ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੂੰ ਮਿਲੀ ਇੱਕ ਹੋਰ ਧਮਕੀ ਕਾਰਨ ਉਨ੍ਹਾਂ ਨੂੰ ਦਿੱਤੀ ਸੁਰੱਖਿਆ ਦਾ ਰਿਵੀਊ ਕੀਤਾ ਗਿਆ ਹੈ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਮੁੰਬਈ ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਇਸ ਤੋਂ ਇਲਾਵਾ ਮੁੰਬਈ ਪੁਲਿਸ ਨੇ ਬੁੱਧਵਾਰ ਨੂੰ ਕਿਹਾ ਕਿ ਇਸ ਵਾਰ ਧਮਕੀ ਫੇਸਬੁਕ ਪੋਸਟ ਰਾਹੀਂ ਮਿਲੀ ਹੈ।
ਫਿਲਹਾਲ, ਸਲਮਾਨ ਖ਼ਾਨ ਕੋਲ ਵਾਈ ਪਲੱਸ ਸੁਰੱਖਿਆ ਹੈ।
ਮੁੰਬਈ ਪੁਲਿਸ ਮੁਤਾਬਕ, "ਬੌਲੀਵੁੱਡ ਅਦਾਕਰ ਸਲਮਾਨ ਖ਼ਾਨ ਨੂੰ ਇੱਕ ਫੇਸਬੁੱਕ ਪੋਸਟ ਰਾਹੀਂ ਧਮਕੀ ਮਿਲਣ ਮਗਰੋਂ ਉਨ੍ਹਾਂ ਦੀ ਸੁਰੱਖਿਆ ਦਾ ਨਿਰੀਖਣ ਕੀਤਾ ਗਿਆ ਹੈ।"
ਖ਼ਬਰ ਏਜੰਸੀ ਮੁਤਾਬਕ, ਪੁਲਿਸ ਨੇ ਦੱਸਿਆ ਕਿ ਐਤਵਾਰ ਨੂੰ ਸਲਮਾਨ ਖ਼ਾਨ ਨੂੰ ਧਮਕੀ ਵਾਲੀ ਪੋਸਟ ਜਿਸ ਅਕਾਊਂਟ ਤੋਂ ਸਾਂਝੀ ਕੀਤੀ ਗਈ ਸੀ, ਉਹ ਲਾਰੈਂਸ ਬਿਸ਼ਨੋਈ ਦੇ ਨਾਮ ਨਾਲ ਬਣਿਆ ਹੈ।
ਇਸ ਤੋਂ ਪਹਿਲਾਂ ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਦੇ ਕੈਨੇਡਾ ਵਿਚਲੇ ਘਰ ਉੱਤੇ ਹਮਲਾ ਹੋਣ ਦੀ ਖ਼ਬਰ ਹੈ।
ਗਿੱਪੀ ਗਰੇਵਾਲ ਦੇ ਇੱਕ ਕਰੀਬੀ ਨੇ ਬੀਬੀਸੀ ਪੰਜਾਬੀ ਨੂੰ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹਮਲਾ ਉਨ੍ਹਾਂ ਦੇ ਕੈਨੇਡਾ ਵਿੱਚ ਘਰ ਅਤੇ ਗੱਡੀ ਉੱਤੇ ਹੋਇਆ ਹੈ। ਹਮਲਾ ਜਿਸ ਵੇਲੇ ਹੋਇਆ, ਉਸ ਵੇਲੇ ਗਿੱਪੀ ਗਰੇਵਾਲ ਘਰ ਵਿੱਚ ਮੌਜੂਦ ਨਹੀਂ ਸੀ।
