ਰਾਸ਼ਟਰੀ ਸਵੈਮਸੇਵਕ ਸੰਘ (ਆਰ. ਐੱਸ. ਐੱਸ.) ਬਾਰੇ ਕਿਹਾ ਜਾਂਦਾ ਹੈ ਕਿ ਇਹ ਸਿਆਸਤ ਵਿਚ ਆਉਣ ਦੀ ਇੱਛਾ ਰੱਖਣ ਵਾਲਿਆਂ ਲਈ ਇਕ ਪਾਠਸ਼ਾਲਾ ਹੈ। ਜਿੱਥੋਂ ਤੱਕ ਆਜ਼ਾਦੀ ਸੰਗਰਾਮ ਦਾ ਸਵਾਲ ਹੈ, ਤਾਂ ਉਸ ’ਚ ਜਿੱਥੇ ਇਕ ਪਾਸੇ ਸ਼ਹੀਦਾਂ ਅਤੇ ਆਪਣਾ ਸਭ ਕੁਝ ਦੇਣ ਵਾਲਿਆਂ ਦੀਆਂ ਅਮਰ ਕਹਾਣੀਆਂ ਹਨ, ਦੇਸ਼ ਦੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰਨ ਦੀ ਪ੍ਰੇਰਣਾ ਹੈ, ਦੂਜੇ ਪਾਸੇ, ਅਜਿਹੇ ਸੰਗਠਨਾਂ ਦੀ ਸਿਰਜਣਾ ਵੀ ਹੈ ਜਿਨ੍ਹਾਂ ਦਾ ਉਦੇਸ਼ ਵਿਅਕਤੀ ਦੇ ਚਰਿੱਤਰ ਅਤੇ ਸ਼ਖਸੀਅਤ ਨੂੰ ਵਿਕਸਤ ਕਰਨਾ ਰਿਹਾ ਹੈ।
ਪਿਛੋਕੜ : ਸਾਰੇ ਧਰਮਾਂ ਅਤੇ ਵਰਗਾਂ ਦੇ ਲੋਕ ਆਜ਼ਾਦੀ ਸੰਗਰਾਮ ਵਿਚ ਹਿੱਸਾ ਲੈ ਰਹੇ ਸਨ ਅਤੇ ਉਦੇਸ਼ ਇਹੀ ਸੀ ਕਿ ਭਾਰਤ ਕਿਸੇ ਵੀ ਕੀਮਤ ’ਤੇ ਆਜ਼ਾਦ ਹੋਵੇ। ਅਜਿਹੀ ਸਥਿਤੀ ਵਿਚ 2 ਲੋਕ ਜੋ ਸਹਿਪਾਠੀ ਵੀ ਰਹੇ ਸਨ, ਉਨ੍ਹਾਂ ਨੂੰ ਲਗਭਗ ਇਕੋ ਜਿਹਾ ਹੀ ਵਿਚਾਰ ਆਇਆ। ਇਕ ਸੀ ਕੇਸ਼ਵ ਬਲੀਰਾਮ ਹੇਡਗੇਵਾਰ ਅਤੇ ਦੂਜੇ ਸਨ ਐੱਨ. ਐੱਸ. ਹਾਰਡੀਕਰ। ਉਹ ਆਜ਼ਾਦੀ ਘੁਲਾਟੀਏ ਤਾਂ ਸਨ ਹੀ, ਪਰ ਇਸ ਦੇ ਨਾਲ ਹੀ ਉਨ੍ਹਾਂ ਦਾ ਵਿਚਾਰ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਇਕਜੁੱਟ ਰੱਖਣ ਲਈ ਇਕ ਪ੍ਰਣਾਲੀ ਹੋਣੀ ਚਾਹੀਦੀ ਹੈ।
