ਮਲਕੀਤ ਸਿੰਘ ਰੌਣੀ ਪੰਜਾਬ ਦੇ ਚੋਣਵੇਂ ਕਲਾਕਾਰਾਂ ਵਿੱਚੋਂ ਹਨ ਜਿਨ੍ਹਾਂ ਨੂੰ ਹਾਲੀਵੁੱਡ ਫ਼ਿਲਮਾਂ ਵਿੱਚ ਵੀ ਕੰਮ ਕਰਨ ਦਾ ਮੌਕਾ ਮਿਲਿਆ।
ਮਲਕੀਤ ਰੌਣੀ ਇੱਕ ਅਦਾਕਾਰ ਦੇ ਨਾਲ-ਨਾਲ ਸਮਾਜਿਕ ਮੁੱਦਿਆਂ ਪ੍ਰਤੀ ਚੇਤਨਾ ਰੱਖਣ ਵਾਲੇ ਇਨਸਾਨ ਵੀ ਹਨ।
ਜ਼ਿੰਦਗੀ ਦੇ 10-12 ਸਾਲ ਮੁੰਬਈ ਰਹਿਣ ਅਤੇ ਹਿੰਦੀ ਪਰਦੇ ’ਤੇ ਅਦਾਕਾਰੀ ਕਰਨ ਦੇ ਬਾਵਜੂਦ ਉਨ੍ਹਾਂ ਨੇ ਆਪਣੀ ਕਲਾ ਅਤੇ ਸੁਭਾਅ ਵਿਚਲੀ ਪੰਜਾਬੀਅਤ ਨੂੰ ਕਾਇਮ ਰੱਖਿਆ ਹੈ।
ਮਲਕੀਤ ਰੌਣੀ ਸਕੂਲ ਦੇ ਦਿਨਾਂ ਤੋਂ ਥੀਏਟਰ ਨਾਲ ਜੁੜੇ ਹੋਏ ਹਨ।
ਰੰਗ-ਮੰਚ ’ਤੇ ਨਾਟਕ ਖੇਡਣ ਤੋਂ ਇਲਾਵਾ ਉਹ ਹੁਣ ਤੱਕ 138 ਪੰਜਾਬੀ ਫ਼ਿਲਮਾਂ, 25 ਦੇ ਕਰੀਬ ਪੰਜਾਬੀ ਟੀਵੀ ਸੀਰੀਅਲ, 50 ਹਿੰਦੀ ਸੀਰੀਅਲ ਤੇ ਦਰਜਨ ਤੋਂ ਵੱਧ ਹਿੰਦੀ ਫ਼ਿਲਮਾਂ ਅਤੇ 2 ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਕੰਮ ਕਰ ਚੁੱਕੇ ਹਨ।
ਇਸ ਵੇਲੇ ਉਹ ਪੰਜਾਬ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਵੀ ਹਨ।
ਉਨ੍ਹਾਂ ਦੇ ਪੰਜਾਬੀ ਫ਼ਿਲਮਾਂ ਵਿੱਚ ਨਿਭਾਏ ਕਿਰਦਾਰ ਅਸਲੀਅਤ ਦੇ ਬੇਹੱਦ ਕਰੀਬ ਜਾਪਦੇ ਹਨ।
ਰੌਣੀ ਦੱਸਦੇ ਹਨ ਕਿ ਵਿਦੇਸ਼ਾਂ ਤੋਂ ਕਰੀਬ 15-20 ਲੋਕ ਅਕਸਰ ਉਨ੍ਹਾਂ ਨੂੰ ਫ਼ੋਨ ਕਰਕੇ ਹਾਲ-ਚਾਲ ਪੁੱਛਦੇ ਹਨ ਕਿਉਂਕਿ ਉਨ੍ਹਾਂ ਨੂੰ ਫ਼ਿਲਮਾਂ ਵਿੱਚ ਨਿਭਾਏ ਕਿਰਦਾਰਾਂ ਜ਼ਰੀਏ ਰੌਣੀ ਆਪਣੇ ਪਿਤਾ, ਚਾਚਾ, ਤਾਇਆ ਜਾਂ ਆਪਣੇ ਕਿਸੇ ਹੋਰ ਵੱਡੇ ਜਿਹੇ ਲੱਗਦੇ ਹਨ।
ਮਲਕੀਤ ਰੌਣੀ ਲੋਕਾਂ ਦੇ ਅਜਿਹੇ ਸਤਿਕਾਰ ਨੂੰ ਆਪਣੀ ਵੱਡੀ ਪ੍ਰਾਪਤੀ ਮੰਨਦੇ ਹਨ।
ਪਰਿਵਾਰਕ ਪਿਛੋਕੜ
ਮਲਕੀਤ ਰੌਣੀ, ਰੋਪੜ ਜ਼ਿਲ੍ਹੇ ਦੇ ਪਿੰਡ ਰੌਣੀ ਖੁਰਦ ਦੇ ਇੱਕ ਕਿਸਾਨ ਪਰਿਵਾਰ ਨਾਲ ਸੰਬੰਧ ਰੱਖਦੇ ਹਨ, ਉਨ੍ਹਾਂ ਦੇ ਪਿਤਾ ਗੁਰਚਰਨ ਸਿੰਘ ਫ਼ੌਜ ਵਿੱਚ ਨੌਕਰੀ ਕਰਦੇ ਸਨ।
ਰੌਣੀ ਦੇ ਮਾਤਾ ਦਾ ਨਾਮ ਭੁਪਿੰਦਰ ਕੌਰ ਹੈ। ਰੌਣੀ ਦਾ ਜਨਮ 8 ਨਵੰਬਰ 1975 ਨੂੰ ਹੋਇਆ ਸੀ।
ਪੰਜਵੀਂ ਜਮਾਤ ਤੱਕ ਮਲਕੀਤ ਰੌਣੀ ਮੁਹਾਲੀ ਜ਼ਿਲ੍ਹੇ ਵਿੱਚ ਪੈਂਦੇ ਆਪਣੇ ਨਾਨਕੇ ਪਿੰਡ ਖੇੜਾ ਵਿੱਚ ਰਹੇ, ਕਿਉਂਕਿ ਪਿਤਾ ਦੀ ਫ਼ੌਜ ਵਿੱਚ ਨੌਕਰੀ ਹੋਣ ਕਾਰਨ ਮਾਪੇ ਉਸ ਦੌਰਾਨ ਅਕਸਰ ਪੋਸਟਿੰਗ ਵਾਲੀਆਂ ਥਾਂਵਾਂ ‘ਤੇ ਰਹਿੰਦੇ ਸੀ।
ਮਲਕੀਤ ਰੌਣੀ ਹੁਰਾਂ ਦੇ ਇੱਕ ਵੱਡੀ ਭੈਣ ਹੈ, ਜਿਨ੍ਹਾਂ ਦਾ ਨਾਮ ਕੁਲਵਿੰਦਰ ਕੌਰ ਹੈ।
ਉਨ੍ਹਾਂ ਦੇ ਛੋਟੇ ਭਰਾ ਤਜਿੰਦਰ ਸਿੰਘ ਪਿੰਡ ਦੇ ਨੰਬਰਦਾਰ ਹਨ।ਫੌਜ ਵਿੱਚੋਂ ਰਿਟਾਇਰ ਮਲਕੀਤ ਰੌਣੀ ਦੇ ਪਿਤਾ ਸਾਲ 2009 ਵਿੱਚ ਅਕਾਲ ਚਲਾਣਾ ਕਰ ਗਏ ਸਨ।
ਕਿਸ ਤੋਂ ਪ੍ਰਭਾਵਿਤ ਹੋ ਕੇ ਐਕਟਰ ਬਣਨ ਬਾਰੇ ਸੋਚਿਆ ?
