ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ 10 ਸਾਲ ਦੇ ਕਾਰਜਕਾਲ ਦੇ ਆਖਰੀ ਮਹੀਨਿਆਂ ’ਚ ਜਿਸ ਤਰ੍ਹਾਂ ਭਾਰਤ ਰਤਨ ਦੇਣ ਦੀ ਗੱਲ ਨੂੰ ਅੱਗੇ ਵਧਾਇਆ ਹੈ, ਉਸ ਨਾਲ ਦੇਸ਼ ਦੇ ਸਰਬਉੱਚ ਰਾਸ਼ਟਰੀ ਸਨਮਾਨ ਭਾਰਤ ਰਤਨ ਦਾ ਮੁੱਲ ਘਟਿਆ ਹੈ। ਬਿਨਾਂ ਸ਼ੱਕ ਉਹ ਪਹਿਲੇ ਪ੍ਰਧਾਨ ਮੰਤਰੀ ਨਹੀਂ ਹਨ, ਜਿਨ੍ਹਾਂ ਨੇ ਕਿਸੇ ਰਾਸ਼ਟਰੀ ਸਨਮਾਨ ਦਾ ਸਿਆਸੀਕਰਨ ਕੀਤਾ ਹੈ। ਹਾਲਾਂਕਿ ਚੋਣਾਂ ਤੋਂ ਪਹਿਲਾਂ ਆਪਣੇ ਹਫਤਾਵਾਰੀ ਐਲਾਨਾਂ ਨਾਲ ਉਨ੍ਹਾਂ ਨੇ ਸਿਆਸੀਕਰਨ ਨੂੰ ਸਪੱਸ਼ਟ ਕਰ ਦਿੱਤਾ ਹੈ।
ਪਿਛਲੇ ਮਹੀਨੇ ਤੋਂ ਹਫਤਾ ਦਰ ਹਫਤਾ ਨਾਮਜ਼ਦ 5 ਵਿਅਕਤੀਆਂ ’ਤੇ ਸਾਨੂੰ ਵਿਚਾਰ ਕਰਨਾ ਪਵੇਗਾ ਜਿਨ੍ਹਾਂ ’ਚ ਕਰਪੂਰੀ ਠਾਕੁਰ, ਲਾਲਕ੍ਰਿਸ਼ਨ ਅਡਵਾਨੀ, ਚਰਨ ਸਿੰਘ, ਪੀ.ਵੀ. ਨਰਸਿਮ੍ਹਾਰਾਓ ਅਤੇ ਐੱਮ.ਐੱਸ. ਸਵਾਮੀਨਾਥਨ ਸ਼ਾਮਲ ਹਨ। ਜੇ ਉਨ੍ਹਾਂ ਸਾਰਿਆਂ ਨੂੰ ਸਨਮਾਨ ਦੇ ਯੋਗ ਮੰਨਿਆ ਜਾਂਦਾ ਤਾਂ ਉਨ੍ਹਾਂ ਸਾਰਿਆਂ ਦਾ ਨਾਂ 2015 ’ਚ ਮੋਦੀ ਸਰਕਾਰ ਦੇ ਪਹਿਲੇ ਗਣਤੰਤਰ ਦਿਵਸ ’ਤੇ ਰੱਖਿਆ ਜਾ ਸਕਦਾ ਸੀ।
ਆਖਿਰਕਾਰ ਜਿਨ੍ਹਾਂ ਪ੍ਰਾਪਤੀਆਂ ਦਾ ਸਿਹਰਾ ਉਨ੍ਹਾਂ ਨੂੰ ਦਿੱਤਾ ਜਾਂਦਾ ਹੈ, ਉਹ ਬਹੁਤ ਪੁਰਾਣੀਆਂ ਹਨ। ਕਿਸੇ ਵੀ ਸਥਿਤੀ ’ਚ ਸਾਰੇ 5 ਨਾਵਾਂ ਦਾ ਐਲਾਨ ਇਸ ਸਾਲ ਦੇ ਗਣਤੰਤਰ ਦਿਵਸ ਦੀ ਪੂਰਵ ਸੰਧਿਆ ’ਤੇ ਕੀਤਾ ਜਾ ਸਕਦਾ ਸੀ। ਜਿਸ ਤਰ੍ਹਾਂ ਨਾਲ ਇਨ੍ਹਾਂ ਨਾਵਾਂ ਦਾ ਐਲਾਨ ਕੀਤਾ ਗਿਆ ਹੈ, ਉਸ ਨੂੰ ਦੇਖਦਿਆਂ ਇਹ ਸੰਭਵ ਹੈ ਕਿ ਚੋਣਾਂ ਤੋਂ ਪਹਿਲਾਂ ਪਾਈਪਲਾਈਨ ’ਚ ਹੋਰ ਵੀ ਨਾਂ ਹੋ ਸਕਦੇ ਹਨ। ਇਨ੍ਹਾਂ ਨਾਵਾਂ ’ਚ ਬੀਜੂ ਪਟਨਾਇਕ, ਐੱਨ.