ਆਸਟ੍ਰੇਲੀਆ ਦੇ ਸਰਕਾਰ ਨੇ ਹਾਲ ਹੀ ਵਿੱਚ ਗੋਲਡਨ ਵੀਜ਼ਾ ਦੀ ਸਹੂਲਤ ਬੰਦ ਕਰਨ ਦਾ ਐਲਾਨ ਕੀਤਾ ਹੈ।
ਇਸ ਵੀਜ਼ਾ ਦਾ ਮਨੋਰਥ ਵਿਦੇਸ਼ੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨਾ ਸੀ, ਪਰ ਸਰਕਾਰ ਦੇ ਸਾਹਮਣੇ ਇਹ ਆਇਆ ਕਿ ਇਸ ਦਾ “ਬਹੁਤਾ ਆਰਥਿਕ ਫਾਇਦਾ” ਨਹੀਂ ਹੋਇਆ।
ਸਾਲ 2021 ’ਚ ਬਾਲੀਵੁੱਡ ਅਦਾਕਾਰ ਸੰਜੇ ਦੱਤ ਨੂੰ ਯੂਏਈ ਵੱਲੋਂ ਗੋਲਡਨ ਵੀਜ਼ਾ ਦਿੱਤਾ ਗਿਆ ਸੀ ਤਾਂ ਇਸ ਬਾਰੇ ਚਰਚਾ ਕਾਫੀ ਛਿੜੀ ਸੀ।
ਪਰ ਗੋਲਡਨ ਵੀਜ਼ਾ ਹੁੰਦਾ ਕੀ ਹੈ, ਕਿਉਂ ਅਮੀਰ ਲੋਕ ਇਸ ਵੀਜ਼ੇ ਲਈ ਕਰੋੜਾਂ ਦਾ ਨਿਵੇਸ਼ ਦੂਸਰੇ ਦੇਸ਼ਾਂ ਵਿੱਚ ਕਰਨ ਲਈ ਤਿਆਰ ਹੋ ਜਾਂਦੇ ਹਨ ਅਤੇ ਹੁਣ ਇਸ ਵੀਜ਼ਾਂ ਨੂੰ ਖ਼ਤਮ ਕਿਉਂ ਕੀਤਾ ਜਾ ਰਿਹਾ ਹੈ, ਜਾਣਦੇ ਹਾਂ ਇਸ ਰਿਪੋਰਟ ’ਚ।
ਗੋਲਡਨ ਵੀਜ਼ਾ ਹੁੰਦਾ ਕੀ ਹੈ
ਵੱਖ-ਵੱਖ ਮੁਲਕਾਂ ਦੀਆਂ ਸਰਕਾਰਾਂ ਵੱਲੋਂ ਇਸ ਤਰ੍ਹਾਂ ਦੇ ਵੀਜ਼ਾ ਦਿੱਤੇ ਜਾਂਦੇ ਹਨ ਤਾਂ ਜੋ ਨਿਵੇਸ਼ਕ ਉਨ੍ਹਾਂ ਦੇ ਦੇਸ਼ ਦੀ ਨਾਗਰਿਕਤਾ ਲੈਣ ਲਈ ਵੱਡੇ ਪੱਧਰ ਪੈਸੇ ਲਗਾਉਣ।
ਇਸ ਦਾ ਮੰਤਵ ਉਨ੍ਹਾਂ ਦੇ ਦੇਸ਼ ਦੀ ਆਰਥਿਕਤਾ ਮਜ਼ਬੂਤ ਕਰਨਾ ਹੁੰਦਾ ਹੈ।
ਇਨ੍ਹਾਂ ਵਿੱਚੋਂ ਇੱਕ ਹੈ ਗੋਲਡਨ ਵੀਜ਼ਾ। ਇਸ ਵੀਜ਼ਾ ਲਈ ਵੱਖ-ਵੱਖ ਦੇਸ਼ਾਂ ਦੇ ਆਪਣੇ ਨਿਯਮ ਹੁੰਦੇ ਹਨ।
‘ਇਨਵੈਸਟੋਪੀਡੀਆ’ ਦੀ ਵੈੱਬਸਾਈਟ ਮੁਤਾਬਕ, ਗੋਲਡਨ ਵੀਜ਼ਾ ਇੱਕ ਤਰ੍ਹਾਂ ਦਾ ਇਨਵੈਸਟਮੇਂਟ ਪ੍ਰੋਗਰਾਮ ਹੁੰਦਾ ਹੈ ਜੋ ਕਿ ਨਿਵੇਸ਼ਕ ਲਈ ਕਿਸੇ ਦੇਸ਼ ’ਚ ਵੱਡਾ ਨਿਵੇਸ਼ ਕਰਕੇ ਆਪਣੇ ਪਰਿਵਾਰ ਸਣੇ ਨਾਗਰਿਕਤਾ ਜਾਂ ਪੀਆਰ ਹਾਸਲ ਕਰਨ ਦਾ ਰਾਹ ਖੋਲ੍ਹਦਾ ਹੈ।
