ਜਿਵੇਂ ਹੀ ਸਵੇਰ ਦਾ ਸੂਰਜ ਚੜ੍ਹਦਾ ਹੈ, ਖ਼ੈਬਰ-ਪਖ਼ਤੂਨਖਵਾ ਦੇ ਨੌਸ਼ਹਿਰਾ ਜ਼ਿਲ੍ਹੇ ਦੀ ਨਿਜ਼ਾਮਪੁਰ ਤਹਿਸੀਲ ਦੇ 30 ਸਾਲਾ ਸਈਦ ਮੁਹੰਮਦ ਅਤੇ ਉਸ ਦੇ ਦੋਸਤ ਵਕਾਸ ਡਿਊਟੀ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਘਰ ਵਾਪਸ ਜਾਣ ਦੀ ਤਿਆਰੀ ਕਰ ਰਹੇ ਹਨ।
ਕੜਾਕੇ ਦੀ ਠੰਢ ਵਿੱਚ, ਗੰਦੇ ਕੱਪੜੇ, ਉਸ ਦੇ ਸਰੀਰ ''ਤੇ ਪੁਰਾਣਾ ਪਾਟਾ ਹੋਇਆ ਕੋਟ ਅਤੇ ਪੈਰਾਂ ਵਿੱਚ ਪਲਾਸਟਿਕ ਦੀਆਂ ਚੱਪਲਾਂ, ਇਸ ਹਾਲਤ ਵਿੱਚ ਉਹ ਅਬਾਸਿਨ ਨਦੀ ਦੀ ਰੇਤ ਨੂੰ ਛੂਹ ਕੇ ਸੋਨਾ ਕੱਢਣ ਦਾ ਕੰਮ ਕਰਦਾ ਹੈ।
ਸਈਦ ਮੁਹੰਮਦ ਨੂੰ 1500 ਰੁਪਏ ਦਿਹਾੜੀ ਮਿਲਦੀ ਹੈ ਪਰ ਉਹ ਇਹ ਵੀ ਜਾਣਦਾ ਹੈ ਕਿ ਇਹ ਕੰਮ ਗ਼ੈਰ-ਕਾਨੂੰਨੀ ਹੋਣ ਕਾਰਨ ਜੋਖ਼ਮ ਭਰਿਆ ਹੈ।
ਨੌਸ਼ਹਿਰਾ ਦੇ ਡਿਪਟੀ ਕਮਿਸ਼ਨਰ ਖ਼ਾਲਿਦ ਖਟਕ ਨੇ ਬੀਬੀਸੀ ਨੂੰ ਦੱਸਿਆ ਕਿ ਨਿਜ਼ਾਮਪੁਰ ਵਿੱਚ ਪਿਛਲੇ ਦੋ ਸਾਲਾਂ ਤੋਂ ਵੱਡੇ ਪੱਧਰ ''ਤੇ ਸਿੰਧ ਜਾਂ ਅਬਾਸੀਨ ਨਦੀ ਤੋਂ ਵੱਡੀ ਮਸ਼ੀਨਰੀ ਦੀ ਮਦਦ ਨਾਲ ਨਾਲ ਸੋਨਾ ਕੱਢਣ ਦਾ ਕੰਮ ਚੱਲ ਰਿਹਾ ਹੈ, ਹਾਲਾਂਕਿ ਕਿਸੇ ਕੋਲ ਇਸ ਦੀ ਇਜਾਜ਼ਤ ਨਹੀਂ ਹੈ।
ਨੌਸ਼ਹਿਰਾ ਦੇ ਜਹਾਂਗੀਰਾ ਇਲਾਕੇ ਦੀ ਆਬਾਦੀ ਲਗਭਗ 3 ਲੱਖ ਹੈ। ਇੱਥੋਂ ਦੇ ਸਥਾਨਕ ਲੋਕਾਂ ਦੀ ਆਮਦਨੀ ਦਾ ਜ਼ਰੀਆ ਫੌਜੀ ਸੀਮਿੰਟ ਫੈਕਟਰੀਆਂ ਅਤੇ ਸੁਰੱਖਿਆ ਸੰਸਥਾਵਾਂ ਵਿੱਚ ਨੌਕਰੀਆਂ ਅਤੇ ਆਵਾਜਾਈ ਵਿੱਚ ਸਖ਼ਤ ਮਿਹਨਤ ਹੈ।
ਹਾਲਾਂਕਿ, ਪਿਛਲੇ ਦੋ ਸਾਲਾਂ ਵਿੱਚ, ਪਿੰਡ ਵਿੱਚੋਂ ਲੰਘਦੀ ਸਿੰਧੂ ਨਦੀ ਵਿੱਚੋਂ ਸੋਨਾ ਕੱਢਣ ਦੇ ਕੰਮ ਨੇ ਸਾਥਨਕ ਪੱਧਰ ''ਤੇ ਕਾਰੋਬਾਰ ਦੇ ਮੌਕੇ ਵਧਾਏ ਹਨ।
ਸਥਾਨਕ ਲੋਕ ਕਿਸੇ ਨਾ ਕਿਸੇ ਰੂਪ ਵਿੱਚ ਇਸ ਕਾਰੋਬਾਰ ਵਿੱਚ ਸ਼ਾਮਲ ਹੁੰਦੇ ਹਨ ਪਰ ਜਦੋਂ ਤੁਸੀਂ ਪੱਤਰਕਾਰ ਵਜੋਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹ ਤੁਹਾਨੂੰ ਕਿਸੇ ਸਰਕਾਰੀ ਅਦਾਰੇ ਦਾ ਮੁਲਾਜ਼ਮ ਸਮਝ ਕੇ ਚੁੱਪ ਵੱਟ ਲੈਂਦੇ ਹਨ।
ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕੰਮ ਗ਼ੈਰ-ਕਾਨੂੰਨੀ ਢੰਗ ਨਾਲ ਕੀਤਾ ਜਾ ਰਿਹਾ ਹੈ ਅਤੇ ‘ਵੱਡੇ ਲੋਕ’ ਇਸ ਵਿੱਚ ਲੱਗੇ ਹੋਏ ਹਨ।
ਮਸ਼ੀਨਰੀ ਕਿਰਾਏ ’ਤੇ ਲੈ ਕੇ ਦਰਿਆ ਵਿੱਚੋਂ ਸੋਨਾ ਕੱਢਣ ਦਾ ਕੰਮ