ਇਸ ਨੂੰ ਲੈ ਕੇ ਹੇਡਗੇਵਾਰ ਨੇ ਮਹਾਰਾਸ਼ਟਰ ’ਚ ਨਾਗਪੁਰ ਤੋਂ ਰਾਸ਼ਟਰੀ ਸਵੈਮਸੇਵਕ ਸੰਘ ਦੀ ਸ਼ੁਰੂਆਤ ਕੀਤੀ ਅਤੇ ਹਾਰਡੀਕਰ ਨੇ ਕਰਨਾਟਕ ਦੇ ਧਾਰਵਾੜ ਤੋਂ ਹਿੰਦੁਸਤਾਨ ਸੇਵਾ ਦਲ ਦਾ ਗਠਨ ਕੀਤਾ। ਦੋਵੇਂ ਹੀ ਕਾਂਗਰਸੀ ਸਨ, ਪਰ ਹੇਡਗੇਵਾਰ ਸਾਵਰਕਰ ਤੋਂ ਪ੍ਰਭਾਵਿਤ ਸਨ ਅਤੇ ਹਾਰਡੀਕਰ ਗਾਂਧੀ ਅਤੇ ਨਹਿਰੂ ਤੋਂ ਪ੍ਰਭਾਵਿਤ ਸਨ। ਦੋਵੇਂ ਇਕ ਅਜਿਹੇ ਰਾਸ਼ਟਰ ਦੀ ਸਿਰਜਣਾ ਦੇਖਣਾ ਚਾਹੁੰਦੇ ਸਨ ਜਿਸ ਦਾ ਆਪਣਾ ਚਰਿੱਤਰ ਹੋਵੇ ਅਤੇ ਭਾਰਤੀਅਤਾ ਦਾ ਪ੍ਰਤੀਕ ਹੋਵੇ। ਆਰ. ਐੱਸ. ਐੱਸ. ਦੇ ਮੂਲ ਵਿਚ ਹਿੰਦੂ, ਹਿੰਦੂਤਵ ਅਤੇ ਹਿੰਦੂ ਰਾਸ਼ਟਰ ਦਾ ਵਿਚਾਰ ਸੀ ਅਤੇ ਸੇਵਾ ਦਲ ਕਾਂਗਰਸ ਦਾ ਪੈਰੋਕਾਰ ਬਣ ਗਿਆ, ਇਸ ਦਾ ਧਰਮ ਪ੍ਰਤੀ ਕੋਈ ਪੱਖਪਾਤ ਨਹੀਂ ਸੀ।
ਆਰ. ਐੱਸ. ਐੱਸ. ਪਾਰਟੀ ਦੀ ਵਿਚਾਰਧਾਰਾ ਇਕ ਅਨੁਸ਼ਾਸਿਤ, ਅਰਧ ਸੈਨਿਕ ਬਲਾਂ ਵਰਗੀ ਸੰਸਥਾ ਬਣਾਉਣਾ ਸੀ ਤਾਂ ਜੋ ਇਕ ਹਿੰਦੂ ਰਾਸ਼ਟਰ ਨੂੰ ਸਾਕਾਰ ਕੀਤਾ ਜਾ ਸਕੇ, ਜੋ ਹਿੰਦੂਆਂ ਨੂੰ ਇਕਜੁੱਟ ਰੱਖਣ ਅਤੇ ਉਨ੍ਹਾਂ ਦੀ ਸੱਭਿਆਚਾਰਕ ਅਤੇ ਧਾਰਮਿਕ ਪਛਾਣ ਨੂੰ ਸੁਰੱਖਿਅਤ ਰੱਖਣ ਲਈ ਕੰਮ ਕਰੇ। ਇਸ ਵਿਚ ਸਿੱਖ, ਬੋਧੀ ਅਤੇ ਜੈਨ ਧਰਮਾਂ ਦੇ ਲੋਕਾਂ ਨੂੰ ਹਿੰਦੂ ਮੰਨ ਕੇ ਆਪਣੇ ਵਿਚ ਸ਼ਾਮਲ ਮੰਨ ਲਿਆ ਗਿਆ।
