ਸਿੱਖ ਇਤਿਹਾਸ ਵਿੱਚ ਸਿੱਖ ਬੀਬੀਆਂ ਦਾ ਵਿਸ਼ੇਸ਼ ਯੋਗਦਾਨ ਦਿਖਾਈ ਦਿੰਦਾ ਹੈ।
ਅਜਿਹੇ ਹੀ ਇੱਕ ਇਤਿਹਾਸਕ ਪਾਤਰ ਹਨ ਮਾਤਾ ਭਾਗ ਕੌਰ, ਜਿਨ੍ਹਾਂ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ ਹੈ।
ਮਾਤਾ ਭਾਗੋ ਨੂੰ ਮਾਈ ਭਾਗੋ ਵਜੋਂ ਜਾਣਿਆ ਜਾਂਦਾ ਹੈ।
ਇਤਿਹਾਸਕ ਹਵਾਲਿਆਂ ਮੁਤਾਬਕ ਉਨ੍ਹਾਂ ਨੇ ਅਨੰਦਪੁਰ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਦਾ ਸਾਥ ਛੱਡ ਕੇ ਗਏ ਸਿੱਖਾਂ ਨੂੰ ਪ੍ਰੇਰਿਤ ਕਰਕੇ ਵਾਪਸ ਜੰਗ ਦੇ ਮੈਦਾਨ ਵਿੱਚ ਲਿਆਂਦਾ।
ਸਿੱਖ ਇਤਿਹਾਸਕ ਦੇ ਹਵਾਲਿਆਂ ਵਿੱਚ ਇਨ੍ਹਾਂ ਸਿੱਖਾਂ ਨੂੰ ‘ਬੇਦਾਵੀਏ ਸਿੰਘ’ ਕਿਹਾ ਗਿਆ। ਸਿੱਖ ਗੁਰਦੁਆਰਿਆਂ ਵਿੱਚ ਹੁੰਦੀ ਅਰਦਾਸ ਵਿੱਚ ਇਨ੍ਹਾਂ ਨੂੰ ''40 ਮੁਕਤੇ'' (ਮੁਕਤੀ ਹਾਸਲ ਕਰਨ ਵਾਲੇ) ਵੀ ਕਿਹਾ ਜਾਂਦਾ ਹੈ।
ਇਹ ਜੰਗ ਖਿਦਰਾਣੇ ਵਿੱਚ ਹੋਈ ਸੀ ਜਿਸ ਨੂੰ ਅੱਜ-ਕੱਲ੍ਹ ਮੁਕਤਸਰ ਸਾਹਿਬ ਵਜੋਂ ਜਾਣਿਆ ਜਾਂਦਾ ਹੈ।
ਇਨ੍ਹਾਂ ਦੀ ਯਾਦ ਵਿੱਚ ਮੁਕਤਸਰ ਸਾਹਿਬ ਵਿੱਚ ਮਾਘ ਮਹੀਨੇ ਦੀ ਸੰਗਰਾਦ ਮੌਕੇ ਮੇਲਾ ਲੱਗਦਾ ਹੈ।
14 ਜਨਵਰੀ ਦੇ ਮੌਕੇ ਇਸ ਥਾਂ ਉੱਤੇ ਵੱਡਾ ਇਕੱਠ ਹੁੰਦਾ ਹੈ, ਇਹ ਪੰਜਾਬ ਦੇ ਵੱਡੇ ਜੋੜ ਮੇਲਿਆਂ ਵਿੱਚੋਂ ਇੱਕ ਹੈ।
ਇਸ ਮੌਕੇੇ ਸਿਆਸੀ ਕਾਨਫਰੰਸਾਂ ਵੀ ਹੁੰਦੀਆਂ ਹਨ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦਸੰਬਰ 2023 ਵਿੱਚ ਕਿਹਾ ਸੀ ਕਿ ਪੰਜਾਬ ਸਰਕਾਰ ਵੱਲੋਂ ਤਿੰਨ ਝਾਕੀਆਂ ਦੇ ਸਕੈੱਚ ਗਣਤੰਤਰ ਦਿਵਸ ਦੀ ਪਰੇਡ ਲਈ ਕੇਂਦਰ ਸਰਕਾਰ ਦੇ ਮੰਤਰਾਲੇ ਨੂੰ ਭੇਜੇ ਗਏ ਸਨ।