ਟੀ. ਰਾਮਾਰਾਵ, ਐੱਚ.ਡੀ. ਦੇਵੇਗੌੜਾ ਅਤੇ ਜੈ ਲਲਿਤਾ ਸ਼ਾਮਲ ਹਨ। ਇਹ ਸਾਰੇ ਸਿਆਸੀ ਪਾਰਟੀਆਂ ਦੇ ਆਗੂ ਜੋ ਸੰਭਾਵਿਤ ਸਹਿਯੋਗੀ ਹੈ, ਨੂੰ ਭਾਰਤ ਰਤਨ ਕਿਉਂ ਨਹੀਂ?
ਨਰਸਿਮ੍ਹਾਰਾਓ ਦੀ ਨਾਮਜ਼ਦਗੀ ਹੁਣੇ ਕੀਤੀ ਗਈ ਹੈ ਨਾ ਕਿ 2021 ’ਚ ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਦੌਰਾਨ। ਜਦ ਤੇਲੰਗਾਨਾ ਸੂਬਾ ਅਸੈਂਬਲੀ ਨੇ ਸਰਬਸੰਮਤੀ ਨਾਲ ਸਭ ਤੋਂ ਵੱਡੇ ਸਿਆਸੀ ਆਗੂ ਅਤੇ ਇਕ ਅਜਿਹੇ ਪ੍ਰਧਾਨ ਮੰਤਰੀ ਦੇ ਸਨਮਾਨ ਦੀ ਮੰਗ ਕਰਦਿਆਂ ਇਕ ਮਤਾ ਪਾਸ ਕੀਤਾ, ਜਿਨ੍ਹਾਂ ਨੇ ਭਾਰਤ ਅਤੇ ਭਾਰਤੀ ਅਰਥ-ਵਿਵਸਥਾ ਨੂੰ ਬਦਲ ਕੇ ਇਤਿਹਾਸ ਰਚ ਦਿੱਤਾ। ਹੁਣ ਮੌਕਾਪ੍ਰਸਤ ਸਿਆਸਤ ਦੀ ਬੋਅ ਆਉਂਦੀ ਹੈ। ਅੱਜ ਸ਼ਾਇਦ ਇਹ ਉਮੀਦ ਹੈ ਕਿ ਕਰਪੂਰੀ ਠਾਕੁਰ ਅਤੇ ਚਰਨ ਸਿੰਘ ਵਾਂਗ ਹੋਰ ਵੀ ਕੁਝ ਹੋਵੇਗਾ।
ਭਾਰਤ ’ਚ ਕਈ ਪ੍ਰਧਾਨ ਮੰਤਰੀ ਹੋਏ ਪਰ ਸਭ ਨੇ ਇਤਿਹਾਸ ਨਹੀਂ ਰਚਿਆ। ਜੇ ਜਵਾਹਰ ਲਾਲ ਨਹਿਰੂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਵਜੋਂ ਆਪਣੇ ਭਾਰਤ ਰਤਨ ਦੇ ਹੱਕਦਾਰ ਸਨ ਅਤੇ ਇੰਦਰਾ ਗਾਂਧੀ ਬੰਗਲਾਦੇਸ਼ ਬਣਾਉਣ ਲਈ ਇਸ ਸਨਮਾਨ ਦੀ ਹੱਕਦਾਰ ਸੀ, ਨਰਸਿਮ੍ਹਾਰਾਓ ਕੋਲ ਰਾਜੀਵ ਗਾਂਧੀ ਦਾ ਨਾਂ ਲੈਣ ਤੋਂ ਇਲਾਵਾ ਕੋਈ ਬਦਲ ਨਹੀਂ ਸੀ ਪਰ ਉਹ ਖੁਦ ਇਸ ਸਨਮਾਨ ਦੇ ਵੱਡੇ ਹੱਕਦਾਰ ਸਨ।