ਮੁਸਲਿਮ ਅਤੇ ਈਸਾਈ ਧਰਮ ਦੇ ਪੈਰੋਕਾਰਾਂ ਨੂੰ ਬਾਹਰਲੇ ਜੋ ਭਾਰਤ ਵਿਚ ਰਹਿ ਸਕਦੇ ਹਨ ਪਰ ਉਨ੍ਹਾਂ ਕੋਲ ਸਿਰਫ਼ ਉਹੀ ਅਧਿਕਾਰ ਹੋਣਗੇ ਜੋ ਹਿੰਦੂ ਉਨ੍ਹਾਂ ਨੂੰ ਦੇਣਾ ਚਾਹੁਣ, ਉਨ੍ਹਾਂ ਕੋਲ ਸਿਰਫ਼ ਓਨੇ ਹੀ ਨਾਗਰਿਕ ਅਧਿਕਾਰ ਹੋਣ ਕਿ ਉਹ ਇੱਥੇ ਰਹਿ ਸਕਦੇ ਹਨ, ਕਾਰੋਬਾਰ ਕਰ ਸਕਦੇ ਹਨ ਪਰ ਕਿਉਂਕਿ ਉਨ੍ਹਾਂ ਕੋਲ ਭਾਰਤੀ ਪਛਾਣ ਨਾ ਹੋਣ ਕਾਰਨ ਉਹ ਵਿਦੇਸ਼ੀ ਹਨ।
ਦਲੀਲ ਇਹ ਸੀ ਕਿ ਇਸਲਾਮ ਅਤੇ ਈਸਾਈ ਧਰਮ ਭਾਰਤ ਵਿਚ ਪੈਦਾ ਨਹੀਂ ਹੋਏ ਸਨ ਅਤੇ ਇਸ ਲਈ ਹਿੰਦੂ ਧਰਮ ਤੋਂ ਵੱਖਰੇ ਸਨ ਅਤੇ ਕਿਉਂਕਿ ਇਹ ਭਾਰਤ ਹੀ ਹੈ ਜੋ ਸਿਰਫ਼ ਇਕ ਹਿੰਦੂ ਰਾਸ਼ਟਰ ਹੋ ਸਕਦਾ ਹੈ, ਮੁਸਲਮਾਨਾਂ ਅਤੇ ਈਸਾਈਆਂ ਦਾ ਸਤਿਕਾਰ ਕੀਤਾ ਜਾ ਸਕਦਾ ਹੈ ਪਰ ਭਾਰਤ ਵਿਚ ਰਾਜ ਨਹੀਂ ਕਰ ਸਕਦੇ। ਵਿਸ਼ਵਾਸ ਇਹ ਸੀ ਕਿ ਜਿਨ੍ਹਾਂ ਦਾ ਆਧਾਰ ਭਾਰਤ ਨਹੀਂ ਹੈ, ਉਹ ਨਹੀਂ ਸਮਝ ਸਕਦੇ ਕਿ ਭਾਰਤੀਅਤਾ, ਹਿੰਦੂਤਵ ਅਤੇ ਹਿੰਦੂ ਰਾਸ਼ਟਰ ਕੀ ਹੈ। ਇਸ ਦੇ ਉਲਟ, ਸਾਰੇ ਧਰਮਾਂ ਦੇ ਲੋਕ ਸੇਵਾ ਦਲ ਵਿਚ ਸ਼ਾਮਲ ਹੋ ਸਕਦੇ ਸਨ। ਜਮਾਤ-ਏ-ਇਸਲਾਮੀ ਦਾ ਸੰਗਠਨ ਵੀ ਸਿਰਫ਼ ਮੁਸਲਮਾਨਾਂ ਦੇ ਹਿੱਤਾਂ ਦੀ ਰਾਖੀ ਲਈ ਬਣਾਇਆ ਗਿਆ ਸੀ।