ਉਨ੍ਹਾਂ ਨੇ ਕਿਹਾ ਸੀ ਕਿ ਇਨ੍ਹਾਂ ਤਿੰਨ ਝਾਕੀਆਂ ਵਿੱਚੋਂ ਇੱਕ ਝਾਕੀ ਮਾਈ ਭਾਗੋ ਬਾਰੇ ਸੀ। ਇਸ ਵਿੱਚ ਮੋਹਾਲੀ ਵਿਚਲਾ ਮਾਈ ਭਾਗੋ ਆਰਮਡ ਫੋਰਸਸ ਇੰਸਟੀਚਿਊਟ ਵੀ ਦਿਖਾਇਆ ਗਿਆ ਸੀ।
ਮੁੱਖ ਮੰਤਰੀ ਵੱਲੋਂ ਪੰਜਾਬ ਦੀ ਝਾਕੀ ਨਾ ਸ਼ਾਮਲ ਕੀਤੇ ਜਾਣ ਨੂੰ ''ਵਿਤਕਰਾ'' ਕਿਹਾ ਗਿਆ ਸੀ। ਇਸ ਮਗਰੋਂ ਰੱਖਿਆ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਸੀ ਕਿ "ਪੰਜਾਬ ਦੀ ਝਾਕੀ ਗਣਤੰਤਰ ਦਿਵਸ ਦੀ ਥੀਮ ਦੇ ਮੁਤਾਬਕ ਨਹੀਂ ਸੀ।"
ਮਾਈ ਭਾਗੋ ਦਾ ਪਰਿਵਾਰਕ ਪਿਛੋਕੜ
ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਸ਼ਬਦ ਕੋਸ਼ ਅਤੇ ਹਰਜਿੰਦਰ ਸਿੰਘ ਦਿਲਗੀਰ ਦੇ ਨਵੇਂ ਮਹਾਨਕੋਸ਼ ਵਿੱਚ ਮਾਤਾ ਭਾਗ ਕੌਰ (ਮਾਈ ਭਾਗੋ) ਦੇ ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਉਪਲੱਬਧ ਹੈ।
ਇਨ੍ਹਾਂ ਦੋਵਾਂ ਸਰੋਤਾਂ ਮੁਤਾਬਕ ਮਾਤਾ ਭਾਗ ਕੌਰ ਦਾ ਪਿੰਡ ਝਬਾਲ ਹੈ। ਇਹ ਪਿੰਡ ਤਰਨ ਤਾਰਨ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ''ਤੇ ਹੈ।
ਇਹ ਪੰਜਾਬ ਦੇ ਮਾਝਾ ਇਲਾਕੇ ਵਿੱਚ ਪੈਂਦਾ ਹੈ।
ਇਹ ਵੀ ਜ਼ਿਕਰ ਮਿਲਦਾ ਹੈ ਕਿ ਇਸ ਪਿੰਡ ਵਿੱਚ ਗੁਰੂ ਨਾਨਕ ਦੇਵ ਜੀ, ਗੁਰੂ ਅਰਜੁਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਿੰਘ ਜੀ ਵੀ ਗਏ ਹਨ।
