ਅੰਮ੍ਰਿਤ ਗਿੱਲ ਦੀਆਂ ਵੱਖ-ਵੱਖ ਸਮੇਂ ਦੀਆਂ ਤਸਵੀਰਾਂ
“ਜਿਸ ਦਿਨ ਅੰਮ੍ਰਿਤ ਨੇ ਕਥਿਤ ਤੌਰ ''ਤੇ ਪਵਿੱਤਰ ਗੁਟਕਾ ਸਾਹਿਬ ਦੀ ਬੇਅਦਬੀ ਕੀਤੀ, ਉਹ ਸਾਡੇ ਲਈ ਮਰ ਗਿਆ ਸੀ। ਉਸ ਕਰਕੇ ਸਾਡੀ ਜ਼ਿੰਦਗੀ ਨਰਕ ਬਣ ਗਈ ਹੈ, ਕਿਉਂਕਿ ਅਸੀਂ ਉਸਦੇ ਕਾਰਨ ਸਮਾਜਿਕ ਬਾਈਕਾਟ ਦਾ ਸਾਹਮਣਾ ਕਰ ਰਹੇ ਹਾਂ।" ਇਹ ਸ਼ਬਦ ਹਨ ਬਲਵਿੰਦਰ ਸਿੰਘ ਜੋ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਗਿੱਲ ਦਾ ਵੱਡੇ ਭਰਾ ਹੈ।
ਅੰਮ੍ਰਿਤ ਗਿੱਲ ਨੂੰ ਉੱਤਰ ਪ੍ਰਦੇਸ਼ ਪੁਲਿਸ ਨੇ ਕਥਿਤ ਤੌਰ ’ਤੇ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਇਲਜ਼ਾਮਾਂ ਹੇਠ ਗ੍ਰਿਫ਼ਤਾਰ ਕੀਤਾ ਹੈ।
ਦਲਿਤ ਪਰਿਵਾਰ ਨਾਲ ਸਬੰਧ ਰੱਖਦੇ 25 ਸਾਲਾ ਅੰਮ੍ਰਿਤ ਗਿੱਲ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁੱਲੇਵਾਲ ਦੇ ਰਹਿਣ ਵਾਲੇ ਹਨ।
ਰੋਜ਼ੀ ਰੋਟੀ ਲਈ ਬਠਿੰਡਾ ਵਿੱਚ ਇੱਕ ਆਟੋ ਚਾਲਕ ਵਜੋਂ ਕੰਮ ਕਰਦਾ ਸੀ।
ਪਿੰਡ ਦਾ ਸਰਕਾਰੀ ਸਕੂਲ
ਪਾਕਿਸਤਾਨ ਲਈ ਜਸੂਸੀ ਦੇ ਇਲਜ਼ਾਮ
ਯੂਪੀ ਪੁਲਿਸ ਦੇ ਅੱਤਵਾਦ ਰੋਕੂ ਦਸਤੇ (ਏਟੀਐਸ) ਨੇ ਐਤਵਾਰ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਉਨ੍ਹਾਂ ਨੇ ਪਾਕਿਸਤਾਨ ਦੀ ਖੁਫ਼ੀਆ ਏਜੰਸੀ, ਆਈਐੱਸਆਈ, ਅਤੇ ਅੱਤਵਾਦੀ ਫੰਡਿੰਗ ਲਈ ਕਥਿਤ ਤੌਰ ''ਤੇ ਜਸੂਸੀ ਕਰਨ ਦੇ ਇਲਜ਼ਾਮਾਂ ਵਿੱਚ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਇਨ੍ਹਾਂ ਦੀ ਪਛਾਣ ਪੰਜਾਬ ਦੇ ਬਠਿੰਡਾ ਦੇ ਰਹਿਣ ਵਾਲੇ 25 ਸਾਲਾ ਅੰਮ੍ਰਿਤ ਗਿੱਲ ਉਰਫ਼ ਅੰਮ੍ਰਿਤ ਪਾਲ ਅਤੇ ਯੂਪੀ ਦੇ ਗਾਜ਼ੀਆਬਾਦ ਜ਼ਿਲ੍ਹੇ ਦੇ ਫਰੀਦਨਗਰ ਦੇ ਵਾਸੀ 36 ਸਾਲਾ ਰਿਆਜ਼ੂਦੀਨ ਵਜੋਂ ਹੋਈ ਹੈ।
