ਟਿਕਟੌਕ ਨੇ ਉਨ੍ਹਾਂ ਅਕਾਉਂਟਸ ਦੇ ਲਿੰਕ ਹਟਾ ਦਿੱਤੇ ਜਿਨ੍ਹਾਂ ਬਾਰੇ ਅਸੀਂ ਉਨ੍ਹਾਂ ਨੂੰ ਸੁਚੇਤ ਕੀਤਾ ਸੀ।
ਇਸ ਵਿੱਚ ਕਿਹਾ ਗਿਆ ਹੈ ਕਿ ਕੰਪਨੀ ‘‘ਮਨੁੱਖੀ ਤਸਕਰੀ ਨੂੰ ਉਤਸ਼ਾਹਿਤ ਕਰਨ ਵਾਲੀ ਸਮੱਗਰੀ ਪ੍ਰਤੀ ਜ਼ੀਰੋ ਸਹਿਣਸ਼ੀਲਤਾ ਰੱਖਦੀ ਹੈ ਅਤੇ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਅਕਾਉਂਟਸ ਅਤੇ ਕੰਟੈਂਟ ਨੂੰ ਹਟਾ ਦਿੱਤਾ ਹੈ।’’
‘ਮੌਤ ਦਾ ਸਫ਼ਰ’
ਸਈਦ ਨੇ ਆਪਣੇ ਖੇਤਰ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕਿਆਂ ਦੀ ਘਾਟ ਅਤੇ ਭਾਰਤ ਸ਼ਾਸਿਤ ਕਸ਼ਮੀਰ ਦੇ ਨਾਲ ਸਰਹੱਦ ''ਤੇ ਝੜਪਾਂ ਕਾਰਨ ਲਗਭਗ ਇੱਕ ਸਾਲ ਪਹਿਲਾਂ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਆਪਣਾ ਸ਼ਹਿਰ ਛੱਡ ਦਿੱਤਾ ਸੀ।
ਉਹ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਵਾਦਿਤ ਖੇਤਰ ਵਿੱਚ ਅਸਲ ਸਰਹੱਦ ‘ਕੰਟਰੋਲ ਰੇਖਾ’ ਦੇ ਬਹੁਤ ਨੇੜੇ ਰਹਿੰਦਾ ਸੀ, ਪਰ ਹੁਣ 10 ਮਹੀਨਿਆਂ ਤੋਂ ਇਟਲੀ ਵਿੱਚ ਹੈ।
ਉਹ ਕਹਿੰਦੇ ਹਨ ਕਿ ਉਹ ਯੂਰਪ ਆਉਣ ਲਈ ਔਨਲਾਈਨ ਦੇਖੇ ਗਏ, ਟਿਕਟੌਕ ਵੀਡੀਓ ਅਤੇ ਇੱਕ ਦੋਸਤ ਤੋਂ ਪ੍ਰਭਾਵਿਤ ਹੋਇਆ ਸੀ ਜੋ ਉਨ੍ਹਾਂ ਤੋਂ ਕੁਝ ਮਹੀਨੇ ਪਹਿਲਾਂ ਹੀ ਪਾਕਿਸਤਾਨ ਛੱਡ ਗਿਆ ਸੀ।
ਉਹ ਕਹਿੰਦੇ ਹਨ, ‘‘ਮੈਂ ਸੁਣਿਆ ਹੈ ਕਿ ਇੱਥੇ ਆਉਣਾ ਬਹੁਤ ਸੌਖਾ ਹੈ ਅਤੇ ਇਸ ਵਿੱਚ ਲਗਭਗ 15-20 ਦਿਨ ਲੱਗ ਜਾਣਗੇ, ਪਰ ਇਹ ਸਭ ਝੂਠ ਸੀ। ਇੱਥੇ ਆਉਣ ਵਿੱਚ ਮੈਨੂੰ ਸੱਤ ਮਹੀਨਿਆਂ ਤੋਂ ਵੱਧ ਸਮਾਂ ਲੱਗ ਗਿਆ।’’
ਸਈਦ ਇਟਲੀ ਵਿੱਚ ਸ਼ਰਨ ਲੈਣ ਲਈ ਦਿੱਤੀ ਆਪਣੀ ਅਰਜ਼ੀ ਦੇ ਨਤੀਜੇ ਦਾ ਇੰਤਜ਼ਾਰ ਕਰ ਰਿਹਾ ਹੈ ਅਤੇ ਕਹਿੰਦਾ ਹੈ ਕਿ ਉਸ ਨੂੰ ਹੁਣ ਗੈਰ-ਕਾਨੂੰਨੀ ਰਸਤਾ ਅਪਣਾਉਣ ''ਤੇ ਪਛਤਾਵਾ ਹੈ, ਉਹ ਇਸ ਨੂੰ "ਮੌਤ ਦੀ ਯਾਤਰਾ" ਕਹਿੰਦੇ ਹਨ। ਪਰ ਉਹ ਅਕਸਰ ਇਟਲੀ ਵਿੱਚ ਆਪਣੀ ਨਵੀਂ ਜ਼ਿੰਦਗੀ ਦੇ ਵੀਡੀਓ ਟਿਕਟੌਕ ''ਤੇ ਪੋਸਟ ਕਰਦੇ ਹਨ।