ਪੁਲਿਸ ਨੂੰ ਇਸ ਹਮਲੇ ਦੀ ਜਾਣਕਾਰੀ ਦੇ ਦਿੱਤੀ ਗਈ ਸੀ ਤੇ ਪੁਲਿਸ ਵੱਲੋਂ ਕੋਈ ਅਧਿਕਾਰਤ ਬਿਆਨ ਇਸ ਮਾਮਲੇ ਵਿੱਚ ਨਹੀਂ ਆਇਆ ਹੈ।
ਇਹ ਪੋਸਟ ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੂੰ ਸਿੱਧੀ ਸੰਬੋਧਿਤ ਸੀ, ਜਿਸ ਵਿੱਚ ਲਿਖਿਆ ਗਿਆ ਸੀ, "ਤੂੰ ਸਲਮਾਨ ਖ਼ਾਨ ਨੂੰ ਭਰਾ ਕਹਿੰਦਾ ਹੈ ਪਰ ਹੁਣ ਵੇਲਾ ਆ ਗਿਆ ਹੈ ''ਭਰਾ'' ਤੈਨੂੰ ਬਚਾਉਣ ਲਈ ਆਵੇ।"
"ਇਹ ਸੰਦੇਸ਼ ਸਲਮਾਨ ਖ਼ਾਨ ਲਈ ਵੀ ਹੈ, ਕਿ ਇਸ ਭੁਲੇਖੇ ''ਚ ਨਾ ਰਹਿਣਾ ਕਿ ਦਾਊਦ ਤੈਨੂੰ ਬਚਾ ਲਵੇਗਾ, ਤੈਨੂੰ ਕੋਈ ਨਹੀਂ ਬਚਾ ਸਕਦਾ। ਸਿੱਧੂ ਮੂਸੇਵਾਲਾ ਦੀ ਮੌਤ ''ਤੇ ਤੇਰੀ ਨਾਟਕੀ ਪ੍ਰਤੀਕਿਰਿਆ ਵੱਲ ਕਿਸੇ ਦਾ ਧਿਆਨ ਨਹੀਂ ਗਿਆ।"
"ਅਸੀਂ ਸਾਰੇ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਬੰਦਾ ਸੀ ਅਤੇ ਉਸ ਦੇ ਅਪਰਾਧਿਕ ਸਬੰਧ ਕੀ ਸਨ। ਹੁਣ ਤੂੰ ਸਾਡੇ ਰਾਡਾਰ ''ਤੇ ਹੈ। ਇਸ ਨੂੰ ਇੱਕ ਟ੍ਰੇਲਰ ਸਮਝੋ; ਪੂਰੀ ਫਿਲਮ ਜਲਦੀ ਹੀ ਰਿਲੀਜ਼ ਕੀਤੀ ਜਾਵੇਗੀ।"
"ਤੂੰ ਭਾਵੇਂ ਕਿਸੇ ਵੀ ਦੇਸ਼ ''ਚ ਭੱਜ ਜਾ, ਪਰ ਯਾਦ ਰੱਖੀ, ਮੌਤ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ, ਇਹ ਬਿਨਾਂ ਬੁਲਾਏ ਆਉਂਦੀ ਹੈ।"
ਦਰਅਸਲ, ਸਲਮਾਨ ਨੂੰ ਲੰਬੇ ਸਮੇਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਸਲਮਾਨ ਖ਼ਾਨ ਵੀ ਮੀਡੀਆ ਦੇ ਸਾਹਮਣੇ ਇਹ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਧਮਕੀਆਂ ਮਿਲੀਆਂ ਹਨ ਜਿਸ ਕਰਕੇ ਸੁਰੱਖਿਆ ਨੂੰ ਵਧਾਇਆ ਗਿਆ ਹੈ।
ਲਾਰੈਂਸ ਬਿਸ਼ਨੋਈ ਕੌਣ ਹੈ?