ਮਲਕੀਤ ਰੌਣੀ ਸੱਤਵੀਂ ਜਮਾਤ ਵਿੱਚ ਸਨ ਜਦੋਂ ਉਨ੍ਹਾਂ ਨੇ ਐਕਟਰ ਬਣਨ ਬਾਰੇ ਸੋਚਿਆ ਅਤੇ ਇਸ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ।
ਰੌਣੀ ਦੱਸਦੇ ਹਨ ਕਿ ਉਹ ਫਤਿਹਗੜ੍ਹ ਸਾਹਿਬ ਨੇੜੇ ਖੰਟ ਮਾਨਪੁਰ ਪਿੰਡ ਦੇ ਸਕੂਲ ਵਿੱਚ ਸੱਤਵੀਂ ਜਮਾਤ ‘ਚ ਪੜ੍ਹਦੇ ਸਨ, ਜਦੋਂ ਉਨ੍ਹਾਂ ਨੇ ਪਹਿਲੀ ਵਾਰ ਕੋਈ ਨਾਟਕ ਦੇਖਿਆ ਸੀ।
ਉਹ ਦੱਸਦੇ ਹਨ ਕਿ ਸਕੂਲ ਦੇ ਬਾਲ ਮੇਲੇ ਦੌਰਾਨ ਉਨ੍ਹਾਂ ਦੇ ਸਕੂਲ ਵਿੱਚ ਸੂਬੇ ਦੇ ਨਾਮੀ ਨਾਟਕਕਾਰ ਗੁਰਸ਼ਰਨ ਸਿੰਘ ਆਪਣੀ ਟੀਮ ਨਾਲ ਨਾਟਕ ਖੇਡਣ ਆਏ ਸੀ।
ਭਾਈ ਮੰਨਾ ਸਿੰਘ ਦੇ ਨਾਮ ਤੋਂ ਮਸ਼ਹੂਰ ਭਾਜੀ ਗੁਰਸ਼ਰਨ ਸਿੰਘ ਨੂੰ ਨਾਟਕ ਖੇਡਦਿਆਂ ਵੇਖ ਰੌਣੀ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਐਕਟਰ ਬਣਨ ਬਾਰੇ ਸੋਚ ਲਿਆ।
ਰੌਣੀ ਨੇ ਦੱਸਿਆ, “ਨਾਟਕ ਤੋਂ ਪਹਿਲਾਂ ਅਧਿਆਪਕਾਂ ਨੇ ਸਾਨੂੰ ਦੱਸਿਆ ਕਿ ਜਿਹੜਾ ਸ਼ਖ਼ਸ ਸਕੂਲ ਵਿੱਚ ਨਾਟਕ ਪੇਸ਼ ਕਰਨ ਲਈ ਆ ਰਿਹਾ ਹੈ, ਉਹ ਉਨ੍ਹਾਂ ਪੰਜ ਇੰਜੀਨੀਅਰਾਂ ਵਿੱਚੋਂ ਇੱਕ ਹੈ ਜਿਨ੍ਹਾਂ ਨੇ ਭਾਖੜਾ-ਨੰਗਲ ਡੈਮ ਬਣਾਉਣ ਵਿੱਚ ਕੰਮ ਕੀਤਾ।”
“ਅਸੀਂ ਪ੍ਰਾਇਮਰੀ ਪਾਸ ਕਰਕੇ ਆਏ ਹੋਏ ਵਿਦਿਆਰਥੀ ਸੀ, ਪੰਜਾਬੀ ਮੀਡੀਅਮ ਵਾਲੇ। ਅਸੀਂ ਸੋਚਣ ਲੱਗੇ ਕੋਈ ਇੰਜੀਨੀਅਰ ਵੀ ਨਾਟਕ ਖੇਡਦਾ ਹੁੰਦਾ ? ਕਿਸੇ ਵਿਦਿਆਰਥੀ ਨੇ ਕਿਹਾ ਫਿਰ ਤਾਂ ਨਾਟਕ ਅੰਗਰੇਜ਼ੀ ਵਿੱਚ ਹੀ ਹੋਵੇਗੀ, ਆਪਾਂ ਨੂੰ ਕਿਹੜਾ ਸਮਝ ਆਉਣਾ।”
ਮਲਕੀਤ ਰੌਣੀ ਦੱਸਦੇ ਹਨ ਕਿ ਉਸ ਦਿਨ ਗੁਰਸ਼ਰਨ ਸਿੰਘ ਹੁਰਾਂ ਨੇ ਨਾਟਕ ਇੰਨੀ ਸਰਲ ਭਾਸ਼ਾ ਵਿੱਚ ਪੇਸ਼ ਕੀਤਾ ਕਿ ਵਿਦਿਆਰਥੀ ਹੈਰਾਨ ਵੀ ਹੋਏ ਅਤੇ ਸਭ ਨੂੰ ਸਮਝ ਵੀ ਆਇਆ।
ਸੱਤਵੀਂ ਜਮਾਤ ਦੇ ਮਲਕੀਤ ਨੂੰ ਰੰਗ-ਮੰਚ ਬਾਰੇ ਇਹ ਗੱਲ ਭਾਅ ਗਈ ਕਿ ਕਿਵੇਂ ਡੂੰਘੀਆਂ ਅਤੇ ਵੱਡੀਆਂ ਗੱਲਾਂ ਨੂੰ ਇੰਨੀ ਸਰਲਤਾ ਨਾਲ ਨਾਟਕ ਜ਼ਰੀਏ ਕਿਹਾ ਅਤੇ ਸਮਝਾਇਆ ਜਾ ਸਕਦਾ ਹੈ।
ਇਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਨੇ ਤੈਅ ਕਰ ਲਿਆ ਕਿ ਜ਼ਿੰਦਗੀ ਵਿੱਚ ਰੰਗ ਮੰਚ ਨਾਲ ਜ਼ਰੂਰ ਜੁੜਨਗੇ।