ਅਖ਼ਤਰ ਜਾਨ (ਬਦਲਿਆ ਹੋਇਆ ਨਾਮ) ਪਿਛਲੇ ਛੇ ਮਹੀਨਿਆਂ ਤੋਂ ਭਾਰੀ ਮਸ਼ੀਨਰੀ ਕਿਰਾਏ ''ਤੇ ਲੈ ਕੇ ਦਰਿਆ ਵਿੱਚੋਂ ਸੋਨਾ ਕੱਢਣ ਦਾ ਕੰਮ ਕਰ ਰਿਹਾ ਹੈ।
ਉਨ੍ਹਾਂ ਨੇ ਦੱਸਿਆ ਕਿ ਨਿਜ਼ਾਮਪੁਰ ਦੇ ਇੱਕ ਦੋਸਤ ਨੇ ਸਲਾਹ ਦਿੱਤੀ ਸੀ ਕਿ ਕੁਝ ਪੈਸੇ ਲਗਾ ਕੇ ਰੋਜ਼ਾਨਾ ਲੱਖਾਂ ਰੁਪਏ ਕਮਾਏ ਜਾ ਸਕਦੇ ਹਨ, ਇਸ ਲਈ ਉਹੀ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਕਈ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਅਖ਼ਤਰ ਜਾਨ ਦੇ ਅਨੁਸਾਰ, ਉਨ੍ਹਾਂ ਨੇ ਸ਼ੁਰੂ ਵਿੱਚ 4 ਲੱਖ ਰੁਪਏ ਪ੍ਰਤੀ ਮਹੀਨਾ ਕਿਰਾਏ ''ਤੇ ਤਿੰਨ ਛੋਟੀਆਂ ਖੁਦਾਈ ਮਸ਼ੀਨਾਂ ਲਈਆਂ ਸਨ ਅਤੇ ਇਸ ਕੰਮ ਲਈ 20 ਮਜ਼ਦੂਰ ਵੀ ਰੱਖੇ ਸਨ।
ਇਸ ਤੋਂ ਬਾਅਦ ਦਰਿਆ ਦੇ ਕੰਢੇ ਪਈ ਰੇਤ ਤੋਂ ਕੰਮ ਸ਼ੁਰੂ ਕੀਤਾ ਗਿਆ ਪਰ ਸੋਨਾ ਘੱਟ ਹੋਣ ਕਾਰਨ ਹਰ ਹਫ਼ਤੇ 15-20 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਸੀ।
ਉਨ੍ਹਾਂ ਦੱਸਿਆ ਕਿ ਛੋਟੀ ਮਸ਼ੀਨਰੀ ਦੀ ਥਾਂ ਪੰਜਾਬ ਤੋਂ 18-18 ਲੱਖ ਰੁਪਏ ਦੇ ਕਿਰਾਏ ''ਤੇ ਤਿੰਨ ਵੱਡੀਆਂ ਖੁਦਾਈ ਮਸ਼ੀਨਾਂ ਲਿਆਂਦੀਆਂ ਗਈਆਂ ਹਨ, ਜੋ ਦਰਿਆ ਦੇ ਵਿਚਕਾਰੋਂ ਰੇਤ ਚੁੱਕਣ ਦੀ ਤਾਕਤ ਰੱਖਦੀਆਂ ਹਨ।
ਇਸ ਕਦਮ ਨਾਲ ਉਨ੍ਹਾਂ ਦੀ ਆਮਦਨ ਵੀ ਵਧ ਗਈ, ਹਾਲਾਂਕਿ ਉਨ੍ਹਾਂ ਨੇ ਇਸ ਬਾਰੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਸਈਦ ਉੱਲਾ (ਬਦਲਿਆ ਹੋਇਆ ਨਾਮ) ਪਹਿਲਾਂ ਉਸਾਰੀ ਖੇਤਰ ਨਾਲ ਜੁੜੇ ਹੋਏ ਸੀ ਪਰ ਅੱਠ ਮਹੀਨੇ ਪਹਿਲਾਂ ਉਨ੍ਹਾਂ ਨੇ 4 ਕਰੋੜ ਰੁਪਏ ਦੀ ਭਾਰੀ ਮਸ਼ੀਨਰੀ ਵੀ ਖਰੀਦੀ ਸੀ ਅਤੇ ਅੱਧੀ ਆਮਦਨ ''ਤੇ ਸੋਨਾ ਕੱਢਣ ਲਈ ਸਥਾਨਕ ਠੇਕੇਦਾਰ ਨੂੰ ਦਿੱਤੀ ਸੀ।
ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤੀ ਦੋ ਮਹੀਨਿਆਂ ਵਿੱਚ ਉਨ੍ਹਾਂ ਨੇ ਕੁਝ ਨਹੀਂ ਕਮਾਇਆ ਅਤੇ ਇਸ ਤੋਂ ਇਲਾਵਾ ਪੁਲਿਸ ਨੇ ਛਾਪੇਮਾਰੀ ਕਰਕੇ ਡੇਢ ਕਰੋੜ ਰੁਪਏ ਦੀ ਮਸ਼ੀਨਰੀ ਜ਼ਬਤ ਕਰ ਲਈ ਅਤੇ ਪੰਜ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਾਰੇ ਲੋਕ ਅਦਾਲਤ ਤੋਂ ਜ਼ਮਾਨਤ ’ਤੇ ਰਿਹਾਅ ਹੋ ਚੁੱਕੇ ਹਨ ਪਰ ਮਸ਼ੀਨਾਂ ਅਜੇ ਵੀ ਪੁਲਿਸ ਕੋਲ ਹਨ।