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਦੀ ਰਿਪੋਰਟ ਮੁਤਾਬਕ ਪੁਲਿਸ ਵੱਲੋਂ ਇੱਕ ਗੁਪਤ ਦਸਤਾਵੇਜ਼ ਤਿਆਰ ਕੀਤਾ ਗਿਆ ਜਿਸ ਦੀ ਇੱਕ ਕਾਪੀ ਬੀਬੀਸੀ ਪੰਜਾਬੀ ਕੋਲ ਹੈ। ਉਸ ਵਿੱਚ ਕਿਹਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਪੰਜਾਬ ਦੇ ਅਬੋਹਰ ਨਾਲ ਸਬੰਧਤ ਹੈ।
ਲਾਰੈਂਸ ਬਿਸ਼ਨੋਈ ''ਤੇ ਕਤਲ, ਲੁੱਟ ਅਤੇ ਮਾਰ-ਕੁੱਟ ਸਣੇ ਕਈ ਮਾਮਲਿਆਂ ਦੇ ਇਲਜ਼ਾਮ ਹਨ।
ਬਿਸ਼ਨੋਈ ਖ਼ਿਲਾਫ਼ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿਖੇ ਕਈ ਮਾਮਲੇ ਦਰਜ ਹਨ।
ਇੰਨੀਂ ਦਿਨੀਂ ਲਾਰੈਂਸ ਬਿਸ਼ਨੋਈ ਪੰਜਾਬ ਦੇ ਬਠਿੰਡਾ ਜੇਲ੍ਹ ਵਿੱਚ ਹੈ।
ਉਹ ਲਾਅ ਗਰੈਜੂਏਟ ਹੈ ਅਤੇ ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਆਪਣੀ ਡਿਗਰੀ ਪੂਰੀ ਕੀਤੀ ਹੈ। ਉਸ ਨੇ ਵਿਦਿਆਰਥੀ ਚੋਣਾਂ ਲੜੀਆਂ ਸਨ ਅਤੇ ਚੋਣਾਂ ਦੌਰਾਨ ਉਸ ਨੇ ਚੰਡੀਗੜ੍ਹ ਦੇ ਸੈਕਟਰ 11 ਵਿੱਚ ਇੱਕ ਉਦੇ ਵੜਿੰਗ ''ਤੇ ਕਥਿਤ ਤੌਰ ''ਤੇ ਗੋਲੀ ਚਲਾ ਦਿੱਤੀ ਸੀ।
ਇਸ ਤੋਂ ਬਾਅਦ ਉਹ ਫਿਰੌਤੀ, ਗੈਂਗ ਵਾਰ, ਨਸ਼ਾ ਤਸਕਰੀ ਦੇ ਕਈ ਮਾਮਲਿਆਂ ਵਿੱਚ ਸ਼ਾਮਲ ਰਿਹਾ ਅਤੇ 2009 ਵਿੱਚ ਉਹ ਹਿਰਾਸਤ ਵਿੱਚੋਂ ਵੀ ਫ਼ਰਾਰ ਹੋ ਗਿਆ। ਕੁਝ ਸਮਾਂ ਉਹ ਰਾਜਸਥਾਨ ਦੀ ਭਰਤਪੁਰ ਜੇਲ੍ਹ ਵਿੱਚ ਬੰਦ ਰਿਹਾ ਤੇ ਹੁਣ ਤਿਹਾੜ ਵਿਚ ਹੈ।
ਅੱਗੇ ਲਿਖਿਆ ਗਿਆ ਹੈ ਕਿ ਉਹ ''ਏ'' ਸ਼੍ਰੇਣੀ ਦਾ ਗੈਂਗਸਟਰ ਹੈ, ਪੰਜਾਬ ਪੁਲਿਸ ਨੇ ਗੈਂਗਸਟਰਾਂ ਦੀ ਸ਼੍ਰੇਣੀ ਬਣਾਈ ਹੋਈ ਹੈ ਤੇ ''ਏ'' ਸ਼੍ਰੇਣੀ ਦਾ ਮਤਲਬ ਹੈ ਕਿ ਜੋ ਜ਼ਿਆਦਾ ਸੰਗੀਨ ਅਪਰਾਧਾਂ ਵਿੱਚ ਕਥਿਤ ਤੌਰ ''ਤੇ ਸ਼ਾਮਲ ਹਨ।
ਕਿੰਨੇ ਕਿਸਮ ਦੀ ਸੁਰੱਖਿਆ?
