ਲਲਿਤ ਝਾਅ ਦੀ ਤਸਵੀਰ
ਸੰਸਦ ਵਿੱਚ ਬੁੱਧਵਾਰ ਨੂੰ ਚਾਰ ਮੁਜ਼ਾਹਰਾਕਾਰੀਆਂ ਨੇ ਸਦਨ ਦੇ ਅੰਦਰ ਅਤੇ ਬਾਹਰ ‘ਰੰਗਦਾਰ ਧੂਆਂ’ ਛੱਡਿਆ ਅਤੇ ਨਾਅਰੇਬਾਜ਼ੀ ਕੀਤੀ।
ਇਸ ਘਟਨਾ ਦਾ ''ਮਾਸਟਰਮਾਈਂਡ'' ਲਲਿਤ ਝਾਅ ਨੁੰ ਦੱਸਿਆ ਜਾ ਰਿਹਾ ਹੈ।
ਲਲਿਤ ਝਾਅ ਨੇ ਵੀਰਵਾਰ ਨੂੰ ਪੁਲਿਸ ਥਾਣੇ ਜਾ ਕੇ ਆਤਮ ਸਮਰਪਣ ਕਰ ਦਿੱਤਾ ਸੀ।
ਇਸ ਮਾਮਲੇ ਵਿੱਚ ਇਹ 6ਵੀਂ ਗ੍ਰਿਫ਼ਤਾਰੀ ਹੈ ਅਤੇ ਹਾਲੇ ਤੱਕ ਕੁੱਲ ਸੱਤ ਲੋਕਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।
ਬੁੱਧਵਾਰ ਨੂੰ ਜਦੋਂ ਲੋਕਸਭਾ ਵਿੱਚ ''ਜ਼ੀਰੋ ਆਰ'' ਚੱਲ ਰਿਹਾ ਸੀ ਤਾਂ ਵਿਜ਼ਿਟਰ ਗੈਲਰੀ ਵਿੱਚੋਂ ਦੋ ਵਿਅਕਤੀਆ ਨੇ ਸੰਸਦ ਦੇ ਹਾਲ ਵਿੱਚ ਛਾਲ ਮਾਰੀ ਅਤੇ ਇੱਕ ਛੋਟੇ ਕੈਨਿਸਟਰ ਤੋਂ ਪੀਲੇ ਰੰਗ ਦਾ ਧੂਆਂ ਛੱਡਣ ਲੱਗੇ ।
ਉਸੇ ਵੇਲੇ ਸਦਨ ਦੇ ਬਾਹਰ ਅਮੋਲ ਸ਼ਿੰਦੇ ਅਤੇ ਨੀਲਮ ਨਾਂਅ ਦੇ ਦੋ ਮੁਜ਼ਾਹਰਾਕਾਰੀਆਂ ਨੇ ਲਗਭਗ ਅਜਿਹੀ ਹੀ ਹਰਕਤ ਕੀਤੀ।
ਇਨ੍ਹਾਂ ਚਾਰਾ ਨੂੰ ਤਾਂ ਪੁਲਿਸ ਨੇ ਮੌਕੇ ‘ਤੇ ਹੀ ਫੜ ਲਿਆ ਪਰ ਇਸ ਸਾਜਿਸ਼ ਦੇ ''ਮਾਸਟਰਮਾਈਂਡ'' ਦੱਸੇ ਜਾ ਰਹੇ ਲਲਿਤ ਝਾਅ ਦੀ ਗ੍ਰਿਫ਼ਤਾਰੀ ਵੀਰਵਾਰ ਨੂੰ ਦੇਰ ਰਾਤ ਨੂੰ ਹੋਈ।
ਪੁਲਿਸ ਦਾ ਕਹਿਣਾ ਹੈ ਕਿ ਲਲਿਤ ਝਾਅ ਆਜ਼ਾਦੀ ਘੁਲਾਟੀਏ ਭਗਤ ਸਿੰਘ ਤੋਂ ਪ੍ਰੇਰਿਤ ਸਨ।
ਲਲਿਤ ‘ਨੀਲਾਕਸ਼ ਅਇਚ’ ਨਾਂਅ ਦੀ ਗੈਰ ਸਰਕਾਰੀ ਸੰਸਥਾ ਵਿੱਚ ਜਨਰਲ ਸਕੱਤਰ ਹਨ।
ਜਦੋਂ ਬੁੱਧਵਾਰ ਨੂੰ ਮੁਜ਼ਾਹਰਾਕਾਰੀਆਂ ਨੇ ਸੰਸਦ ਸਦਨ ਵਿੱਚ ਰੰਗਦਾਰ ਧੂਆਂਂ ਛੱਡਿਆ ਤਾਂ ਲਲਿਤ ਨੇ ਇਸਦਾ ਵੀਡੀਓ ਬਣਾਇਆ ਅਤੇ ਇਸ ਨੂੰ ਗੈਰ ਸਰਕਾਰੀ ਸੰਸਥਾ ਨੂੰ ਭੇਜਦੇ ਹੋਏ ਸੁਨੇਹੇ ਵਿੱਚ ਦੱਸਿਆ ਕਿ “ਉਹ ਲੋਕ ਸੁਰੱਖਿਅਤ ਹਨ।”