ਉਨ੍ਹਾਂ ਅਨੁਸਾਰ ਇਸ ਕੰਮ ਦੌਰਾਨ ਸਰਕਾਰ ਵੱਲੋਂ ਸਖ਼ਤ ਕਾਰਵਾਈ ਕਰਨ ਤੋਂ ਇਲਾਵਾ ਮਸ਼ੀਨਾਂ ਦੇ ਦਰਿਆ ਵਿੱਚ ਡੁੱਬਣ ਵਰਗੀਆਂ ਘਟਨਾਵਾਂ ਸਮੇਤ ਕਈ ਮੁਸ਼ਕਲਾਂ ਆਉਂਦੀਆਂ ਹਨ ਪਰ ਉਹ ਇਸ ਕੰਮ ਨੂੰ ਕਿਵੇਂ ਛੱਡ ਦੇਣ।
ਸੋਨਾ ਕੱਢਣ ਨੂੰ ਰੋਕਣ ਲਈ ਕੀ ਕਦਮ ਚੁੱਕੇ ਜਾ ਰਹੇ ਹਨ?
ਨੌਸ਼ਹਿਰਾ ਜ਼ਿਲ੍ਹੇ ਵਿੱਚ ਸਿੰਧੂ ਦਰਿਆ ਵਿੱਚੋਂ ਸੋਨੇ ਦੀ ਗ਼ੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਲਈ ਖਣਿਜ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਸਾਂਝੇ ਤੌਰ ''ਤੇ ਕਾਰਵਾਈ ਕਰ ਰਹੇ ਹਨ।
ਖ਼ਾਲਿਦ ਖਟਕ ਨੇ ਬੀਬੀਸੀ ਨੂੰ ਦੱਸਿਆ ਕਿ ਨੌਸ਼ਹਿਰਾ ਤੋਂ ਲੰਘਣ ਵਾਲੇ ਕਾਬੁਲ ਅਤੇ ਸਿੰਧ ਦਰਿਆ ਤੋਂ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ, ਪਰ ਭਾਰੀ ਅਤੇ ਆਧੁਨਿਕ ਮਸ਼ੀਨਰੀ ਦੀ ਵਰਤੋਂ 2022 ਵਿੱਚ ਸ਼ੁਰੂ ਹੋਈ ਸੀ ਅਤੇ ਇਸ ਸਾਲ ਇਸ ਵਿੱਚ ਕਾਫ਼ੀ ਵਾਧਾ ਹੋਇਆ ਹੈ।
ਉਨ੍ਹਾਂ ਦੱਸਿਆ ਕਿ ਸੋਨੇ ਦੀ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਨਿਜ਼ਾਮਪੁਰ ਵਿੱਚ ਸੀਮਿੰਟ ਫੈਕਟਰੀ ਨੇੜੇ ਪੁਲਿਸ ਅਤੇ ਖਣਿਜ ਵਿਭਾਗ ਦੀ ਸਾਂਝੀ ਚੈਕਿੰਗ ਪੋਸਟ ਵੀ ਸਥਾਪਿਤ ਕੀਤੀ ਗਈ ਹੈ ਅਤੇ ਖਣਿਜ ਵਿਭਾਗ ਦੀ ਬੇਨਤੀ ’ਤੇ ਕਾਰਵਾਈ ਕੀਤੀ ਜਾ ਰਹੀ ਹੈ।
ਉਨ੍ਹਾਂ ਅਨੁਸਾਰ ਗ਼ੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਲੋਕਾਂ ਖ਼ਿਲਾਫ਼ 858 ਕੇਸ ਦਰਜ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 825 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਤੋਂ 70 ਲੱਖ ਰੁਪਏ ਦਾ ਜੁਰਮਾਨਾ ਵਸੂਲਿਆ ਗਿਆ ਹੈ।
ਉਨ੍ਹਾਂ ਅੱਗੇ ਦੱਸਿਆ ਕਿ 12 ਐਕਸਕੈਵੇਟਰ, 7 ਵਾਹਨ ਅਤੇ 20 ਮੋਟਰਸਾਈਕਲਾਂ ਸਮੇਤ ਵੱਖ-ਵੱਖ ਤਰ੍ਹਾਂ ਦਾ ਸਾਮਾਨ ਵੀ ਜ਼ਬਤ ਕੀਤਾ ਗਿਆ ਹੈ।
ਸਰਕਾਰ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਦਰਿਆ ਤੋਂ ਸੋਨੇ ਦੀ ਖੁਦਾਈ ਘਟਣ ਦੀ ਬਜਾਏ ਦਿਨੋ-ਦਿਨ ਵਧਦੀ ਜਾ ਰਹੀ ਹੈ।