ਇਹ ਰਾਓ ਦੀ ਸਿਆਸੀ ਅਗਵਾਈ ਸੀ ਜਿਸ ਨੇ ਭਾਰਤ ਦੇ ਆਰਥਿਕ ਬਦਲਾਅ ਅਤੇ ਉਸ ਪਿੱਛੋਂ ਚੜ੍ਹਤ ਲਈ ਅਸਲ ’ਚ ਨਵੇਂ ਅਤੇ ਉਭਰਦੇ ਭਾਰਤ ਦੀ ਨੀਂਹ ਰੱਖੀ। ਰਾਓ ਨੂੰ ਇਸ ਰਾਸ਼ਟਰੀ ਸਨਮਾਨ ਨੂੰ ਹਾਸਲ ਕਰਨ ਲਈ 1991 ਪਿੱਛੋਂ 33 ਸਾਲ ਦੀ ਉਡੀਕ ਕਰਨੀ ਪਈ।
ਆਪਣੇ ਵੱਲੋਂ ਪ੍ਰਧਾਨ ਮੰਤਰੀ ਰਾਓ ਇਕੋ-ਇਕ ਅਜਿਹੇ ਪ੍ਰਧਾਨ ਮੰਤਰੀ ਸਨ ਜਿਨ੍ਹਾਂ ਨੇ ਜਨਵਰੀ 1992 ’ਚ ਜੇ.ਆਰ.ਡੀ. ਟਾਟਾ ਦਾ ਨਾਂ ਲੈਂਦੇ ਹੋਏ ਕਿਸੇ ਉਦਯੋਗਪਤੀ ਨੂੰ ਭਾਰਤ ਰਤਨ ਦੇ ਤੌਰ ’ਤੇ ਨਾਮਜ਼ਦ ਕੀਤਾ ਸੀ। ਜੇ.ਆਰ.ਡੀ. ਦੀ ਪਸੰਦ ਨਾ ਸਿਰਫ ਇਸ ਲਈ ਮਹਤੱਵਪੂਰਨ ਸੀ ਕਿਉਂਕਿ ਉਹ ਇੰਨਾ ਸਨਮਾਨਿਤ ਹੋਣ ਵਾਲੇ ਪਹਿਲੇ ਅਤੇ ਇਕੋ-ਇਕ ਵਪਾਰੀ ਆਗੂ ਸਨ ਸਗੋਂ ਇਸ ਲਈ ਵੀ ਕਿਉਂਕਿ ਇਹ ਰਾਓ ਦੀਆਂ ‘ਨਵੀਆਂ ਆਰਥਿਕ ਨੀਤੀਆਂ’ ਅਤੇ ਅਰਥ-ਵਿਵਸਥਾ ਦੇ ਉਦਾਰੀਕਰਨ ਦੇ ਮੱਦੇਨਜ਼ਰ ਮੁੰਬਈ ਲਈ ਨਵੀਂ ਦਿੱਲੀ ਦਾ ਨੀਤੀਗਤ ਸੰਕੇਤ ਸੀ। ਉਨ੍ਹਾਂ ਦੀਆਂ ਹੋਰ ਦੋ ਪਸੰਦਾਂ ਮੌਲਾਨਾ ਆਜ਼ਾਦ ਅਤੇ ਸੱਤਿਆਜੀਤ ਰੇਅ ਸਨ।
ਭਾਰਤ ਦਾ ਸਰਬਉੱਚ ਨਾਗਰਿਕ ਸਨਮਾਨ ਭਾਰਤ ਰਤਨ ਇਕ ਅਜਿਹਾ ਪੁਰਸਕਾਰ ਹੈ ਜਿਸ ਲਈ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੂੰ ਵਿਅਕਤੀਗਤ ਤੌਰ ’ਤੇ ਕਿਸੇ ਵਿਅਕਤੀ ਦਾ ਨਾਂ ਦੇਣ ਦੀ ਸ਼ਕਤੀ ਮਿਲਦੀ ਹੈ। ਹੋਰ ਸਾਰੇ ਪਦਮ ਪੁਰਸਕਾਰ ਜੇਤੂਆਂ ਦੀ ਚੋਣ ਦੀ ਇਕ ਪ੍ਰਕਿਰਿਆ ਹੈ। ਅਧਿਕਾਰੀਆਂ ਅਤੇ ਗੈਰ-ਅਧਿਕਾਰੀਆਂ ਦਾ ਇਕ ਸਮੂਹ ਬਾਅਦ ਵਾਲਿਆਂ ਨੂੰ ਭਰੋਸੇਯੋਗ ਆਗੂ ਮੰਨਿਆ ਜਾਂਦਾ ਹੈ।