ਗੋਲਡਨ ਵੀਜ਼ਾ ਦੇ ਤਹਿਤ ਤੁਹਾਨੂੰ ਕਈ ਤਰ੍ਹਾਂ ਦੀ ਸਹੂਲਤਾਂ ਮਿਲਦੀਆਂ ਹਨ ਅਤੇ ਕੁਝ ਸਮੇਂ ਲਈ ਟੈਕਸ ਵਿੱਚ ਵੀ ਵੱਡੀ ਛੋਟ ਮਿਲਦੀ ਹੈ।
ਹਾਲਾਂਕਿ ਹਰ ਦੇਸ਼ ਦੇ ਨਿਵੇਸ਼ ਅਤੇ ਸਹੂਲਤਾਂ ਦੇ ਨਿਯਮ ਵੱਖ-ਵੱਖ ਹੁੰਦੇ ਹਨ।
ਗੋਲਡਨ ਵੀਜ਼ਾ ਤਹਿਤ ਵੱਖ-ਵੱਖ ‘ਇਨਵੈਸਟਮੈਂਟ ਪ੍ਰੋਗਰਾਮ’ ਆਉਂਦੇ ਹਨ ਜਿਸ ਲਈ ਤੁਹਾਨੂੰ ਇੱਕ ਤੈਅ ਰਕਮ ਨਿਵੇਸ਼ ਕਰਨੀ ਹੁੰਦੀ ਹੈ।
‘ਹੈਨਲੇ ਐਂਡ ਪਾਰਟਨਰਜ਼’ ਮੁਤਾਬਕ, ਗੋਲਡਨ ਵੀਜ਼ਾ ਤਹਿਤ ਆਮ ਤੌਰ ’ਤੇ ਵੀਜ਼ਾ ਲੈਣ ਲਈ ਤੁਹਾਨੂੰ ਘੱਟੋ-ਘੱਟ 12 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ।
ਆਸਟਰੇਲੀਆ ਨੇ ਗੋਲਡਨ ਵੀਜ਼ਾ ਕਿਉਂ ਖ਼ਤਮ ਕੀਤਾ
ਸਿਡਨੀ ਤੋਂ ਬੀਬੀਸੀ ਪੱਤਰਕਾਰ ਹਨਾਹ ਰਿਚੀ ਦੀ ਰਿਪੋਰਟ ਦੇ ਮੁਤਾਬਕ, ਆਸਟਰੇਲੀਆ ਵੱਲੋਂ ਇਹ ਵੀਜ਼ਾ ਨੀਤੀ ਵਿਦੇਸ਼ੀ ਕਾਰੋਬਾਰੀਆਂ ਲਈ ਸ਼ੁਰੂ ਕੀਤੀ ਗਈ ਸੀ ਪਰ ਇਸ ਦੇ ਸਿੱਟੇ ਸਹੀ ਨਾ ਨਿਕਲਣ ’ਤੇ ਇਸ ਨੂੰ ਪਰਵਾਸ ਨੀਤੀ ਵਿੱਚ ਕੀਤੇ ਸੁਧਾਰਾਂ ਤੋਂ ਬਾਅਦ ਖ਼ਤਮ ਕਰ ਦਿੱਤਾ ਹੈ।
ਆਲੋਚਕਾਂ ਵੱਲੋਂ ਪਹਿਲਾਂ ਹੀ ਇਸ ਨੀਤੀ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਇਸ ਨਾਲ ਭ੍ਰਿਸ਼ਟਾਚਾਰੀਆਂ ਵੱਲੋਂ ਇਸ ਦੀ ਵਰਤੋਂ ‘ਗੈਰ-ਕਾਨੂੰਨੀ ਪੈਸੇ’ ਨੂੰ ਵਰਤਣ ਲਈ ਕੀਤੀ ਜਾ ਰਹੀ ਸੀ।
ਰਿਪੋਰਟ ਦੇ ਮੁਤਾਬਕ ਹੁਣ ਇਸ ਦੇ ਬਦਲ ’ਚ ‘ਸਕਿਲਡ ਵਰਕਰ ਵੀਜ਼ਾ’ (ਹੁਨਰਮੰਦ ਕਾਮਿਆਂ ਲਈ ਵੀਜ਼ਾ) ਲਿਆਂਦੇ ਜਾਣਗੇ।