ਭਾਰਤ ਵਿੱਚ ਸਿਆਸੀ ਆਗੂਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਨੂੰ ਆਮ ਤੌਰ ''ਤੇ ਜ਼ੈੱਡ ਪਲੱਸ, ਜ਼ੈੱਡ, ਵਾਈ ਅਤੇ ਐਕਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ।
ਇਨ੍ਹਾਂ ਵਿਚੋਂ ਕੇਂਦਰੀ ਮੰਤਰੀ, ਮੁੱਖ ਮੰਤਰੀ, ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਜੱਜ, ਮਸ਼ਹੂਰ ਨੇਤਾ ਅਤੇ ਸੀਨੀਅਰ ਅਧਿਕਾਰੀ ਸ਼ਾਮਿਲ ਹੁੰਦੇ ਹਨ।
ਫਿਲਹਾਲ ਭਾਰਤ ਵਿੱਚ 440 ਤੋਂ ਵੱਧ ਲੋਕਾਂ ਨੂੰ ਇਸ ਤਰ੍ਹਾਂ ਦੀ ਸੁਰੱਖਿਆ ਮਿਲੀ ਹੋਈ ਹੈ।
ਭਾਰਤ ਵਿੱਚ ਨੇਤਾਵਾਂ ਜਾਂ ਵੱਡੀਆਂ ਸ਼ਖ਼ਸੀਅਤਾਂ ਨੂੰ ਆਮ ਤੌਰ ''ਤੇ ਜ਼ੈੱਡ ਪਲੱਸ, ਜ਼ੈੱਡ, ਵਾਈ ਅਤੇ ਐਕਸ ਸ਼੍ਰੇਣੀ ਦੀ ਸੁਰੱਖਿਆ ਪ੍ਰਦਾਨ ਕੀਤੀ ਜਾਂਦੀ ਹੈ
ਜ਼ੈੱਡ ਪਲੱਸ ਸੁਰੱਖਿਆ ਹੁੰਦੀ ਕੀ ਹੈ?
ਭਾਰਤ ਸਰਕਾਰ ਵੱਲੋਂ ਮੁਹੱਈਆ ਕੀਤੀ ਜਾਣ ਵਾਲੀ ਸਾਰੇ ਪ੍ਰਕਾਰ ਦੀਆਂ ਸੁਰੱਖਿਆਵਾਂ ਵਿੱਚ ਸਪੈਸ਼ਲ ਪ੍ਰੋਟੈਕਸ਼ਨ ਗਰੁੱਪ (ਐੱਸਪੀਜੀ), ਨੈਸ਼ਨਲ ਸਿਕਿਓਰਿਟੀ ਗਾਰਡਸ (ਐੱਨਐੱਸਜੀ), ਇੰਡੀਅਨ-ਤਿੱਬਤ ਬਾਰਡਰ ਪੁਲਿਸ (ਆਈਟੀਬੀਪੀ) ਅਤੇ ਸੈਂਟ੍ਰਲ ਰਿਜਰਵ ਪੁਲਿਸ ਫੋਰਸ (ਸੀਆਰਪੀਐੱਫ) ਏਜੰਸੀਆਂ ਸ਼ਾਮਲ ਹੁੰਦੀਆਂ ਹਨ।
ਜ਼ੈੱਡ ਪਲੱਸ ਸ਼੍ਰੇਣੀ ਦੀ ਸੁਰੱਖਿਆ ਦੇਸ਼ ਦੀ ਸਭ ਤੋਂ ਸਖ਼ਤ ਸੁਰੱਖਿਆ ਵਿਵਸਥਾ ਹੈ। ਇਹ ਵੀਵੀਆਈਪੀ ਸ਼੍ਰੇਣੀ ਦੀ ਸੁਰੱਖਿਆ ਮੰਨੀ ਜਾਂਦੀ ਹੈ।
ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ 36 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ। ਇਨ੍ਹਾਂ ਵਿੱਚ ਐੱਨਐੱਸਜੀ ਅਤੇ ਐੱਸਪੀਜੀ ਦੇ ਕਮਾਂਡੋ ਸ਼ਾਮਲ ਰਹਿੰਦੇ ਹਨ।
ਇਸ ਸੁਰੱਖਿਆ ਵਿੱਚ ਪਹਿਲੇ ਘੇਰੇ ਦੀ ਜ਼ਿੰਮੇਵਾਰੀ ਐੱਨਐੱਸਜੀ ਦੀ ਹੁੰਦੀ ਹੈ ਜਦਕਿ ਦੂਜੀ ਪਰਤ ਐੱਸਪੀਜੀ ਕਮਾਂਡੋ ਦੀ ਹੁੰਦੀ ਹੈ।
ਇਸ ਤੋਂ ਇਲਾਵਾ ਆਈਟੀਬੀਪੀ ਅਤੇ ਸੀਆਰਪੀਐੱਫ ਦੇ ਜਵਾਨ ਵੀ ਜ਼ੈੱਡ ਪਲੱਸ ਸੁਰੱਖਿਆ ਸ਼੍ਰੇਣੀ ਵਿੱਚ ਸ਼ਾਮਲ ਰਹਿੰਦੇ ਹਨ।
ਸੰਕੇਤਕ ਤਸਵੀਰ
ਜ਼ੈੱਡ ਅਤੇ ਵਾਈ ਸ਼੍ਰੇਣੀ ?