ਖ਼ਾਲਿਦ ਖਟਕ ਦਾ ਕਹਿਣਾ ਹੈ ਕਿ ਇਸ ਗ਼ੈਰ-ਕਾਨੂੰਨੀ ਕਾਰੋਬਾਰ ਨੂੰ ਰੋਕਣ ਲਈ ਰੋਜ਼ਾਨਾ ਕਾਰਵਾਈ ਕੀਤੀ ਜਾ ਰਹੀ ਹੈ, ਪਰ ਖਣਿਜ ਵਿਭਾਗ ਦੀ ਮੁੱਖ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਦੀ ਲੀਜ਼ ਜਾਂ ਨਿਲਾਮੀ ਵੱਲ ਕਦਮ ਚੁੱਕੇ ਤਾਂ ਜੋ ਕੌਮੀ ਖ਼ਜ਼ਾਨੇ ਨੂੰ ਬਚਾਇਆ ਜਾ ਸਕੇ ਅਤੇ ਹੋਣ ਵਾਲੇ ਨੁਕਸਾਨ ਨੂੰ ਰੋਕਿਆ ਜਾ ਸਕੇ।
ਡਿਪਟੀ ਕਮਿਸ਼ਨਰ ਖ਼ਾਲਿਦ ਖਟਕ ਨੇ ਦੱਸਿਆ ਕਿ ਜਿਸ ਜਗ੍ਹਾ ਤੋਂ ਸੋਨਾ ਕੱਢਿਆ ਜਾ ਰਿਹਾ ਹੈ, ਉਹ ਨੌਸ਼ਹਿਰਾ ਹੈੱਡਕੁਆਰਟਰ ਤੋਂ ਕਾਫੀ ਦੂਰ ਹੈ, ਦੂਜੇ ਪਾਸੇ ਇਹ ਗਤੀਵਿਧੀਆਂ ਕਾਫੀ ਵੱਡੇ ਖੇਤਰ ਵਿੱਚ ਹੁੰਦੀਆਂ ਹਨ, ਜਿੱਥੋਂ ਤੱਕ ਪਹੁੰਚਣਾ ਮੁਸ਼ਕਿਲ ਹੈ।
ਉਨ੍ਹਾਂ ਕਿਹਾ ਕਿ ਇਹ ਗ਼ੈਰ-ਕਾਨੂੰਨੀ ਕਾਰਵਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਸਬੰਧਤ ਅਦਾਰੇ ਇੱਥੇ ਕਾਨੂੰਨੀ ਤੌਰ ’ਤੇ ਮਾਈਨਿੰਗ ਸ਼ੁਰੂ ਨਹੀਂ ਕਰ ਦਿੰਦੇ।
ਇਸ ਸਬੰਧੀ ਸੂਬਾਈ ਖਣਿਜ ਵਿਭਾਗ ਦੇ ਡਾਇਰੈਕਟਰ ਜਨਰਲ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਦੇ ਬਾਵਜੂਦ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲ ਸਕਿਆ।
ਪਰ ਉਕਤ ਸੰਸਥਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ''ਤੇ ਦੱਸਿਆ ਕਿ ਸੰਸਥਾ ਨੌਸ਼ਹਿਰਾ ਅਤੇ ਸਵਾਬੀ ਜ਼ਿਲਿਆਂ ''ਚ ਦਰਿਆਵਾਂ ਦੇ ਪਾਣੀ ''ਚੋਂ ਗ਼ੈਰ-ਕਾਨੂੰਨੀ ਤੌਰ ''ਤੇ ਸੋਨਾ ਕੱਢਣ ਦੀ ਚੱਲ ਰਹੀ ਪ੍ਰਕਿਰਿਆ ਤੋਂ ਜਾਣੂ ਹੈ।
ਹਾਲਾਂਕਿ ਉਥੇ ਮੌਜੂਦ ਸੋਨੇ ਦੇ ਭੰਡਾਰ ਦੀ ਮਾਤਰਾ ਅਤੇ ਇਸ ਵਿੱਚ ਸ਼ਾਮਲ ਲੋਕਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਨੌਸ਼ਹਿਰਾ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਦਰਿਆਈ ਪਾਣੀ ਵਿੱਚੋਂ ਸੋਨਾ ਕੱਢਣ ਦੇ ਗ਼ੈਰ-ਕਾਨੂੰਨੀ ਕੰਮ ਖ਼ਿਲਾਫ਼ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ ਪਰ ਇਸ ਕੰਮ ਵਿੱਚ ਹਜ਼ਾਰਾਂ ਲੋਕ ਲੱਗੇ ਹੋਏ ਹਨ, ਜਿਨ੍ਹਾਂ ਖ਼ਿਲਾਫ਼ ਪੂਰੇ ਜ਼ਿਲ੍ਹੇ ਦੀ ਪੁਲਿਸ ਨੂੰ ਵੱਡੀ ਗਿਣਤੀ ਵਿੱਚ ਤੈਨਾਤ ਕਰਨਾ ਪੈਂਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਪੋਲੀਓ ਮੁਹਿੰਮ ਤੋਂ ਬਾਅਦ ਅਤੇ ਹੁਣ ਲੋਕ ਸਭਾ ਚੋਣਾਂ ਨੇੜੇ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵਧਣ ਨਾਲ ਪੁਲਿਸ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਗਈਆਂ ਹਨ।