ਆਸਟਰੇਲੀਆ ਦੇ ਗੋਲਡਨ ਵੀਜ਼ਾ ਤਹਿਤ ਨਿਵੇਸ਼ਕਾਂ ਨੂੰ ਘੱਟੋ-ਘੱਟ 3.3 ਮਿਲੀਅਨ ਡਾਲਰ ਯਾਨੀ ਕਰੀਬ ਕਰੀਬ 27 ਕਰੋੜ 44 ਲੱਖ ਰੁਪਏ ਦਾ ਨਿਵੇਸ਼ ਕਰਨਾ ਹੁੰਦਾ ਸੀ।
ਕਈ ਵਾਰ ਦੀ ਜਾਂਚ ’ਚ ਸਰਕਾਰ ਨੂੰ ਇਹ ਸਮਝ ਆਇਆ ਕਿ ਇਸ ਨੀਤੀ ਨੂੰ ਜਿਸ ਟੀਚੇ ਨਾਲ ਸ਼ੁਰੂ ਕੀਤਾ ਗਿਆ ਸੀ, ਉਹ ਉਸ ’ਤੇ ਖਰੀ ਨਹੀਂ ਉਤਰ ਸਕੀ।
ਸਰਕਾਰ ਦਾ ਕਹਿਣਾ ਹੈ ਕਿ ਉਹ ਇਸ ਵੀਜ਼ਾ ਨੂੰ ਖਤ਼ਮ ਕਰਕੇ ਅਜਿਹੇ ਸਕਿਲਡ ਵੀਜ਼ਾ ਲੈ ਕੇ ਆਉਣਗੇ ਜਿਸ ਨਾਲ ਹੁਨਰਮੰਦ ਲੋਕ ਉਨ੍ਹਾਂ ਦੇ ਦੇਸ਼ ਆਉਣਗੇ ਅਤੇ ਆਸਟਰੇਲੀਆ ਦੀ ਆਰਥਿਕਤਾ ’ਚ ਸਕਾਰਾਤਮਕ ਯੋਗਦਾਨ ਪਾਉਣਗੇ।
ਆਸਟਰੇਲੀਆ ਦੀ ਗ੍ਰਹਿ ਮੰਤਰੀ ਕਲੇਰ ਓ ਨੀਲ ਨੇ ਇਸ ਬਾਰੇ ਬਿਆਨ ਜਾਰੀ ਕਰਦਿਆਂ ਕਿਹਾ ਕਿ ‘ਇਹ ਸਾਫ਼ ਹੈ ਕਿ ਇਹ ਵੀਜ਼ਾ ਉਹ ਨਹੀਂ ਦੇ ਪਾ ਰਿਹਾ ਜੋ ਸਾਡੇ ਅਰਥਚਾਰੇ ਦੀ ਉਮੀਦ ਅਤੇ ਜ਼ਰੂਰਤ ਹੈ।’
ਗੋਲਡਨ ਵੀਜ਼ਾ ਧਾਰਕਾਂ ਨੂੰ ਕੀ ਸਹੂਲਤਾਂ ਮਿਲਦੀਆਂ ਹਨ
ਨਾਗਰਿਕਤਾ ਜਾਂ ਪੀਆਰ – ਗੋਲਡਨ ਵੀਜ਼ਾ ਤੁਹਾਨੂੰ ਅਤੇ ਤੁਹਾਡੇ ਪਾਰਿਵਾਰਿਕ ਮੈਂਬਰਾਂ ਨੂੰ ਉਸ ਦੇਸ਼ ’ਚ ਰਹਿਣ ਅਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ।
ਕੁਝ ਕੇਸਾਂ ਵਿੱਚ ਤੁਹਾਨੂੰ ਉਸ ਦੇਸ਼ ਦੀ ਪੀਆਰ (ਪਰਮਾਨੈਂਟ ਰੈਜ਼ੀਡੈਂਸ) ਜਾਂ ਫਿਰ ਨਾਗਰਿਕਤਾ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਇਸ ਲਈ ਕਿਸੇ ਸਪੌਂਸਰ ਦੀ ਲੋੜ ਹੁੰਦੀ ਸੀ। ਸ਼ਰਤਾਂ ਦੀ ਪਾਲਣਾ ਕਰਕੇ ਮਾਪਿਆਂ ਨੂੰ ਵੀ ਸਪੌਂਸਰ ਕੀਤਾ ਜਾ ਸਕਦਾ ਹੈ।