ਮਾਈ ਭਾਗੋ ਦੇ ਪਰਿਵਾਰਕ ਪਿਛੋਕੜ ਬਾਰੇ ਇਤਿਹਾਸ ਵਿੱਚ ਜ਼ਿਕਰ ਮਿਲਦਾ ਹੈ ਕਿ ਉਨ੍ਹਾਂ ਦੇ ਪਿਤਾ ਦਾ ਨਾਮ ਮਾਲੋਸ਼ਾਹ ਸੀ। ਮਾਲੋਸ਼ਾਹ ਦੇ ਪਿਤਾ ਪੈਰੋਸ਼ਾਹ ਦਾ ਵੱਡਾ ਭਰਾ ਲੰਗਾਹ ਗੁਰੂ ਅਰਜੁਨ ਦੇਵ ਜੀ ਦੇ ਸਮੇਂ ਸਿੱਖ ਬਣਿਆ ਸੀ।
ਜਨਮ ਵੇਲੇ ਮਾਈ ਭਾਗੋ ਦਾ ਨਾਮ ਭਾਗਭਰੀ ਰੱਖਿਆ ਗਿਆ ਸੀ।
ਮਾਈ ਭਾਗ ਕੌਰ ਆਪਣੇ ਪਿਤਾ ਨਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਵਿੱਚ ਦੋ ਵਾਰ ਗਏ ਸਨ।
ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਸਾਜਿਆ ਤਾਂ ਇਨ੍ਹਾਂ ਦੇ ਪਰਿਵਾਰ ਦੇ ਕਈ ਮੈਂਬਰ ਵੀ ਅੰਮ੍ਰਿਤ ਛਕ ਕੇ ਆਏ ਸਨ। ਮਾਈ ਭਾਗੋ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਵੀ ਦਰਬਾਰ ਵਿੱਚ ਗਏ ਸਨ।
ਇਤਿਹਾਸਕ ਹਵਾਲਿਆਂ ਮੁਤਾਬਕ, 1700 ਈਸਵੀ ਵਿੱਚ ਪਹਾੜੀ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਜੀ ਦੀ ਦੂਜੀ ਜੰਗ ਮੌਕੇ ਮਾਝੇ ਵਿੱਚੋਂ ਕਈ ਲੋਕ ਅਨੰਦਪੁਰ ਸਾਹਿਬ ਪਹੁੰਚੇ ਸਨ, ਇਸ ਵੇਲੇ ਮਾਈ ਭਾਗ ਕੌਰ ਵੀ ਆਉਣਾ ਚਾਹੁੰਦੇ ਸਨ, ਪਰ ਪਰਿਵਾਰ ਵੱਲੋਂ ਨਹੀਂ ਆਉਣ ਦਿੱਤਾ ਗਿਆ।
40 ਸਿੱਖਾਂ ਨਾਲ ਮਾਈ ਭਾਗੋ
ਮਾਈ ਭਾਗ ਕੌਰ ਜੀ ਦਾ ਵਿਆਹ ਪੱਟੀ ਦੇ ਵਾਸੀ ਚੌਧਰੀ ਦੇਸ ਰਾਜ ਵੜੈਚ ਦੇ ਪੁੱਤਰ ਨਿਧਾਨ ਸਿੰਘ ਨਾਲ ਵਿਆਹ ਹੋਇਆ ਸੀ।