ਫਿਰ ਉਹ ਹੌਲੀ-ਹੌਲੀ ਗੁਰਸ਼ਰਨ ਸਿੰਘ ਨਾਲ ਜਾਣ ਲੱਗ ਗਏ । ਉਹ ਸਕੂਲ ਤੇ ਕਾਲਜ ਦੇ ਸਮੇਂ ਦੌਰਾਨ ਵੀ ਨਾਟਕਾਂ ਵਿੱਚ ਭਾਗ ਲੈਂਦੇ ਰਹੇ।
ਫਿਰ ਸਾਲ 1990 ਵਿੱਚ ਅਦਾਕਾਰਾ ਗੁਰਪ੍ਰੀਤ ਕੌਰ ਭੰਗੂ ਦੇ ਪਤੀ ਅਤੇ ਵਿੱਦਿਅਕ ਸ਼ਾਸਤਰੀ ਸਵਰਨ ਸਿੰਘ ਭੰਗੂ ਨੇ ਉਨ੍ਹਾਂ ਦਾ ਚੇਤਨਾ ਕਲਾ ਮੰਚ ਨਾਮੀਂ ਗਰੁਪ ਬਣਾ ਦਿੱਤਾ।
ਰੌਣੀ ਦੱਸਦੇ ਹਨ ਕਿ ਇਸ ਮੰਚ ਜ਼ਰੀਏ ਉਨ੍ਹਾਂ ਨੇ ਟੀਮ ਨਾਲ ਸੂਬੇ ਭਰ ਵਿੱਚ ਸਮਾਜਿਕ ਚੇਤਨਾ ਦੇ ਨਾਟਕ ਪੇਸ਼ ਕੀਤੇ।
ਜਦੋਂ ਰੌਣੀ ਦੇ ਸਹੁਰਾ ਪਰਿਵਾਰ ਨੇ ਉਨ੍ਹਾਂ ਨੂੰ ਟੀਵੀ ''ਤੇ ਦੇਖਿਆ
ਅੱਜ ਮਲਕੀਤ ਰੌਣੀ ਨੇ ਆਪਣੀ ਅਦਾਕਾਰੀ ਜ਼ਰੀਏ ਵਿਲੱਖਣ ਪਛਾਣ ਤੇ ਮੁਕਾਮ ਹਾਸਿਲ ਕੀਤਾ ਹੈ।
ਪਰ ਇੱਕ ਸਮਾਂ ਉਹ ਵੀ ਸੀ ਜਦੋਂ ਉਨ੍ਹਾਂ ਦਾ ਪਰਿਵਾਰ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਥੀਏਟਰ ਦੀ ਦੁਨੀਆ ਛੱਡ ਦੇਣ ਲਈ ਸਮਝਾਇਆ ਕਰਦੇ ਸਨ।
ਮਲਕੀਤ ਰੌਣੀ ਦੱਸਦੇ ਹਨ ਕਿ ਉਹ ਕਿਉਂਕਿ ਸਧਾਰਨ ਜ਼ਿਮੀਂਦਾਰ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਨ੍ਹਾਂ ਦਾ ਪਰਿਵਾਰ ਚਾਹੁੰਦਾ ਸੀ ਕਿ ਉਹ ਪੜ੍ਹ ਲਿਖ ਕੇ ਕੋਈ ਸਰਕਾਰੀ ਨੌਕਰੀ ਕਰਨ ਜਾਂ ਅਫ਼ਸਰ ਬਣਨ।
ਉਹ ਦੱਸਦੇ ਹਨ ਕਿ ਉਨ੍ਹਾਂ ਦਾ ਵਿਆਹ ਹੋਣ ਦੇ ਬਾਅਦ ਤੱਕ ਵੀ ਪਰਿਵਾਰ ਨੇ ਉਨ੍ਹਾਂ ਦੀ ਰੰਗ ਮੰਚ ਵਿੱਚ ਸ਼ਮੂਲੀਅਤ ਨੂੰ ਸਵਾਕਰ ਨਹੀਂ ਕੀਤਾ ਸੀ ਅਤੇ ਪਰਿਵਾਰ ਨੂੰ ਮਨਾਉਣ ਵਿੱਚ ਉਨ੍ਹਾਂ ਨੂੰ ਕਾਫ਼ੀ ਸਮਾਂ ਲੱਗਿਆ।
ਰੌਣੀ ਦੱਸਦੇ ਹਨ, “ਪਰਿਵਾਰ ਵਾਲੇ ਕਹਿ ਦਿੰਦੇ ਸੀ ਕਿ ਠੀਕ ਹੈ ਸਕੂਲਾਂ ਜਾਂ ਕਾਲਜਾਂ ਵਿੱਚ ਤੁਸੀਂ ਨਾਟਕ ਕਰਦੇ ਸੀ, ਪਰ ਹੁਣ ਕੋਈ ਕੰਮ ਕਰੋ। ਕਿਉਂਕਿ ਇਸ ਨੂੰ ਤਾਂ ਉਹ ਕੰਮ ਗਿਣਦੇ ਹੀ ਨਹੀਂ ਸਨ।”
ਰੌਣੀ ਹੁਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਮੰਗਣੀ ਤੋਂ ਬਾਅਦ ਅਤੇ ਵਿਆਹ ਤੋਂ ਪਹਿਲਾਂ ਇੱਕ ਦਿਨ ਉਨ੍ਹਾਂ ਦੇ ਸਹੁਰੇ ਪਰਿਵਾਰ ਵਿੱਚੋਂ ਉਨ੍ਹਾਂ ਦੀ ਪਤਨੀ ਦੇ ਕਈ ਰਿਸ਼ਤੇਦਾਰ ਖ਼ਾਸ ਤੌਰ ’ਤੇ ਇਹੀ ਸਮਝਾਉਣ ਲਈ ਆਏ ਕਿ ਰੰਗ ਮੰਚ ਦੀ ਦੁਨੀਆ ਛੱਡ ਦੇਣ ਅਤੇ ਕੋਈ ਕੰਮ ਕਰਨ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਦੇ ਨਾਨੇ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਰਿਹਰਸਲ ਵੇਲੇ ਤੈਅ ਸਮੇਂ ਤੋਂ ਦੇਰੀ ਨਾਲ ਜਾਇਆ ਕਰਨ, ਜਿਸ ਨਾਲ ਉਨ੍ਹਾਂ ਨੂੰ ਗਰੁੱਪ ਛੱਡਣ ਦੀ ਲੋੜ ਨਹੀਂ ਪੈਣੀ ਬਲਕਿ ਗਰੁੱਪ ਵਾਲੇ ਹੀ ਉਨ੍ਹਾਂ ਨੂੰ ਬਾਹਰ ਕਰ ਦੇਣਗੇ।
ਫਿਰ ਰੌਣੀ ਹੁਰਾਂ ਨੇ ਇੱਕ ਹੋਰ ਕਿੱਸਾ ਸੁਣਾਇਆ ਕਿ ਜਦੋਂ ਵਿਆਹ ਤੋਂ ਬਾਅਦ ਉਹ ਆਪਣੀ ਪਤਨੀ ਨੂੰ ਮਿਲਵਾਉਣ ਲਈ ਆਪਣੇ ਸਹੁਰੇ ਘਰ ਗਏ, ਤਾਂ ਉਹੀ ਬਜ਼ੁਰਗ (ਉਨ੍ਹਾਂ ਦੀ ਪਤਨੀ ਦੇ ਨਾਨਾ ) ਉਨ੍ਹਾਂ ਨੂੰ ਮਿਲੇ ਅਤੇ ਉਨ੍ਹਾਂ ਨੂੰ ਟੀਵੀ ਵਿੱਚ ਆਉਂਦਾ ਦੇਖ ਖੁਸ਼ੀ ਜ਼ਾਹਿਰ ਕੀਤੀ।
ਉਨ੍ਹਾਂ ਦੱਸਿਆ, “ਉਹ ਸ਼ਾਬਾਸ਼ੀ ਦਿੰਦਿਆਂ ਕਹਿਣ ਲੱਗੇ ਆ ਬਈ ਪ੍ਰਹੁਣਿਆ, ਕਮਾਲ ਕਰ ਦਿੱਤੀ ਬਈ। ਸਾਡੇ ਪਿੰਡ ਦਾ ਨੰਬਰਦਾਰ ਕਹਿੰਦੈ ਕਿ ਤੁਹਾਡਾ ਪ੍ਰਹੁਣਾ ਟੀਵੀ ਵਿੱਚ ਆਉਂਦਾ। ਖੁਸ਼ੀ ਹੁੰਦੀ ਹੈ, ਸਾਨੂੰ ਚੰਗਾ ਲਗਦਾ ਹੈ।”
ਥੀਏਟਰ ਤੋਂ ਸਕਰੀਨ ਤੱਕ
ਮਲਕੀਤ ਰੌਣੀ ਦੱਸਦੇ ਹਨ ਕਿ ਥੀਏਟਰ ਕਰਦਿਆਂ ਉਨ੍ਹਾਂ ਨੇ ਪਹਿਲਾਂ ਕਦੇ ਸੋਚਿਆ ਨਹੀਂ ਸੀ ਕਿ ਟੈਲੀਵਿਜ਼ਨ ਜਾਂ ਸਿਨੇਮਾ ਵਿੱਚ ਕੰਮ ਕਰਨਗੇ।
ਫਿਰ ਇੱਕ ਘਟਨਾ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਟੀਵੀ ਸੀਰੀਅਲ ਅਤੇ ਫ਼ਿਲਮਾਂ ਵਿੱਚ ਵੀ ਉਨ੍ਹਾਂ ਨੂੰ ਜਾਣਾ ਚਾਹੀਦਾ ਹੈ।
ਉਹ ਦੱਸਦੇ ਹਨ ਕਿ ਇੱਕ ਵਾਰ ਉਹ ਗੁਰਸ਼ਰਨ ਸਿੰਘ ਹੁਰਾਂ ਦੇ ਨਾਲ ਨਕੋਦਰ ਨੇੜਲੇ ਪਿੰਡ ਵਿੱਚ ਨਾਟਕ ਕਰਨ ਗਏ ਸਨ।
ਉਹ ਯਾਦ ਕਰਦੇ ਹਨ, “ਨਾਟਕ ਤੋਂ ਪਹਿਲਾਂ ਇੱਕ ਪ੍ਰੋਫੈਸਰ ਸਾਹਿਬ ਨੇ 25 ਮਿੰਟ ਦੇ ਭਾਸ਼ਣ ਦੌਰਾਨ ਦੇਸ਼ ਅਤੇ ਦੁਨੀਆ ਦੀ ਅਰਥ ਵਿਵਸਥਾ ਬਾਰੇ ਅੰਕੜਿਆਂ ਸਹਿਤ ਜਾਣਕਾਰੀ ਦਿਤੀ, ਪਰ ਲੋਕਾਂ ਨੇ ਰੁਚੀ ਨਹੀਂ ਦਿਖਾਈ। ਇਸ ਤੋਂ ਬਾਅਦ ਦੂਰਦਰਸ਼ਨ ’ਤੇ ਕੰਮ ਕਰਦੇ ਇੱਕ ਕਲਾਕਾਰ ਨੂੰ ਸਨਮਾਨਿਤ ਕਰਨ ਲਈ ਬੁਲਾਇਆ ਗਿਆ ਅਤੇ ਸਟੇਜ ਸਕੱਤਰ ਨੇ ਕੁਝ ਬੋਲਣ ਦੀ ਬੇਨਤੀ ਕਰਦਿਆਂ ਉਸ ਨੂੰ ਮਾਈਕ ਫੜਾ ਦਿੱਤਾ।"