ਇਸ ਘਟਨਾ ਨੂੰ ਸੰਸਦ ਦੀ ਸੁਰੱਖਿਆ ਵਿੱਚ ਕੁਤਾਹੀ ਦੱਸਿਆ ਜਾ ਰਿਹਾ ਹੈ।
''ਇੱਕ ਅਧਿਆਪਕ ਜੋ ਸ਼ਾਂਤ ਸੁਭਾਅ ਦਾ ਸੀ''
ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦੇ ਹੋਏ ਲਲਿਤ ਝਾਅ ਦੇ ਪੁਰਾਣੇ ਗੁਆਂਢੀਆਂ ਨੇ ਦੱਸਿਆ ਕਿ ਉਹ ਕੋਲਕਾਤਾ ਦੇ ਬੜਾ ਬਜ਼ਾਰ ਇਲਾਕੇ ਵਿੱਚ ਸਥਾਨਕ ਬੱਚਿਆਂ ਨੂੰ ਪੜ੍ਹਾਇਆ ਕਰਦੇ ਸੀ।
ਗੁਆਂਢੀਆਂ ਨੇ ਦੱਸਿਆ, “ਝਾਅ ਸ਼ਾਂਤ ਸੁਭਾਅ ਦੇ ਵਿਅਕਤੀ ਸਨ ਅਤੇ ਆਪਣੇ ਕੰਮ ਨਾਲ ਕੰਮ ਰੱਖਦੇ ਸਨ, ਦੋ ਸਾਲ ਪਹਿਲਾਂ ਹੀ ਉਨ੍ਹਾਂ ਨੇ ਇਹ ਇਲਾਕਾ ਛੱਡ ਦਿੱਤਾ ਸੀ।”
ਉਨ੍ਹਾਂ ਦੇ ਇੱਕ ਗੁਆਂਢੀ ਨੇ ਕਿਹਾ, “ਉਨ੍ਹਾਂ ਨੂੰ ਅਸੀਂ ਅਧਿਆਪਕ ਵਾਂਗ ਜਾਣਦੇ ਸੀ, ਕੁਝ ਸਾਲ ਪਹਿਲਾਂ ਉਹ ਇਸ ਇਲਾਕੇ ਵਿੱਚ ਆਏ ਸੀ ਅਤੇ ਇਕੱਲੇ ਹੀ ਰਹਿੰਦੇ ਸੀ। ਉਹ ਲੋਕਾਂ ਨਾਲ ਬਹੁਤ ਘੱਟ ਗੱਲ ਕਰਦੇ ਸੀ।”
“ਕਦੇ ਕਦੇ ਸਾਡੀ ਦੁਕਾਨ ਉੱਤੇ ਚਾਹ ਪੀਣ ਆਉਂਦੇ ਸੀ, ਉਹ ਬਹੁਤ ਲੋਅ ਪ੍ਰੋਫਾਈਲ ਰਹਿੰਦੇ ਸੀ, ਇੱਕ ਦਿਨ ਅਚਾਨਕ ਉਹ ਇੱਥੋਂ ਚਲੇ ਗਏ ਅਤੇ ਫਿਰ ਕਦੇ ਵਾਪਸ ਨਹੀਂ ਆਏ।”
ਉਨ੍ਹਾਂ ਦੇ ਇੱਕ ਹੋਰ ਗੁਆਂਢੀ ਨੇ ਪੀਟੀਆਈ ਨੂੰ ਦੱਸਿਆ ਕਿ ਲਲਿਤ ਝਾਅ ਦੇ ਪਿਤਾ ਉਸ ਇਲਾਕੇ ਵਿੱਚ ਪਹਿਰੇਦਾਰ ਵਜੋਂ ਨੌਕਰੀ ਕਰਦੇ ਸੀ।
ਲਲਿਤ ਦੋ ਸਾਲ ਪਹਿਲਾਂ ਉੱਤਰ 24 ਪਰਗਨਾ ਦੇ ਬਾਗੁਈਆਟੀ ਚਲੇ ਗਏ ਸੀ।
ਇਸ ਮਾਮਲੇ ਦਾ ਇੱਕ ਮੁਲਜ਼ਮ
ਆਤਮ ਸਮਰਪਣ ਤੋਂ ਪਹਿਲਾਂ ਮਿਟਾਏ ਤਕਨੀਕੀ ਸਬੂਤ
ਇਸ ਮਾਮਲੇ ਵਿੱਚ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ।
''ਇੰਡੀਅਨ ਐਕਸਪ੍ਰੈੱਸ'' ਦੇ ਮੁਤਾਬਕ ਆਤਮ ਸਮਰਪਣ ਕਰਨ ਤੋਂ ਪਹਿਲਾਂ ਵੀਰਵਾਰ ਦੀ ਸਵੇਰ ਨੂੰ ਲਲਿਤ ਝਾਅ ਨੇ ਸਭ ਤਰ੍ਹਾਂ ਦੇ ਤਕਨੀਕੀ ਸਬੂਤ ਮਿਟਾ ਦਿੱਤੇ ਸਨ।
