ਭਾਰਤ ਦੇ ਕੇਰਲਾ ਸੂਬੇ ਵਿੱਚ ਕੋਵਿਡ ਦਾ ਜੇਐਨ.1 ਵੇਰੀਐਂਟ ਸਾਹਮਣੇ ਆਇਆ ਹੈ (ਸੰਕੇਤਕ ਤਸਵੀਰ)
ਕੋਵਿਡ ਹੁਣ ਲੋਕਾਂ ਨੂੰ ਮੁੜ ਤੋਂ ਤੰਗ ਕਰਨ ਲੱਗ ਪਿਆ ਹੈ ਪਰ ਕਿਉਂ?
ਪਿਛਲੇ ਦਿਨੀਂ ਮੇਰੇ ਇੱਕ ਮਿੱਤਰ ਨੇ ਦੱਸਿਆ, ਉਨ੍ਹਾਂ ਨੂੰ “ਤੀਜੀ ਵਾਰ ਕੋਵਿਡ ਹੋ ਗਿਆ ਅਤੇ ਇਸ ਵਾਰ ਤਾਂ ਸਭ ਤੋਂ ਬਦਤਰ ਸੀ।”
ਉਨ੍ਹਾਂ ਨੇ ਕਿਹਾ, “ਮੈਨੂੰ ਲਗਦਾ ਸੀ ਕਿ ਜਦੋਂ ਕੋਈ ਬਿਮਾਰੀ ਵਾਰ-ਵਾਰ ਹੁੰਦੀ ਹੈ ਤਾਂ ਇਹ ਕਮਜ਼ੋਰ ਹੋ ਜਾਂਦੀ ਹੈ। ਜਦਕਿ ਕੋਵਿਡ ਨਾਲ ਅਜਿਹਾ ਨਹੀਂ ਹੋਇਆ, ਸਗੋਂ ਉਹ ਪਿਛਲੀ ਵਾਰ ਨਾਲੋਂ ਵੀ ਗੰਭੀਰ ਬਿਮਾਰ ਹੋਏ।”
ਹਾਲਾਂਕਿ ਕੋਵਿਡ ਤੋਂ ਤੰਗ ਹੋਣ ਵਾਲੇ ਉਹ ਇਕੱਲੇ ਨਹੀਂ ਹਨ। ਮੈਂ ਕਈ ਲੋਕਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੂੰ ਹਾਲ ਹੀ ਵਿੱਚ ਬਹੁਤ ਬੂਰੀ ਤਰ੍ਹਾਂ ਦਾ ਕੋਵਿਡ ਹੋਇਆ।
ਉਨ੍ਹਾਂ ਨੂੰ ਵੀ ਇੱਕ ਹਫ਼ਤਾ ਖੰਘ, ਸਿਰ ਦਰਦ ਅਤੇ ਬੁਖਾਰ ਅਤੇ ਫਿਰ ਲੰਬੀ ਕਮਜ਼ੋਰੀ ਤੇ ਥਕਾਨ ਰਹੀ ਸੀ।
ਜ਼ਿਕਰਯੋਗ ਹੈ ਕਿ ਕੋਵਿਡ ਦੇ ਕਈ ਕਿਸਮ ਦੇ ਲੱਛਣ ਦੇਖਣ ਨੂੰ ਮਿਲਦੇ ਹਨ।
ਕੋਵਿਡ ਦਾ ਟੀਕਾ ਈਜਾਦ ਹੋਣ ਤੋਂ ਪਹਿਲਾਂ ਵੀ ਕੁਝ ਲੋਕਾਂ ਨੂੰ ਕੋਵਿਡ ਦੇ ਕੁਝ ਕੁ ਲੱਛਣ ਹੀ ਦੇਖਣ ਨੂੰ ਮਿਲੇ ਸਨ ਅਤੇ ਕੁਝ ਤਾਂ ਮੰਜੇ ’ਤੇ ਪਏ ਹੀ ਨਹੀਂ, ਤੁਰੇ-ਫਿਰਦੇ ਹੀ ਠੀਕ ਵੀ ਹੋ ਗਏ।