ਦਸੰਬਰ ਸੰਨ 1705 ਵਿੱਚ ਚੌਧਰੀ ਦੇਸ ਰਾਜ ਵੜੈਚ ਚਲਾਣਾ ਕਰ ਗਏ ਸੀ। ਉਸ ਦੇ ਭੋਗ ਮੌਕੇ ਨੇੜਲੇੇ ਪਿੰਡਾਂ ਝਲੀਆਂ ਵਾਲ, ਗੰਡੀਵਿੰਡ, ਸੁਰ ਸਿੰਘ, ਪੰਜਵੜ, ਮੂਸੇ, ਭਿਖੀਵਿੰਡ ਅਤੇ ਮਰ੍ਹਲ ਤੋਂ ਵੀ ਰਿਸ਼ਤੇਦਾਰ ਅਤੇ ਦੋਸਤ ਪੱਟੀ ਪੁੱਜੇ ਸਨ।
ਇਸ ਭੋਗ ਸਮੇਂ ਹੀ ਸਭ ਨੂੰ ਪਤਾ ਲੱਗਿਆ ਕਿ ਗੁਰੂ ਗੋਬਿੰਦ ਸਿੰਘ ਅਨੰਦਪੁਰ ਛੱਡ ਚੁੱਕੇ ਹਨ, ਸਾਰਾ ਪਰਿਵਾਰ ਵਿਛੜ ਗਿਆ ਹੈ। ਮਾਤਾ ਗੁਜਰੀ ਤੇ ਚਾਰੇ ਸਾਹਿਬਜ਼ਾਦੇ ''ਸ਼ਹੀਦ'' ਹੋ ਚੁੱਕੇ ਹਨ।
ਉੱਥੇ ਬੈਠੇ ਸਾਰੇ ਜਣਿਆਂ ਨੇ ਵਿਚਾਰ ਕੀਤੀ ਕਿ ਜੇਕਰ ਅਸੀਂ ਅਨੰਦਪੁਰ ਦੇ ਘੇਰੇ ਵੇਲੇ ਗੁਰੂ ਜੀ ਨਾਲ ਨਹੀਂ ਸੀ ਅਤੇ ਹੁਣ ਜਦੋਂ ਸਾਨੂੰ ਪਤਾ ਲੱਗ ਗਿਆ ਹੈ ਤਾਂ ਗੁਰੂ ਜੀ ਕੋਲ ਜਾਣਾ ਚਾਹੀਦਾ ਹੈ ਤਾਂ ਇਸ ਵਿਚਾਰ ਨਾਲ ਸਹਿਮਤ ਹੋ ਕੇ ਚਾਲੀ ਸਿੱਖ ਗੁਰੂ ਜੀ ਨੂੰ ਮਿਲਣ ਜਾਣ ਲਈ ਤਿਆਰ ਹੋ ਗਏ। ਉਨ੍ਹਾਂ ਵਿੱਚ 41ਵੀਂ ਬੀਬੀ ਭਾਗ ਕੌਰ ਵੀ ਸੀ।
ਇਹ ਜਥਾ ਪੱਟੀ ਤੋਂ ਮਖੂ, ਜ਼ੀਰੇ ਹੁੰਦੇ ਹੋਏ ਰੁਪੇਆਣੇ ਦੀ ਰੋਹੀ ਵਿੱਚ ਮੌਜੂਦ ਪਿੰਡ ਮੱਲਣ ਸੋਢੀਆਂ ਵਾਲੀ ਥਾਂ ਪੁੱਜ ਗਏ।
ਗੁਰੂ ਜੀ ਮਾਝੇ ਤੋਂ ਆਈ ਸੰਗਤ ਦੇਖ ਕੇ ਰੁਕ ਗਏ ਸਨ ਤੇ ਸਾਰੀ ਸੰਗਤ ਵੀ ਬੈਠ ਗਈ ਸੀ।
ਜਦੋਂ 40 ਸਿੱਖਾਂ ਨੇ ਬੇਦਾਵਾ ਦਿੱਤਾ
ਥੋੜ੍ਹੇ ਸਮੇਂ ਬਾਅਦ ਜਥੇ ਵਿੱਚ ਸ਼ਾਮਲ ਭਾਗ ਸਿੰਘ ਨੇ ਕਿਹਾ, ''''ਮਹਾਰਾਜ ਹੁਣ ਤੁਸੀਂ ਲੜਾਈਆਂ ਛੱਡ ਕੇ ਸਾਡੇ ਕੋਲ ਮਾਝੇ ਵਿੱਚ ਆ ਕੇ ਰਹੋ। ਅਸੀਂ ਤੁਹਾਡੀ ਸੁਲਹ ਸਫ਼ਾਈ ਦਿੱਲੀ ਦਰਬਾਰ ਨਾਲ ਕਰਵਾ ਦਿੰਦੇ ਹਾਂ।''''
ਇਸ ਮਗਰੋਂ ਗੁਰੂ ਸਾਹਿਬ ਨੇ ਸਿੱਖਾਂ ਨੂੰ ਝੰਜੋੜਨ ਵਾਲੇ ਸ਼ਬਦ ਕਹੇ।