ਜਦੋਂ ਪੁਲਿਸ ਨੇ ਸੰਸਦ ਦੀ ਇਮਾਰਤ ਚੋਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਤਾਂ ਲਲਿਤ ਵੀ ਉੱਥੇ ਮੌਜੂਦ ਸਨ ਪਰ ਉਹ ਕਿਸੇ ਤਰੀਕੇ ਬਚ ਨਿਕਲੇ ।
ਅਖ਼ਬਾਰ ਨੇ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ, “ਰਾਤੀਂ ਕਰੀਬ 11:30 ਵਜੇ ਉਹ ਬੱਸ ‘ਤੇ ਰਾਜਸਥਾਨ ਦੇ ਕੁਚਾਮਨ ਸਿਟੀ ਪਹੁੰਚੇ, ਜਿੱਥੇ ਉਨ੍ਹਾਂ ਦੀ ਮੁਲਾਕਾਤ ਆਪਣੇ ਸਾਥੀ ਮਹੇਸ਼ ਨਾਲ ਹੋਈ।”
“ਮਹੇਸ਼ ਵੀ ਇਸ ਗਤੀਵਿਧੀ ਵਿੱਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਉਨ੍ਹਾਂ ਦੀ ਮਾਂ ਦੇ ਰੋਕਣ ਤੋਂ ਬਾਅਦ ਉਹ ਇਸ ਵਿੱਚ ਸ਼ਾਮਲ ਨਹੀਂ ਹੋ ਸਕੇ, ਮਹੇਸ਼ ‘ਭਗਤ ਸਿੰਘ ਫੈਨ ਪੇਜ’ ਨਾਲ ਇੱਕ ਫੇਸਬੁੱਕ ਗਰੁੱਪ ਦੇ ਜ਼ਰੀਏ ਲਲਿਤ ਝਾਅ ਅਤੇ ਹੋਰ ਲੋਕਾਂ ਨਾਲ ਜੁੜੇ ਸਨ।”
“ਜਾਂਚ ਤੋਂ ਪਤਾ ਲੱਗਾ ਕਿ ਮਹੇਸ਼ ਆਪਣੇ ਚਚੇਰੇ ਭਰਾ ਕੈਲਾਸ਼ ਦੇ ਨਾਲ ਲਲਿਤ ਝਾਅ ਨੂੰ ਇੱਕ ਢਾਬੇ ਉੱਤੇ ਲੈ ਗਏ ਤੇ ਢਾਬੇ ਦੇ ਮਾਲਿਕ ਤੋਂ ਇੱਕ ਕਮਰਾ ਲਿਆ, ਢਾਬੇ ਦਾ ਮਲਿਕ ਮਹੇਸ਼ ਨੂੰ ਜਾਣਦਾ ਸੀ ਅਤੇ ਉਸਨੇ ਉਨ੍ਹਾਂ ਨੂੰ ਇੱਕ ਕਮਰਾ ਦੇ ਦਿੱਤਾ।”
ਕਿਹਾ ਜਾ ਰਿਹਾ ਹੈ ਕਿ ਵੀਰਵਾਰ ਸਵੇਰੇ ਝਾਅ ਨੇ ਇਨ੍ਹਾਂ ਦੋਵਾਂ ਦੀ ਮਦਦ ਨਾਲ ਫੋਨ ਸਮੇਤ ਸਾਰੇ ਤਕਨੀਕੀ ਸਬੂਤ ਨਸ਼ਟ ਕਰ ਦਿੱਤੇ, ਇਸ ਤੋਂ ਬਾਅਦ ਮਹੇਸ਼ ਅਤੇ ਲਲਿਤ ਝਾਅ ਕੈਲਾਸ਼ ਨੂੰ ਇਹ ਕਹਿ ਕੇ ਨਿਕਲ ਗਏ ਕਿ ਉਹ ਆਤਮ ਸਮਰਪਣ ਕਰਨ ਜਾ ਰਹੇ ਹਨ।
ਪੁਲਿਸ ਨੇ ਕੈਲਾਸ਼ ਨੂੰ ਫੋਨ ਨੰਬਰ ਦੇ ਜ਼ਰੀਏ ਟ੍ਰੇਸ ਕਰ ਲਿਆ ਅਤੇ ਵੀਰਵਾਰ ਦੁਪਹਿਰ ਉਸ ਨੂੰ ਹਿਰਾਸਤ ਵਿੱਚ ਲੈ ਲਿਆ।
ਕੈਲਾਸ਼ ਨੇ ਪੁਲਿਸ ਨੂੰ ਦੱਸਿਆ ਕਿ ਲਲਿਤ ਝਾਅ ਅਤੇ ਮਹੇਸ਼ ਟ੍ਰੇਨ ਉੱਤੇ ਜੈਪੁਰ ਜਾਣ ਲਈ ਰਵਾਨਾ ਹੋਏ ਸਨ ਅਤੇ ਉੱਥੋਂ ਉਹ ਦਿੱਲੀ ਦੀ ਬੱਸ ਫੜਨਗੇ।