ਏਟੀਐੱਸ ਨੇ ਬਿਆਨ ਜਾਰੀ ਕਰਕੇ ਕਿਹਾ, "ਏਟੀਐੱਸ ਦੀ ਇੱਕ ਟੀਮ ਨੇ ਗਿੱਲ ਨੂੰ 23 ਨਵੰਬਰ ਨੂੰ ਬਠਿੰਡਾ ਤੋਂ ਗ੍ਰਿਫ਼ਤਾਰ ਕਰਕੇ ਟਰਾਂਜ਼ਿਟ ਰਿਮਾਂਡ ''ਤੇ ਲਿਆਂਦਾ। ਜਦੋਂ ਕਿ ਰਿਆਜ਼ੂਦੀਨ ਨੂੰ ਪੁੱਛਗਿੱਛ ਲਈ ਏਟੀਐੱਸ ਹੈੱਡਕੁਆਰਟਰ ਵਿੱਚ ਬੁਲਾਇਆ ਗਿਆ ਅਤੇ ਐਤਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।"
ਏਟੀਐੱਸ ਨੇ ਕਿਹਾ, “ਦੋਵਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪੈਸਿਆਂ ਦੇ ਬਦਲੇ ਆਈਐੱਸਆਈ ਨੂੰ ਸੰਵੇਦਨਸ਼ੀਲ ਗੁਪਤ ਜਾਣਕਾਰੀ ਭੇਜ ਰਹੇ ਸਨ।”
“ਸਬੂਤ ਇਕੱਠੇ ਕਰਨ ਦੇ ਦੌਰਾਨ, ਅਸੀਂ ਰਿਆਜ਼ੂਦੀਨ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਅਤੇ ਪਾਇਆ ਕਿ ਮਾਰਚ 2022 ਤੋਂ ਅਪ੍ਰੈਲ 2022 ਦੇ ਵਿਚਕਾਰ ਤਕਰੀਬਨ 70 ਲੱਖ ਰੁਪਏ ਟਰਾਂਸਫਰ ਕੀਤੇ ਗਏ ਸਨ। ਇਹ ਪੈਸੇ ਅੰਮ੍ਰਿਤ ਗਿੱਲ ਨੂੰ ਭੇਜੇ ਗਏ ਸਨ।
ਗਿੱਲ ਨੇ ਭਾਰਤੀ ਫੌਜ ਦੇ ਟੈਂਕਾਂ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ।”
ਤਲਵੰਡੀ ਸਾਬੋ, ਬਠਿੰਡਾ ਦੇ ਉਪ ਪੁਲਿਸ ਕਪਤਾਨ ਰਾਜੇਸ਼ ਸਨੇਹੀ ਨੇ ਵੀ ਪੁਸ਼ਟੀ ਕੀਤੀ ਕਿ ਉੱਤਰ ਪ੍ਰਦੇਸ਼ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਨੂੰ ਤਲਵੰਡੀ ਸਾਬੋ ਤੋਂ ਗ੍ਰਿਫ਼ਤਾਰ ਕੀਤਾ ਸੀ।
ਪਿੰਡ ਮੋਹਤਰਬਰਾਂ ਤੇ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਨੇ ਮਿਲ ਕੇ ਸਮਾਜਿਕ ਬਾਈਕਾਟ ਦਾ ਫੈਸਲਾ ਲਿਆ ਸੀ
ਬੇਅਦਬੀ ਦਾ ਮਾਮਲਾ
ਇਸ ਤੋਂ ਪਹਿਲਾਂ ਅੰਮ੍ਰਿਤ ਗਿੱਲ ਨੂੰ ਪੁਲਿਸ ਨੇ ਬੇਅਦਬੀ ਦੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ।
2020 ਵਿੱਚ ਅੰਮ੍ਰਿਤ ਨੂੰ ਪਿੰਡ ਦੁੱਲੇਵਾਲ ਵਿੱਚ ਕਥਿਤ ਤੌਰ ''ਤੇ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਇਲਜ਼ਾਮਾਂ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਸੀ।