ਇਹ ਜਵਾਬ ਸੁਣ ਕੇ ਦਿਲਬਾਗ਼ ਸਿੰਘ ਨੇ ਕਿਹਾ, ''''ਮਹਾਰਾਜ! ਜੇਕਰ ਤੁਸੀਂ ਇਸੇ ਤਰ੍ਹਾਂ ਰਹਿਣਾ ਹੈ, ਤੁਸੀਂ ਸਾਡੀ ਗੱਲ ਨਹੀਂ ਮੰਨਣੀ ਤਾਂ ਅਸੀਂ ਜਾਂਦੇ ਹਾਂ। ਸਾਡੇ ਤੋਂ ਹੁਣ ਸਿੱਖੀ ਨਹੀਂ ਨਿਭਣੀ।''''
ਇਸ ਦਾ ਮੋੜਵਾਂ ਜਵਾਬ ਦਿੰਦਿਆਂ ਗੁਰੂ ਜੀ ਨੇ ਕਿਹਾ, ''''ਅਸੀਂ ਤੁਹਾਨੂੰ ਬੁਲਾਇਆ ਨਹੀਂ ਸੀ, ਤੁਸੀਂ ਆਪੇ ਆਏ ਹੋ ਤੇ ਆਪੇ ਚਲੇ ਜਾਓ। ਲਿਖ ਕੇ ਦੇ ਜਾਓ ਕਿ ਅੱਜ ਤੋਂ ਮਾਝਾ ਗੁਰੂ ਦਾ ਸਿੱਖ ਨਹੀਂ ਰਿਹਾ।''''
ਇਹ ਕਹਿ ਕੇ ਗੁਰੂ ਜੀ ਨੇ ਭਾਈ ਮਾਨ ਸਿੰਘ ਨੂੰ ਕਿਹਾ, ''''ਮਾਨ ਸਿੰਘ, ਖੁਰਜੀ ਵਿਚੋਂ ਕਲਮ ਦਵਾਤ ਤੇ ਕਾਗਜ਼ ਲਿਆਓ।''''
ਮਾਨ ਸਿੰਘ ਨੇ ਇਸੇ ਤਰ੍ਹਾਂ ਹੀ ਕੀਤਾ। ਭਾਗ ਸਿੰਘ ਢਿਲੋਂ ਝਬਾਲੀਏ ਨੇ ਕਾਗਜ਼ ਤੇ ''ਅੱਜ ਤੋਂ ਮਾਝੇ ਦੇ ਸਿੱਖ ਗੁਰੂ ਦੇ ਨਹੀਂ ਰਹੇ'', ਲਿਖ ਕੇ ਦਸਤਖ਼ਤ ਕਰ ਦਿੱਤੇ।
ਭਾਗ ਸਿੰਘ ਤੋਂ ਬਾਅਦ ਦਿਲਬਾਗ ਸਿੰਘ, ਘਰਬਾਰਾ ਸਿੰਘ ਤੇ ਗੰਡਾ ਸਿੰਘ ਤਿੰਨਾਂ ਝਬਾਲ ਵਾਸੀਆਂ ਨੇ ਵੀ ਦਸਤਖ਼ਤ ਕਰ ਦਿੱਤੇ।
ਏਨੇ ਚਿਰ ਵਿੱਚ ਇੱਕ ਸੂਹੀਏ ਨੇ ਖ਼ਬਰ ਦਿੱਤੀ ਕਿ ਮੁਗ਼ਲ ਫ਼ੌਜ ਬਹੁਤ ਨੇੜੇ ਪੁੱਜ ਗਈ ਹੈ, ਇਥੋਂ ਕੂਚ ਕਰਨਾ ਚਾਹੀਦਾ ਹੈ।
ਇਸ ਮਗਰੋਂ ਗੁਰੂ ਸਾਹਿਬ ਅੱਗੇ ਰਵਾਨਾ ਹੋ ਗਏ।
ਮਾਈ ਭਾਗੋ ਦਾ ਸੰਬੋਧਨ
ਗੁਰੂ ਸਾਹਿਬ ਜੀ ਦੇ ਜਾਣ ਮਗਰੋਂ ਮਾਈ ਭਾਗੋ ਨੇ ਇਨ੍ਹਾਂ ਚਾਲੀ ਸਿੰਘਾਂ ਵੱਲ ਮੂੰਹ ਕਰਕੇ ਕੁਝ ਇੰਝ ਸੰਬੋਧਨ ਕੀਤਾ, "ਅਜੇ ਤਾਂ ਦੁਨੀ ਚੰਦ ਅਤੇ ਉਸ ਦੇ ਚਾਰ-ਪੰਜ ਮਝੈਲ ਸਿੰਘਾਂ ਵੱਲੋਂ ਅਨੰਦਪੁਰ ਕਿਲ੍ਹੇ ''ਚੋਂ ਰੱਸਾ ਬੰਨ ਕੇ ਭੱਜਣ ਦਾ ਕਲੰਕ ਸਾਡੇ ਮੱਥੇ ਤੋਂ ਨਹੀਂ ਸੀ ਲੱਥਾ। ਅੱਜ ਗੁੱਸੇ ਵਿਚ ਆ ਕੇ ਗੁਰੂ ਸਾਹਿਬ ਨੂੰ ਬੇਦਾਵਾ ਲਿਖ ਦਿੱਤਾ ਹੈ।"