ਉਨ੍ਹਾਂ ਅਨੁਸਾਰ ਉੱਥੇ ਕਾਰਵਾਈ ਦੌਰਾਨ ਗੋਲੀਬਾਰੀ ਅਤੇ ਪਥਰਾਅ ਦੀਆਂ ਘਟਨਾਵਾਂ ਵਾਪਰਦੀਆਂ ਹਨ, ਜਦਕਿ ਗ੍ਰਿਫ਼ਤਾਰੀ ਤੋਂ ਬਚਣ ਲਈ ਕਈ ਲੋਕ ਛੋਟੀਆਂ ਕਿਸ਼ਤੀਆਂ ਦੀ ਮਦਦ ਨਾਲ ਦੂਜੇ ਪਾਸੇ ਪੰਜਾਬ ਸੂਬੇ ਵੱਲ ਭੱਜ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਭਾਰੀ ਮਸ਼ੀਨਰੀ ਨੂੰ ਕਬਜ਼ੇ ਵਿੱਚ ਲੈ ਕੇ ਥਾਣੇ ਪਹੁੰਚਾਉਣਾ ਵਿੱਚ ਵੀ ਭਾਰੀ ਮੁਸ਼ਕਿਲਾਂ ਆਉਂਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਉੱਥੇ ਹੀ ਬੇਕਾਰ ਛੱਡ ਦਿੱਤਾ ਜਾਂਦਾ ਹੈ।
ਨਿਜ਼ਾਮਪੁਰ ਵਿੱਚ ਸਿੰਧੂ ਨਦੀ ਤੋਂ ਇਲਾਵਾ, ਜਹਾਂਗੀਰਾ ਅਤੇ ਸਵਾਬੀ ਜ਼ਿਲ੍ਹਿਆਂ ਵਿੱਚ ਕੁੰਡ ਪਾਰਕ ਦੇ ਨੇੜਲੇ ਖੇਤਰਾਂ ਦੇ ਨਾਲ-ਨਾਲ ਪੰਜਾਬ ਦੇ ਅਟਕ ਵਿੱਚ ਸਿੰਧੂ ਦਰਿਆ ਦੇ ਪਾਣੀਆਂ ਤੋਂ ਵੀ ਗ਼ੈਰ-ਕਾਨੂੰਨੀ ਸੋਨੇ ਦੀ ਮਾਈਨਿੰਗ ਸ਼ੁਰੂ ਹੋ ਗਈ ਹੈ।
ਜਹਾਂਗੀਰਾ ਵਿੱਚ ਕਾਬੁਲ ਨਦੀ ਤੋਂ ਰੇਤ, ਬਜਰੀ ਅਤੇ ਸੋਨੇ ਦੀ ਗ਼ੈਰ-ਕਾਨੂੰਨੀ ਨਿਕਾਸੀ ਨੂੰ ਰੋਕਣ ਦੇ ਨਾਲ-ਨਾਲ ਇਲਾਕੇ ਦੀਆਂ ਸਮੱਸਿਆਵਾਂ ਦੇ ਹੱਲ ਲਈ ਦੋ ਮਹੀਨੇ ਪਹਿਲਾਂ ਸਥਾਨਕ ਬਜ਼ੁਰਗਾਂ ਦੀ ਇੱਕ ਗ੍ਰੈਂਡ ਜਿਰਗਾ ਦਾ ਗਠਨ ਕੀਤਾ ਗਿਆ ਹੈ।
ਜਿਰਗਾ ਦੇ ਮੁਖੀ ਰਿਫਤ ਉੱਲਾ ਨੇ ਬੀਬੀਸੀ ਨੂੰ ਦੱਸਿਆ ਕਿ ਦਰਿਆ ਦੇ ਕਿਨਾਰੇ ਸਥਾਨਕ ਆਬਾਦੀ ਦਾ ਸੈਂਕੜੇ ਏਕੜ ਸਾਂਝੀ ਜ਼ਮੀਨ ਹੈ, ਜਿਸ ''ਤੇ ਜੰਗਲ ਹੈ, ਜਦਕਿ ਕੁਝ ਥਾਵਾਂ ਤੋਂ ਉਸਾਰੀ ਸਮੱਗਰੀ ਕੱਢੀ ਜਾ ਰਹੀ ਹੈ, ਪਰ ਜਿਰਗਾ ਦੇ ਫ਼ੈਸਲੇ ਅਨੁਸਾਰ ਉਸ ਵਿਅਕਤੀ ਨੂੰ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ, ਜਿਸ ਕੋਲ ਖਣਿਜ ਵਿਭਾਗ ਦੀ ਮਨਜ਼ੂਰੀ ਹੈ।
ਉਨ੍ਹਾਂ ਕਿਹਾ ਕਿ ਲੀਜ਼ ਮਾਲਕ ਕਾਨੂੰਨ ਅਨੁਸਾਰ ਸਰਕਾਰ ਨੂੰ ਟੈਕਸ ਅਤੇ ਸਥਾਨਕ ਲੋਕਾਂ ਦੇ ਮਾਲਕੀ ਹੱਕਾਂ ਦੀ ਬਕਾਇਆ ਰਾਸ਼ੀ ਅਦਾ ਕਰੇਗਾ, ਪਰ ਇਸ ਦੋਸ਼ ਨੂੰ ਰੱਦ ਕੀਤਾ ਕਿ ਜਿਰਗਾ ਨੇ ਨਦੀ ਤੋਂ ਨਾਜਾਇਜ਼ ਲਾਭ ਉਠਾਉਣ ਵਾਲਿਆਂ ਨਾਲ ਗੁਪਤ ਸਮਝੌਤਾ ਕੀਤਾ ਹੈ।
ਵਰਨਣਯੋਗ ਹੈ ਕਿ ਇਸ ਗੈਰ-ਕਾਨੂੰਨੀ ਧੰਦੇ ਵਿਚ ਲੱਗੇ ਲੋਕਾਂ ਬਾਰੇ ਕਿਸੇ ਵੀ ਸਰਕਾਰੀ ਏਜੰਸੀ ਕੋਲ ਕੋਈ ਡਾਟਾ ਨਹੀਂ ਹੈ।
ਪਾਣੀ ਵਿੱਚ ਸੋਨਾ ਕਿੱਥੋਂ ਆਉਂਦਾ ਹੈ?