ਸਾਡੇ ਵਿੱਚੋਂ ਕੁਝ ਲਈ ਤਾਂ ਕੋਵਿਡ ਬੱਸ ਹਲਕੇ ਜਿਹੇ ਜ਼ੁਖ਼ਾਮ ਜਿਹਾ ਸੀ ਕਿ ਸਾਨੂੰ ਕੋਵਿਡ ਟੈਸਟ ਕਰਵਾਉਣ ਦਾ ਵੀ ਖਿਆਲ ਨਹੀਂ ਆਇਆ।
ਹਾਲਾਂਕਿ ਸਾਡੀ ਬਿਮਾਰੀਆਂ ਨਾਲ ਲੜਨ ਦੀ ਪ੍ਰਣਾਲੀ (ਇਮਿਊਨਿਟੀ) ਦੇ ਵਿਗਿਆਨੀ ਸਾਵਧਾਨ ਕਰਦੇ ਹਨ ਕਿ ਅਜੇ ਵੀ ਬਹੁਤ ਸਾਰੇ ਲੋਕਾਂ ਨੂੰ ਕੋਵਿਡ ਦੀ ਲਾਗ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਰਹੀ ਹੈ।
ਕੁਝ ਸਥਿਤੀਆਂ ਵਿੱਚ ਤਾਂ ਲਾਗ ਪਿਛਲੀਆਂ ਨਾਲੋਂ ਕਿਤੇ ਗੰਭੀਰ ਹੋ ਕੇ ਸਾਨੂੰ ਕਈ ਹਫ਼ਤੇ ਮੰਜੇ ਵਿੱਚ ਪਏ ਰਹਿਣ ਲਈ ਮਜਬੂਰ ਕਰ ਸਕਦੀ ਹੈ।
ਕੋਵਿਡ ਤੇ ਸਰੀਰ ਦੀ ਲੜਾਈ ਦਾ ਫੈਸਲਾ ਕਿਵੇਂ ਹੁੰਦਾ ਹੈ?
ਕੋਵਿਡ ਦੇ ਕਈ ਕਿਸਮ ਦੇ ਲੱਛਣ ਦੇਖਣ ਨੂੰ ਮਿਲਦੇ ਹਨ
ਸਾਡੇ ਸਰੀਰ ਅਤੇ ਕੋਰੋਨਾਵਾਇਰਸ ਦੀ ਜੰਗ ਕਿੰਨੀ ਕੁ ਤੇਜ਼ੀ ਨਾਲ ਲੜੀ ਜਾਂਦੀ ਹੈ। ਇਹ ਇਸੇ ’ਤੇ ਨਿਰਭਰ ਕਰੇਗਾ ਕਿ ਕੋਰੋਨਵਾਇਰਸ ਦੇ ਸੰਪਰਕ ’ਚ ਆਉਣ ਤੋਂ ਬਾਅਦ ਸਾਡੀ ਕੀ ਕਾਰਗੁਜ਼ਾਰੀ ਰਹੇਗੀ।
ਸ਼ੁਰੂਆਤੀ ਪੜਾਅ ਅਹਿਮ ਹਨ, ਉਦੋਂ ਹੀ ਤੈਅ ਹੁੰਦਾ ਹੈ ਕਿ ਵਾਇਰਸ ਸਾਡੇ ਸਰੀਰ ਵਿੱਚ ਕਿੰਨੇ ਕੁ ਪੈਰ ਜਮਾ ਸਕੇਗਾ ਅਤੇ ਸਾਨੂੰ ਕਿੰਨਾ ਕੁ ਬਿਮਾਰ ਕਰੇਗਾ।
ਹਾਲਾਂਕਿ ਇਸ ਵਿੱਚ ਸਾਡੇ ਸਰੀਰ ਦੀ ਸ਼ਕਤੀ ਦਾ ਕਮਜ਼ੋਰ ਪੈਣਾ ਅਤੇ ਵਾਇਰਸ ਦਾ ਵਿਕਾਸ ਕਰਦੇ ਰਹਿਣ ਦੇ ਦੋ ਕਾਰਕ ਅਹਿਮ ਸਾਬਤ ਹੋ ਸਕਦੇ ਹਨ।
ਪ੍ਰੋਫੈਸਰ ਇਲੈਨੋਰ ਰੀਲੇ ਈਡਨਬਰਗ ਯੂਨੀਵਰਸਿਟੀ ਵਿੱਚ ਸਰੀਰ ਦੀ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਦੇ ਮਾਹਿਰ ਹਨ। ਉਨ੍ਹਾਂ ਨੂੰ ਖੁਦ ਬਹੁਤ ਭਿਆਨਕ ਕੋਵਿਡ ਹੋਇਆ ਹੈ, ਜੋ ਉਨ੍ਹਾਂ ਦੀ ਉਮੀਦ ਤੋਂ ਬਹੁਤ ਜ਼ਿਆਦਾ ਭਿਆਨਕ ਸੀ।
ਉਨ੍ਹਾਂ ਨੇ ਮੈਨੂੰ ਦੱਸਿਆ, “ਲੋਕਾਂ ਵਿੱਚ ਐਂਟੀਬਾਡੀਜ਼ ਦਾ ਪੱਧਰ ਸ਼ਾਇਦ ਅਜੇ ਵੀ ਪਹਿਲਾ ਟੀਕਾ ਲੱਗਣ ਤੋਂ ਪਹਿਲਾਂ ਜਿੰਨੇ ਹੀ ਘੱਟ ਹਨ।”
ਐਂਟੀਬਾਡੀ ਸੈੱਲ – ਉਹ ਸੂਖਮ ਮਿਜ਼ਾਇਲਾਂ ਹਨ ਜੋ ਵਾਇਰਸ ਦੀ ਸਤਹਿ ’ਤੇ ਚਿਪਕ ਕੇ ਇਸ ਨੂੰ ਲਾਗ ਫੈਲਾਉਣ ਤੋਂ ਬਚਾਉਂਦੀਆਂ ਹਨ।
ਇਸ ਲਈ ਜੇ ਤੁਹਾਡੇ ਵਿੱਚ ਭਰਪੂਰ ਮਾਤਰਾ ਵਿੱਚ ਐਂਟੀਬਾਡੀ ਹੋਣ ਤਾਂ ਤੁਸੀਂ ਕਿਸੇ ਵੀ ਲਾਗ ਨਾਲ ਸੌਖਿਆਂ ਹੀ ਲੜ ਸਕਦੇ ਹੋ। ਤੁਹਾਨੂੰ ਲਾਗ ਥੋੜ੍ਹੀ ਦੇਰ ਤੱਕ ਰਹੇਗੀ ਅਤੇ ਉਹ ਵੀ ਬਹੁਤ ਹਲਕੀ।
ਪ੍ਰੋਫੈਸਰ ਰੀਲੇ ਦੱਸਦੇ ਹਨ, “ਹੁਣ ਕਿਉਂਕਿ (ਲੋਕਾਂ ਵਿੱਚ) ਐਂਟੀਬਾਡੀ ਸੈੱਲ ਘੱਟ ਹਨ। ਵਾਇਰਸ ਬਹੁਤ ਜ਼ਿਆਦਾ ਆ ਰਹੇ ਹਨ ਅਤੇ ਗੰਭੀਰ ਰੂਪ ਵਿੱਚ ਬਿਮਾਰ ਕਰ ਰਹੇ ਹਨ।”