"ਹੁਣ ਅਸੀਂ ਕਿਹੜਾ ਮੂੰਹ ਲੈ ਕੇ ਵਾਪਸ ਵਤਨਾਂ ਨੂੰ ਜਾਵਾਂਗੇ। ਤੁਹਾਨੂੰ ਘਰ ਗਿਆਂ ਨੂੰ ਘਰਵਾਲੀਆਂ ਕੀ ਆਖਣਗੀਆਂ ਕਿ ਸਤਿਗੁਰਾਂ ਦੇ ਆਹ ਦਰਸ਼ਨ ਪਾ ਕੇ ਆਏ ਹੋ? ਲੋਕ ਲਾਹਨਤਾਂ ਪਾਉਣਗੇ।"
"ਕਿਹੜਾ ਮੂੰਹ ਲੈ ਕੇ ਬਾਹਰ ਫਿਰੋਗੇ? ਉਠੋ ਸ਼ੇਰੋ! ਹੰਭਲਾ ਮਾਰੋ, ਗੁਰੂ ਜੀ ਬਖ਼ਸ਼ਿੰਦ ਹਨ। ਉਹ ਜ਼ਰੂਰ ਮੁਆਫ਼ ਕਰਨਗੇ। ਇਸ ਤੋਂ ਬਾਅਦ ਇਨ੍ਹਾਂ ਸਿੱਖਾਂ ਨੇ ਵਾਪਸ ਜਾਣ ਦਾ ਫ਼ੈਸਲਾ ਕੀਤਾ।"
ਮਾਈ ਭਾਗ ਕੌਰ ਅਤੇ ਚਾਲੀ ਮਝੈਲ ਸਿੰਘ ਚਲਦੇ-ਚਲਦੇ ਖਿਦਰਾਣੇ ਦੀ ਢਾਬ ਦੇ ਕੰਢੇ ''ਤੇ ਜਾ ਰੁਕੇ ਤੇ ਪਾਣੀ ਪੀਣ ਲੱਗ ਪਏ ਸਨ।
ਇਸੇ ਵੇਲੇ ਗੁਰੂ ਜੀ ਢਾਬ ਲੰਘ ਕੇ ਨੇੜੇ ਹੀ ਇੱਕ ਟਿਬੀ ''ਤੇ ਜਾ ਬਿਰਾਜੇ ਸਨ। ਇਹ ਉਹੀ ਸਥਾਨ ਹੈ, ਜਿਥੇ ਗੁਰਦੁਆਰਾ ''ਟਿਬੀ ਸਾਹਿਬ'' ਬਣਿਆ ਹੋਇਆ ਹੈ। ਢਾਬ ਵਾਲੀ ਥਾਂ ''ਤੇ ਗੁਰਦੁਆਰਾ ਦਰਬਾਰ ਸਾਹਿਬ, ਤੰਬੂ ਸਾਹਿਬ ਅਤੇ ਅੰਗੀਠਾ ਸਾਹਿਬ ਬਣੇ ਹੋਏ ਹਨ।
ਖਿਦਰਾਣੇ ਦੀ ਢਾਬ ਦੀ ਜੰਗ
ਕੁਝ ਹੀ ਚਿਰ ਮਗਰੋਂ ਸਰਹਿੰਦ ਦੇ ਫ਼ੌਜਦਾਰ ਵਜ਼ੀਰ ਖ਼ਾਨ ਦੀ ਫ਼ੌਜ ਢਾਬ ਦੇ ਕੰਢੇ ਉੱਤੇ ਆ ਪੁੱਜੀ।
ਚਾਲੀ ਮਝੈਲ ਸਿੰਘ ਵੀ ਉਸੇ ਵੇਲੇ ਉਥੇ ਹੀ ਹਾਜ਼ਰ ਸਨ। ਵੇਖਦਿਆਂ ਵੇਖਦਿਆਂ ਹੀ ਦੋਹਾਂ ਪਾਸਿਆਂ ਤੋਂ ਗੋਲੀਆਂ ਤੇ ਤੀਰਾਂ ਦਾ ਮੀਂਹ ਪੈਣਾ ਸ਼ੁਰੂ ਹੋ ਗਿਆ।