ਪੁਲਿਸ ਨੇ ਇਸ ਮਗਰੋਂ ਕਈ ਥਾਵਾਂ ਉੱਤੇ ਛਾਪੇਮਾਰੀ ਕੀਤੀ, ਹਾਲਾਂਕਿ ਕੁਝ ਦੇਰ ਬਾਅਦ ਕਰਤੱਵ ਪੱਥ ਸਟੇਸ਼ਨ ਪਹੁੰਚੇ ਅਤੇ ਆਤਮ ਸਮਰਪਣ ਕੀਤਾ।
ਕੋਰਟ ਵਿੱਚ ਕੀ ਹੋਇਆ
ਗ੍ਰਹਿ ਮੰਤਰਾਲੇ ਨੇ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਇਸ ਮਾਮਲੇ ਵਿੱਚ ਪੁਲਿਸ ਨੇ ਯੂਏਪੀਏ ਦੀਆਂ ਧਾਰਾਵਾਂ ਦੇ ਤਹਿਤ ਐੱਫਆਈਆਰ ਦਰਜ ਕੀਤੀ ਹੈ।
ਵੀਰਵਾਰ ਨੂੰ ਪਟਿਆਲਾ ਹਾਊਸ ਅਦਾਲਤ ਨੇ ਮੁਲਜ਼ਮਾਂ ਨੂੰ ਸੱਤ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜਿਆ ਹੈ।
''ਦਿ ਹਿੰਦੂ'' ਦੀ ਰਿਪੋਰਟ ਦੇ ਮੁਤਾਬਕ ਮੁਲਜ਼ਮਾਂ ਨੂੰ ਪੁਲਿਸ ਹਿਰਾਸਤ ਵਿੱਚ ਭੇਜਣ ਤੋਂ ਪਹਿਲਾਂ ਅਦਾਲਤ ਨੇ ਮੁਲਜ਼ਮਾਂ ਨੂੰ ਇੱਕ ਵਕੀਲ ਦਿੱਤਾ ਕਿਉਂਕਿ ਉਨ੍ਹਾਂ ਦੀ ਪੈਰਵੀ ਕਰਨ ਲਈ ਕੋਈ ਵਕੀਲ ਨਹੀਂ ਸੀ।
ਖ਼ਬਰ ਦੇ ਮੁਤਾਬਕ ਇਕ ਮੁਲਜ਼ਮ ਨੇ ਅਦਾਲਤ ਵਿੱਚ ਕਿਹਾ ਕਿ ਗ੍ਰਿਫ਼ਤਾਰੀ ਤੋਂ ਬਾਅਦ ਤੋਂ ਉਨ੍ਹਾਂ ਨੇ ਆਪਣੇ ਪਰਿਵਾਰ ਨਾਲ ਗੱਲ ਨਹੀਂ ਕੀਤੀ ਹੈ।
ਐਡੀਸ਼ਨਲ ਸਰਕਾਰੀ ਵਕੀਲ ਅਤੁਲ ਸ਼੍ਰੀਵਾਸਤਵ ਨੇ ਐੱਨਆਈਏ ਮਾਮਲਿਆਂ ਵਿੱਚ ਵਿਸ਼ੇਸ਼ ਜੱਜ ਹਰਦੀਪ ਕੌਰ ਨੂੰ ਦੱਸਿਆ ਕਿ ਇਹ ਕੰਮ ਇੱਕ “ਮਿੱਥੀ ਸਾਜਿਸ਼” ਦੇ ਤਹਿਤ ਕੀਤਾ ਗਿਆ। ਮੁਲਜ਼ਮ “ਆਤੰਕਵਾਦੀ ਸੰਗਠਨਾਂ” ਨਾਲ ਜੁੜੇ ਹੋ ਸਕਦੇ ਹੈ।
ਸ਼੍ਰੀਵਾਸਤਵ ਨੇ ਕੋਰਟ ਨੂੰ ਕਿਹਾ, “ਪਰਚਾ ਦੇਖੋ, ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਪੋਸਟ ਕੀਤਾ ਹੈ, ਇਸ ਵਿੱਚ ਪ੍ਰਧਾਨ ਮੰਤਰੀ ਦੀ ਤਸਵੀਰ ਹੈ, ਜਿਸ ਨੂੰ ਲਾਪਤਾ ਵਿਅਕਤੀ ਦੇ ਰੂਪ ਵਿੱਚ ਦਿਖਾਇਆ ਗਿਆ ਹੈ।