ਤਤਕਾਲੀ ਸਰਕਾਰ ਵੱਲੋਂ ਸਾਰੇ ਪਦਮ ਪੁਰਸਕਾਰ ਜੇਤੂਆਂ ਦੀ ਇਕ ਸੂਚੀ ਤਿਆਰ ਕਰਨ ਲਈ ਕਈ ਦਿਨ ਬੈਠਣਾ ਪੈਂਦਾ ਹੈ। ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਅਧਿਕਾਰੀਆਂ ਦੀ ਇਸ ਕਮੇਟੀ ਨੂੰ ਨਾਵਾਂ ਦਾ ਸੁਝਾਅ ਦੇ ਸਕਦੇ ਹਨ, ਇਸ ਤੋਂ ਪਹਿਲਾਂ ਕਿ ਉਨ੍ਹਾਂ ਦੀ ਸੂਚੀ ਪ੍ਰਵਾਨਗੀ ਲਈ ਪ੍ਰਧਾਨ ਮੰਤਰੀ ਨੂੰ ਭੇਜੀ ਜਾਵੇ ਅਤੇ ਉਸ ਪਿੱਛੋਂ ਰਾਸ਼ਟਰਪਤੀ ਨੂੰ ਭੇਜੀ ਜਾਏ। ਪਿਛਲੇ ਦਹਾਕੇ ’ਚ ਇਸ ਪ੍ਰਕਿਰਿਆ ਨੂੰ ਹੋਰ ਵੱਧ ਵਿਸਥਾਰਤ ਬਣਾ ਦਿੱਤਾ ਗਿਆ ਹੈ ਅਤੇ ਵੱਡੇ ਪੈਮਾਨੇ ’ਤੇ ਜਨਤਾ ਨੂੰ ਢੁੱਕਵੇਂ ਮਾਧਿਅਮ ਰਾਹੀਂ ਪਦਮ ਪੁਰਸਕਾਰ ਲਈ ਕਿਸੇ ਵਿਅਕਤੀ ਦਾ ਨਾਂ ਦੇਣ ਲਈ ਸੱਦਿਆ ਜਾ ਰਿਹਾ ਹੈ।
ਅਜਿਹੀਆਂ ਵੀ ਉਦਾਹਰਣਾਂ ਹਨ ਜਦੋਂ ਰਾਸ਼ਟਰਪਤੀ ਨੇ ਸਰਬਉੱਚ ਸਨਮਾਨ ਲਈ ਕਿਸੇ ਨਾਂ ਦੀ ਚੋਣ ਕਰਨ ਦੀ ਪਹਿਲ ਕੀਤੀ। ਅਜਿਹਾ ਪਹਿਲਾ ਮਾਮਲਾ ਤਦ ਸੀ ਜਦੋਂ 1955 ’ਚ ਰਾਸ਼ਟਰਪਤੀ ਰਜਿੰਦਰ ਪ੍ਰਸਾਦ ਨੇ ਪ੍ਰਧਾਨ ਮੰਤਰੀ ਨਹਿਰੂ ਦਾ ਨਾਂ ਚੁਣਿਆ ਸੀ। ਕੁਝ ਲੋਕ ਇਹ ਤਰਕ ਦੇ ਸਕਦੇ ਹਨ ਕਿ ਇਹ ਰਾਸ਼ਟਰਪਤੀ ਪ੍ਰਸਾਦ ਹੀ ਸਨ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਇਕ ਵਰਤਮਾਨ ਪ੍ਰਧਾਨ ਮੰਤਰੀ ਦਾ ਨਾਂ ਦੇ ਕੇ ਪੁਰਸਕਾਰ ਦਾ ਸਿਆਸੀਕਰਨ ਕੀਤਾ। ਸੰਜੋਗ ਵਜੋਂ ਕਿਉਂਕਿ ਪੁਰਸਕਾਰ ਦਾ ਐਲਾਨ ਅਤੇ ਇਸ ਨੂੰ ਸੌਂਪਣਾ ਰਾਸ਼ਟਰਪਤੀ ਵੱਲੋਂ ਕੀਤਾ ਜਾਂਦਾ ਹੈ, ਇਸ ਲਈ ਪ੍ਰਸਾਦ ਨੂੰ ਤਦ ਤੱਕ ਉਡੀਕ ਕਰਨੀ ਪਈ ਜਦ ਤੱਕ ਉਹ ਰਾਸ਼ਟਰਪਤੀ ਨਹੀਂ ਰਹੇ ਤਾਂ ਕਿ ਪ੍ਰਧਾਨ ਮੰਤਰੀ ਨਹਿਰੂ ਉਨ੍ਹਾਂ ਦਾ ਨਾਂ ਤੈਅ ਕਰ ਸਕਣ।
ਸੀ.ਐੱਸ. ਰਾਜਾਗੋਪਾਲਾਚਾਰੀ ਨੂੰ ਛੱਡ ਕੇ ਪਹਿਲੇ ਕੁਝ ਪੁਰਸਕਾਰ ਵਿਦਵਾਨ ਵਿਅਕਤੀਆਂ ਨੂੰ ਦੇ ਕੇ ਨਹਿਰੂ ਨੇ ਖੁਦ ਇਕ ਚੰਗੀ ਮਿਸਾਲ ਕਾਇਮ ਕੀਤੀ।
ਸ਼ਾਇਦ ਪਹਿਲੀ ਵਾਰ ਭਾਰਤ ਰਤਨ ਪੂਰੀ ਤਰ੍ਹਾਂ ਸਿਆਸੀ ਹੋ ਗਿਆ ਜਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੇ ਤੋਂ ਪਹਿਲੇ ਪਾਰਟੀ ਪ੍ਰਧਾਨ ਅਤੇ ਤਾਮਿਲਨਾਡੂ ਦੇ ਕਾਂਗਰਸ ਪਾਰਟੀ ਆਗੂ ਕੇ.ਕੇ. ਕਾਮਰਾਜ ਨੂੰ ਸਨਮਾਨਿਤ ਕੀਤਾ। ਉਹ ਬਿਨਾਂ ਸ਼ੱਕ ਇਕ ਹਰਮਨਪਿਆਰੇ ਸਿਆਸੀ ਆਗੂ ਤੇ ਮਿਲਣਸਾਰ ਵਿਅਕਤੀ ਸਨ ਪਰ ਉਨ੍ਹਾਂ ਦਾ ਵੱਡਾ ਯੋਗਦਾਨ ਦੇਸ਼ ਦੀ ਥਾਂ ਆਪਣੀ ਪਾਰਟੀ ਲਈ ਸੀ। ਇੰਦਰਾ ਗਾਂਧੀ ਨੇ ਆਪਣੇ ਦੂਜੇ ਕਾਰਜਕਾਲ ’ਚ ਮਦਰ ਟੈਰੇਸਾ ਅਤੇ ਗਾਂਧੀਵਾਦੀ ਆਚਾਰੀਆ ਵਿਨੋਬਾ ਭਾਵੇ ਦਾ ਨਾਂ ਲੈ ਕੇ ਖੁਦ ਨੂੰ ਬਚਾ ਲਿਆ। ਉਸ ਪਿੱਛੋਂ ਰਾਜੀਵ ਗਾਂਧੀ ਨੇ ਮਰਨ ਉਪਰੰਤ ਐੱਮ.ਜੀ. ਰਾਮਚੰਦਰਨ ਦਾ ਨਾਂ ਲੈ ਕੇ ਇਸ ਦੇ ਰਿਕਾਰਡ ਨੂੰ ਹੋਰ ਧੁੰਦਲਾ ਕਰ ਦਿੱਤਾ।