ਅੰਮ੍ਰਿਤ ਗਿੱਲ ਖ਼ਿਲਾਫ਼ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਰਕਾਰੀ ਪ੍ਰਾਇਮਰੀ ਸਕੂਲ ਨੇੜੇ ਗੁਟਕਾ ਸਾਹਿਬ ਦੇ ਪੱਤਰੇ ਪਾੜ ਕੇ ਖਿਲਾਰੇ ਸਨ।
ਇਸ ਮਾਮਲੇ ਵਿੱਚ ਉਹ ਜ਼ਮਾਨਤ ’ਤੇ ਜੇਲ ਤੋਂ ਬਾਹਰ ਆ ਗਏ ਸਨ ਪਰ ਪਿੰਡ ਤੋਂ ਬਾਹਰ ਰਹਿਣ ਲੱਗੇ ਸਨ।
ਅਸੀਂ ਮੰਗਲਵਾਰ ਨੂੰ ਪਿੰਡ ਦੁੱਲੇਵਾਲ ਦਾ ਦੌਰਾ ਕੀਤਾ, ਜੋ ਨਵੇਂ ਅਤੇ ਪੁਰਾਣੇ ਪਿੰਡ ਵਿੱਚ ਵੰਡਿਆ ਹੋਇਆ ਹੈ ਅਤੇ ਅੰਮ੍ਰਿਤ ਗਿੱਲ ਦੇ ਘਰ ਗਏ ਜੋ ਨਵਾਂ ਦੁੱਲੇਵਾਲ ਵਿੱਚ ਹੈ।
ਘਰ ਵਿੱਚ ਅੰਮ੍ਰਿਤ ਦੇ ਵੱਡੇ ਭਰਾ ਬਲਵਿੰਦਰ ਸਿੰਘ ਅਤੇ ਪਿਤਾ ਪਰਮਜੀਤ ਸਿੰਘ ਰਹਿੰਦੇ ਹਨ। ਪਰਿਵਾਰ ਕੋਲ ਕੋਈ ਵਾਹੀਯੋਗ ਜ਼ਮੀਨ ਨਹੀਂ ਹੈ ਤੇ ਪਰਮਜੀਤ ਸਿੰਘ ਪਿੰਡਾਂ ਵਿੱਚ ਕੱਪੜਾ ਵੇਚ ਕੇ ਘਰ ਦਾ ਗੁਜ਼ਾਰਾ ਚਲਾਉਂਦੇ ਹਨ। ਬਲਵਿੰਦਰ ਸਿੰਘ, ਡਰਾਈਵਰ ਵਜੋਂ ਕੰਮ ਕਰਦੇ ਹਨ।
ਬਲਵਿੰਦਰ ਮੁਤਾਬਕ ਅੰਮ੍ਰਿਤ ਗਿੱਲ ਦੀ ਗ੍ਰਿਫਤਾਰੀ ਬਾਰੇ ਖਬਰਾਂ ਤੋਂ ਪਤਾ ਲੱਗਿਆ। ਬਾਅਦ ਵਿੱਚ ਬਠਿੰਡਾ ਪੁਲਿਸ ਨੇ ਉਨ੍ਹਾਂ ਨੂੰ ਫੋਨ ਕੀਤਾ ਅਤੇ ਅੰਮ੍ਰਿਤ ਗਿੱਲ ਦੀ ਇੱਕ ਡਾਇਰੀ ਲਿਆਉਣ ਲਈ ਕਿਹਾ, ਜਿਸ ਵਿੱਚ ਉਸਨੇ ਆਪਣੇ ਫੋਨ ਨੰਬਰ ਲਿਖੇ ਹੋਏ ਸਨ।
ਬਲਵਿੰਦਰ ਸਿੰਘ ਮੁਤਾਬਕ ਪਰਿਵਾਰ ਨੇ ਅੰਮ੍ਰਿਤ ਗਿੱਲ ਨੂੰ ਬੇਦਖ਼ਲ ਕੀਤਾ ਹੋਇਆ ਹੈ।
ਅੰਮ੍ਰਿਤ ਗਿੱਲ ਦੇ ਪਰਿਵਾਰ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਜਾਣ ਦੀ ਇਜ਼ਾਜਤ ਨਹੀਂ ਹੈ।
ਪਰਿਵਾਰ ਦਾ ਸਮਾਜਿਕ ਬਾਈਕਾਟ
ਬੇਅਦਬੀ ਦੀ ਘਟਨਾ ਤੋਂ ਬਾਅਦ ਅੰਮ੍ਰਿਤ ਗਿੱਲ ਦੇ ਪਰਿਵਾਰ ਨੂੰ ਪਿੰਡ ਵਾਲਿਆਂ ਵਲੋਂ ਸਮਾਜਿਕ ਬਾਈਕਾਟ ਦਾ ਸਾਹਮਣਾ ਕਰਨਾ ਪਿਆ।
ਪਰਿਵਾਰ ਨੂੰ ਅੱਜ ਤੱਕ ਵੀ ਗੁਰਦੁਆਰੇ ਜਾਣ ਦੀ ਇਜਾਜ਼ਤ ਨਹੀਂ ਹੈ