ਟ੍ਰੈਵਲ – ਜਦੋਂ ਤੁਹਾਨੂੰ ਕਿਸੇ ਦੇਸ਼ ਦਾ ਗੋਲਡਨ ਵੀਜ਼ਾ ਮਿਲ ਜਾਂਦਾ ਹੈ ਤਾਂ ਤੁਸੀਂ ਉਸ ਦੇਸ਼ ਦੇ ਕਿਸੇ ਵੀ ਹਿੱਸੇ ’ਚ ਸੁਤੰਤਰ ਰੂਪ ਨਾਲ ਘੁੰਮ-ਫਿਰ ਸਕਦੇ ਹੋ। ਕੁਝ ਯੂਰੋਪੀਅਨ ਦੇਸ਼ ਗੋਲਡਨ ਵੀਜ਼ਾ ਧਾਰਕਾਂ ਨੂੰ ਯੂਰੋਪੀਅਨ ਯੂਨੀਅਨ ’ਚ ਘੁੰਮਣ ਦੀ ਇਜਾਜ਼ਤ ਦਿੰਦੇ ਹਨ।
ਸਿੱਖਿਆ ਅਤੇ ਸਿਹਤ – ਕਈ ਦੇਸ਼ਾਂ ਵਿੱਚ ਗੋਲਡਨ ਵੀਜ਼ਾ ਦੇ ਨਾਲ ਤੁਸੀਂ ਉਸ ਦੇਸ਼ ਦੇ ਸਥਾਨਕ ਸਿੱਖਿਆ ਸਿਸਟਮ ਅਤੇ ਸਿਹਤ ਸਿਸਟਮ ਦੀਆਂ ਸਹੂਲਤਾਂ ਲੈ ਸਕਦੇ ਹੋ।
ਟੈਕਸ – ਕਈ ਦੇਸ਼ ਗੋਲਡਨ ਵੀਜ਼ਾ ਧਾਰਕਾਂ ਨੂੰ ਟੈਕਸ ਤੋਂ ਕੁਝ ਰਾਹਤ ਜਾਂ ਪੂਰੀ ਛੋਟ ਦਿੰਦੇ ਹਨ।
ਹੋਰ ਕਿਹੜੇ ਦੇਸ਼ਾਂ ’ਚ ਗੋਲਡਨ ਵੀਜ਼ਾ ਰਿਹਾ ਵਿਵਾਦਾਂ ’ਚ
ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਕਿਸੀ ਦੇਸ਼ ਨੇ ਗੋਲਡਨ ਵੀਜ਼ਾ ਨੀਤੀ ਨੂੰ ਰੱਦ ਕੀਤਾ ਹੋਵੇ ਬਲਕਿ ਇਸ ਤੋਂ ਪਹਿਲਾਂ ਸਾਲ 2022’ਚ ਯੂਕੇ ਨੇ ਵੀ ਆਪਣੀ ਇਸ ਨੀਤੀ ਨੂੰ ਖ਼ਤਮ ਕੀਤਾ ਸੀ।
ਇਸ ਵੀਜ਼ਾ ਨੂੰ ਲੈ ਕੇ ਖਦਸ਼ੇ ਯੂਰਪੀਅਨ ਦੇਸ਼ ਮਾਲਟਾ ’ਚ ਵੀ ਹੋ ਗਏ ਜਦੋਂ ਬਹੁਤ ਅਮੀਰ ‘ਨੌਨ-ਯੂਰੋਪੀਅਨ ਲੋਕ’ ਧੜਾਧੜ ਇੱਥੇ ਦੀ ਨਾਗਰਿਕਤਾ ਹਾਸਲ ਕਰਨ ਲੱਗ ਗਏ।
ਯੂਰੋਪੀਅਨ ਯੂਨੀਅਨ ਨੇ ਵੀ ਇਸ ਨੂੰ ਲੈ ਕੇ ਖਦਸ਼ੇ ਪ੍ਰਗਟ ਕੀਤੇ ਸਨ ਕਿ ਇਸ ਨਾਲ ਮਨੀ ਲਾਂਡਰਿੰਗ (ਕਾਲੇ ਧਨ ਨੂੰ ਸਫੈਦ ਬਣਾਉਣਾ), ਟੈਕਸ ਚੋਰੀ ਅਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਧਣਗੇ।