ਵਿਚਾਰਧਾਰਾ : ਆਰ. ਐੱਸ. ਐੱਸ. ਲਈ ਇਕ ਅਜਿਹਾ ਦੇਸ਼ ਬਣਾਉਣਾ ਉਦੇਸ਼ ਸੀ ਜਿਸ ਵਿਚ ਇਕ ਅਖੰਡ ਭਾਰਤ ਦਾ ਸੁਪਨਾ ਸਾਕਾਰ ਕੀਤਾ ਜਾ ਸਕੇ। ਗਊ ਰੱਖਿਆ ਜ਼ਰੂਰੀ ਹੈ ਅਤੇ ਇਸ ਦੇ ਲਈ ਸਭ ਕੁਝ ਕੁਰਬਾਨ ਕੀਤਾ ਜਾ ਸਕਦਾ ਹੈ। ਹਿੰਦੂਆਂ ਵਲੋਂ ਗਊ ਹਮੇਸ਼ਾ ਪੂਜਣਯੋਗ ਰਹੀ ਹੈ। ਇਸ ਦੀ ਪਾਲਣਾ ਅਤੇ ਸੁਰੱਖਿਆ ਨੂੰ ਹਿੰਦੂ ਦੀ ਪਛਾਣ ਮੰਨਿਆ ਜਾਂਦਾ ਸੀ।
ਇਸ ਨੂੰ ਮਾਂ ਰੂਪ ਮੰਨ ਕੇ ਇਸ ਦੀ ਰੱਖਿਆ ਕਰਨਾ ਹਿੰਦੂ ਧਰਮ ਦੀ ਵਿਸ਼ੇਸ਼ਤਾ ਕਿਹਾ ਜਾਂਦਾ ਹੈ। ਗਾਂ ਵਿਚ ਮਾਂ ਵਰਗੀ ਮਮਤਾ, ਪਿਆਰ ਅਤੇ ਪਾਲਣ-ਪੋਸ਼ਣ ਵਰਗੇ ਸਾਰੇ ਗੁਣ ਹਨ, ਇਸ ਲਈ ਇਸ ਦੀ ਰੱਖਿਆ ਕਰਨਾ ਇਕ ਹਿੰਦੂ ਦਾ ਫਰਜ਼ ਅਤੇ ਜ਼ਿੰਮੇਵਾਰੀ ਵੀ ਹੈ।
ਗਊਵੰਸ਼ ਵਧਦਾ ਰਹਿਣਾ ਚਾਹੀਦਾ ਹੈ ਅਤੇ ਇਸ ਦਾ ਮਾਸ ਭਾਵ ਕਿ ਗਊ ਮਾਸ ਦਾ ਸੇਵਨ ਤਾਂ ਹੋ ਹੀ ਨਹੀਂ ਸਕਦਾ ਅਤੇ ਜੇਕਰ ਅਜਿਹਾ ਕੀਤਾ ਜਾਂਦਾ ਹੈ ਤਾਂ ਕੋਈ ਵੀ ਹਿੰਦੂ ਕਹਾਉਣ ਦੇ ਯੋਗ ਨਹੀਂ ਰਹਿ ਜਾਵੇਗਾ। ਇਸ ਵਿਚ ਕੋਈ ਸ਼ੱਕ ਨਹੀਂ ਕਿ ਗਾਂ ਦੇ ਸਾਰੇ ਅੰਗ ਮਨੁੱਖਤਾ ਦੇ ਕਲਿਆਣ ਲਈ ਹਨ ਜਦੋਂ ਤੱਕ ਉਹ ਜਿਊਂਦੀ ਹੈ ਅਤੇ ਉਸ ਦੀ ਮੌਤ ਤੋਂ ਬਾਅਦ ਵੀ। ਗਾਂ ਦੇ ਗੋਹੇ ਅਤੇ ਗਊ ਮੂਤਰ ਦਾ ਆਪਣਾ ਇਕ ਖਾਸ ਸਥਾਨ ਹੈ।