ਹਾਲਾਂਕਿ ਮੋਦੀ ਭਾਰਤ ਰਤਨ ਦਾ ਸਿਆਸੀਕਰਨ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਨਹੀਂ ਹਨ। ਹਾਲ ਦੇ ਸਾਲਾਂ ’ਚ ਉਨ੍ਹਾਂ ਤੋਂ ਪਹਿਲਿਆਂ ਨੇ ਇਸ ਸਨਮਾਨ ਦੀ ਸ਼ਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਐੱਮ.ਐੱਸ. ਸੁੱਬੂਲਕਸ਼ਮੀ, ਸੀ. ਸੁਬਰਾਮਣੀਅਮ, ਜੈ ਪ੍ਰਕਾਸ਼ ਨਾਰਾਇਣ, ਅਮਰਤਿਆ ਸੇਨ, ਗੋਪੀਨਾਥ ਬੋਰਦੋਲੋਈ, ਪੰਡਿਤ ਰਵੀਸ਼ੰਕਰ, ਲਤਾ ਮੰਗੇਸ਼ਕਰ ਅਤੇ ਉਸਤਾਦ ਬਿਸਮਿੱਲਾਹ ਖਾਨ ਦਾ ਨਾਂ ਲਿਆ ਪਰ ਵਾਜਪਾਈ ਅਤੇ ਰਾਓ ਦੋਵਾਂ ਨੇ ਸਿਆਸੀ ਲਾਭ ਲਈ ਸਿਆਸੀ ਆਗੂਆਂ ਦਾ ਨਾਂ ਲੈਣ ਤੋਂ ਪਰਹੇਜ਼ ਕੀਤਾ। ਮਨਮੋਹਨ ਸਿੰਘ ਨੇ ਭੀਮਸੈਨ ਜੋਸ਼ੀ, ਸਚਿਨ ਤੇਂਦੂਲਕਰ ਅਤੇ ਵਿਗਿਆਨੀ ਸੀ.ਐੱਨ.ਆਰ. ਰਾਓ ਦਾ ਨਾਂ ਲੈਂਦੇ ਹੋਏ ਉਨ੍ਹਾਂ ਦੀ ਉਦਾਹਰਣ ਦਿੱਤੀ।
ਚੰਦਰਸ਼ੇਖਰ ਵਰਗੇ ਘੱਟ ਸਮਾਂ ਰਹੇ ਪ੍ਰਧਾਨ ਮੰਤਰੀਆਂ ਨੇ ਇਸ ਮੌਕੇ ਦੀ ਵਰਤੋਂ ਕੁਝ ਸਿਆਸੀ ਵਿਕਾਰਾਂ ਨੂੰ ਠੀਕ ਕਰਨ ਲਈ ਕੀਤੀ ਅਤੇ ਬੀ.ਆਰ. ਅੰਬੇਡਕਰ ਅਤੇ ਸਰਦਾਰ ਵੱਲਭ ਭਾਈ ਪਟੇਲ ਨੂੰ ਮਰਨ ਪਿੱਛੋਂ ਸਨਮਾਨ ਦਿੱਤਾ। ਮੋਰਾਰਜੀ ਦੇਸਾਈ ਦਾ ਨਾਂ ਲੈਣ ਦੇ ਉਨ੍ਹਾਂ ਦੇ ਫੈਸਲੇ ਦਾ ਵਿਰੋਧ ਕੀਤਾ ਜਾ ਸਕਦਾ ਹੈ ਪਰ ਇੰਨਾ ਸਨਮਾਨਿਤ ਹੋਣ ਵਾਲੇ ਇਕੋ-ਇਕ ਗੈਰ-ਭਾਰਤੀ ਨੈਲਸਨ ਮੰਡੇਲਾ ਦਾ ਨਾਂ ਰੱਖਣਾ ਬੁੱਧੀਮਾਨੀ ਭਰਿਆ ਫੈਸਲਾ ਸੀ।
(ਲੇਖਕ ਰਾਸ਼ਟਰੀ ਸੁਰੱਖਿਆ ਸਲਾਹਕਾਰ ਬੋਰਡ (1999-2001) ਦੇ ਮੈਂਬਰ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਸਲਾਹਕਾਰ ਸਨ)- ਸੰਜੇ ਬਾਰੂ
ਵਧਦੇ ਧਰਨੇ-ਮੁਜ਼ਾਹਰੇ ਵਧਾ ਰਹੇ ਹਨ ਸ਼ਹਿਰਾਂ ਦੀਆਂ ਮੁਸ਼ਕਲਾਂ
NEXT STORY