ਬਲਜਿੰਦਰ ਸਿੰਘ ਨੇ ਦੱਸਿਆ ਕਿ ਬੇਅਦਬੀ ਕਾਂਡ ਵਿੱਚ ਅੰਮ੍ਰਿਤ ਦੀ ਗ੍ਰਿਫ਼ਤਾਰੀ ਤੋਂ ਬਾਅਦ ਪਿੰਡ ਵੱਲੋਂ ਉਨ੍ਹਾਂ ਦਾ ਸਮਾਜਿਕ ਬਾਈਕਾਟ ਕਰ ਦਿੱਤਾ ਗਿਆ ਸੀ ਅਤੇ ਅੱਜ ਵੀ ਉਨ੍ਹਾਂ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਜਾਣ ਦੀ ਇਜਾਜ਼ਤ ਨਹੀਂ ਸੀ।
ਬਲਜਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋ ਬੱਚਿਆਂ ਨੂੰ ਆਪਣੇ ਪਿੰਡ ਤੋਂ ਬਾਹਰ ਸਥਿਤ ਗੁਰਦੁਆਰਿਆਂ ਵਿੱਚ ਲੈ ਕੇ ਜਾਂਦੇ ਹਨ ਤਾਂ ਜੋ ਉਹ ਸਿੱਖ ਧਰਮ ਨਾਲ ਜੁੜੇ ਰਹਿਣ।
ਉਨ੍ਹਾਂ ਦੱਸਿਆ ਕਿ,“ਦੋ ਸਾਲ ਪਹਿਲਾਂ ਮੇਰੀ ਛੋਟੀ ਭੈਣ ਦਾ ਵਿਆਹ ਸੀ ਪਰ ਪਿੰਡ ਦੇ ਗੁਰਦੁਆਰੇ ਵਿੱਚ ਉਸ ਦੇ ਅਨੰਦ ਕਾਰਜ ਕਰਵਾਏ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਗਈ ਸੀ।”
“ਇਸ ਲਈ ਭੈਣ ਦਾ ਵਿਆਹ ਨੇੜਲੇ ਪਿੰਡ ਦਿਆਲਪੁਰਾ ਦੇ ਗੁਰਦਵਾਰੇ ਜਾ ਕੇ ਕਰਨਾ ਪਿਆ ਸੀ।”
ਬਲਵਿੰਦਰ ਮੁਤਾਬਕ ਉਨ੍ਹਾਂ ਦੇ ਪਰਿਵਾਰ ਨੂੰ ਪਿੰਡ ਵਿੱਚ ਹੋਣ ਵਾਲੇ ਕਿਸੇ ਸਮਾਜਿਕ ਸਮਾਗਮ, ਇੱਥੋਂ ਤੱਕ ਕਿ ਅੰਤਿਮ ਸੰਸਕਾਰ ਵਿੱਚ ਵੀ ਸ਼ਾਮਲ ਨਹੀਂ ਹੁੰਦੇ ਹਨ।
ਜਗਸੀਰ ਸਿੰਘ
ਬਲਜਿੰਦਰ ਸਿੰਘ ਕਿਹਾ ਕਿ ਉਨ੍ਹਾਂ ਨੇ ਕੋਈ ਅਪਰਾਧ ਨਹੀਂ ਕੀਤਾ ਅਤੇ ਅੰਮ੍ਰਿਤ ਨੂੰ ਜਦੋਂ ਬੇਅਦਬੀ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਤਾਂ ਪਰਿਵਾਰ ਨੇ ਉਸ ਨਾਲ ਸਾਰੇ ਰਿਸ਼ਤੇ ਤੋੜ ਦਿੱਤੇ ਸਨ।
ਉਨ੍ਹਾਂ ਦਾ ਦਾਅਵਾ ਹੈ ਕਿ ਅੰਮ੍ਰਿਤ ਗਿੱਲ ਪਿਛਲੇ ਤਿੰਨ ਸਾਲਾਂ ਤੋਂ ਪਿੰਡ ਵਿੱਚ ਨਹੀਂ ਰਹਿੰਦਾ ਅਤੇ ਕਦੇ-ਕਦਾਈਂ ਉਨ੍ਹਾਂ ਨੂੰ ਮਿਲਣ ਆਉਂਦਾ ਸੀ ਅਤੇ ਪਰ ਪਰਿਵਾਰ ਨੇ ਉਸ ਨੂੰ ਸਵਿਕਾਰ ਨਹੀਂ ਕੀਤਾ।
ਬਲਵਿੰਦਰ ਮੁਤਾਬਕ ਬੇਅਦਬੀ ਕਾਂਡ ਤੋਂ ਪਹਿਲਾਂ ਅੰਮ੍ਰਿਤ ਗਿੱਲ ਨੂੰ ਕੁਝ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ।