ਐਂਟੀਬਾਡੀ ਸੈੱਲਾਂ ਦੇ ਘੱਟ ਹੋਣ ਦਾ ਕਾਰਨ ਹੈ ਕਿ ਸਾਡੇ ਵਿੱਚੋਂ ਬਹੁਤਿਆਂ ਨੂੰ ਟੀਕਾ ਲੱਗੇ ਨੂੰ ਜਾਂ ਕੋਵਿਡ ਹੋਇਆਂ ਨੂੰ ਬਹੁਤ ਦੇਰ ਹੋ ਚੁੱਕੀ ਹੈ। (ਜੇ ਤੁਸੀਂ ਜਵਾਨ ਅਤੇ ਤੰਦਰੁਸਤ ਹੋ ਫਿਰ ਤਾਂ ਤੁਹਾਡੇ ਇੱਕ ਜਾਂ ਦੋ ਟੀਕੇ ਹੀ ਲੱਗੇ ਹੋਣਗੇ।)
ਇਨ੍ਹਾਂ ਦੋ ਤਰੀਕਿਆਂ ਨਾਲ ਹੀ ਸਰੀਰ ਵਿੱਚ ਐਂਟੀਬਾਡੀ ਸੈੱਲ ਬਣਦੇ ਹਨ।
ਐਂਟੀਬਾਡੀਜ਼ ਦੀ ਸਹਾਇਤਾ ਨਾਲ ਲਾਗ ਨਾਲ ਸੌਖਿਆਂ ਹੀ ਲੜਿਆ ਜਾ ਸਕਦਾ ਹੈ
ਇੰਪੀਰੀਅਲ ਕਾਲਜ ਲੰਡਨ ਤੋਂ ਪ੍ਰੋਫੈਸਰ ਪੀਟਰ ਓਪਨਸ਼ਾਅ ਨੇ ਮੈਨੂੰ ਦੱਸਿਆ, “ਉਸ ਸਮੇਂ ਬਹੁਤ ਤੇਜ਼ੀ ਨਾਲ ਅਤੇ ਵਿਆਪਕ ਟੀਕਾਕਰਨ ਕੀਤਾ ਗਿਆ ਇਸੇ ਨੇ ਬਹੁਤ ਵੱਡਾ ਫਰਕ ਪਾਇਆ। ਇੱਥੋਂ ਤੱਕ ਕਿ ਛੋਟੀ ਉਮਰ ਦੇ ਲੋਕਾਂ ਨੂੰ ਵੀ ਟੀਕੇ ਲਾ ਦਿੱਤੇ ਗਏ। ਇਸੇ ਨੇ ਬਹੁਤ ਜ਼ਿਆਦਾ ਫਰਕ ਪਾਇਆ ਸੀ।”
ਇਸ ਸਾਲ (ਬ੍ਰਿਟੇਨ ਵਿੱਚ) ਉਸ ਤੋਂ ਬਹੁਤ ਥੋੜ੍ਹੇ ਲੋਕਾਂ ਨੂੰ ਟੀਕੇ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ।
ਪਿਛਲੇ ਸਾਲ (ਬ੍ਰਿਟੇਨ ਵਿੱਚ) 50 ਸਾਲ ਤੋਂ ਵੱਡੀ ਉਮਰ ਦੇ ਸਾਰੇ ਲੋਕਾਂ ਨੂੰ ਟੀਕਾ ਲਾਇਆ ਗਿਆ ਸੀ। ਇਸ ਵਾਰ ਸਿਰਫ਼ 65 ਸਾਲ ਤੋਂ ਵੱਡਿਆਂ ਨੂੰ ਉਹ ਵੀ ਜੇ ਕੋਵਿਡ ਹੋਣ ਦਾ ਖ਼ਤਰਾ ਹੋਵੇ ਤਾਂ— ਟੀਕੇ ਦੀ ਗੱਲ ਕੀਤੀ ਜਾ ਰਹੀ ਹੈ।
‘ਚਾਲਬਾਜ਼ ਵਾਇਰਸ’
ਸੰਕੇਤਕ ਤਸਵੀਰ