ਬੀਬੀਸੀ ਨਿਊਜ਼ ਦੀ ਰਿਪੋਰਟ ਦੇ ਮੁਤਾਬਕ, ਸਾਲ 2019 ’ਚ ਤਾਂ ਯੂਰੋਪੀਅਨ ਯੂਨੀਅਨ ਕਮੀਸ਼ਨ ਵੱਲੋਂ ਯੂਰਪੀਅਨ ਦੇਸ਼ਾਂ ਨੂੰ ਉਨ੍ਹਾਂ ਨਿਵੇਸ਼ਕਾਂ ਤੋਂ ਸਾਵਧਾਨ ਰਹਿਣ ਲਈ ਕਿਹਾ ਸੀ ਜੋ ‘ਗੋਲਡਨ ਵੀਜ਼ਾ’ ਰਾਹੀਂ ਉਨ੍ਹਾਂ ਦੇ ਦੇਸ਼ ’ਚ ਨਾਗਰਿਕਤਾ ਹਾਸਲ ਕਰ ਰਹੇ ਹਨ।
ਬਾਲੀਵੁੱਡ ਕਲਾਕਾਰਾਂ ਸਣੇ ਭਾਰਤ ਦੀਆਂ ਕਈ ਚਰਚਿਤ ਹਸਤੀਆਂ ਨੇ ਵੀ ਮੀਡੀਆ ਰਿਪੋਰਟਾਂ ਮੁਤਾਬਕ ਦੁਬਈ ਭਾਵ ਯੂਏਈ ਦਾ ਗੋਲਡਨ ਵੀਜ਼ਾ ਹਾਸਲ ਕੀਤਾ ਹੋਇਆ ਹੈ। ਇਸ ਵੀਜ਼ਾ ਦੇ ਨਾਲ ਉਹ ਉੱਥੇ ਰਹਿ ਸਕਦੇ ਹਨ ਅਤੇ ਕਈ ਸਹੂਲਤਾਂ ਹਾਸਲ ਕਰ ਸਕਦੇ ਹਨ।
ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਮੁਤਾਬਕ ਸਾਲ 2022 ਵਿੱਚ ਪੁਰਤਗਾਲ ਦਾ ਗੋਲਡਨ ਵੀਜ਼ਾ ਲੈਣ ਵਾਲੇ ਲੋਕਾਂ ਦੀ ਸੂਚੀ ਵਿੱਚ ਭਾਰਤ ਦੇ ਨਾਗਰਿਕ ਵੀ ਸ਼ਾਮਲ ਸਨ।
ਭਾਰਤ ਦਾ ਇਸ ਸੂਚੀ ਵਿੱਚ ਚੌਥਾ ਸਥਾਨ ਸੀ, ਭਾਵ ਕਿ ਭਾਰਤੀ ਲੋਕਾਂ ਦੀ ਗਿਣਤੀ ਇਹ ਵੀਜ਼ਾ ਲੈਣ ਵਾਲਿਆਂ ਵਿੱਚ ਚੌਥੇ ਥਾਂ ਉੱਤੇ ਸੀ।
ਹੋਰ ਦੇਸ਼ਾਂ ਵਿੱਚ ਹੈ ਗੋਲਡਨ ਵੀਜ਼ਾ ਲਈ ਕਿੰਨਾ ਪੈਸਾ ਲਗਦਾ ਹੈ
ਅਮਰੀਕਾ ਵਿੱਚ 5 ਲੱਖ ਡਾਲਰ
ਐਂਟੀਗੁਆ ਐਂਡ ਬਰਬੁਡਾ ਵਿੱਚ ਇੱਕ ਲੱਖ ਡਾਲਰ
ਸਾਇਪ੍ਰਸ ਵਿੱਚ ਦੋ ਮਿਲੀਅਨ ਯੂਰੋ
ਰਿਪਬਲਿਕ ਆਫ ਆਇਰਲੈਂਡ ਵਿੱਚ ਇੱਕ ਮਿਲੀਅਨ ਯੂਰੋ
ਸੈਂਟ ਕਿਟਸ ਵਿੱਚ 1,50,000 ਡਾਲਰ
ਵੈਨਆਟੂ ਵਿੱਚ 1,60,000 ਡਾਲਰ
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
ਕਰਪੂਰੀ ਠਾਕੁਰ ਨੂੰ ਭਾਰਤ ਰਤਨ: ਉਹ ਸੀਐੱਮ ਜਿਸ ਨੇ ਢਾਈ ਸਾਲ ਰਾਜ ਕੀਤਾ ਪਰ ਕੀਤੇ ਕੰਮ ਅੱਜ ਵੀ ਯਾਦ ਕੀਤੇ...
NEXT STORY