ਉਨ੍ਹਾਂ ਨੂੰ ਲੱਭਣ ਦੇ ਲਈ ਸਵਿੱਸ ਬੈਂਕ ਵਿੱਚ ਇਨਾਮ ਦੇਣ ਦਾ ਐਲਾਨ ਕੀਤਾ ਹੈ। ਇਨ੍ਹਾਂ ਲੋਕਾਂ ਨੇ ਪ੍ਰਧਾਨ ਮੰਤਰੀ ਨੂੰ “ਐਲਾਨਿਆ ਅਪਰਾਧੀ’ ਦੇ ਰੂਪ ਵਿੱਚ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ।
ਹੁਣ ਤੱਕ ਕੀ-ਕੀ ਹੋਇਆ
ਬੁੱਧਵਾਰ ਨੂੰ ਭਾਰਤੀ ਸੰਸਦ ਵਿੱਚ ਉਸ ਵੇਲੇ ਉੱਥਲ-ਪੁੱਥਲ ਮੱਚ ਕਈ ਜਦੋਂ ਮੁਜ਼ਾਹਰਾਕਾਰੀਆਂ ਨੇ ਪੀਲੇ ਰੰਗ ਦਾ ਧੂਆਂ ਫੈਲਾਉਂਦੇ ਹੋਏ ਨਾਅਰੇਬਾਜ਼ੀ ਕੀਤੀ ਸੀ।
ਇਸ ਮਾਮਲੇ ਵਿੱਚ ਪੁਲਿਸ ਨੇ ਵੀਰਵਾਰ ਤੱਕ 7 ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਨ੍ਹਾਂ ਉੱਤੇ ਕੇਸ ਸਖ਼ਤ ਅੱਤਵਾਦ ਰੋਕੂ ਕਾਨੂੰਨ ਯੂਏਪੀਏ ਦੇ ਤਹਿਤ ਦਰਜ ਕੀਤਾ ਗਿਆ ਹੈ।
ਗ੍ਰਿਫ਼ਤਾਰ ਹੋਏ ਲੋਕਾਂ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਬੇਰੋਜ਼ਗਾਰੀ ਅਤੇ ਦੇਸ ਦੇ ਹੋਰ ਸੰਕਟਾਂ ਕਾਰਨ ਪਰੇਸ਼ਾਨ ਸੀ ਅਤੇ ਇਸ ਦੇ ਵਿਰੋਧ ਵਿੱਚ ਮੁਜ਼ਾਹਰਾ ਕਰ ਰਹੇ ਸੀ।
ਗ੍ਰਹਿ ਮੰਤਰਾਲੇ ਨੇ ਵੀ ਘਟਨਾ ਦੀ ਜਾਂਚ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ।
ਇਹ ਕਮੇਟੀ ਆਪਣੀ ਰਿਪੋਰਟ ਵਿੱਚ ਇਹ ਵੀ ਦੱਸੇਗੀ ਕਿ ਸੰਸਦ ਦੀ ਸੁਰੱਖਿਆ ਵਧਾਉਣ ਦੇ ਲਈ ਕੀ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ।
ਵੀਰਵਾਰ ਨੂੰ ਸੰਸਦ ਵਿੱਚ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਜੁਆਬ ਮੰਗਣ ਅਤੇ ਹੰਗਾਮਾ ਕਰਨ ਦੇ ਇਲਜ਼ਾਮਾਂ ਤਹਿਤ 14 ਸੰਸਦ ਮੈਂਬਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ।
ਲੋਕ ਸਭਾ ਤੋਂ ਮਨਿਕਮ ਟੈਗੋਰ, ਕਨਿਮੋਝੀ, ਪਾਰ ਨਟਰਾਜਨ, ਵਾਕ ਸਾਰਿਕੰਦਰ, ਬੇਨੀ ਬਹਿਨਾਨ, ਕੇ ਸੁਬਰਾਮਨਿਅਮ, ਐੱਸ ਵੈਂਕੇਟੇਸ਼ ਅਤੇ ਮੁਹੰਮਦ ਜਾਵੇਦ ਸਮੇਤ ਕੁੱਲ 13 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਗਿਆ ਹੈ।