ਪ੍ਰੋਫੈਸਰ ਓਪਨਸ਼ਾਅ ਮਜ਼ਾਕ ਵਿੱਚ ਕਹਿੰਦੇ ਹਨ ਕਿ ਉਹ “ਮਨਹੂਸ” ਨਹੀਂ ਹਨ ਪਰ “ਲੱਗਦਾ ਹੈ ਕਿ ਬਹੁਤ ਸਾਰੇ ਲੋਕ ਗੰਭੀਰ ਬਿਮਾਰ ਹੋਣਗੇ, ਜੋ ਉਨ੍ਹਾਂ ਨੂੰ ਕਈ ਦਿਨ ਜਾਂ ਕਈ ਹਫ਼ਤਿਆਂ ਤੱਕ ਮੰਜੇ ਉੱਤੇ ਪਾ ਦੇਵੇਗਾ।”
“ਮੇਰੇ ਇਹ ਵੀ ਸੁਣਨ ਵਿੱਚ ਆਇਆ ਹੈ ਜਵਾਨ ਤੇ ਤੰਦਰੁਸਤ ਲੋਕ ਵੀ ਕੋਵਿਡ ਨਾਲ ਬਹੁਤ ਬਿਮਾਰ ਹੋ ਰਹੇ ਹਨ। ਇਹ ਵਾਕਈ ਇੱਕ ਚਾਲਬਾਜ਼ ਵਾਇਰਸ ਹੈ। ਕਦੇ ਤਾਂ ਲੋਕਾਂ ਨੂੰ ਬਹੁਤ ਬਿਮਾਰ ਕਰ ਦਿੰਦਾ ਹੈ ਕਦੇ-ਕਦਾਈਂ ‘ਲੰਬਾ ਕੋਵਿਡ’ ਕਰ ਦਿੰਦਾ ਹੈ”।
ਓਪਨਸ਼ਾਅ ਮੁਤਾਬਕ ਜੇ ਤੁਹਾਨੂੰ ਪਿਛਲੇ ਸਾਲ ਕੋਵਿਡ ਨਹੀਂ ਹੋਇਆ ਤਾਂ ਇਸ ਵਾਰ ਹੋਣ ਦੀ “ਪੂਰੀ ਸੰਭਾਵਨਾ” ਹੈ।
ਬ੍ਰਿਟੇਨ ਸਰਕਾਰ, ਜਿਨ੍ਹਾਂ ਨੂੰ ਕੋਵਿਡ ਕਾਰਨ ਮੌਤ ਦਾ ਡਰ ਹੈ ਜਾਂ ਭਰਤੀ ਕਰਨ ਦੀ ਨੌਬਤ ਆ ਸਕਦੀ ਹੈ— ਦਾ ਟੀਕਾਕਰਨ ਕਰੇਗੀ। ਇਸ ਨਾਲ ਨੈਸ਼ਨਲ ਹੈਲਥ ਸਰਵਿਸ ਉੱਪਰ ਦਬਾਅ ਘਟੇਗਾ।
ਪ੍ਰੋਫੈਸਰ ਰੀਲੇ ਮੁਤਾਬਕ ਇਸ ਦਾ ਇਹ ਮਤਲਬ ਨਹੀਂ ਹੈ ਕਿ 65 ਸਾਲ ਤੋਂ ਘੱਟ ਉਮਰ ਵਾਲਿਆਂ ਨੂੰ ਕੋਵਿਡ ਹੋਣ ਦਾ ਡਰ ਨਹੀਂ ਹੈ, ਜਾਂ ਉਹ ਨੂੰ ਠੀਕ ਰਹਿਣਗੇ।
ਮੈਨੂੰ ਲਗਦਾ ਹੈ ਉਨ੍ਹਾਂ ਲੋਕਾਂ ਨੂੰ ਟੀਕਾ ਨਾ ਲਾਉਣ ਦਾ ਨਤੀਜਾ ਇਹ ਹੋਵੇਗਾ ਕਿ ਇਨ੍ਹਾਂ ਸਰਦੀਆਂ ਵਿੱਚ ਵਧੇਰੇ ਲੋਕ ਇੱਕ, ਦੋ ਜਾਂ ਤਿੰਨ ਹਫ਼ਤਿਆਂ ਦੀ ਛੁੱਟੀ ਲੈਣਗੇ।