ਮਲਕੀਤ ਰੌਣੀ ਅੱਗੇ ਦੱਸਦੇ ਹਨ, "ਪਰ ਉਸ ਬੰਦੇ ਕੋਲ ਬੋਲਣ ਲਈ ਕੁਝ ਨਹੀਂ ਸੀ, ਉਨ੍ਹਾਂ ਨੇ ਆਪਣਾ ਇੱਕ ਡਾਇਲਾਗ ਸਟੇਜ ਤੋਂ ਬੋਲ ਦਿੱਤਾ। ਪਰ ਲੋਕ ਉਸ ਨੂੰ ਸੁਣਨ ਲਈ ਬਹੁਤ ਉਤਸੁਕ ਸਨ। ਚੰਡੀਗੜ੍ਹ ਪਰਤਦਿਆਂ ਰਸਤੇ ਵਿੱਚ ਮੈਂ ਭਾਜੀ ਗੁਰਸ਼ਰਨ ਸਿੰਘ ਨੂੰ ਪੁੱਛਿਆ ਕਿ ਅਜਿਹਾ ਕਿਉਂ ? ਤਾਂ ਉਨ੍ਹਾਂ ਨੇ ਦੱਸਿਆ ਕਿ ਲੋਕਾਂ ਨੂੰ ਆਪਣੀ ਗੱਲ ਸੁਣਾਉਣ ਲਈ ਤੁਹਾਨੂੰ ਸੈਲੇਬ੍ਰਿਟੀ ਹੋਣਾ ਪੈਂਦਾ ਹੈ।"
ਉਨ੍ਹਾਂ ਦੱਸਿਆ, "ਫਿਰ ਗੁਰਸ਼ਰਨ ਭਾਜੀ ਨੇ ਆਪਣੀ ਉਦਾਹਰਨ ਦਿੰਦਿਆਂ ਕਿਹਾ ਕਿ ਮੈਂ ਭਾਖੜਾ-ਨੰਗਲ ਜਿਹੇ ਪ੍ਰੌਜੈਕਟ ਦਾ ਹਿੱਸਾ ਰਿਹਾ ਇੰਜੀਨੀਅਰ ਹਾਂ, ਪਰ ਲੋਕ ਮੈਨੂੰ ਭਾਈ ਮੰਨਾ ਸਿੰਘ ਦੇ ਨਾਮ ਤੋਂ ਜਾਣਦੇ ਹਨ, ਕਿਉਂਕਿ ਉਨ੍ਹਾਂ ਨੇ ਦੂਰਦਰਸ਼ਨ ਦੇ ਸੀਰੀਅਲ ਵਿੱਚ ਇਹ ਕਿਰਦਾਰ ਨਿਭਾਇਆ ਸੀ।”
ਫਿਰ ਇਸ ਤੋਂ ਬਾਅਦ ਮਲਕੀਤ ਰੌਣੀ ਨੇ ਫ਼ੈਸਲਾ ਲਿਆ ਕਿ ਟੀਵੀ ਅਤੇ ਫ਼ਿਲਮਾਂ ਵਿੱਚ ਵੀ ਕੰਮ ਕਰਨਗੇ।
ਇਸ ਤੋਂ ਬਾਅਦ ਚੰਡੀਗੜ੍ਹ ਦੇ ਟੈਗੋਰ ਥੀਏਟਰ ਵਿੱਚ ਨਾਟਕ ਕਰਦਿਆਂ ਉਨ੍ਹਾਂ ਦਾ ਸੰਪਰਕ ਸੀਰੀਅਰ ਬਣਾਉਣ ਵਾਲਿਆਂ ਨਾਲ ਹੋਇਆ। ਜਿੱਥੋਂ ਉਨ੍ਹਾਂ ਨੇ ਟੀਵੀ ਪਰਦੇ ‘ਤੇ ਸ਼ੁਰੂਆਤ ਕੀਤੀ।
ਉਨ੍ਹਾਂ ਅੱਗੇ ਦੱਸਿਆ, “ਹਾਲਾਂਕਿ ਉਨ੍ਹਾਂ ਨੂੰ ਇਹ ਪੁਖ਼ਤਾ ਤੌਰ ‘ਤੇ ਯਾਦ ਨਹੀਂ ਸੀ ਕਿ ਪਹਿਲਾ ਸੀਰੀਅਲ ਕਦੋਂ ਆਇਆ ਸੀ।''''
ਰੌਣੀ ਨੇ ਉਸ ਵੇਲੇ ਦੇ ਪ੍ਰਚਲਿਤ ਚੈਨਲਾਂ ਲਈ ਸੁਪਰਹਿੱਟ ਸੀਰੀਅਲ ‘ਸਰਹੱਦ’, ‘ਮਨ ਜੀਤੈ ਜਗ ਜੀਤ’ ਸਮੇਤ ਕਈ ਸੀਰੀਅਲ ਕੀਤੇ।
ਉਨ੍ਹਾਂ ਦੱਸਿਆ, “ਫਿਰ ਉਨ੍ਹਾਂ ਨੂੰ ਬੰਬੇ ਵਿੱਚ ਹਿੰਦੀ ਸੀਰੀਅਲਾਂ ਵਿੱਚ ਕੰਮ ਕਰਨ ਦਾ ਮੌਕਾ ਮਿਲ ਗਿਆ ਅਤੇ 10-12 ਸਾਲ ਉਹ ਬੰਬੇ ਰਹੇ। ਇਸ ਦੌਰਾਨ ਉਨ੍ਹਾਂ ਨੇ ਹਿੰਦੀ ਫ਼ਿਲਮਾਂ ਵਿੱਚ ਵੀ ਕੰਮ ਕੀਤਾ। ਫਿਰ ਜਦੋਂ ਪੰਜਾਬੀ ਸਿਨੇਮਾ ਵਿੱਚ ਕਾਫ਼ੀ ਫ਼ਿਲਮਾਂ ਬਣਨ ਲੱਗੀਆਂ ਤਾਂ ਉਹ ਬੰਬੇ ਛੱਡ ਕੇ ਪੰਜਾਬ ਪਰਤ ਆਏ।”
ਮੁੰਬਈ ਵਿੱਚ ਕੀ ਰਿਹਾ ਤਜ਼ਰਬਾ
ਇੱਕ ਦੌਰ ਸੀ ਜਦੋਂ ਹਿੰਦੀ ਪਰਦੇ ’ਤੇ ਪੰਜਾਬੀ ਕਿਰਦਾਰਾਂ ਨੂੰ ਹਾਸੇ ਦਾ ਪਾਤਰ ਬਣਾ ਕੇ ਪੇਸ਼ ਕੀਤਾ ਜਾਂਦਾ ਸੀ, ਮਲਕੀਤ ਰੌਣੀ ਹੁਰਾਂ ਦਾ ਬੰਬੇ ਵਿੱਚ ਤਜਰਬਾ ਕਿਸ ਤਰ੍ਹਾਂ ਦਾ ਰਿਹਾ?