ਰਾਜ ਸਭਾ ਤੋਂ ਟੀਐੱਮਸੀ ਸੰਸਦ ਮੈਂਬਰ ਡੈਰੇਕ ਓ ਬ੍ਰਾਇਨ ਨੂੰ ਪੂਰੇ ਸਰਦ ਰੁੱਤ ਇਜਲਾਸ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿੱਚ ਲੋਕ ਸਭਾ ਸਕੱਤਰੇਤ ਨੇ ਵੀ ਕਾਰਵਾਈ ਕੀਤੀ ਹੈ।
ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿੱਚ 9 ਕਾਂਗਰਸ, ਦੋ ਸੀਪੀਐੱਮ, ਇੱਕ ਡੀਐੱਮਕੇ, ਇੱਕ ਸੀਪੀਆਈ ਅਤੇ ਇੱਕ ਟੀਐੱਮਸੀ ਤੋਂ ਹਨ।
ਮੁਜ਼ਾਹਰਾਕਾਰੀਆਂ ਦੇ ਪਰਿਵਾਰਕ ਮੈਂਬਰਾਂ ਨੇ ਕੀ ਕਿਹਾ
ਵਿਜ਼ਿਟਰ ਗੈਲਰੀ ਤੋਂ ਛਾਲ ਮਾਰਨ ਵਾਲੇ ਇੱਕ ਸਾਗਰ ਸ਼ਰਮਾ ਲਖਨਊ ਦੇ ਰਹਿਣ ਵਾਲੇ ਹਨ।
ਖ਼ਬਰ ਏਜੰਸੀ ਪੀਟੀਆਈ ਦੇ ਮੁਤਾਬਕ, ਸਾਗਰ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਕੁਝ ਦਿਨ ਪਹਿਲਾਂ ‘ਦਿੱਲੀ ਵਿੱਚ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣ ਲਈ ਘਰੋਂ ਨਿਕਲੇ ਸਨ।
ਪੁਲਿਸ ਮੁਤਾਬਕ ਸਾਗਰ ਦਾ ਪਰਿਵਾਰ ਮੂਲ ਰੂਪ ਵਿੱਚ ਉੱਤਰ ਪ੍ਰਦੇਸ਼ ਦੇ ਉੱਨਾਓ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਨਾਲ ਦੱਸਿਆ ਹੈ ਕਿ ਸਾਗਰ ਹਾਲ ਹੀ ਵਿੱਚ ਬੰਗਲੁਰੂ ਤੋਂ ਲਖਨਊ ਤੋਂ ਵਾਪਸ ਪਰਤਿਆ ਸੀ।
ਸਾਗਰ ਦੀ ਭੈਣ ਨੇ ਕਿਹਾ, “ਮੇਰਾ ਭਰਾ ਈ ਰਿਕਸ਼ਾ ਚਲਾਉਂਦਾ ਸੀ, ਉਹ ਪਹਿਲਾਂ ਬੰਗਲੁਰੂ ਵਿੱਚ ਕੰਮ ਕਰਦਾ ਸੀ।”
ਸਾਗਰ ਦੀ ਮਾਂ ਰਾਣੀ ਨੇ ਕਿਹਾ, “ਉਹ ਦੋ ਦਿਨ ਪਹਿਲਾਂ ਘਰੋਂ ਨਿਕਲਿਆ ਸੀ, ਉਸਨੇ ਕਿਹਾ ਸੀ ਕਿ ਉਹ ਕੁਝ ਕੰਮ ਦੇ ਲਈ ਦੋਸਤਾਂ ਦੇ ਨਾਲ ਦਿੱਲੀ ਜਾ ਰਿਹਾ ਹੈ।”
