ਇਸ ਸਾਲ ਦੇ ਅੰਤ ’ਚ ਹੋਣ ਵਾਲੀਆਂ ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਕਾਫੀ ਬੇਮਿਸਾਲ ਹਨ। ਫਿਲਹਾਲ, ਭਾਜਪਾ, ਰਾਜਦ ਜਾਂ ਜਨਤਾ ਦਲ (ਯੂ) ਲਈ ਕੋਈ ਸੌਖਾ ਰਾਹ ਨਹੀਂ ਹੈ। ਸਿਆਸੀ ਪਾਰਟੀਆਂ ਚੋਣਾਂ ਦਾ ਸਾਹਮਣਾ ਕਰਨ ਲਈ ਲੰਗੋਟੇ ਕੱਸ ਰਹੀਆਂ ਹਨ। ਬਿਹਾਰ ਦੀ ਸਿਆਸਤ ’ਚ ਚੁੱਪਚਾਪ ਮੰਥਨ ਚੱਲ ਰਿਹਾ ਹੈ।
ਸੱਤਾ ਦੀ ਸਰਗਰਮੀ ’ਚ ਸੰਭਾਵਿਤ ਤਬਦੀਲੀ ਹੋ ਸਕਦੀ ਹੈ। ਪਿਛਲੇ 2 ਦਹਾਕਿਆਂ ਤੋਂ ਜਨਤਾ ਦਲ (ਯੂ) ਤੋਂ ਬਾਅਦ ਦੂਜੇ ਨੰਬਰ ’ਤੇ ਰਹੀ ਭਾਜਪਾ ਹੁਣ ਪ੍ਰਮੁੱਖ ਭੂਮਿਕਾ ’ਤੇ ਨਜ਼ਰ ਰੱਖ ਰਹੀ ਹੈ। ਰਾਜਦ ਬਿਹਾਰ ’ਚ ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ।
ਦੋ ਅਹਿਮ ਸ਼ਕਤੀ ਗਰੁੱਪ ਲੜ ਰਹੇ ਹਨ। ਇਕ ਪਾਸੇ ਐੱਨ. ਡੀ. ਏ. ਅਤੇ ਦੂਜੇ ਪਾਸੇ ਮਹਾਗੱਠਜੋੜ ਹੈ ਜਿਸ ’ਚ ਰਾਸ਼ਟਰੀ ਜਨਤਾ ਦਲ ਭਾਵ ਰਾਜਦ, ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਸ਼ਾਮਲ ਹਨ। ਪਾਰਟੀਆਂ ਅੰਦਰ ਅਤੇ ਬਾਹਰ ਜ਼ੋਰਦਾਰ ਸਰਗਰਮੀਆਂ ਝੱਲ ਰਹੀਆਂ ਹਨ।
ਐੱਨ. ਡੀ. ਏ. ਅਤੇ ਮਹਾਗੱਠਜੋੜ ਇਕ ਉੱਚ ਦਾਅ ਵਾਲੇ ਸਿਆਸੀ ਟਕਰਾਅ ਲਈ ਸੋਚੀ-ਸਮਝੀ ਚਾਲ ਚੱਲ ਰਹੇ ਹਨ। ਉਨ੍ਹਾਂ ਸੂਬਿਆਂ ’ਚ ਲਗਾਤਾਰ ਜਿੱਤ ਤੋਂ ਉਤਸ਼ਾਹਿਤ, ਜਿੱਥੇ ਸੰਭਾਵਨਾਵਾਂ ਉਸਦੇ ਵਿਰੁੱਧ ਸਨ, ਹੁਣ ਦਿੱਲੀ ਨੂੰ ਜਿੱਤਣ ਪਿੱਛੋਂ ਭਾਜਪਾ ਨੇ ਬਿਹਾਰ ’ਤੇ ਨਜ਼ਰਾਂ ਟਿਕਾਅ ਦਿੱਤੀਆਂ ਹਨ।