ਇਸ ਸਵਾਲ ਦੇ ਜਵਾਬ ਵਿੱਚ ਰੌਣੀ ਦੱਸਦੇ ਹਨ ਕਿ ਉਨ੍ਹਾਂ ਨੇ ਵੀ ਇਸ ਚੀਜ਼ ਨੂੰ ਮਹਿਸੂਸ ਕੀਤਾ, ਕਈ ਵਾਰ ਉਨ੍ਹਾਂ ਨੂੰ ਵੀ ਅਸਲੀਅਤ ਤੋਂ ਦੂਰ ਦੀ ਪੇਸ਼ਕਾਰੀ ਲਈ ਕਿਹਾ ਗਿਆ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ।
ਉਨ੍ਹਾਂ ਦੱਸਿਆ, “ਸਾਨੂੰ ਵੀ ਕਈ ਵਾਰ ਕਿਹਾ ਜਾਂਦਾ ਸੀ ਕਿ ਨਿੱਕਰ ਪਾ ਕੇ ਹੂਈ ਹੂਈ ਕਰੋ, ਅਸੀਂ ਮਨ੍ਹਾ ਕਰ ਦਿੰਦੇ ਸੀ। ਅਸੀਂ ਕਹਿੰਦੇ ਸੀ ਇਸ ਤਰ੍ਹਾਂ ਦੇ ਕਿਰਦਾਰ ਪੰਜਾਬ ਵਿੱਚ ਹੈ ਹੀ ਨਹੀਂ। ਅਸੀਂ ਅਸਲੀਅਤ ਦੇ ਨੇੜੇ ਦੇ ਕਿਰਦਾਰ ਕਰਨ ਆਏ ਹਾਂ।”
ਰੌਣੀ ਕਹਿੰਦੇ ਹਨ ਕਿ ਸਿਨੇਮਾ ਦਾ ਵਪਾਰੀ ਵਰਗ ਮੰਨਦਾ ਸੀ ਕਿ ਉਹ ਸਿਨੇਮਾ ਨੂੰ ਬਦਲਣ ਲਈ ਨਹੀਂ ਆਏ, ਬਲਕਿ ਜੋ ਚੀਜ਼ ਚੱਲ ਰਹੀ ਹੈ ਉਹੀ ਲੋਕਾਂ ਨੂੰ ਦਿਖਾਉਣ ਆਏ ਹਨ। ਪਰ ਉਨ੍ਹਾਂ ਦੀ ਸੋਚ ਵੱਖਰੀ ਸੀ ਕਿ ਉਨ੍ਹਾਂ ਨੂੰ ਸਿਨੇਮਾ ਬਦਲਣ ਵਾਲਿਆਂ ਵਿੱਚ ਗਿਣਿਆ ਜਾਣਾ ਚਾਹੀਦਾ ਹੈ।
ਉਹ ਕਹਿੰਦੇ ਹਨ ਕਿ ਸਾਹਿਤ ਪੜ੍ਹਣ ਕਰਕੇ ਉਨ੍ਹਾਂ ਦੀ ਸੋਚ ਇਹ ਸੀ ਕਿ ਸਿਨੇਮਾ ਇੱਕ ਦਿਨ ਬਦਲੇਗਾ ਅਤੇ ਸਿਨੇਮਾ ਨੂੰ ਉਹ ਅਸਲੀਅਤ ਦੇ ਨੇੜਲੇ ਕਿਰਦਾਰ, ਪਿੰਡਾਂ ਵਿੱਚ ਮੌਜੂਦ ਲੋਕਾਂ ਜਿਹੇ ਕਿਰਦਾਰ ਸਵੀਕਾਰ ਕਰਨੇ ਪੈਣਗੇ।
ਰੌਣੀ ਮੁਤਾਬਕ ਉਹ ਸਿਨੇਮਾ ਜ਼ਰੀਏ ਲੋਕਾਂ ਦੀਆਂ ਗੱਲਾਂ ਕਰਨੀਆਂ ਚਾਹੁੰਦੇ ਸਨ।
ਮਲਕੀਤ ਰੌਣੀ ਦੀ ਸਖਸੀਅਤ ਬਾਰੇ ਇਸ ਤੱਥ ਦਾ ਜ਼ਿਕਰ ਕਰਨਾ ਵੀ ਬਣਦਾ ਹੈ ਕਿ ਇੰਨੇ ਸਾਲ ਬੰਬੇ ਰਹਿਣ ਦੇ ਬਾਵਜੂਦ, ਹੋਰ ਮੌਕੇ ਤਲਾਸ਼ਣ ਦੇ ਲਾਲਚ ਨੂੰ ਪਰ੍ਹੇ ਛੱਡ ਕੇ ਉਨ੍ਹਾਂ ਨੇ ਆਪਣੀ ਅਸਲ ਦਿੱਖ ਨਾਲ ਛੇੜ-ਛਾੜ ਨਹੀਂ ਕੀਤੀ। ਨਾ ਉਨ੍ਹਾਂ ਨੇ ਹੇਅਰ ਸਟਾਈਲ ਬਣਾਏ ਅਤੇ ਨਾ ਹੀ ਦਾਹੜੀ ਨਾਲ ਛੇੜ-ਛਾੜ ਕੀਤੀ।
ਮਲਕੀਤ ਰੌਣੀ ਜਿਸ ਰੂਪ ਵਿੱਚ ਪਿੰਡ ਸਨ, ਉਸੇ ਰੂਪ ਵਿੱਚ ਬੰਬੇ ਗਏ ਅਤੇ ਕਈ ਸਾਲ ਬੰਬੇ ਰਹਿਣ ਬਾਅਦ ਉਸੇ ਰੂਪ ਵਿੱਚ ਹੀ ਬੰਬੇ ਤੋਂ ਪੰਜਾਬ ਪਰਤੇ।
ਹਾਲੀਵੁੱਡ ਫ਼ਿਲਮਾਂ ਤੋਂ ਵੱਧ ਮਾਣ ਪੰਜਾਬੀ ਫ਼ਿਲਮਾਂ ’ਤੇ
ਮਲਕੀਤ ਰੌਣੀ ਨੇ ਹਾਲੀਵੁੱਡ ਦੀਆਂ ਦੋ ਫ਼ਿਲਮਾਂ ‘ਜੀਨੀਅਸ ਆਫ ਬਿਊਟੀ’ ਅਤੇ ‘ਦ ਟਾਰਗੇਟਸ’ ਵਿੱਚ ਵੀ ਭੂਮਿਕਾ ਨਿਭਾਈ ਹੈ।