ਜ਼ੈੱਡ ਸ਼੍ਰੇਣੀ ਦੀ ਸੁਰੱਖਿਆ ਵਿੱਚ ਸੁਰੱਖਿਆ ਕਰਮੀਆਂ ਦੀ ਗਿਣਤੀ 22 ਹੁੰਦੀ ਹੈ। ਇਸ ਸ਼੍ਰੇਣੀ ਵਿੱਚ ਆਈਟੀਬੀਪੀ (ਇੰਡੋ-ਤਿੱਬਤਨ ਬਾਰਡਰ ਪੁਲਿਸ ) ਅਤੇ ਸੀਆਰਪੀਐੱਫ (ਕੇਂਦਰੀ ਰਿਜ਼ਰਵ ਪੁਲਿਸ ਬਲ) ਦੇ ਜਵਾਨ ਅਤੇ ਅਧਿਕਾਰੀ ਸੁਰੱਖਿਆ ਵਿੱਚ ਲਗਾਏ ਜਾਂਦੇ ਹਨ।
ਇਸ ਸ਼੍ਰੇਣੀ ਦੀ ਸੁਰੱਖਿਆ ਵਿੱਚ ਐੱਸਕਾਰਟ ਅਤੇ ਪਾਇਲਟ ਵਾਹਨ ਵੀ ਦਿੱਤੇ ਜਾਂਦੇ ਹਨ।
ਵਾਈ ਸ਼੍ਰੇਣੀ ਵਿੱਚ ਇਹ ਗਿਣਤੀ ਘਟ ਕੇ 11 ਹੋ ਜਾਂਦੀ ਹੈ। ਜਿਨ੍ਹਾਂ ਵਿੱਚ ਦੋ ਪਰਸਨਲ ਸਿਕਿਓਰਿਟੀ ਆਫੀਸਰਸ (ਪੀਐੱਸਓ) ਸ਼ਾਮਲ ਹੁੰਦੇ ਹਨ।
ਵਾਈ-ਪਲੱਸ ਸ਼੍ਰੇਣੀ ਵਿੱਚ ਇੱਕ ਐਸਕਾਰਟ ਵਾਹਨ ਅਤੇ ਨਿੱਜੀ ਸੁਰੱਖਿਆ ਕਰਮੀ ਤੋਂ ਇਲਾਵਾ ਆਵਾਸ ''ਤੇ ਇੱਕ ਗਾਰਡ ਕਮਾਂਡਰ ਅਤੇ ਚਾਰ ਗਾਰਡ ਤਾਇਨਾਤ ਰਹਿੰਦੇ ਹਨ।
ਇਨ੍ਹਾਂ ਗਾਰਡਾਂ ਵਿੱਚ ਇੱਕ ਸਬ-ਇੰਸਪੈਕਟਰ ਰੈਂਕ ਦਾ ਅਧਿਕਾਰੀ ਹੁੰਦਾ ਹੈ ਜਦਕਿ ਤਿੰਨ ਹੋਰਨਾਂ ਸੁਰੱਖਿਆ ਮੁਲਾਜ਼ਮਾਂ ਕੋਲ ਸਵੈਚਾਲਿਤ ਹਥਿਆਰ ਹੁੰਦੇ ਹਨ।
ਐਕਸ ਕੈਟਗਰੀ ਵਿੱਚ 2 ਸੁਰੱਖਿਆ ਕਰਮੀ ਤਾਇਨਾਤ ਹੁੰਦੇ ਹਨ, ਜਿਨ੍ਹਾਂ ਵਿੱਚ ਇੱਕ ਪੀਐੱਸਓ ਸ਼ਾਮਲ ਹੁੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)

‘ਪਿੰਡ ਦੇ ਗੁਰਦੁਆਰੇ ’ਚ ਭੈਣ ਦਾ ਅਨੰਦ ਕਾਰਜ ਕਰਨ ਦੀ ਇਜਾਜ਼ਤ ਵੀ ਨਹੀਂ ਮਿਲੀ’ - ਸਮਾਜਿਕ ਬਾਈਕਾਟ ਝੱਲਦਾ...
NEXT STORY