ਪੇਸ਼ਾਵਰ ਯੂਨੀਵਰਸਿਟੀ ਦੇ ਭੂ-ਵਿਗਿਆਨ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਡਾ. ਅਸਗਰ ਅਲੀ ਦੀ ਦੇਖ-ਰੇਖ ਹੇਠ, 2016 ਵਿੱਚ ਗ੍ਰੈਜੂਏਟ ਵਿਦਿਆਰਥੀਆਂ ਨੇ ਸਵਾਤ ਅਤੇ ਕਾਬੁਲ ਦਰਿਆਵਾਂ ਵਿੱਚ ਸੋਨੇ ਦੀ ਮੌਜੂਦਗੀ ਬਾਰੇ ਖੋਜ ਪੂਰੀ ਕੀਤੀ।
ਉਨ੍ਹਾਂ ਕਿਹਾ ਕਿ ਸਿੰਧ ਦਰਿਆ ਅਤੇ ਕਾਬੁਲ ਦਰਿਆ ਦੇ ਸੰਗਮ ''ਤੇ ਜਿਓਫਿਜ਼ੀਕਲ ਸਰਵੇਖਣ ਕੀਤਾ ਗਿਆ ਸੀ, ਜਦਕਿ ਦਰਿਆ ਦੇ ਕੰਢੇ ''ਤੇ ਤਿੰਨ ਮੀਟਰ ਦੀ ਡੂੰਘਾਈ ਵਿੱਚ ਵੱਖ-ਵੱਖ ਪੱਧਰਾਂ ''ਤੇ ਸੋਨੇ ਦੀ ਮੌਜੂਦਾ ਮਾਤਰਾ ਦਾ ਮੁਲਾਂਕਣ ਕੀਤਾ ਗਿਆ ਸੀ, ਤਾਂ ਪਤਾ ਲੱਗਾ ਕਿ ਸਤਹਿ ਦੀ ਤੁਲਨਾ ਵਿੱਚ ਡੂੰਘਾਈ ''ਤੇ ਸੋਨਾ ਜ਼ਿਆਦਾ ਸੀ।
ਉਨ੍ਹਾਂ ਨੇ ਕਿਹਾ ਕਿ ਪਾਣੀ ਤੋਂ ਸੋਨਾ ਹਾਸਿਲ ਕਰਨ ਦੇ ਕਈ ਮੌਕੇ ਹਨ ਪਰ ਇਸ ਸਬੰਧ ਵਿੱਚ ਅਸਰਦਾਰ ਉਪਾਅ ਦੀ ਲੋੜ ਹੈ।
ਪ੍ਰੋਫੈਸਰ ਡਾ. ਅਸਗਰ ਅਲੀ ਨੇ ਕਿਹਾ ਕਿ ਚੱਟਾਨਾਂ ਦੀਆਂ ਤਿੰਨ ਵਿੱਚੋਂ ਇੱਕ ਸਤਹਿ ਏਗਸਨ ਚੱਟਾਨ ਹੈ... ਲਾਵੇ ਦੇ ਰੂਪ ਵਿੱਚ ਵੱਖ-ਵੱਖ ਕਿਸਮ ਦੀਆਂ ਧਾਤਾਂ ਛੱਡਣ ਤੋਂ ਬਾਅਦ, ਗਲੇਸ਼ੀਅਰ ਦੀ ਤੋੜ-ਭੰਨ, ਭਾਰੀ ਮੀਂਹ ਅਤੇ ਹੜ੍ਹਾਂ ਨਾਲ ਪਹਾੜ ਅਤੇ ਜ਼ਮੀਨੀ ਕਟਾਈ ਨਾਲ ਦਰਿਆ ਦੇ ਪਾਣੀ ਵਿੱਚ ਸ਼ਾਮਲ ਹੋ ਕੇ ਵਹਿ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੋਨਾ ਭਾਰੀ ਧਾਤਾਂ ਵਿੱਚੋਂ ਇੱਕ ਹੈ ਅਤੇ ਇਹ ਧਰਤੀ ਦੇ ਤਲ ''ਤੇ ਬੈਠ ਜਾਂਦਾ ਹੈ।
ਉਨ੍ਹਾਂ ਅਨੁਸਾਰ, ਤਿੰਨ ਸਥਾਨ ਅਜਿਹੇ ਹਨ ਜਿੱਥੇ ਸੋਨੇ ਦੇ ਕਣ ਪਾਣੀ ਵਿੱਚ ਇਕੱਠੇ ਹੋਣ ਦੀ ਸੰਭਾਵਨਾ ਵੱਧ ਹੈ, ਇੱਕ ਜਿੱਥੇ ਪਾਣੀ ਦੀ ਦਿਸ਼ਾ ਬਦਲਦੀ ਹੈ, ਦੂਜੀ ਇੱਕ ਡੈਮ ਤੇ ਅਤੇ ਤੀਜੀ ਦੋ ਦਰਿਆਵਾਂ ਦੇ ਸੰਗਮ ''ਤੇ।