ਕਿਸੇ ਵੀ ਕਲਾਕਾਰ ਲਈ ਹਾਲੀਵੁੱਡ ਤੱਕ ਪਹੁੰਚਣਾ ਵੱਡੀ ਗੱਲ ਹੋ ਸਕਦੀ ਹੈ, ਪਰ ਰੌਣੀ ਕਹਿੰਦੇ ਹਨ ਕਿ ਉਨ੍ਹਾਂ ਨੂੰ ਸਭ ਤੋਂ ਵੱਧ ਮਾਣ ਅਤੇ ਪਛਾਣ ਪੰਜਾਬੀ ਫ਼ਿਲਮਾਂ ਕਰਕੇ ਹੀ ਮਿਲੀ ਹੈ।
ਉਹ ਕਹਿੰਦੇ ਹਨ ਕਿ ਜਦੋਂ ਤੱਕ ਉਨ੍ਹਾਂ ਨੇ ਹਾਲੀਵੁਡ ਦੀਆਂ ਜਾਂ ਹਿੰਦੀ ਫ਼ਿਲਮਾਂ ਨਹੀਂ ਕੀਤੀਆਂ ਸੀ, ਉਨ੍ਹਾਂ ਨੂੰ ਇਹ ਵੱਡੀ ਗੱਲ ਲਗਦੀ ਸੀ। ਪਰ ਜੋ ਕੰਮ ਉਨ੍ਹਾਂ ਨੂੰ ਆਪਣੀ ਮਾਤ ਭਾਸ਼ਾ ਵਿੱਚ ਕੰਮ ਕਰਕੇ ਮਿਲਿਆ, ਸਭ ਤੋਂ ਵੱਡਾ ਮਾਣ ਓਹੀ ਹੈ।
ਉਹ ਕਹਿੰਦੇ ਹਨ, “ਇਹ ਸਿਰਫ਼ ਕਹਿਣ ਨੂੰ ਜ਼ਰੂਰ ਹੈ ਕਿ ਮੈਂ ਆਪਣੀ ਭਾਸ਼ਾ ਤੋਂ ਬਿਨ੍ਹਾਂ ਹੋਰ ਭਾਸ਼ਾਵਾਂ ਵਿੱਚ ਵੀ ਕੰਮ ਕੀਤਾ ਹੈ। ਪਰ ਅੰਗਰੇਜ਼ੀ ਫ਼ਿਲਮਾਂ ਵਿੱਚ ਮੇਰਾ ਕੰਮ ਆਟੇ ਵਿੱਚ ਲੂਣ ਦੇ ਬਰਾਬਰ ਹੈ। ਅੱਜ ਮੇਰੀ ਦੁਨੀਆ ਵਿੱਚ ਪਛਾਣ ਅੰਗਰੇਜ਼ੀ ਫ਼ਿਲਮਾਂ ਕਰਕੇ ਨਹੀਂ, ਪੰਜਾਬੀ ਸਿਨੇਮਾ ਵਿੱਚ ਕੀਤੇ ਕੰਮ ਕਰਕੇ ਹੈ।“
ਥੀਏਟਰ ਤੋਂ ਲਈ ਸਿੱਖਿਆ ਨਿੱਜੀ ਜ਼ਿੰਦਗੀ ''ਚ ਕਿਵੇਂ ਵਰਤੀ?
ਮਲਕੀਤ ਰੌਣੀ ਦੀ ਸ਼ਖਸੀਅਤ ’ਤੇ ਸਾਹਿਤ ਅਤੇ ਥੀਏਟਰ ਨੇ ਬਹੁਤ ਪ੍ਰਭਾਵ ਪਾਇਆ।
ਉਹ ਦੱਸਦੇ ਹਨ ਕਿ ਸਧਾਰਨ ਪਰਿਵਾਰ ਵਿੱਚੋਂ ਆਉਂਦਿਆਂ ਅਤੇ ਪੰਜਾਬ ਦੇ ਨਾਜ਼ੁਕ ਦੌਰ ਵਿੱਚੋਂ ਗੁਜ਼ਰਦਿਆਂ ਸਾਹਿਤ ਦੀ ਚੇਟਕ ਨੇ ਉਨ੍ਹਾਂ ਨੂੰ ਸੰਭਾਲਿਆ। ਸਮਾਜਿਕ ਚੇਤਨਾ ਦੇ ਨਾਟਕ ਖੇਡਦਿਆਂ ਉਨ੍ਹਾਂ ਵਿੱਚ ਸਮਾਜ ਪ੍ਰਤੀ ਚੇਤਨਾ ਅਤੇ ਸੇਵਾ ਦੀ ਭਾਵਨਾ ਆਈ।
ਉਹ ਦੱਸਦੇ ਹਨ ਕਿ ਉਹ ਚੰਗਾ ਪਤੀ ਕਿਵੇਂ ਬਣ ਸਕਦੇ ਹਨ, ਇਹ ਵੀ ਉਹਨਾਂ ਨੇ ਥੀਏਟਰ ਤੋਂ ਸਿੱਖਿਆ।
ਉਨ੍ਹਾਂ ਦੱਸਿਆ, “ਭਾਵੇਂ ਕੋਈ ਕੁਆਰਾ ਵੀ ਹੋਵੇ, ਉਸ ਨੂੰ ਥੀਏਟਰ ਵਿੱਚ ਸਿਖਾਇਆ ਜਾਂਦਾ ਹੈ ਕਿ ਇੱਕ ਚੰਗਾ ਪਤੀ ਕੀ ਹੁੰਦਾ ਹੈ ਅਤੇ ਮਾੜਾ ਪਤੀ ਕੀ ਹੁੰਦਾ ਹੈ। ਚੰਗਾ ਪਤੀ ਆਪਣੀ ਪਤਨੀ ਦਾ ਕਿਵੇਂ ਖਿਆਲ ਰੱਖਦਾ ਹੈ, ਕਿਵੇਂ ਉਸ ਨੂੰ ਪੇਕੇ ਘਰ ਮਿਲਵਾਉਣ ਜਾਂਦਾ ਹੈ, ਇਹੀ ਮੈਂ ਆਪਣੇ ਵਿਆਹ ਤੋਂ ਬਾਅਦ ਅਪਣਾਉਣ ਦੀ ਕੋਸ਼ਿਸ਼ ਕੀਤੀ ਅਤੇ ਥੋੜ੍ਹੇ ਦਿਨਾਂ ਬਾਅਦ ਹੀ ਪਤਨੀ ਨੂੰ ਉਸ ਦੇ ਪਰਿਵਾਰ ਨਾਲ ਮਿਲਵਾਉਣ ਲਈ ਸਹੁਰੇ ਚਲਾ ਜਾਂਦਾ ਸੀ।”
ਮਲਕੀਤ ਰੌਣੀ ਦੀ ਪਤਨੀ ਦਾ ਨਾਮ ਗੁਰਪ੍ਰੀਤ ਕੌਰ ਹੈ।
ਮਲਕੀਤ ਰੌਣੀ ਤੇ ਗੁਰਪ੍ਰੀਤ ਕੌਰ ਦੀ ਇੱਕ ਧੀ ਹੈ ਜਿਸ ਦਾ ਨਾਮ ਹੈ ਨਵਨੀਤ ਕੌਰ।