ਬਿਹਾਰ ਦੀ ਜਾਤੀ ਵਾਲੀ ਸਿਆਸਤ ਦਿਲਚਸਪ ਹੈ। ਪੱਛੜੇ ਵਰਗਾਂ ਦੀ ਆਬਾਦੀ 63.13 ਫੀਸਦੀ ਹੈ ਅਤੇ ਉੱਚ ਜਾਤੀ ਦੀ ਆਬਾਦੀ ਸਿਰਫ 15.52 ਫੀਸਦੀ ਹੈ। ਹੋਰ ਪੱਛੜੇ ਵਰਗਾਂ ਅਤੇ ਪੱਛੜੇ ਵਰਗਾਂ ਦੀਆਂ ਸ਼੍ਰੇਣੀਆਂ ਦੀ ਆਬਾਦੀ 27.12 ਫੀਸਦੀ ਹੈ ਜਦੋਂ ਕਿ ਅਤਿਅੰਤ ਪੱਛੜੇ ਵਰਗਾਂ ਦੀ ਆਬਾਦੀ 36 ਫੀਸਦੀ ਹੈ। ਦਲਿਤਾਂ ਦੀ ਗਿਣਤੀ ਲਗਭਗ 19.65 ਫੀਸਦੀ ਹੈ। ਯਾਦਵਾਂ ਦੀ 14.26 ਫੀਸਦੀ ਹੈ।
ਨਿਤੀਸ਼ ਦੀ ਕੁਰਮੀ ਜਾਤੀ ਜਿਸ ਨੂੰ ਓ. ਬੀ. ਸੀ. ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ, ਦੀ ਆਬਾਦੀ 2.87 ਫੀਸਦੀ ਹੈ। ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ’ਚ ਲਗਭਗ 15 ਫੀਸਦੀ ਆਬਾਦੀ ਵਾਲੀਆਂ ਉੱਚ ਜਾਤੀਆਂ ਨੇ ਕਈ ਪਾਰਟੀਆਂ ’ਚ ਟਿਕਟਾਂ ਦੀ ਵੰਡ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਭਾਜਪਾ ਨੇ 47.3 ਫੀਸਦੀ ਟਿਕਟਾਂ ਉੱਚੀਆਂ ਜਾਤੀਆਂ ਦੇ ਉਮੀਦਵਾਰਾਂ ਨੂੰ ਦਿੱਤੀਆਂ ਜਦੋਂ ਕਿ ਕਾਂਗਰਸ ਨੇ 40 ਫੀਸਦੀ ਸੀਟਾਂ ਉੱਚੀਆਂ ਜਾਤੀਆਂ ਨੂੰ ਦਿੱਤੀਆਂ।
2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ’ਚ ਮਹਾਗੱਠਜੋੜ ਨੂੰ 243 ਮੈਂਬਰੀ ਵਿਧਾਨ ਸਭਾ ’ਚ ਸਾਧਾਰਨ ਬਹੁਮਤ ਨਹੀਂ ਮਿਲਿਆ। ਉਹ ਸਿਰਫ 12 ਸੀਟਾਂ ਤੋਂ ਖੁੰਝ ਗਈ। ਰਾਜਦ ਹਾਊਸ ’ਚ ਸਭ ਤੋਂ ਵੱਡੀ ਪਾਰਟੀ ਸੀ ਪਰ ਸਰਕਾਰ ਨਹੀਂ ਬਣਾ ਸਕੀ।