ਕੁਝ ਵੀਡੀਓਜ਼ ਵਿੱਚ ਪਾਕਿਸਤਾਨ ਤੋਂ ਉਹ ਜਿਸ ਰਸਤੇ ਤੋਂ ਆਏ ਸਨ ਨੂੰ ਦਰਸਾਉਂਦੀਆਂ ਹਨ। ਇਨ੍ਹਾਂ ਵਿੱਚ ਇੱਕ ਉਤਸ਼ਾਹਿਤ ਨੌਜਵਾਨ ਨੂੰ ਆਪਣੀ ਯਾਤਰਾ ਕਰਦੇ ਦਿਖਾਇਆ ਗਿਆ ਹੈ।
ਇਨ੍ਹਾਂ ਵੀਡੀਓਜ਼ ਦਾ ਟਿਕਟੌਕ ਉੱਤੇ ਟਰੈਂਡ ਹੈ ਜਿਸ ਵਿੱਚ ਉਸ ਵਰਗੇ ਕਈ ਨੌਜਵਾਨ ਪਾਕਿਸਤਾਨੀ ਮੁੰਡੇ ਜੋ ਯੁਰੋਪ ਪਹੁੰਚੇ ਹਨ, ਹਿੱਸਾ ਲੈਂਦੇ ਹਨ ਅਤੇ ਆਪਣੇ ਵੀਡੀਓ ਪਾਉਂਦੇ ਹਨ।
‘‘ਪਾਕਿਸਤਾਨ ਤੋਂ ਲੀਬੀਆ’’ ਕੈਪਸ਼ਨ ਵਾਲੇ ਇੱਕ ਵੀਡੀਓ ਵਿੱਚ ਉਨ੍ਹਾਂ ਦੇ ਇੱਕ ਦੋਸਤ ਨੇ ਉਨ੍ਹਾਂ ਦੋਵਾਂ ਨਾਲ ਵੀਡੀਓ ਬਣਾਈ ਹੈ। ਇਹ ਵੀਡੀਓ ਉਨ੍ਹਾਂ ਨੇ ਆਪ ਬਣਾਈ ਹੈ, ਇਸ ਵਿੱਚ ਉਹ ਦੋਵੇਂ ਮੁਸਕੁਰਾਉਂਦੇ ਹੋਏ ਨਜ਼ਰ ਆਉਂਦੇ ਹਨ।
ਉਹ ਕਹਿੰਦੇ ਹਨ ਕਿ ਇਸ ਤਰ੍ਹਾਂ ਦੇ ਵੀਡੀਓ ਪੋਸਟ ਕਰਨਾ "ਸਿਰਫ਼ ਇੱਕ ਦਿਖਾਵਾ" ਹੈ ਅਤੇ ਉਹ ਕਹਿੰਦੇ ਹਨ ਕਿ ਇਹ ‘‘ਸਮਾਜ ਦੀ ਸੱਚੀ ਤਸਵੀਰ’’ ਨਹੀਂ ਹੈ।
ਸਾਡੇ ਗੁਪਤ ਪੱਤਰਕਾਰ ਵੱਲੋਂ ਪਹਿਲੀ ਵਾਰ ਤਸਕਰ ਨਾਲ ਸੰਪਰਕ ਕਰਨ ਤੋਂ ਦੋ ਹਫ਼ਤਿਆਂ ਬਾਅਦ ਸਾਡੇ ਵੱਲੋਂ ਉਸ ਤਸਕਰ ਨੂੰ ਫਿਰ ਦੁਬਾਰਾ ਫੋਨ ਕੀਤਾ ਗਿਆ। ਜਿਸ ਵਿੱਚ ਅਸੀਂ ਇਹ ਖ਼ੁਲਾਸਾ ਕੀਤਾ ਕਿ ਅਸੀਂ ਬੀਬੀਸੀ ਪੱਤਰਕਾਰ ਹਾਂ।
ਅਸੀਂ ਆਜ਼ਮ ਨੂੰ ਉਨ੍ਹਾਂ ਗੈਰ-ਕਾਨੂੰਨੀ ਰਸਤਿਆਂ ਦੇ ਖ਼ਤਰਿਆਂ ਬਾਰੇ ਦੱਸਿਆ, ਜਿਨ੍ਹਾਂ ਦਾ ਉਹ ਪ੍ਰਚਾਰ ਕਰਦੇ ਹਨ। ਇਸ ਮਗਰੋਂ ਉਨ੍ਹਾਂ ਨੇ ਫੋਨ ਕੱਟ ਦਿੱਤਾ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਧੂਮਧਾਮ ਨਾਲ ਕੀਤਾ ਸੀ ਧੀ ਦਾ ਵਿਆਹ, ਤਲਾਕ ਹੋਇਆ ਤਾਂ ਢੋਲ-ਨਗਾੜਿਆਂ ਨਾਲ ਲਿਆਂਦਾ ਘਰ ਵਾਪਿਸ
NEXT STORY