ਰੌਣੀ ਦੱਸਦੇ ਹਨ ਕਿ ਸਾਹਿਤ ਅਤੇ ਰੰਗ-ਮੰਚ ਨੇ ਉਨ੍ਹਾਂ ਦੀ ਸੋਚ ਬਣਾਈ ਕਿ ਮੁੰਡੇ ਅਤੇ ਕੁੜੀ ਵਿੱਚ ਕੋਈ ਵੀ ਫਰਕ ਨਹੀਂ ਹੈ। ਇਸੇ ਸੋਚ ‘ਤੇ ਚਲਦਿਆਂ ਉਨ੍ਹਾਂ ਨੇ ਮੁੰਡੇ ਦੀ ਚਾਹ ਵਿੱਚ ਦੂਜੇ ਬੱਚੇ ਦੀ ਕੋਸ਼ਿਸ਼ ਨਹੀਂ ਕੀਤੀ।
ਰੌਣੀ ਇਹ ਵੀ ਦੱਸਦੇ ਹਨ ਕਿ ਉਨ੍ਹਾਂ ਨੇ ਪਿਤਾ ਦੀ ਮੌਤ ਤੋਂ ਬਾਅਦ, ਉਨ੍ਹਾਂ ਦੀ ਮ੍ਰਿਤਕ ਦੇਹ ਪੀਜੀਆਈ ਨੂੰ ਖੋਜਕਾਰਜਾਂ ਲਈ ਦਾਨ ਕੀਤੀ ਸੀ।
ਉਨ੍ਹਾਂ ਦੇ ਜ਼ਿਲ੍ਹੇ ਵਿੱਚ ਅਜਿਹਾ ਕਰਨ ਵਾਲਾ ਉਨ੍ਹਾਂ ਦਾ ਪਹਿਲਾ ਪਰਿਵਾਰ ਸੀ।
ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਵਿੱਚ ਭੂਮੀਕਾ
ਮਲਕੀਤ ਰੌਣੀ ‘ਪਫਟਾ’ ਯਾਨੀ ਕਿ ਪੰਜਾਬੀ ਫ਼ਿਲਮ ਐਂਡ ਟੀਵੀ ਐਕਟਰਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਨ।
ਉਨ੍ਹਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਸ਼ੁਰੂਆਤ ਵਿੱਚ ਥੀਏਟਰ ਅਤੇ ਸਿਨੇਮਾ ਵਿੱਚ ਆਉਣ ਲਈ ਉਨ੍ਹਾਂ ਨੂੰ ਪਰਿਵਾਰ ਦੀ ਸਹਿਮਤੀ ਨਹੀਂ ਸੀ ਮਿਲੀ, ਕੁੜੀਆਂ ਲਈ ਇਸ ਕਿੱਤੇ ਵਿੱਚ ਆਉਣਾ ਹੋਰ ਔਖਾ ਸੀ ਅਤੇ ਅੱਜ ਵੀ ਕਈ ਕੁੜੀਆਂ ਨੂੰ ਇਹ ਲੜਾਈ ਲੜਣੀ ਪੈਂਦੀ ਹੈ।
ਉਹ ਕਹਿੰਦੇ ਹਨ, “ਪਰਿਵਾਰ ਨਾਲ ਬਗਾਵਤ ਕਰਕੇ ਸਾਡੀ ਕੋਈ ਧੀ ਭੈਣ ਇਸ ਖੇਤਰ ਵਿੱਚ ਆਉਂਦੀ ਹੈ, ਅਤੇ ਇੰਡਸਟਰੀ ਵਿੱਚ ਉਸ ਨਾਲ ਕੋਈ ਦੁਰਵਿਵਹਾਰ ਹੋ ਜਾਵੇ ਤਾਂ ਉਹ ਪਰਿਵਾਰ ਨੂੰ ਵੀ ਨਹੀਂ ਦੱਸ ਪਾਉਂਦੀ। ਸਾਡੀ ਸੰਸਥਾ ਕੋਲ ਬੱਚੀਆਂ ਆਪਣੀਆਂ ਸਮੱਸਿਆਵਾਂ ਦੱਸ ਸਕਦੀਆਂ ਹਨ।”
ਉਹ ਕਹਿੰਦੇ ਹਨ ਕਿ ਇਸੇ ਤਰ੍ਹਾਂ ਇਸ ਸੰਸਥਾ ਜ਼ਰੀਏ ਇਸ ਖੇਤਰ ਵਿੱਚ ਆਉਣ ਵਾਲੇ ਨੌਜਵਾਨ ਮੁੰਡੇ-ਕੁੜੀਆਂ ਦੀ ਭਲਾਈ ਕਾਰਜਾਂ ਦੀ ਕੋਸ਼ਿਸ਼ ਕਰਦੇ ਹਨ।
ਕੋਵਿਡ ਮਹਾਂਮਾਰੀ ਕਰਕੇ ਲੌਕਡਾਊਨ ਦੌਰਾਨ ਵੀ ਅਕਸਰ ਇਸ ਸੰਸਥਾ ਦੇ ਨੁਮਾਇੰਦੇ ਵਜੋਂ ਫ਼ਿਲਮਾਂ ਤੇ ਟੀਵੀ ਨਾਲ ਜੁੜੇ ਲੋਕਾਂ ਤੱਕ ਜ਼ਰੂਰੀ ਸਮਾਨ ਪਹੁੰਚਾਉਂਦਿਆਂ ਮਲਕੀਤ ਰੌਣੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹੀਆਂ ਹਨ।
(ਬੀਬੀਸੀ ਪੰਜਾਬੀ ਨਾਲ , , ਅਤੇ ''ਤੇ ਜੁੜੋ।)
‘ਔਰੰਗਜ਼ੇਬ ਵੇਲੇ ਮੰਦਰ ਤੋੜ ਕੇ ਗਿਆਨਵਾਪੀ ਮਸਜਿਦ ਬਣੀ ਸੀ’ ਏਐੱਸਆਈ ਨੇ ਰਿਪੋਰਟ ’ਚ ਕੀਤੇ ਵੱਡੇ ਦਾਅਵੇ
NEXT STORY