ਇਸ ਸਾਲ ਦੀਆਂ ਚੋਣਾਂ ਲਈ ਜਨਤਾ ਦਲ (ਯੂ) ਨੇ ਨਿਤੀਸ਼ ਕੁਮਾਰ ਨੂੰ ਮੁੱਖ ਮੰਤਰੀ ਦੇ ਅਹੁਦੇ ਦਾ ਚਿਹਰਾ ਐਲਾਨਿਆ ਹੈ। ਮੰਨੇ-ਪ੍ਰਮੰਨੇ ਚੋਣ ਮਾਹਿਰ ਪ੍ਰਸ਼ਾਂਤ ਕੁਮਾਰ ਨੇ ਭਵਿੱਖਬਾਣੀ ਕੀਤੀ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਆਪਣੇ ਸਿਆਸੀ ਕਰੀਅਰ ਦੇ ਆਖਰੀ ਪੜਾਅ ’ਚ ਹਨ।
ਉਧਰ, ਰਾਜਦ ਨੇ ਆਪਣੇ ਆਗੂ ਤੇਜਸਵੀ ਯਾਦਵ ਨੂੰ ਚੁਣਿਆ ਹੈ। ਕਾਂਗਰਸ ਨੇ ਅਜੇ ਤੱਕ ਆਪਣੇ ਪੱਤੇ ਨਹੀਂ ਖੋਲ੍ਹੇ ਹਨ। ਕਾਂਗਰਸ ਅਤੇ ਰਾਜਦ ਦਰਮਿਆਨ ਬੈਠਕਾਂ ਦਾ ਦੌਰ ਜਾਰੀ ਹੈ। ਜਨਤਾ ਦਲ (ਯੂ) ਅਤੇ ਭਾਜਪਾ ਗੱਠਜੋੜ ਮੌਜੂਦਾ ਸਮੇਂ ’ਚ ਬਿਹਾਰ ’ਚ ਸੱਤਾਧਾਰੀ ਹਨ।
ਨਿਤੀਸ਼ ਕੁਮਾਰ ਦੀ ਵਿਗੜਦੀ ਸਿਹਤ, ਜਾਤੀ ਸੰਤੁਲਨ ਅਤੇ ਗੱਠਜੋੜ ਦੀ ਕਾਰਜਪ੍ਰਣਾਲੀ-ਇਹ ਕਾਰਕ, ਵਿਸ਼ੇਸ਼ ਤੌਰ ’ਤੇ ਨਿਤੀਸ਼ ਕੁਮਾਰ ਦੀ ਡਿੱਗਦੀ ਸਿਹਤ, ਬਿਹਾਰ ਨੂੰ ਸਿਆਸੀ ਪੱਖੋਂ ਬੇਮਿਸਾਲ ਬਣਾਉਂਦੇ ਹਨ। ਜੇ ਭਾਜਪਾ ਉਨ੍ਹਾਂ ਨੂੰ ਮੁੱਖ ਮੰਤਰੀ ਚੁਣਦੀ ਹੈ, ਤਾਂ ਵੀ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਭੀੜ ਨਾਲ ਅਸਰਦਾਰ ਢੰਗ ਨਾਲ ਜੁੜਨ ’ਚ ਉਨ੍ਹਾਂ ਦੀ ਅਸਮਰੱਥਾ ਚੋਣ ਨਤੀਜਿਆਂ ਨੂੰ ਅਹਿਮ ਰੂਪ ’ਚ ਪ੍ਰਭਾਵਿਤ ਕਰ ਸਕਦੀ ਹੈ।
ਜਨਤਾ ਦਲ (ਯੂ) ਭਾਜਪਾ ਨਾਲ ਵਧੇਰੇ ਸੀਟਾਂ ਲਈ ਸੌਦੇਬਾਜ਼ੀ ਕਰਨਾ ਚਾਹੁੰਦੀ ਹੈ। 2020 ’ਚ, ਜਨਤਾ ਦਲ (ਯੂ) ਨੇ 115 ਸੀਟਾਂ ’ਤੇ ਚੋਣ ਲੜੀ ਪਰ ਸਿਰਫ 43 ’ਤੇ ਜਿੱਤ ਹਾਸਲ ਕੀਤੀ। ਇਸ ਦੇ ਉਲਟ ਭਾਜਪਾ ਨੇ 110 ਸੀਟਾਂ ’ਤੇ ਚੋਣ ਲੜੀ ਅਤੇ 74 ’ਤੇ ਜਿੱਤ ਹਾਸਲ ਕੀਤੀ।