ਦੋ ਘੜੀਆਂ (ਪੌਣਾ ਘੰਟਾ) ਬਾਅਦ ਜਦੋਂ ਸਿੱਖ ਫੌਜ ਕੋਲ ਤੀਰ ਤੇ ਗੋਲੀਆਂ ਮੁੱਕ ਗਈਆਂ ਤਾਂ ਉਨ੍ਹਾਂ ਨੇ ਤਲਵਾਰਾਂ ਧੂਹ ਲਈਆਂ ਅਤੇ ਦੁਸ਼ਮਣ ਦੀ ਫ਼ੌਜ ''ਤੇ ਟੁੱਟ ਪਏ।
ਇਹ ਲੜਾਈ ਕਾਫ਼ੀ ਦੇਰ ਚਲਦੀ ਰਹੀ, ਅਖ਼ੀਰ ਸੈਂਤੀ ਸਿੰਘ ''ਸ਼ਹੀਦ'' ਹੋ ਗਏ ਸਨ ਅਤੇ ਬਾਕੀ ਦੇ ਸਿੰਘ ਬੁਰੀ ਤਰ੍ਹਾਂ ਜ਼ਖ਼ਮੀ ਹੋਏ ਸਹਿਕ ਰਹੇ ਸਨ।
ਵਜ਼ੀਰ ਖ਼ਾਨ ਨੇ ਦੇਖਿਆ ਕਿ ਸਿੱਖ ਫ਼ੌਜੀ ਸਾਰੇ ਖ਼ਤਮ ਹੋ ਗਏ ਹਨ, ਉਸ ਨੇ ਆਪਣੀਆਂ ਫ਼ੌਜਾਂ ਨੂੰ ਸ਼ਾਮ ਪੈਣ ਤੋਂ ਪਹਿਲਾਂ ਉਥੋਂ ਨਿਕਲਣ ਦਾ ਹੁਕਮ ਦਿੱਤਾ।
ਜਦੋਂ ਬੇਦਾਵਾ ਪਾੜਿਆ ਗਿਆ
ਥੋੜ੍ਹੀ ਦੇਰ ਮਗਰੋਂ ਗੁਰੂ ਜੀ ਟਿੱਬੀ ਤੋਂ ਚਲ ਕੇ ਖਿਦਰਾਣੇ ਦੀ ਢਾਬ ਦੇ ਕੰਢੇ ''ਤੇ ਆਏ। ਉਸ ਵੇਲੇ ਰਾਏ ਸਿੰਘ ਮੁਲਤਾਨੀ (ਭਾਈ ਮਨੀ ਸਿੰਘ) ਉਸ ਦਾ ਪੁੱਤਰ ਮਹਾਂ ਸਿੰਘ, ਭਾਈ ਸੁੰਦਰ ਸਿੰਘ ਬ੍ਰਾਹਮਣ (ਵਾਸੀ ਪਿੰਡ ਝਲੀਆਂ ਵਾਲਾ) ਸਿਸਕ ਰਹੇ ਸਨ।
ਇਤਿਹਾਸਕ ਹਵਾਲਿਆਂ ਮੁਤਾਬਕ, ਗੁਰੂ ਸਾਹਿਬ ਜੀ ਇਨ੍ਹਾਂ ਤਿੰਨਾਂ ਦੇ ਮੂੰਹ ਵਿੱਚ ਪਾਣੀ ਪਾਇਆ, ਮਰ੍ਹਮ ਪੱਟੀ ਕੀਤੀ ਪਰ ਇਨ੍ਹਾਂ ਦੇ ਜ਼ਖ਼ਮ ਬੜੇ ਡੂੰਘੇ ਸਨ।
ਸਿੱਖ ਵਿਦਵਾਨ ਪਿਆਰਾ ਸਿੰਘ ਪਦਮ ਦੀ ਸੰਪਾਦਿਤ ਕਿਤਾਬ ‘‘ਗੁਰੂ ਕੀਆਂ ਸਾਖੀਆਂ’’ ਅਨੁਸਾਰ ਗੁਰੂ ਸਾਹਿਬ ਨੇ ਸਹਿਕ ਰਹੇ ਤਿੰਨਾਂ ਸਿੰਘਾਂ ਨੂੰ ਪੁੱਛਿਆ ਕਿ ਤੁਹਾਨੂੰ ਕੀ ਚਾਹੀਦਾ ਹੈ, ਆਪਣੇ ਮੂੰਹੋਂ ਮੰਗ ਲਵੋ। ਸਿੱਖਾਂ ਵੱਲੋਂ ਮੰਗ ਕਰਨ ਉੱਤੇ ਗੁਰੂ ਜੀ ਨੇ ਬੇਦਾਵੇ ਵਾਲਾ ਕਾਗਜ਼ ਫਾੜ ਦਿੱਤਾ।
ਨਾਂਦੇੜ