ਦਰਸ਼ਕ ਗੈਲਰੀ ਤੋਂ ਲੋਕ ਸਭਾ ਦੇ ਫਲੋਰ ਉੱਤੇ ਛਾਲ ਮਾਰਨ ਵਾਲੇ ਦੂਜੇ ਸ਼ਖ਼ਸ ਦਾ ਨਾਂਅ ਮਨੋਰੰਜਨ ਡੀ ਹੈ। ਉਹ ਭਾਜਪਾ ਸੰਸਦ ਮੈਂਬਰ ਪ੍ਰਤਾਪ ਸਿਨਹਾ ਦੇ ਇਲਾਕੇ ਮੈਸੂਰ ਤੋਂ ਹਨ।
ਛਾਲ ਮਾਰਨ ਵਾਲੇ ਲੋਕਾਂ ਵਿੱਚੋਂ ਇੱਕ ਪ੍ਰਦਰਸ਼ਨਕਾਰੀ ਕੋਲੋਂ ਜੋ ਪਾਸ ਮਿਲਿਆ ਹੈ, ਉਹ ਭਾਜਪਾ ਸੰਸਦ ਮੈਂਬਰ ਪ੍ਰਤਾਬ ਸਿਨਹਾ ਦੀ ਸਿਫ਼ਾਰਿਸ਼ ਉੱਤੇ ਜਾਰੀ ਹੋਇਆ ਸੀ।
ਸਰਸਵਤੀ, ਨੀਲਮ ਦੀ ਮਾਂ
ਬੀਬੀਸੀ ਦੇ ਸਹਿਯੋਗੀ ਪੱਤਰਕਾਰ ਇਮਰਾਨ ਕੁਰੈਸ਼ੀ ਦੇ ਮੁਤਾਬਕ ਮਨੋਰੰਜਨ ਦੇ ਪਿਤਾ ਦੇਵਰਾਜੂ ਗੌੜਾ ਨੇ ਮੈਸੂਰ ਵਿੱਚ ਆਪਣੇ ਪੁੱਤ ਦੀ ‘ਕਰਤੂਤ’ ਨੂੰ ਸਖ਼ਤ ਵਿਰੋਧ ਵਾਲੀ ਦੱਸਿਆ ਹੈ।
ਦੇਵਰਾਜੂ ਗੌੜਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੇ ਹਨ ਅਤੇ ਉਨ੍ਹਾਂ ਦੇ ਪੁੱਤਰ ਨੇ ਇੰਜੀਨਿਅਰਿੰਗ ਦੀ ਪੜ੍ਹਾਈ ਕੀਤੀ ਹੈ।
ਦੇਵਰਾਜੂ ਗੌੜਾ ਨੇ ਕਿਹਾ, “ਉਸਨੇ ਵਿਵੇਕਾਨੰਦ ਨੂੰ ਬਹੁਤ ਪੜ੍ਹਿਆ ਹੈ, ਉਹ ਸਮਾਜ ਦੇ ਲਈ ਤੇ ਗਰੀਬ ਲੋਕਾਂ ਦੇ ਲਈ ਕੁਝ ਕਰਨਾ ਚਾਹੁੰਦਾ ਸੀ।”
ਇੰਜੀਨਿਅਰਿੰਗ ਦੀ ਪੜ੍ਹਾਈ ਤੋਂ ਬਾਅਦ ਮਨੋਰੰਜਨ ਮੁਰਗੀਆਂ, ਭੇਡਾਂ ਅਤੇ ਮੱਛੀ ਪਾਲਦੇ ਸਨ।
ਪਿਤਾ ਨੇ ਦੱਸਿਆ ਕਿ ਮਨੋਰੰਜਨ ਦਿੱਲੀ ਜਾਂਦੇ ਸੀ ਪਰ ਕਦੇ ਇਹ ਨਹੀਂ ਦੱਸਿਆ ਕਿ ਉਹ ਉੱਥੇ ਕੀ ਕਰਦੇ ਹਨ।
ਨੀਲਮ ਦੀ ਮਾਂ ਸਰਸਵਤੀ ਨੇ ਏਐੱਨਆਈ ਨੂੰ ਦੱਸਿਆ ਕਿ ਉਨ੍ਹਾਂ ਦੀ ਕੁੜੀ ਨੌਕਰੀ ਨਾ ਮਿਲਣ ਕਾਰਨ ਪਰੇਸ਼ਾਨੀ ਸੀ।
ਨੀਲਮ ਦੇ ਛੋਟੇ ਭਰਾ ਨੇ ਦੱਸਿਆ ਕਿ “ਉਸਨੇ ਬੀਏ, ਐੱਮਏ, ਬੈਐਡ, ਐੱਮਐੱਡ, ਸੀਟੀਈਟੀ, ਐੱਮਫਿਲ ਅਤੇ ਨੈੱਟ ਕੁਆਲੀਫਾਈ ਕੀਤਾ ਸੀ। ਉਸਨੇ ਬੇਰੁਜ਼ਗਾਰੀ ਦਾ ਮੁੱਦਾ ਕਈ ਵਾਰੀ ਚੁੱਕਿਆ ਹੈ। ਉਹ ਕਿਸਾਨ ਅੰਦੋਲਨ ਵਿੱਚ ਵੀ ਸਰਗਰਮ ਸੀ।''''