ਰਾਜਦ, ਕਾਂਗਰਸ ਅਤੇ ਕੁਝ ਛੋਟੀਆਂ ਪਾਰਟੀਆਂ ਵਾਲੇ ਗੱਠਜੋੜ ਨੇ ਤਿੱਖਾ ਵਿਰੋਧ ਕੀਤਾ। ਗੱਠਜੋੜ ਨੂੰ ਅੱਗੇ ਵਧਾਉਣ ਲਈ ਪਿਛਲੇ ਹਫਤੇ ਦਿੱਲੀ ’ਚ ਰਾਜਦ ਅਤੇ ਕਾਂਗਰਸ ਦੇ ਚੋਟੀ ਦੇ ਆਗੂਆਂ ਦੀ ਬੈਠਕ ਹੋਈ ਸੀ।
ਰਾਜਦ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਇਕ ਹੈਰਾਨੀਜਨਕ ਐਲਾਨ ਕਰਦੇ ਹੋਏ ਕਿਹਾ ਹੈ ਕਿ ਉਹ ਆਪਣੇ ਸਮਾਜਵਾਦੀ ਸਹਿਯੋਗੀ ਨਿਤੀਸ਼ ਕੁਮਾਰ ਨਾਲ ਸਮਝੌਤਾ ਕਰਨ ਲਈ ਤਿਆਰ ਹਨ। ਜਵਾਬ ’ਚ ਨਿਤੀਸ਼ ਨੇ ਕਿਹਾ ਕਿ ਉਨ੍ਹਾਂ ਨੇ ਅਣਜਾਣਪੁਣੇ ’ਚ ਰਾਜਦ ਨਾਲ ਗੱਠਜੋੜ ਕੀਤਾ ਸੀ। ਹਾਲਾਂਕਿ ਤੇਜਸਵੀ ਯਾਦਵ ਨੇ ਕਿਹਾ ਕਿ ਮਹਾਗੱਠਜੋੜ ’ਚ ਨਿਤੀਸ਼ ਕੁਮਾਰ ਲਈ ਕੋਈ ਥਾਂ ਨਹੀਂ।
ਵਿਰੋਧੀ ਧਿਰ ਦੇ ਗੱਠਜੋੜ ‘ਇੰਡੀਆ’ ਨੇ ਰਾਜਦ ਦੇ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਬਿਹਾਰ ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਲਈ ਆਪਣੀ ਤਾਲਮੇਲ ਕਮੇਟੀ ਦਾ ਮੁਖੀ ਨਿਯੁਕਤ ਕੀਤਾ ਹੈ। ਇਹ ਫੈਸਲਾ 17 ਅਪ੍ਰੈਲ ਨੂੰ ਪਟਨਾ ’ਚ ਗੱਠਜੋੜ ਦੇ 6 ਸਹਿਯੋਗੀਆਂ ਦੀ ਬੈਠਕ ਦੌਰਾਨ ਲਿਆ ਗਿਆ।
ਮਹਾਗੱਠਜੋੜ ’ਚ ਸ਼ਾਮਲ ਕਾਂਗਰਸ ਅਤੇ ਖੱਬੇਪੱਖੀ ਪਾਰਟੀਆਂ ਇਸ ਗੱਲ ਤੋਂ ਚਿੰਤਿਤ ਹਨ ਕਿ ਰਾਜਦ ਸੀਟਾਂ ਦੀ ਵੰਡ ’ਤੇ ਆਖਰੀ ਫੈਸਲਾ ਲੈਣ ਲਈ ਆਖਰੀ ਪਲ ਤੱਕ ਉਡੀਕ ਕਰੇਗੀ। ਕਾਂਗਰਸ 2020 ’ਚ ਉਨ੍ਹਾਂ ਨੂੰ ਦਿੱਤੇ ਗਏ ਕਮਜ਼ੋਰ ਚੋਣ ਖੇਤਰਾਂ ਕਾਰਨ ਨਾਖੁਸ਼ ਹੈ।