ਗਊ ਪਾਲਣ ਅਤੇ ਗਊ ਸੇਵਾ ਪਰਮਾਤਮਾ ਦੀ ਸੇਵਾ ਹੈ। ਗਊ ਰੱਖਿਆ ਬਾਰੇ ਅਜਿਹੀ ਧਾਰਨਾ ਪੈਦਾ ਕੀਤੀ ਗਈ ਸੀ ਕਿ ਜੇਕਰ ਇਸ ਵਿਚ ਕੋਈ ਕੁਤਾਹੀ ਹੁੰਦੀ ਹੈ, ਤਾਂ ਇਹ ਆਫ਼ਤ ਅਤੇ ਪਾਪ ਦਾ ਕਾਰਨ ਬਣੇਗੀ ਜਿਸ ਦੀ ਸਜ਼ਾ ਨਿਸ਼ਚਿਤ ਹੈ। ਅਜਿਹਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਨੂੰ ਮਾਰਨਾ ਵੀ ਗੈਰ-ਵਾਜਿਬ ਨਹੀਂ ਹੈ। ਆਰ. ਐੱਸ. ਐੱਸ. ਨੇ ਬਜਰੰਗ ਬਲੀ ਹਨੂੰਮਾਨ ਅਤੇ ਛਤਰਪਤੀ ਸ਼ਿਵਾਜੀ ਮਹਾਰਾਜ ਨੂੰ ਆਪਣਾ ਆਦਰਸ਼ ਮੰਨਦੇ ਹੋਏ, ਆਪਣੇ ਸਾਰੇ ਕੰਮਾਂ ਵਿਚ ਉਨ੍ਹਾਂ ਨੂੰ ਪ੍ਰੇਰਣਾਦਾਇਕ ਰੂਪ ਮੰਨ ਕੇ ਉਨ੍ਹਾਂ ਦਾ ਆਸ਼ੀਰਵਾਦ ਲੈਣ ਦੀ ਪਰੰਪਰਾ ਬਣਾਈ। ਹਿੰਦੂ ਮਹਾਸਭਾ, ਬਜਰੰਗ ਦਲ, ਵਿਦਿਆ ਭਾਰਤੀ, ਰਾਸ਼ਟਰੀ ਸੇਵਿਕਾ ਸਮਿਤੀ ਅਤੇ ਵਿਦਿਆਰਥੀ ਪ੍ਰੀਸ਼ਦ ਵਰਗੀਆਂ ਜਥੇਬੰਦੀਆਂ ਸੰਘ ਪਰਿਵਾਰ ਵਿਚ ਸ਼ਾਮਲ ਹੋ ਗਈਆਂ। ਉਦੇਸ਼ ਇਹੀ ਕਿ ਭਾਰਤ ਨੂੰ ਇਕ ਹਿੰਦੂ ਰਾਸ਼ਟਰ ਵਜੋਂ ਕਲਪਨਾ ਕੀਤੀ ਜਾਵੇ ਅਤੇ ਹਿੰਦੂ ਧਰਮ ਦੇ ਪ੍ਰਸਾਰ ਲਈ ਜੋ ਵੀ ਜ਼ਰੂਰੀ ਹੈ, ਉਹ ਕੀਤਾ ਜਾਵੇ।
ਜਦੋਂ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਤਾਂ ਉਸ ਨਾਲ ਵੀ ਆਰ. ਐੱਸ. ਐੱਸ. ਦੀ ਅਸਹਿਮਤੀ ਸੀ। ਇਸ ਦਾ ਕਾਰਨ ਇਹ ਦੱਸਿਆ ਗਿਆ ਸੀ ਕਿ ਇਸ ਵਿਚ ਮਨੂ ਦਾ ਕੋਈ ਜ਼ਿਕਰ ਨਹੀਂ ਸੀ ਅਤੇ ਨਾ ਹੀ ਇਹ ਮਨੂਸਮ੍ਰਿਤੀ ਅਨੁਸਾਰ ਬਣਾਇਆ ਗਿਆ ਸੀ, ਇਸ ਲਈ ਇਹ ਹਿੰਦੂ ਰਾਸ਼ਟਰ ਦੇ ਵਿਚਾਰ ਦੇ ਵਿਰੁੱਧ ਹੈ।