ਕਿਸ ਨੂੰ ਟੀਕਾ ਲਾਉਣਾ ਹੈ ਤੇ ਕਿਸ ਨੂੰ ਨਹੀਂ? ਸਿਰਫ ਇਹ ਫੈਸਲਾ ਹੀ ਸਥਿਤੀ ਨੂੰ ਪ੍ਰਭਾਵਿਤ ਨਹੀਂ ਕਰੇਗਾ। ਸਗੋਂ ਵਾਇਰਸ ਦਾ ਬਦਲਦਾ ਰੂਪ ਵੀ ਇਸ ਵਿੱਚ ਭੂਮਿਕਾ ਨਿਭਾਏਗਾ।
ਬਿਮਾਰੀਆਂ ਨਾਲ ਲੜਨ ਦੀ ਥੋੜ੍ਹੀ ਜਿਹੀ ਸ਼ਕਤੀ
ਸੰਕੇਤਕ ਤਸਵੀਰ
ਐਂਟੀਬਾਡੀ ਸੈਲ ਸੈੱਲ ਵਾਇਰਸ ਉੱਪਰ ਬਹੁਤ ਸਟੀਕ ਨਿਸ਼ਾਨਾ ਲਾਉਂਦੇ ਹਨ। ਇਹ ਉਸ ਨਾਲ ਚਿੰਬੜ ਕੇ ਉਸ ਨੂੰ ਸਰੀਰ ਦੇ ਹੋਰ ਸੈਲਾਂ ਨਾਲ ਚਿਪਕਣ ਤੋਂ ਰੋਕਦੇ ਹਨ।
ਵਾਇਰਸ ਕਿੰਨੀ ਤੇਜ਼ੀ ਨਾਲ ਰੂਪ ਵਟਾਉਂਦਾ ਹੈ ਐਂਟੀਬਾਡੀ ਸੈੱਲਾਂ ਦੀ ਕੁਸ਼ਲਤਾ ਵੀ ਇਸੇ ਉੱਪਰ ਨਿਰਭਰ ਕਰਦੀ ਹੈ।
ਵਾਇਰਸ ਜਿੰਨੀ ਤੇਜ਼ੀ ਨਾਲ ਰੂਪ ਬਦਲੇਗਾ, ਸੈੱਲਾਂ ਦੀ ਕੁਸ਼ਲਤਾ ਉਨੀਂ ਹੀ ਘਟਦੀ ਜਾਵੇਗੀ।
ਪ੍ਰੋਫੈਸਰ ਓਪਨਸ਼ਾਅ ਦੱਸਦੇ ਹਨ, “ਮੌਜੂਦਾ ਵਾਇਰਸ ਮੂਲ ਉਸ ਵਾਇਰਸ ਜਿਸ ਦੀ ਵਰਤੋਂ ਟੀਕੇ ਬਣਾਉਣ ਲਈ ਕੀਤੀ ਗਈ ਸੀ, ਜਾਂ ਜਿਨ੍ਹਾਂ ਦੀ (ਲੋਕਾਂ ਨੂੰ) ਪਿਛਲੀ ਵਾਰ ਲਾਗ ਲੱਗੀ ਸੀ— ਤੋਂ ਬਹੁਤ ਵੱਖਰੇ ਹਨ।”
“ਬਹੁਤ ਸਾਰੇ ਲੋਕਾਂ ਵਿੱਚ ਓਮੀਕ੍ਰੋਨ ਵਾਇਰਸਾਂ ਅਤੇ ਉਨ੍ਹਾਂ ਦੇ ਰੂਪਾਂ ਨਾਲ ਲੜਨ ਦੀ ਬਹੁਤ ਥੋੜ੍ਹੀ ਸ਼ਕਤੀ ਹੈ।”
ਜੇ ਤੁਸੀਂ ਕੋਵਿਡ ਕਾਰਨ ਢਿੱਲੇ ਹੋ— ਜਾਂ ਪਹਿਲਾਂ ਨਾਲੋਂ ਜ਼ਿਆਦਾ ਢਿੱਲੇ ਮਹਿਸੂਸ ਕਰ ਰਹੇ ਹੋ ਤਾਂ ਇਹ ਕਮਜ਼ੋਰ ਹੋ ਰਹੇ ਐਂਟੀਬਾਡੀ ਸੈੱਲਾਂ ਅਤੇ ਵਿਕਸਿਤ (ਰੂਪ ਵਟਾ ਰਹੇ) ਹੋ ਰਹੇ ਵਾਇਰਸ ਕਾਰਨ ਹੋ ਸਕਦਾ ਹੈ।