ਗੁਰੂ ਕੀਆਂ ਸਾਖੀਆਂ ਵਿੱਚ ਅੱਗੇ ਲਿਖਿਆ ਗਿਆ ਹੈ ਕਿ ਮਾਈ ਭਾਗੋ ਵੀ ਇਸ ਜੰਗ ਵਿੱਚ ਜ਼ਖ਼ਮੀ ਹੋਏ ਸਨ। ਉਹ ਗੁਰੂ ਸਾਹਿਬ ਦੇ ਸਿੱਖਾਂ ਵਿੱਚ ਸ਼ਾਮਲ ਹੋ ਗਏ ਸਨ ਅਤੇ ਅਜੋਕੇ ਮਹਾਰਾਸ਼ਟਰ ਵਿਚਲੇ ਨਾਂਦੇੜ ਆ ਗਏ ਸਨ।
ਉਹ ਗੁਰੂ ਸਾਹਿਬ ਦੇ ਨਿਵਾਸ ਦੇ ਬਾਹਰ ਪਹਿਰਾ ਦਿੰਦੇ ਸਨ।
ਇਸ ਮਗਰੋਂ ਮਾਈ ਭਾਗ ਕੌਰ ਜੀ ਨਾਂਦੇੜ ਛੱਡ ਕੇ ''ਬਿਦਰ'' ਸ਼ਹਿਰ ਜਿਥੇ ਗੁਰੂ ਨਾਨਕ ਸਾਹਿਬ ਜੀ ਗਏ ਸਨ, ਉਥੇ ਰਹਿਣ ਲੱਗੇ। ਉਹ ਬਿਦਰ ਤੋਂ 10 ਕੁ ਕਿਲੋਮੀਟਰ ਦੂਰ ਜਨਵਾੜਾ ਵਿਖੇ ਰਹਿੰਦੇ ਸਨ।
ਜਨਵਾੜਿਆਂ ਦੀ ਇੱਕ ਛੋਟੀ ਜਿਹੀ ਗੜ੍ਹੀ ਵਿੱਚ ਉਹ ਉਥੇ ਮਾਤਾ ਜੀ ਦੇ ਨੇਜਾ ਤੇ ਕੁਝ ਹੋਰ ਹਥਿਆਰ ਪਏ ਹੋਏ ਹਨ।
ਇਸ ਥਾਂ ਉੱਤੇ ਹੁਣ ਗੁਰਦੁਆਰਾ ਸਾਹਿਬ ਸਥਿਤ ਹੈ।
(ਲੇਖਕ ਸਿੱਖ ਇਤਿਹਾਸ ਦੇ ਖੋਜਕਾਰ ਹਨ ਅਤੇ ਉਕਤ ਲੇਖ ਦੀ ਸਮੁੱਚੀ ਜਾਣਕਾਰੀ ਭਾਈ ਕਾਹਨ ਸਿੰਘ ਨਾਭਾ ਦੇ ਮਹਾਨ ਕੋਸ਼, ਹਰਜਿੰਦਰ ਸਿੰਘ ਦਿਲਗੀਰ ਦੇ ਨਵਾਂ ਮਹਾਨ ਕੋਸ਼, ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼, ਖੁਸ਼ਵੰਤ ਸਿੰਘ ਦੇ ਸਿੱਖ ਇਤਿਹਾਸ, ਭਾਈ ਕਾਹਨ ਸਿੰਘ ਨਾਭਾ ਦੀ ਗੁਰਮਿਤ ਮਾਰਤੰਡ ਅਤੇ ਪਿਆਰਾ ਸਿੰਘ ਪਦਮ ਦੀ ਕਿਤਾਬ ਗੁਰੂ ਕੀਆਂ ਸਾਖ਼ੀਆਂ ਉੱਤੇ ਅਧਾਰਿਤ ਹੈ।)
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕੈਨੇਡਾ ਦੇ ਇਸ ਸੂਬੇ ਵੱਲੋਂ ‘ਕੈਨੇਡੀਅਨ ਐਕਸਪੀਰੀਅੰਸ’ ਦੀ ਸ਼ਰਤ ਖ਼ਤਮ ਹੋਣ ਨਾਲ ਕੀ ਕੁਝ ਬਦਲੇਗਾ
NEXT STORY