ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ 2022 ਦੀ ਰਿਪੋਰਟ ਅਨੁਸਾਰ ਦੇਸ਼ ਭਰ ’ਚ ਭ੍ਰਿਸ਼ਟਾਚਾਰ ਦੇ 11,000 ਤੋਂ ਵੱਧ ਮਾਮਲਿਆਂ ਦੀ ਜਾਂਚ ਚੱਲ ਰਹੀ ਹੈ ਅਤੇ 2022 ’ਚ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ 4993 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ’ਚੋਂ 852 ਦੋਸ਼ੀਆਂ ਨੂੰ ਅਦਾਲਤ ਨੇ ਸਜ਼ਾ ਵੀ ਸੁਣਾ ਦਿੱਤੀ ਪਰ ਇਸ ਦੇ ਬਾਵਜੂਦ ਦੇਸ਼ ਭਰ ’ਚ ਰਿਸ਼ਵਤ ਦੇ ਮਾਮਲੇ ਵਧਦੇ ਹੀ ਜਾ ਰਹੇ ਹਨ।
ਸਾਲ 2025 ’ਚ ਹੀ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਭ੍ਰਿਸ਼ਟਾਚਾਰ ਨੂੰ ਲੈ ਕੇ ਕਈ ਸਰਕਾਰੀ ਮੁਲਾਜ਼ਮ ਅਤੇ ਅਧਿਕਾਰੀ ਗ੍ਰਿਫਤਾਰ ਕੀਤੇ ਗਏ ਹਨ ਜਿਨ੍ਹਾਂ ਦਾ ਵੇਰਵਾ ਹੇਠਾਂ ਦਰਜ ਹੈ :
* 15 ਜਨਵਰੀ ਨੂੰ ਰਾਜਸਥਾਨ ਦੇ ‘ਜੋਧਪੁਰ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਥਾਣਾ ਅਧਿਕਾਰੀ ‘ਝੰਵਰ ਮੂਲਾਰਾਮ’ ਨੂੰ ਮਾਰਕੁੱਟ ਦੇ ਇਕ ਮਾਮਲੇ ਨੂੰ ਰਫਾ-ਦਫਾ ਕਰਨ ਲਈ 50,000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।
* 21 ਜਨਵਰੀ ਨੂੰ ‘ਚੰਡੀਗੜ੍ਹ’ ’ਚ ਸੀ.ਬੀ.ਆਈ. ਦੀ ਟੀਮ ਨੇ ਮਨੀ ਲਾਂਡਰਿੰਗ ਦੇ ਇਕ ਮਾਮਲੇ ’ਚ ਆਪਣੇ ਹੀ ਇਕ ਡੀ.ਐੱਸ.ਪੀ. ‘ਬਲਬੀਰ ਸਿੰਘ’ ਨੂੰ ਗ੍ਰਿਫਤਾਰ ਕੀਤਾ। ਬਲਬੀਰ ਸਿੰਘ ਨੇ ਢਾਈ ਕਰੋੜ ਰੁਪਏ ਦੀ ਰਿਸ਼ਵਤ ਨਾਲ ਜੁੜੇ ਇਕ ਮਾਮਲੇ ’ਚ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ‘ਵਿਸ਼ਾਲਦੀਪ’ ਤੋਂ 10 ਫੀਸਦੀ ਹਿੱਸਾ ਮੰਗਿਆ ਸੀ।
* 22 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ‘ਮੇਰਠ’ ਦੀ ਐਂਟੀ ਕੁਰੱਪਸ਼ਨ ਟੀਮ ਨੇ ਧੋਖਾਧੜੀ ਦੇ ਇਕ ਮਾਮਲੇ ’ਚ ਦੋਸ਼ੀ ਦਾ ਨਾਂ ਐੱਫ.ਆਈ.ਆਰ. ’ਚੋਂ ਕੱਢਣ ਲਈ 20,000 ਰੁਪਏ ਰਿਸ਼ਵਤ ਲੈਂਦੇ ‘ਅੰਕੁਰ ਵਿਹਾਰ’ ਥਾਣੇ ਦੇ ਏ.ਐੱਸ.ਆਈ. ‘ਮੁੰਨਾ ਲਾਲ ਸਾਗਰ’ ਨੂੰ ਗ੍ਰਿਫਤਾਰ ਕੀਤਾ।