ਉਨ੍ਹਾਂ ਕਿਹਾ ਕਿ ਅਟਕ ਵਿੱਚ ਕਾਬੁਲ ਅਤੇ ਸਿੰਧ ਦਰਿਆਵਾਂ ਦੇ ਸੰਗਮ ਅਤੇ ਨਿਜ਼ਾਮਪੁਰ ਵਿੱਚ ਸਿੰਧ ਦਰਿਆ ਅਜਿਹੇ ਸਥਾਨ ਹਨ, ਜਿੱਥੇ ਪਾਣੀ ਵਿੱਚ ਨਾ ਸਿਰਫ਼ ਸੋਨਾ ਬਲਕਿ ਹੋਰ ਕੀਮਤੀ ਧਾਤਾਂ ਵੀ ਵੱਡੀ ਮਾਤਰਾ ਵਿੱਚ ਮਿਲਦੀਆਂ ਹਨ।
ਪਾਣੀ ਵਿੱਚੋਂ ਸੋਨਾ ਕਿਵੇਂ ਕੱਢਿਆ ਜਾਂਦਾ ਹੈ?
ਡਾ. ਅਸਗਰ ਅਲੀ ਦਾ ਕਹਿਣਾ ਹੈ ਕਿ ਉਸਾਰੀ ਦੇ ਕੰਮ ਲਈ ਕਾਬੁਲ ਦਰਿਆ ਅਤੇ ਸਿੰਧ ਦਰਿਆ ਤੋਂ ਕੱਢੀ ਗਈ ਰੇਤ ਅਤੇ ਬੱਜਰੀ ਵਿਚ ਸੋਨੇ ਸਮੇਤ ਕਈ ਕੀਮਤੀ ਧਾਤਾਂ ਦੇ ਕਣ ਹੁੰਦੇ ਹਨ, ਪਰ ਇਨ੍ਹਾਂ ਨੂੰ ਪਾਣੀ ਤੋਂ ਵੱਖ ਕਰਨ ਦਾ ਕੋਈ ਤਰੀਕਾ ਨਾ ਹੋਣ ਕਾਰਨ ਇਹ ਬਰਬਾਦ ਹੋ ਜਾਂਦੇ ਹਨ।
ਉਨ੍ਹਾਂ ਅਨੁਸਾਰ, ਨਿਜ਼ਾਮਪੁਰ ਅਤੇ ਹੋਰ ਖੇਤਰਾਂ ਵਿੱਚ ਵੱਡੀ ਮਾਤਰਾ ਵਿੱਚ ਸਪਲਾਈ ਕੀਤੀ ਜਾਂਦੀ ਰੇਤ ਅਸਲ ਵਿੱਚ ਸਿੰਧ ਅਤੇ ਕਾਬੁਲ ਦਰਿਆਵਾਂ ਤੋਂ ਆਉਂਦੀ ਹੈ।
ਅਖ਼ਤਰ ਜਾਨ ਨੇ ਦੱਸਿਆ ਕਿ ਪਾਣੀ ਵਿੱਚੋਂ ਸੋਨੇ ਦੇ ਕਣਾਂ ਨੂੰ ਵੱਖ ਕਰਨ ਲਈ ਨਦੀ ਦੇ ਕੰਢੇ ਲੋਹੇ ਦੀਆਂ ਵੱਡੀਆਂ ਮਜ਼ਬੂਤ ਛਾਨਣੀਆਂ ਲਗਾਈਆਂ ਗਈਆਂ ਹਨ ਅਤੇ ਮਸ਼ੀਨਰੀ ਦੀ ਮਦਦ ਨਾਲ ਦਰਿਆ ਵਿੱਚੋਂ ਰੇਤ, ਮਿੱਟੀ ਅਤੇ ਪੱਥਰ ਇਸ ਉੱਤੇ ਪਾ ਕੇ ਪਾਣੀ ਦੀ ਵਧੇਰੇ ਮਾਤਰਾ ਨਾਲ ਇਸ ਨੂੰ ਧੋਤਾ ਜਾਂਦਾ ਹੈ।
ਇਸ ਪ੍ਰਕਿਰਿਆ ਦੇ ਕਾਰਨ, ਵੱਡੇ ਪੱਥਰ ਛਾਨਣੀ ਦੇ ਉੱਪਰ ਡਿੱਗਦੇ ਹਨ ਜਦਕਿ ਰੇਤ ਦੇ ਛੋਟੇ ਕਣ ਛਾਨਣੀ ਦੇ ਹੇਠਾਂ ਗਲੀਚੇ ਵਿੱਚ ਡਿੱਗਦੇ ਹਨ ਅਤੇ ਉਸ ਵਿੱਚ ਫਸ ਜਾਂਦੇ ਹਨ।
ਇਸ ਪ੍ਰਕਿਰਿਆ ਨੂੰ ਕਈ ਘੰਟਿਆਂ ਤੱਕ ਜਾਰੀ ਰੱਖਣ ਤੋਂ ਬਾਅਦ, ਗਲੀਚੇ ਨੂੰ ਲਪੇਟ ਕੇ ਇੱਕ ਵੱਡੇ ਲੋਹੇ ਦੇ ਭਾਂਡੇ ਵਿੱਚ ਸਟੋਰ ਕੀਤਾ ਜਾਂਦਾ ਹੈ ਅਤੇ ਪਾਣੀ ਦੀ ਮਦਦ ਨਾਲ ਰੇਤ ਨੂੰ ਸੋਨੇ ਦੇ ਕਣਾਂ ਤੋਂ ਵੱਖ ਕੀਤਾ ਜਾਂਦਾ ਹੈ।