ਇਸ ਦਾ ਇਹ ਮਤਲਬ ਨਹੀਂ ਹੈ ਕਿ ਤੁਸੀਂ ਲਾਜ਼ਮੀ ਹੀ ਗੰਭੀਰ ਬਿਮਾਰ ਹੋਵੋਗੇ ਜਾਂ ਤੁਹਾਨੂੰ ਹਸਪਤਾਲ ਵਿੱਚ ਭਰਤੀ ਹੋਣਾ ਹੀ ਪਵੇਗਾ।
ਸੰਕੇਤਕ ਤਸਵੀਰ
ਸਾਡੀ ਬਿਮਾਰੀਆਂ ਨਾਲ ਲੜਨ ਦੀ ਪ੍ਰਣਾਲੀ ਦਾ ਇੱਕ ਹੋਰ ਹਿੱਸਾ ਟੀ-ਸੈੱਲ— ਉਦੋਂ ਸਰਗਰਮ ਹੁੰਦੇ ਹਨ ਜਦੋਂ ਲਾਗ ਸਰੀਰ ਵਿੱਚ ਫੈਲ ਚੁੱਕੀ ਹੁੰਦੀ ਹੈ। ਇਹ ਸੈੱਲ ਟੀਕਿਆਂ ਜਾਂ ਵਾਇਰਸਾਂ ਉੱਤੇ ਭਾਰੀ ਪੈਣ ਲਈ ਸਿਖਲਾਈ ਯਾਫ਼ਤਾ ਹੁੰਦੇ ਹਨ।
ਰੂਪ ਵਟਾਉਂਦੇ ਵਾਇਰਸਾਂ ਲਈ ਟੀ-ਸੈੱਲਾਂ ਨੂੰ ਧੋਖਾ ਦੇਣਾ ਥੋੜ੍ਹਾ ਮੁਸ਼ਕਿਲ ਹੈ। ਟੀ-ਸੈੱਲ ਜਿਵੇਂ ਹੀ ਲਾਗ ਲੱਗ ਚੁੱਕੇ (ਬਿਮਾਰ) ਸੈੱਲਾਂ ਨੂੰ ਦੇਖਦੇ ਹਨ, ਮਾਰ ਦਿੰਦੇ ਹਨ।
ਪ੍ਰੋਫੈਸਰ ਰੀਲੇ ਦੱਸਦੇ ਹਨ, “ਉਹ ਤੁਹਾਨੂੰ ਗੰਭੀਰ ਰੂਪ ਵਿੱਚ ਬਿਮਾਰ ਪੈਣ ਅਤੇ ਹਸਪਤਾਲ ਜਾਣ ਤੋਂ ਬਚਾਅ ਲੈਣਗੇ। ਹਾਲਾਂਕਿ ਬਿਮਾਰ ਸੈੱਲਾਂ ਨੂੰ ਮਾਰਨ ਦੇ ਚੱਕਰ ਵਿੱਚ ਜੋ ਸਰੀਰ ਦਾ ਆਪਣਾ ਨੁਕਸਾਨ ਹੁੰਦਾ ਹੈ, ਉਸ ਕਾਰਨ ਤੁਸੀਂ ਢਿੱਲਾ-ਮੱਠਾ ਮਹਿਸੂਸ ਕਰ ਸਕਦੇ ਹੋ।”
ਕੋਵਿਡ ਨੂੰ ਮਾਰਨ ਲਈ ਟੀ-ਸੈੱਲਾਂ ਉੱਪਰ ਨਿਰਭਰਤਾ ਕਾਰਨ ਹੀ ਮਾਸ-ਪੇਸ਼ੀਆਂ ਦੁਖਦੀਆਂ ਹਨ, ਬੁਖਾਰ ਹੁੰਦਾ ਹੈ, ਤਰੇਲੀਆਂ ਆਉਂਦੀਆਂ ਹਨ।
ਫਿਰ ਉਸ ਵਿਚਾਰ ਦਾ ਕੀ ਬਣਿਆ ਕਿ ਹੋਲੀ-ਹੋਲੀ ਕੋਵਿਡ ਇੱਕ ਮਾਮੂਲੀ ਲਾਗ ਬਣ ਜਾਵੇਗਾ?