* 5 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ‘ਸੰਭਲ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ‘ਸ਼ਰੀਫਪੁਰ ਕੋਆਪ੍ਰੇਟਿਵ ਸੋਸਾਇਟੀ’ ਦੇ ਸਕੱਤਰ ‘ਰਾਕੇਸ਼ਪਾਲ’ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ।
* 19 ਫਰਵਰੀ ਨੂੰ ਉੱਤਰ ਪ੍ਰਦੇਸ਼ ਦੇ ‘ਗੋਰਖਪੁਰ’ ’ਚ ਐਂਟੀ ਕੁਰੱਪਸ਼ਨ ਟੀਮ ਨੇ ਸਿੰਚਾਈ ਵਿਭਾਗ ਦੇ ਕਲਰਕ ‘ਿਰਸ਼ੀਨੰਦਨ ਗੌੜ’ ਨੂੰ 5,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਦੋਸ਼ੀ ਆਪਣੇ ਹੀ ਵਿਭਾਗ ਦੇ ਇਕ ਸੇਵਾਮੁਕਤ ਮੁਲਾਜ਼ਮ ‘ਇੰਦਰੇਸ਼ ਸਿੰਘ’ ਕੋਲੋਂ ਉਸ ਦੀ ਗ੍ਰੈਚੂਇਟੀ ਦੀ ਰਕਮ ਦਿਵਾਉਣ ਲਈ ਰਿਸ਼ਵਤ ਮੰਗ ਰਿਹਾ ਸੀ।
* 13 ਮਾਰਚ ਨੂੰ ਮਹਾਰਾਸ਼ਟਰ ਦੇ ‘ਮੁੰਬਈ’ ’ਚ ਸੀ.ਬੀ.ਆਈ. ਨੇ ‘ਮੁਲੁੰਡ’ ਰੇਲਵੇ ਸਟੇਸ਼ਨ ਦੇ ਸਟੇਸ਼ਨ ਮਾਸਟਰ ‘ਲਕਸ਼ਮਣ ਦਾਸ’ ਨੂੰ 9,000 ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ। ਦੋਸ਼ ਹੈ ਕਿ ਉਸ ਨੇ ਪਾਰਕਿੰਗ ਠੇਕੇਦਾਰ ਕੋਲੋਂ ਹਰ ਮਹੀਨੇ ਰਿਸ਼ਵਤ ਦੀ ਮੰਗ ਕੀਤੀ ਸੀ।
* 20 ਮਾਰਚ ਨੂੰ ਸੀ.ਬੀ.ਆਈ. ਨੇ ‘ਦਿੱਲੀ’ ਦੇ ‘ਰੋਹਿਣੀ’ ਸਥਿਤ ਸਾਈਬਰ ਪੁਲਸ ਥਾਣੇ ’ਚ ਤਾਇਨਾਤ ਸਬ-ਇੰਸਪੈਕਟਰ ‘ਰਾਹੁਲ ਮਲਿਕ’ ਨੂੰ ਢਾਈ ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ। ਉਸ ’ਤੇ ਹਵਾਲਾ ਆਪ੍ਰੇਟਰਾਂ ਕੋਲੋਂ 50 ਲੱਖ ਰੁਪਏ ਰਿਸ਼ਵਤ ਮੰਗਣ ਦਾ ਦੋਸ਼ ਹੈ।
* 24 ਮਾਰਚ ਨੂੰ ਸੀ.ਬੀ.ਆਈ. ਨੇ 15 ਲੱਖ ਰੁਪਏ ਦੀ ਰਿਸ਼ਵਤ ਦੇ ਲੈਣ-ਦੇਣ ਦੇ ਦੌਰਾਨ ‘ਨੈਸ਼ਨਲ ਹਾਈੇਵੇ ਅਥਾਰਟੀ ਆਫ ਇੰਡੀਆ’ ਦੇ ਇਕ ਜਨਰਲ ਮੈਨੇਜਰ ਅਤੇ ਨਿੱਜੀ ਕੰਪਨੀ ਦੇ ਿਤੰਨ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ। ਸੀ.ਬੀ.ਆਈ. ਨੇ ਇਸ ਮਾਮਲੇ ’ਚ ਛਾਪੇਮਾਰੀ ਕਰ ਕੇ ਉਕਤ ਦੋਸ਼ੀਆਂ ਕੋਲੋਂ 1.18 ਕਰੋੜ ਰੁਪਏ ਨਕਦ ਬਰਾਮਦ ਕੀਤੇ ਹਨ।