ਹਾਲਾਂਕਿ, ਬਾਅਦ ਵਿਚ ਇਸੇ ਸੰਵਿਧਾਨ ਨੂੰ ਆਰ. ਐੱਸ. ਐੱਸ. ਨੇ ਅਪਣਾਇਆ। ਇਸ ਨੂੰ ਵੀ ਸਵੀਕਾਰ ਕਰਨਾ ਪਿਆ ਕਿਉਂਕਿ ਉਦੋਂ ਤੱਕ ਸਾਰੇ ਧਰਮਾਂ ਨੂੰ ਬਰਾਬਰੀ ਦੇਣ ਦਾ ਮੁੱਦਾ ਜ਼ੋਰ ਫੜ ਰਿਹਾ ਸੀ। ਆਰ. ਐੱਸ. ਐੱਸ. ਨੂੰ ਜ਼ਰੂਰ ਮਹਿਸੂਸ ਹੋਇਆ ਹੋਵੇਗਾ ਕਿ ਜੇਕਰ ਇੰਨੇ ਵੱਡੇ ਦੇਸ਼ ਵਿਚ ਸਾਰਿਆਂ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਨਹੀਂ ਬਣਾਈ ਜਾਂਦੀ, ਤਾਂ ਇਸ ਦੀ ਹੋਂਦ ਹੀ ਖ਼ਤਰੇ ਵਿਚ ਪੈ ਸਕਦੀ ਹੈ।
ਇਹੀ ਕਾਰਨ ਹੈ ਕਿ ਜਦੋਂ ਗਾਂਧੀ ਜੀ ਦੀ ਹੱਤਿਆ ਵਿਚ ਆਰ. ਐੱਸ. ਐੱਸ. ਦਾ ਹੱਥ ਹੋਣ ਦੀ ਚਰਚਾ ਹੋਈ ਤਾਂ ਉਸ ਨੇ ਆਪਣੀ ਨੀਤੀ ਰਾਸ਼ਟਰ ਨਾਲ ਚੱਲਣ ਦੀ ਬਣਾ ਲਈ ਅਤੇ ਜਦੋਂ ਇਹ ਸਾਬਤ ਹੋ ਗਿਆ ਕਿ ਉਸ ਦਾ ਕਾਤਲ ਨਾਲ ਕੋਈ ਸਬੰਧ ਨਹੀਂ ਹੈ, ਤਾਂ ਉਸ ਨੇ ਸੋਚਿਆ ਹੋਵੇਗਾ ਕਿ ਜਦੋਂ ਮੁਸਲਮਾਨ ਇੱਥੇ ਰਹਿਣਗੇ ਹੀ ਤਾਂ ਦੂਰੀ ਬਣਾ ਕੇ ਨਹੀਂ ਰਿਹਾ ਜਾ ਸਕਦਾ ਅਤੇ ਉਨ੍ਹਾਂ ਨੂੰ ਵੀ ਸੰਘ ਵਿਚ ਸ਼ਾਮਲ ਕਰਨ ਦਾ ਤਜਰਬਾ ਕੀਤਾ।
ਪੂਰਨ ਚੰਦ ਸਰੀਨ
ਵਧ ਰਹੇ ਰਿਸ਼ਵਤ ਦੇ ਮਾਮਲੇ! ‘ਚੁੱਕਣੇ ਪੈਣਗੇ ਸਖਤ ਕਦਮ’
NEXT STORY