ਪਿਛਲੀਆਂ ਚੋਣਾਂ ’ਚ ਉਨ੍ਹਾਂ ਨੇ 70 ’ਚੋਂ ਸਿਰਫ 19 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ। ਸੀ. ਪੀ. ਆਈ. (ਐੱਮ. ਐੱਲ.), ਜਿਸ ਨੇ 2020 ’ਚ ਚੰਗਾ ਪ੍ਰਦਰਸ਼ਨ ਕੀਤਾ ਸੀ, ਸੀਟਾਂ ਦਾ ਵੱਡਾ ਹਿੱਸਾ ਚਾਹੁੰਦੀ ਹੈ। 2005 ਤੋਂ ਬਾਅਦ 2014 ਅਤੇ 2022 ਦੇ ਕੁਝ ਸਮੇਂ ਨੂੰ ਛੱਡ ਕੇ ਰਾਜਦ ਨੂੰ ਸੱਤਾ ਹਾਸਲ ਕਰਨ ’ਚ ਮੁਸ਼ਕਲ ਹੋ ਰਹੀ ਹੈ।
ਇਸ ਸਮੇਂ ਤੇਜਸਵੀ ਯਾਦਵ ਦੇ ਸਾਹਮਣੇ 2 ਮੁੱਖ ਕੰਮ ਹਨ। ਸਭ ਤੋਂ ਪਹਿਲਾਂ, ਉਨ੍ਹਾਂ ਨੂੰ ਆਪਣੀ ਹਮਾਇਤ ਨੂੰ ਮੁਸਲਮਾਨਾਂ ਅਤੇ ਯਾਦਵਾਂ ਦੇ ਮੂਲ ਗਰੁੱਪਾਂ ਤੋਂ ਅੱਗੇ ਵਧ ਕੇ ਹੋਰਨਾਂ ਜਾਤੀਆਂ ਤੱਕ ਪਹੁੰਚਾਉਣਾ ਹੋਵੇਗਾ। ਇਸ ’ਚ ਇਕ ਮਜ਼ਬੂਤ ਜ਼ਮੀਨੀ ਪੱਧਰ ਦੀ ਮੁਹਿੰਮ ਸ਼ਾਮਲ ਹੈ। ਇਹ ਹੁਣ ਵਿਸ਼ੇਸ਼ ਰੂਪ ਨਾਲ ਅਹਿਮ ਹੈ ਕਿਉਂਕਿ ਰਵਾਇਤੀ ਪੋਲਿੰਗ ਦੇ ਰੁਝਾਨ ਬਦਲ ਰਹੇ ਹਨ।
ਮੁੱਖ ਪਾਰਟੀਆਂ ਨੂੰ ਆਪਣੇ ਗਰੁੱਪਾਂ ਅੰਦਰ ਅਤੇ ਬਾਹਰ ਦੋਹਾਂ ਪਾਸਿਆਂ ਤੋਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਇਕ ਅਹਿਮ ਸਿਆਸੀ ਤਬਦੀਲੀ ਦੀ ਉਮੀਦ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਨਿਤੀਸ਼ ਕੁਮਾਰ ਦਾ ਈ. ਬੀ. ਸੀ. ਇਕਮੁੱਠ ਹੈ ਅਤੇ ਰਾਜਦ-ਸਹਿ-ਕਾਂਗਰਸ ਗੱਠਜੋੜ ਨੂੰ ਚੁਣੌਤੀ ਦੇ ਰਿਹਾ ਹੈ।
ਨਵੰਬਰ ਤੋਂ ਪਹਿਲਾਂ ਕਈ ਤਬਦੀਲੀਆਂ ਹੋ ਸਕਦੀਆਂ ਹਨ। ਉਨ੍ਹਾਂ ਨੂੰ ਦੇਖਣਾ ਦਿਲਚਸਪ ਹੋਵੇਗਾ। ਸਿਆਸਤ ’ਚ ਇਕ ਹਫਤਾ ਕਾਫੀ ਲੰਬਾ ਸਮਾਂ ਮੰਨਿਆ ਜਾਂਦਾ ਹੈ। 6 ਮਹੀਨੇ ਸੱਚਮੁੱਚ ਬਹੁਤ ਲੰਬਾ ਸਮਾਂ ਹੈ।
–ਕਲਿਆਣੀ ਸ਼ੰਕਰ
ਭਾਰਤ ਨੂੰ ਬੰਗਲਾਦੇਸ਼ ’ਚ ਆਪਣੇ ਕੂਟਨੀਤਿਕ ਯਤਨ ਤੇਜ਼ ਕਰਨ ਦੀ ਲੋੜ
NEXT STORY