ਕੋਵਿਡ ਨਾਲ ਜੁੜੇ ਹੋਏ ਚਾਰ ਹੋਰ ਮਨੁੱਖੀ ਕੋਰੋਨਾਵਾਇਰਸ ਹਨ। ਜਿਨ੍ਹਾਂ ਕਾਰਨ ਸਧਾਰਨ ਜ਼ੁਖ਼ਾਮ ਦੇ ਲੱਛਣ ਪਰਗਟ ਹੁੰਦੇ ਹਨ।
ਉਨ੍ਹਾਂ ਦੇ ਹਲਕੇ ਹੋਣ ਦਾ ਕਾਰਨ ਇਹ ਹੈ ਕਿ ਸਾਨੂੰ ਉਨ੍ਹਾਂ ਦੀ ਲਾਗ ਬਹੁਤ ਬਚਪਨ ਵਿੱਚ ਲੱਗ ਜਾਂਦੀ ਹੈ ਅਤੇ ਸਾਰੀ ਉਮਰ ਦੌਰਾਨ ਕਈ ਵਾਰ ਹੁੰਦੀ ਰਹਿੰਦੀ ਹੈ।
ਪ੍ਰੋਫੈਸਰ ਓਪਨਸ਼ਾਅ ਇਸ ਬਾਰੇ ਸਪਸ਼ਟ ਹਨ, ਅਸੀਂ ਕੋਵਿਡ ਨਾਲ ਅਜੇ “ਉਸ ਸਥਿਤੀ ਵਿੱਚ ਨਹੀਂ ਪਹੁੰਚੇ” “ਪਰ ਵਾਰ-ਵਾਰ ਲਾਗ ਹੋਣ ਕਾਰਨ ਸਾਡੇ ਵਿੱਚ ਕੁਦਰਤੀ ਸ਼ਕਤੀ ਵਿਕਸਿਤ ਹੋ ਜਾਵੇਗੀ।”
ਕੀ ਉਦੋਂ ਤੱਕ ਸਾਡੇ ਵਿੱਚੋਂ ਕੁਝ ਨੂੰ ਮਾੜੀਆਂ ਸਰਦੀਆਂ ਝੱਲਣੀਆਂ ਪੈਣਗੀਆਂ? ਪ੍ਰੋਫੈਸਰ ਰੀਲੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਅਫ਼ਸੋਸ ਤਾਂ ਹੈ ਪਰ ਅਜਿਹਾ ਹੀ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
![](https://static.jagbani.com/jb2017/images/bbc-footer.png)
ਮਾਈਗ੍ਰੇਨ ਦੇ ਇਲਾਜ ’ਚ ਕੀ ਕਾਰਗਰ ਸਿੱਧ ਹੋਵੇਗੀ ਇਹ ਦਵਾਈ, ਅਮਰੀਕਾ ਸਣੇ 80 ਦੇਸ਼ ਕਰ ਰਹੇ ਵਰਤੋਂ
NEXT STORY