ਅੰਮ੍ਰਿਤ ਗਿੱਲ ਦੇ ਚਾਚਾ ਜਗਸੀਰ ਸਿੰਘ, ਜੋ ਕਿ ਅੰਮ੍ਰਿਤਧਾਰੀ ਸਿੱਖ ਹਨ ਨੇ ਦੱਸਿਆ ਕਿ ਉਹ ਤੇ ਉਨ੍ਹਾਂ ਦੀ ਪਤਨੀ ਗੁਰੂ ਦੇ ਸਿੱਖ ਹੋਣ ਦੇ ਬਾਵਜੂਦ ਬੀਤੇ ਇੱਕ ਸਾਲ ਤੋਂ ਗੁਰਦੁਆਰੇ ਨਹੀਂ ਗਏ।
ਬਾਅਦ ਵਿੱਚ ਗੁਰਦੁਆਰਾ ਕਮੇਟੀ ਅਤੇ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਗੁਰਦੁਆਰੇ ਮੱਥਾ ਟੇਕਣ ਆਉਣ ਲਈ ਕਿਹਾ।
ਜਗਸੀਰ ਸਿੰਘ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕਰਨਾ ਚਾਹੁੰਦੇ ਹਨ ਕਿ ਬਲਜਿੰਦਰ ਸਿੰਘ ਦੇ ਪਰਿਵਾਰ ਨੂੰ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ।
ਪਿੰਡ ਦੇ ਗੁਰਦੁਆਰੇ ਦਾ ਪੱਖ
ਪਿੰਡ ਦੁੱਲੇਵਾਲ ਵਿੱਚ ਇੱਕ ਗੁਰਦੁਆਰਾ ਹੈ ਸੰਤ ਬਾਬਾ ਮਨੀ ਸਿੰਘ ਦਾ।
ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਨੇ ਦੱਸਿਆ ਕਿ ਅੰਮ੍ਰਿਤ ਗਿੱਲ ਖ਼ਿਲਾਫ਼ ਇਲਜ਼ਾਮ ਸੀ ਕਿ ਉਨ੍ਹਾਂ ਨੇ ਗੁਰਦੁਆਰੇ ਵਿੱਚੋਂ ਗੁਟਕਾ ਸਾਹਿਬ ਚੁੱਕ ਕੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਸਾਹਮਣੇ ਪਾੜ ਦਿੱਤਾ ਸੀ।
ਸੀਸੀਟੀਵੀ ਕੈਮਰਿਆਂ ਤੋਂ ਮਿਲੀ ਫ਼ੁਟੇਜ ਵਿੱਚ ਅੰਮ੍ਰਿਤ ਨੂੰ ਗੁਟਕੇ ਲੈ ਕੇ ਜਾਂਦੇ ਦੇਖਿਆ ਗਿਆ ਸੀ।
ਇਸ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਦੇ ਫ਼ੂਲ ਥਾਣਾ ਵਿੱਚ ਉਨ੍ਹਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ।
ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ
ਪਿੰਡ ਦੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਕਰਨੈਲ ਸਿੰਘ ਨੇ ਕਿਹਾ ਕਿ ਅੰਮ੍ਰਿਤ ਗਿੱਲ ਦੇ ਪਰਿਵਾਰ ਨੇ ਆਪਣੇ ਪੁੱਤਰ ਦੀ ਜ਼ੁਰਮ ਲਈ ਕਦੇ ਵੀ ਗੁਰਦੁਆਰਾ ਸਾਹਿਬ ਵਿੱਚ ਮੁਆਫੀ ਨਹੀਂ ਮੰਗੀ।
ਅਸੀਂ ਬੇਅਦਬੀ ਦੀ ਘਟਨਾ ਤੋਂ 3 ਮਹੀਨੇ ਬਾਅਦ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਸਮਾਜਿਕ ਬਾਈਕਾਟ ਦਾ ਮਤਾ ਪਾਸ ਕੀਤਾ ਸੀ।
ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦੇ ਬੱਚਿਆਂ ਨੂੰ ਪਿੰਡ ਦੇ ਗੁਰਦੁਆਰੇ ਜਾਣ ''ਤੇ ਕਦੇ ਪਾਬੰਦੀ ਨਹੀਂ ਲਗਾਈ।
ਪਰ ਗੁਰਦੁਆਰੇ ਦਾ ਮੰਨਣਾ ਹੈ ਕਿ, “ਬਲਜਿੰਦਰ ਸਿੰਘ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ''ਤੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਜੇਕਰ ਸ੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਨੂੰ ਮੁਆਫ਼ ਕਰ ਦੇਵੇ ਤਾਂ ਸਾਨੂੰ ਉਨ੍ਹਾਂ ਦੇ ਗੁਰਦੁਆਰੇ ਜਾਣ ਨਾਲ ਕੋਈ ਮਸਲਾ ਨਹੀਂ ਹੈ।”
ਪੁਲਿਸ ਨੂੰ ਗ੍ਰਹਿ ਵਿਭਾਗ ਤੋਂ ਮਨਜ਼ੂਰੀ ਦੀ ਉਡੀਕ
ਪੁਲਿਸ ਨੂੰ ਅੰਮ੍ਰਿਤ ਗਿੱਲ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਗ੍ਰਹਿ ਵਿਭਾਗ ਦੀ ਲੋੜ ਹੈ।
ਨਿਯਮਾਂ ਮੁਤਾਬਕ ਪੁਲਿਸ ਨੂੰ ਭਾਰਤੀ ਦੰਡਾਵਲੀ ਦੀ ਧਾਰਾ 295-ਏ (ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ) ਤਹਿਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਚਲਾਉਣ ਲਈ ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਤੋਂ ਪ੍ਰਵਾਨਗੀ ਲੈਣਾ ਪੈਂਦੀ ਹੈ। ਅਤੇ ਇਸ ਮਾਮਲੇ ਵਿੱਚ ਇਹ ਇਜਾਜ਼ਤ ਹਾਲੇ ਨਹੀਂ ਮਿਲੀ ਹੈ।
ਫੂਲ ਸਟੇਸ਼ਨ ਦੇ ਐੱਸਐੱਚਓ ਜਸਵੀਰ ਸਿੰਘ ਨੇ ਦੱਸਿਆ ਕਿ ਬੇਅਦਬੀ ਦੇ ਮਾਮਲੇ ਵਿੱਚ ਮੁਲਜ਼ਮ ਅੰਮ੍ਰਿਤ ਗਿੱਲ ਖ਼ਿਲਾਫ਼ ਚਲਾਨ ਪੇਸ਼ ਕਰ ਦਿੱਤਾ ਗਿਆ ਹੈ।
“ਪਰ ਧਾਰਾ 295ਏ ਲਾਉਣ ਦੀ ਮਨਜ਼ੂਰੀ ਆਉਣੀ ਅਜੇ ਬਾਕੀ ਹੈ।”
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

ਸਤਲੁਜ ਦੇ ਪਾਣੀਆਂ ’ਚ ਮਿਲੀ ਇੱਕ ਕੀਮਤੀ ਧਾਤ, ਜਾਣੋ ਇਸ ਦੇ ਕੀ ਫ਼ਾਇਦੇ ਹਨ
NEXT STORY