ਨੀਲਮ ਦੀ ਮਾਂ ਸਰਸਵਤੀ ਨੇ ਏਬੀਪੀ ਨਿਊਜ਼ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਮੈਨੂੰ ਅਫ਼ਸੋਸ ਨਹੀਂ ਹੋ ਰਿਹਾ, ਨੀਲਮ ਨੇ ਜੋ ਕੀਤਾ ਉਹ ਉਸਨੇ ਆਪਣੇ ਹਿਸਾਬ ਨਾਲ ਸਹੀ ਕੀਤਾ ਹੈ, ਉਹ ਬੇਰੁਜ਼ਗਾਰ ਸੀ, ਉਹ ਭਟਕਦੀ ਘੁੰਮ ਰਹੀ ਸੀ, ਬਹੁਤ ਬੱਚੇ ਅਜਿਹੇ ਹਨ, ਜਿਹੜੇ ਬਿਨਾ ਰੋਜ਼ਗਾਰ ਤੋਂ ਭਟਕ ਰਹੇ ਹਨ। ਉਸਨੇ ਕਿਸੇ ਉੱਤੇ ਮਾਰੂ ਹਮਲਾ ਨਹੀਂ ਕੀਤਾ ਹੈ। ਉਸਨੇ ਬੇਰੁਜ਼ਗਾਰੀ ਦੇ ਹਿਸਾਬ ਨਾਲ ਕਦਮ ਚੁੱਕਿਆ ਹੈ।''''
"ਸਾਡੀ ਕੋਸ਼ਿਸ਼ ਇਹੀ ਹੈ ਕਿ ਸਰਕਾਰ ਉਨ੍ਹਾਂ ਨੂੰ ਰੋਜ਼ਗਾਰ ਦੇ ਦਵੇ ਅਤੇ ਅਸੀਂ ਮੁਆਫ਼ੀ ਮੰਗ ਲਵਾਂਗੇ। ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਸ ਨੂੰ ਰਾਜਨੀਤੀ ਨਾਲ ਬਿਨਾ ਮਤਲਬ ਦੇ ਜੋੜਿਆ ਜਾ ਰਿਹਾ ਹੈ।”
ਸੰਸਦ ਭਵਨ ਦੇ ਬਾਹਰ ਨੀਲਮ ਦੇ ਨਾਲ ਪ੍ਰਦਰਸ਼ਨ ਮੌਕੇ ਗ੍ਰਿਫ਼ਤਾਰ ਕੀਤੇ ਗਏ, ਅਮੋਲ ਸ਼ਿੰਦੇ ਮਹਰਾਸ਼ਟਰ ਦੇ ਲਾਤੂਰ ਜ਼ਿਲ੍ਹੇ ਦੇ ਰਹਿਣ ਵਾਲੇ ਹਨ।
ਪੁਲਿਸ ਦੀਆਂ ਕਈ ਟੀਮਾਂ ਉਨ੍ਹਾਂ ਦੇ ਘਰ ਦੀ ਤਲਾਸ਼ੀ ਲਈ ਉਨ੍ਹਾਂ ਦੇ ਘਰ ਪਹੁੰਚੀਆਂ।
ਬੀਬੀਸੀ ਮਰਾਠੀ ਦੇ ਅਨੁਸਾਰ, ਅਮੋਲ ਸ਼ਿੰਦੇ ਕੁਝ ਸਾਲ ਪਹਿਲਾਂ ਤੱਕ ਪੁਲਿਸ ਭਰਤੀ ਦੇ ਲਈ ਤਿਆਰੀ ਕਰ ਰਹੇ ਸੀ। ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਇਮਤਿਹਾਨ ਵਿੱਚ ਅਸਫ਼ਲ ਰਹੇ।
ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਬਾਰੇ ਕੁਝ ਵੀ ਪਤਾ ਨਹੀਂ ਹੈ ।
ਪੁਲਿਸ ਦਾ ਕਹਿਣਾ ਹੈ ਕਿ ਅਮੋਲ ਅਤੇ ਉਨ੍ਹਾਂ ਦੇ ਪਰਿਵਾਰ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਸੁਖਬੀਰ ਸਿੰਘ ਬਾਦਲ ਦੀ ਮੁਆਫ਼ੀ ’ਤੇ ਸਵਾਲ: ‘‘ਚਲਦੇ ਭਾਸ਼ਣ ’ਚ ਮੁਆਫ਼ੀ ਮੰਗਣਾ ਸਹੀ ਤਰੀਕਾ ਨਹੀਂ ਮੰਨਿਆਂ ਜਾ...
NEXT STORY