ਉਨ੍ਹਾਂ ਅਨੁਸਾਰ ਅੰਤਮ ਪੜਾਅ ਵਿੱਚ ਇਸ ਵਿੱਚ ਪਾਰਾ (ਧਾਤੂ) ਮਿਲਾਉਣ ਨਾਲ ਸੋਨੇ ਦੇ ਸਾਰੇ ਕਣ ਇਸ ਨਾਲ ਚਿਪਕ ਜਾਂਦੇ ਹਨ ਅਤੇ ਸੋਨਾ ਹਾਸਿਲ ਕਰ ਲਿਆ ਜਾਂਦਾ ਹੈ, ਜਦੋਂ ਕਿ ਅੱਗ ਵਿੱਚ ਪਿਘਲ ਕੇ ਉਨ੍ਹਾਂ ਵਿੱਚੋਂ ਠੋਸ ਸੋਨਾ ਕੱਢ ਲਿਆ ਜਾਂਦਾ ਹੈ।
ਡਾ. ਅਸਗਰ ਅਲੀ ਨੇ ਦੱਸਿਆ ਕਿ ਦੁਨੀਆ ਵਿਚ ਦੋ ਥਾਵਾਂ ''ਤੇ ਪਾਣੀ ਤੋਂ ਵੱਡੀ ਮਾਤਰਾ ਵਿਚ ਸੋਨਾ ਕੱਢਿਆ ਜਾਂਦਾ ਹੈ, ਜਿਸ ਵਿਚ ਅਫ਼ਰੀਕੀ ਸ਼ਹਿਰ ਜੋਹਾਨਸਬਰਗ ਅਤੇ ਅਮਰੀਕੀ ਰਾਜ ਕੈਲੀਫੋਰਨੀਆ ਸ਼ਾਮਲ ਹਨ।
ਉਨ੍ਹਾਂ ਕਿਹਾ ਕਿ ਖ਼ੈਬਰ ਪਖ਼ਤੂਨਖਵਾ ਦੇ ਵੱਖ-ਵੱਖ ਥਾਵਾਂ ਦੇ ਪਾਣੀਆਂ ''ਚ ਵੱਡੀ ਮਾਤਰਾ ''ਚ ਸੋਨਾ ਮੌਜੂਦ ਹੈ ਪਰ ਇਸ ਸਬੰਧੀ ਖੋਜ ਅਤੇ ਆਧੁਨਿਕ ਤਕਨੀਕ ਦੀ ਲੋੜ ਹੈ।
ਉਨ੍ਹਾਂ ਅਨੁਸਾਰ ਗ਼ੈਰ-ਕਾਨੂੰਨੀ ਮਾਈਨਿੰਗ ਨੂੰ ਰੋਕਣ ਨਾਲ ਨਾ ਸਿਰਫ਼ ਸਰਕਾਰੀ ਖ਼ਜ਼ਾਨੇ ਨੂੰ ਫਾਇਦਾ ਹੋਵੇਗਾ ਸਗੋਂ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਕਮਾਈ ਦੇ ਮੌਕੇ ਵੀ ਮਿਲਣਗੇ।
ਦਰਿਆ ਵਿੱਚੋਂ ਮਿਲਿਆ ਸੋਨਾ ਸਥਾਨਕ ਬਾਜ਼ਾਰ ਵਿੱਚ ਭੇਜਿਆ ਜਾਂਦਾ ਹੈ, ਜਦੋਂ ਕਿ ਇਸ ਸੋਨੇ ਦੀ ਗੁਣਵੱਤਾ ਬਾਰੇ ਡਾਕਟਰ ਅਸਗਰ ਅਲੀ ਦਾ ਕਹਿਣਾ ਹੈ ਕਿ ਇਸ ਵਿੱਚ ਬਹੁਤ ਹੀ ਉੱਚ ਗੁਣਵੱਤਾ ਵਾਲਾ ਸੋਨਾ ਹੁੰਦਾ ਹੈ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਮਾਈ ਭਾਗੋ: ਗੁਰੂ ਗੋਬਿੰਦ ਸਿੰਘ ਨੂੰ ਬੇਦਾਵਾ ਦੇ ਕੇ ਆਏ 40 ਸਿੱਖਾਂ ਨੂੰ ਕਿਵੇਂ ਮੁੜ ਜੰਗ ਲਈ ਪ੍ਰੇਰਿਆ
NEXT STORY