* 3 ਅਪ੍ਰੈਲ ਨੂੰ ਹਰਿਆਣਾ ਦੇ ‘ਗੋਹਾਨਾ’ ’ਚ ਐਂਟੀ ਕੁਰੱਪਸ਼ਨ ਬਿਊਰੋ ਦੀ ‘ਕਰਨਾਲ’ ਟੀਮ ਨੇ ਵਸੀਕਾ ਨਵੀਸ ‘ਰਾਜੀਵ ਕੁਮਾਰ ਮਲਹੋਤਰਾ’ ਨੂੰ ਇਕ ਪਲਾਟ ਦੀ ਰਜਿਸਟਰੀ ਕਰਵਾਉਣ ਲਈ ਗੋਹਾਨਾ ਤਹਿਸੀਲ ’ਚ 1 ਲੱਖ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ’ਚ ਦੂਜਾ ਦੋਸ਼ੀ ਤਹਿਸਲੀਦਾਰ ਫਰਾਰ ਹੋ ਗਿਆ।
* 3 ਅਪ੍ਰੈਲ ਨੂੰ ਹੀ ਰਾਜਸਥਾਨ ਦੇ ‘ਧੌਲਪੁਰ’ ਵਿਚ ਐਂਟੀ ਕੁਰੱਪਸ਼ਨ ਬਿਊਰੋ ਦੀ ਟੀਮ ਨੇ ਮਾਰਕੁੱਟ ਦੇ ਇਕ ਮਾਮਲੇ ਵਿਚ ਦੋਸ਼ੀ ਬਣਾਏ ਗਏ ਵਿਅਕਤੀ ਅਤੇ ਉਸ ਦੇ ਪਰਿਵਾਰ ਨੂੰ ਰਾਹਤ ਦਿਵਾਉਣ ਲਈ 4,000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿਚ ਹੈੱਡ ਕਾਂਸਟੇਬਲ ‘ਕ੍ਰਿਸ਼ਨ ਮੁਰਾਰੀ’ ਨੂੰ ਗ੍ਰਿਫ਼ਤਾਰ ਕੀਤਾ।
* 3 ਅਪ੍ਰੈਲ ਨੂੰ ਹੀ ਪੰਜਾਬ ਵਿਚ ਵਿਜੀਲੈਂਸ ਟੀਮ ਨੇ ਫਿਰੋਜ਼ਪੁਰ ਦੀ ਕੇਂਦਰੀ ਜੇਲ ਵਿਚ ਤਾਇਨਾਤ ਚੌਕੀ ਇੰਚਾਰਜ ਸਬ-ਇੰਸਪੈਕਟਰ ‘ਸਰਵਣ ਸਿੰਘ’ ਅਤੇ ਉਸ ਦੇ ਸਾਥੀ ‘ਪ੍ਰਦੀਪ ਸਿੰਘ’ (ਪ੍ਰਾਈਵੇਟ ਆਪ੍ਰੇਟਰ) ਨੂੰ ‘ਕੁਲਦੀਪ ਸਿੰਘ’ ਨਾਂ ਦੇ ਇਕ ਵਿਅਕਤੀ ਕੋਲੋਂ 50,000 ਰੁਪਏ ਰਿਸ਼ਵਤ ਮੰਗਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ।
ਭ੍ਰਿਸ਼ਟਾਚਾਰ ਦੇ ਇਹ ਉਹ ਮਾਮਲੇ ਹਨ, ਜਿਨ੍ਹਾਂ ਬਾਰੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ ਅਤੇ ਦੋਸ਼ੀ ਫੜ ਲਏ ਗਏ ਪਰ ਇਨ੍ਹਾਂ ਤੋਂ ਇਲਾਵਾ ਵੀ ਕਈ ਮਾਮਲੇ ਅਜਿਹੇ ਹੋਣਗੇ ਜਿਥੇ ਆਪਸੀ ਸਹਿਮਤੀ ਨਾਲ ਰਿਸ਼ਵਤ ਦਾ ਲੈਣ-ਦੇਣ ਹੋਇਆ ਹੋਵੇਗਾ।
ਭ੍ਰਿਸ਼ਟਾਚਾਰ ਤੋਂ ਦੇਸ਼ ਨੂੰ ਮੁਕਤੀ ਦਿਵਾਉਣ ਲਈ ਕਾਨੂੰਨੀ ਵਿਵਸਥਾ ਸਖ਼ਤ ਕਰਨ ਅਤੇ ਅਜਿਹੇ ਮਾਮਲਿਆਂ ਵਿਚ ਦੋਸ਼ੀਆਂ ਨੂੰ ਫਾਸਟ ਟ੍ਰੈਕ ਅਦਾਲਤਾਂ ਵਿਚ ਸਜ਼ਾ ਦਿਵਾਉਣੀ ਜ਼ਰੂਰੀ ਹੈ। ਇਸ ਤਰ੍ਹਾਂ ਦੇਸ਼ ਵਿਚੋਂ ਭ੍ਰਿਸ਼ਟਾਚਾਰ ਨੂੰ ਘੱਟ ਕੀਤਾ ਜਾ ਸਕਦਾ ਹੈ।
-ਵਿਜੇ ਕੁਮਾਰ
ਹਿੰਸਕ ਪ੍ਰੇਮ ਰੋਗੀਆਂ ਦੀ ਕੋਈ ਦਵਾ ਨਹੀਂ ਹੁੰਦੀ
NEXT STORY